ਸੁਖਨੈਬ ਸਿੰਘ ਸਿੱਧੂ
ਸਿਆਸੀ ਆਗੂਆਂ ਦੀਆਂ ਵਿਦੇਸ਼ ਫੇਰੀਆਂ, ਆਨਲਾਈਨ ਮੀਡੀਆ ਅਤੇ ਸੰਚਾਰ ਸਾਧਨਾਂ ਨੇ ਪ੍ਰਵਾਸੀ ਪੰਜਾਬੀਆਂ ਨੂੰ ਪੰਜਾਬ ਦੀ ਸਿਆਸਤ ਦੇ ਹੋਰ ਨੇੜੇ ਲੈ ਆਂਦਾ ਹੈ । ਹੁਣ ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਲੋਕ ਸਿਆਸੀ ਚੋਣ ਮੁਕਾਬਲਾ ਸਿਰਫ਼ ਦੇਖ ਹੀ ਨਹੀਂ ਰਹੇ ਬਲਕਿ ਬਹੁਤ ਸਾਰੀਆਂ ਸੀਟਾਂ ਆਪਣੇ ਅਸਰ ਰਸੂਖ ਅਤੇ ਪੈਸੇ ਦੇ ਸਿਰ ਤੇ ਜਿਤਵਾਉਣ ਦਾ ਦਮ ਵੀ ਰੱਖਦੇ ਹਨ ।
ਪਹਿਲਾਂ ਇਹ ਹੁੰਦਾ ਸੀ ਕਿ ਵਿਦੇਸ਼ ਜਾਣ ਵਾਲੇ ਸਿਆਸੀ ਆਗੂ ਆਪਣੀ ਜਾਣ ਪਛਾਣ ਜਾ ਠਹਿਰ ਸਥਾਪਤ ਕਰਨ ਲਈ ਕੁਝ ਵਿਅਕਤੀਆਂ ਨੂੰ ਪਾਰਟੀਆਂ ਦੇ ਐਨ ਆਰ ਆਈ ਵਿੰਗ ਦੀ ਚੌਧਰ ਬਖਸ਼ ਦੇਣੀ ਹੁੰਦੀ ਸੀ ਜਿਸ ਬਦਲੇ ਉਹਨਾਂ ਦੇ ਰਹਿਣ ਦੇ ਬੰਦੋਬਸ਼ਤ ਅਤੇ ਪਾਰਟੀ ਫੰਡ ਦੇ ਨਾਂਮ ਤੇ ਮੋਟਾ ਚੜਾਵਾ ਚੜ ਜਾਂਦਾ ਸੀ । ਇਸ ਤਰ੍ਹਾਂ ਦੇ ਸਿਰਫ਼ ਕੁਝ ਵਿਅਕਤੀ ਹੀ ਹੁੰਦੇ ਸਨ ਜਿੰਨ੍ਹਾਂ ਦੀ ਪੈਸੇ ਦੇ ਜ਼ੋਰ ਤੇ ਲੀਡਰਾਂ ਕੋਲ ਟੌਹਰ ਹੁੰਦੀ ਸੀ ਅਤੇ ਇੱਕ ਪ੍ਰਮੁੱਖ ਪੰਜਾਬੀ ਅਖਬਾਰ ਦੇ ਆਖਰੀ ਪੰਨੇ ਤੇ ਅਕਾਲੀ ਜਾਂ ਕਾਂਗਰਸ ਪਾਰਟੀ ਦੇ ਹੱਕ ਜਾਂ ਵਿਰੋਧ ਵਿੱਚ ਨਾਵਾਂ ਦੀ ਭਰਮਾਰ ਵਾਲੀਆਂ ਦੋ ਹਰਫੀਆਂ ਖਬਰਾਂ ਛਪਦੀਆਂ ਸਨ । ਇਹ ਖ਼ਬਰਾਂ ਹੁਣ ਵੀ ਛੱਪ ਰਹੀਆਂ ਹਨ ਅਤੇ ਇਹਨਾਂ ਨੂੰ ਸਿਰਫ਼ ਉਹੀ ਵਿਅਕਤੀ ਪੜਦੇ ਹਨ ਜਿੰਨ੍ਹਾਂ ਦੇ ਨਾਂਮ ਖ਼ਬਰ ਵਿੱਚ ਹੁੰਦੇ ਹਨ ।
ਪਰ ਹੁਣ ਹਾਲਤ ਕੁਝ ਬਦਲੇ ਹਨ ਜਦੋਂ ਤੋਂ ਮਨਪ੍ਰੀਤ ਸਿੰਘ ਬਾਦਲ ਨੇ ਪੀਪਲਜ ਪਾਰਟੀ ਆਫ ਪੰਜਾਬ ਦਾ ਗਠਨ ਕਰਕੇ ‘ ਨਮਾਜ਼ ’ ਬਦਲਣ ਦੀ ਮੁਹਿੰਮ ਚਲਾ ਕੇ ਨਾਰਥ ਅਮਰੀਕਾ ਦਾ ਦੌਰਾ ਕੀਤਾ ਹੈ। ਹੁਣ ਬਹੁਗਣਿਤੀ ਪ੍ਰਵਾਸੀ ਪੰਜਾਬੀ ਮਨਪ੍ਰੀਤ ਸਿੰਘ ਦੀ ਵਿਚਾਰਧਾਰਾ ਨਾਲ ਸਹਿਮਤ ਵੀ ਹਨ ਅਤੇ ਇਸਦੇ ਹੱਕ ਵਿੱਚ ਵੋਟ ਪਾਉਣ ਦੀ ਗੱਲ ਵੀ ਕਰਦੇ ਹਨ । ਪਰ ਜਦੋਂ ਮਨਪ੍ਰੀਤ ਦੀ ਪਾਰਟੀ ਵਿੱਚੋਂ ਕੁਝ ਆਗੂ ਹੋਰ ਪਾਸੀਂ ਜਾ ਰਲੇ ਹਨ ਤਾਂ ਪ੍ਰਵਾਸੀਆਂ ਨੇ ਕੁਝ ਹੱਦ ਤੱਕ ਸੋਚ ਵਿਚਾਰ ਕੀਤੀ ਹੈ। ਸਹਿਯੋਗ ਪੀਪੀਪੀ ਨੂੰ ਮਿਲ ਰਿਹਾ ਹੈ ਪਰ ਪਹਿਲਾਂ ਜਿੰਨ੍ਹਾਂ ਨਹੀਂ ।
ਚੰਗੇ ਅਤੇ ਮਾੜੇ ਉਮੀਦਵਾਰ ਸਾਰੀਆਂ ਪਾਰਟੀਆਂ ਵਿੱਚ ਹਨ । ਪਰ ਅਕਾਲੀ ਦਲ ਅਜਿਹੀ ਪਾਰਟੀ ਜਿਸ ਵਿੱਚੋਂ ਪੰਥਕ ਏਜੰਡਾ ਗਾਇਬ ਹੋ ਰਿਹਾ ਹੈ ਅਤੇ ਸ਼ਾਇਦ ਵਿਦੇਸ਼ਾਂ ਵਿੱਚ ਬੈਠੇ ਸਿੱਖ ਵੀ ਅਕਾਲੀ ਦਲ ਨੂੰ ਬਾਦਲ ਪਰਿਵਾਰ ਦਾ ‘ਕਮਾਈ ਵਾਲਾ ਕਾਰੋਬਾਰ’ ਸਮਝਦੇ ਹੋਏ ਇਸ ਤਖਤਾਂ ਪਲਟਾਉਣ ਲਈ ਕਿਸੇ ਹੋਰ ਪਾਰਟੀ ਦਾ ਸਾਥ ਦੇਣ ਲਈ ਉਤਾਵਲੇ ਨਜ਼ਰ ਆਉਂਦੇ ਹਨ ।
ਬੇਸ਼ੱਕ ਕੈਨੇਡਾ ਦਾ ਬ੍ਰਿਟਿਸ਼ ਕੰਲੋਬੀਆ ਦੇ ਇਲਾਕੇ ਵਿੱਚ ਮਨਪ੍ਰੀਤ ਸਿੰਘ ਇਆਲੀ ਦੇ ਹੱਕ ਵਿੱਚ ਆਵਾਜ਼ ਕਾਫੀ ਬੁਲੰਦ ਹੋ ਚੁੱਕੀ ਹੈ ਅਤੇ ਲੱਗਦਾ ਵੀ ਹੈ ਕਿ ਹਵਾ ਇਸ ਵਾਰ ਇਆਲੀ ਦੇ ਹੱਕ ਵਿੱਚ ਰਹੇਗੀ । ਪਰ ਉਹ ਅਕਾਲੀ ਦਲ ਕਰਕੇ ਨਹੀਂ ਮਨਪ੍ਰੀਤ ਇਆਲੀ ਦੀ ਸਾਦਗੀ ਅਤੇ ਮਿਲਵਰਤਣ ਕਾਰਨ ਹੈ।
ਹੁਣ ਵੱਡੀ ਗਿਣਤੀ ਵਿੱਚ ਪ੍ਰਵਾਸੀ ਕਾਂਗਰਸ ਦੀ ਹਮਾਇਤ ਵਿੱਚ ਪੰਜਾਬ ਪਹੁੰਚੇ ਹਨ ਉਹ ਕੇਂਦਰ ਸਰਕਾਰ ਕਰਕੇ ਨਹੀਂ ਆਏ ਬਲਕਿ ਕੈਪਟਨ ਅਮਰਿੰਦਰ ਸਿੰਘ ਦੇ ਪੰਜਾਬ ਦੇ ਹਿੱਤਾਂ ਪ੍ਰਤੀ ਦ੍ਰਿੜਤਾ ਨਾਲ ਲਏ ਸਟੈਂਡ ਕਾਰਨ ਆਏ ਹਨ । ਪਾਣੀਆਂ ਦੇ ਮਸਲੇ ਤੇ ਲਿਆ ਅਮਰਿੰਦਰ ਸਿੰਘ ਸਟੈਂਡ ਆਪਣੀ ਮਿਸਾਲ ਆਪ ਹੈ।
ਮਨਪ੍ਰੀਤ ਸਿੰਘ ਬਾਦਲ ਦੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਬਹੁਤ ਸਾਰੇ ਪ੍ਰਵਾਸੀ ਆਏ ਹਨ । ਉਸਦੇ ਏਜੰਡੇ ਨੂੰ ਪਸੰਦ ਤਾਂ ਸਾਰੇ ਕਰਦੇ ਹਨ ਪਰ ਦੋ ਸਾਨਾਂ ਦੇ ਭੇੜ ਵਿੱਚ ਮਨਪ੍ਰੀਤ ਦੀ ਪਾਰਟੀ ਦਾ ਕੀ ਵੱਟਿਆ ਜਾਣਾ ਇਹ 6 ਮਾਰਚ ਨੂੰ ਤਹਿ ਹੋਣਾ ਹੈ ਪਰ ਦੋਵੇ ਪ੍ਰਮੁੱਖ ਪਾਰਟੀਆਂ ਨੂੰ ਪੀਪੀਪੀ ਨੇ ਆਪਣੀ ਹੋਂਦ ਦਾ ਅਹਿਸਾਸ ਭਲੀ ਭਾਂਤ ਕਰਵਾ ਦਿੱਤਾ ਹੈ।
ਜੇਕਰ ਪੰਥਕ ਪੰਜਾਬ ਦੇ ਵੱਲ ਨਿਗਾਹ ਮਾਰੀਏ ਤਾਂ ਪੰਜਾਬ ਦੇ ਵਾਸੀਆਂ ਨੂੰ ਹੁਣ ਪੰਥ ਦੀ ਬਹੁਤੀ ਚਿੰਤਾ ਨਹੀਂ ਜਾਪਦੀ ਅਤੇ ਸਿਆਸੀ ਉਮੀਦਵਾਰਾਂ ਨੇ ਤਾਂ ਕਦੇ ਪੰਥ ਦੀ ਪ੍ਰਵਾਹ ਕੀਤੀ ਹੀ ਨਹੀਂ ਸੀ ।
ਡੇਰਾ ਸਿਰਸਾ ਨਾਲ ਸਬੰਧਤ ਸ਼ਰਧਾਲੂਆਂ ਦੀਆਂ ਵੋਟਾਂ ਆਪਣੇ ਹੱਕ ਵਿੱਚ ਭੁਗਤਾਉਣ ਲਈ ਸਾਰੀਆਂ ਪਾਰਟੀਆਂ ਦੇ 100 ਤੋਂ ਵੱਧ ਉਮੀਦਵਾਰ ਡੇਰਾ ਸਿਰਸਾ ਵਿੱਚ ਹਾਜ਼ਰੀ ਭਰ ਚੁੱਕੇ ਹਨ । ਹੁਕਮਨਾਮਾ ਜਾਰੀ ਹੋਣ ਤੇ ਬਾਵਜੂਦ ਕਿਸੇ ਨੇ ਇਹਨਾਂ ਉਮੀਦਵਾਰਾਂ ਨੂੰ ਸਵਾਲ ਤੱਕ ਨਹੀਂ ਕੀਤਾ ।
ਪਰ ਸਾਡੇ ਜਥੇਦਾਰ ਸਾਹਿਬ ਦੱਬੀ ਆਵਾਜ਼ ਵਿੱਚ ਹਾਲੇ ਇਹਨਾਂ ਉਮੀਦਵਾਰਾਂ ਦੇ ਖਿਲਾਫ਼ ਹੁਕਮਨਾਮੇ ਦੀ ਉਲੰਘਣਾ ਦੀ ਰਸਮੀ ਸਿ਼ਕਾਇਤ ਉਡੀਕ ਰਹੇ ਹਨ । ਹੋ ਸਕਦਾ ਹੈ ਇਹ ਸਿ਼ਕਾਇਤ ਆਉਣ ਵਾਲੇ ਦਿਨਾਂ ਵਿੱਚ ਮਿਲ ਜਾਵੇ ਪਰ ਉਮੀਦਵਾਰਾਂ ਖਿਲਾਫ਼ ਜੇ ਕੋਈ ਕਾਰਵਾਈ ਹੋਈ ਵੀ ਤਾਂ ਉਹ ਫਰਵਰੀ ਵਿੱਚ ਹੀ ਹੋਵੇਗੀ ਉਦੋਂ ਤੱਕ ਚੋਣਾਂ ਪੈ ਚੁੱਕੀਆਂ ਹੋਣੀਆਂ ।
ਉਪਰੋਕਤ ਕਥਨ ਤੋਂ ਇਹ ਅੰਦਾਜ਼ਾ ਲਾਉਣ ਔਖਾ ਨਹੀਂ ਕਿ ਪੰਜਾਬ ਦੇ ਸਿੱਖ ਮਾਮਲੇ ਕਿਸ ਤਰ੍ਹਾਂ ਪ੍ਰਭਾਵਿਤ ਹੋਣਗੇ ਕਿਉਂਕਿ ਜੇ ਅਕਾਲੀ ਦਲ ਸੱਤਾ ਵਿੱਚ ਆ ਗਿਆ (ਭਾਵੇਂ ਬਹੁਤ ਆਸਾਰ ਨਹੀਂ ) ਫਿਰ ਉਹ ਪਹਿਲਾਂ ਵਾਂਗੂੰ ‘ਸਿੱਖਾਂ ਦਾ ਆਪੇ ਬਣਿਆ ਸਰਪੰਚ’ ਸਥਾਪਿਤ ਹੋਵੇਗਾ । ਜੇਕਰ ਕਾਂਗਰਸ ਸੱਤਾ ਵਿੱਚ ਆਈ ਤਾਂ ਅਕਾਲੀ ਦਲ ਕੋਲ ਹੁਕਮਨਾਮੇ ਦੀ ਉਲੰਘਣਾ ਵਾਲਾ ਫੰਡਾ ਪੰਜ ਸਾਲ ਕਾਂਗਰਸ ਵਿਰੋਧ ਕਰਨ ਲਈ ਕਾਰਗਰ ਹਥਿਆਰ ਹੋਵੇਗਾ ਅਤੇ ਬਾਦਲ ਵਿਰੋਧੀ ਅਕਾਲੀ ਦਲ ਦੀ ਲਾਬੀ ਜਿਸ ਵਿੱਚ ਪਰਮਜੀਤ ਸਿੰਘ ਸਰਨਾ ਵਰਗੇ ਸੱਚੇ ਸਿੱਖ ਹੋਣ ਦਾ ਦਾਅਵੇ ਕਰਕੇ ਸ਼ਰੋਮਣੀ ਕਮੇਟੀ ਵੱਲ ਆਪਣੀ ਪਹੁੰਚ ਵਧਾਉਣ ਦਾ ਯਤਨ ਕਰਨਗੇ ।
ਮਨਪ੍ਰੀਤ ਸਿੰਘ ਅਤੇ ਪਾਰਟੀ ਵਿੱਚ ਪਹਿਲਾਂ ਹੀ ਕਾਮਰੇਡ ਅਤੇ ਅਜਿਹੀ ਵਿਚਾਰਧਾਰਾ ਵਾਲੇ ਲੋਕ ਹਨ ਜਿਹੜੇ ਪੰਥ ਏਜੰਡੇ ਤੋਂ ਪਹਿਲਾਂ ਵੀ ਪਾਸੇ ਰਹਿ ਕੇ ਸਿਆਸਤ ਕਰ ਰਹੇ ਹਨ ।
ਹੁਣ ਸਵਾਲ ਪੰਜਾਬ ਦੇ ਆਰਥਿਕ , ਸਿਆਸੀ ਅਤੇ ਧਾਰਮਿਕ ਭਵਿੱਖ ਨਾਲ ਜੁੜਿਆ ਹੋਇਆ ਨਜ਼ਰ ਆ ਰਿਹਾ ਹੈ।
Subscribe to:
Post Comments (Atom)
No comments:
Post a Comment