

ਡਾ: ਹਰਜਿੰਦਰ ਸਿੰਘ ਦਿਲਗੀਰ
ਬੀਤੇ ਦਿਨ ਸਟਾਰ ਟੀ.ਵੀ. ਵੱਲੋਂ ਇਕ ਸੀਰੀਅਲ ਵਿਚ ਸਿੱਖ ਸਰੂਪ ਦੀ ਤੌਹੀਨ ਕੀਤੇ ਜਾਣ ਦਾ ਕੁਝ ਚਿਰ ਚਰਚਾ ਚਲਿਆ ਸੀ। ਪਰ ਜਿਵੇਂ ਸਿੱਖ ਆਗੂ ਕਰਿਆ ਕਰਦੇ ਹਨ, ਇਹ ਚਰਚਾ ਵੀ ਚਾਰ ਦਿਨ ਦੀਆਂ ਖ਼ਬਰਾਂ ਮਗਰੋਂ ਸਦਾ ਵਾਸਤੇ ਖ਼ਾਮੋਸ਼ ਕਰ ਦਿੱਤਾ ਗਿਆ ਹੈ।ਤਵਾਰੀਖ਼ ਇਹ ਵੀ ਲਿਖੇਗੀ ਕਿ ਸਿੱਖਾਂ ਵਿਚ ਮਰਦ ਵੀ ਖ਼ਤਮ ਹੋ ਗਏ ਸਨ ਜੋ ਗੁੰਡਾ ਟੀ.ਵੀ. ਨੂੰ ਨੱਥ ਨਹੀ ਸਨ ਪਾ ਸਕੇ।
ਸਿੱਖ ਕੌਮ ਦੀ ਤਕਰੀਬਨ ਸਾਰੀ (ਦੋ-ਚਾਰ ਨੂੰ ਛੱਡ ਕੇ) ਲੀਡਰਸ਼ਿਪ ਦਾ ਦੁਖਾਂਤ ਇਹ ਹੈ ਕਿ ਪਹਿਲਾਂ ਤਾਂ ਇਹ ਥੁੜ-ਅਕਲੇ ਹਨ (ਕਪੂਰ ਸਿੰਘ ਦੇ ਲਫ਼ਜ਼ਾਂ ਵਿਚ ‘ਸਟੂਪਿਡ/ਬੂਝੜ ਸਿੱਖ’)। ਇਨ੍ਹਾਂ ਨੂੰ ਪਤਾ ਹੀ ਨਹੀਂ ਲਗਦਾ ਕਿ ਸਿੱਖਾਂ ਨਾਲ ਕਿਸ ਥਾਂ ‘ਤੇ ਧੱਕਾ ਹੋ ਰਿਹਾ ਹੈ; ਸਿੱਖਾਂ ਨੂੰ ਖ਼ਤਮ ਕਰਨ ਵਾਸਤੇ ਕਿੱਥੇ ਸਾਜ਼ਿਸ਼ਾਂ ਗੁੰਦੀਆਂ ਜਾ ਰਹੀਆਂ ਹਨ; ਗ਼ੈਰ-ਸਿੱਖਾਂ ਦਾ ਗੁੱਝਾ ਹਥਿਆਰ ਸਿੱਖਾਂ ਨੂੰ ਕਿਵੇਂ ਮਾਰ ਰਿਹਾ ਹੈ; ਸਿੱਖ ਦੁਸ਼ਮਣ ਸਿੱਖ ਅਦਾਰਿਆਂ ਵਿਚ ਕਿਵੇਂ ਦਾਖ਼ਿਲ, ਹਾਵੀ ਤੇ ਕਾਬਜ਼ ਤਕ ਹੋ ਰਹੇ ਹਨ; ਸਿੱਖੀ ਦਾ ਗਰਾਫ਼ ਹੇਠਾਂ ਨੂੰ ਲਿਜਾਣ ਵਾਸਤੇ ਸਾਰੇ ਸਿੱਖ ਵਿਰੋਧੀ ਕਿਸ ਤਰੀਕੇ ਨਾਲ ਇਕੱਠੇ ਐਕਸ਼ਨ ਕਰਦੇ ਹਨ, ਵਗ਼ੈਰਾ?
ਦੂਜਾ ਜੇ ਸਿੱਖ ਚੌਧਰੀਆਂ ਨੂੰ ਪਤਾ ਲਗ ਜਾਵੇ ਕਿ ਸਿੱਖ ਧਰਮ ‘ਤੇ ਕੋਈ ਵੱਡਾ ਹਮਲਾ ਹੋ ਗਿਆ ਹੈ ਤਾਂ ਉਨ੍ਹਾਂ ਦੀ ਖ਼ਾਹਿਸ਼ ਹੁੰਦੀ ਹੈ ਕਿ ਉਸ ਬਾਰੇ ਚਰਚਾ ਨਾ ਹੀ ਛੇੜਿਆ ਜਾਵੇ। ਪਰ ਜਦ ਕੋਈ ਸਿੱਖ ਵਿਦਵਾਨ ਜਾਂ ਕੋਈ ਸਰਕਰਦਾ ਸ਼ਖ਼ਸ ਉਸ ਧੱਕੇ ਜਾਂ ਸਾਜ਼ਿਸ਼ ਬਾਰੇ ਬੋਲ ਪਵੇ ਤਾਂ ਇਕ ਅੱਧ ਸਿੱਖ ਚੌਧਰੀ ਹਲਕਾ ਜਿਹਾ ਬਿਆਨ ਛੱਡ ਦੇਂਦੇ ਹਨ। ਇਹ ਬਿਆਨ ਏਨਾ ਕਮਜ਼ੋਰ ਹੁੰਦਾ ਹੈ ਕਿ ਇਸ ਦਾ ਕੋਈ ਅਸਰ ਨਹੀਂ ਹੁੰਦਾ। ਪਰ ਪਰਕਾਸ਼ ਸਿੰਘ ਬਾਦਲ ਧੜੇ ਦੇ ਚੌਧਰੀ ਤਾਂ ਵੱਡੇ ਹਮਲੇ ਮਗਰੋਂ ਵੀ ਨਹੀਂ ਬੋਲਦੇ ਤੇ ਜਾਂ ਫਿਰ ਬੇਹਦ ਮੁਰਦਾ ਜਿਹਾ ਬਿਆਨ ਦੇ ਦੇਂਦੇ ਹਨ ਤੇ ਜੇ ਭਾਜਪਾ ਤੋਂ ਡਰਦਾ ਬਾਦਲ ਘੁਰਕੀ ਮਾਰ ਦੇਵੇ ਤਾਂ ਦੂਜੇ ਦਿਨ ਹੀ ਆਪਣਾ ਬਿਆਨ ਬਦਲ ਦੇਂਦੇ ਹਨ ਜਾਂ ਬੇਹੱਦ ਨਰਮ ਕਰ ਦੇਂਦੇ ਹਨ।
ਭਾਜਪਾ ਚੌਧਰੀ ਸੁਸ਼ਮਾ ਸਵਰਾਜ ਨੇ ਗੁਰੁ ਅਰਜਨ ਸਾਹਿਬ ਦੀ ਸ਼ਹੀਦੀ ਦੇ ਸਬੰਧ ਵਿਚ ਚੰਦੂ ਦੇ ਰੋਲ ਬਾਰੇ ਗ਼ਲਤ ਬਿਆਨੀ ਕੀਤੀ ਤਾਂ ਬਾਦਲਕੇ ਚੌਧਰੀ ਤਾਂ ਚੁਪ ਰਹਿਣੇ ਹੀ ਸਨ; ਪਰ ਸ਼ਰਮ ਦੀ ਗੱਲ ਤਾਂ ਇਹ ਹੈ ਕਿ (ਗੁਰਵਿੰਦਰ ਸਿੰਘ ਸ਼ਾਮਪੁਰਾ ਨੂੰ ਛੱਡ ਕੇ) ਟੌਹੜਾ ਧੜੇ ਦੇ ਬਚੇ-ਖੁਚੇ ਅਕਾਲੀਆਂ ਦੀ ਜ਼ਬਾਨ ਨੂੰ ਵੀ ਲਕਵਾ ਮਾਰ ਗਿਆ। ਜਦ ਆਰ.ਐਸ.ਐਸ. ਦੇ ਸੁਦਰਸ਼ਨ ਨੇ ਸਿੱਖੀ ਦੇ ਨਿਆਰਾਪਣ ਅਤੇ ਇਸ ਦੀ ਹੋਂਦ ‘ਤੇ ਹਮਲਾ ਕੀਤਾ ਤਾਂ ਵੀ ਬਾਦਲਕੇ ‘ਅਕਾਲੀ’ ਨਾਮਰਦਾਂ ਤੇ ਬੇਗ਼ੈਰਤਾਂ ਵਾਂਗ ਚੁਪ ਕਰ ਗਏ (ਕੀ ਇਹ ਅਕਾਲੀ ਅਖਵਾਉਣ ਦੇ ਕਾਬਲ ਹਨ?)। ਜਦ ਆਰ.ਐਸ.ਐਸ. ਨੇ ਸਕੂਲਾਂ ਵਿਚ ‘ਬੰਦੇ ਮਾਤਰਮ’ ਦਾ ਐਂਟੀ ਸਿੱਖ ਗੀਤ ਗਾਉਣ ਦੀ ਗੱਲ ਕੀਤੀ ਤਾਂ ਅਵਤਾਰ ਸਿੰਘ ਮੱਕੜ ਪਹਿਲਾਂ ਤਾਂ ਬੜ੍ਹਕਿਆ ਪਰ ਅਗਲੇ ਦਿਨ ਹੀ ਉਸ ਨੇ ਥੁਕ ਕੇ ਚੱਟ ਲਿਆ ਤੇ ਗੁਰੁ ਦੀ ਗੋਲਕ ‘ਤੇ ਚਲਣ ਵਾਲੇ ਸਕੂਲਾਂ ਵਿਚ ਆਰ.ਐਸ.ਐਸ. ਦਾ ਗਾਣਾ/ਭਜਨ ਗੁਆ ਲਿਆ।
ਏਨੀ ਕੂ ਗ਼ੈਰਤ ਹੈ ਬਾਦਲਕਿਆਂ ਦੀ! ਰਾਜ ਨਾਥ ਜੋ ਮਰਜ਼ੀ ਬੋਲੀ ਜਾਵੇ, ਅਡਵਾਨੀ ਜੋ ਮਰਜ਼ੀ ਬਕੀ ਜਾਵੇ, ਸੁਦਰਸ਼ਨ ਜਿੰਨਾ ਮਰਜ਼ੀ ਜ਼ਹਿਰ ਫੈਲਾਵੇ, ਪਰ, ਬਾਦਲਕਿਆਂ ਨੂੰ ਕੋਈ ਫ਼ਰਕ ਨਹੀਂ ਪੈਂਦਾ। ਉਨ੍ਹਾਂ ਦੇ ਅੰਦਰ ਦਾ ਸਿੱਖ ਮਰ ਚੁਕਾ ਹੈ, ਉਨ੍ਹਾਂ ਦੇ ਅੰਦਰ ਦਾ ਮਰਦ ਨਾਮਰਦ ਬਣ ਚੁਕਾ ਹੈ; ਉਨ੍ਹਾਂ ਦੇ ਅੰਦਰ ਦਾ ਇਨਸਾਨ ਮਿੱਟੀ ਹੋ ਚੁਕਾ ਹੈ; ਉਨ੍ਹਾਂ ਦੀ ਰੂਹ ਬੇਜਾਨ ਹੋ ਚੁਕੀ ਹੈ; ਉਹ ਸਿਰਫ਼ ਮਿੱਟੀ ਦੇ ਬਾਵੇ ਹਨ ਜੋ ਬੋਲਦੇ ਨਹੀਂ, ਹਿਲਦੇ ਨਹੀਂ, ਕੰਬਦੇ ਨਹੀਂ, ਰੋਂਦੇ ਨਹੀਂ (ਹਸਦੇ ਵੀ ਨਹੀਂ), ਸੋਚਦੇ ਨਹੀਂ, ਅਹਿਸਾਸ ਨਹੀਂ ਕਰਦੇ; ਸ਼ਾਇਦ ਉਹ ਪੱਥਰ ਹਨ, ਸੋਮਨਾਥ ਮੰਦਰ ਦੇ ਬੁਤਾਂ ਵਾਂਗ ਉਨ੍ਹਾਂ ਵਿਚ ਜਾਨ ਤਾਂ ਹੈ ਹੀ ਨਹੀਂ, ਜ਼ਰਾ-ਮਾਸਾ ਲਗ਼ਜ਼ਿਸ਼ ਵੀ ਨਹੀਂ ਹੈ।
ਸ਼੍ਰੋਮਣੀ ਕਮੇਟੀ ਨੇ ਅਖੌਤੀ ‘ਸਹਿਜਧਾਰੀ’ ਬਾਰੇ ਇਕ-ਰਾਏ (ਸਰਬ ਸੰਮਤੀ) ਨਾਲ ਮਤਾ ਪਾਸ ਕਰ ਕੇ ‘ਸਿੱਖ ਦੀ ਤਾਰੀਫ਼’ (ਹਿੰਦੀ ਵਿਚ ‘ਪ੍ਰੀਭਾਸ਼ਾ’) ਬਾਰੇ ਮਤ ਪਾਸ ਕੀਤਾ, ਪਰ ਬਾਦਲ ਦੇ ਵਕੀਲ ਯਾਰ ਮੱਤੇਵਾਲ ਦੇ ਪੁੱਤਰ ਨੇ ਉਹ ਵੀ ਬਦਲ ਦਿੱਤੀ (ਸ਼੍ਰੋਮਣੀ ਕਮੇਟੀ ਦੇ ਵਕੀਲ ਜਦ ਰਾਧਾਸੁਆਮੀ ਮੁਖੀ ਦੇ ਰਿਸ਼ਤੇਦਾਰ ਹੋਣ ਤਾਂ ਇਹੀ ਹੋਣਾ ਸੀ)। ਏਡੀ ਬੇਸ਼ਰਮੀ ਦੀ ਹਰਕਤ ਬਾਰੇ ਘਟੀਆ ਤੋਂ ਘਟੀਆ ਬੰਦਾ ਵੀ ਸੋਚ ਨਹੀਂ ਸੀ ਸਕਦਾ। ਪਰ ਬਾਦਲਕਿਆਂ ਨੇ ਇਸ ਗੁਨਾਹ ਨੂੰ ਵੀ ਪਹਿਲਾਂ ਤਾਂ ‘ਸਹੀ’ ਕਿਹਾ ਤੇ ਕਾਫ਼ੀ ਦੇਰ ਅੜੇ ਰਹੇ ਕਿ ਹਾਈ ਕੋਰਟ ਵਿਚ ਉਹੀ ਹਲਫ਼ਨਾਮਾ ਪੇਸ਼ ਕੀਤਾ ਹੈ ਜੋ ਮਤਾ ਪਾਸ ਕੀਤਾ ਗਿਆ ਸੀ।
ਕਮੀਨਗੀ ਦੀ ਵੀ ਕੋਈ ਹੱਦ ਹੁੰਦੀ ਹੈ; ਬੇਹਯਾਈ ਦਾ ਵੀ ਕੋਈ ਮਿਆਰ ਹੁੰਦਾ ਹੈ; ਬੇਈਮਾਨੀ ਦਾ ਵੀ ਕੋਈ ਹਿਸਾਬ ਹੁੰਦਾ ਹੈ; ਬੇਗ਼ੈਰਤੀ ਦਾ ਵੀ ਕੋਈ ਦਰਜਾ ਹੁੰਦਾ ਹੈ, ਬੇਦੀਨ ਦੇ ਵੀ ਸ਼ਾਇਦ ਕੁਝ ਤਾਂ ਅਸੂਲ ਹੁੰਦੇ ਹੋਣਗੇ (ਅਸੂਲ ਤਾਂ ਕੰਜਰਾਂ/ਰੰਡੀਆਂ/ਵੇਸਵਾਵਾਂ ਦੇ ਵੀ ਹੁੰਦੇ ਹਨ) ਪਰ ਜਾਪਦਾ ਹੈ ਕਿ ਬਾਦਲਕਿਆਂ ਕੋਲ ਇਨ੍ਹਾਂ ਵਿਚੋਂ ਕੁਝ ਵੀ ਨਹੀਂ ਹੈ।
ਹੁਣ ਸਟਾਰ ਟੀ.ਵੀ. ਤੇ ਸਿੱਖੀ ਸਰੂਪ ਦੀ ਤੌਹੀਨ ਦਾ ਚਰਚਾ ਚਲਿਆ ਹੈ। ਮਜਾਲ ਹੈ ਕਿ ਕਿਸੇ ਬਾਦਲਕੇ ਨੇ ਕੋਈ ਬਿਆਨ ਵੀ ਦਿੱਤਾ ਹੋਵੇ। ਸਭ ਜਾਣਦੇ ਹਨ ਕਿ ਸਟਾਰ ਟੀ. ਵੀ. ਬਾਦਲ ਦੀ ‘ਰੂਹ, ਦਿਲ ਤੇ ਦਿਮਾਗ਼ ਦੇ ਮਾਲਿਕਾਂ’ ਆਰ. ਐਸ. ਐਸ. ਅਤੇ ਭਾਜਪਾ ਵਾਲਿਆਂ ਦਾ ਹੈ। ਉਹ ਹਰ ਇਕ ਸੀਰੀਅਲ ਵਿਚ ਸਿੱਖਾਂ ‘ਤੇ ਹਮਲਾ ਕਰਦੇ ਹਨ; ਸਿੱਖ ਕਿਰਦਾਰ ਨੂੰ ਘਟੀਆ ਤੇ ਨੀਵਾਂ ਦਸਦੇ ਹਨ; ਸਿੱਖ ਦਾ ਮਜ਼ਾਕ ਉਡਾਉਂਦੇ ਹਨ। ਜੇ ਹੋਰ ਨਾ ਹੋ ਸਕੇ ਤਾਂ ਉਹ ਹਰ ਸੀਰੀਅਲ ਵਿਚ ਘਟੋ-ਘਟ ਇਕ ਸਿੱਖ ਦੀ ਧੀ ਦਾ ਵਿਆਹ ਹਿੰਦੂ ਨਾਲ ਜ਼ਰੂਰ ਕਰਦੇ ਹਨ ਤੇ ਫਿਰ ਉਸ ਸਿੱਖ ਕੋਲੋਂ ਮੰਦਰ ਵਿਚ ਪੂਜਾ ਕਰਵਾਉਂਦੇ ਹਨ। ਇਹ ਗੱਲ ਸਿਰਫ਼ ਮੌਜੂਦਾ ਸੀਰੀਅਲ ਦੀ ਨਹੀਂ। ‘ਗ੍ਰਹਿਸਤੀ’ ਹੈ ਜਾਂ ‘ਤੁਝ ਸੰਗ ਪ੍ਰੀਤ ਲਗਾਈ’; ‘ਦੇਸ ਮੇਂ ਨਿਕਲਾ ਚਾਂਦ ਹੈ’ ਜਾਂ ‘ਖਿਚੜੀ’ ਜਾਂ ‘ਰੀ-ਮਿਕਸ’ ਜਾਂ ਕੋਈ ਹੋਰ। ਕੋਈ ਸੀਰੀਜ਼ ਵੀ ਹੋਵੇ, ਉਸ ਵਿਚ ਸਿੱਖ ਧਰਮ ‘ਤੇ ਹਮਲਾ ਜ਼ਰੂਰ ਹੁੰਦਾ ਹੈ। ਜ਼ੀ ਟੀ.ਵੀ ਅਤੇ ਦੂਜੇ ਟੀ.ਵੀਜ਼. ਵਾਲੇ ਤਾਂ ਕਦੇ-ਕਦੇ ਸਿੱਖੀ ‘ਤੇ ਹਮਲੇ ਕਰਦੇ ਹਨ ਪਰ ਸਟਾਰ ਵਾਲੇ ਤਾਂ ਹਰ ਸੀਰੀਅਲ ਵਿਚ ਹਰ ਹਾਲਤ ਵਿਚ, ਬਿਨਾਂ ਜ਼ਰੂਰਤ ਤੋਂ ਹੀ, ਇਕ ਸਿੱਖ ਪਾਤਰ ਲੈ ਆਉਂਦੇ ਹਨ ਤੇ ਉਸ ਦੀ ਬੇਇਜ਼ਤੀ ਕਰਦੇ ਹਨ। ਸਟਾਰ ਟੀ.ਵੀ. ‘ਤੇ ਕੋਈ ਆਈਟਮ ਪਾਸ ਹੀ ਤਾਂ ਹੁੰਦੀ ਹੈ ਜੇ ਉਸ ਵਿਚ ਇਕ ਅੱਧ ਐਂਟੀ ਸਿੱਖ ਸੀਨ ਜ਼ਰੂਰ ਹੋਵੇ ਵਰਨਾ ਉਸ ਨੂੰ ਰੱਦ ਕਰ ਦਿੱਤਾ ਜਾਂਦਾ ਹੈ।
ਸਟਾਰ ਟੀ.ਵੀ. ਇਹ ਸਾਰਾ ਕੁਝ ਸੋਚ ਸਮਝ ਕੇ, ਪੂਰੀ ਪਲਾਨਿੰਗ ਨਾਲ, ਕਰ ਰਿਹਾ ਹੈ। ਉਸ ਨੂੰ ਪਤਾ ਹੈ ਕਿ ਸਿੱਖ ਆਗੂਆਂ ਨੂੰ ਅਕਲ ਨਹੀਂ ਤੇ ਇਨ੍ਹਾਂ ‘ਸ਼ੇਰਾਂ ਦੀ ਫ਼ੌਜ ਦੇ ਗਧੇ ਜਰਨੈਲਾਂ’ ਨੂੰ ਕੁਝ ਵੀ ਪਤਾ ਨਹੀਂ ਲਗਣਾ। ਉਹ ਇਹ ਵੀ ਜਾਣਦਾ ਹੈ ਕਿ ਕੁਝ ਸਿੱਖ ਆਗੂ ਦੋ-ਚਾਰ ਦਿਨ ਬਿਆਨ ਛਪਵਾ ਕੇ ਚੁਪ ਹੋ ਜਾਣਗੇ; ਨਹੀਂ ਤਾਂ ਉਹ ਸਿੱਖਾਂ ਕੋਲੋਂ ਨੰਗੀਆਂ ਕਿਰਪਾਨਾਂ ਨਾਲ ਜਲੂਸ ਕਢਵਾ ਕੇ ਟੀ.ਵੀ. ਦੀਆਂ ਖ਼ਬਰਾਂ ਵਿਚ ਨੰਗੀਆਂ ਕਿਰਪਾਨਾਂ ਲਹਿਰਾਉਂਦੇ ਸਿੱਖ ਦਿਖਾ ਕੇ ਦੁਨੀਆਂ ਵਿਚ ਸਿੱਖਾਂ ਨੂੰ ‘ਦਹਿਸ਼ਤਗਰਦ’ ਦਿਖਾ ਦੇਣਗੇ। ਇਹ ਕਿਰਪਾਨਾਂ ਕਦੇ ਚਲਦੀਆਂ ਨਹੀਂ ਹੁੰਦੀਆਂ।
(ਇਨ੍ਹਾਂ ਤਲਵਾਰਾਂ ਨਾਲ ਕਦੇ ਕਿਸੇ ਜ਼ਾਲਮ, ਸਿੱਖ ਦੁਸ਼ਮਣ/ਨਿੰਦਕ ਦੀ ਧੌਣ ਨਹੀਂ ਲਾਹੀ ਜਾਂਦੀ, ਇਹ ਸਿਰਫ਼ ਸਿੱਖਾਂ ਨੂੰ ਦਹਿਸ਼ਤਗਰਦ ਦਿਖਾਉਣ ਵਾਸਤੇ ਕੱਢੀਆਂ/ਕਢਵਾਈਆਂ ਜਾਂਦੀਆਂ ਹਨ; ਤੇ ਜਾਂ ਫਿਰ ਨਿਜੀ ਵਿਰੋਧੀਆਂ ਜਾਂ ਇਨ੍ਹਾਂ ਤੋਂ ਵਖਰੇ ਵਿਚਾਰ ਰੱਖਣ ਵਾਲੇ ਸਿੱਖਾਂ ‘ਤੇ ਚਲਦੀਆਂ ਹਨ। ਅਖੌਤੀ ਦਸਮ ਗ੍ਰੰਥ ਦੇ ਵਿਰੋਧੀਆਂ ਵਾਸਤੇ ਤਾਂ ਇਹ ਤਲਵਾਰਾਂ ਚਲਾ/ਚਲਵਾ ਸਕਦੇ ਹਨ ਪਰ ਜੇ ਸਿੱਖੀ ‘ਤੇ ਜਾਂ ਗੁਰੁ ਸਾਹਿਬਾਨ ‘ਤੇ ਹਮਲਾ ਹੋਵੇ ਤਾਂ ਇਹ ਤਲਵਾਰਾਂ ਮਿਆਨਾਂ ਵਿਚ ਹੀ ਜਾਮ ਹੋ ਜਾਂਦੀਆਂ ਹਨ। ਇਹ ਤਲਵਾਰਾਂ ਡਾ: ਦਿਲਗੀਰ ਦੇ ਖ਼ਿਲਾਫ਼ ਤਾਂ ਚਲ ਸਕਦੀਆਂ ਹਨ ਪਰ ਪਿਸ਼ੌਰਾ ਸਿੰਘ, ਗੁਰਿੰਦਰ ਮਾਨ, ਹਰਜੋਤ ਉਬਾਰਾਏ, ਮਕਲਾਊਡ, ਖ਼ੁਸ਼ਵੰਤ ਸਿੰਘ, ਆਸ਼ੂਤੋਸ਼, ਰਾਮ ਰਹੀਮ, ਸੁਦਰਸ਼ਨ, ਅਡਵਾਨੀ, ਰਾਜ ਨਾਥ, ਸੁਸ਼ਮਾ ਸਵਰਾਜ ਦੇ ਖ਼ਿਲਾਫ਼ ਨਹੀਂ)। ਉਂਞ ਜਦ ਪੁਲੀਸ/ਸੀ.ਆਰ.ਪੀ./ਫ਼ੌਜ ਗ੍ਰਿਫ਼ਤਾਰ ਕਰਨ ਆਵੇ ਜਾਂ ਕੋਈ ਗੁੰਡਾ ਗਰੁਪ ਅੱਗੋਂ ਡਾਂਗਾਂ ਹੀ ਕੱਢ ਲਵੇ ਤਾਂ ਇਹ ਭੱਜਣ ਲਗਿਆਂ ਸਾਹ ਵੀ ਨਹੀਂ ਲੈਂਦੇ। (ਇਹ ਕੁਝ ਨਵੰਬਰ 2007 ਵਿਚ ਬਠਿੰਡਾ ਵਿਚ ਹੋਇਆ ਵੀ ਸੀ)।
ਅਜਿਹਾ ਜਾਪਦਾ ਹੈ ਕਿ ਸਿੱਖ ਦੁਸ਼ਮਣਾਂ ਨੇ ਲੱਭ ਲਿਆ ਹੈ ਕਿ ਸਿੱਖਾਂ ਵਿਚ ਮਰਦਾਨਗੀ ਖ਼ਤਮ ਹੋ ਗਈ ਹੈ। ਇਨ੍ਹਾਂ ਦੇ ਲੀਡਰ ਵਿਕ ਚੁਕੇ ਹਨ ਤੇ ਧਰਮ ਛੱਡ ਚੁਕੇ ਹਨ। ਕਦੇ ਸਿੱਖ ਦੂਜੇ ਦਾ ਧਰਮ ਬਚਾਉਂਦੇ ਸੀ ਪਰ ਅਜ ਆਪਣੇ ਧਰਮ ‘ਤੇ ਹਮਲੇ ਵੇਖ ਕੇ ਅੰਦਰ ਵੜ ਕੇ ਕੁੰਡੇ ਮਾਰ ਲੈਂਦੇ ਹਨ। ਪਰਮਜੀਤ ਸਿੰਘ ਸਰਨਾ ਧੜਾ ਜਾਂ ਸਿਮਰਨਜੀਤ ਸਿੰਘ ਮਾਨ ਜਾਂ ਕੁਝ ਹੋਰ ਜ਼ਰਾ ਮਾਸਾ ਬੋਲਦੇ ਹਨ ਪਰ ਬਾਦਲ ਗਰੁਪ ਨੇ ਤਾਂ ‘ਲੋਈ ਹੀ ਲਾਹ ਦਿੱਤੀ’ ਹੈ। ਜਾਪਦਾ ਹੀ ਨਹੀਂ ਸਾਫ਼ ਦਿਸ ਰਿਹਾ ਹੈ ਕਿ ਬਾਦਲਕੇ ਸਿੱਖੀ ਨੂੰ ਨਫ਼ਰਤ ਕਰਨ ਲਗ ਪਏ ਹਨ। ਕਈ ਵਾਰ ਤਾਂ ਲਗਦਾ ਹੈ ਕਿ ਬਾਦਲ ਤਾਂ ਆਪ “ਸਿੱਖ” ਲਫ਼ਜ਼ ਨੂੰ ਵੀ ਨਫ਼ਰਤ ਕਰਦਾ ਹੈ; ਉਸ ਨੂੰ ਸਿੱਖੀ ਨਾਲ ਸ਼ਾਇਦ ਆਰ.ਐਸ.ਐਸ. ਤੋਂ ਵੀ ਵਧ ਨਫ਼ਰਤ ਹੈ। ਉਹ ਸਿੱਖ ਦੁਸ਼ਮਣ ਨਿਰੰਕਾਰੀਆਂ, ਰਾਧਾਸੁਆਮੀਆਂ, ਨਾਮਧਾਰੀਆਂ, ਆਸ਼ੂਤੋਸ਼ੀਆਂ ਦੀ ਸਰਪਰਸਤੀ ਕਰਦਾ ਹੈ (ਹੁਣ ਲਗ ਰਿਹਾ ਹੈ ਕਿ ਉਸ ਨੇ ਸਰਸਾ ਵਾਲੇ ਸਾਧ ਨਾਲ ਵੀ ਖ਼ੁਫ਼ੀਆ ਸਮਝੌਤਾ ਕਰ ਲਿਆ ਹੈ)। ਇਸ ਦੀ ਇਕ ਮਿਸਾਲ ਉਸ ਦੇ ਇਕ ਤਾਜ਼ਾ ਕਾਰਨਾਮੇ ਵਿਚੋਂ ਨਜ਼ਰ ਆਉਂਦੀ ਹੈ। ਉਹ ਭਗਤ ਸਿੰਘ ਦੇ ਨਾਂ ‘ਤੇ ਤਾਂ ਜ਼ਿਲ੍ਹਾ ਵੀ, ਬਸ ਸਟੈਂਡ ਵੀ ਤੇ ਤੇ ਏਅਰਪੋਰਟ ਵੀ ਤੇ ਕਈ ਹੋਰ ਕੁਝ ਵੀ ਬਣਾ ਸਕਦਾ ਹੈ (ਭਗਤ ਸਿੰਘ ਦੇ ਨਾਂ ‘ਤੇ 40 ਅਦਾਰਿਆਂ ਦੇ ਨਾਂ ਰਖੇ ਗਏ ਹਨ); ਪਰ ਬਾਬਾ ਬੰਦਾ ਸਿੰਘ ਬਹਾਦਰ, ਭਾਈ ਬਾਜ਼ ਸਿੰਘ, ਭਾਈ ਜੀਵਨ ਸਿੰਘ (ਜੈਤਾ), ਭਾਈ ਮਨੀ ਸਿੰਘ, ਭਾਈ ਬੋਤਾ ਸਿੰਘ - ਗਰਜਾ ਸਿੰਘ, ਭਾਈ ਸੁੱਖਾ ਸਿੰਘ - ਮਹਿਤਾਬ ਸਿੰਘ, ਭਾਈ ਤਾਰੂ ਸਿੰਘ, ਨਵਾਬ ਕਪੂਰ ਸਿੰਘ, ਭਾਈ ਜੱਸਾ ਸਿੰਘ ਆਹਲੂਵਾਲੀਆ, ਭਾਈ ਜੱਸਾ ਸਿੰਘ ਰਾਮਗੜ੍ਹੀਆ, ਹਰੀ ਸਿੰਘ ਨਲਵਾ, ਅਕਾਲੀ ਫੂਲਾ ਸਿੰਘ, ਸ਼ਾਮ ਸਿੰਘ ਅਟਾਰੀਵਾਲਾ ਉਸ ਨੂੰ ਭਗਤ ਸਿੰਘ ਤੋਂ ਘਟੀਆ, ਛੋਟੇ ਤੇ ਹੀਣੇ ਜਾਪਦੇ ਹਨ ਜਿਨ੍ਹਾਂ ਦੇ ਨਾਂ ‘ਤੇ ਇਕ-ਇਕ ਵੀ ਅਦਾਰਾ ਨਹੀਂ ਬਣ ਸਕਦਾ। ਕਈ ਵਾਰ ਤਾਂ ਇਹ ਵੀ ਜਾਪਦਾ ਹੈ ਕਿ ਬਾਦਲ ਨੂੰ ਗੁਰੁ ਸਾਹਿਬਾਨ ਵੀ ਭਗਤ ਸਿੰਘ ਵਗ਼ੈਰਾ ਤੋਂ ਛੋਟੇ ਜਾਪਦੇ ਹਨ; ਉਸ ਨੇ ਤਾਂ ਗੁਰੂਆਂ ਦੇ ਨਾਂ ‘ਤੇ ਵੀ ਕੋਈ ਯਾਦਗਾਰ ਨਹੀਂ ਬਣਾਈ। ਕਾਂਗਰਸੀ ਚੀਫ਼ ਮਨਿਸਟਰ ਕੈਪਟਨ ਅਮਰਿੰਦਰ ਸਿੰਘ ਨੇ 2005 ਵਿਚ ਚਮਕੌਰ, ਫ਼ਤਹਿਗੜ੍ਹ, ਮੁਕਤਸਰ, ਤਰਨਤਾਰਨ, ਖਡੂਰ ਵਗ਼ੈਰਾ ਵਿਚ ਸਿੱਖਾਂ ਦੀਆਂ ਯਾਦਗਾਰਾਂ ਬਣਾਈਆਂ ਸਨ ਪਰ ਬਾਦਲ ਨੇ ਇਕ ਵੀ ਯਾਦਗਾਰ ਸਰਕਾਰ ਵਲੋਂ, ਨਹੀਂ ਬਣਾਈ (ਉਸ ਨੇ 1999 ਵਿਚ ਅਨੰਦਪੁਰ ਸਾਹਿਬ ਵਿਚ ਖਾਲਸਾ ਹੈਰੀਟੇਜ ਕੰਪਲੈਕਸ ਬਣਾਉਣਾ ਸ਼ੁਰੂ ਕੀਤਾ ਸੀ ਪਰ ਉਸ ਦੇ ਨਾਂ ‘ਤੇ ਸਾਇਦ 200 ਕਰੋੜ ਰੁਪੈ ਹੜਪ ਕੀਤੇ ਜਾ ਚੁਕੇ ਹਨ ਤੇ ਬਣਿਆ ਕੁਝ ਵੀ ਨਹੀਂ)। ਹਾਂ ਬਾਦਲ ਦੀ ਸ਼੍ਰੋਮਣੀ ਕਮੇਟੀ ਨੇ ਗੁਰੁ ਗ੍ਰੰਥ ਸਾਹਿਬ ਦੇ ਨਾਂ ‘ਤੇ ਫ਼ਤਹਿਗੜ੍ਹ ਵਿਚ ਯੂਨੀਵਰਸਿਟੀ ਬਣਾਉਣੀ ਸ਼ੁਰੂ ਕੀਤੀ ਜਿਸ ਨੂੰ ਪਹਿਲਾਂ ਧਰਮ ਪਰਚਾਰ ਦੇ ਨਾਂ ‘ਤੇ ਸ਼ੁਰੂ ਕੀਤਾ ਗਿਆ ਪਰ ਮਗਰੋਂ ਧਰਮ ਦਾ ਨਾਂ ਉਡਾ ਦਿੱਤਾ ਗਿਆ। ਹਾਲਾਂ ਕਿ ਇਸ ‘ਤੇ ਪੈਸਾ ਸ਼੍ਰੋਮਣੀ ਕਮੇਟੀ ਦੇ ਧਰਮ ਪ੍ਰਚਾਰ ਫ਼ੰਡ ‘ਚੋਂ ਲਾਇਆ ਗਿਆ ਹੈ। ਹੋਰ ਤਾਂ ਹੋਰ ਇਸ ਦਾ ਟਰਸਟ ਬਣਾ ਕੇ ਸ਼ਰੋਮਣੀ ਕਮੇਟੀ ਨੂੰ ਸਿਰਫ਼ ਪੈਸਾ ਖਰਚਣ ਦਾ ਹੱਕ ਦਿਤਾ ਹੈ ਬਾਕੀ ਹੱਕ ਉਸ ਟਰਸਟ ਕੋਲ ਹਨ ਜਿਸ ਦੇ ਮੈਂਬਰਾਂ ਵਿਚੋਂ ਮੁਖ ਇਕ 1984ਵਿਚ ਦਰਬਾਰ ਸਾਹਿਬ ‘ਤੇ ਹਮਲਾ ਕਰਨ ਵਾਸਤੇ ਦਸਤਖ਼ਤ ਕਰਨ ਵਾਲਾ, ਇਕ ਰਾਧਾਸੁਆਮੀ ਦਾ ਕੁੜਮ ਤੇ ਤੀਜਾ ਮੰਦਰਾਂ ਵਿਚ ਹਵਨ ਤੇ ਪੂਜਾ ਕਰਨ ਵਾਲਾ ਹੈ, ਯਾਨਿ ਕਿ ਇਨ੍ਹਾਂ ਵਿਚ ਅਸਲ ਵਿਚ ਸਿੱਖ ਸ਼ਾਇਦ ਕੋਈ ਵੀ ਨਹੀਂ। ਯੂਨੀਵਰਸਿਟੀ ’ਤੇ ਪੈਸਾ ਧਰਮ ਪ੍ਰਚਾਰ ਦਾ ਅਤੇ ਮਾਲਕ ਸਿੱਖੀ ਦੇ ਦੁਸ਼ਮਣ। ਪੈਸਾ ਧਰਮ ਦਾ ਮਲਕੀਅਤ ਸਿੱਖ ਦੁਸ਼ਮਣਾਂ ਦੀ; ਨਾਂ ਧਰਮ ਪਰਚਾਰ ਦਾ ਤੇ ਕਾਰਵਾਈਆਂ ਸਿੱਖੀ ਨਾਲ ਦੁਸ਼ਮਣੀ ਦੀਆਂ। ਇਹ ਸਿਰਫ਼ ਬਾਦਲ ਹੀ ਕਰ ਸਕਦਾ ਹੈ।
ਹੁਣ ਜਦ ਸਟਾਰ ਟੀ.ਵੀ. ਦੀ ਗੁੰਡਾਗਰਦੀ ਦੀ ਗੱਲ ਸਾਹਮਣੇ ਆਈ ਹੈ ਤਾਂ ਬਾਦਲ ਦਾ ਪਤਿਤਾਂ (ਪਤਿਤ ਦਾ ਮਾਅਨਾ ਹੈ: “ਗਿਰਿਆ ਹੋਇਆ” ਤੇ ਬਾਦਲ ਦਲ ਵਿਚ ਹੁਣ ਵੱਡੀ ਗਿਣਤੀ ‘ਪਤਿਤਾਂ’ ਦੀ ਹੈ) ਦਾ ਦਲ ਜਾਂ ਉਸ ਦੀ ਆਰ.ਐਸ.ਐਸ ਦੀਆਂ ਹਦਾਇਤਾਂ ਨਾਲ ਚਲਣ ਵਾਲੀ ਸ਼੍ਰੋਮਣੀ ਕਮੇਟੀ ਪੰਥਕ ਹਿਤਾਂ ਦੀ ਰਾਖੀ ਕੀ ਕਰੇਗੀ। ਉਹ ਸਟਾਰ ਟੀ.ਵੀ. ’ਤੇ ਧਾਰਾ 295 ਦਾ ਕੇਸ ਕਿੱਥੇ ਬਣਾਵੇਗੀ। ਬਾਦਲ ਸਰਕਾਰ ਤਾਂ ਬੇਅੰਤ ਦੇ ਗਲ ਵਿਚ ਫੱਟੀ ਲਟਕਾਉਣ ’ਤੇ ਦੇਸ਼ ਧ੍ਰੋਹ ਦਾ ਕੇਸ ਬਣਾਵੇਗੀ। ਸਰਸੇ ਵਾਲੇ ਸਾਧ ਖਿਲਾਫ਼ ਮੁਜ਼ਾਹਰਾ ਕਰਨ ਵਾਲਿਆਂ ਨੂੰ ਜੇਲਾਂ ਵਿਚ ਸੁੱਟੇਗੀ। ਕਈ ਵਾਰ ਜਾਪਦਾ ਹੈ ਕਿ ਜੇ ਕੋਈ ਆਰ.ਐਸ.ਐਸ ਵਾਲਾ ਜਾਂ ਭਾਜਪਾ ਦਾ ਚੌਧਰੀ ਕਿਸੇ ਬਾਦਲਕੇ ਦੀ ਧੀ ਦਾ ਰੇਪ ਵੀ ਕਰ ਜਾਵੇ ਤਾਂ ਇਹ ਕਹਿਣਗੇ ਕਿ ‘ਅਸੀਂ ਇਹ ਮਸਲਾ ਅੰਦਰ ਬੈਠ ਕੇ ਹੱਲ ਕਰ ਲਵਾਂਗੇ, ਅਦਾਲਤ ਵਿਚ ਜਾਣ ਦੀ ਵੀ ਲੋੜ ਨਹੀਂ।’
ਬੀਤੇ ਹਫ਼ਤੇ ਪ੍ਰਕਾਸ਼ ਸਿੰਘ ਬਾਦਲ ਨੇ ਐਲਾਣ ਕੀਤਾ ਸੀ ਕਿ ਕੂਕਿਆਂ ਦੇ ਪਿੰਡਾਂ ਵਿਚ ਉਨ੍ਹਾਂ ਦੀਆਂ ਯਾਦਗਾਰਾਂ ਬਣਾਈਆਂ ਜਾਣਗੀਆਂ। ਸ਼ਾਇਦ ਮੇਰੀ ਗੱਲ ਕੁਝ ਲੋਕਾਂ ਨੂੰ ਚੁਭਵੀਂ ਜਾਪੇ ਪਰ ਇਹ ਸੱਚ ਹੈ ਕਿ ਇਨ੍ਹਾਂ ਕੂਕਿਆਂ, ਜਿਨ੍ਹਾਂ ਦੀਆਂ ਯਾਦਗਾਰਾਂ ਬਣਾਉਣ ਦੀ ਗੱਲ ਬਾਦਲ ਨੇ ਕਹੀ ਹੈ, ਉਹ ਕੁਝ ਬੁੱਚੜਾਂ ਨੂੰ ਕਤਲ ਕਰਨ ਕਰ ਕੇ ਫ਼ਾਂਸੀ ਚੜ੍ਹਾਏ ਗਏ ਸਨ। ਇਹ ਬੁੱਚੜ ਵਿਚਾਰੇ ਗ਼ਰੀਬ ਦਲਿਤ ਲੋਕ ਸਨ ਜਿਹੜੇ ਰੋਟੀ ਖ਼ਾਤਿਰ ਨੌਕਰੀਆਂ ਕਰ ਰਹੇ ਸਨ। ਉਨ੍ਹਾਂ ਦੀ ਬਜਾਇ ਬੁੱਚੜਖਾਨਾ ਖੋਲ੍ਹਣ ਵਾਲਿਆਂ ‘ਤੇ ਹਮਲਾ ਕੀਤਾ ਹੁੰਦਾ ਤਾਂ ਸ਼ਾਇਦ ਇਨ੍ਹਾਂ ਕੂਕਿਆਂ ਨਾਲ ਹਮਦਰਦੀ ਜਾਇਜ਼ ਹੁੰਦੀ, ਪਰ ਬੇਗੁਨਾਹ, ਗ਼ਰੀਬ, ਦਲਿਤਾਂ (ਬੁੱਚੜ ਹੀ ਸਹੀ) ਦਾ ਕਤਲ ਕਰਨ ਵਾਲੇ ਲੋਕਾਂ ਦੀ ਯਾਦਗਾਰ ਦਾ ਕੋਈ ਤੁਕ ਨਹੀਂ ਬਣਦਾ। ਉਂਞ ਕੀ ਬਾਦਲ ਨੇ ਕਦੇ ਬੰਦਾ ਸਿੰਘ ਬਹਾਦਰ, ਭਾਈ ਬਾਜ਼ ਸਿੰਘ (ਸੂਬੇਦਾਰ ਸਰਹਿੰਦ), ਭਾਈ ਫ਼ਤਹਿ ਸਿੰਘ (ਸੂਬੇਦਾਰ ਸਮਾਣਾ), ਨਵਾਬ ਕਪੂਰ ਸਿੰਘ, ਭਾਈ ਜੀਵਨ ਸਿੰਘ (ਜੈਤਾ), ਭਾਈ ਮਨੀ ਸਿੰਘ, ਭਾਈ ਬੋਤਾ ਸਿੰਘ - ਗਰਜਾ ਸਿੰਘ, ਭਾਈ ਸੁੱਖਾ ਸਿੰਘ - ਮਹਿਤਾਬ ਸਿੰਘ, ਭਾਈ ਤਾਰੂ ਸਿੰਘ, ਨਵਾਬ ਕਪੂਰ ਸਿੰਘ, ਭਾਈ ਜੱਸਾ ਸਿੰਘ ਆਹਲੂਵਾਲੀਆ, ਭਾਈ ਜੱਸਾ ਸਿੰਘ ਰਾਮਗੜ੍ਹੀਆ, ਹਰੀ ਸਿੰਘ ਨਲਵਾ, ਅਕਾਲੀ ਫੂਲਾ ਸਿੰਘ, ਸ਼ਾਮ ਸਿੰਘ ਅਟਾਰੀਵਾਲਾ ਦੀ ਵੀ ਕਦੇ ਯਾਦਗਾਰ ਬਣਾਈ ਹੈ। ਉਹ ਤਾਂ ਰਾਮ ਸਿੰਘ ਕੂਕੇ ਦੀ ਯਾਦਗਾਰ ਬਣਾਉਣ ਵਾਸਤੇ ਪਿੰਡਾਂ ਦੇ ਪਿੰਡ ਐਕੁਆਇਰ ਕਰ ਕੇ ਉਜਾੜਣ ਵਾਸਤੇ ਹੁਕਮ ਜਾਰੀ ਕਰ ਸਕਦਾ ਹੈ, ਪਰ ਇਕ ਸ਼ਹੀਦ ਸਿੱਖ ਵਾਸਤੇ ਗੁਰਦੁਆਰਾ ਬਣਾਉਣ ਲਈ ਚਾਰ ਕਨਾਲ ਜ਼ਮੀਨ ਤਕ ਦੇਣ ਨੂੰ ਤਿਆਰ ਨਹੀਂ।
21 ਜਨਵਰੀ 2009 ਨੂੰ ਸੁਖਬੀਰ ਜਦ ਦਰਬਾਰ ਸਾਹਿਬ ਗਿਆ ਤਾਂ ਉਸ ਨੂੰ ‘ਸਿਰੋਪਾ’ ਦੇਣ ਵਾਸਤੇ ਦਰਬਾਰ ਸਾਹਿਬ ਦੇ ਗ੍ਰੰਥੀ ਉਠ ਖੜੇ ਹੋਏ ਅਤੇ ਗੁਰੂ ਗ੍ਰੰਥ ਸਾਹਿਬ ਤੋਂ ਵੀ ਵਧ ਅਦਬ ਦਿੱਤਾ। ਇਸ ਤੋਂ ਵਧ ਸ਼ਰਮਨਾਕ ਗੱਲ ਇਨ੍ਹਾਂ ਘਟੀਆ ਗ੍ਰੰਥੀਆਂ ਵਾਸਤੇ ਹੋਰ ਕੀ ਹੋ ਸਕਦੀ ਸੀ (ਚੇਤੇ ਰਹੇ ਕਿ ਇਹ ਹਰਕਤ ਤਾਂ ਅੰਗਰੇਜ਼ਾਂ ਵੇਲੇ ਕਿਸੇ ਪੁਜਾਰੀ ਨੇ ਵੀ ਨਹੀਂ ਸੀ ਕੀਤੀ)। ਹਾਂ ਇਸ ਤੋਂ ਇਕ ਗੱਲ ਸਾਫ਼ ਹੋ ਜਾਂਦੀ ਹੈ ਕਿ ਬਾਦਲ ਨੇ ਦਰਬਾਰ ਸਾਹਿਬ ਨੂੰ ਵੀ ਅਕਾਲੀ ਪਾਰਟੀ ਦਾ ਦਫ਼ਤਰ ਬਣਾ ਲਿਆ ਹੈ। ਇਹ ਸਿੱਖੀ ਨਾਲ ਜ਼ੁਲਮ ਦੀ ਇੰਤਹਾ ਨਹੀਂ ਤਾਂ ਹੋਰ ਕੀ ਹੈ।
ਬਾਦਲ ਨੇ ਆਰ. ਐਸ. ਐਸ. ਨੂੰ ਉਵੇਂ ਹੀ ਆਪਣੇ ਆਕਾ ਬਣਾਇਆ ਹੋਇਆ ਹੈ ਜਿਵੇਂ (ਮਹਾਰਾਜਾ) ਰਣਜੀਤ ਸਿੰਘ ਨੇ ਡੋਗਰਿਆਂ (ਧਿਆਨ ਸਿੰਹ, ਗੁਲਾਬ ਸਿੰਹ, ਹੀਰਾ ਸਿੰਹ) ਅਤੇ ਹਿੰਦੂਸਤਾਨ ਦੇ ਬ੍ਰਾਹਮਣਾਂ (ਲਾਲ ਸਿੰਹ, ਤੇਜਾ ਸਿੰਹ) ਨੂੰ ਬਣਾਇਆ ਸੀ ਤੇ ਇਹ ਪੰਜਾਬ ਤੇ ਸਿੱਖੀ ਨਾਲ ਉਹੀ ਕਰਨਗੇ ਜੋ ਡੋਗਰਿਆਂ ਤੇ ਬ੍ਰਾਹਮਣਾਂ ਨੇ ਰਣਜੀਤ ਸਿੰਘ ਦੀ ਸਲਤਨਤ ਨਾਲ ਕੀਤਾ ਸੀ।
ਅਜ ਹਾਲਤ ਇਹ ਹੈ ਕਿ ਬਾਦਲ ਨੇ ਅਕਾਲੀ ਦਲ, ਪੰਜਾਬ ਸਰਕਾਰ, ਸ਼੍ਰੋਮਣੀ ਕਮੇਟੀ, ਅਕਾਲ ਤਖ਼ਤ ਸਾਹਿਬ, ਦਬਾਰ ਸਾਹਿਬ, ਧਰਮ ਪ੍ਰਚਾਰ ਕਮੇਟੀ, ਸਿੱਖ ਯੂਨੀਵਰਸਿਟੀ, ਗੁਰਦੁਆਰੇ ਸਾਰੇ ਆਪਣੀ (ਅੰਦਰਲੀ) ਜੇਬ੍ਹ ਵਿਚ ਪਾ ਲਏ ਹਨ ਅਤੇ ਬਾਦਲ ਆਪ ਭਾਜਪਾ ਦੀ ਜੇਬ੍ਹ ਵਿਚ ਹੈ। ਆਪਣੇ ਖ਼ਾਨਦਾਨ ਵਿਚ ਇਕ ਚੀਫ਼ ਮਨਿਸਟਰੀ ਰੱਖਣ ਵਾਸਤੇ ਬਾਦਲ ਨੇ ਪੰਥ ਨੂੰ ਹਿੰਦੂ ਮੂਲਵਾਦੀਆਂ ਤੇ ਦਹਿਸ਼ਤਗਰਦਾਂ ਕੋਲ ਵੇਚ ਦਿੱਤਾ ਹੈ। ਏਨੀ ਨਿੱਕੀ ਤੇ ਨਿਗੂਣੀ ਚੀਜ਼ ਦੀ ਕੀਮਤ ਬਾਦਲ ਨੇ ਪੰਥ ਨੂੰ ਵੇਚ ਕੇ ਦਿੱਤੀ ਹੈ।
ਇਸ ਸਭ ਕੁਝ ਨੂੰ ਵੇਖ ਕੇ ਅਹਿਸਾਸ ਹੁੰਦਾ ਹੈ ਕਿ ਬਾਦਲ ਦੇ ਹੁੰਦਿਆਂ ਸਿੱਖਾਂ ਨੂੰ ਦੁਸ਼ਮਣ ਦੀ ਲੋੜ ਨਹੀਂ ਹੈ। ਬੇਗ਼ੈਰਤ ਹਨ ਅਜਿਹੇ ਆਗੂਆਂ ਦੇ ਪਿਛੇ ਚਲਣ ਵਾਲੇ ਪਗੜੀਧਾਰੀ, ਬਾਦਲਕੇ ਅਕਾਲੀ (ਦਰਅਸਲ ਅਕਾਲੀ ਨਹੀਂ ਇਨ੍ਹਾਂ ਨੂੰ ਮਸੰਦਾ, ਮਹੰਤਾਂ, ਰਾਮ ਰਾਏ, ਧੀਰ ਮੱਲ, ਪ੍ਰਿਥੀ ਚੰਦ, ਨਿਰੰਕਾਰੀਆਂ ਵਗ਼ੈਰਾ ਦੇ ਵਾਰਿਸ ਕਹਿਣਾ ਵਧੇਰੇ ਠੀਕ ਹੈ)।
ਜੇ ਇੰਞ ਹੀ ਰਿਹਾ ਤਾਂ ਕਲ੍ਹ ਨੂੰ ਤਵਾਰੀਖ਼ ਕਹੇਗੀ ਕਿ ਬਾਦਲ ਸਿੱਖ ਕੌਮ ਨੂੰ ਨਾਸਤੋ ਨਾਬੂਦ ਕਰਨ ਵਿਚ ਕਾਮਯਾਬ ਹੋ ਗਿਆ ਤੇ ਸਿੱਖ (ਕੀ ਉਨ੍ਹਾਂ ਨੂੰ ‘ਸਿੱਖ’ ਕਹੋਗੇ?) ਚੁਪਚਾਪ ਉਸ ਦੇ ਪਿੱਛੇ ਚਲਦੇ ਰਹੇ।
ਹਾਲਾਤ ਵੇਖ ਕੇ ਜਾਪਦਾ ਹੈ ਕਿ ਛੇਤੀ ਹੀ ਤਵਾਰੀਖ਼ ਲਿਖੇਗੀ ਕਿ ਸਿੱਖ ਧਰਮ ਗੁਰੁ ਨਾਨਕ ਸਾਹਿਬ ਨੇ ਸ਼ੁਰੂ ਕੀਤਾ ਸੀ ਤੇ ਇਹ ਸਿਰਫ਼ ਸਾਢੇ ਕੂ ਪੰਜ ਸੌ ਸਾਲ ਜ਼ਿੰਦਾ ਰਿਹਾ ਤੇ ਫ਼ਿਰ ਜਦ ਇਸ ਕੌਮ ਵਿਚ ਸੂਝ, ਗ਼ੈਰਤ, ਹਯਾ, ਈਮਾਨ, ਤਾਕਤ, ਮਰਦਾਨਗੀ, ਬਹਾਦਰੀ, ਹਿੰਮਤ, ਦਲੇਰੀ, ਜੁਰਅਤ ਖ਼ਤਮ ਹੋ ਗਈ ਤਾਂ ਸਿੱਖਾਂ ਵਿਚ ਇਕ ਬਾਦਲ ਪੈਦਾ ਹੋਇਆ ਜਿਸ ਦੀ ਅਣਥਕ ਜਦੋਜਹਿਦ ਸਦਕਾ ਇਹ ਧਰਮ ਹੌਲੀ-ਹੌਲੀ ਤਵਾਰੀਖ਼ ਦੇ ਨਕਸ਼ੇ ਤੋਂ ਮਿਟ ਗਿਆ। (24.1.2009)।
ਮੈਂ ਇਹ ਲੇਖ ਢਹਿੰਦੀ ਕਲਾ ਦੀ ਸੋਚ ਨਾਲ ਨਹੀਂ ਲਿਖਿਆ। ਮੈਂ ਤਾਂ ਸਦਾ ਚੜ੍ਹਦੀ ਕਲਾ ਵਿਚ ਰਹਿੰਦਾ ਹਾਂ। ਮੈਂ ਇਸ ਲੇਖ ਰਾਹੀਂ ਸਿੱਖਾਂ ਨੂੰ ਅਸਲ ਪੰਥ ਦੋਖੀਆਂ ਤੋਂ ਬਚ ਕੇ ਪੰਥ ਦੇ ਨਿਰਾਲਾਪਣ ਨੂੰ ਬਚਾਉਣ ਵਾਸਤੇ ਵੰਗਾਰਨਾ ਚਾਹੁੰਦਾ ਸੀ। ਸਿੱਖ ਧਰਮ ਜਦ ਤਕ ਦੁਨੀਆਂ ਕਾਇਮ ਹੈ, ਖ਼ਤਮ ਨਹੀਂ ਹੋਵੇਗਾ, ਇਹ ਵਾਹਿਗੁਰੂ ਦਾ ਧਰਮ ਹੈ। ਇਸ ਧਰਮ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰਨ ਵਾਲੇ ਤੇ ਇਸ ਦੇ ਦੁਸ਼ਮਣਾਂ ਦੇ ਹੱਥ ਦੀ ਤਲਵਾਰ ਬਣਨ ਵਾਲੇ ਪਗੜੀਧਾਰੀਆਂ ਦਾ ਨਾਮੋ-ਨਿਸ਼ਾਨ ਜ਼ਰੂਰ ਮਿਟ ਜਾਵੇਗਾ।
1 comment:
SSA 22ji,
Sikha wich mard khatam ni hoye but afsos di gal ih hai ki ih ik flag hetha ni hun. Sikh leadership ta amritdhari masanda de hath hai n je koi hawara warga mard charge lenda hai ta us nu Terrorist bana dita janda hai. anyway ajj sikha da jo vi haal hai, ih hamesha ni rahuga, Guru ji ne kiha si 'Raj karega Khalsa' n guru ji galat ni ho sakde.
SSA.
Taranjit Singh
Post a Comment