Sunday, March 11, 2012

ਪੰਜਾਬੀਓ ਨਿਜਾਮ ਕਿਵੇਂ ਬਦਲੂ

ਸੁਖਨੈਬ ਸਿੰਘ ਸਿੱਧੂ

ਪੰਜਾਬ ਅਤੇ ਆਪਣੇ ਪਰਿਵਾਰ ਦੇ ਭਵਿੱਖ ਬਾਰੇ ਮੈਂ ਹੋਰਨਾਂ ਪੰਜਾਬੀਆਂ ਜਿੰਨ੍ਹਾਂ ਹੀ ਚਿੰਤਤ ਹਾਂ । ਹਰ ਵਾਰ ਚੋਣਾਂ ਆਉਂਦੀਆਂ ਨੇ ਤਾਂ ਪੰਜਾਬ ਵਿਚਲੇ ਪੰਜਾਬੀ ‘ਜਿੰਦਾਬਾਦ ਮੁਰਦਾਬਾਦ ’ ਦੇ ਨਾਅਰੇ ਲਾ ਕੇ ਅਤੇ ਪ੍ਰਵਾਸੀ ਪੰਜਾਬੀ ਅਖਬਾਰਾਂ ਵਿੱਚ ਬਿਆਨਬਾਜ਼ੀ ਅਤੇ ਡਾਲਰਾਂ – ਪੌਂਡ ਚੋਣ ਫੰਡ ਦੇ ਕੇ ਕਦੇ ਨੀਲੇ ਅਤੇ ਚਿੱਟਿਆਂ ਨੂੰ ਚੁਣ ਦਿੰਦੇ ਹਨ ਪਰ ਜਿੱਤੇ ਹੋਏ ਲੀਡਰਾਂ ਨੂੰ ਝੰਡੀ ਵਾਲੀਆਂ ਕਾਰਾਂ ਅਤੇ ਕੋਠੀਆਂ ਮਿਲ ਜਾਂਦੀਆਂ ਹਨ ਅਤੇ ਸਾਡੇ ਪੱਲੇ ਰਹਿ ਜਾਂਦਾ ਹੈ ‘ਵਾਅਦਿਆਂ ਦਾ ਲੋਲੀਪੋਪ’ ਜਿਸ ਵਿੱਚੋਂ ਕੁਝ ਨਹੀਂ ਨਿਬੜਦਾ । ਦੋ ਮੁੱਖ ਪਾਰਟੀਆਂ ਨੂੰ ‘ਉਤਰ ਕਾਟੋ ਮੈਂ ਚੜ੍ਹਾਂ’ ਵਾਲੀ ਖੇਡ ਖੇਡਦੀਆਂ ਰਾਜ ਦੀ ਸਥਿਤੀ ਨੂੰ ਪਹਿਲਾਂ ਨਾਲੋਂ ਬਦਤਰ ਕਰ ਰਹੀਆਂ ਹਨ । ਆਰਥਿਕ ਸਥਿਤੀ ਪੱਖੋ ਕੰਗਾਲ ਹੋ ਰਹੇ ਪੰਜਾਬ ਦੇ ਖੀਸੇ

ਖਾਲੀ ਹਨ ਅਤੇ ਖਾਖੀ ਨੰਗ ਹੋਇਆ ਪੰਜਾਬ ਹਾਲੇ ਸਹਿਕ ਰਿਹਾ ਹੈ।

ਰੰਗਲਾ ਪੰਜਾਬ ਬਰਬਾਦ ਹੋਈ ਜਾਂਦਾ ਹੈ

ਕਾਗਜਾਂ ‘ਚ ਐਂਵੀ ਜਿੰਦਾਬਾਦ ਹੋਈ ਜਾਂਦਾ ਹੈ।

ਰਾਜ ਵਾਸੀਆਂ ਨੇ ਕਈ ਵਾਰ ਕਈਆਂ ਤੇ ਆਸ ਲਾਈ ਪਰ ਹਰ ਕੋਈ ਖੋਟਾ ਸਿੱਕਾ ਬਣ ਕੇ ਸਾਹਮਣੇ ਆਇਆ ।ਕਦੇ ਰਾਮੂਵਾਲੀਆਂ , ਕਦੇ ਜਗਮੀਤ ਬਰਾੜ, ਕਦੇ ਵਾਰ ਵਾਰ ਵੰਡੇ ਜਾਣ ਪੰਥ ਅਕਾਲੀ ਦਲ ਹੋਂਦ ਵਿੱਚ ਆਏ ਪਰ ਸਾਡੀ ਕਿਸਮਤ ਨਾ ਸੰਵਰ ਸਕੀ । ਨਾ ਹੀ ਅਸੀਂ ਛੇਤੀ ਕੀਤੇ ਦੋ ਰਵਾਇਤੀ ਪਾਰਟੀਆਂ ਕਾਂਗਰਸ ਅਤੇ ਅਕਾਲੀ ਦਲ ਦਾ ਸਾਥ ਛੱਡ ਕੇ ਕਿਸੇ ਹੋਰ ਨੂੰ ਮੌਕਾ ਦੇ ਸਕੇ ਨਾ ਹੀ ਕੋਈ ਹੋਰ ਲੀਡਰ ਦੋਵਾਂ ਪਾਰਟੀਆਂ ਵਿਰੁੱਧ ਪੈਰ ਗੱਡ ਕੇ ਲੜ ਸਕਿਆ। ਜਿਸਦਾ ਜਦੋਂ ਵੀ ਦਾਅ ਲੱਗਿਆ ਉਹ ਅਕਾਲੀ ਦਲ ਜਾਂ ਕਾਂਗਰਸ ਵਿੱਚ ਸਿੱਧੇ ਜਾਂ ਅਸਿੱਧੇ ਰੂਪ ਸ਼ਾਮਿਲ ਹੋ ਗਿਆ ।

ਬਾਦਲ ਪਰਿਵਾਰ ਵਿੱਚੋਂ ਬਾਗੀ ਹੋ ਕੇ ਪੀਪਲਜ਼ ਪਾਰਟੀ ਆਫ ਪੰਜਾਬ ਦਾ ਨਿਰਮਾਣ ਕਰਨ ਵਾਲੇ ਮਨਪ੍ਰੀਤ ਸਿੰਘ ਬਾਦਲ ਅਤੇ ਉਸਦੇ ਸਾਥੀਆਂ ਤੋਂ ਲੋਕਾਂ ਨੂੰ ਕੁਝ ਢਾਰਸ ਬੱਝੀ ਸੀ । ਪਰ ਮਨਪ੍ਰੀਤ ਦੇ ਖੇਮੇ ਵਿੱਚ ਸ਼ਾਮਿਲ ਹੋਏ ‘ਭਵੀਸ਼ਣਾਂ’ ਨੇ ਇਸਦੀ ਖੇਡ ਵੀ ਲੱਗਭਗ ਖਿਲਾਰ ਦਿੱਤੀ ਹੈ।

ਪਹਿਲਾਂ ਲੋਕਾਂ ਨੂੰ ਮਹਿਸੂਸ ਹੋਣ ਲੱਗਣ ਲੱਗਾ ਸੀ ਕਿ ਮਨਪ੍ਰੀਤ ਦੀ ਟੀਮ ਨੇ ਪੰਜਾਬ ਵਿੱਚ ਤੀਜਾ ਵਿਕਲਪ ਪੈਦਾ ਕਰ ਦੇਣਾ ਪਰ ਹੁਣ ਉਹ ਉਮੀਦ ਵੀ ਲੱਗਭਗ ਖਤਮ ਨਜ਼ਰ ਆ ਰਹੀ ਹੈ।

ਜੇ ਪੰਜਾਬ ਦੀ ਮੌਜੂਦਾ ਸਥਿਤੀ ਤੇ ਨਜ਼ਰ ਮਾਰੀਏ ਤਾਂ ਸਥਿਤੀ ਕਾਫੀ ਸਾਫ਼ ਹੈ ਸੁਖਬੀਰ ਬਾਦਲ ਦੀ ਅਗਵਾਈ ਵਿੱਚ ਹਾਈ ਟੈੱਕ ਹੋਏ ਅਕਾਲੀ ਦਲ ਨੇ ਕਾਫੀ ਕੰਮ ਕੀਤਾ ਹੈ ਅਤੇ ਬਹੁਤ ਸਾਰੇ ਲੋਕਾਂ ਦਾ ਧਿਆਨ ਵੀ ਕੇਂਦਰਿਤ ਕੀਤਾ ਹੈ। ਉਹ ਗੱਲ ਵੱਖਰੀ ਹੈ ਕਿ ਕੋਈ ਕਾਰੋਬਾਰੀ ਆਪਣੇ ਕਾਰੋਬਾਰ ਤੇ ਹੱਕ ਨਹੀਂ ਜਿਤਾ ਸਕਦਾ ਪਤਾ ਨਹੀਂ ਕਦੋਂ ਕਿਸੇ ਜਥੇਦਾਰ ਦੀ ਨਜ਼ਰ ਉਸ ‘ਕਾਰੋਬਾਰ’ ਤੇ ਆ ਪਵੇ । ਪੰਥਕ ਕਾਰਜ਼ ਵੀ ਬਹੁਤ ਹੋਏ ਅਤੇ ਪੰਜਾਬ ਨੂੰ ਮਾਡਰਨ ਪੰਜਾਬ ਦੀ ਦਿੱਖ ਵੀ ਪ੍ਰਦਾਨ ਹੋਈ ਹੈ। ਇਹਨਾਂ ਗੱਲਾਂ ਨੂੰ ਦੇਖ ਕੇ ਲੱਗਦਾ ਹੈ ਕਿ ਜਿਵੇਂ ਝੋਲੀ ਚੁੱਕ ਮੀਡੀਆ ਬਾਦਲਾਂ ਦੇ ਗੁਣ ਗਾ ਰਿਹਾ ਤਾਂ ਪੰਜਾਬ ਵਿੱਚ ਦੂਜੀ ਵਾਰ ਅਕਾਲੀ ਭਾਜਪਾ ਸਰਕਾਰ ਬਣੇ

। ਪਰ ਜਦੋਂ ਸ਼ਾਮ ਨੂੰ 6 ਵਜੇਂ ਘਰੋਂ ਨਿਕਲੇ ਬੰਦੇ ਨੂੰ ਲੁੱਟੇ ਬਿਨਾ ਘਰੇ ਮੁੜਨ ਦਾ ਯਕੀਨ ਨਹੀਂ ਹੁੰਦਾ , ਜਦੋਂ 100-100 ਰੁਪਏ ਵਿਅਕਤੀਆਂ ਨੂੰ ਰੋਜ਼ਾਨਾ ਲੁੱਟਿਆ ਜਾਂਦਾ ਹੋਵੇ ਸਰਕਾਰ ਰਾਜ ਵਾਸੀਆਂ ਨੂੰ ਭੈਅ –ਰਹਿਤ ਜੀਵਨ ਜਾਂਚ ਨਾ ਦੇ ਸਕੇ ਤਾਂ ਲੱਗਦਾ ਕਿ ਜੇ ਵੋਟਰ ਸੁਚੇਤ ਰਹੇ ਤਾਂ ਅਕਾਲੀਆਂ ਦੀਆਂ ਪੀਪੀਆਂ ਖਾਲੀ ਰਹਿਣਗੀਆਂ ।

ਪਰ ਅਸੀਂ ਸਵਾਰਥੀ ਲੋਕ ਹਾਂ ਪਤਾ ਨਹੀਂ ਕਿਸ ਨੂੰ ਕਿਸੇ ਫਾਇਦੇ ਖਾਤਰ ਵੋਟ ਪਾ ਦੇਈਏ ।

ਕਾਂਗਰਸ ਦੀ ਸਥਿਤੀ ਠੀਕ ਠਾਕ ਹੈ ਇਸ ਕੋਈ ਅਜਿਹਾ ਗੁਣ ਨਜ਼ਰ ਨਹੀਂ ਆਉਂਦਾ ਕਿ ਲੋਕ ਕਾਂਗਰਸ ਨੂੰ ਸਰਕਾਰ ਬਣਾਉਣ ਦਾ ਫਤਵਾ ਦੇਣ , ਪਰ ਅਕਾਲੀ ਦਲ ਤੋਂ ਅੱਕੇ ਲੋਕਾਂ ਕੋਈ ਹੋਰ ਕੋਈ ਵਿਕਲਪ ਵੀ ਨਹੀਂ । ਰਾਜ ਵਿੱਚ ਆਪਸੀ ਖਿੱਚੋਤਾਣ ਅਤੇ ਕੇਂਦਰ ਵਿੱਚ ਘਪਲਿਆਂ ਦੇ ਸਾਰੇ ਰਿਕਾਰਡ ਮਾਤ ਪਾਉਣ ਵਾਲੀ ਕਾਂਗਰਸ ਦੀ ਹਾਲਤ ਦਿਨੋ ਦਿਨ ਬਦਤਰ ਹੋ ਰਹੀ ਹੈ। ਪਰ ਪੰਜਾਬ ਵਿੱਚ ਕੈਪਟਨ ਅਮਰਿੰਦਰ ਦੀ ਅਗਵਾਈ ਵਿੱਚ ਜੇ ਕਾਂਗਰਸ ਇੱਕਮੁੱਠ ਹੋ ਕੇ ਚੋਣਾਂ ਲੜੇ ਤਾਂ ਜਿੱਤ ਯਕੀਨੀ ਹੈ।

ਅਕਾਲੀ ਭਾਜਪਾ ਸਰਕਾਰ ਬਾਰੇ ਕਿਹਾ ਜਾ ਰਿਹਾ ਕਿ ਇਹਨਾਂ ਕਿ ਸਰਕਾਰ ਥਾਲੀ ਵਿੱਚ ਪਰੋਸ ਕੇ ਕਾਂਗਰਸ ਨੂੰ ਦੇ ਦਿੱਤੀ ਪਰ ਭਾਜਪਾ ਇੱਕ ਕੇਂਦਰੀ ਪੱਧਰ ਦੇ ਨੌਜਵਾਨ ਆਗੂ ਦਾ ਕਹਿਣਾ ਹੈ ਕਿ ਅਸੀਂ ਸਰਕਾਰ ਤਾਂ ਥਾਲੀ ਵਿੱਚ ਪਰੋਸ ਦਿੱਤੀ ਹੈ ਪਰ ਥਾਲੀ ਫੜਨ ਵਾਲੇ ਅੱਗੇ ਹੱਥ ਨਹੀਂ ਹਨ। ਇਸ਼ਾਰਾ ਕਾਂਗਰਸ ਦੀ ਆਪਸੀ ਫੁੱਟ ਵੱਲ ਹੈ।

ਜੇ ਮਨਪ੍ਰੀਤ ਬਾਦਲ ਦੀ ਪਾਰਟੀ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਵਿਅਕਤੀ ਇਸ ਬੇੜੇ ਵਿੱਚੋਂ ਛਾਲਾਂ ਮਾਰ ਗਏ ਹਨ । ਇਹ ਗੱਲ ਮਨਪ੍ਰੀਤ ਖੁਦ ਵੀ ਚੰਗੀ ਤਰ੍ਹਾਂ ਜਾਣਦੇ ਹਨ ਕਿ ਉਹਨਾਂ ਨਾਲ ਬਹੁਤੇ ਲੀਡਰ ਜਾਣ ਬੁੱਝ ਕੇ ਫਿੱਟ ਕੀਤੇ ਗਏ ਸਨ ਜਿਹੜੇ ਸਮੇ ਸਮੇਂ ਪਾਸੇ ਕੀਤੇ ਜਾਣੇ ਹਨ ਤਾਂ ਕੇ ਲੋਕਾਂ ਵਿੱਚ ਮਨਪ੍ਰੀਤ ਦੀ ਸ਼ਾਖ ਨੂੰ ਖਤਮ ਕੀਤਾ ਜਾਵੇ । ਮਨਪ੍ਰੀਤ ਦੀ ਪਾਰਟੀ ਕਾਂਗਰਸ ਅਤੇ ਅਕਾਲੀ ਦਲ ਲਈ ਹਊਆ ਬਣੀ ਹੋਈ ਸੀ । ਪਰ ਹੁਣ ਸਿਰਕੱਢ ਆਗੂ ਪਾਸੇ ਹੋਣ ਨਾਲ ਇਹ ਪ੍ਰਤੀਤ ਹੋਣ ਲੱਗਾ ਹੈ ਕਿ ਮਨਪ੍ਰੀਤ ਤੋਂ ਦੋਵਾਂ ਪਾਰਟੀਆਂ ਨੂੰ ਕੋਈ ਖਤਰਾ ਨਹੀਂ । ਉਹ ਵੱਖਰੀ ਗੱਲ ਹੈ ਕਿ ਟਿਕਟਾਂ ਦੀ ਵੰਡ ਮਗਰੋਂ ਦੋਵੇ ਪਾਰਟੀਆਂ ਤੋਂ ਨਾਰਾਜ਼ ਹੋਏ ਬਹੁਤੇ ਲੀਡਰ ਮਨਪ੍ਰੀਤ ਦਾ ਪੱਲਾ ਫੜਨ ਲਈ ਤਿਆਰ ਬੈਠੇ ਹਨ ।

No comments: