
ਜਦੋਂ ਅਲਗੋਜਿਆਂ ਦੀ ਆਵਾਜ਼ ਕੰਨਾਂ ਵਿਚ ਰਸ ਘੋਲਦੀ ਹੋਏ ਤਾਂ ਸਾਰੰਗੀ ਉੱਤੇ਼ ਫਿਰਿਆ ਗਜ਼ ਵੀ ਦਿਲ ਨੂੰ ਧੂਹ ਪਾਉਂਦਾ ਹੈ ਤੇ ਫਿਰ ਢੋਲ ਤੇ ਲੱਗਿਆ ਡੱਗਾ ਵੀ ਰੂਹ ਨੂੰ ਸੰਗੀਤਮਈ ਹੁਲਾਰਾ ਦੇ ਕੇ ਨਸਿ਼ਆ ਦਿੰਦਾ ਹੈ ਤੇ ਉਦੋਂ ਗੀਤ ਦੇ ਬੋਲ ੳਭਰਦੇ ਹਨ :
‘ਰੰਗਲੇ ਪੰਜਾਬ ਦੀ ਸਿਫ਼ਤ ਸੁਣਾਵਾਂ,
ਬਈ ਜਿੱਥੇ ਰੱਬ ਵਰਗੀਆਂ ਮਾਵਾਂ ।
ਧਰਤੀ ਪੰਜ ਦਰਿਆ ਦੀ ਰਾਣੀ,
ਜਿਸਦਾ ਸਰਬਤ ਵਰਗਾ ਪਾਣੀ ।
ਓਏ ਬੱਲੇ ਬੱਲੇ ਬੱਲੇ ਬੱਲੇ ਬੱਲੇ ,
ਰੰਗਲਾ ਰੰਗਲਾ ਪੰਜਾਬ, ਸਾਡਾ ਰੰਗਲਾ ਪੰਜਾਬ
ਰਵਾਇਤੀ ਲੋਕ ਸਾਜਾਂ ਨਾਲ ਇਹ ਗੀਤ ਸਰਬਜੀਤ ਚੀਮਾ ਨੇ ਲਗਭਗ ਇੱਕ ਦਹਾਕਾ ਪਹਿਲਾ ਗਾਇਆ ਸੀ। ਪੰਜਾਬ ਅਤੇ ਪੰਜਾਬੀਅਤ ਦੀ ਪ੍ਰੋੜਤਾ ਕਰਦਾ ਇਹ ਗੀਤ ਬਿਨਾਂ ਪਾਸਪੋਰਟ ਦੇ ਸਾਰੀਆਂ ਸਰਹੱਦਾਂ ਲੰਘ ਕੇ ਦੁਨੀਆਂ ਦੇ ਚੱਪੇ ਚੱਪੇ ਵਿਚ ਵਿਚ ਵਸਦੇ ਪੰਜਾਬੀਆਂ ਤੱਕ ਪਹੁੰਚ ਗਿਆ ਹੈ। ਇਸ ਗੀਤ ਨੇ ਜਿੰਨ੍ਹਾ ਬਿਜ਼ਨਸ ਕੀਤਾ ਉਸ ਨਾਲੋ ਕਈ ਗੁਣਾ ਜਿ਼ਆਦਾ ਪ੍ਰਸਿੱਧੀ ਸਰਬਜੀਤ ਦੀ ਝੋਲੀ ਪਈ । ਕਿਸੇ ਪ੍ਰਾਇਮਰੀ ਸਕੁ਼ਲ ਦਾ ਸਲਾਨਾ ਸਮਾਗਮ ਹੋਵੇ ਜਾਂ ਕਿਸੇ ਕਾਲਜ ਦੀ ਫੇਅਰਵੈੱਲ ਪਾਰਟੀ, ਕਿਤੇ ਯੂਨੀਵਰਸਿਟੀ ਯੂਥ ਫੈਸਟੀਵਲ ਹੋਵੇ ਜਾਂ ਫੋਕ ਮਿਊਜਿ਼ਕ ਦਾ ਮੁਕਾਬਲਾ, ਸਮਾਗਮ ਸਿੰਗਾਪੁਰ ਦੇ ਪੰਜਾਬੀਆਂ ਨੇ ਕਰਵਾਇਆ ਹੋਵੇ ਜਾਂ ਫਿਰ ਸਿਡਨੀ ਦਾ ਕੋਈ ਪੰਜਾਬੀ ਸਭਿਆਚਾਰਕ ਮੇਲਾ ਢੋਲ ਦੀ ਤਾਲ ਅਤੇ ਰਵਾਇਤੀ ਸਾਜਾਂ ਦੀਆਂ ਆਵਾਜਾਂ ਨਾਲ ਮੇਲ ਖਾਂਦੇ ਸ਼ਬਦ ਸਰੋਤਿਆਂ ਦਾ ਧਿਆਨ ਖਿੱਚਦੇ ਹਨ । ਅਕਸਰ ਇਹ ਸ਼ਬਦ ਗੀਤ ਬਣਕੇ ਸਰਬਜੀਤ ਚੀਮਾ ਵਰਗੇ ਕਿਸੇ ਮਾਂ ਬੋਲੀ ਦੇ ਸਪੂਤ ਦੇ ਕੰਠ ‘ਚੋ ਨਿਕਲੇ ਹੁੰਦੇ ਹਨ ।
ਜੇ ਮਹਾਂਕਵੀ ਰਾਬਿੰਦਰ ਨਾਥ ਟੈਗੋਰ ਦੀ ਹਿੰਦੋਸਤਾਨ ਦੇ ਵੱਖ ਵੱਖ ਖਿੱਤਿਆਂ ਦੀਆਂ ਵਿਸੇ਼ਸ਼ਤਾਵਾਂ ਦਾ ਵਰਣਨ ਕਰਦੀ ਕਵਿਤਾ ‘ ਜਨ ਗਨ ਮਨ’ ਨੂੰ ਭਾਰਤ ਦੇ ਰਾਸਟਰੀ ਗੀਤ ਦਾ ਦਰਜਾ ਹਾਸਲ ਹੈ। ਤਾਂ ਸਰਬਜੀਤ ਚੀਮਾ ਦਾ ‘ਰੰਗਲਾ ਪੰਜਾਬ’ ਗੀਤ ਵੀ ਆਸਟਰੇਲੀਆ ਮਹਾਂਦੀਪ ਦੇ ਸਕੁਲਾਂ ਦੇ ਵਿਚ ਸੰਗੀਤ ਦੇ ਪਾਠਕਰਮ ਵਿਚ ਸ਼ਾਮਲ ਹੋ ਕੇ ਪੰਜਾਬੀ ਸੰਗੀਤ ਦੀ ਅਗਵਾਈ ਕਰਦਾ ਹੈ । ਲੋਕ ਸੰਗੀਤ ਨਾਲ ਲਬਰੇਜ਼ ਹੋਣ ਸਦਕਾ ਵਿਦੇਸੀ ਧਰਤੀ ਉੱਤੇ ਇਹ ਗੀਤ ਪੰਜਾਬੀ ਫੋਕ ਸੰਗੀਤ ਦੀ ਤਰਜਮਾਨੀ ਕਰਦਾ ਆ ਰਿਹਾ ਹੈ । ਹੁਣ ਤਾਂ ਇਹ ਰਿਵਾਇਤੀ ਮਿੱਥ ਤੋੜ ਕੇ ਲੋਕ ਗੀਤ ਬਣ ਗਿਆ ਜਾਪਦਾ ਹੈ। ਜਿਸ ਨਾਲ ਵਿਦੇਸੀ ਮੂਲ ਲੋਕਾਂ ਦਾ ਮਣਾਂ ਮੁੰਹੀ ਪਿਆਰ ਪੰਜਾਬ ਦੀ ਸਿਫ਼ਤ ਕਰਨ ਵਾਲੇ ਇਸ ਗਾਇਕ ਨੂੰ ਆਪ ਮੁਹਾਰੇ ਮਿਲ ਰਿਹਾ ਹੈ।
ਭਾਵੇਂ ਅੱਜ ਦੇ ਪੰਜਾਬੀ ਸੰਗੀਤ ਦੀਆਂ ਸੁਨਾਮੀ ਲਹਿਰਾਂ ਵਿਚ ਕੋਈ ਗੀਤ ਜਾਂ ਗਾਇਕ ਬਹੁਤਾ ਸਮਾਂ ਸਥਿਰ ਰਹਿਣ ਦਾ ਦਾਅਵਾ ਨਹੀਂ ਕਰ ਸਕਦਾ । ਪ੍ਰੰਤੂ ਸਰਬਜੀਤ ਚੀਮਾ ਆਪਣੇ ਫੋਕ ਲਹਿਜੇ਼ ਦੀ ਸਫਲ ਪੇਸ਼ਕਾਰੀ ਨਾਲ ਚਟਾਨ ਵਾਗੂੰ ਖੜਾ ਅਹਿੱਲ ਖੜਾ ਦਿਸ ਰਿਹਾ ਹੈ । ਲੋਕ ਸੰਗੀਤ ਦੇ ਅਮਰ ਸਿੰਘਾਸਨ ਵਿਚ ਉਹ ‘ਭੰਗੜੇ ਦਾ ਬਾਦਸ਼ਾਹ’ ਬਣਿਆ ਬੈਠਾ ਹੈ। ਉਸਦੀ ਸਟੇਜ ਦੀ ਪੇਸ਼ਕਾਰੀ ਦਰਸ਼ਕਾਂ ਨੂੰ ਕੀਲ ਕੇ ਰੱਖਦੀ ਹੈ । ਗੀਤ ਗਾਉਣ ਦੇ ਨਾਲ ਨਾਲ ਨੱਚ ਨੱਚ ਕੇ ਧਰਤੀ ਹਿਲਾ ਦੇਣ ਵਾਲਾ ਭੰਗੜਾ ਸਰਬਜੀਤ ਚੀਮਾ ਹੀ ਪਾ ਸਕਦਾ ਹੈ। ਭੰਗੜੇ ਦੇ ਇਸ ਸ਼ੁਦਾਈ ਦੇ ਗਾਏ ਗੀਤ ਵੀ ਇਸਦਾ ਹੁੰਗਾਰਾ ਭਰਦੇ ਨਜ਼ਰ ਆਉਂਦੇ ਹਨ ਅਖੇ: ਪੈਂਦਾ ਭੰਗੜਾ ਪੱਟਾਂ ਦੇ ਜ਼ੋਰ ਨਾਲ ਮਿੱਤਰੋ , ਜਾਂ ਫਿਰ ‘ਖੜ ਕੇ ਦੇਖ ਦੇਖ ਮੁਟਿਆਰੇ ਭੰਗੜਾ ਮਿੱਤਰਾਂ ਦਾ ’ । ਉਸਦਾ ਸਟੇਜ ਲਗਾਤਾਰ ਆਪ ਨੱਚਣਾ ਅਤੇ ਸਰੋਤਿਆਂ ਨੂੰ ਨਚਾਉਣਾ ਵੀ ਕਮਾਲ ਕਰਦਾ ਹੈ। ਇਹ ਨਜ਼ਾਰਾ ਕਿਤੇ ਸਭਿਆਚਾਰਕ ਮੇਲੇ ਵਿਚ ਦੇਖਣ ਨੂੰ ਮਿਲਦਾ ਹੈ ਜਦੋਂ ਚੀਮਾ ਅਤੇ ਉਸਦਾ ਢੋਲੀ ਇੱਕ ਸੁਰ ਹੋਏ ਤਾਲ ‘ਚ ਨੱਚਦੇ ਹਨ। ਉਸਦੇ ਗਾਏ ਲਗਭਗ 120 ਗੀਤਾਂ ਵਿਚੋਂ 70 ਗੀਤ ਸਿੱਧੇ ਜਾਂ ਅਸਿੱਧੇ ਤੌਰ ‘ਤੇ ਭੰਗੜੇ ਸਬੰਧਿਤ ਹਨ । ਗਾਇਕ ,ਅਦਾਕਾਰ ਹੋਣ ਦੇ ਨਾਲ ਨਾਲ ਉਹ ਵਧੀਆ ਗੀਤਕਾਰ ਵੀ ਹੈ। ਇੱਕ ਗੀਤਕਾਰ ਵਜੋਂ ਉਸਨੇ ਆਪਣੇ ਲਿਖੇ 90 ਪ੍ਰਤੀਸ਼ਤ ਗਾਏ ਹਨ। ਸਰਬਜੀਤ ਚੀਮਾ ਦੀ ਹਰ ਕੈਸੇਟ ਵਿਚ ਸਮਾਜਿਕ ਵਿਸਿ਼ਆਂ ਨਾਲ ਸੰਬੰਧਤ ਇੱਕ ਦੋ ਗੀਤ ਜਰੂਰ ਹੁੰਦੇ ਹਨ । ‘ਸੋਨੇ ਦੀ ਚਿੜੀ ’ ਟੇਪ ਵਿਚ ਕੁੱਲ ਨੌ ਗੀਤ ਸਨ ਜਿੰਨ੍ਹਾਂ ਵਿਚੋਂ ਪੰਜ ਨਾਨ ਕਮਰਸ਼ੀਅਲ ਗੀਤ ਸਨ । ਟਾਈਟਲ ਗੀਤ ਸੋਨੇ ਦੀ ਚਿੜੀ ਵਿਚ ਉਸਨੇ ਪੰਜਾਬ ਦੀ ਨਕਸ਼ਾ ਇਸ ਤਰ੍ਹਾ ਉਲੀਕਿਆ ਹੈ । ਮੇਲੇ, ਛਿੰਝਾਂ ,ਤੀਆਂ ਸਾਡੇ ਵਤਨ ਦੀ ਸ਼ਾਨ ਨੇ
ਗੁਰਦਾਸ , ਧਰਮਿੰਦਰ ਪੰਜਾਬੀਆਂ ਦਾ ਮਾਣ ਨੇ
ਦਾਰੇ, ਕਰਤਾਰ ਮੱਲ ਜਾਂਦੇ ਨੇ ਭਿੜੀ
ਮਿੱਤਰੋਂ ਪੰਜਾਬ ਸਾਡਾ ਸੋਨੇ ਦੀ ਚਿੜੀ
ਸੋਨੇ ‘ਚ ਮੜ੍ਹਾਏ ਹਰਿਮੰਦਰ ਜਿਹੇ ਧਾਮ ਨੇ
ਗੂੰਜਦੇ ਹਵਾਵਾਂ ਵਿਚ ਗੁਰੂਆਂ ਦੇ ਨਾਂਮ ਨੇ
ਬਾਬਾ ਬੰਦਾ ਦੀਪ ਸਿੰਘ ਦੇ ਗਏ ਕੁਰਬਾਨੀਆਂ
ਕਿੱਡਾ ਤੇਰਾ ਜ਼ੇਰਾ ਹੋਊ ਪੁੱਤਰਾਂ ਦੇ ਦਾਨੀਆਂ
ਸਿਦਕਾਂ ਦਾ ਜਾਂਦਾ ਜਿੱਥੇ ਚਰਖਾ ਗਿੜੀ
ਮਿੱਤਰੋਂ ਪੰਜਾਬ ਸਾਡਾ ਸੋਨੇ ਦੀ ਚਿੜੀ
ਇਸ ਤਰ੍ਹਾ ਹਿੰਦੋਸਤਾਨ ਪਾਕਿਸਤਾਨ ਸਰਕਾਰਾਂ ਵੱਲੋਂ ਚਲਾਈ ਦਿੱਲੀ ਲਾਹੌਰ ਬੱਸ ਸੇਵਾ ਸੁਰੂ ਕੀਤੇ ਜਾਣ ਮੌਕੇ ਇੱਕ ਭਾਵਪੂਰਤ ਗੀਤ ਵੀ ਇਸੇ ਕੈਸਿਟ ਦਾ ਹਿੱਸਾ ਸੀ_
ਗੱਲ ਸੁਰੂ ਹੁੰਦੀ ਦੇਸ਼ ਵਾਲੀ ਵੰਡ ਤੋਂ ,ਜੀ ਦੇਸ਼ ਵਾਲੀ ਵੰਡ ਤੋਂ
ਨਿੱਤ ਅਰਦਾਸ ਹੋਵੇ ਸੱਚਖੰਡ ਤੋਂ , ਜੀ ਹੋਵੇ ਸੱਚ ਖੰਡ ਤੋਂ
ਸਾਡਾ ਸੱਚਾ ਸੌਦਾ ਸਾਥੋ ਦੂਰ ਰਹਿ ਗਿਆ , ਜੀ ਸਾਥੋ ਦੂਰ ਰਹਿ ਗਿਆ
ਵੀਰ ਛੱਡ ਵੀਰਾਂ ਨੂੰ ਕੁਰਾਹੇ ਪੈ ਗਿਆ, ਜੀ ਕਿਉਂ ਕਰਾਹੇ ਪੈ ਗਿਆ
ਦੋਸਤੀ ਦੇ ਹੱਥਾਂ ਨੂੰ ਮਿਲਾਈ ਜਾਂਦੀ ਹੈ,
ਦਿੱਲੀ ਤੇ ਲਾਹੌਰ ਵਾਲੀ ਬੱਸ ਮਿੱਤਰੋਂ ਵਿਛੜੇ ਕਈ ਚਿਰਾਂ ਦੇ ਮਿਲਾਈ ਜਾਂਦੀ ਹੈ ।
ਸੋਨੇ ਦੀ ਚਿੜੀ ਟੇਪ ਵਿਚ ਸਭ ਤੋਂ ਵੱਧ ਮਕਬੂਲ ਰਚਨਾ ਸੀ ‘ਨਾ ਮਾਰੀ ਨਾ ਮਾਰੀ ਮਾਂ, ਇਹ ਨਾ ਕਹਿਰ ਗੁਜ਼ਾਰੀ ਮਾਂ’ ਭਰੂਣ ਹੱਤਿਆ ਨੂੰ ਲੈ ਗਾਇਆ ਇਹ ਗੀਤ ਹਰ ਪਾਸੇ ਉਸਦੀ ਚਰਚਾ ਕਰਵਾਉਣ ਵਿਚ ਸਫਲ ਰਿਹਾ । ਸਕੂਲਾਂ ,ਕਾਲਜਾਂ ਅਤੇ ਸਮਾਜਿਕ ਸਮਾਗਮਾਂ ਵਿਚ ਭਰੂਣ ਹੱਤਿਆ ਸਬੰਧੀ ਲੋਕਾਂ ਨੂੰ ਸੇਧ ਦੇਣ ਲਈ ਇਸਤੋਂ ਵਧੀਆਂ ਗੀਤ ਹਾਲੇ ਤੱਕ ਪੰਜਾਬੀਆਂ ਕੋਲ ਹੋਰ ਨਹੀਂ , ਜਲੰਧਰ ਜਿ਼ਲ੍ਹੇ ਪਿੰਡ ਚੀਮਾ ਕਲਾਂ ਦਾ ਜੰਮਪਲ ਸਰਬਜੀਤ ਪੰਜਾਬ ਦੇ ਉਨ੍ਹਾਂ ਗਾਇਕਾਂ ਦੀ ਗਿਣਤੀ ਵਿਚ ਆਉਂਦਾ ਜਿਹੜੇ ਗੱਲਾਂ ਕਰਕੇ ਚਰਚਾ ਨਹੀਂ ਕਰਵਾਉਂਦੇ ਬਲਕਿ ਸਾਰਥਿਕ ਬਦਲ ਪੇਸ਼ ਕਰਕੇ ਆਪਣੇ ਆਲੋਚਕਾਂ ਤੋਂ ਵੀ ਵਾਹ ਵਾਹ ਖੱਟਦੇ ਹਨ । ਫੋਕ ਓਨਲੀ ਪਾਓ ਭੰਗੜਾ ਲੋਕ ਨਾਚਾਂ ਆਧਾਰਿਤ ਇਹ ਕੈਸੇਟ ਰਿਲੀਜ਼ ਕਰਕੇ ਉਸਨੇ ਪੰਜਾਬੀ ਸਭਿਆਚਾਰ ਲਈ ਜੋ ਕੰਮ ਕੀਤਾ ਹੈ ੳੇੁਸਦੀ ਸ਼ਾਇਦ ਹੀ ਕਿਧਰੇ ਮਿਲੇ । ਪੂਰੀ ਦੀ ਪੂਰੀ ਇੱਕ ਟੇਪ ਕਿਸੇ ਅਜਿਹੇ ਵਿਸੇ਼ ਲਈ ਤਿਆਰ ਕਰਨੀ ਜਿਸਤੋਂ ਵਪਾਰਕ ਨਫਾ ਹੋਣ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ ਇਹ ਕੰਮ ਕਿਸੇ ਵੱਡੇ ਜਿਗਰੇ ਵਾਲੇ ਦਾ ਕਿਹਾ ਜਾਂਦਾ ਹੈ । ਉਸਦੀ ਤਾਜ਼ਾ ਐਲਬੰਮ ਨੂੰ ਇੱਕ ਹਫਤੇ ਵਿਚ ਇੱਕ ਵੈਬਸਾਈਟ ‘ਤੇ 22803 ਵਾਰ ਕਲਿੱਕ ਕੀਤਾ ਜਾ ਚੁੱਕਾ ਹੈ। ਪੰਦਰਾਂ ਸਾਲਾਂ ਦੇ ਗਾਇਕੀ ਦੇ ਸਫਰ ਦੌਰਾਨ ਉੇਸਦੀਆਂ 13 ਟੇਪਾਂ ਕਰਮਵਾਰ ‘ਯਾਰ ਨੱਚਦੇ ( 1993 ), ਖੱਟਾ ਡੋਰੀਆ (95),ਮੇਲਾ ਵੇਖਦੀਏ ਮੁਟਿਆਰੇ (96 ) ਮੈਂ ਹਾਂ ਪੁੱਤ ਪੰਜਾਬ ਦਾ ( 97) ਬਿੱਲੋ ਤੇਰੀ ਤੋਰ ਵੇਖ ਕੇ ( 98 ) ਅੱਜ ਖੰਡੇ ਜੋ ਕੌਮ ਸਾਜਨੀ ( ਧਾਰਮਿਕ -99 ) ਚੰਡੀਗੜ੍ਹ ਸ਼ਹਿਰ ਦੀ ਕੁੜੀ (2000 ) ਕੁੜਤੀ (2001) ,ਰੰਗ ਰਾ ਰਾ ਰੀਰੀ ਰਾਰਾ ( 2003 ), ਪਿੰਡ ਦੀ ਕੁੜੀ (ਪੰਜਾਬੀ ਫਿਲਮ 2005 ) ਸੋਨੇ ਦੀ ਚਿੜੀ (2006) , ਨੱਚੋ ਨੱਚੋ (2007) ਫੋਕ ਓਨਲੀ ਪਾਓ ਭੰਗੜਾ ( 2008) ’ਸ਼ਾਮਿਲ ਹਨ ।
ਜੇਕਰ ਹਿੱਟ ਗੀਤਾਂ ਦਾ ਜਿ਼ਕਰ ਕਰਨਾ ਹੋਵੇ ਤਾਂ ‘ ਮੇਲਾ ਜੱਗ ਵਾਲਾ , ਰੰਗਲਾ ਪੰਜਾਬ , ਅੱਜ ਖੰਡੇ ਚੋਂ ਕੌਮ ਸਾਜਨੀ , ਮੇਲਾ ਵੇਖਦੀਏ ਮੁਟਿਆਰੇ, ਬਿੱਲੋ ਤੇਰੀ ਦੇਖ ਕੇ, ਕੁੜਤੀ, ਦਾਣਾ ਦਾਣਾ ਦਾਣਾ, ਫੁਲਕਾਰੀ ਆਦਿ ਗਿਣੇ ਜਾ ਸਕਦੇ ਹਨ ।
ਲੋਕ ਨਾਚਾਂ ਉੱਤੇ ਆਧਾਰਿਤ ਉਸਦੀ ਟੇਪ ਰਿਲੀਜ਼ ਹੋਈ, ਪੰਜਾਬ ਦੇ ਅਮੀਰ ਲੋਕ -ਵਿਰਸੇ ਦੀ ਜਿਹੜੀ ਵੰਨਗੀ ਇਸ ਕੈਸੇਟ ਵਿਚ ਪੇਸ਼ ਕੀਤੀ ਉਸਨੂੰ ਵੇਖ ਕੇ ਲਗਦਾ ਇਹ ਕੈਸੇਟ ਗਰਮ ਪਕੋੜਿਆਂ ਵਾਗੂੰ ਭਾਂਵੇ ਨਾ ਵਿਕੇ ਪੰਰਤੂ ਬਾਦਾਮਾਂ ਵਾਗੂੰ ਜਰੂਰ ਵਿਕੇਗੀ ਕਿਉਂਕਿ ਬਦਾਮ ਖਾਣੇ,ਪਚਾਉਣੇ ਅਤੇ ਖਰੀਦਣੇ ਜਣੇ ਖਣੇ ਦੇ ਵੱਸ ਦੀ ਗੱਲ ਨਹੀਂ । ਸਰਬਜੀਤ ਚੀਮਾ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ www.punjabinewsonline.com ਦੇ ਪਾਠਕਾਂ ਨਾਲ ਸਾਂਝੇ ਕੀਤੇ ਜਾ ਰਹੇ ।
ਸਵਾਲ : ਨਵੀਂ ਐਲਬਮ ਫੋਕ ਓਨਲੀ ਪਾਓ ਭੰਗੜਾ ਵਿਚ ਕਿਸ ਮੂਡ ਦੇ ਗੀਤ ਹਨ ?
ਜਵਾਬ: ਸਪੱਸਟ ਗੱਲ ਹੈ ਕਿ ਪੰਜਾਬੀਆਂ ਦੇ ਬੋਲ ਅਤੇ ਪੰਜਾਬੀਆਂ ਦੇ ਢੋਲ ‘ਤੇ ਸਾਰੀ ਦੁਨੀਆਂ ਨੱਚਦੀ ਹੈ । ਇਸ ਟੇਪ ਵਿਚ ਵੀ ਪੰਜਾਬੀ ਲੋਕ ਨਾਚਾਂ ਤੇ ਅਧਾਰਿਤ ਕੰਮ ਕੀਤਾ ਹੈ । ਇਸ ਵਿਚ ਝੂਮਰ, ਜਿੰਦੂਆ, ਧਮਾਲ ,ਮਲਵਈ ਗਿੱਧਾ, ਭੰਗੜਾ, ਗਿੱਧਾ, ਸੰਮੀ ਅਤੇ ਬੋਲੀਆਂ ਨੂੰ ਰਿਕਾਰਡ ਕੀਤਾ ਹੈ ।ਮੈਂ ਪੰਜਾਬੀ ਲੋਕਾਂ ਨੂੰ ਲੋਕ-ਨਾਚਾਂ ਦਾ ਤੋਹਫਾ ਦੇਣਾ ਚਾਹਿਆ ਹੈ । ਕਿਉਂਕਿ ਸਾਡੇ ਲੋਕ-ਨਾਚ ਲੋਕਾਂ ਸਾਹਮਣੇ ਨਹੀ ਆਏ । ਅਸੀਂ ਕੋਸਿ਼ਸ਼ ਕੀਤੀ ਹੈ ਕਿ ਲੋਕਾਂ ਨੂੰ ਪਤਾ ਲੱਗੇ ਕਿ ਸਾਡੇ ਲੋਕ- ਨਾਚ ਕਿਹੜੇ ਕਿਹੜੇ ਹਨ ।
ਸਵਾਲ : ਤੁਸੀ ਲੋਕ ਨਾਚਾਂ ਦਾ ਇਕੱਲਾ ਰਿਦਮ ਪੈਟਰਨ ਹੀ ਵਰਤਿਆ ਜਾਂ ਉਨ੍ਹਾਂ ਵਿਚਲੀ ਮੌਲਿਕਤਾ ਨੂੰ ਵੀ ਬਰਕਰਾਰ ਰੱਖਿਆ ਹੈ?
ਜਵਾਬ : ਅਸੀਂ ਹਰ ਨਾਚ ਤੇ ਬਹੁਤ ਹੀ ਬਾਰੀਕੀ ਨਾਲ ਕੰਮ ਕੀਤਾ ਹੈ, ਜਿਹੜੀ ਤਾਲ ਝੂਮਰ ਦੀ ਹੈ ਜਾਂ ਸੰਮੀ ਵਿਚ ਜਿਹੜੀ ਤਾਲ ਵਰਤੀ ਜਾਂਦੀ ਹੈ , ਉਸਨੂੰ ਉੇਸੇ ਤਰ੍ਹਾਂ ਰਿਕਾਰਡ ਕੀਤਾ ਹੈ। ਇਨ੍ਹਾਂ ਨਾਚਾਂ ਦੀਆਂ ਜਿਹੜੀਆਂ ਤਾਲਾਂ ਹਨ ਬਿਲਕੁਲ ਹੀ ਉਨ੍ਹਾਂ ਨੂੰ ਉਸੇ ਤਰ੍ਹਾਂ ਹੀ ਵਰਤ ਕੇ ਕੰਮ ਕੀਤਾ ਗਿਆ । ਇਨ੍ਹਾਂ ਨਾਚਾਂ ਨਾਲ ਗਾਏ ਜਾਣ ਵਾਲੇ ਗੀਤਾਂ ਦੇ ਬੋਲ ਵੀ ਜਿ਼ਆਦਾਤਰ ਪੁਰਾਤਨ ਹੀ ਹਨ , ਕੁਝ ਬੋਲਾਂ ਨੂੰ ਉਨ੍ਹਾਂ ਤਰਜਾਂ ਉਪਰ ਮੈਂ ‘ਤੇ ਲਿਖਿਆ ਹੈ ।
ਸਵਾਲ ਇਸਦਾ ਮਤਲਬ ਤੁਸੀ ਲੋਕ ਨਾਚਾਂ ਬਾਰੇ ਡਾਕੂਮੈਂਟਰੀ ਆਡਿਓ ਬਣਾ ਕੇ ਪੇਸ਼ ਕੀਤੀ ਹੈ , ਇਸਦਾ ਵੀਡਿਓ ਫਿਲਮਾਂਕਣ ਵੀ ਕੀਤਾ ਹੈ ?
ਜਵਾਬ : ਹਾਂ ਜੀ ਸਾਰੇ ਟਰੈਕ ਸੂਟ ਕਰ ਲਏ ਹਨ । ਪੰਜਾਬੀ ਦੇ ਨਾਮਵਰ ਵੀਡਿਓ ਡਾਇਰੈਕਟਰ ਰਿੰਪੀ ਪਰਿੰਸ ਕੋਲੋਂ ਤਿੰਨ ਗੀਤ, ਜਲੰਧਰ ਦੂਰਦਰਸ਼ਨ ਟੀਮ ਤੋਂ ਇੱਕ ਅਤੇ ਚਾਰ ਗੀਤ ਮਨਦੀਪ ਕੋਲੋਂ ਫਿਲਮਾਏ ਹਨ । ਸਾਰੇ ਵੀਡਿਓ ਵਿਚ ਇਹ ਨਹੀਂ ਕਿ ਝੂਮਰ ਦੀ ਤਾਲ ‘ਤੇ ਅੱਧ ਨੰਗੀਆਂ ਕੁੜੀਆਂ ਦਾ ਪੋਪ ਸੋਪ ਨਚਾਈ ਜਾਈਏ ਜਾਂ ਹੋਰ ਹੀ ਸਟੈਪ ਵਰਤੀ ਜਾਈਏ , ਬਕਾਇਦਾ ਬੇਸ ਲੈ ਕੇ ਚੱਲੇ ਹਾਂ ਜੇਕਰ ਧਮਾਲ ਫਿਲਮਾਉਣਾਂ ਹੈ ਤਾਂ ਧਮਾਲ ਦੇ ਹੀ ਐਕਸ਼ਨ ਵਰਤੇ ਹਨ । ਇਨ੍ਹਾਂ ਬਾਰੇ ਰਹਿੰਦੀ ਕਸਰ ਅਸੀਂ ਕੁਮੈਂਟਰੀ ਨਾਲ ਪੂਰੀ ਕੀਤੀ ਹੈ । ਹਰੇਕ ਟਰੈਕ ਦੇ ਸ੍ਰੁਰੂ ਵਿਚ ਨਾਚਾਂ ਦੀ ਬਣਤਰ ਬਾਰੇ ਬਕਾਇਦਾ ਕੁਮੈਂਟਰੀ ਹੈ । ਸਾਰੇ ਨਾਚਾਂ ਦੀ ਇੰਟਰੋਡੈਕਸ਼ਨ ਕਰਵਾਈ ਹੈ ਕਿਹੜਾ ਕਦੋਂ ਬਣਿਆ ਇਸਦਾ ਆਧਾਰ ਕੀ ਹੈ ।
ਸਵਾਲ : ਤੁਹਾਡੀ ਟੇਪਾਂ ਵਿਚ ਸਮਾਜਿਕ ਵਿਸਿ਼ਆਂ ਨਾਲ ਸਬੰਧਿਤ ਗੀਤ ਅਕਸਰ ਹੀ ਹੁੰਦੇ ਹਨ , ਅੱਜ ਜਦੋਂ ਕੋਈ ਵੀ ਕਲਾਕਾਰ 10 ਸੈਕਿੰਡ ਦਾ ਪ੍ਰੋਮੋ ਅਜਿਹਾ ਨਹੀਂ ਬਣਾਉਣਾ ਚਾਹੁੰਦਾ ਜਿਸਦਾ ਉਸਨੂੰ ਕੋਈ ਵਪਾਰਕ ਫਾਇਦਾ ਨਾਂ ਹੋਵੇ ਫਿਰ ਤੁਸੀ ਇੱਕ ਪੂਰੀ ਐਲਬਮ ਹੀ ਲੋਕ ਨਾਚਾਂ ਉਪਰ ਤਿਆਰ ਕੀਤੀ ਹੈ ਇਸ ਬਾਰੇ ਤੁਹਾਡਾ ਕੀ ਨਜ਼ਰੀਆ ਹੈ ?
ਜਵਾਬ: ਦੇਖੋਂ ਜੀ ,ਮੇਰੇ ਤੇ ਕਿਸੇ ਤਲਵਾਰ ਨਹੀਂ ਕਸੀ, ਕਿ ਤੈਨੂੰ ਆਹ ਗੀਤ ਰਿਕਾਰਡ ਕਰਨਾ ਹੀ ਪਊਗਾ । ਨਾ ਮੈਂ ਕਿਸੇ ਮਜ਼ਬੂਰੀ ਵੱਸ ਕਰਦਾ ਹਾਂ, ਇਹ ਤਾਂ ਮੇਰਾ ਸੌਕ ਹੈ ਅਣਛੋਹੇ ਵਿਸੇ਼ ਛੋਹਣੇ, ਮੈਂ ਭਰੂਣ ਹੱਤਿਆ ਉੱਤੇ ਗੀਤ ਰਿਕਾਰਡ ਕੀਤਾ ਸੀ ‘ਨਾ ਮਾਰੀ ਨਾ ਮਾਰੀ ਮਾਂ , ਇਹ ਨਾਂ ਕਹਿਰ ਗੁਜ਼ਾਰੀ ਮਾਂ’ ਲੋਕਾਂ ਨੇ ਸਿਰਮੱਥੇ ਕਬੂਲ ਕੀਤਾ , ਹੋਰ ਵੀ ਮੇਰੇ ਅਜਿਹੇ ਬਹੁਤ ਗੀਤ ਨੇ , ਅਸੀਂ ਸਾਰਾ ਦਿਨ ਕਮਰਸ਼ੀਅਲ ਕੰਮ ਹੀ ਕਰਦੇ ਹਾਂ ਜੇਕਰ ਥੋੜਾ ਬਹੁਤ ਕੰਮ ਬਿਨਾ ਨਫਾ ਨੁਕਸਾਨ ਕਰ ਲਈਏ ਤਾਂ ਕੋਈ ਮਾੜੀ ਗੱਲ ਨਹੀਂ , ਨਾਲੇ ਇਹ ਲੋਕਾਂ ਦਾ ਵੱਖੋਂ ਵੱਖੋ ਕੰਮ ਕਰਨ ਦਾ ਤਰੀਕਾ ਹੈ । ਮੇਰੀ ਬੜੀ ਦੇਰ ਤੋਂ ਤਮੰਨਾ ਸੀ ਕਿ ਮੈਂ ਲੋਕ ਨਾਚਾਂ ਉੱਤੇ ਕੰਮ ਕਰਾਂ , ਸਾਡੇ ਆਮ ਪੰਜਾਬੀਆਂ ਨੂੰ ਸਿਰਫ ਭੰਗੜੇ ਬਾਰੇ ਹੀ ਪਤਾ ਹੋਰ ਨਾਚਾਂ ਬਾਰੇ ਘੱਟ ਹੀ ਪਤਾ, ਸਾਡੀ ਕੋਸਿ਼ਸ਼ ਹੈ ਕਿ ਸਭ ਨੂੰ ਸਾਡੇ ਲੋਕ ਨਾਚਾਂ ਲੁੱਡੀ ,ਧਮਾਲ , ਜਿੰਦੂਆਂ ਦਾ ਵੀ ਪਤਾ ਲੱਗੇ ਕਿ ਸਾਡੇ ਲੋਕ ਨਾਚ ਕਿਹੜੇ ਕਿਹੜੇ ਹਨ ।
ਸਵਾਲ :ਇਸ ਕੈਸਿਟ ਕੀ ਹੰਗਾਰਾ ਮਿਲ ਰਿਹਾ ?
ਜਵਾਬ : ਪੰਜਾਬੀਆਂ ਸੰਗੀਤ ਪ੍ਰੇਮੀਆਂ ਵੱਲੋਂ ਵਧੀਆ ਹੰਗਾਰਾ ਮਿਲ ਰਿਹਾ ਹੈ । ਇਸ ਐਲਬਮ ਦੀ ਵਿਸੇ਼ਸ਼ ਗੱਲ ਇਹ ਹੈ ਕਿ ਇਸ ਵਿਚ ਪੰਜ ਫਿਲਮ ਸਟਾਰਾਂ ਨੇ ਆਪਣੇ ਆਪਣੇ ਵਿਚਾਰ ਦਿੱਤੇ ਹਨ । ਅਸੀਂ ਉਹਨਾਂ ਨੂੰ ਆਪਣਾ ਪ੍ਰੋਜੈਕਟ ਸੁਣਾਇਆ ਸੀ । ਧਰਮਿੰਦਰ, ਹੇਮਾ ਮਾਲਿਨੀ, ਸਲਮਾਨ ਖਾਨ, ਰਿਸ਼ੀ ਕਪੂਰ ਅਤੇ ਪੂਨਮ ਢਿੱਲੋਂ ਨੇ ਇਸਨੂੰ ਬਹੁਤ ਪਸੰਦ ਕੀਤਾ ਹੈ ਅਤੇ ਆਪਣੇ ਕੂਮੈਂਟ ਵੀ ਸਾਨੂੰ ਦਿੱਤੇ ਹਨ ।
ਸਵਾਲ : ਆਪਣੀ ਟੇਪਾਂ ਵਿਚ ਗੀਤ ਰਿਕਾਰਡ ਕਰਨ ਸਮੇਂ ਤੁਸੀ ਕੀ ਮਾਪਦੰਡ ਵਰਤਦੇ ਹੋ ?
ਜਵਾਬ: ਘਰ ਘਰ ਵਿਚ ਸੈਂਸਰ ਬੋਰਡ ਹੈ , ਸਾਡੀਆਂ ਮਾਵਾਂ, ਧੀਆਂ, ਭੈਣਾਂ ਅਤੇ ਬਜੁਰਗਾਂ ਤੋਂ ਵੱਡਾ ਹੋਰ ਕੋਈ ਸੈਂਸਰ ਨਹੀਂ ਜੇਕਰ ਸਾਡੇ ਗੀਤ ਉਨ੍ਹਾਂ ਨੂੰ ਬਿਨਾਂ ਕਿਸੇ ਹਿਚਕਚਾਹਟ ਦੇ ਪਸੰਦ ਹਨ ਤਾਂ ਸਮਝੋ ਸਾਡੇ ਗੀਤ ਹੋਰ ਲੋਕ ਵੀ ਪਸੰਦ ਕਰਨਗੇ, ਜੇਕਰ ਸਾਡਾ ਪਰਿਵਾਰ ਅਜਿਹੇ ਗੀਤ ਨਹੀਂ ਸੁਣ ਸਕਦਾ ਤਾਂ ਲੋਕ ਅਜਿਹੇ ਗੀਤ ਕਿਉਂ ਸੁਣਨ , ਬਾਕੀ ਅਸੀਂ ਗੀਤ ਦੇਖਦੇ ਹਾਂ ਕਿ ਇਹਦਾ ਕੀ ਕੰਨਸੈਪਟ ਹੈ । ਮੈ ਇਹ ਕਦੇਂ ਨਹੀਂ ਸੋਚਿਆ ਕਿ ਨਵੇਂ ਗੀਤਕਾਰ ਦੇ ਗੀਤ ਰਿਕਾਰਡ ਨਹੀਂ ਕਰਨੇ ਜਾਂ ਸਥਾਪਿਤ ਗੀਤਕਾਰਾਂ ਦੇ ਗੀਤ ਹੀ ਲੈਣੇ ਹਨ । ਮੈਂ ਬਹੁਤ ਨਵੇਂ ਗੀਤਕਾਰਾਂ ਦੇ ਗੀਤ ਰਿਕਾਰਡ ਕੀਤੇ ਹਨ ਅਤੇ ਬਹੁਤ ਸਾਰੇ ਹਿੱਟ ਵੀ ਹੋਏ ਹਨ ।
ਸਵਾਲ : ਤੁਸੀ ਫਿਲਮ ‘ਪਿੰਡ ਦੀ ਕੁੜੀ ’ ਵਿਚ ਬਤੌਰ ਹੀਰੋ ਕੰਮ ਕੀਤਾ ਸੀ ਹੋਰ ਵੀ ਪੰਜਾਬੀ ਫਿਲਮ ਕਰ ਰਹੋ ਹੋ?
ਜਵਾਬ : ਜੀ ਬਿਲਕੁਲ , ਮੇਰੀ ਨਵੀਂ ਫਿਲਮ ‘ਆਪਣੀ ਬੋਲੀ ਆਪਣਾ ਦੇਸ਼ ’ਬਣ ਰਹੀ ਹੈ । ਇਸਦੇ ਨਿਰਦੇਸ਼ਕ ਹਨ ਰਵਿੰਦਰ ਪੀਪਟ ਜੀ , ਇਸ ਸੂਟਿੰਗ ਚੱਲ ਰਹੀ ਹੈ । ਫਿਲਮ ਦਾ ਇੰਡੀਆ ਵਾਲਾ ਪਾਰਟ ਸੂਟ ਹੋ ਗਿਆ, ਇੰਗਲੈਂਡ ਵਾਲਾ ਪਾਰਟ ਜੂਨ ਵਿਚ ਕਰਨਾ, ਇਸ ਵਿਚ ਦੋ ਹੀਰੋਇਨਾਂ ਨੇ, ਇੱਕ ਸ਼ਵੇਤਾ ਤਿਵਾੜੀ (ਪ੍ਰੇਰਨਾ ਕਸੌਟੀ ਜਿੰਦਗੀ ਕੀ ਫੇਮ ), ਦੂਜੀ ਕਨਿਸ਼ਕਾ ਸੋਢੀ, ਰਾਜ ਬੱਬਰ, ਸੁਦੇਸ਼ ਲਹਿਰੀ ਅਤੇ ਗੁਰਪ੍ਰੀਤ ਘੁੱਗੀ ਨੇ ਕੰਮ ਕੀਤਾ ਹੈ। ਇਸ ਵਿਚ ਕਾਮੇਡੀ ,ਰੁਮਾਸ ,ਅਤੇ ਸੰਗੀਤ ਦਾ ਵਧੀਆ ਸੁਮੇਲ ਹੈ ।

1 comment:
sohna bnia , hor kush v likho
harry
Post a Comment