Tuesday, January 31, 2012

ਜਥੇਦਾਰੋਂ ਹੁਣ ਤੁਹਾਡੀ ਜ਼ਮੀਰ ਕਿੱਥੇ ਗਈ : ਉਮੀਦਵਾਰਾਂ ਦੀਆਂ ਵਹੀਰਾਂ ਡੇਰਾ ਸਿਰਸੇ ਵੱਲ

ਸੁਖਨੈਬ ਸਿੰਘ ਸਿੱਧੂ

ਅਕਾਲੀ – ਭਾਜਪਾ ਦੀ ਮੌਜੂਦਾ ਸਰਕਾਰ ਦੇ ਸੱਤਾ ਸੰਭਾਲਦਿਆਂ ਹੀ ਪੰਜਾਬ ਵਿੱਚ ਡੇਰਾ ਸਿਰਸਾ ਦੇ ਪੈਰੋਕਾਰਾਂ ਅਤੇ ਸਿੱਖ ਜਥੇਬੰਦੀਆਂ ਦਾ ਰੇੜਕਾ ਸ਼ੁਰੂ ਹੋ ਗਿਆ ਸੀ ।

ਪ੍ਰਤੱਖ ਕਾਰਨ ਕੁਝ ਹੋਰ ਸਾਹਮਣੇ ਆਏ ਪਰ ਇਸ ਤਾਣੇ ਬਾਣੇ ਵਿੱਚ ਜੋ ਅਪ੍ਰਤੱਖ ਕਾਰਨ ਸੀ ਉਹਨਾਂ ਵਿੱਚ ਡੇਰਾ ਸਿਰਸਾ ਪ੍ਰੇਮੀਆਂ ਵੱਲੋਂ ਕਾਂਗਰਸ ਨੂੰ ਹਮਾਇਤ ਦੇ ਕੇ ਜਿਤਾਉਣਾ ਇੱਕ ਅਹਿਮ ਕਾਰਨ ਸੀ । ਜਿਸ ਦੀ ਵਜਾਅ ਨਾਲ ਇਹ ਰਾਜਸੀ ਡਰਾਮੇ ਨੂੰ ਮਜਹਬੀ ਰੀਮਿਕਸ ਕਰਕੇ ਪੰਜਾਬ ਦੀ ਸਟੇਜ ਤੇ ਖੇਡਿਆ ਗਿਆ ।

ਮਾਲਵਾ ਖੇਤਰ ਵਿੱਚ ਡੇਰਾ - ਸਿੱਖ ਵਿਵਾਦ ਵਿੱਚ ਕਾਫੀ ਘਰ ਉਜੜ ਗਏ । ਜਿੰਨੇ ਵਾਰ ਵੀ ਟਕਰਾਅ ਪੈਦਾ ਹੋਇਆ ਨੁਕਸਾਨ ਸਿੱਖ ਕਾਰਕੁੰਨਾਂ ਦਾ ਹੀ ਹੋਇਆ , ਜਦਕਿ ਕੁਝ ਡੇਰਾ ਪ੍ਰੇਮੀਆਂ ਨੂੰ ਖੁਦਕਸ਼ੀਆਂ ਕਰਕੇ ਜਿੰਦਗੀਆਂ ਤਬਾਹ ਵੀ ਕਰਨੀਆਂ ਪਈਆਂ । ਇਸੇ ਘਟਨਾਕ੍ਰਮ ਦੇ ਚੱਲਦੇ ਤਖ਼ਤ ਦਮਦਮਾ ਸਾਹਿਬ ਵਿਖੇ ਪੰਥ ਅਤੇ ਪੰਥ ਦੇ ਜਥੇਦਾਰਾਂ ਦੀ ਇਕੱਤਰਤਾ ਕਰਕੇ ਹੁਕਮਨਾਮਾ ਜਾਰੀ ਕਰ ਦਿੱਤਾ ਕਿ ਡੇਰਾ ਸਿਰਸਾ ਅਤੇ ਉਸਦੇ ਕਿਸੇ ਪੈਰੋਕਾਰ ਨਾਲ ਸਿੱਖ ਸਮਾਜ ਨੇ ਕੋਈ ਰਿਸ਼ਤਾ ਨਹੀਂ ਰੱਖਣਾ।

ਵੱਡੀ ਗਿਣਤੀ ਸਿੱਖਾਂ ਨੇ ਜਥੇਦਾਰਾਂ ਦੇ ਇਸ ਫੁਰਮਾਨ ਨੂੰ ਸਿਰ ਮੱਥੇ ਕਰਕੇ ਮੰਨਿਆ ਵੀ , ਕਿਉਂਕਿ ਡੇਰਾ ਮੁਖੀ ਵੱਲੋਂ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਨਾਲ ਮਿਲਦੀ ਪੋਸ਼ਾਕ ਅਤੇ ਅੰਮ੍ਰਿਤ ਦਾ ਬਾਟਾ ਤਿਆਰ ਕਰਨ ਦੀ ਨਕਲ ਤੇ ਜਾਮੇ ਇੰਸਾਂ ਪਿਲਾ ਕੇ ਸਿੱਖਾਂ ਦੇ ਜਜਬਾਤ ਭੜਕਾਏ ਸਨ । ਕੁਝ ਗਰਮ ਖਿਆਲੀ ਆਗੂਆਂ / ਜਥੇਬੰਦੀਆਂ ਨੇ ਇਸ ਮਾਮਲੇ ਨੂੰ ਕੈਸ਼ ਕਰਕੇ ਪੰਥ ਤੋਂ ਕੁਝ ਪ੍ਰਾਪਤੀਆਂ ਕਰਨੀਆਂ ਸਨ ਅਤੇ ਸਿੱਖ ਪੰਥ ਦੇ ਸਭ ਤੋਂ ਵੱਡੇ ਖੈਰ –ਖੁਆਹ ਬਣਨਾ ਸੀ ਇੱਕ ਵਾਰ ਅਕਾਲੀ ਸਰਕਾਰ ਦਾ ਸਿੰਘਾਸਨ ਵੀ ਡਗਮਗਾ ਗਿਆ ਸੀ , ਉਦੋਂ ਆਮ ਸਿੱਖ ਵੀ ਸਿੰਘ ਸਾਹਿਬਾਨ ਦੇ ਫੁਰਮਾਨ ਨੂੰ ਤੱਤੇਘਾਹ ਕਬੂਲ ਕਰ ਗਏ ਸਨ । ਇਸਦੇ ਨਤੀਜੇ ਵਜੋਂ ਸੁਨਾਮ ਵਿੱਚ ਹੁਕਮਨਾਮਾ ਜਾਰੀ ਹੋਣ ਵਾਲੇ ਦਿਨ ਹੀ ਪ੍ਰੇਮੀਆਂ ਨੇ ਸਿੱਧੇ ਟਕਰਾਉਣ ਵਾਲੇ ਭਾਈ ਕੰਵਲਜੀਤ ਸਿੰਘ ਦੀ ਮੌਤ ਹੋ ਗਈ ਅਤੇ ਗਰਮਦਲੀਆਂ ਨੇ ਉਸਨੂੰ ‘ਸ਼ਹੀਦ’ ਕਰਾਰ ਦੇ ਕੇ ਪਰਿਵਾਰ ਦਾ ਸਾਥ ਦੇਣ ਦੀ ਗੱਲ ਕੀਤੀ ਪਰ ਹੋਇਆ ਉਹੀ ਜੋ ਅਕਸਰ ਸ਼ਹੀਦ ਸਿੱਖਾਂ ਦੇ ਪਰਿਵਾਰਾਂ ਨਾਲ ਹੁੰਦਾ ਹੈ।

ਹੋਰ ਵੀ ਬਹੁਤ ਘਟਨਾਵਾਂ ਅਜਿਹੀਆਂ ਹਨ ਜਿੰਨ੍ਹਾਂ ਦਾ ਵਿਸਥਾਰ ਦੇਣ ਦੀ ਜਰੂਰਤ ਨਹੀਂ ਕਿਉਂਕਿ ਇਹ ਘਟਨਾਵਾਂ ਹਾਲੇ ਸਿੱਖਾਂ ਦੇ ਮਨ ਦੀ ਕੈਨਵਸ ਤੇ ਹੂਬਹੂ ਚਿੱਤਰੀਆਂ ਹੋਈਆਂ ਹਨ ਪਰ ਜੇਕਰ ਭੁੱਲੇ ਹਨ ਤਾਂ ਹੁਕਮਨਾਮਾ ਲਾਗੂ ਕਰਵਾਉਣ ਵਾਲੇ ਜਥੇਦਾਰ ਜਾਂ ਫਿਰ ਜਥੇਦਾਰਾਂ ਦੀਆਂ ਕੁਰਸੀਆਂ ਬਰਕਰਾਰ ਰੱਖਣ ਵਾਲੇ ਸਿਆਸਤਦਾਨ ।



ਕਾਂਗਰਸੀ ਆਗੂਆਂ ਨੇ ਹੁਕਮ ਨਾਮਾ ਜਾਰੀ ਹੋਣ ਮਗਰੋਂ ਵੀ ਡੇਰਾ ਮੁਖੀ ਨਾਲ ਸਾਂਝ ਸਥਾਪਤ ਰੱਖੀ ਹੋਈ ਸੀ ਪਰ ਦੂਜੀਆਂ ਧਿਰਾਂ ਵੀ ਪਰਦੇ ਦੇ ਪਿੱਛੇ ਡੇਰੇ ਦੇ ਸੰਪਰਕ ਵਿੱਚ ਸਨ ਇਸ ਗੱਲ ਵਿੱਚ ਕੋਈ ਦੋ ਰਾਵਾਂ ਨਹੀਂ ।

ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮਨਪ੍ਰੀਤ ਸਿੰਘ ਬਾਦਲ ਗਿੱਦੜਬਹਾ ਦੀ ਸੰਗਤ ਨਾਲ ਡੇਰਾ ਸਿਰਸਾ ਵਿੱਚ ਜਾ ਚੁੱਕੇ ਹਨ ਉਦੋਂ ਪੰਥ ਦੇ ਜਥੇਦਾਰਾਂ ਨੇ ‘ਇਲਾਹੀ ਹੁਕਮ’ ਮੰਨਦੇ ਹੋਏ ਮਨਪ੍ਰੀਤ ਖਿਲਾਫ਼ ਕਾਰਵਾਈ ਕਰ ਵੀ ਦੇਣੀ ਸੀ , ਪਰ ਬਿਆਨਬਾਜ਼ੀ ਕਰਨ ਮਗਰੋਂ ਜਥੇਦਾਰ ਜੀ ਚੁੱਪ ਸਾਧ ਗਏ । ਮਨਪ੍ਰੀਤ ਨੇ ਪਹਿਲਾਂ ਵੀ ਅੰਮ੍ਰਿਤ ਛੱਕ ਕੇ ‘ਪ੍ਰਤੱਖ’ ਤੌਰ ਤੇ ਭੰਗ ਕੀਤਾ ਹੋਇਆ ਹੈ ਇਸ ਕਰਕੇ ਉਸ ਖਿਲਾਫ਼ ਕਾਰਵਾਈ ਨਹੀਂ ਹੋਈ ਪਰ ਜੇਕਰ ਹੋ ਵੀ ਜਾਂਦੀ ਤਾਂ ਉਸਨੂੰ ਕੋਈ ਫਰਕ ਨਹੀਂ ਪੈਣਾ ਸੀ ਕਿਉਂਕਿ ਉਸਨੇ ਪੰਥ ਨੂੰ ਖਤਰਾ ਦੱਸਕੇ ਵੋਟਾਂ ਨਹੀਂ ਮੰਗਣੀਆਂ ਬਲਕਿ ਨਿਜ਼ਾਮ ਬਦਲਣ ਦੀ ਗੱਲ ਕਰਕੇ ਵੋਟ ਪ੍ਰਾਪਤ ਕਰਨ ਦਾ ਯਤਨ ਕਰਨੇ ਹਨ।

ਹੁਣ ਬੀਤੇ ਕੱਲ੍ਹ ਲਗਭਗ 100 ਉਮੀਦਵਾਰਾਂ ਦੇ ਡੇਰਾ ਸਿਰਸਾ ਦੇ ਮੁੱਖ ਕੋਲੋਂ ਅਸ਼ੀਰਵਾਦ ਲੈਣ ਅਤੇ ਪ੍ਰਵਚਨ ਸੁਣਨ ਦੀਆਂ ਖਬਰਾਂ ਸੁਰਖੀਆਂ ਵਿੱਚ ਹਨ । ਪਰ ਹੁਣ ਜਥੇਦਾਰਾਂ ਇਹਨਾਂ ਖਿਲਾਫ਼ ਕਾਰਵਾਈ ਨਹੀਂ ਕਰਨਗੇ ਕਿਉਂਕਿ ਕੋਈ ਪੰਥਕ ਆਗੂ ਆਪਣੀ ਕੁਰਸੀ ਨੂੰ ਠੋਕਰ ਮਾਰ ਕੇ ਆਪਣੇ ‘ਆਕਾ’ ਨੂੰ ਨਰਾਜ਼ ਨਹੀਂ ਕਰ ਸਕਦਾ ਜੇਕਰ ਕੱਲੇ ਅਕਾਲੀ ਦਲ ਬਾਦਲ ਨੂੰ ਛੱਡ ਕੇ ਹੋਰ ਪਾਰਟੀਆਂ ਦੇ ਉਮੀਦਵਾਰ ਡੇਰੇ ਗਏ ਹੁੰਦੇ ਤਾਂ ਹੋ ਸਕਦਾ ਸੀ ਰਾਤੋ ਰਾਤ ਮੀਟਿੰਗ ਬੁਲਾ ਕੇ ਚੋਣ ਪ੍ਰਚਾਰ ਤੱਕ ਤਾਂ ਪ੍ਰੋ: ਧੁੰਦਾ ਵਾਂਗੂੰ ਬਿਨਾ ਪੱਖ ਜਾਣੇ ਪਾਬੰਦੀ ਲਾ ਦਿੰਦੇ ਪਰ ਹੁਣ ਡੇਰੇ ਜਾਣ ਵਾਲਿਆਂ ਵਿੱਚ ਬਹੁਤ ਸਾਰੇ ਉਹ ਉਮੀਦਵਾਰ ਹਨ ਜਿੰਨ੍ਹਾਂ ਦੀ ਪਾਰਟੀ ਦੇ ਸਿਰ ਸਿੰਘ ਸਾਹਿਬਾਨ ਦੀ ਕੁਰਸੀਆਂ ਬਿਰਾਜਮਾਨ ਹਨ।

ਇਸ ਤੋਂ ਪਹਿਲਾਂ ਕਾਫੀ ਘਟਨਾਵਾਂ ਵਿੱਚ ਜਥੇਦਾਰਾਂ ਉਪਰ ਇਹ ਦੋਸ਼ ਲੱਗਦੇ ਰਹੇ ਹਨ ਕਿ ਬਾਦਲ ਦਲ ਜਥੇਦਾਰਾਂ ਨੂੰ ਆਪਣੇ ਰਸਤੇ ਵਿੱਚੋਂ ਰੋੜੇ ਸਾਫ ਕਰਨ ਲਈ ਵਰਤਦਾ। ਪਰ ਇਸ ਗੱਲ ਤੇ ਪੱਕੀ ਮੋਹਰ ਲੱਗ ਜਾਣੀ ਹੈ ਜੇ ਹੁਣ ਵੀ ਸਿੰਘ ਸਾਹਿਬਾਨ ਨੇ ਕੋਈ ਕਾਰਵਾਈ ਨਾ ਕੀਤੀ । ਹੋ ਤਾਂ ਇਹ ਵੀ ਸਕਦਾ ਹੈ ਪੰਥ ਪ੍ਰਸਤ ਸਿੱਖ ਜਥੇਦਾਰਾਂ ਨੂੰ ਹੀ ਤਿਲਾਂਜਲੀ ਦੇਣ । ਕਿਉਂਕਿ ਬਾਗੀ ਸੁਰਾਂ ਨਾਲ ਕਦੇ ਵੀ ਨਗਾਰੇ ਤੇ ਚੋਟ ਲੱਗ ਸਕਦੀ ਹੈ ।

ਪ੍ਰਵਾਸੀ ਪੰਜਾਬੀ , ਵਿਧਾਨ ਸਭਾ ਚੋਣਾਂ ਅਤੇ ਪੰਥਕ ਮਾਮਲੇ

ਸੁਖਨੈਬ ਸਿੰਘ ਸਿੱਧੂ

ਸਿਆਸੀ ਆਗੂਆਂ ਦੀਆਂ ਵਿਦੇਸ਼ ਫੇਰੀਆਂ, ਆਨਲਾਈਨ ਮੀਡੀਆ ਅਤੇ ਸੰਚਾਰ ਸਾਧਨਾਂ ਨੇ ਪ੍ਰਵਾਸੀ ਪੰਜਾਬੀਆਂ ਨੂੰ ਪੰਜਾਬ ਦੀ ਸਿਆਸਤ ਦੇ ਹੋਰ ਨੇੜੇ ਲੈ ਆਂਦਾ ਹੈ । ਹੁਣ ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਲੋਕ ਸਿਆਸੀ ਚੋਣ ਮੁਕਾਬਲਾ ਸਿਰਫ਼ ਦੇਖ ਹੀ ਨਹੀਂ ਰਹੇ ਬਲਕਿ ਬਹੁਤ ਸਾਰੀਆਂ ਸੀਟਾਂ ਆਪਣੇ ਅਸਰ ਰਸੂਖ ਅਤੇ ਪੈਸੇ ਦੇ ਸਿਰ ਤੇ ਜਿਤਵਾਉਣ ਦਾ ਦਮ ਵੀ ਰੱਖਦੇ ਹਨ ।

ਪਹਿਲਾਂ ਇਹ ਹੁੰਦਾ ਸੀ ਕਿ ਵਿਦੇਸ਼ ਜਾਣ ਵਾਲੇ ਸਿਆਸੀ ਆਗੂ ਆਪਣੀ ਜਾਣ ਪਛਾਣ ਜਾ ਠਹਿਰ ਸਥਾਪਤ ਕਰਨ ਲਈ ਕੁਝ ਵਿਅਕਤੀਆਂ ਨੂੰ ਪਾਰਟੀਆਂ ਦੇ ਐਨ ਆਰ ਆਈ ਵਿੰਗ ਦੀ ਚੌਧਰ ਬਖਸ਼ ਦੇਣੀ ਹੁੰਦੀ ਸੀ ਜਿਸ ਬਦਲੇ ਉਹਨਾਂ ਦੇ ਰਹਿਣ ਦੇ ਬੰਦੋਬਸ਼ਤ ਅਤੇ ਪਾਰਟੀ ਫੰਡ ਦੇ ਨਾਂਮ ਤੇ ਮੋਟਾ ਚੜਾਵਾ ਚੜ ਜਾਂਦਾ ਸੀ । ਇਸ ਤਰ੍ਹਾਂ ਦੇ ਸਿਰਫ਼ ਕੁਝ ਵਿਅਕਤੀ ਹੀ ਹੁੰਦੇ ਸਨ ਜਿੰਨ੍ਹਾਂ ਦੀ ਪੈਸੇ ਦੇ ਜ਼ੋਰ ਤੇ ਲੀਡਰਾਂ ਕੋਲ ਟੌਹਰ ਹੁੰਦੀ ਸੀ ਅਤੇ ਇੱਕ ਪ੍ਰਮੁੱਖ ਪੰਜਾਬੀ ਅਖਬਾਰ ਦੇ ਆਖਰੀ ਪੰਨੇ ਤੇ ਅਕਾਲੀ ਜਾਂ ਕਾਂਗਰਸ ਪਾਰਟੀ ਦੇ ਹੱਕ ਜਾਂ ਵਿਰੋਧ ਵਿੱਚ ਨਾਵਾਂ ਦੀ ਭਰਮਾਰ ਵਾਲੀਆਂ ਦੋ ਹਰਫੀਆਂ ਖਬਰਾਂ ਛਪਦੀਆਂ ਸਨ । ਇਹ ਖ਼ਬਰਾਂ ਹੁਣ ਵੀ ਛੱਪ ਰਹੀਆਂ ਹਨ ਅਤੇ ਇਹਨਾਂ ਨੂੰ ਸਿਰਫ਼ ਉਹੀ ਵਿਅਕਤੀ ਪੜਦੇ ਹਨ ਜਿੰਨ੍ਹਾਂ ਦੇ ਨਾਂਮ ਖ਼ਬਰ ਵਿੱਚ ਹੁੰਦੇ ਹਨ ।

ਪਰ ਹੁਣ ਹਾਲਤ ਕੁਝ ਬਦਲੇ ਹਨ ਜਦੋਂ ਤੋਂ ਮਨਪ੍ਰੀਤ ਸਿੰਘ ਬਾਦਲ ਨੇ ਪੀਪਲਜ ਪਾਰਟੀ ਆਫ ਪੰਜਾਬ ਦਾ ਗਠਨ ਕਰਕੇ ‘ ਨਮਾਜ਼ ’ ਬਦਲਣ ਦੀ ਮੁਹਿੰਮ ਚਲਾ ਕੇ ਨਾਰਥ ਅਮਰੀਕਾ ਦਾ ਦੌਰਾ ਕੀਤਾ ਹੈ। ਹੁਣ ਬਹੁਗਣਿਤੀ ਪ੍ਰਵਾਸੀ ਪੰਜਾਬੀ ਮਨਪ੍ਰੀਤ ਸਿੰਘ ਦੀ ਵਿਚਾਰਧਾਰਾ ਨਾਲ ਸਹਿਮਤ ਵੀ ਹਨ ਅਤੇ ਇਸਦੇ ਹੱਕ ਵਿੱਚ ਵੋਟ ਪਾਉਣ ਦੀ ਗੱਲ ਵੀ ਕਰਦੇ ਹਨ । ਪਰ ਜਦੋਂ ਮਨਪ੍ਰੀਤ ਦੀ ਪਾਰਟੀ ਵਿੱਚੋਂ ਕੁਝ ਆਗੂ ਹੋਰ ਪਾਸੀਂ ਜਾ ਰਲੇ ਹਨ ਤਾਂ ਪ੍ਰਵਾਸੀਆਂ ਨੇ ਕੁਝ ਹੱਦ ਤੱਕ ਸੋਚ ਵਿਚਾਰ ਕੀਤੀ ਹੈ। ਸਹਿਯੋਗ ਪੀਪੀਪੀ ਨੂੰ ਮਿਲ ਰਿਹਾ ਹੈ ਪਰ ਪਹਿਲਾਂ ਜਿੰਨ੍ਹਾਂ ਨਹੀਂ ।

ਚੰਗੇ ਅਤੇ ਮਾੜੇ ਉਮੀਦਵਾਰ ਸਾਰੀਆਂ ਪਾਰਟੀਆਂ ਵਿੱਚ ਹਨ । ਪਰ ਅਕਾਲੀ ਦਲ ਅਜਿਹੀ ਪਾਰਟੀ ਜਿਸ ਵਿੱਚੋਂ ਪੰਥਕ ਏਜੰਡਾ ਗਾਇਬ ਹੋ ਰਿਹਾ ਹੈ ਅਤੇ ਸ਼ਾਇਦ ਵਿਦੇਸ਼ਾਂ ਵਿੱਚ ਬੈਠੇ ਸਿੱਖ ਵੀ ਅਕਾਲੀ ਦਲ ਨੂੰ ਬਾਦਲ ਪਰਿਵਾਰ ਦਾ ‘ਕਮਾਈ ਵਾਲਾ ਕਾਰੋਬਾਰ’ ਸਮਝਦੇ ਹੋਏ ਇਸ ਤਖਤਾਂ ਪਲਟਾਉਣ ਲਈ ਕਿਸੇ ਹੋਰ ਪਾਰਟੀ ਦਾ ਸਾਥ ਦੇਣ ਲਈ ਉਤਾਵਲੇ ਨਜ਼ਰ ਆਉਂਦੇ ਹਨ ।

ਬੇਸ਼ੱਕ ਕੈਨੇਡਾ ਦਾ ਬ੍ਰਿਟਿਸ਼ ਕੰਲੋਬੀਆ ਦੇ ਇਲਾਕੇ ਵਿੱਚ ਮਨਪ੍ਰੀਤ ਸਿੰਘ ਇਆਲੀ ਦੇ ਹੱਕ ਵਿੱਚ ਆਵਾਜ਼ ਕਾਫੀ ਬੁਲੰਦ ਹੋ ਚੁੱਕੀ ਹੈ ਅਤੇ ਲੱਗਦਾ ਵੀ ਹੈ ਕਿ ਹਵਾ ਇਸ ਵਾਰ ਇਆਲੀ ਦੇ ਹੱਕ ਵਿੱਚ ਰਹੇਗੀ । ਪਰ ਉਹ ਅਕਾਲੀ ਦਲ ਕਰਕੇ ਨਹੀਂ ਮਨਪ੍ਰੀਤ ਇਆਲੀ ਦੀ ਸਾਦਗੀ ਅਤੇ ਮਿਲਵਰਤਣ ਕਾਰਨ ਹੈ।

ਹੁਣ ਵੱਡੀ ਗਿਣਤੀ ਵਿੱਚ ਪ੍ਰਵਾਸੀ ਕਾਂਗਰਸ ਦੀ ਹਮਾਇਤ ਵਿੱਚ ਪੰਜਾਬ ਪਹੁੰਚੇ ਹਨ ਉਹ ਕੇਂਦਰ ਸਰਕਾਰ ਕਰਕੇ ਨਹੀਂ ਆਏ ਬਲਕਿ ਕੈਪਟਨ ਅਮਰਿੰਦਰ ਸਿੰਘ ਦੇ ਪੰਜਾਬ ਦੇ ਹਿੱਤਾਂ ਪ੍ਰਤੀ ਦ੍ਰਿੜਤਾ ਨਾਲ ਲਏ ਸਟੈਂਡ ਕਾਰਨ ਆਏ ਹਨ । ਪਾਣੀਆਂ ਦੇ ਮਸਲੇ ਤੇ ਲਿਆ ਅਮਰਿੰਦਰ ਸਿੰਘ ਸਟੈਂਡ ਆਪਣੀ ਮਿਸਾਲ ਆਪ ਹੈ।

ਮਨਪ੍ਰੀਤ ਸਿੰਘ ਬਾਦਲ ਦੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਬਹੁਤ ਸਾਰੇ ਪ੍ਰਵਾਸੀ ਆਏ ਹਨ । ਉਸਦੇ ਏਜੰਡੇ ਨੂੰ ਪਸੰਦ ਤਾਂ ਸਾਰੇ ਕਰਦੇ ਹਨ ਪਰ ਦੋ ਸਾਨਾਂ ਦੇ ਭੇੜ ਵਿੱਚ ਮਨਪ੍ਰੀਤ ਦੀ ਪਾਰਟੀ ਦਾ ਕੀ ਵੱਟਿਆ ਜਾਣਾ ਇਹ 6 ਮਾਰਚ ਨੂੰ ਤਹਿ ਹੋਣਾ ਹੈ ਪਰ ਦੋਵੇ ਪ੍ਰਮੁੱਖ ਪਾਰਟੀਆਂ ਨੂੰ ਪੀਪੀਪੀ ਨੇ ਆਪਣੀ ਹੋਂਦ ਦਾ ਅਹਿਸਾਸ ਭਲੀ ਭਾਂਤ ਕਰਵਾ ਦਿੱਤਾ ਹੈ।

ਜੇਕਰ ਪੰਥਕ ਪੰਜਾਬ ਦੇ ਵੱਲ ਨਿਗਾਹ ਮਾਰੀਏ ਤਾਂ ਪੰਜਾਬ ਦੇ ਵਾਸੀਆਂ ਨੂੰ ਹੁਣ ਪੰਥ ਦੀ ਬਹੁਤੀ ਚਿੰਤਾ ਨਹੀਂ ਜਾਪਦੀ ਅਤੇ ਸਿਆਸੀ ਉਮੀਦਵਾਰਾਂ ਨੇ ਤਾਂ ਕਦੇ ਪੰਥ ਦੀ ਪ੍ਰਵਾਹ ਕੀਤੀ ਹੀ ਨਹੀਂ ਸੀ ।

ਡੇਰਾ ਸਿਰਸਾ ਨਾਲ ਸਬੰਧਤ ਸ਼ਰਧਾਲੂਆਂ ਦੀਆਂ ਵੋਟਾਂ ਆਪਣੇ ਹੱਕ ਵਿੱਚ ਭੁਗਤਾਉਣ ਲਈ ਸਾਰੀਆਂ ਪਾਰਟੀਆਂ ਦੇ 100 ਤੋਂ ਵੱਧ ਉਮੀਦਵਾਰ ਡੇਰਾ ਸਿਰਸਾ ਵਿੱਚ ਹਾਜ਼ਰੀ ਭਰ ਚੁੱਕੇ ਹਨ । ਹੁਕਮਨਾਮਾ ਜਾਰੀ ਹੋਣ ਤੇ ਬਾਵਜੂਦ ਕਿਸੇ ਨੇ ਇਹਨਾਂ ਉਮੀਦਵਾਰਾਂ ਨੂੰ ਸਵਾਲ ਤੱਕ ਨਹੀਂ ਕੀਤਾ ।

ਪਰ ਸਾਡੇ ਜਥੇਦਾਰ ਸਾਹਿਬ ਦੱਬੀ ਆਵਾਜ਼ ਵਿੱਚ ਹਾਲੇ ਇਹਨਾਂ ਉਮੀਦਵਾਰਾਂ ਦੇ ਖਿਲਾਫ਼ ਹੁਕਮਨਾਮੇ ਦੀ ਉਲੰਘਣਾ ਦੀ ਰਸਮੀ ਸਿ਼ਕਾਇਤ ਉਡੀਕ ਰਹੇ ਹਨ । ਹੋ ਸਕਦਾ ਹੈ ਇਹ ਸਿ਼ਕਾਇਤ ਆਉਣ ਵਾਲੇ ਦਿਨਾਂ ਵਿੱਚ ਮਿਲ ਜਾਵੇ ਪਰ ਉਮੀਦਵਾਰਾਂ ਖਿਲਾਫ਼ ਜੇ ਕੋਈ ਕਾਰਵਾਈ ਹੋਈ ਵੀ ਤਾਂ ਉਹ ਫਰਵਰੀ ਵਿੱਚ ਹੀ ਹੋਵੇਗੀ ਉਦੋਂ ਤੱਕ ਚੋਣਾਂ ਪੈ ਚੁੱਕੀਆਂ ਹੋਣੀਆਂ ।

ਉਪਰੋਕਤ ਕਥਨ ਤੋਂ ਇਹ ਅੰਦਾਜ਼ਾ ਲਾਉਣ ਔਖਾ ਨਹੀਂ ਕਿ ਪੰਜਾਬ ਦੇ ਸਿੱਖ ਮਾਮਲੇ ਕਿਸ ਤਰ੍ਹਾਂ ਪ੍ਰਭਾਵਿਤ ਹੋਣਗੇ ਕਿਉਂਕਿ ਜੇ ਅਕਾਲੀ ਦਲ ਸੱਤਾ ਵਿੱਚ ਆ ਗਿਆ (ਭਾਵੇਂ ਬਹੁਤ ਆਸਾਰ ਨਹੀਂ ) ਫਿਰ ਉਹ ਪਹਿਲਾਂ ਵਾਂਗੂੰ ‘ਸਿੱਖਾਂ ਦਾ ਆਪੇ ਬਣਿਆ ਸਰਪੰਚ’ ਸਥਾਪਿਤ ਹੋਵੇਗਾ । ਜੇਕਰ ਕਾਂਗਰਸ ਸੱਤਾ ਵਿੱਚ ਆਈ ਤਾਂ ਅਕਾਲੀ ਦਲ ਕੋਲ ਹੁਕਮਨਾਮੇ ਦੀ ਉਲੰਘਣਾ ਵਾਲਾ ਫੰਡਾ ਪੰਜ ਸਾਲ ਕਾਂਗਰਸ ਵਿਰੋਧ ਕਰਨ ਲਈ ਕਾਰਗਰ ਹਥਿਆਰ ਹੋਵੇਗਾ ਅਤੇ ਬਾਦਲ ਵਿਰੋਧੀ ਅਕਾਲੀ ਦਲ ਦੀ ਲਾਬੀ ਜਿਸ ਵਿੱਚ ਪਰਮਜੀਤ ਸਿੰਘ ਸਰਨਾ ਵਰਗੇ ਸੱਚੇ ਸਿੱਖ ਹੋਣ ਦਾ ਦਾਅਵੇ ਕਰਕੇ ਸ਼ਰੋਮਣੀ ਕਮੇਟੀ ਵੱਲ ਆਪਣੀ ਪਹੁੰਚ ਵਧਾਉਣ ਦਾ ਯਤਨ ਕਰਨਗੇ ।

ਮਨਪ੍ਰੀਤ ਸਿੰਘ ਅਤੇ ਪਾਰਟੀ ਵਿੱਚ ਪਹਿਲਾਂ ਹੀ ਕਾਮਰੇਡ ਅਤੇ ਅਜਿਹੀ ਵਿਚਾਰਧਾਰਾ ਵਾਲੇ ਲੋਕ ਹਨ ਜਿਹੜੇ ਪੰਥ ਏਜੰਡੇ ਤੋਂ ਪਹਿਲਾਂ ਵੀ ਪਾਸੇ ਰਹਿ ਕੇ ਸਿਆਸਤ ਕਰ ਰਹੇ ਹਨ ।

ਹੁਣ ਸਵਾਲ ਪੰਜਾਬ ਦੇ ਆਰਥਿਕ , ਸਿਆਸੀ ਅਤੇ ਧਾਰਮਿਕ ਭਵਿੱਖ ਨਾਲ ਜੁੜਿਆ ਹੋਇਆ ਨਜ਼ਰ ਆ ਰਿਹਾ ਹੈ।

ਡੇਰਾ ਮੁਖੀ ਦੋਚਿੱਤੀ ਵਿੱਚ : ਵੱਡੀ ਗਿਣਤੀ ਪ੍ਰਬੰਧਕ ਬਾਗੀ ਹੋਣ ਲੱਗੇ !

ਸੁਖਨੈਬ ਸਿੰਘ ਸਿੱਧੂ

ਡੇਰਾ ਸਿਰਸਾ ਦਾ ਵੋਟ ਬੈਂਕ ਸਿੱਧੇ ਤੌਰ ਤੇ ਮਾਲਵੇ ਦੀ ਸਿਆਸਤ ਨੂੰ ਪ੍ਰਭਾਵਿਤ ਕਰਦਾ ਹੈ। ਬੀਤੀਆਂ ਵਿਧਾਨ ਸਭਾ ਵਿੱਚ ਡੇਰਾ ਪ੍ਰੇਮੀਆਂ ਦੇ ਵੋਟ ਬੈਂਕ ਨੇ ਇੱਥੋਂ ਅਕਾਲੀ ਦਲ ਦਾ ਬੋਰੀਆਂ ਬਿਸਤਰਾ ਗੋਲ ਕਰਕੇ ਕਾਂਗਰਸ ਦਾ ਹੱਥ ਫੜ ਲਿਆ ਸੀ । ਉਦੋਂ ਤੋ ਅਕਾਲੀ ਦਲ ਇਸਨੂੰ ਆਪਣੀ ਤੱਕੜੀ ਵਿੱਚ ਤੋਲਣ ਲਈ ਤਤਪਰ ਰਿਹਾ ਹੈ।

ਡੇਰਾ – ਸਿੱਖ ਵਿਵਾਦ ਵਿੱਚ ਅਕਾਲੀ ਦਲ ਨੇ ਪਹਿਲਾਂ ਪ੍ਰੇਮੀਆਂ ਨਾਲੋਂ ਨਾਤਾ ਤੋੜਣ ਦਾ ਸੰਕੇਤ ਦੇ ਕੇ ਹੁਕਮਨਾਮਾ ਜਾਰੀ ਕਰਵਾਇਆ ਅਤੇ ਫਿਰ ਉਲਟਾ ਪ੍ਰੇਮੀਆਂ ਦੇ ਧਾਰਮਿਕ ਦੀਵਾਨਾਂ ਲਈ ਸੁਰੱਖਿਆ ਮੁਹੱਈਆ ਵੀ ਇਸੇ ਸਰਕਾਰ ਨੇ ਕਰਾਈ । ਜਿਸ ਕਾਰਨ ਸਿੱਖ ਵੋਟ ਬੈਂਕ ਦਾ ਅਕਾਲੀ ਦਲ ਨਾਲ ਨਾਰਾਜ਼ ਹੋਣ ਸੁਭਾਵਿਕ ਸੀ । ਦੂਜੇ ਪਾਸੇ ਡੇਰਾ ਪ੍ਰੇਮੀ ਵੀ ਪੰਜਾਬ ਵਿੱਚ ਹੋਈ ਦੁਰਦਸ਼ਾ ਕਾਰਨ ਅਕਾਲੀ ਦਲ ਦੇ ਕੱਟੜ ਵਿਰੋਧੀ ਬਣੇ ਭਾਵੇ ਕੁਝ ਸਿਆਸੀ ਤਾਲਮੇਲ ਨਾਲ ਸ਼ਰੋਮਣੀ ਅਕਾਲੀ ਦਲ ਦੇ ਆਗੂ ਡੇਰੇ ਦੇ ਰਾਜਸੀ ਵਿੰਗ ਦੇ ਨੇੜੇ ਆ ਗਏ ਪਰ ਦਿਲਾਂ ਵਿੱਚ ਫਾਸਲੇ ਖਤਮ ਨਹੀਂ ਹੋਏ।

ਕਾਂਗਰਸ ਨਾਲ ਪ੍ਰੇਮੀ ਇਸ ਕਰਕੇ ਨਾਰਾਜ਼ ਹਨ ਕਿ ਪਹਿਲਾਂ ਕਾਂਗਰਸ ਦੀ ਹਮਾਇਤ ਕੀਤੇ ਜਾਣ ਤੋਂ ਬਾਅਦ ਵੀ ਕਾਂਗਰਸ ਨੇ ਦੁੱਖ ਦੀ ਘੜੀ ਵਿੱਚ ਸਾਥ ਦੇਣ ਦੀ ਥਾਂ ਦੇ ਬਿਆਨਬਾਜ਼ੀ ਕਰਕੇ ਵੀ ਬੁੱਤਾ ਸਾਰ ਦਿੱਤਾ ।

ਹੁਣ ਚੋਣਾਂ ਹੋਣ ਕਰਕੇ ਪੀਪਲਜ਼ ਪਾਰਟੀ ਸਮੇਤ ਸਰਗਰਮ ਸਾਰੀਆਂ ਧਿਰਾਂ ਦੇ ਉਮੀਦਵਾਰ ਡੇਰਾ ਮੁਖੀ ਕੋਲੇ ਆਪਣੇ ਹੱਕ ਵਿੱਚ ਹਮਾਇਤ ਲੈਣ ਲਈ ਕੋਸਿ਼ਸ਼ ਕਰ ਚੁੱਕੇ ਹਨ ਪਰ ਹਾਲੇ ਤੱਕ ਡੇਰੇ ਸਿਰਸਾ ਵੱਲੋਂ ਕਿਸੇ ਇੱਕ ਪਾਰਟੀ ਨੂੰ ਹਮਾਇਤ ਦਿੱਤੇ ਜਾਣ ਦੀ ਕੋਈ ਖ਼ਬਰ ਸਾਹਮਣੇ ਨਹੀਂ ਆਈ ।

ਦੂਜੇ ਪਾਸੇ ਸੂਤਰ ਦੱਸਦੇ ਹਨ ਕਿ ਬਲਾਤਕਾਰ ਅਤੇ ਕਤਲ ਦੇ ਸੰਗੀਨ ਕੇਸਾਂ ਵਿੱਚ ਉਲਝੇ ਡੇਰਾ ਮੁਖੀ ਨੂੰ ਆਪਣਾ ਡਰ ਸਤਾਉਣ ਲੱਗਾ ਹੈ ਕਿਉਂਕਿ ਸੀਬੀਆਈ ਦੀ ਰਿਪੋਰਟ ਜਿ਼ਆਦਾ ਹੱਦ ਤੱਕ ਡੇਰਾ ਮੁਖੀ ਦੇ ਖਿਲਾਫ਼ ਭੁਗਤਦੀ ਹੈ।

ਪੁਖਤਾ ਸੂਤਰ ਇਹ ਵੀ ਦੱਸਦੇ ਹਨ ਕਿ ਡੇਰੇ ਦੀ ਪ੍ਰਬੰਧਕੀ ਕਮੇਟੀ ਵਿੱਚ ਪੈਸੇ ਅਤੇ ਚੌਧਰ ਦੀ ਭੁੱਖ ਕਾਰਨ ਕਾਫੀ ਆਪਾਧਾਪੀ ਪਈ ਹੋਈ ਹੈ ਜਿਸ ਕਰਕੇ ਵੱਡੀ ਗਿਣਤੀ ਵਿਅਕਤੀ ਡੇਰਾ ਮੁਖੀ ਖਿਲਾਫ਼ ਜਾਂਚ ਏਜੰਸੀ ਨੂੰ ਗਵਾਹੀ ਦੇਣ ਲਈ ਤਿਆਰ ਹਨ ਜੋ ਕਿ ਆਉਣ ਵਾਲੇ ਦਿਨਾਂ ਵਿੱਚ ਸਥਿਤੀ ਸਪੱਸ਼ਟ ਹੋ ਜਾਵੇਗੀ ।

ਸੂਤਰਾਂ ਮੁਤਾਬਿਕ ਮੈਨੇਜਮੈਂਟ ਵਿਚਲੇ ਬਹੁਤੇ ਵਿਅਕਤੀ ਉੱਥੇ ਡੇਰਾ ਮੁਖੀ ਤੋਂ ਬਾਅਦ ਕਾਬਜ਼ ਵਿਅਕਤੀਆਂ ਦੇ ਵਤੀਰੇ ਤੋਂ ਪ੍ਰੇਸ਼ਾਨ ਇਹ ਕਦਮ ਚੁੱਕ ਰਹੇ ਹਨ । ਇਸ ਕਰਕੇ ਡੇਰਾ ਮੁਖੀ ਦਾ ਧਿਆਨ ਕਿਸੇ ਰਾਜਨੀਤਕ ਪਾਰਟੀ ਦੀ ਹਮਾਇਤ ਕਰਨ ਤੋਂ ਪਹਿਲਾਂ ਆਪਣੇ ਅੰਦਰੂਨੀ ਕਲੇਸ਼ ਨੂੰ ਨਿਬੇੜਣ ਵਿੱਚ ਵੰਡਿਆ ਹੋਇਆ ਹੈ।

ਭਾਂਵੇ ਖ਼ਬਰ ਤਾਂ ਇਹ ਵੀ ਹੈ ਕਿ 27 ਜਨਵਰੀ ਦੀ ਸ਼ਾਮ ਤੱਕ ਡੇਰੇ ਦੇ ਸਿਆਸੀ ਵਿੰਗ ਵੱਲੋਂ ਡੇਰਾ ਮੁਖੀ ਨਾਲ ਮੀਟਿੰਗ ਕਰਕੇ ਹਮਾਇਤ ਫੈਸਲਾ ਲਿਆ ਜਾਣਾ ਹੈ । ਕਿਹਾ ਇਹ ਵੀ ਜਾ ਰਿਹਾ ਹੈ ਕਿ ਇਸ ਵਾਰ ਡੇਰਾ ਸਿਰਸਾ ਸਾਫ ਸੁਥਰੇ ਅਕਸ ਵਾਲੇ ਉਮੀਦਵਾਰਾਂ ਦਾ ਸਾਥ ਦੇਵੇਗਾ ਜਿਸਦਾ ਸਿੱਧਾ ਫਾਇਦਾ ਮਨਪ੍ਰੀਤ ਸਿੰਘ ਬਾਦਲ ਦੀ ਪੀਪੀਪੀ ਪਾਰਟੀ ਨੂੰ ਹੋਣਾ ਯਕੀਨੀ ਹੈ। ਬਾਕੀ ਸਥਿਤੀ ਕੱਲ੍ਹ ਤੱਕ ਸਾਫ ਹੋ ਜਾਵੇਗੀ ।

ਪੱਤਰਕਾਰ `ਡੂਮ` ਪੱਤਰਕਾਰੀ ਤੋਂ ਵਿਹਲੇ ਹੋਏ

ਸੁਖਨੈਬ ਸਿੰਘ ਸਿੱਧੂ
ਕਾਰਪੋਰੇਟ ਘਰਾਣਿਆਂ ਵੱਲੋਂ ਪੈਦਾ ਰਵਾਇਤ ਨਾਲ ਪੱਤਰਕਾਰੀ ਅਤੇ ਪੱਤਰਕਾਰਾਂ ਨੂੰ ਵੀ ਹੁਣ ਸਿਰਫ਼ ਆਪਣੇ ਸਵਾਰਥਾਂ ਦੀ ਪੂਰਤੀ ਲਈ ਵਰਤਿਆ ਜਾ ਰਿਹਾ ਹੈ ।
ਇਸਦਾ ਜਲਵਾ ਵਿਧਾਨ ਸਭਾ ਚੋਣਾਂ ਵਿੱਚ ਹੋਰ ਉਭਰ ਕੇ ਸਾਹਮਣੇ ਆਇਆ । ਪੱਖਪਾਤੀ ਚੋਣ ਵਿਸ਼ਲੇਸ਼ਣ , ਚੋਣ ਸਰਵੇ ਅਤੇ ਰਿਪੋਰਟਿੰਗ
ਹੋਰ ਤਾਂ ਹੋਰ ਕੁਝ ਅਖਬਾਰਾਂ ਵੱਲੋਂ ਉਮੀਦਵਾਰਾਂ ਦੇ ਸਿਆਸੀ ਸੋਹਲੇ ਗਾਉਣ ਦੀਆਂ ਬਕਾਇਦਾ ਹਦਾਇਤਾਂ ਸਨ। ਇਲੈੱਕਟਰੋਨਿਕ ਮੀਡੀਆ ਨੇ ਜੋ ਕੁਝ ਕੀਤਾ ਸਭ ਨੇ ਅੱਖੀ ਵੇਖਿਆ ਹੈ। ਇੱਕ ਅਖਬਾਰ ਨੇ ਉਮੀਦਵਾਰਾਂ ਦੀ ਜਿੱਡੀ ਖ਼ਬਰ ਲਵਾਉਣੀ ਹੈ ਉਨ੍ਹੇ ਹੀ ਪੈਸਿਆਂ ਦਾ ਇਸ਼ਤਿਹਾਰ ਲੈ ਕੇ ਆਪਣੀ ਮੁਹਿੰਮ ਚਲਾਈ ਸੀ ।
ਇਹਨਾਂ ਦੋ ਦਿਨਾਂ ਵਿੱਚ ਜੋ ਕਵਰੇਜ਼ ਹੋਈ ਹੈ ਉਹ ਫਰਜ਼ਾਂ ਨੂੰ ਪਾਸੇ ਰੱਖ ਕੇ ਸਵਾਰਥਾਂ ਦੇ ਨੇੜੇ ਰਹਿ ਕੇ ਕੀਤੀ ਗਈ ਪ੍ਰਤੀਤ ਹੁੰਦੀ ਹੈ। ਇੱਕ ਵੱਡੇ ਅਖਬਾਰਾਂ ਨੇ ਉਮੀਦਵਾਰਾਂ ਦੇ ਇਸ਼ਤਿਹਾਰ ਉਦੋ ਪ੍ਰਕਾਸ਼ਿਤ ਕੀਤੇ ਜਦੋਂ ਚੋਣ ਕਮਿਸ਼ਨ ਨੇ ਪ੍ਰਚਾਰ ਕਰਨ ਦੇ ਪਾਬੰਦੀ ਲਾਈ ਹੁੰਦੀ ਹੈ। ਬੇਸ਼ੱਕ ਚੋਣ ਕਮਿਸ਼ਨ ਨੇ ਨੋਟਿਸ ਵੀ ਜਾਰੀ ਕੀਤੇ ਹਨ ਪਰ ਇਹਨਾਂ ਨੋਟਿਸਾਂ ਦੀ ਕਿਸੇ ਨੂੰ ਕਿੰਨੀ ਕੁ ਪ੍ਰਵਾਹ ਹੈ । ਜੇਕਰ ਆਪਣਾ ਕੁਝ ਵਿਗੜਨ ਦਾ ਖਤਰਾ ਹੁੰਦਾ ਤਾਂ ਮੀਡੀਆ ਅਜਿਹਾ ਕਰਦਾ ਹੀ ਕਿਉਂ ?
ਇੱਕ ਸੀਨੀਅਰ ਪੱਤਰਕਾਰ ਨੇ 29 ਜਨਵਰੀ ਦੀ ਸ਼ਾਮ ਨੂੰ ਚੋਣ ਸਰਗਰਮੀਆਂ ਸਬੰਧੀ ਆਖਰੀ ਭੇਜਦੇ ਹੋਏ ਕਿਹਾ ਕਿ ਸੁੱਕਰ ਹੈ ' ਡੂਮ ਪੱਤਰਕਾਰੀ ਤੋਂ ਖਹਿੜਾ ਛੂਟਿਆ ।" ਮੈਂ ਪੀਲੀ ਪੱਤਰਕਾਰੀ ਤੱਕ ਤਾਂ ਸੁਣਿਆ ਸੀ ਪਰ ਡੂਮ ਪੱਤਰਕਾਰੀ ਬਾਰੇ ਸੁਣਕੇ ਕੰਨ ਖੜੇ ਹੋ ਗਏ ਅਤੇ ਮੱਥਾ ਠਣਕਿਆ ।
ਪੱਤਰਕਾਰ ਮਿੱਤਰ ਡੂਮ ਪੱਤਰਕਾਰੀ ਬਾਰੇ ਬੋਲਦਾ ਹੋਇਆ ਦੱਸਦਾ ਹੈ ਕਿ ਕਿਸੇ ਦੇ ਸੋਹਲੇ ਗਾਉਣ ਤੋਂ ਛੁਟਕਾਰਾ ਹੋਇਆ । ਇੱਕ ਮਹੀਨਾ ਮਿਰਾਸੀਆਂ ਵਾਂਗੂੰ ਬਿਨਾ ਗੱਲੋਂ ਸੋਹਲੇ ਗਾਉਂਦੇ ਰਹੇ ।
ਅਖਬਾਰਾਂ ਵੱਲੋਂ ਬਕਾਇਦਾ ਹਦਾਇਤਾਂ ਸਨ ਕਿ ਕਿਸੇ ਉਮੀਦਵਾਰ ਦੇ ਖਿਲਾਫ਼ ਕੋਈ ਖ਼ਬਰ ਨਹੀਂ ਲਾਉਣੀ ਆਪਣੀ ਸੋਚ ਨੂੰ ਉਮੀਦਵਾਰਾਂ ਦੀ ਖੂਬੀਆਂ ਦੇ ਕੇਂਦਰਿਤ ਰੱਖਣਾ । ਪਤਾ ਤਾਂ ਇਹ ਵੀ ਲੱਗਿਆ ਕਿ ਜ਼ਿਲ੍ਹਾ ਹੈੱਡਕੁਆਟਰਾਂ ਦੇ ਬੈਠੇ ਪੱਤਰਕਾਰਾਂ ਨੇ ਅਦਾਰਿਆਂ ਦੇ ਨਾਵਾਂ ਤੇ ਮੋਟੀ ਕਮਾਈ ਜਾ ਮਿਹਨਤਾਨਾ ਲੈਂਦੇ ਰਹੇ । ਇਹ ਮਿਹਨਤਾਨਾ ਇੱਕ ਲੱਖ ਰੁਪਏ ਸੁਰੂ ਹੋ ਕੇ 10 ਲੱਖ ਤੱਕ ਜਾਂਦਾ ਰਿਹਾ । ਇਹ ਕਿਸਮ ਦੇ ਪੱਤਰਕਾਰ ਸੱਜਣਾਂ ਦੀ ਆਪਣਾ ਤਰਕ ਸੀ ਕਿ ਚੋਣ ਕਮਿਸ਼ਨ ਦੀ ਸਖਤੀ ਕਾਰਨ ਇਸ਼ਤਿਹਾਰ ਤਾਂ ਥੋੜੇ ਮਿਲੇ ਇਸ ਕਰਕੇ ਸਾਡਾ ਕਮਿਸ਼ਨ ਵੀ ਜਾਂਦਾ ਰਿਹਾ ।
ਇਲੈਕਟਰੋਨਿਕ ਮੀਡੀਆ ਵਿੱਚ ਇੱਕ ਚੈਨਲ ਤੇ ਖ਼ਬਰ ਹਮੇਸਾ ਹੀ ਇਹ ਆਉਂਦੀ ਹੈ । " ਬਾਦਲ ਬਾਦਲ ਬਾਦਲ , ਛੋਟਾ ਬਾਦਲ ਵੱਡਾ ਬਾਦਲ ਆਦਿ । ਜਾਂ ਫਿਰ ਇਹ ਮਨਪ੍ਰੀਤ ਸਿੰਘ ਬਾਦਲ ਨੂੰ ਨਿਸ਼ਾਨਾ ਬਣਾਉਣਾ ਹੁੰਦਾ ਹੈ।
ਪਰ ਜਦੋਂ ਬਾਕੀ ਕੁਝ ਚੈਨਲਾਂ ਨੇ ਸੱਤਾਧਾਰੀਆਂ ਦੀਆਂ ਜ਼ਿਆਦਤੀਆਂ ਬੇਨਕਾਬ ਕੀਤੀਆਂ ਤਾਂ ਸੁਖਬੀਰ ਸਿੰਘ ਬਾਦਲ ਨੂੰ ਉਹ ਚੈਨਲ ਅਤੇ ਅਖਬਾਰ ਕਾਂਗਰਸ ਨਾਲ ਮਿਲੇ ਪ੍ਰਤੀਤ ਹੋਏ ਅਤੇ ਚੋਣ ਕਮਿਸ਼ਨ ਕੋਲ ਸ਼ਿਕਾਇਤ ਕਰ ਦਿੱਤੀ । ਪਰ ਪੀਟੀਸੀ ਚੈਨਲ ਦੀ ਕਿੰਨੇ ਹੀ ਲੋਕਾਂ ਵੱਲੋਂ ਕੀਤੀ ਸ਼ਿਕਾਇਤ ਤੇ ਜਾਰੀ ਹੋਏ ਨੋਟਿਸ ਨੇ ਪੀਟੀਸੀ ਦਾ ਕੀ ਕਰ ਲਿਆ ।
ਕੁਝ ਅਖਬਾਰਾਂ ਅਤੇ ਟੀ ਵੀ ਚੈਨਲਾਂ ਨੇ ਵਧੀਆ ਕੰਮ ਵੀ ਕੀਤਾ ਅਤੇ ਲੋਕ ਮਸਲੇ ਲੋਕਾਂ ਦੇ ਯਾਦ ਕਰਾਏ ।
ਕੁਝ ਟੀ ਵੀ ਚੈਨਲਾਂ ਨੇ ਨਿਰਪੱਖ ਚੋਣ ਸਰਵੇਖਣ ਵੀ ਕੀਤੇ । ਪਰ ਨਾਲ ਦੀ ਨਾਲ ਦੋਵਾਂ ਪਾਰਟੀਆਂ ਨੇ ਸਾਰੇ ਪ੍ਰਮੁੱਖ ਚੈਨਲਾਂ ਅਤੇ ਅਖਬਾਰਾਂ ਤੋਂ ਸੱਚਾਈ ਤੋਂ ਕੋਹਾਂ ਦੂਰ ਕੁਝ ਸਰਵੇ ਨਸ਼ਰ ਕਰਕੇ ਵੋਟਰਾਂ ਨੂੰ ਗੁੰਮਰਾਹ ਦੇ ਯਤਨ ਕੀਤੇ ।
ਚੋਣਾਂ ਤੋਂ ਦੋ ਦਿਨ ਪਹਿਲਾਂ ਤੱਕ ਚੋਣ ਕਮਿਸ਼ਨ ਦਾ ਡੰਡਾ ਕਾਫੀ ਸਖਤੀ ਨਾਲ ਚੱਲਿਆ ਅਤੇ ਅਖਰੀਲੇ ਦਿਨਾਂ ਵਿੱਚ ਉਮੀਦਵਾਰਾਂ ਨੇ ਫਿਰ ਸਿੱਧ ਕਰ ਦਿੱਤਾ ਕਿ ' ਹਮ ਨਹੀਂ ਸੁਧਰੇਗੇ ।' ਜਿਸਦੀ ਜਿੰਨੀ ਵਾਹ ਲੱਗੀ ਉਹਨੀ ਹੀ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਹੈ।
ਲਗਾਤਾਰ ਸਾਸਨ ਕਰ ਰਹੀਆਂ ਦੋਵਾਂ ਪਾਰਟੀਆਂ ਵੱਲੋਂ ਪੰਜਾਬ ਵਿੱਚ ਅਮਨ ਕਾਨੂੰਨ ਨੂੰ ਸਥਿਤੀ ਨਾ ਬਣਾ ਕੇ ਰੱਖੇ ਜਾਣ ਖਿਲਾਫ਼ ਚੋਣ ਕਮਿਸ਼ਨ ਦੀ ਸਲਾਹੁਣਯੋਗ ਸ਼ਖਤੀ ਨੇ ਹਰੇਕ ਪੰਜਾਬੀ ਦੇ ਮੂੰਹੋਂ ਇਹ ਕਢਵਾ ਦਿੱਤਾ ਕਿ ਚੋਣ ਜ਼ਾਬਤਾ ਲੱਗਿਆ ਹੀ ਰਹੇ ।