ਸਤਿਕਾਰਯੋਗ ਪਾਠਕੋਂ 25 ਸਤੰਬਰ 2010 ਨੂੰ 17 ਭਾਰਤੀ ਮੁੰਡਿਆਂ ਨੂੰ ਫਾਂਸੀ ਸਜ਼ਾਂ ਦੇ ਸਬੰਧ ਅਤੇ ਯੂ ਏ ਈ ਦੀਆਂ ਜੇਲ੍ਹਾਂ ਵਿੱਚ ਫਸੇ ਪੰਜਾਬੀ ਮੁੰਡਿਆਂ ਦੀ ਅਸਲੀਅਤ ਸਾਹਮਣੇ ਲਿਆਉਣ ਲਈ ਸਾਡੇ ਸਤਿਕਾਰਯੋਗ ਦੋਸਤ ਖੀਵਾ ਮਾਹੀ ਵੱਲੋਂ ਬਲਾਇਆ ਗਿਆ। ਮੈਨੂੰ ਇਹ ਮਾਣ ਵੀ ਹੈ ਅਣਜਾਣ ਲੋਕ ( ਉਦੋ ਤੱਕ ਅਸੀਂ ਅਣਜਾਣ ਸੀ ) ਵੀ ਪੰਜਾਬੀਨਿਊਨ ਆਨਲਾਈਨ ਦੀ ਕਵਰੇਜ਼ ਨੂੰ ਐਨਾ ਵਿਸ਼ਵਾਸ਼ ਤੇ ਮਾਣ ਦਿੰਦੇ ਹਨ ਕਿ ਆਪਣੇ ਕੋਲੋਂ ਟਿਕਟ ਅਤੇ ਵੀਜਾ ਭੇਜ ਕੇ ਮੈਨੂੰ ਬੁਲਾਇਆ ਹਾਲਾਂਕਿ ਕਿ ਇਸ ਮਾਮਲੇ ਵਿੱਚ ਉਹਨਾਂ ਦਾ ਕੋਈ ਸਵਾਰਥ ਨਹੀਂ ਸੀ ।
ਇਸ ਸਬੰਧੀ ਖ਼ਬਰਾਂ ਤਾਂ ਪਹਿਲਾਂ ਹੀ ਤੁਹਾਡੇ ਨਾਲ ਸਾਝੀਆਂ ਕਰ ਚੁੱਕਾਂ ਹਾਂ ਪਰ ਸਫ਼ਰਨਾਮਾ ਲਿਖਣ ਨੂੰ ਦਿਲ ਕੀਤਾ , ਇਹ ਸਫ਼ਰਨਾਮਾ ਮੇਰੇ ਦੋਸਤ ਬੋਬੀ ਬਰਾੜ ਦੀ ਕਿਊਬਾ ਫੇਰੀ ਤੋਂ ਪ੍ਰਭਾਵਿਤ ਹੋ ਕੇ ਲਿਖਣ ਲੱਗਾ ਹਾਂ ।
ਹੋ ਸਕਦਾ ਤੁਹਾਨੂੰ ਚੰਗਾ ਲੱਗੇ ਪਰ ਤੁਹਾਡੇ ਕੂਮੈਂਟ ਦੀ ਉਡੀਕ ਰਹੇਗੀ ।
ਸੁਖਨੈਬ ਸਿੰਘ ਸਿੱਧੂ
24 ਸਤੰਬਰ 2010 ਨੂੰ ਦੁਪਹਿਰ ਵੇਲੇ ਮੈਂ ਬਠਿੰਡੇ ਸੀ , ਦੁਬਈ ਤੋਂ ਖੀਵਾ ਮਾਹੀ ਦਾ ਫੋਨ ਆਇਆ ,
‘ ਕੱਲ੍ਹ ਵਾਸਤੇ ਟਿਕਟ ਮਿਲਦੀ ਹੈ ਬੁੱਕ ਕਰ ਦੇਵਾਂ ’
“ ਜਦੋ ਮਰਜ਼ੀ ਕਰ ਦਿਓ। ” ਮੈਂ ਕਿਹਾ ।
ਥੋੜੀ ਦੇਰ ਬਾਅਦ ਫੋਨ ਆਇਆ ਕੱਲ੍ਹ ਸ਼ਾਮ ਨੂੰ ਚੜ੍ਹ ਆ ।
ਫੋਨ ਕੱਟਿਆ ਤੇ ਦੌੜ ਭੱਜ ਸ਼ੁਰੂ ਹੋ ਗਈ , ਨਾਲ ਲਿਜਾਣ ਲਈ ਨਿੱਕਸੁੱਕ ਕੱਠਾ ਕਰਨਾ ਸੀ , ਖੀਵਾ ਪਰਿਵਾਰ ਨੂੰ ਫੋਨ ਲਾ ਕੇ ਪੁੱਛਿਆ ਕਿ ਇੰਡੀਆ ਤੋਂ ਕੋਈ ਸਮਾਨ ਚਾਹੀਦਾ ਤਾਂ ਦੱਸੋਂ ਜਵਾਬ ਮਿਲਿਆ ਕੁੱਝ ਨਹੀਂ ਚਾਹੀਦਾ ਤੂੰ ਸਿੱਧਾ ਆ ਜਾ , ਫਿਰ ਮੇਰੀ ਪਤਨੀ ਨੇ ਖੀਵਾ ਜੀ ਪਤਨੀ ਨਾਲ ਗੂਫਤਗੂ ਕੀਤੀ ਤਾਂ ਭਾਬੀ ਨੇ ਫਰੀਦਕੋਟ ਤੋਂ ਭਾਈਆ ਦਾ ਗਜਰੇਲਾ ਲਿਆਉਣ ਲਈ ਕਿਹਾ।
ਮੈਂ ਬਠਿੰਡੇ ਤੋਂ ਪਿੰਡ ਪੂਹਲੇ ਜਾਣਾ ਸੀ , ਫਿਰ ਰਾਮਪੁਰੇ । ਸੋਚ ਦਾ ਘੋੜਾ ਭਜਾ ਕੇ ਰੂਪ ਕੰਵਲ ਦੇ ਤਾਏ ਠੇਕੇਦਾਰ ਗੁਰਚਰਨ ਸਿੱਧੂ ਨੂੰ ਫੋਨ ਕਰਕੇ ਪਤਾ ਕੀਤਾ , ਮੈਨੂੰ ਸ਼ੱਕ ਸੀ ਕਿ ਉਹ ਫਰੀਦਕੋਟ ਹੋ ਸਕਦਾ । ਗੁਰਚਰਨ ਸਿੱਧੂ ਫਰੀਦਕੋਟ ਛਾਉਣੀ ਵਿੱਚ ਹੀ ਸੀ । ਮੈਂ ਦੁਸ਼ਮਣਾਂ ਵਰਗੇ ਕਦੇ ਨਾ ਭੁੱਲਣ ਯਾਰ ਨੂੰ ਗਜਰੇਲਾ ਲਿਆਉਣ ਦਾ ਹੁਕਮ ਦਿੱਤਾ । ਉਹਦਾ ਫੋਨ ਆਇਆ ਕਿ ਗਜਰੇਲਾ ਹੁਣ ਖਤਮ ਹੈ ਫਿਰ ਬਰਫ਼ੀ ਲਿਆ ਕੇ ਬਠਿੰਡੇ ਰੱਖ ਦਿੱਤੀ । ਮੈਂ ਪਿੰਡੋਂ ਰਾਮਪੁਰੇ ਗਿਆ । ਫਿਰ ਬਠਿੰਡੇ ਵਾਪਸ ਆ ਕੇ ਪਿੰਡ ਮੁੜਿਆ । ਮੈਂ ਛੋਟੇ ਕਰੇਲੇ ਵੀ ਨਾਲ ਲਿਜਾਣੇ ਚਾਹੁੰਦਾ ਸੀ , ਖੀਵਾ ਬਾਈ ਜੀ ਨੂੰ ਸੂਗਰ ਹੈ ( ਪਰ ਮੈਨੂੰ ਅਪਰੈਲ 2011 ਵਿੱਚ ਪਤਾ ਲੱਗਿਆ ਛੋਟਾ ਕਰੇਲੇ ਸੂਗਰ ਨਹੀਂ ਘਟਾਉਂਦੇ )
25 ਸਤੰਬਰ ਸਵੇਰੇ ਮੈਂ ਪਿੰਡੋਂ ਮੋਗੇ ਵਾਲੀ ਬੱਸ ਲਈ । ਮੋਗੇ ਲੁਧਿਆਣਾ ਬਾਈਪਾਸ ਤੇ ਸੋਨੂੰ ( ਖਾਵੀ ਮਾਹੀ ਦੇ ਵੱਡੇ ਭਰਾ ਜਸਵੀਰ ਸਿੰਘ ਖੀਵਾ ਦੀ ਸਾਲੀ ਦਾ ਮੁੰਡਾ , ਅੱਜਕੱਲ੍ਹ ਟੋਰਾਂਟੋ ਵਿੱਚ) ਨੂੰ ਮਿਲਣਾ ਸੀ । ਅੱਗੇ ਅਸੀ ਕੱਠਿਆਂ ਨੇ ਜਾਣਾ ਸੀ ।
ਸੋਨੂੰ ਨੂੰ ਸਕਾਰਪਿਓ ਤੇ ਸੀ । ਮੋਗੇ ਤੋਂ ਚੱਲ ਕੇ ਅਸੀਂ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣਾ ਚਾਹੁੰਦੇ ਸਾਂ ਪਰ ਡਰਾਈਵਰ ਕਹਿੰਦਾ ਜਿ਼ਆਦਾ ਟਾਈਮ ਲੱਗ ਜਾਣਾ ਫਿਰ ਲੇਟ ਹੋ ਨਾ ਜਾਈਏ । ਅਸੀਂ ਦੁਪਹਿਰ 2 ਵਜੇ ਦੇ ਆਸਪਾਸ ਅੰਮ੍ਰਿਤਸਰ ਹਵਾਈ ਵਿੱਚ ਦਾਖਿਲ ਹੋਏ । ਪਹਿਲਾ ਟਾਈਮ ਸੀ ਜਦੋਂ ਮੈਂ ਏਅਰਪੋਰਟ ਦੇ ਵੇਟਿੰਗ ਹਾਲ ਤੋਂ ਅੱਗੇ ਜਾ ਰਿਹਾ ਸੀ । ਅਸੀਂ ਏਅਰਪੋਰਟ ਤੇ ਛੇਤੀ ਦਾਖਲ ਹੋਏ ਕਿਉਂਕਿ ਸੋਨੂੰ ਦੇ ਪਾਸਪੋਰਟ ਤੇ ਥੋੜੀ ਲੇਮੀਨੇਸ਼ਨ ਉਖੜੀ ਹੋਣ ਕਾਰਨ ਇਮੀਗਰੇਸ਼ਨ ਵਾਲਿਆਂ ਵੱਲੋਂ ਅੜਿੱਕਾ ਪਾਉਣ ਦਾ ਇਹ ਹੀ ਯਕੀਨ ਸੀ ।
ਸਮਾਨ ਜਮਾਂ ਕਰਵਾ ਕੇ ਜਦੋਂ ਇਮੀਗਰੇਸ਼ਨ ਵਾਲਿਆਂ ਕੋਲ ਜਾਣ ਲੱਗੇ ਤਾਂ ਸੋਨੂੰ ਦੇ ਪਾਸਪੋਰਟ ਦੀ ਘੁੰਡੀ ਦੇਖ ਕੇ ਨਾਗਵਲ ਪਾਉਣ ਦੀ ਕੋਸਿ਼ਸ਼ ਕੀਤੀ ਪਰ ਇੱਕ ਅਰਜ਼ੀ ਲਿਖਵਾ ਕੇ ਅੱਗੇ ਭੇਜ ਦਿੱਤਾ ‘ਜੇ ਸ਼ਾਰਜਾਹ ਇਮੀਗਰੇਸ਼ਨ ਵਾਲਿਆਂ ਨੇ ਵਾਪਸ ਭੇਜ ਦਿੱਤਾ ਤਾਂ ਮੇਰੀ ਜਿੰਮੇਵਾਰੀ ਹੋਵੇਗੀ ।’
ਮੈਂ ਇਮੀਗਰੇਸ਼ਨ ਕਰਾਉਣ ਲਈ ਇਕ ਸਰਦਾਰ ਅਧਿਕਾਰੀ ਕੋਲ ਗਿਆ ਸੋਚਿਆਂ ਬਾਕੀਆਂ ਨਾਲੋ ਫਰਕ ਹੋਊ, ਪਰ ਸਰਦਾਰ ਨੇ ਵਹਿਮ ਦੂਰ ਕਰ ਦਿੱਤਾ ਐਵੇਂ ਹੀ ਸਵਾਲ ਜਿਹੇ ਪੁੱਛੀ ਗਿਆ ਹੁਣ ਪਤਾ ਲੱਗਦਾ ਕਿ ਉਹਨਾ ਦੀ ਕੋਈ ਜਰੂਰਤ ਨਹੀਂ ਸੀ ।
ਇਮੀਗਰੇਸ਼ਨ ਕਰਾ ਕੇ ਅਸੀਂ ਅੱਗੇ ਵੇਟਿੰਗ ਹਾਲ ਵਿੱਚ ਬੈਠ ਗਏ ਉੱਥੇ ਇੱਕ ਹੁਸਿ਼ਆਰਪੁਰ ਦਾ ਸਰਦਾਰ ਮਿਲਿਆ ਜਿਸਨੇ ਸਾਡੀ ਫਲਾਈਟ ਤੇ ਹੀ ਆਬੂਧਾਬੀ ਜਾਣਾ ਸੀ , ਉਹ ਮੇਰੇ ਗੱਲਾਂ ਨਾਲ ਗੱਲਾਂ ਕਰਨ ਲੱਗਾ ਅਤੇ ਫਿਰ ਅਪਣੱਤ ਜਿਤਾ ਕੇ ਧੱਕੇ ਨਾਲ ਨਾ ਚਾਹੁੰਦੇ ਹੋਏ ਅਚਾਰ ਤੇ ਪਰਾਂਉਠੇ ਫੜਾ ਦਿੱਤੇ । ਸੋਨੂੰ ਦੀ ਪਤਨੀ ਦਾ ਕੈਨੇਡਾ ਤੋਂ ਫੋਨ ਸੀ ਉਹ ਫੋਨ ਵਿੱਚ ਸੁਣਨ ਵਿੱਚ ਬਿਜ਼ੀ ਸੀ ਨਵਾਂ ਨਵਾਂ ਵਿਆਹ ਹੋਣ ਕਰਕੇ ਉਹਦੀ ਭੁੱਖ ਮਰੀ ਹੋਈ ਸੀ ।
ਫਲਾਈਟ 5਼:30 ਤੇ ਸਾਡੀ ਫਲਾਈਟ ਸੀ । ਮੈਂ ਪਹਿਲੀ ਵਾਰ ਜਹਾਜ਼ ਚੜ੍ਹ ਰਿਹਾ , ਪਰ ਚਾਅ ਨਹੀਂ ਚੜਿਆ ਸੀ ।
ਜਹਾਜ਼ ਵਿੱਚ ਬੈਠੇ ਨੂੰ ਪਤਨੀ ਦਾ ਫੋਨ ਆਇਆ ਕਹਿੰਦੀ ਕਿਵੇਂ ਲੱਗਦਾ ਜਹਾਜ਼ । ਮੈਂ ਕਿਹਾ ‘ ਬਾਦਲਾਂ ਦੀ ਬੱਸ ਨਾਲੋਂ ਥੋੜਾ ਭੀੜਾ ਜਿਹਾ ਹੈ ਬਾਕੀ ਤਾਂ ਕੋਈ ਫਰਕ ਨਹੀਂ ।’ ਬੇਬੇ ਨੂੰ ‘ਫੋਨ ਫਤਹਿ’ ਬੁਲਾਈ ਅਤੇ ਸੀਟ ਬੈਲਟ ਬੰਨਣ ਦੇ ਨਿਰਦੇਸ਼ ਮਗਰੋਂ ਜਹਾਜ਼ ਆਪਣੀ ਮੰਜਿ਼ਲ ਵੱਲ ਵੱਧਣ ਲੱਗਾ। ਸਾਡਾ ਸਫ਼ਰ ਸਾਢੇ ਤਿੰਨ ਘੰਟੇ ਵਿੱਚ ਖਤਮ ਹੋਣਾ ਸੀ ।
ਐਨੇ ਚਿਰ ਨੂੰ ਡਰਿੰਕ ਵਾਲੀ ਟਰਾਲੀ ਆਈ ਸੋਨੂੰ ਨੇ ਬੀਅਰ ਜਾਂ ਸ਼ਰਾਬ ਨਾ ਪੀਤੀ ਕਿਉਂਕਿ ਉਸਨੂੰ ਡਰ ਸੀ ਕਿ ਸ਼ਾਰਜਾਹ ਏਅਰ ਪੋਰਟ ਵਾਲੇ ਕਿਤੇ ਪਾਸਪੋਰਟ ਵਲੇਵਾਂ ਨਾ ਪਾ ਲੈਣ । ਮੈਂ ਇਸ ਕਰਕੇ ਨਾ ਪੀਤੀ ਕਿਉਂਕਿ ਜਿਸ ਵਿਅਕਤੀ ਕੋਲ ਜਾ ਰਿਹਾ ਉਹ ਸ਼ਰਾਬ ਨਹੀਂ ਪੀਂਦਾ , ਨਾਲੇ ਉਸਦੇ ਰੂਬਰੂ ਪਹਿਲੀ ਵਾਰ ਹੋਣਾ ਸੀ , ਜਦੋਂ ਅਗਲਾ ਨਾ ਪੀਂਦਾ ਹੋਵੇ ਫਿਰ ਠੀਕ ਨਹੀਂ ਲੱਗਦਾ । ਦਿਲ ਤੇ ਪੱਥਰ ਰੱਖ ਕੇ ਮੰਗੂਫਲੀ ਦੀ ਗਿਰੀਆਂ ਅਤੇ ਜੂਸ ਨਾਲ ਟਾਈਮ ਪਾਸ ਕੀਤਾ । ਫਿਰ ਖਾਣਾ ਆ ਗਿਆ । ਖਾਣੇ ਨਾਲ ਦੋ ਹੱਥ ਕਰਕੇ ਫਿਰ ਰਸੂਲ ਹਮਜਾਤੋਵ ਦੀ ਜਗਤ ਪਰਸਿੱਧ ਕਿਤਾਬ ‘ ਮੇਰਾ ਦਾਗਿਸਤਾਨ’ ਪੜਨ ਲੱਗਾ । (ਮੌਕੇ ਤੇ ਬਣੇ ਪ੍ਰੋਗਰਾਮ ਕਾਰਨ ਖੀਵਾ ਮਾਹੀ ਲਈ ਮੇਰਾ ਦਾਗਿਸਤਾਨ ’ ਤੋਂ ਬਿਨਾ ਕੋਈ ਹੋਰ ਤੋਹਫਾ ਨਾ ਖਰੀਦ ਸਕਿਆ )
ਜਹਾਜ਼ ਜਿਉਂ ਹੀ ਯੂ ਏ ਈ ਵਿੱਚ ਦਾਖਲ ਹੋਇਆ ਤਾਂ ਸੋਨੂੰ ਮੈਨੂੰ ਖਿੜਕੀ ਵਿੱਚੋਂ ਦੁਬਈ ਅਤੇ ਸ਼ਾਰਜ਼ਾਹ ਦੀਆਂ ਅੰਮ੍ਰਿਤਸਰ ਦੀ ਦਿਵਾਲੀ ਵਾਂਗੂੰ ਜਗਮਗ ਜਗਮਗ ਕਰਦੀਆਂ ਇਮਾਰਤਾਂ ਬਾਰੇ ਦੱਸਣ ਲੱਗਾ। ਸਥਾਨਕ ਸਮੇਂ ਮੁਤਾਬਿਕ 8:45 ਤੇ ਜਹਾਜ਼ ਦੇ ਟਾਇਰਾਂ ਨੇ ਸ਼ਾਰਜਾਹ ਏਅਰਪੋਰਟ ਤੇ ਰਨਵੇ ਤੇ ਜਾ ਦਸਤਕ ਦਿੱਤੀ ਅਤੇ ਪੰਜ ਕੁ ਮਿੰਟਾਂ ਬਾਅਦ ਅਸੀਂ ਜਹਾਜ਼ ਵਿੱਚੋਂ ਬਾਹਰ ਨਿਕਲ ਆਏ । ਮੇਰੇ ਕੋਲ ਵੀਜੇ ਦੀ ਫੋਟੋ ਕਾਪੀ ਸੀ ਇਸ ਕਰਕੇ ਪਾਸਪੋਰਟ ਤੇ ਇਮੀਗਰੇਸ਼ਨ ਦੀ ਮੋਹਰ ਲੱਗਣੀ । ਸੋਨੂੰ ਮੈਨੂੰ ਨੇ ਇਮੀਗਰੇਸ਼ਨ ਵਾਲਿਆਂ ਕੋਲ ਭੇਜ ਦਿੱਤਾ ਮੈ ਅੰਗਰੇਜ਼ੀ ਦਾ ਜੋੜ ਤੋੜ ਕਰਕੇ ਰਿਸੈਪਨਿਸ਼ਟ ਨਾਲ ਗੱਲ ਕੀਤੀ ਸੀ । ਫਿਲਪੀਨਨ ਕੁੜੀ ਨੇ ਮੇਰੇ ਡਾਕੂਮੈਂਟ ਦੇਖੇ ‘ਸਾਟਾ ਦਿਸ ਸਾਈਡ ’ ਕਹਿ ਕੇ ਹੱਥ ਨਾਲ ਇਸ਼ਾਰਾ ਕੀਤਾ । ਸੋਨੂੰ ਕਹਿੰਦਾ ਮੇਰੇ ਮਗਰ ਆ ਜਾ ਮੈਨੁੰ ਵੀ ‘ਦਿਸ ਸਾਈਡ’ ਹੀ ਸਮਝ ਆਇਆ , ਉਹ ਐਕਸਟ ਫਰਕ ਦਾ ਸੀ , ‘ਸਾਟਾ’ ਵਾਲਾ ਰਾਜ ਅੱਧੇ ਘੰਟੇ ਦੀਆਂ ਟੱਕਰਾਂ ਮਗਰੋਂ ਖੁੱਲਿਆ ।
ਜਦੋਂ ਬਾਹਰ ਨਿਕਲਣ ਲੱਗੇ ਸੋਨੂੰ ਬਾਹਰ ਭੇਜ ਦਿੱਤਾ ਮੈਨੂੰ ਕਹਿੰਦੇ ਆਈ ਸਕੈਨ ਕਰਾਓ। ਮੈਂ ਆਈ ਸਕੈਨ ਵਾਲਿਆਂ ਕੋਲ ਗਿਆ ਉਹ ਕਹਿੰਦੇ ਅਸਲੀ ਵੀਜ਼ਾ ਲਿਆ । ਮੈਂ ਫਿਰ ਉਸੇ ਫਿਲਪਾਈਨਨ ਬੀਬੀ ਦੇ ਸਿਰਾਣੇ ਗਿਆ । ਵੀਹ ਮਿੰਟ ਬਾਅਦ ਵਾਰੀ ਆਈ ਉੱਥੇ ਵਰਕ ਪਰਮਿਟ ਵਾਲਿਆਂ ਨੂੰ ਅਸਲੀ ਵੀਜ਼ੇ ਮਿਲ ਰਹੇ ਸਨ ਉਸਨੇ ਫਿਰ ਮੈਨੂੰ ਕਿਹਾ ਕਿ ਆਪਣੇ ਸਪਾਂਸਰ ਜਾਂ ਏਜੰਟ ਨੂੰ ਫੋਨ ਕਰੋਂ ।
ਮੇਰੇ ਇੰਡੀਆ ਵਾਲਾ ਫੋਨ ਚੱਲਦਾ ਨਹੀਂ ਸੀ । 30 ਦਰਾਮ ਦਾ ਕਾਲਿੰਗ ਕਾਰਡ ਲਿਆ ਜਿਸ ਵਿੱਚੋਂ ਸਿਰਫ 2 ਕਾਲਾ ਕੀਤੀਆਂ । ਜਦੋਂ ਖੀਵਾ ਬਾਈ ਜੀ ਦਾ ਨੰਬਰ ਡਾਇਲ ਕਰਾਂ ਅੱਗੇ ਕੰਪਿਊਟਰ ਜਵਾਬ ਵੀ ਅਰਬੀ ਵਿੱਚ ਦੇਵੇ ਕਿ ‘ਸੁ਼ਕਰਾ ’ ਤੋਂ ਬਿਨਾ ਕੁਝ ਨਾ ਸਮਝ ਆਵੇ ਆਪੇ ਹੀ ਲੱਗਤਾ ਜਿਹਾ ਲਾ ਲਿਆ ਕਿ ‘ਸੁ਼ਕਰੀਆ’ ਕਹਿੰਦੀ ਹੋਣੀ ਕੰਪਿਊਟਰਨੀ ।
(ਕੰਪਿਊਟਰਨੀ ਸ਼ਬਦ ਮੇਰੀ ਮਾਂ ਦੀ ਕਾਂਢ ਹੈ , ਜਦੋਂ ਵੀ ਕੋਈ ਫੋਨ ਨਾਲ ਲੱਗੇ ਅੱਗੇ ਕਿਸੇ ਔਰਤ ਦੀ ਆਵਾਜ਼ ਵਿੱਚ ਕੰਮਪਿਊਟਰ ਬੋਲੇ ਤਾਂ ਮਾਤਾ ਸ੍ਰੀ ਕਹਿੰਦੇ ਕੰਪਿਊਟਰਨੀ ਬੋਲਦੀ ) । ਪਹਿਲਾਂ ਤਾਂ ਮੈਂ ਸੋਚਿਆਂ ਬਾਬੇ ਸ਼ਹੀਦ ਦੇ ਪੰਜ ਰੁਪਈਆਂ ਤੇ ਪਤਾਸੇ ਸੁੱਖ ਲਵਾਂ ਫਿਰ ਸੋਚਿਆਂ ਕੀ ਪਤਾ ਬਾਬਾ ਜੀ ਬਿਗਾਨੇ ਮੁਲਕ ਵਿੱਚ ਆਪਣੀ ਸਰਵਿਸ਼ ਦਿੰਦੇ ਜਾ ਨਹੀਂ । ਲਾਲਾਂ ਵਾਲੇ ਪੀਰ ਮੈਨੂੰ ਜ਼ਮਾਂ ਹੀ ਭਰੋਸਾਂ ਨਹੀਂ ਸੀ ਜਿਹੜਾ ਆਪ ਬੌਕ ਤੇ ਚੜ੍ਹਿਆ ਫਿਰਦਾ ਸੀ ਉਹ ਮੈਨੂੰ ਇਸ ਭੰਭਲਭੂਸੇ ਵਿੱਚੋਂ ਕਿਵੇਂ ਕੱਢੂ ।
ਮੈਂ ਕਿਸੇ ਨੂੰ ਪੁੱਛਿਆ ਕਿ ਪੇਫੋਨ ਤੋਂ ਕਾਲ ਕਿਵੇਂ ਡਾਇਲ ਹੋਣੀ ਹੈ ਤਾਂ ਦੱਸਣ ਤੇ ਪਤਾ ਲੱਗਿਆ ਕਿ ਯੂਏਈ ਦਾ ਕੰਟਰੀ ਕੋਡ ਨਹੀਂ ਲਾਉਣਾ , ਪਰ ਮੈਨੂੰ ਤਾਂ ਪਤਾ ਨਹੀਂ ਸੀ ਕੰਟਰੀ ਕੋਡ ਕਿਹੜਾ ਅਤੇ ਫੋਨ ਨੰਬਰ ਕਿਹੜਾ ਕਿਉਂਕਿ ਮੇਰੇ ਕੋਲ ਨੰਬਰ ਸੇਵ ਸੀ ਸਿੱਧਾ ਇਸ ਕਰਕੇ ਕੰਟਰੀ ਦਾ ਚੱਕਰ ਯਾਦ ਨਹੀਂ ਰਿਹਾ ਸੀ । ਸਮਝ ਨਾ ਆਵੇ ਕਿੰਨੇ ਅੰਕ ਕੰਟਰੀ ਕੋਡ ਦੇ ਹੋਣੇ ਫਿਰ ਮੈਂ ਮੂਹਰੋਂ ਇੱਕ ਨੰਬਰ ਘਟਾ ਕੇ ਡਾਇਲ ਕਰ ਕਰ ਅਖੀਰ ਨੰਬਰ ਲਾ ਲਿਆ। ਆਪਣੀ ਮੁਸ਼ਕਿਲ ਖੀਵਾ ਬਾਈ ਨੂੰ ਦੱਸੀ ਉਹ ਬਾਹਰ ਏਅਰਪੋਰਟ ਤੇ ਖੜੇ ਸਨ । ਸੋਨੂੰ ਸਮਾਨ ਵਾਲੀ ਬੈਲਟ ਕੋਲ ਮੈਨੁੰ ਉਡੀਕ ਰਿਹਾ ਸੀ । ਖੀਵਾ ਬਾਈ ਕਹਿੰਦਾ ਮੈਂ ਏਜੰਟ ਨੂੰ ਫੋਨ ਕਰਕੇ ਤੈਨੂੰ ਫਿਰ ਫੋਨ ਕਰਦਾ । ਮੇਰਾ ਕੋਈ ਪੱਕਾ ਨੰਬਰ ਹੈਨੀ ਸੀ ਇਸ ਕਰਕੇ ਜਦੋਂ 5 ਮਿੰਟ ਬਾਅਦ ਮੈਂ ਫਿਰ ਫੋਨ ਕੀਤਾ ਤਾਂ ਉਹਨਾਂ ਦੱਿਸਆ ਕਿ ਇੱਥੇ ਸਾਟਾ ( ਸਾ਼ਰਜਾਹ ਏਅਰ ਪੋਰਟ ਟਰੈਵਲ ਅਥਾਰਟੀ ) ਦਾ ਕਾੳੇੂਂਟਰ ਹੋਣਾ ਉਹਨਾਂ ਨੂੰ ਜਾ ਕੇ ਮਿਲੋ।
ਆਸਾ ਪਾਸਾ ਦੇਖ ਸਿਰ ਘੁੰਮਾਇਆ ਤਾਂ ਜਿੱਥੋਂ ਮੈਂ ਖੜਾ ਫੋਨ ਕਰ ਰਿਹਾ ਉੱਥੋ ਮਸਾਂ 5 ਫੁੱਟ ਦੂਰ ਸਾਟਾ ਦਾ ਕਾਊਂਟਰ ਸੀ । ਮੈਂ ਹੈਲੋ ਕਹਿ ਆਪਣੀ ਕਹਾਣੀ ਦੱਸੀ ।ਉਸਨੇ ਹਿੰਦੀ ਵਿੱਚ ਬੋਲਦੇ ਹੋਏ ਨੇ ਮੈਥੋਂ ਪਾਸਪੋਰਟ ਫੜ ਲਿਆ ਤੇ 2 ਮਿੰਟ ਵੇਟ ਕਰਨ ਲਈ ਕਿਹਾ । ( ਉਹ ਆਂਵਦੇ ਜਣੇ ਊਰਦੂ ਬੋਲਦੇ ਹਨ ,ਪਰ ਕੁਝ ਸ਼ਬਦਾਂ ਨੂੰ ਛੱਡ ਬਾਕੀ ਸਾਰੀ ਹਿੰਦੀ ਫਿਲਮਾਂ ਵਾਲੀ ਬੋਲੀ ਹੈ) ।
ਸਾਟਾ ਦੇ ਡੀਲਿੰਗ ਪਰਸ਼ਨ ਨੇ ਮੇਰੇ ਪਾਸਪੋਰਟ ਦੀ ਫੋਟੋ ਕਾਪੀ ਕਰਕੇ ਅਤੇ ਵੀਜੇ ਦੀ ਫੋਟੋ ਕਾਪੀ ਕੀਤੀ ਮੈਨੂੰ ਆਈ ਸਕੈਨ ਵਾਲਿਆਂ ਕੋਲ ਲੈ ਗਿਆ। ਮਸਾਂ ਤੀਹ ਸੈਕਿੰਡ ਲੱਗੇ ਹੋਣੇ ਉਹਨਾਂ ਆਈ ਸਕੈਨ ਕੀਤੀ ਫਿਰ ਇਮੀਗਰੇਸ਼ਨ ਵਾਲਿਆਂ ਕੋਲ ਲੈ ਗਿਆ ਉਹ ਵੀ ਸਰਕਾਰੀ ਦਫ਼ਤਰਾਂ ਦੇ ਮੁਲਾਜ਼ਮਾਂ ਵਾਂਗੂੰ ਵਿਹਲੇ ਹੋਏ ਬੈਠੇ ਸਨ ਮਿੰਟ ਵਿੱਚ ਉਹਨਾ ਮੋਹਰ ਮਾਰ ਦਿੱਤੀ । ਫਿਰ ਮੈਨੂੰ ਸਾਟਾ ਕਾਉੂਂਟਰ ਤੇ ਲਿਆ ਕੇ ਉਹ ਮੁਲਾਜ਼ਮ ਕਹਿੰਦਾ ਤੁਹਾਡਾ ਪਾਸਪੋਰਟ ਸਾਡੇ ਕੋਲ ਰਹੇਗਾ ਜਦੋਂ ਜਾਣਾ ਹੋਇਆ ਇੱਥੋਂ ਹੀ ਵਾਪਸ ਮਿਲੇਗਾ। ਮੈਨੂੰ ਉਹਨਾ ਪਾਸਪੋਰਟ ਅਤੇ ਵੀਜੇ ਦੀ ਤਸਦੀਕ ਸ਼ੁਦਾ ਕਾਪੀ ਦੇ ਦਿੱਤੀ ।
ਸੋਨੂੰ ਨੂੰ ਨਾਲ ਲੈ ਕੇ ਜਦੋਂ ਏਅਰਪੋਰਟ ਤੇ ਬਾਹਰ ਆਏ ਤਾਂ ਮੈਨੂੰ ਖੀਵਾ ਮਾਹੀ ਨੂੰ ਝੱਟ ਪਛਾਣ ਲਿਆ ਸ਼ਾਰਜਾਹ ਏਅਰਪੋਰਟ ਤੇ ਅਸੀਂ ਪਹਿਲੀ ਵਾਰ ਮਿਲੇ ਸੀ , ਖੀਵਾ ਮਾਹੀ ਤੇ ਉਹਨਾਂ ਦਾ ਵੱਡਾ ਭਰਾ ਜਸਵੀਰ ਸਿੰਘ ਖੀਵਾ ਵੀ ਸੀ । ਅਸੀਂ ਗੱਡੀ ਵਿੱਚ ਬੈਠ ਕੇ ਹਾਲੇ 500 ਗਜ਼ ਵੀ ਨਹੀਂ ਆਏ ਸੀ । ਜਸਵੀਰ ਬਾਈ ਕਹਿੰਦਾ , ‘ ਸੁਖਨੈਬ ਕਿਹੜੀ ਪੀਣੀ ’ ਮੈਂ ਜਵਾਬ ਦਿੱਤਾ ‘ਆਦੀ ਨਹੀਂ ਹਾਂ ।’
ਜਸਵੀਰ ਬਾਈ ਫਿਰ ਕਹਿੰਦਾ , ‘ਪੀਣੀ ਤਾਂ ਹੈ ਹੀ
ਇਹ ਦੱਸ ਬੀਅਰ ਕਿ ਸਕਾਚ’
ਮੈਂ ਕਿਹਾ , ‘ ਬੀਅਰ ਤਾਂ ਪੰਜਾਬ ਵਿੱਚ ਬਥੇਰੀ ਪੀਂਦੇ ਫਿਰ ਸਕਾਚ ਦੇਖਦੇ ।’
ਰੰਗ ਬਿਰੰਗੀਆਂ ਲਾਈਟਾਂ ਦੇ ਚਾਨਣ ਵਿੱਚ ਸਾਡੀ ਗੱਡੀ ਅਜਮਾਨ ਦੇ ਠੇਕੇ ਵਿੱਚ ਮੋੜ ਗਈ । ਮੇਰੇ ਦਿਮਾਗ ਵਿੱਚ ਇਹ ਸੀ ਸਾਰੇ ਯੂ ਏ ਈ ਵਿੱਚ ਕਾਨੂੰਨਨ ਤੌਰ ਤੇ ਸ਼ਰਾਬ ਪੀਣ ਦੀ ਮਨਾਹੀ ਹੋਣੀ ਪਰ ਜਦੋਂ ਸਾਡੇ ਘਰ ਨਾਲੋਂ ਵੱਡਾ ਠੇਕਾ ਦੇਖਿਆ ਤਾਂ ਹੈਰਾਨ ਹੋ ਗਿਆ।
ਜਸਵੀਰ ਬਾਈ ਨੇ ਸਕਾਚ ਦਾ ਬਰਾਂਡ ਪੁੱਛਿਆ , ਮੈਂ ਹੱਸ ਕੇ ਕਿਹਾ ਖੁਸ਼ਵੰਤ ਸਿੰਘ ਦੇ ਲੇਖਾਂ ਵਿੱਚ ਸਕਾਚ ਬਾਰੇ ਪੜ੍ਹਿਆ ਬਹੁਤ ਹੈ ਪਿਆ ਜਿਹੜੀ ਮਰਜ਼ੀ ਦਿਓ । ਅਸੀਂ ਰੈੱਡ ਲੇਬਲ ਦੀ ਇੱਕ ਲੀਟਰ ਵਾਲੀ ਬੋਤਲ ਲੈ ਲਈ ।
ਅਜ਼ਮਾਨ ਉਹ ਧਰਤੀ ਹੈ ਜਿੱਥੇ ਖੀਵਾ ਮਾਹੀ ਵਸਦਾ ਹੈ। ਅਜਮਾਨ , ਸ਼ਾਰਜਾਹ , ਦੁਬਈ ਵਾਂਗੂੰ ਛੋਟਾ ਜਿਹੀ ਸਟੇਟ ਹੈ। ਯੂ ਏ ਈ 7 ਸਟੇਟ ਹਨ , ਸ਼ਾਰਜ਼ਾਹ, ਅਜਮਾਨ, ਫਜੀਰਾਹ, ਅਲ ਐਨ , ਆਬੂਥਾਬੀ , ਰਸ ਅਲ ਖੇਮਾਹ ( ਪੰਜਾਬੀ ਇਸਨੰ ਰਾਇਸਲਖੇਮਾ ਕਹਿੰਦੇ ਹਨ) ਅਤੇ ਉਮ ਅਲ ਕੋਇਨ , ਰਾਜਧਾਨੀ ਆਬੂਬਾਧੀ ਹੈ। ਪਰ ਜਿਵੇਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਪਰ ਦੱਸ ਪੁੱਛ ਸੋਨੀਆ ਗਾਂਧੀ ਦੀ ਹੈ ਇਸ ਤਰ੍ਹਾਂ ਦੁਬਈ ਇੰਟਰਨੈਸ਼ਨਲ ਮਾਰਕੀਟ ਵਿੱਚ ਮੋਹਰੀ ਹੈ।
ਅਸੀਂ ਘਰ ਪਹੁੰਚੇ ਤਾਂ ਜਾਣ ਸਾਰ ਆਨਲਾਈਨ ਹੋ ਕੇ ਫੇਸਬੁੱਕ ਵਾਲੇ ਦੋਸਤਾਂ ਨੂੰ ਖੀਵਾ ਨਿਵਾਸ ਵਿੱਚ ਪਹੁੰਚਣ ਦਾ ਮੈਸੇਜ ਸ਼ੇਅਰ ਕੀਤਾ।
ਨਾਲ ਨਾਲ ਦੋ ਤਿੰਨ ਪੈੱਗ ਰੈਡ ਲੇਬਲ ਦੇ ਲਾ ਕੇ ਰੋਟੀ ਖਾਣ ਮਗਰੋਂ ਯੂ ਏ ਈ ਵਿੱਚ ਪਹਿਲੀ ਰਾਤ ਸੌਣ ਦੀ ਤਿਆਰੀ ਕੀਤੀ ।