Wednesday, February 25, 2009

ਲਹਿੰਦੇ ਪੰਜਾਬ ਦਾ ਨੌਜਵਾਨ ਸ਼ਾਇਰ : ਏਜਾਜ਼ ਰਿਆਜ਼


ਹਰਮੇਲ ਪਰੀਤ
ਏਜਾਜ਼ ਰਿਆਜ਼ ਲਹਿੰਦੇ ਪੰਜਾਬ ਦਾ ਨੌਜਵਾਨ ਸ਼ਾਇਰ ਹੈ। ੨੦ ਸਾਲਾ ਏਜਾਜ਼ ਬੀ.ਕਾਮ (ਦੂਜਾ ਸਾਲ) ਦਾ ਵਿਦਿਆਰਥੀ ਹੈ। ਭਾਵੇਂ ਉਸ ਦੇ ਪਰਵਾਰ ਵਿੱਚ ਪਹਿਲਾਂ ਕੋਈ ਸ਼ਾਇਰ ਨਹੀਂ ਸੀ, ਪਰ ਏਜਾ਼ਜ ਨੇ ਦਸਵੀਂ ਜਮਾਤ ਤੋਂ ਹੀ ਲਿਖਣਾ ਸ਼ੁਰੂ ਕਰ ਦਿੱਤਾ ਸੀ। ਉਹ ਬੜੀ ਚੀਜ਼ਾਂ ਤੇ ਮਸਲਿਆਂ ਨੂੰ ਬੜੀ ਸ਼ਿੱਦਤ ਨਾਲ ਮਹਿਸੂਸਦਾ, ਸਮਝਦਾ ਹੈ ਤੇ ਨਿਹਾਇਤ ਹੀ ਪੁਖਤਗੀ ਨਾਲ ਬਿਆਨਦਾ ਹੈ। ਉਸ ਦੇ ਕੁੱਝ ਸ਼ੇਅਰ ਇਸ ਗੱਲ ਦੀ ਸ਼ਾਹਦੀ ਭਰਦੇ ਨੇ। ਦੇਖੋ :
ਅਪਨੇ ਕਾਤਿਲ ਕੀ ਜ਼ਹਾਨਤ ਸੇ ਪਰੇਸ਼ਾਨ ਹੂੰ ਮੈ.,
ਰੋਜ਼ ਇਕ ਮੌਤ ਨਏ ਤਰਜ਼ ਕੀ ਈਜ਼ਾਦ ਕਰੇ।
ਜਾਂ
ਸੋਚ ਰਖਨਾ ਭੀ ਜਰਾਇਮ ਮੇ ਹੈ ਸ਼ਾਮਿਲ ਅਬ ਤੋ,
ਵਹੀ ਮਾਅਸੂਲ ਹੈ ਜੋ ਹਰ ਬਾਤ ਪੇ ਫਸਾਦ ਕਰੇ।
ਏਜਾਜ਼ ਉਰਦੂ ਅਤੇ ਪੰਜਾਬੀ ਦੋਹਾਂ ਜ਼ੁਬਾਨਾਂ ਵਿੱਚ ਲਿਖਦਾ ਹੈ। ਉਸ ਦੀਆਂ ਰਚਨਾਵਾਂ ਦਾ ਪਾਠ ਕੀਤਿਆਂ ਇਹ ਯਕੀਨ ਬੱਝਦਾ ਹੈ ਕਿ ਉਹ ਦੁਨੀਆ -ਇ-ਸ਼ਾਇਰੀ ਵਿੱਚ ਆਪਣਾ ਨੁਮਾਇਆ ਮੁਕਾਮ ਬਣਾ ਸਕਣ ਦੀ ਸਲਾਹੀਅਤ ਰੱਖਦਾ ਹੈ। ਪੇਸ਼ ਹੈ ਉਸ ਦੀ ਇਕ ਕਾਵਿ-ਰਚਨਾ
ਬਚਪਨ
ਜਦੋ. ਅਸੀਂ ਨਿੱਕੇ ਨਿੱਕੇ ਹੁੰਦੇ ਸੀ।
ਉਹ ਦਿਨ ਵੀ ਬੜੇ ਚੰਗੇ ਹੁੰਦੇ ਸੀ।

ਸਾਰੀ ਦਿਹਾੜੀ ਅਸੀਂ ਖੇਡਾਂ ਖੇਡਣੀਆਂ,
ਤੇ ਸਾਡੇ ਪਿੰਡੇ ਵੀ ਨੰਗੇ ਹੁੰਦੇ ਸੀ।

ਡਰ ਤੇ ਖ਼ੌਫ ਸਾਨੂੰ ਕਿਸੇ ਦਾ ਨਹੀਂ ਸੀ,
ਵਿੱਚ ਦੁਪਹਿਰੇ ਦਰਖ਼ਤਾਂ ਤੇ ਟੰਗੇ ਹੁੰਦੇ ਸੀ।

ਆਪਣੇ ਤੋਂ ਨਿੱਕਿਆਂ ਦੇ ਕੰਨ ਮਰੋੜ ਕੇ,
ਉਹਨਾਂ ਦੀਆਂ ਅੱਖਾਂ ਵਿੱਚ ਜੱਗੇ ਹੁੰਦੇ ਸੀ।

ਪੰਜ ਪੰਜ ਰੁਪਏ ਕਰਕੇ ਅਸੀਂ ਈਦੀ ਕੱਠੀ ਕਰਨੀ,
ਸਾਡੇ ਕੋਲ ਮਿੱਟੀ ਦੇ ਗੱਲੇ ਹੁੰਦੇ ਸੀ।

ਅੱਜ ਕੱਲ੍ਹ ਦੇ ਬਾਲ ਖੇਡਦੇ ਨੇ ਗੇਂਦ ਬੱਲੇ,
ਸਾਡੇ ਕੋਲ ਗੁੱਲੀ ਡੰਡੇ ਹੁੰਦੇ ਸੀ।

ਹੁਣ ਤੇ ਮੈਂ ਵੱਡਾ ਹੋ ਗਿਆ ਵਾਂ ਏਜਾਜ਼,
ਨਿੱਕੇ ਹੋਣਦੇ ਤੇ ਆਪਣੇ ਹੀ ਮਜ਼ੇ ਹੁੰਦੇ ਸੀ।
-ਗ਼ਲੀ ਨੰਬਰ ੪੫, ਹਾਊਸ ਨੰਬਰ: ੨,
ਮਾਚਿਸ ਫੈਕਟਰੀ, ਸ਼ਾਹਦਰਾ,
ਲਾਹੌਰ (ਪਾਕਿਸਤਾਨ) :

00923229958481

No comments: