
ਪ੍ਰੋ. ਗੁਰਵਿੰਦਰ ਸਿੰਘ ਧਾਲੀਵਾਲ
ਭਾਸ਼ਾ ਵਿਗਿਆਨੀ ਮੰਨਦੇ ਹਨ ਕਿ ਭਾਸ਼ਾ ਸ਼ਬਦਾਂ ਦਾ ਅਜਿਹਾ ਸਮੂਹ ਹੈ, ਜਿਸ ਰਾਹੀਂ ਮਨੁੱਖ ਮੌਖਿਕ ਜਾਂ ਲਿਖਤੀ ਰੂਪ ’ਚ, ਆਪਣੇ ਖਿਆਲਾਂ ਦਾ ਪ੍ਰਗਟਾਵਾ ਕਰਦਾ ਹੈ। 21ਵੀਂ ਸਦੀ ’ਚ ਸੰਸਾਰ ਭਰ ਵਿੱਚ ਛੇ ਹਜ਼ਾਰ ਤੋਂ ਵੱਧ ਭਾਸ਼ਾਵਾਂ-ਸੰਚਾਰ ਮਾਧਿਅਮ ਵਜੋਂ ਮਨੁੱਖ ਵਲੋਂ ਵਰਤੀਆਂ ਜਾ ਰਹੀਆਂ ਹਨ, ਜਿਨਾਂ ਵਿੱਚੋਂ ਅੰਗਰੇਜ਼ੀ ਕੌਮਾਂਤਰੀ ਪੱਧਰ ’ਤੇ ਪ੍ਰਵਾਨਿਤ ਹੋ ਚੁੱਕੀ ਹੈ। ਅਸਲ ਵਿੱਚ ਬਸਤੀਵਾਦ ਦੇ ਦੌਰ ’ਚ ਅੰਗਰੇਜ਼ੀ ਸਮਾਰਾਜਵਾਦੀਆਂ ਵਲੋਂ ਥੋਪੀ ਜਾਂਦੀ ਸੀ, ਪਰ ਹੁਣ ‘ਸੰਸਾਰੀਕਰਣ’ ਦੇ ਯੁੱਗ ’ਚ ‘ਵਿਕਾਸ ਦਾ ਰਾਹ’ ਦੱਸਦਿਆਂ, ਇਸ ਨੂੰ ਖੁਸ਼ੀ ਨਾਲ ਅਪਣਾਇਆ ਜਾ ਰਿਹਾ ਹੈ। ਜੇਕਰ ਪੰਜਾਬੀ ਬੋਲੀ ਦੀ ਗੱਲ ਕਰੀਏ, ਤਾਂ ਵਰਤਮਾਨ ਸਮੇਂ ਪੰਜਾਬੀ ਦੁਨੀਆਂ ’ਚ ਬੋਲੀ ਜਾਣ ਵਾਲੀ 10ਵੀਂ ਜ਼ੁਬਾਨ ਹੈ। ਲਹਿੰਦੇ ਤੇ ਚੜ•ਦੇ ਪੰਜਾਬ ਤੋਂ ਇਲਾਵਾ ਏਸ਼ੀਅਨ ਤੇ ਪੱਛਮੀ ਮੁਲਕਾਂ ਵਿੱਚ ਵੀ, ਲੱਖਾਂ ਲੋਕਾਂ ਵਲੋਂ ਪੰਜਾਬੀ ਬੋਲੀ ਜਾਂਦੀ ਹੈ। ਸੱਚ ਤਾਂ ਇਹ ਹੈ ਕਿ ਪੰਜਾਬੀ ਜਿੱਥੇ ਵੀ ਗਏ ਹਨ, ਆਪਣੀ ਬੋਲੀ ਪੰਜਾਬੀ ਅਤੇ ਪੰਜਾਬੀਅਤ ਵੀ ਨਾਲ ਲੈ ਕੇ ਗਏ ਹਨ। ਇਹੀ ਕਾਰਨ ਹੈ ਕਿ ਸਿੰਘਾਪੁਰ, ਮਲੇਸ਼ੀਆ, ਇੰਗਲੈਂਡ, ਕੈਨੇਡਾ, ਅਮਰੀਕਾ, ਨਿਊਜ਼ੀਲੈਂਡ, ਅਸਟਰੇਲੀਆ, ਨਾਰਵੇ, ਫਰਾਂਸ ਆਦਿ ਦਰਜਨਾਂ ਦੇਸ਼ਾਂ ’ਚ, ਪੰਜਾਬੀ ਭਾਸ਼ਾ ਦੇ ਅਦਾਰੇ ਕਾਇਮ ਹਨ।
ਕੈਨੇਡਾ ਦੀ ਧਰਤੀ ’ਤੇ 111 ਵਰੇ ਪਹਿਲਾਂ ਪੰਜਾਬੀਆਂ ਨੇ ਕਦਮ ਰੱਖਿਆ ਸੀ। ਉਦੋਂ ਤੋਂ ਹੀ ਪੰਜਾਬੀ ਬੋਲੀ ਵੀ ਇਸ ਧਰਤੀ ’ਤੇ ਸੰਚਾਰ ਦਾ ਮਾਧਿਅਮ ਬਣੀ। ਵੀਹਵੀਂ ਸਦੀ ਦੇ ਪਹਿਲੇ ਦਹਾਕੇ ਵਿੱਚ ਹੀ, ਕੈਨੇਡਾ ਆਏ ਪੰਜਾਬੀਆਂ ਨੇ ‘ਸੁਦੇਸ਼ ਸੇਵਕ’ ਨਾਂ ਦਾ ਅਖਬਾਰ ਵੀ ਸ਼ੁਰੂ ਕਰ ਦਿੱਤਾ। ਇਸ ਦੇ ਨਾਲ ਹੀ ਗੁਰਦੁਆਰਿਆਂ ਅਤੇ ਜਨਤਕ ਸਭਾਵਾਂ ਵਿੱਚ ਪੰਜਾਬੀ ਬੋਲੀ ਤੇ ਪੜੀ ਜਾਣ ਲੱਗੀ। ਪੰਜਾਬੀ ਪੁਸ਼ਾਕ, ਪੰਜਾਬੀ ਭੋਜਨ ਅਤੇ ਪੰਜਾਬੀ ਸੰਗੀਤ ਪਿਛਲੀ ਇੱਕ ਸਦੀ ਵਿੱਚ ਕੈਨੇਡਾ ਦਾ ਅਨਿੱਖੜਵਾਂ ਅੰਗ ਬਣ ਚੁੱਕੇ ਹਨ। ਬ੍ਰਿਟਿਸ਼ ਕੋ¦ਬੀਆ ਵਿੱਚ ਪੰਜਾਬੀ ਭਾਸ਼ਾ ਨੂੰ ਸਰਕਾਰੀ ਪੱਧਰ ’ਤੇ ‘ਦੂਜੀ ਭਾਸ਼ਾ’ ਦਾ ਦਰਜਾ ਹਾਸਲ ਹੈ। ਉਂਟਾਰੀਓ, ਅਲਬਰਟਾ ਅਤੇ ਮੈਨੀਟੋਬਾ ਸੂਬਿਆਂ ’ਚ ਵੀ ਪੰਜਾਬੀ ਵੱਡੇ ਪੱਧਰ ’ਤੇ ਬੋਲੀ ਜਾਂਦੀ ਹੈ। ਸਰੀ, ਵੈਨਕੂਵਰ, ਐਬਟਸਫੋਰਡ, ਮਿਸੀਸਾਗਾ, ਬਰੈਂਪਟਨ, ਐਡਮਿੰਟਨ, ਕੈਲਗਿਰੀ, ਵਿਲੀਅਮਜ਼ਲੇਕ, ਮੇਰਟ ਤੇ ਨਿਊ ਵੈਸਟਮਿਨਸਟਰ ਸਣੇ, ਕੈਨੇਡਾ ਦੇ ਕਈ ਪ੍ਰਮੁੱਖ ਸ਼ਹਿਰਾਂ ’ਚ ਸਕੂਲੀ ਪੱਧਰ ’ਤੇ ਵੀ ਪੜ•ਾਈ ’ਚ ਪੰਜਾਬੀ ਸ਼ਾਮਲ ਹੈ। ਸੰਨ 2006 ਦੀ ਮਰਦਮਸ਼ੁਮਾਰੀ ਅਨੁਸਾਰ ਪੰਜਾਬੀ ਕੈਨੇਡਾ ’ਚ ਬੋਲੀ ਜਾਣ ਵਾਲੀ ਛੇਵੀਂ ਜ਼ੁਬਾਨ ਸੀ, ਪਰ ਹੁਣ ਸਥਿਤੀ ਹੋਰ ਵੀ ਚੰਗੀ ਹੈ ਅਤੇ ਇੱਕ ਅਨੁਮਾਨ ਅਨੁਸਾਰ ਜੇਕਰ 2011 ਦੀ ਮਰਦਸ਼ੁਮਾਰੀ ’ਚ ਕੈਨੇਡਾ ਵਸਦੇ, ਚੜ•ਦੇ ਅਤੇ ਲਹਿੰਦੇ ਪੰਜਾਬ ਦੇ ਸਾਰੇ ਪੰਜਾਬੀਆਂ ਨੇ ਆਪਣੀ ਬੋਲੀ ਪੰਜਾਬੀ ਲਿਖਵਾਈ ਤਾਂ ਪੰਜਾਬੀ ਮੁਲਕ ’ਚ ਬੋਲੀ ਜਾਣ ਵਾਲੀ ਚੌਥੀ ਪ੍ਰਮੁੱਖ ਭਾਸ਼ਾ ਹੋਵੇਗੀ।
ਕੈਨੇਡਾ ਬਹੁ-ਸੱਭਿਆਚਾਰਕ ਦੇਸ਼ ਹੈ, ਜਿਸਦਾ ਆਪਣਾ ਕੋਈ ਠੋਸ ਕਲਚਰ ਨਹੀਂ, ਬਲਕਿ ਖੂਬਸੂਰਤ ਗੁਲਦਸਤੇ ਵਾਂਗ ਧਰਤੀ ਦੇ ਵੱਖ-ਵੱਖ ਕੋਨਿਆਂ ਤੋਂ ਆਏ ਲੋਕਾਂ ਨੇ ਆਪੋ-ਆਪਣੇ ਸੱਭਿਆਚਾਰਕ ਫੁੱਲਾਂ ਨਾਲ ਸਜਾ ਕੇ ਇਸਨੂੰ ਸੰਵਾਰਿਆ, ਸ਼ਿੰਗਾਰਿਆ ਤੇ ਨਿਖਾਰਿਆ ਹੈ। ਕੈਨੇਡਾ ਦੇ ਮੂਲਵਾਸੀ ‘ਨੇਟਿਵ ਇੰਡੀਅਨਜ਼’ ਦੀ ਆਪਣੀ ਵੱਖਰੀ ਭਾਸ਼ਾ ਤੇ ਸੱਭਿਆਚਾਰ ਹੋਣ ਦੇ ਬਾਵਜੂਦ, ਕੁਝ ਕੁ ਸਦੀਆਂ ਪਹਿਲਾਂ ਅੰਗਰੇਜ਼ਾਂ ਨੇ ਇੱਥੇ ਆ ਕੇ ਸਮੁੱਚਾ ਮੁਹਾਂਦਰਾ ਹੀ ਬਦਲ ਦਿੱਤਾ ਤੇ ਅੰਗਰੇਜ਼ੀ ਹੀ ਰਾਸ਼ਟਰੀ ਭਾਸ਼ਾ ਬਣ ਗਈ। ਇਸੇ ਤਰਾਂ ਫਰੈਂਚ ਬੋਲਣ ਵਾਲਿਆਂ ਦੀ ਵੱਡੀ ਗਿਣਤੀ ਤੇ ਸਿਆਸੀ ਤਾਕਤ ਦਾ ਨਤੀਜਾ ਹੈ ਕਿ ਅੱਜ ‘ਫਰੈਂਚ ਜ਼ੁਬਾਨ’ ਵੀ ਕੈਨੇਡਾ ਦੀ ਕੌਮੀ ਜ਼ੁਬਾਨ ਹੋਣ ਦਾ ਮਾਣ ਹਾਸਲ ਕਰ ਗਈ ਹੈ। ਗਹੁ ਨਾਲ ਸੋਚਿਆ ਜਾਏ ਤਾਂ ਬਾਹਰੋਂ ਆਈਆਂ ਕੌਮਾਂ ਨੇ ਤਾਕਤ ਦੀ ਵਰਤੋਂ ਨਾਲ ਕੈਨੇਡਾ ਦੇ ਆਦਿਵਾਸੀਆਂ ਦੀ ਬੋਲੀ ਤੇ ਸੱਭਿਆਚਾਰ ਨੂੰ ਮੂਲੋਂ ਹੀ ਬਦਲ ਕੇ ਰੱਖ ਦਿੱਤਾ ਹੈ। ਹੁਣ ਸਵਾਲ ਇਹ ਉਠਦਾ ਹੈ ਕਿ ਜੇਕਰ ਉਕਤ ਕੌਮਾਂ ਦੇ ਕੈਨੇਡਾ ’ਚ ਆ ਵਸਣ ਮਗਰੋਂ ਉਨਾਂ ਦੀਆਂ ਬੋਲੀਆਂ ‘ਕੈਨੇਡੀਅਨ’ ਜ਼ਬਾਨਾਂ ਦੀ ਪਛਾਣ ਹਾਸਲ ਕਰ ਚੁੱਕੀਆਂ ਹਨ ਤਾਂ ਪੰਜਾਬੀ ਬੋਲੀ ਨੂੰ ਅਜੇ ਵੀ ‘ਵਿਦੇਸ਼ੀ ਭਾਸ਼ਾ’ (ਫੌਰਨ ਲੈਂਗੂਏਜ) ਕਿਉਂ ਮੰਨਿਆ ਜਾ ਰਿਹਾ ਹੈ? ਇਹ ਅਜਿਹਾ ਗੰਭੀਰ ਮੁੱਦਾ ਹੈ, ਜੋ ਡੂੰਘੇ ਵਿਚਾਰ ਦੀ ਮੰਗ ਕਰਦਾ ਹੈ।
ਸੰਨ 1897 ਤੋਂ ਲੈ ਕੇ ਹੁਣ ਤੱਕ ਕੈਨੇਡਾ ਵਸਦੇ ਲੱਖਾਂ ਪੰਜਾਬੀ ਇੱਥੋਂ ਦੇ ਰਾਜਨੀਤਕ, ਸੱਭਿਆਚਾਰਕ, ਸਮਾਜਿਕ, ਧਾਰਮਿਕ ਤੇ ਵਿੱਦਿਅਕ ਢਾਂਚੇ ਵਿੱਚ ਖਾਸ ਥਾਂ ਹਾਸਲ ਕਰ ਚੁੱਕੇ ਹਨ। ਕੈਨੇਡੀਅਨ ਪਾਰਲੀਮੈਂਟ ਵਿੱਚ 9 ਪੰਜਾਬੀ ਵੱਖ ਵੱਖ ਸੂਬਿਆਂ ਤੋਂ ਪ੍ਰਤੀਨਿਧੀ ਬਣ ਕੇ ਸ਼ੁਸ਼ੋਭਿਤ ਹੋ ਚੁੱਕੇ ਹਨ, ਪਰ ਉਨਾਂ ਨੂੰ ਕਦੇ ਵੀ ‘ਵਿਦੇਸ਼ੀ’ ਨਹੀਂ ਕਿਹਾ ਜਾਂਦਾ।
ਕੈਨੇਡਾ ਦੇ ਘੱਟੋ ਘੱਟ ਚਾਰ ਸੂਬਿਆਂ ’ਚ ਪ੍ਰਾਂਤਕ ਸਰਕਾਰਾਂ ਅਤੇ ਵਿਰੋਧੀ ਧਿਰਾਂ ’ਚ ਦਰਜਨ ਤੋਂ ਵੱਧ ਪੰਜਾਬੀ ਪਹੁੰਚ ਚੁੱਕੇ ਹਨ, ਪਰ ਉਹ ‘ਵਿਦੇਸ਼ੀ’ ਨਾ ਹੋ ਕੇ ‘ਕੈਨੇਡੀਅਨ’ ਵਜੋਂ ਮਾਨਤਾ ਹਾਸਲ ਕਰਦੇ ਹਨ। ਕੈਨੇਡਾ ਦੇ ਵਿੱਦਿਅਕ ਵਿਕਾਸ ’ਚ ਪੰਜਾਬੀ ਡਾਕਟਰਾਂ, ਇੰਜਨੀਅਰਾਂ ਤੇ ਸਾਇੰਸਦਾਨਾਂ ਵਲੋਂ ਪਾਏ ਯੋਗਦਾਨ ਤੇ ਕੀਤੀਆਂ ਖੋਜਾਂ ਕੈਨੇਡਾ ਦੀਆਂ ਪ੍ਰਾਪਤੀਆਂ ਮੰਨੀਆਂ ਜਾਂਦੀਆਂ ਹਨ, ਨਾ ਕਿ ਵਿਦੇਸ਼ੀ। ਕੈਨੇਡਾ ਦੀ ਆਰਥਿਕ ਉ¤ਨਤੀ ’ਚ ਪੰਜਾਬੀ ਬਿਜ਼ਨਸਮੈਨ, ਅਰਥ ਸ਼ਾਸਤਰੀ ਤੇ ਧਨਾਢ ਵਡਮੁੱਲਾ ਹਿੱਸਾ ਪਾ ਕੇ ‘ਕੈਨੇਡੀਅਨ ਅਮੀਰੀ’ ਨੂੰ ਚਾਰ ਚੰਨ ਲਾ ਰਹੇ ਹਨ, ਨਾ ਕਿ ਉਨਾਂ ਦੀ ਪ੍ਰਾਪਤੀ ਕੈਨੇਡਾ ’ਚ ‘ਵਿਦੇਸ਼ੀ ਤਰੱਕੀ’ ਕਰਾਰ ਦਿੱਤੀ ਜਾਂਦੀ ਹੈ। ਖੇਤੀਬਾੜੀ ਦੇ ਮਾਹਰ ਪੰਜਾਬੀਆਂ ਨੇ ਕੈਨੇਡਾ ’ਚ ਵੱਖ ਵੱਖ ਫਸਲਾਂ ਉਗਾ ਕੇ ਹਰੇ-ਭਰੇ ਖੇਤਾਂ ਦੀ ਮਨਮੋਹਕ ਝਾਕੀ ਨਾਲ, ਦੇਸ਼ ਨੂੰ ਸੱਚੇ ‘ਦੇਸ਼ ਵਾਸੀ’ ਬਣ ਕੇ ਸੋਹਣਾ ਬਣਾਇਆ ਹੈ, ਨਾ ਕਿ ‘ਵਿਦੇਸ਼ੀ’ ਬਣ ਕੇ। ਸਵਾਲ ਇਹ ਉ¤ਠਦਾ ਹੈ ਕਿ ਜੇਕਰ ਉਪਰੋਕਤ ਸਾਰੀਆਂ ਪ੍ਰਾਪਤੀਆਂ ਪੰਜਾਬੀਆਂ ਦੀ ਇਤਿਹਾਸਕ ਦੇਣ ਦੇ ਰੂਪ ਵਿੱਚ, ਕੈਨੇਡੀਅਨ ਦੇਸ਼ ਦਾ ਸ਼ਾਨਾਮੱਤਾ ਅੰਗ ਬਣ ਚੁੱਕੀਆਂ ਹਨ, ਫਿਰ ਪੰਜਾਬੀਆਂ ਵਲੋਂ ਕੈਨੇਡਾ ’ਚ ਵਰਤੀ ਜਾਂਦੀ ਆਪਣੀ ‘ਮਾਂ-ਬੋਲੀ’ ਪੰਜਾਬੀ ਕਿਉਂ ਕੈਨੇਡੀਅਨ ਨਹੀਂ? ਏਨੇ ਮਹਾਨ ਯੋਗਦਾਨ ਦੇ ਬਾਵਜੂਦ ਕੈਨੇਡਾ ਵਸਦੇ ਪੰਜਾਬੀਆਂ ਦੀ ਬੋਲੀ ਹੀ ਕਿਉਂ ‘ਵਿਦੇਸ਼ੀ’ ਹੈ? ਕੀ ਇਹ ਸਰਾਸਰ ਬੇਇਨਸਾਫੀ ਨਹੀਂ ਕਿ ਮਾਂ-ਬੋਲੀ ਦਾ ਪੁੱਤ ਤਾਂ ਦੇਸ਼ ਲਈ ਬੇਗਾਨਾ ਨਾ ਹੋਵੇ, ਪਰ ਉਸ ਦੀ ਮਾਂ-ਬੋਲੀ ਬੇਗਾਨੀ ਮੰਨੀ ਜਾਵੇ। ਸਰਕਾਰੀ ਦਸਤਾਵੇਜ਼ਾਂ ਅਨੁਸਾਰ ਕੈਨੇਡੀਅਨ ਬਣੇ ਕਿਸੇ ਵਿਅਕਤੀ ਦੀ ਜ਼ੁਬਾਨ ਜਦੋਂ ‘ਫੌਰਨ ਲੈਂਗੂਏਜ਼’ ਵਜੋਂ ਅੰਕਿਤ ਹੋਵੇ ਤਾਂ ਹੈਰਾਨੀ ਹੋਣਾ ਸੁਭਾਵਿਕ ਹੈ।
ਕੈਨੇਡਾ ’ਚ ਅਜੇ ਵੀ ਪੰਜਾਬੀ ਨੂੰ ‘ਵਿਦੇਸ਼ੀ ਬੋਲੀ’ ਮੰਨੇ ਜਾਣ ਲਈ ਕਸੂਰਵਾਰ, ਕੁਝ ਹੱਦ ਤੱਕ ਪੰਜਾਬੀ ਖੁਦ ਵੀ ਹਨ। ਕਿਹਾ ਜਾਂਦਾ ਹੈ ਕਿ ਬੋਲੀ ਦੀ ਪ੍ਰਵਾਨਗੀ ਲਈ ਰਾਜਸੱਤਾ ਵੀ ਅਹਿਮ ਰੋਲ ਅਦਾ ਕਰਦੀ ਹੈ। ਕੈਨੇਡਾ ’ਚ ਪੰਜਾਬੀ ਸਿਆਸਤਦਾਨਾਂ ਦੀ ਘਾਟ ਨਹੀਂ, ਪਰ ਆਪਣੀ ਬੋਲੀ ਨੂੰ ਰਾਜਸੀ ਮਾਨਤਾ ਦੇਣ ਵਾਸਤੇ ਉਨਾਂ ’ਚੋਂ ਮਨਮੋਹਣ ਸਿੰਘ (ਮੋਅ) ਸਹੋਤਾ ਨੂੰ ਛੱਡ ਕੇ ਬਹੁਤੇ ਗੰਭੀਰ ਨਹੀਂ। ਉਹ ਖੁਦ ਤਾਂ ਰਾਜੇ-ਰਾਣੀਆਂ ਬਣਨਾ ਲੋਚਦੇ ਹਨ, ਪਰ ਉਨਾਂ ਨੂੰ ਇਸ ਗੱਲ ਦੀ ਪ੍ਰਵਾਹ ਨਹੀਂ ਕਿ ਉਨਾਂ ਦੀ ਮਾਂ-ਬੋਲੀ ਚਾਹੇ ਗੋਲੀ-ਦਾਸੀ ਹੀ ਕਿਉਂ ਨਾ ਬਣੀ ਰਹੇ। ਬਹੁਗਿਣਤੀ ਦੀ ਵਿਰੋਧਤਾ ਦਾ ਬਹਾਨਾ ਲਾ ਕੇ ਉਹ ਪੰਜਾਬੀ ਨੂੰ ‘ਕੈਨੇਡੀਅਨ ਬੋਲੀ’ ਵਜੋਂ ਮਾਨਤਾ ਦਿਵਾਉਣ ਲਈ, ਸੰਵਾਦ ਰਚਾਉਣ ਵਾਸਤੇ ਵੀ ਤਿਆਰ ਨਹੀਂ। ਇੱਥੋਂ ਤੱਕ ਕਿ ਕਈ ਪੰਜਾਬੀ ਨੇਤਾ ਤਾਂ ਵੋਟਾਂ ਦੇ ਦਿਨਾਂ ’ਚ ਆਪਣੇ ਸਾਈਨ ਬੋਰਡਾਂ ’ਤੇ ਮਾਂ-ਬੋਲੀ ਪੰਜਾਬੀ ਵਿੱਚ ਨਾਂ ਤੱਕ ਨਹੀਂ ਲਿਖਦੇ, ਅਖੇ ਗੋਰਿਆਂ ’ਚ ਇਸ ਦਾ ‘ਬੁਰਾ ਅਸਰ’ ਪੈਂਦਾ ਹੈ। ਉਨ•ਾਂ ਨੂੰ ਕੌਣ ਸਮਝਾਵੇ ਕਿ ਅੰਗਰੇਜ਼ਾਂ ਨੇ ਵੀ ਰਾਜਸੀ ਤਾਕਤ ਰਾਹੀਂ ਹੀ ਕੈਨੇਡਾ ਦੀ ਰਾਸ਼ਟਰੀ ਬੋਲੀ ‘ਅੰਗਰੇਜ਼ੀ’ ਬਣਾਈ ਹੈ, ਜਦੋਂ ਕਿ ਹਕੀਕਤ ਵਿੱਚ ਉਹ ਵੀ ਬਾਹਰੋਂ ਆ ਕੇ ਇੱਥੇ ਵਸੇ ਹਨ, ਫਿਰ ਪੰਜਾਬੀ ਰਾਜਨੀਤਕ ਲੋਕ ਪੰਜਾਬੀ ਬੋਲੀ ਨੂੰ ‘ਕੈਨੇਡੀਅਨ ਬੋਲੀ’ ਦਾ ਦਰਜਾ ਕਿਉਂ ਨਹੀਂ ਦਿਵਾ ਸਕਦੇ। ਕੈਨੇਡਾ ’ਚ ਵਸਦੇ ਜਿਹੜੇ ਪੰਜਾਬੀ ਜਨ-ਗਣਨਾਂ ਦੇ ਦਿਨਾਂ ’ਚ ਆਪਣੀ ਬੋਲੀ ਪੰਜਾਬੀ ਨਹੀਂ ਲਿਖਵਾਉਂਦੇ, ਉਹ ਵੀ ਕਸੂਰਵਾਰ ਹਨ। ਅੰਕੜਿਆਂ ਦੇ ਹਿਸਾਬ ਨਾਲ ਕੈਨੇਡਾ ’ਚ ਪੰਜਾਬੀਆਂ ਦੀ ਜਿੰਨੀ ਵਸੋਂ ਹੈ, ਉਸ ਵਿੱਚੋਂ ਪੰਜਾਹ ਫੀਸਦੀ ਜਾਣ-ਬੁੱਝ ਕੇ ਲਾਹਪ੍ਰਵਾਹੀ ਕਾਰਨ ਆਪਣੀ ਭਾਸ਼ਾ ਪੰਜਾਬੀ ਲਿਖਵਾਉਣੋਂ ਪਿੱਛੇ ਹਟ ਜਾਂਦੇ ਹਨ। ਇਸ ਮਾਮਲੇ ’ਚ ਪਾਕਿਸਤਾਨੀ ਪੰਜਾਬੀ ਭਾਈਚਾਰੇ ਨੂੰ ਵੀ ਉਤਸ਼ਾਹਿਤ ਕਰਨਾ ਚਾਹੀਦਾ ਹੈ, ਕਿਉਂਕਿ ਦੁਨੀਆਂ ’ਚ ਸਭ ਤੋਂ ਵੱਧ ਪੰਜਾਬੀ ਬੋਲਣ ਵਾਲੇ ਲਹਿੰਦੇ ਪੰਜਾਬ ਦੇ ਵਸਨੀਕ ਹਨ। ਜੇਕਰ ਕੈਨੇਡਾ ਵਸਦੇ ਪੂਰਬੀ ਤੇ ਪੱਛਮੀ ਪੰਜਾਬਾਂ ਦੇ ਸਾਰੇ ਵਿਅਕਤੀ ਪੰਜਾਬੀ ਨੂੰ ਆਪਣੀ ਜ਼ੁਬਾਨ ਲਿਖਵਾਉਣ ਤਾਂ ਇਸਦੀ ‘ਕੈਨੇਡੀਅਨ ਭਾਸ਼ਾ’ ਵਜੋਂ ਮਾਨਤਾ ਯਕੀਨੀ ਹੈ।
ਕੈਨੇਡੀਅਨ ਪੰਜਾਬੀ ਵਪਾਰੀ ਭਾਈਚਾਰਾ ਚਾਹੇ ਦੇਸ਼ ’ਚ ਆਪਣੀ ਵਿਸ਼ੇਸ਼ ਥਾਂ ਹਾਸਲ ਕਰ ਚੁੱਕਿਆ ਹੈ, ਪਰ ਪੰਜਾਬੀ ਬੋਲੀ ਦੀ ਮਾਨਤਾ ਲਈ ਸੱਚੀ-ਸੁੱਚੀ ਪਹੁੰਚ ਦੀ ਅਜੇ ਵੀ ਘਾਟ ਨਜ਼ਰ ਆਉਂਦੀ ਹੈ। ਬੇਸ਼ੱਕ ਵੈਨਕੂਵਰ ਦੇ ਕੌਮਾਂਤਰੀ ਹਵਾਈ ਅੱਡੇ, ਸਰਕਾਰੀ ਹਸਪਤਾਲਾਂ, ਸਿਟੀ ਹਾਲਾਂ ਤੇ ਪਬਲਿਕ ਸਕੂਲਾਂ ਬਾਹਰ ਪੰਜਾਬੀ ਨਾਮ ਪੜਨ ਨੂੰ ਮਿਲ ਜਾਣਗੇ, ਪਰ ਬਹੁਤੇ ਪੰਜਾਬੀ ਵਪਾਰੀ ਆਪਣੇ ਅਦਾਰੇ ਬਾਹਰ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਦੇ ਬੋਰਡ ਲਗਾਉਣ ਦੀ ਢਿੱਲਮੱਠ ਵਿਖਾ ਰਹੇ ਹਨ। ਕੁਝ ਕੁ ਪੰਜਾਬੀ ਕਾਰੋਬਾਰੀ ਅਦਾਰਿਆਂ ਨੂੰ ਛੱਡ ਕੇ ਬਾਕੀ ਆਪਣੀਆਂ ਦੁਕਾਨਾਂ, ਸੰਸਥਾਵਾਂ ਅਤੇ ਦਫਤਰਾਂ ਦੇ ਨਾਮ ਪੰਜਾਬੀ ਵਿੱਚ ਲਿਖਣੋਂ ਸ਼ਰਮ ਮਹਿਸੂਸ ਕਰਦੇ ਹਨ।
ਕੈਨੇਡੀਅਨ ਮੰਤਰੀ ਜਾਂ ਵਿਧਾਇਕ ਤਾਂ ਆਪਣੇ ਬਿਜ਼ਨਸ ਕਾਰਡਾਂ ਦੇ ਇੱਕ ਪਾਸੇ ਅੰਗਰੇਜ਼ੀ ਅਤੇ ਦੂਜੇ ਪਾਸੇ ਪੰਜਾਬੀ ’ਚ ਜਾਣਕਾਰੀ ਦੇਣੋਂ ਝਿਜਕਦੇ ਨਹੀਂ ਪਰ ਜ਼ਿਆਦਾਤਰ ਪੰਜਾਬੀ ਆਪਣੇ ਪਛਾਣ ਪੱਤਰ ਸਿਰਫ ਅੰਗਰੇਜ਼ੀ ’ਚ ਹੀ ਛਪਵਾ ਕੇ ‘ਮਾਂ ਬੋਲੀ’ ਪੰਜਾਬੀ ਵਲੋਂ ਬੇਰੁਖੀ ਦਾ ਸਬੂਤ ਪੇਸ਼ ਕਰਦੇ ਹਨ। ਪੰਜਾਬੀ ਨੂੰ ‘ਕੈਨੇਡੀਅਨ ਬੋਲੀ’ ਵਜੋਂ ਮਾਨਤਾ ਦੇਣ ਲਈ ਪੰਜਾਬੀ ਮਾਪੇ ਵੀ ਅਹਿਮ ਭੂਮਿਕਾ ਨਿਭਾਅ ਸਕਦੇ ਹਨ, ਜੇਕਰ ਉਹ ਆਪਣੇ ਬੱਚਿਆਂ ਨਾਲ ਘਰਾਂ ਅੰਦਰ ਪੰਜਾਬੀ ਬੋਲਣ ਅਤੇ ਸਕੂਲਾਂ ’ਚ ਪੰਜਾਬੀ ਪੜਨ ਲਈ ਦਿਲੋਂ ਉਤਸ਼ਾਹਿਤ ਕਰਨ। ਜੇਕਰ ਕੈਨੇਡੀਅਨ ਪੰਜਾਬੀਆਂ ਦੀ ਨਵੀਂ ਪੀੜੀ ਪੰਜਾਬੀ ਲਿਖਣ ਪੜਨ ਤੋਂ ਬੇਮੁੱਖ ਹੋ ਗਈ ਤਾਂ ਪੰਜਾਬੀ ਭਾਸ਼ਾ ਦਾ ਭਵਿੱਖ ਚਿੰਤਾਜਨਕ ਹੋਵੇਗ
ਪੰਜਾਬੀ ਦੇ ਗਲੋਂ ‘ਵਿਦੇਸ਼ੀ ਭਾਸ਼ਾ’ ਦਾ ਜੰਜਾਲ ਲਾਹੁਣ ਲਈ ਪੰਜਾਬੀ ਸਿਆਸਤਦਾਨਾਂ, ਪੱਤਰਕਾਰਾਂ, ਲੇਖਕਾਂ, ਵਪਾਰੀਆਂ ਅਤੇ ਮਾਪਿਆਂ ਆਦਿ ਨੂੰ ਵਿਸ਼ਾਲ ਲਹਿਰ ਚਲਾਉਣੀ ਪਵੇਗੀ, ਤਾਂ ਹੀ ਪੰਜਾਬੀ ਆਉਂਦੇ ਸਮੇਂ ‘ਕੈਨੇਡੀਅਨ ਭਾਸ਼ਾ’ ਵਜੋਂ ਮਾਨਤਾ ਹਾਸਲ ਕਰ ਸਕੇਗੀ।
www.punjabinewsonline.com
No comments:
Post a Comment