Sunday, February 15, 2009

ਪੰਜਾਬੀਏ ਜ਼ੁਬਾਨੇ ਨੀ ਰਾਕਾਨੇ ਮੇਰੇ ਦੇਸ ਦੀਏ (5)


ਡਾ. ਜਸਬੀਰ ਕੌਰ
ਮੈਂ ਆਪਣੇ ਹਰ ਲੇਖ ਵਿਚ ਕੋਸ਼ਿਸ਼ ਕੀਤੀ ਹੈ ਕਿ ਮੈਂ ਪੰਜਾਬੀ ਜ਼ੁਬਾਨ ਦੀ ਮੌਜ਼ੁਦਾ ਸਥਿਤੀ ਨੂੰ ਆਪ ਸਭ ਦੇ ਸਾਹਮਣੇ ਰੱਖ ਸਕਾਂ,ਪਰ ਹਰ ਸਥਿਤੀ ਤੋਂ ਬਾਅਦ ਹੋਰ ਨਵੀਂ ਸਥਿਤੀ ਹੀ ਤਿਆਰ ਹੁੰਦੀ ਹੈ,ਖੁਸ਼ੀ ਉਸ ਵੇਲੇ ਹੋਵੇਗੀ ਜਦੋਂ ਕੋਈ ਸਥਿਤੀ ਪੰਜਾਬੀ ਦੇ ਹੱਕ ਵਿਚ ਹੋਵੇਗੀ,ਪਰ ਇਸ ਵਕਤ ਤੇ ਸਿਰਫ ਅਫਸੋਸ ਹੀ ਹੈ, ਕਿ ਸਭ ਕਾਸੇ ਦੇ ਬਾਵਜ਼ੂਦ ਪੰਜਾਬੀ ਦਾ ਭਵਿੱਖ ਅਜੇ ਵੀ ਧੁੰਦਲਾ ਹੀ ਦਿਸਦਾ ਹੈ,ਬੇਸ਼ੱਕ ਪੰਜਾਬੀ ਲਾਜ਼ਮੀ ਕਰਨ ਲਈ ਪੰਜਾਬ ਸਰਕਾਰ ਵਲੋਂ ਕਾਨੁੰਨ ਵੀ ਬਣੇ ਹਨ ,ਪਰ ਇਨ੍ਹਾਂ ਕਨੂੰਨਾਂ ਦੇ ਬਾਵਜ਼ੂਦ ਮੌਜ਼ੁਦਾ ਸਥਿਤੀ ਪੰਜਾਬੀ ਜ਼ੁਬਾਨ ਲਈ ਹਾਸੋਹੀਣੀ ਹੀ ਹੈ ।
ਵੱਡੇ ਪੱਧਰ ਤੇ ਪੰਜਾਬੀ ਭਾਸ਼ਾ ਦੇ ਨਾਂ ਤੇ “ਕਾਨਫਰੰਸਾਂ” ਕਰਕੇ,ਗੋਲ਼ ਮੇਜਾਂ ਦੁਆਲ਼ੇ ਬੈਠ ਕੇ,ਤਾੜੀਆਂ ਲਾ ਕੇ ਅਸੀਂ ਸਮਝਦੇ ਹਾਂ ਕਿ ਅਸੀਂ ਪੰਜਾਬੀ ਦੀ ਸੇਵਾ ਕਰ ਰਹੇ ਹਾਂ,ਮੇਰਾ ਸਵਾਲ ਉਹਨਾਂ ਮਹਾਨ ਲੇਖਕਾਂ ਨੂੰ ਹੈ,ਜਿਨ੍ਹਾਂ ਨੂੰ ਪੰਜਾਬੀ ਭਾਸ਼ਾ ਦੇ ਥੰਮ ਕਿਹਾ ਜਾਂਦਾ ਹੈ “ਕਿ ਮਾਂ ਦੀ ਸੇਵਾ ਅਸੀਂ ਪੈਸੇ ਬਿਨਾਂ ਨਹੀਂ ਕਰ ਸਕਦੇ”ਕਿਉਂ ਕੱਲਾ- ਕੱਲਾ ਬੰਦਾ ਆਪਣੀ ਝੋਲੀ ਵਾਹੋ-ਵਾਹੀ ਪਵਾਉਣਾ ਚਾਹੁੰਦਾ ਹੈ,ਅਸੀਂ ਮਾਂ ਬੋਲੀ ਦੀ ਸੇਵਾ ਕਰ ਰਹੇ ਹਾਂ ਜਾਂ ਆਪਣੇ ਸਵਾਰਥ ਪੂਗਾ ਰਹੇ ਹਾਂ?????????????,ਮੈ ਕੋਈ ਨਾਮੀਂ ਲੇਖਕ ਨਹੀਂ ਪਰ ਮੇਰੀ ਗੁਜ਼ਾਰਿਸ਼ ਉਹਨਾਂ ਥੰਮਾਂ ਨੂੰ ਹੈ ਜਿਨ੍ਹਾਂ ਦੇ ਸਿਰਾਂ ਤੇ ਪੰਜਾਬੀ ਜ਼ੁਬਾਨ ਦਾ ਕਿੱਲਾ ਖੜਾ ਹੈ,”ਕਿ ਪੰਜਾਬੀ ਨੂੰ ਆਮ ਬੰਦੇ ਦੀ ਜ਼ੁਬਾਨ ਰਹਿਣ ਦਿਉ,ਜੇ ਤੁਸੀਂ ਸੱਚੀਂ ਇਸ ਦੀ ਗੁਆਚੀ ਨੁਹਾਰ ਵਾਪਿਸ ਲਿਆਉਣ ਲਈ ਤੱਤਪਰ ਹੋ,ਤਾਂ ਆਮ ਬੰਦੇ ਦੀ ਜ਼ੁਬਾਨ ਵਿਚ ਬੋਲੋ,ਇਹ ਸੁਆਰਥਾਂ ਦੀ ਰਾਜਨੀਤੀ ਤੋਂ ਉੱਤੇ ਉਠੋ ਤੇ ਮਾਂ ਬੋਲੀ ਦੀ ਸੱਚੀ ਸੇਵਾ ਕਰੋ।
ਪੰਜਾਬ ਸਰਕਾਰ ਵਲੋਂ ਮਤਾ ਪਾਸ ਹੋਣ ਤੋਂ ਬਾਅਦ ਵੀ ਅਜੇ ਤੱਕ ਇਸ ਮਤੇ ਨੂੰ ਅਮਲ ਵਿਚ ਨਾਂ ਲਿਆਉਣਾ,ਸਾਡਾ ਆਪਣਾ ਗੈਰਜ਼ਿਮੇਵਾਰਨਾਂ ਰਵਈਆ ਹੈ,ਸਰਕਾਰੀ ਗੱਡੀਆਂ ਉੱਤੇ ਅੰਗਰੇਜ਼ੀ ਵਿਚ ਬਾਖੂਬੀ ਲਿਖਿਆ ਮਿਲੇਗਾ (Punjab govt.) ਪੰਜਾਬ ਦੇ ਸ਼ਹਿਰਾਂ ਵਿਚ ਸਰਕਾਰੀ ਹੋਰਡਿੰਗ ਅੰਗ੍ਰੇਜ਼ੀ ਵਿਚ ਮਿਲਣਗੇ ,ਸਰਕਾਰੀ ਦਫਤਰਾਂ ਵਿਚ ਵੀ ਅੰਗ੍ਰਜ਼ੀ ਪ੍ਰਤੀ ਮੋਹ ਡੁੱਲ -ਡੁੱਲ ਪੈਂਦਾ ਹੈ,ਸਵਾਲ ਇਹ ਨਹੀਂ ਕਿ ਅੰਗਰੇਜ਼ੀ ਨੂੰ ਨਜ਼ਰ ਅੰਦਾਜ਼ ਕੀਤਾ ਜਾਏ ਬਲਕਿ ਪੰਜਾਬੀ ਨੂੰ ਉਸਦਾ ਬਣਦਾ ਥਾਂ ਆਪਣੇ ਘਰ ਵਿਚ ਤੇ ਦਿੱਤਾ ਜਾਏ .
ਮੇਰੀ ਇਕ ਗੁਜ਼ਾਰਿਸ਼ ਪੰਜਾਬ ਸਰਕਾਰ ਨੂੰ ਵੀ ਹੈ,ਕਿ ਮਿਹਰਬਾਨੀ ਕਰਕੇ ਪੰਜਾਬੀ ਲਾਜ਼ਮੀ ਕਰਨ ਲਈ ਕਾਨੂੰਨ ਬਣਾ ਕੇ ਆਪਣੀ ਮਾਂ- ਬੋਲੀ ਦੀ ਹਾਲਤ ਹੋਰ ਤਰਸਯੋਗ ਨਾਂ ਕਰੋ।
ਅੱਜ ਬੇਸ਼ਕ ਪੰਜਾਬ ਸੂਬਾ ਭਾਰਤ ਦਾ ਸਭ ਤੋਂ ਖੁਸ਼ਹਾਲ ਸੂਬਾ ਮੰਨਿਆ ਜਾਂਦਾ ਹੈ,ਇਥੋਂ ਦੇ ਲੋਕ ਖੁਸ਼ਹਾਲ ਜਿੰਦਗੀ ਜੀਉਂ ਰਹੇ ਨੇ,ਦੂਜੇ ਸੂਬਿਆਂ ਦੇ ਲੋਕਾਂ ਲਈ ਪੰਜਾਬ ਇਕ ਬਹੁਤ ਵਧਿਆ ਪਨਾਂਹਗਾਰ ਹੈ,ਉਹਨਾਂ ਦੀ ਰੋਜ਼ੀ ਦਾ ਸਾਧਨ ਹੈ,ਪਰ ਪੰਜਾਬ ਆਪਣੀ ਸ਼ਾਨ ਵਿਚ ਇਕ ਗੱਲੋਂ ਪੱਛੜ ਗਿਆ ਤੇ ਉਹ ਇਹ ਕਿ ਆਪਣੀ ਮਾਂ-ਬੋਲੀ ਨੂੰ ਸਾਂਭਣ ਵਿਚ ਪੰਜਾਬ ਦੇ ਲੋਕ ਤੇ ਇਥੋਂ ਦੇ ਸਰਮਾਏਦਾਰ ਅਸਮਰੱਥ ਰਹੇ ਹਨ ,ਪੰਜਾਬ ਦਾ ਵਿਰਸਾ,ਤੇ ਪੰਜਾਬ ਦੀ ਜਿੰਦ-ਜਾਨ ਪੰਜਾਬੀ ਜ਼ੁਬਾਨ ਹੀ ਪੰਜਾਬ ਦੀ ਖੁਸ਼ਹਾਲੀ ਦੇ ਪ੍ਰਤੀਕ ਹਨ,ਤੇ ਜੇ ਇਹਨਾਂ ਪ੍ਰਤੀਕਾਂ ਨੂੰ ਹੀ ਨਜ਼ਰਅੰਦਾਜ਼ ਕਰਕੇ ਪੰਜਾਬ ਦੀ ਖੁਸ਼ਹਾਲੀ ਲੱਭਣ ਦੀ ਕੋਸ਼ਿਸ਼ ਕੀਤੀ ਗਈ ਤੇ ਸ਼ਾਇਦ ਇਕ ਦਿਨ ਇਹ ਨਾਮੁਮਕਿਨ ਵੀ ਹੋਏਗਾ ।
ਮੈਂ ਆਪਣੇ ਪਹਿਲੇ ਲੇਖ ਵਿਚ ਗੱਲ ਕੀਤੀ ਸੀ ਕੀ ਯੂ, ਐਨ .ੳ ਦੀ ਰਿਪੋਰਟ ਜਿਸ ਵਿਚ ਕਿਹਾ ਗਿਆ ਸੀ ਕਿ ਆਉਂਦੇ 50 ਸਾਲਾਂ ਤੱਕ ਪੰਜਾਬੀ ਭਾਸ਼ਾ ਖਤਮ ਹੋ ਜਾਏਗੀ,ਤੇ ਮੈ ਕਿਹਾ ਸੀ ਕਿ ਰਿਪੋਰਟ ਗਲ਼ਤ ਹੈ,ਪੰਜਾਬੀ ਜ਼ੁਬਾਨ ਨੂੰ ਕੋਈ ਖਤਰਾ ਨਹੀਂ ,ਪਰ ਹੁਣ ਮੈਂ ਆਪਣੀ ਕਹੀ ਗੱਲ ਨੂੰ ਹੀ ਝੁਠਲਾ ਰਹੀ ਹਾਂ ਤੇ ਆਪ ਸਭ ਨੂੰ ਗੁਜ਼ਾਰਿਸ਼ ਕਰ ਰਹੀ ਹਾਂ ਕਿ”ਕਿ ਜੇ ਅਸੀਂ ਵੇਲਾ ਰਹਿੰਦੇ ਪੰਜਾਬੀ ਜ਼ੁਬਾਨ ਨੂੰ ਸੰਭਾਲਨ ਦੇ ਯਤਨ ਨਾਂ ਕੀਤੇ ਤੇ ਸ਼ਾਇਦ ਉਹ ਦਿਨ ਦੂਰ ਨਹੀਂ ਜਦੋਂ ਯੂ.ਐਨ.ੳ ਦੀ ਰਿਪੋਰਟ ਤੇ ਮੋਹਰ ਲੱਗ ਜਾਏਗੀ ਸਹੀ ਹੋਣ ਦੀ,ਹਾਲਾਂਕਿ ਮੇਰੀ ਹਸਤੀ ਕੋਈ ਬਹੁਤ ਵੱਡੀ ਨਹੀਂ ਪਰ ਫਿਰ ਵੀ ਮੇਰੇ ਕੁਝ ਸੁਝਾਅ ਨੇ ਪੰਜਾਬੀ ਜ਼ੁਬਾਨ ਨੂੰ ਮੌਜੁਦਾ ਸਥਿਤੀ ਚੋਂ ਕੱਢਣ ਲਈ:-
1. ਪੰਜਾਬੀ ਭਾਸ਼ਾ ਨੂੰ ਆਮ ਬੰਦੇ ਦੀ ਪੱਧਰ ਤੇ ਲਿਆਂਦਾ ਜਾਏ
2. ਜੋ ਲੇਖਕ ਬਹੁਤ ਔਖੀ ਪੰਜਾਬੀ ਸ਼ਬਦਾਵਲੀ ਦਾ ਇਸਤੇਮਾਲ ਕਰਦੇ ਹਨ ਉਹਨਾਂ ਨੂੰ ਅਪੀਲ ਹੈ ਕਿ ਉਹ ਆਮ ਲੋਕਾਂ ਦੀ ਸਮਝ ਵਿਚ ਆਉਂਣ ਵਾਲੀ ਸ਼ਬਦਾਵਲੀ ਦਾ ਇਸਤੇਮਾਲ ਕਰਨ
3. ਪੰਜਾਬੀ ਭਾਸ਼ਾ ਦੇ ਨਾਂ ਤੇ ਹੋ ਰਹੇ”ਕਾਂਨਫਰਸਾਂ “ਦੇ ਡਰਾਮੇ ਖਤਮ ਕੀਤੇ ਜਾਣ ਅਤੇ ਪੰਜਾਬੀ ਭਾਸ਼ਾ ਨੂੰ ਮੌਜੁਦਾ ਸਥਿਤੀ ਵਿਚੋਂ ਕੱਢਣ ਲਈ ਹੋ ਰਹੇ ਯਤਨ ਖੁੱਲ ਕੇ ਜ਼ਾਹਿਰ ਕੀਤੇ ਜਾਣ
4. ਪੰਜਾਬੀ ਵਿਚ ਛੱਪਣ ਵਾਲੀਆਂ ਕਿਤਾਬਾਂ ਚੰਗੇ ਮਿਆਰ ਦੀਆਂ ਹੋਣ
5. ਪੰਜਾਬੀ ਕਿਤਾਬਾਂ ਦੀ ਕਵਰੇਜ਼ ਤੇ ਪੇਜ਼ ਅੰਤਰਰਾਸ਼ਟਰੀ ਪੁਸਤਕਾਂ ਦਾ ਮੁਕਾਬਲਾ ਕਰਦੇ ਹੋਣ
6. ਪੰਜਾਬ ਵਿਚ ਸਾਰੇ ਸਰਕਾਰੀ ਕੰਮਾਂ ਵਿਚ ਪੰਜਾਬੀ ਨੂੰ ਤਰਜ਼ੀਹ ਦਿੱਤੀ ਜਾਏ
7. ਘੱਟੋ- ਘੱਟ ਪੰਜਾਬ ਵਿਚ ਲੱਗੇ ਸਾਰੇ ਹੋਰਡਿੰਗ ਪੰਜਾਬੀ ਵਿਚ ਲਿਖੇ ਹੋਣ
8. ਇੰਟਰਨੈਟ ਤੇ ਪੰਜਾਬੀ ਭਾਸ਼ਾ ਵਿਚ ਲਿਖਣ ਅਤੇ ਪੜ੍ਹਣ ਲਈ ਇੱਕ ਸਟੈਂਡਰਡ ਫੌਂਟ ਬਣਾਇਆ ਜਾਏ
9. ਨਿੱਜੀ ਸਕੂਲਾਂ ਵਿਚ ਪੰਜਾਬੀ ਨੂੰ ਵਧੇਰੇ ਤਰਜ਼ੀਹ ਦੇਣ ਉਤੇ ਜ਼ੋਰ ਦਿੱਤਾ ਜਾਏ
10. ਪੰਜਾਬੀ ਪੰਜਾਬ ਵਿਚ ੳਚ ਸਿੱਖਿਆ ਪੱਧਰ ਤੇ ਵੀ ਲਾਜ਼ਮੀ ਕੀਤੀ ਜਾਏ
11. ਜੋ ਲੋਕ ਪੈਸੇ ਲੈ ਕੇ ਪੰਜਾਬੀ ਦੀ ਸੇਵਾ ਵਿਚ ਹਿੱਸਾ ਪਾ ਰਹੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਉਹ ਆਪਣੇ ਇਸ ਕਰਮ ਨੂੰ ਸੇਵਾ ਕਹਿ ਕੇ ਪੰਜਾਬੀ ਭਾਸ਼ਾ ਨੂੰ ਹੋਰ ਤਰਸਯੋਗ ਨਾ ਬਣਾਉਣ।
ਉਪਰੋਕਤ ਕੁੱਝ ਸੁਝਾਅ ਜੇ ਅਮਲ ਵਿਚ ਲਿਆਂਦੇ ਜਾਣ ਤੇ ਸ਼ਾਇਦ ਕੁਝ ਵਕਤ ਬਾਅਦ ਕੁਝ ਚੰਗੇ ਨਤੀਜੇ ਵੀ ਵੇਖਣ ਨੂੰ ਮਿਲ ਸਕਣ,ਜੇ ਅੱਜ ਸਥਿਤੀ ਇਹ ਹੈ ਕਿ “ਪੰਜਾਬੀ ਇਸਤੇਮਾਲ ਕਰੋ” ਲਈ ਪੰਜਾਬ ਸਰਕਾਰ ਨੂੰ ਕਾਨੂੰਨ ਬਣਾਉਣਾਂ ਪੈ ਰਿਹਾ ਹੈ ਤਾਂ ਇਹ ਸਰਕਾਰ ਦੀ ਮਜਬੂਰੀ ਤੇ ਹੈ ਹੀ ਪਰ ਪੰਜਾਬ ਵਿਚ ਰਹਿੰਦੇ ਲੋਕਾਂ ਲਈ ਇਹ ਕਿਸੇ ਸ਼ਰਮ ਤੌਂ ਘੱਟ ਨਹੀਂ .
ਡਾ. ਜਸਬੀਰ ਕੌਰ
jasbir_noni@yahoo.co.in

1 comment:

Anonymous said...

punjabi vare bhut sohna lekh blog te payia sidhu sahib , man gaye tuhadi choice nu .pahla www.punjabinewsonline.com naal dhan dhan kravai jande hun blog dina hit krn lage o
jaspal singh
london uk