Tuesday, January 31, 2012

ਜਥੇਦਾਰੋਂ ਹੁਣ ਤੁਹਾਡੀ ਜ਼ਮੀਰ ਕਿੱਥੇ ਗਈ : ਉਮੀਦਵਾਰਾਂ ਦੀਆਂ ਵਹੀਰਾਂ ਡੇਰਾ ਸਿਰਸੇ ਵੱਲ

ਸੁਖਨੈਬ ਸਿੰਘ ਸਿੱਧੂ

ਅਕਾਲੀ – ਭਾਜਪਾ ਦੀ ਮੌਜੂਦਾ ਸਰਕਾਰ ਦੇ ਸੱਤਾ ਸੰਭਾਲਦਿਆਂ ਹੀ ਪੰਜਾਬ ਵਿੱਚ ਡੇਰਾ ਸਿਰਸਾ ਦੇ ਪੈਰੋਕਾਰਾਂ ਅਤੇ ਸਿੱਖ ਜਥੇਬੰਦੀਆਂ ਦਾ ਰੇੜਕਾ ਸ਼ੁਰੂ ਹੋ ਗਿਆ ਸੀ ।

ਪ੍ਰਤੱਖ ਕਾਰਨ ਕੁਝ ਹੋਰ ਸਾਹਮਣੇ ਆਏ ਪਰ ਇਸ ਤਾਣੇ ਬਾਣੇ ਵਿੱਚ ਜੋ ਅਪ੍ਰਤੱਖ ਕਾਰਨ ਸੀ ਉਹਨਾਂ ਵਿੱਚ ਡੇਰਾ ਸਿਰਸਾ ਪ੍ਰੇਮੀਆਂ ਵੱਲੋਂ ਕਾਂਗਰਸ ਨੂੰ ਹਮਾਇਤ ਦੇ ਕੇ ਜਿਤਾਉਣਾ ਇੱਕ ਅਹਿਮ ਕਾਰਨ ਸੀ । ਜਿਸ ਦੀ ਵਜਾਅ ਨਾਲ ਇਹ ਰਾਜਸੀ ਡਰਾਮੇ ਨੂੰ ਮਜਹਬੀ ਰੀਮਿਕਸ ਕਰਕੇ ਪੰਜਾਬ ਦੀ ਸਟੇਜ ਤੇ ਖੇਡਿਆ ਗਿਆ ।

ਮਾਲਵਾ ਖੇਤਰ ਵਿੱਚ ਡੇਰਾ - ਸਿੱਖ ਵਿਵਾਦ ਵਿੱਚ ਕਾਫੀ ਘਰ ਉਜੜ ਗਏ । ਜਿੰਨੇ ਵਾਰ ਵੀ ਟਕਰਾਅ ਪੈਦਾ ਹੋਇਆ ਨੁਕਸਾਨ ਸਿੱਖ ਕਾਰਕੁੰਨਾਂ ਦਾ ਹੀ ਹੋਇਆ , ਜਦਕਿ ਕੁਝ ਡੇਰਾ ਪ੍ਰੇਮੀਆਂ ਨੂੰ ਖੁਦਕਸ਼ੀਆਂ ਕਰਕੇ ਜਿੰਦਗੀਆਂ ਤਬਾਹ ਵੀ ਕਰਨੀਆਂ ਪਈਆਂ । ਇਸੇ ਘਟਨਾਕ੍ਰਮ ਦੇ ਚੱਲਦੇ ਤਖ਼ਤ ਦਮਦਮਾ ਸਾਹਿਬ ਵਿਖੇ ਪੰਥ ਅਤੇ ਪੰਥ ਦੇ ਜਥੇਦਾਰਾਂ ਦੀ ਇਕੱਤਰਤਾ ਕਰਕੇ ਹੁਕਮਨਾਮਾ ਜਾਰੀ ਕਰ ਦਿੱਤਾ ਕਿ ਡੇਰਾ ਸਿਰਸਾ ਅਤੇ ਉਸਦੇ ਕਿਸੇ ਪੈਰੋਕਾਰ ਨਾਲ ਸਿੱਖ ਸਮਾਜ ਨੇ ਕੋਈ ਰਿਸ਼ਤਾ ਨਹੀਂ ਰੱਖਣਾ।

ਵੱਡੀ ਗਿਣਤੀ ਸਿੱਖਾਂ ਨੇ ਜਥੇਦਾਰਾਂ ਦੇ ਇਸ ਫੁਰਮਾਨ ਨੂੰ ਸਿਰ ਮੱਥੇ ਕਰਕੇ ਮੰਨਿਆ ਵੀ , ਕਿਉਂਕਿ ਡੇਰਾ ਮੁਖੀ ਵੱਲੋਂ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਨਾਲ ਮਿਲਦੀ ਪੋਸ਼ਾਕ ਅਤੇ ਅੰਮ੍ਰਿਤ ਦਾ ਬਾਟਾ ਤਿਆਰ ਕਰਨ ਦੀ ਨਕਲ ਤੇ ਜਾਮੇ ਇੰਸਾਂ ਪਿਲਾ ਕੇ ਸਿੱਖਾਂ ਦੇ ਜਜਬਾਤ ਭੜਕਾਏ ਸਨ । ਕੁਝ ਗਰਮ ਖਿਆਲੀ ਆਗੂਆਂ / ਜਥੇਬੰਦੀਆਂ ਨੇ ਇਸ ਮਾਮਲੇ ਨੂੰ ਕੈਸ਼ ਕਰਕੇ ਪੰਥ ਤੋਂ ਕੁਝ ਪ੍ਰਾਪਤੀਆਂ ਕਰਨੀਆਂ ਸਨ ਅਤੇ ਸਿੱਖ ਪੰਥ ਦੇ ਸਭ ਤੋਂ ਵੱਡੇ ਖੈਰ –ਖੁਆਹ ਬਣਨਾ ਸੀ ਇੱਕ ਵਾਰ ਅਕਾਲੀ ਸਰਕਾਰ ਦਾ ਸਿੰਘਾਸਨ ਵੀ ਡਗਮਗਾ ਗਿਆ ਸੀ , ਉਦੋਂ ਆਮ ਸਿੱਖ ਵੀ ਸਿੰਘ ਸਾਹਿਬਾਨ ਦੇ ਫੁਰਮਾਨ ਨੂੰ ਤੱਤੇਘਾਹ ਕਬੂਲ ਕਰ ਗਏ ਸਨ । ਇਸਦੇ ਨਤੀਜੇ ਵਜੋਂ ਸੁਨਾਮ ਵਿੱਚ ਹੁਕਮਨਾਮਾ ਜਾਰੀ ਹੋਣ ਵਾਲੇ ਦਿਨ ਹੀ ਪ੍ਰੇਮੀਆਂ ਨੇ ਸਿੱਧੇ ਟਕਰਾਉਣ ਵਾਲੇ ਭਾਈ ਕੰਵਲਜੀਤ ਸਿੰਘ ਦੀ ਮੌਤ ਹੋ ਗਈ ਅਤੇ ਗਰਮਦਲੀਆਂ ਨੇ ਉਸਨੂੰ ‘ਸ਼ਹੀਦ’ ਕਰਾਰ ਦੇ ਕੇ ਪਰਿਵਾਰ ਦਾ ਸਾਥ ਦੇਣ ਦੀ ਗੱਲ ਕੀਤੀ ਪਰ ਹੋਇਆ ਉਹੀ ਜੋ ਅਕਸਰ ਸ਼ਹੀਦ ਸਿੱਖਾਂ ਦੇ ਪਰਿਵਾਰਾਂ ਨਾਲ ਹੁੰਦਾ ਹੈ।

ਹੋਰ ਵੀ ਬਹੁਤ ਘਟਨਾਵਾਂ ਅਜਿਹੀਆਂ ਹਨ ਜਿੰਨ੍ਹਾਂ ਦਾ ਵਿਸਥਾਰ ਦੇਣ ਦੀ ਜਰੂਰਤ ਨਹੀਂ ਕਿਉਂਕਿ ਇਹ ਘਟਨਾਵਾਂ ਹਾਲੇ ਸਿੱਖਾਂ ਦੇ ਮਨ ਦੀ ਕੈਨਵਸ ਤੇ ਹੂਬਹੂ ਚਿੱਤਰੀਆਂ ਹੋਈਆਂ ਹਨ ਪਰ ਜੇਕਰ ਭੁੱਲੇ ਹਨ ਤਾਂ ਹੁਕਮਨਾਮਾ ਲਾਗੂ ਕਰਵਾਉਣ ਵਾਲੇ ਜਥੇਦਾਰ ਜਾਂ ਫਿਰ ਜਥੇਦਾਰਾਂ ਦੀਆਂ ਕੁਰਸੀਆਂ ਬਰਕਰਾਰ ਰੱਖਣ ਵਾਲੇ ਸਿਆਸਤਦਾਨ ।



ਕਾਂਗਰਸੀ ਆਗੂਆਂ ਨੇ ਹੁਕਮ ਨਾਮਾ ਜਾਰੀ ਹੋਣ ਮਗਰੋਂ ਵੀ ਡੇਰਾ ਮੁਖੀ ਨਾਲ ਸਾਂਝ ਸਥਾਪਤ ਰੱਖੀ ਹੋਈ ਸੀ ਪਰ ਦੂਜੀਆਂ ਧਿਰਾਂ ਵੀ ਪਰਦੇ ਦੇ ਪਿੱਛੇ ਡੇਰੇ ਦੇ ਸੰਪਰਕ ਵਿੱਚ ਸਨ ਇਸ ਗੱਲ ਵਿੱਚ ਕੋਈ ਦੋ ਰਾਵਾਂ ਨਹੀਂ ।

ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮਨਪ੍ਰੀਤ ਸਿੰਘ ਬਾਦਲ ਗਿੱਦੜਬਹਾ ਦੀ ਸੰਗਤ ਨਾਲ ਡੇਰਾ ਸਿਰਸਾ ਵਿੱਚ ਜਾ ਚੁੱਕੇ ਹਨ ਉਦੋਂ ਪੰਥ ਦੇ ਜਥੇਦਾਰਾਂ ਨੇ ‘ਇਲਾਹੀ ਹੁਕਮ’ ਮੰਨਦੇ ਹੋਏ ਮਨਪ੍ਰੀਤ ਖਿਲਾਫ਼ ਕਾਰਵਾਈ ਕਰ ਵੀ ਦੇਣੀ ਸੀ , ਪਰ ਬਿਆਨਬਾਜ਼ੀ ਕਰਨ ਮਗਰੋਂ ਜਥੇਦਾਰ ਜੀ ਚੁੱਪ ਸਾਧ ਗਏ । ਮਨਪ੍ਰੀਤ ਨੇ ਪਹਿਲਾਂ ਵੀ ਅੰਮ੍ਰਿਤ ਛੱਕ ਕੇ ‘ਪ੍ਰਤੱਖ’ ਤੌਰ ਤੇ ਭੰਗ ਕੀਤਾ ਹੋਇਆ ਹੈ ਇਸ ਕਰਕੇ ਉਸ ਖਿਲਾਫ਼ ਕਾਰਵਾਈ ਨਹੀਂ ਹੋਈ ਪਰ ਜੇਕਰ ਹੋ ਵੀ ਜਾਂਦੀ ਤਾਂ ਉਸਨੂੰ ਕੋਈ ਫਰਕ ਨਹੀਂ ਪੈਣਾ ਸੀ ਕਿਉਂਕਿ ਉਸਨੇ ਪੰਥ ਨੂੰ ਖਤਰਾ ਦੱਸਕੇ ਵੋਟਾਂ ਨਹੀਂ ਮੰਗਣੀਆਂ ਬਲਕਿ ਨਿਜ਼ਾਮ ਬਦਲਣ ਦੀ ਗੱਲ ਕਰਕੇ ਵੋਟ ਪ੍ਰਾਪਤ ਕਰਨ ਦਾ ਯਤਨ ਕਰਨੇ ਹਨ।

ਹੁਣ ਬੀਤੇ ਕੱਲ੍ਹ ਲਗਭਗ 100 ਉਮੀਦਵਾਰਾਂ ਦੇ ਡੇਰਾ ਸਿਰਸਾ ਦੇ ਮੁੱਖ ਕੋਲੋਂ ਅਸ਼ੀਰਵਾਦ ਲੈਣ ਅਤੇ ਪ੍ਰਵਚਨ ਸੁਣਨ ਦੀਆਂ ਖਬਰਾਂ ਸੁਰਖੀਆਂ ਵਿੱਚ ਹਨ । ਪਰ ਹੁਣ ਜਥੇਦਾਰਾਂ ਇਹਨਾਂ ਖਿਲਾਫ਼ ਕਾਰਵਾਈ ਨਹੀਂ ਕਰਨਗੇ ਕਿਉਂਕਿ ਕੋਈ ਪੰਥਕ ਆਗੂ ਆਪਣੀ ਕੁਰਸੀ ਨੂੰ ਠੋਕਰ ਮਾਰ ਕੇ ਆਪਣੇ ‘ਆਕਾ’ ਨੂੰ ਨਰਾਜ਼ ਨਹੀਂ ਕਰ ਸਕਦਾ ਜੇਕਰ ਕੱਲੇ ਅਕਾਲੀ ਦਲ ਬਾਦਲ ਨੂੰ ਛੱਡ ਕੇ ਹੋਰ ਪਾਰਟੀਆਂ ਦੇ ਉਮੀਦਵਾਰ ਡੇਰੇ ਗਏ ਹੁੰਦੇ ਤਾਂ ਹੋ ਸਕਦਾ ਸੀ ਰਾਤੋ ਰਾਤ ਮੀਟਿੰਗ ਬੁਲਾ ਕੇ ਚੋਣ ਪ੍ਰਚਾਰ ਤੱਕ ਤਾਂ ਪ੍ਰੋ: ਧੁੰਦਾ ਵਾਂਗੂੰ ਬਿਨਾ ਪੱਖ ਜਾਣੇ ਪਾਬੰਦੀ ਲਾ ਦਿੰਦੇ ਪਰ ਹੁਣ ਡੇਰੇ ਜਾਣ ਵਾਲਿਆਂ ਵਿੱਚ ਬਹੁਤ ਸਾਰੇ ਉਹ ਉਮੀਦਵਾਰ ਹਨ ਜਿੰਨ੍ਹਾਂ ਦੀ ਪਾਰਟੀ ਦੇ ਸਿਰ ਸਿੰਘ ਸਾਹਿਬਾਨ ਦੀ ਕੁਰਸੀਆਂ ਬਿਰਾਜਮਾਨ ਹਨ।

ਇਸ ਤੋਂ ਪਹਿਲਾਂ ਕਾਫੀ ਘਟਨਾਵਾਂ ਵਿੱਚ ਜਥੇਦਾਰਾਂ ਉਪਰ ਇਹ ਦੋਸ਼ ਲੱਗਦੇ ਰਹੇ ਹਨ ਕਿ ਬਾਦਲ ਦਲ ਜਥੇਦਾਰਾਂ ਨੂੰ ਆਪਣੇ ਰਸਤੇ ਵਿੱਚੋਂ ਰੋੜੇ ਸਾਫ ਕਰਨ ਲਈ ਵਰਤਦਾ। ਪਰ ਇਸ ਗੱਲ ਤੇ ਪੱਕੀ ਮੋਹਰ ਲੱਗ ਜਾਣੀ ਹੈ ਜੇ ਹੁਣ ਵੀ ਸਿੰਘ ਸਾਹਿਬਾਨ ਨੇ ਕੋਈ ਕਾਰਵਾਈ ਨਾ ਕੀਤੀ । ਹੋ ਤਾਂ ਇਹ ਵੀ ਸਕਦਾ ਹੈ ਪੰਥ ਪ੍ਰਸਤ ਸਿੱਖ ਜਥੇਦਾਰਾਂ ਨੂੰ ਹੀ ਤਿਲਾਂਜਲੀ ਦੇਣ । ਕਿਉਂਕਿ ਬਾਗੀ ਸੁਰਾਂ ਨਾਲ ਕਦੇ ਵੀ ਨਗਾਰੇ ਤੇ ਚੋਟ ਲੱਗ ਸਕਦੀ ਹੈ ।

No comments: