ਸੁਖਨੈਬ ਸਿੰਘ ਸਿੱਧੂ
14ਵੀਆਂ ਵਿਧਾਨ ਸਭਾ ਚੋਣਾਂ ਬਹੁਤ ਸਾਰੇ ਮਹਾਰਥੀਆਂ ਲਈ ਚੁਣੌਤੀਆਂ ਭਰੀਆਂ ਹੋਣਗੀਆਂ ਕੋਈ ਹਿੱਕ ਠੋਕ ਕੇ ਦਾਅਵਾ ਨਹੀਂ ਕਰ ਸਕਦਾ ਕਿ ਉਹ ਇਹ ਚੋਣ ਜਿੱਤ ਜਾਵੇਗਾ। ਕਾਂਗਰਸ ਅਤੇ ਅਕਾਲੀ ਦਲ ਦੀ ਖਿੱਚੋਤਾਣ ਤਾਂ ਚੱਲਦੀ ਰਹਿੰਦੀ ਪਰ ਇਸ ਵਾਰ ਮਨਪ੍ਰੀਤ ਸਿੰਘ ਬਾਦਲ ਦੀਆਂ ਸਹਿਯੋਗੀ ਪਾਰਟੀਆਂ ਵੀ ਤੀਜਾ ਧੜਾ ਬਣਕੇ ਮੈਦਾਨ ਵਿੱਚ ਹਨ ।
ਗੱਲ ਲੰਬੀ ਹਲਕੇ ਕਰੀਏ ਤਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜੱਦੀ ਹਲਕਾ ਹੈ। ਇਹੀ ਹਲਕੇ ਤੋਂ ਪ੍ਰਕਾਸ਼ ਸਿੰਘ ਬਾਦਲ ਨੂੰ ਆਪਣੇ ਸਰੀਕੇ ਵਿੱਚੋਂ ਹੀ ਭਰਾ ਮਹੇਸ਼ਇੰਦਰ ਸਿੰਘ ਬਾਦਲ ਦਾ ਸਾਹਮਣਾ ਕਰਨਾ ਪੈਂਦਾ ਹੈ।
ਪ੍ਰਕਾਸ਼ ਸਿੰਘ ਬਾਦਲ ਨੇ ਕੁਝ ਚੋਣਾਂ ਤਾਂ ਆਪਣੇ ਲਾਮ ਲਸ਼ਕਰ ਅਤੇ ਆਪਣੇ ਭਰਾ ਗੁਰਦਾਸ ਸਿੰਘ ਬਾਦਲ ਦੀ ਬਦੌਲਤ ਜਿੱਤੀਆਂ ਹਨ ਪਰ 13ਵੀਆਂ ਚੋਣਾਂ ਮੌਕੇ ਸ: ਪ੍ਰਕਾਸ਼ ਸਿੰਘ ਬਾਦਲ ਨੇ ਹਲਕੇ ਦੇ ਲੋਕਾਂ ਨੂੰ ਇਹ ਕਹਿ ਕੇ ਵੋਟ ਮੰਗੇ ਕਿ ਇਹ ਉਹਨਾਂ ਦੀ ਆਖਰੀ ਚੋਣ ਹੈ ਅੱਗੇ ਤੋਂ ਜਿਸਨੂੰ ਮਰਜ਼ੀ ਵੋਟ ਪਾਉਂਦੇ ਰਹਿਣਾ । ਉਦੋਂ 9100 ਵੋਟਾਂ ਦੇ ਫਰਕ ਨਾਲ ਚੋਣ ਜਿੱਤੇ ਸਨ । ਪਰ ਹੁਣ ਹਾਲਤ ਬਦਲੇ ਹੋਏ ਹਨ । ਮੁੱਖ ਮੰਤਰੀ ਦਾ ਚੋਣ ਇੰਚਾਰਜ਼ ਭਰਾ ਗੁਰਦਾਸ ਸਿੰਘ ਬਾਦਲ ਹੁਣ ਪੀਪਲਜ਼ ਪਾਰਟੀ ਵੱਲੋਂ ਉਮੀਦਵਾਰ ਹੈ। ਪਹਿਲਾਂ ਚੋਣ ਮੁਹਿੰਮ ਵਿੱਚ ਗੁਰਦਾਸ ਬਾਦਲ ਦਾ ਵੱਡਾ ਯੋਗਦਾਨ ਹੁੰਦਾ ਸੀ ਕਿਉਂਕਿ ਮੁੱਖ ਮੰਤਰੀ ਆਪਣੇ ਰੁਝੇਵਿਆਂ ਕਾਰਨ ਹਲਕੇ ਵਿੱਚੋਂ ਬਾਹਰ ਰਹਿੰਦੇ ਸਨ ਤਾਂ ਆਮ ਲੋਕਾਂ ਨਾਲ ਗੁਰਦਾਸ ਦਾ ਸਿੱਧਾ ਰਾਬਤਾ ਕਾਇਮ ਹੁੰਦਾ ਸੀ । ਉਦੋਂ ਮਰਹੂਮ ਸੁਰਿੰਦਰ ਕੌਰ ਬਾਦਲ ਵੀ ਹਲਕੇ ਦੇ ਲੋਕਾਂ ਨੂੰ ਮਿਲਦੀ ਰਹਿੰਦੀ ਸੀ ਪਰ ਸੁਰਿੰਦਰ ਕੌਰ ਇਸ ਜਹਾਨ ਤੋਂ ਰੁਖਸਤ ਹੋ ਚੁੱਕੇ ਹਨ ਤਾਂ ਲੱਗਦਾ ਹੈ ਜਿਵੇਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਅਸੁੱਭ ਸਮਾਂ ਸੁਰੂ ਹੋ ਗਿਆ ਹੈ।
ਕਿਉਂਕਿ ਇਸ ਵਾਰ ਫਿਰ ਕਾਂਗਰਸ ਨੇ ਸ: ਮਹੇਸ਼ਇੰਦਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਦੇ ਵਿਰੋਧੀ ਉਮੀਦਵਾਰ ਵਜੋਂ ਮੈਦਾਨ ਵਿੱਚ ਲਿਆਂਦਾ ਹੈ । ਇਸ ਵਾਰ ਮਨਪ੍ਰੀਤ ਦਾ ਜ਼ਿਆਦਾ ਜ਼ੋਰ ਵੀ ਆਪਣੇ ਤਾਏ ਨੂੰ ਹਰਾਉਣ ਦੀ ਕੋਸ਼ਿਸ਼ ਵਿੱਚ ਲੱਗਿਆ ਹੈ ਜਿਸ ਕਰਕੇ ਮਹੇਸ਼ਇੰਦਰ ਸਿੰਘ ਨੂੰ ਅਸਿੱਧਾ ਫਾਇਦਾ
ਪਹੁੰਚ ਸਕਦਾ ਹੈ ਕਿਉਂਕਿ ਗੁਰਦਾਸ ਬਾਦਲ ਨਾਲ ਜੁੜੇ ਹੋਏ ਜ਼ਿਆਦਾਤਰ ਲੋਕ ਅਕਾਲੀ ਦਲ ਦੇ ਹੀ ਵੋਟਰ ਨੇ ਜਦੋਂ ਇਹ ਪੀਪਲਜ਼ ਪਾਰਟੀ ਦੇ ਹੱਕ ਵਿੱਚ ਭੁਗਤੇ ਇਸਦਾ ਫਾਇਦਾ ਕਾਂਗਰਸ ਨੂੰ ਹੋਣਾ ਹੈ।
ਦੂਸਰਾ ਮਹੇਸ਼ਇੰਦਰ ਸਿੰਘ ਬਾਦਲ ਦੀ ਇਲਾਕੇ ਵਿੱਚ ਇੱਕ ਦਰਵੇਸ਼ ਵਿਅਕਤੀ ਵਾਲੀ ਭੱਲ ਬਣੀ ਹੋਈ ਹੈ। ਹਰੇਕ ਦੇ ਖੁਸ਼ੀ -ਗਮੀ ਦੇ ਸਮਾਗਮਾਂ ਵਿੱਚ ਸ਼ਰੀਕ ਹੋਣ 'ਮਹੇਸ਼ ਜੀ ' ਪ੍ਰਤੀ ਹਲਕੇ ਦੇ ਗਰੀਬ ਤਬਕੇ ਦੇ ਲੋਕਾਂ ਵਿੱਚ ਅਪਣੱਤ ਬਣੀ ਹੋਈ ਹੈ।
ਇੱਕ ਰਾਜਨੀਤਕ ਵਿਸ਼ਲੇਸ਼ਕ ਦਾ ਕਹਿਣਾ ਹੈ ਕਿ ਬਾਦਲ ਸਾਹਿਬ ਨੇ ਆਪਣਾ ਰਾਜਨੀਤਕ ਸਫ਼ਰ ਪਹਿਲੀ ਚੋਣ ਹਾਰ ਕੇ ਕੀਤਾ ਸੀ ਕਿਤੇ ਰਾਜਨੀਤਕ ਜੀਵਨ ਦਾ ਅੰਤ ਵੀ ਚੋਣ ਹਾਰ ਕੇ ਨਾ ਕਰ ਬੈਠਣ ।
ਸਿਆਸੀ ਵਰਤਾਰੇ ਦੀ ਬਾਖੂਬੀ ਸੂਝ ਰੱਖਣ ਵਾਲੇ ਚਿੰਤਕ ਹਰਬੰਸ ਸਿੰਘ ਕਹਿੰਦੇ ਹਨ , " ਭਾਵੇਂ ਲੰਬੀ ਵਿੱਚ ਸਿਆਸੀ ਮਹਾਂਭਾਰਤ ਚੱਲ ਰਹੀ ਹੈ ਪਰ ਇੱਕ ਗੱਲ ਸਪੱਸ਼ਟ ਹੈ ਕਿ ਮੁੱਖ ਮੰਤਰੀ ਨੂੰ ਆਪਣੀ ਜਿੱਤ ਸਪੱਸ਼ਟ ਲੱਗਦੀ ਹੋਵੇਗੀ ਕਿਉਂਕਿ ਸਰਕਾਰੀ ਅਤੇ ਗੈਰ ਸਰਕਾਰੀ ਏਜੰਸੀਆਂ ਤੋਂ ਲੋਕਾਂ ਆਵਾਜ਼ ਦਾ ਪਤਾ ਜਰੂਰ ਲੱਗ ਜਾਂਦਾ ਹੈ ਤੇ ਜਦੋਂ ਸਰਕਾਰ ਘਰ ਦੀ ਹੋਵੇ ਵੀ ਫਿਰ ਏਜੰਸੀਆਂ ਤੋਂ ਅਜਿਹੀਆਂ ਰਿਪੋਰਟਾਂ ਹਾਸਲ ਕਰਨ ਅੋਖੀਆਂ ਨਹੀਂ ਹੁੰਦੀ ਕਿ ਲੋਕਾਂ ਦਾ ਰੁਝਾਨ ਕਿੱਧਰ ਹੈ, ਜੇ ਲੰਬੀ ਸੀਟ ਹੱਥੋਂ ਜਾਂਦੀ ਲੱਗਦੀ ਹੁੰਦੀ ਤਾਂ ਦੂਰ ਅੰਦੇਸ਼ ਬਾਦਲ ਸਾਹਿਬ ਕਿਸੇ ਹੋਰ ਅਜਿਹੀ ਸੀਟ ਤੋਂ ਵੀ ਦੂਹਰੀ ਚੋਣ ਲੜ ਸਕਦੇ ਸਨ ਜਿੱਥੇ ਉਹਨਾ ਨੂੰ ਜਿੱਤ ਯਕੀਨੀ ਲੱਗਦੀ ।"
ਜੇ ਲੰਬੀ ਹਲਕੇ ਦੇ ਵੋਟਰਾਂ ਦੀ ਮੰਨੀਏ ਤਾਂ ਪਾਸ਼ ਅਤੇ ਦਾਸ ਨੂੰ ਇੱਕ ਦੂਜੇ ਦੇ ਆਹਮਣੇ ਸਾਹਮਣੇ ਖੜੇ ਕਰਨਾ ਇਹਨਾਂ ਦੇ ਸਪੁੱਤਰਾਂ ਦੀ ਜਿੱਦ ਕਾਰਨ ਹੀ ਹੈ।
ਜਿੱਤ ਕਿਸ ਨੂੰ ਨਸੀਬ ਹੁੰਦੀ ਹੈ ਉਦੋਂ ਪਿੰਡ ਦੀਆਂ ਸੱਥਾਂ ਤੋਂ ਲੈ ਕੇ ਟੀ ਵੀ ਚੈਨਲਾਂ ਦੇ ਨਿਊਜ ਰੂਮ ਤੱਕ ਇਹੋ ਹੀ ਚਰਚੇ ਚੱਲਦੇ ਰਹਿਣਗੇ । ਪਰ ਕਿਉਂਕਿ ਸਿਆਸਤ ਵਿੱਚ ਕੁਝ ਵੀ ਸੰਭਵ ਹੈ।
Subscribe to:
Post Comments (Atom)
No comments:
Post a Comment