Sunday, September 27, 2009

ਇੱਕ ਪਿੰਡ ਤੋਂ ਸਾਰੀ ਦੁਨੀਆ ਤਕ ਪਹੁੰਚਦੀ ਅਖਬਾਰ


ਪੰਜਾਬੀ ਦੀ ਸਿਰਮੌਰ ਅਖਬਾਰ ਪੰਜਾਬੀ ਟ੍ਰਿਬਿਊਨ ਵਿੱਚ
ਛਪ ਰਹੇ ਕਾਲਮ ‘ ਪਰਵਾਸੀ ਪੰਜਾਬੀ ਮੀਡੀਆ’ ਵਿੱਚ ਦਿਨ ਐਤਵਾਰ 27 ਸਤੰਬਰ 2009 ਨੂੰ ਪ੍ਰਮੁੱਖ ਵੈੱਬਸਾਈਟ ਪੰਜਾਬੀ ਨਿਊਜ ਆਨ ਲਾਈਨ ਡਾਟ ਕਾਮ ਬਾਰੇ ਛਪਿਆ ਪ੍ਰੋ: ਕੁਲਬੀਰ ਸਿੰਘ ਦੁਆਰਾ ਲਿਖਿਆ ਫੀਚਰ ਹੇਠਾਂ ਹੂਬਹੂ ਦਿੱਤਾ ਜਾ ਰਿਹਾ ਹੈ
ਇੱਕ ਪਿੰਡ ਤੋਂ ਸਾਰੀ ਦੁਨੀਆ ਤਕ ਪਹੁੰਚਦੀ ਅਖਬਾਰ
ਜਿ਼ਲ੍ਹਾ ਬਠਿੰਡਾ ਦੇ ਛੋਟੇ ਜਿਹੇ ਪਿੰਡ ਪੂਹਲਾ ਤੋਂ ਛੋਟੀ ਜਿਹੀ ਟੀਮ ਵੱਲੋਂ ਇੱਕ ਵੱਡੀ ਆਨਲਾਈਨ ਅਖਬਾਰ ਚਲਾਈ ਜਾ ਰਹੀ ਹੈ ‘ ਪੰਜਾਬੀ ਨਿਊਜ ਆਨਲਾਈਨ’ ( ਮਨੁੱਖੀ ਅਧਿਕਾਰਾਂ ਦੀ ਬੇਖੌਫ ਆਵਾਜ਼ ) । ਭਗਤ ਸਿੰਘ, ਵਾਰਿਸ਼ ਸਾਹ, ਬੁੱਲ੍ਹੇ ਸ਼ਾਹ , ਸ੍ਰੀ ਗੁਰੁ ਨਾਨਕ ਦੇਣ ਜੀ , ਬਲਵੰਤ ਗਾਰਗੀ , ਅਮਿੰ੍ਰਤਾ ਪ੍ਰੀਤਮ , ਗੁਰਦਾਸ ਮਾਨ ਦੀਆਂ ਕਲਾਤਮਿਕ ਤਸਵੀਰਾਂ ਇਸ ਅਖਬਾਰ ਬਾਰੇ ਮੁੱਢਲੇ ਪ੍ਰਭਾਵ ਨੂੰ ਗੂੜ੍ਹਾ ਕਰਦੀਆਂ ਹਨ ।
ਦੋ ਸਾਲ , ਦੋ ਮਹੀਨੇ ਪਹਿਲਾਂ ਸਥਾਪਿਤ ਹੋਈ ਇਹ ਅਖਬਾਰ 65 ਦੇਸ਼ਾ ਦੇ 1187 ਸ਼ਹਿਰਾਂ ਵਿੱਚ ਵਿੱਚ ਵੈੱਬਸਾਈਟ ਦੇ ਰਾਹੀ ਪੜ੍ਹੀ –ਲਿਖੀ ਜਾਂਦੀ ਹੈ । ਪਾਠਕਾਂ ਦੀ ਗਿਣਤੀ ਦੀ ਵਧਦੀ ਘੱਟਦੀ ਰਹਿੰਦੀ ਹੈ । ਸਭ ਤੋਂ ਵੱਧ ਭਾਰਤ ਵਿੱਚ ਪੜ੍ਹੀ ਜਾਂਦੀ ਹੈ , ਫਿਰ ਕੈਨੇਡਾ ਵਿੱਚ ।
ਚੁੱਪ ਦੀ ਆਵਾਜ਼ , ਆਪਣਾ ਵਿਰਸਾ ਆਪਣੇ ਲੋਕ , ਸੰਵਾਦ, ਸਰਗਰਮੀਆਂ, ਮੁੱਖ ਖਬਰਾਂ , ਭਾਰਤ, ਦੁਨੀਆਂ , ਪਰਵਾਸੀ ਪੰਜਾਬੀ , ਸਿਹਤ ਤੇ ਸੁੰਦਰਤਾ , ਸੰਪਾਦਕੀ , ਫੋਟੋ ਗੈਲਰੀ , ਆਦਿ ਵਿੱਚ ਵੰਡੀ ਇਸ ਦੀ ਰੂਪ ਰੇਖਾ ਪਾਠਕਾਂ ਨੂੰ ਬਹੁਮੁੱਲੀ ਜਾਣਕਾਰੀ ਮੁਹੱਈਆ ਕਰ ਜਾਂਦੀ ਹੈ। ਮੁੱਖ ਸੰਪਾਦਕ ਸੁਖਨੈਬ ਸਿੰਘ , ਸੰਪਾਦਕ ਗੁਰਪ੍ਰੀਤ ਸਿੰਘ , ਸਭਿਆਚਾਰਕ ਸੰਪਾਦਕ ਬੀ ਕੇ ਰਾਣੀ ਦੀ ਦੇਖ ਰੇਖ ਹੇਠ ਚੱਲ ਰਹੀ ਇਸ ਅਖਬਾਰ ਦੇ ਨਾਰਵੇ ( ਰੁਪਿੰਦਰ ਢਿੱਲੋ) , ਇਟਲੀ (ਗੁਰਮੁਖ ਸਿੰਘ ਸਰਕਾਰੀਆ), ਫਰਾਂਸ (ਸੁਖਬੀਰ ਸਿੰਘ ਸੰਧੂ ), ਜਰਮਨੀ ( ਅਮਰਜੀਤ ਸਿੰਘ ਸਿੱਧੂ), ਹਾਂਗਕਾਂਗ ( ਅਮਰਜੀਤ ੰਿਸੰਘ ਗਰੇਵਾਲ) ਵਿੱਚ ਵੀ ਪ੍ਰਤੀਨਿਧ ਹਨ ।
25 ਦਸੰਬਰ ਦਾ ਅੰਕ ਖੋਲ੍ਹਣ ‘ਤੇ ਇਕਦਮ ਧਿਆਨ ਸੰਪਾਦਕੀ ਤੇ ਜਾਂਦਾ ਹੈ। ਵਿਸ਼ਾ ਹੀ ਅਜਿਹਾ ਸੀ । ਮੀਡੀਆ ਵਿੱਚ ਭ੍ਰਿਸ਼ਟਾਚਾਰ । ਇਸ ਸਿਰਲੇਖ ਤਹਿਤ ਮੀਡੀਆ ਵਿਚ ਫੈਲੇ ਤਰ੍ਹਾਂ –ਤਰ੍ਹਾਂ ਦੇ ਭ੍ਰਿਸ਼ਟਾਚਾਰ ਦਾ ਅਹਿਮ ਖੁਲਾਸਾ ਕੀਤਾ ਗਿਆ ਹੈ। ਆਧਾਰ ਗੁਰਨਾਮ ਅਕੀਦਾ ਦੀ ਪੁਸਤਕ “ ਪੱਤਰਕਾਰ ਦੀ ਮੌਤ’ ਨੂੰ ਬਣਾਇਆ ਹੈ ।
ਮੀਡੀਆ ਲੋਕਤੰਤਰ ਦਾ ਚੋਥਾ ਥੰਮ ਹੈ । ਪਰ ਸਮੇਂ ਨਾਲ ਪੱਤਰਕਾਰੀ ਵਿੱਚ ਧੁੰਦ ਅਤੇ ਧੂੜ ਪਸਰਦੀ ਜਾ ਰਹੀ ਹੈ । ਨਿਜੀ ਸੁਆਰਥਾਂ ਖਾਤਰ ਸਮਝੋਤੇ ਕੀਤੇ ਜਾਣ ਲੱਗੇ ਹਨ । ਸਿਆਸੀ ਆਗੂਆਂ ਦੁਆਰਾ ਪੱਤਰਕਾਰਾਂ ਨੂੰ ਆਪਣੇ ਹੱਕ ਵਿੱਚ ਵਰਤਣ ਲਈ ਮਹਿੰਗੇ ਹੋਟਲਾਂ ਵਿੱਚ ਪਾਰਟੀਆਂ ਕਰਕੇ ਤੋਹਫੇ ਦਿੱਤੇ ਜਾਂਦੇ ਹਨ । ਇੰਜ ਸਿਆਸਤਦਾਨਾਂ ਦੀ ਮੀਡੀਆ ਉੇਪਰ ਮਜਬੂਤ ਪਕੜ ਬਣੀ ਹੋਈ ਹੈ। ਦੂਜੇ ਪਾਸੇ ਮੀਡੀਆ ਕਾਰਪੋਰੇਟ ਘਰਾਣਿਆਂ ਅਤੇ ਸਿਆਸੀ ਆਗੂਆਂ ਦੀ ਗ੍ਰਿਫ਼ਤ ਵਿੱਚ ਆ ਕੇ ਉਨ੍ਹਾਂ ਦੇ ਹੱਥਾਂ ਦੀ ਕੱਠਪੁਤਲੀ ਬਣਦਾ ਜਾ ਰਿਹਾ ਹੈ ।
ਸ਼ਰਮਾਏਦਾਰਾਂ ਦੀ ਖ਼ਬਰ ਨੂੰ ਪਹਿਲ ਦਿੱਤੀ ਜਾਂਦੀ ਹੈ ।ਸਿਆਸੀ ਆਗੂਆਂ , ਪੁਲੀਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਪੱਤਰਕਾਰਾਂ ਦੀ ਸਾਂਝ ਨਿਰਪੱਖ ਪੱਤਰਕਾਰੀ ਦੇ ਰਾਹ ਵਿੱਚ ਰੋੜਾ ਬਣਦੀ ਜਾ ਰਹੀ ਹੈ।
ਵੱਧ ਰਹੀ ਆਪੋ- ਧਾਪੀ ਅਤੇ ਟੀ ਆਰ ਪੀਜ਼ ਦੀ ਦੌੜ ਵਿੱਚ ਲੋਕਤੰਤਰ ਦੇ ਨੁੰਮਾਇੰਦੇ ਵਜੇਂ ਨਿਭਾਏ ਜਾਣ ਵਾਲੇ ਫਰਜ਼ ਵੱਲੋਂ ਫਾਡੀ ਰਹਿੰਦੇ ਜਾ ਰਹੇ ਹਨ ।
ਪਟਿਆਲਾ ਵਿੱਚ ਇੱਕ ਵਿਅਕਤੀ ਦੁਆਰਾ ਅੱਗ ਲਾ ਕੇ ਆਤਮਦਾਹ ਕਰਨ ਦੀ ਲਾਈਵ ਕਵਰੇਜ ਕਰਨ ਵਿੱਚ ਰੁੱਝੇ ਪੱਤਰਕਾਰਾਂ ਨੂੰ ਉਸ ਵਿਅਕਤੀ ਦੀ ਜਿੰਦਗੀ ਨਾਲੋਂ ਆਪਣੀ ‘ਫੀਡ’ ਭੇਜਣ ਦੀ ਵਧੇਰੇ ਚਿੰਤਾ ਹੁੰਦੀ ਹੈ। ਟੀ ਵੀ ਚੈਨਲਾਂ ਵੱਲੋਂ ਸਕਿਉਰਿਟੀ ਲੈ ਕੇ ਪੱਤਰਕਾਰ ਨਿਯੁਕਤ ਕਰਕੇ ਪੱਤਰਕਾਰੀ ‘ਤੇ ਵੱਡਾ ਪ੍ਰਸ਼ਨ ਹੈ।
ਪੱਤਰਕਾਰੀ ਦੇ ਖੇਤਰ ਵਿੱਚ ਆ ਰਹੇ ਇਸ ਨਿਘਾਰ ਨੂੰ ਜਿਸ ਢੰਗ ਨਾਲ “ ਪੰਜਾਬੀ ਨਿਊਜ਼ ਆਨਲਾਈਨ’ ਨੇ ਉਭਾਰਿਆ ਹੈ, ਉਹ ਸ਼ਲਾਘਾਯੋਗ ਕਦਮ ਹੈ।

Sunday, August 23, 2009

ਸਮਲਿੰਗੀ ,ਸਰਕਾਰ ਅਤੇ ਦਸਮ ਗਰੰਥ ਦੇ ਹਮਾਇਤੀ


ਸੁਖਨੈਬ ਸਿੰਘ ਸਿੱਧੂ

ਗੈਰ ਕੁਦਰਤੀ ਸਰੀਰਕ ਸਬੰਧ ਹਮੇਸਾਂ ਹੀ ਬਹਿਸ ਦਾ ਵਿਸ਼ਾ ਰਹੇ ਹਨ । ਦੁਨੀਆਂ ਦੇ ਬਹੁਤ ਸਾਰੇ ਮੁਲਕਾਂ ਵਿੱਚ ਅੱਜ ਵੀ ਸਮਲਿੰਗੀਆਂ ਨੂੰ ਚੰਗਾ ਨਹੀ ਸਮਝਿਆ ਜਾਂਦਾ । ਪ੍ਰੰਤੂ ਕਾਫੀ ਸਾਰੇ ਦੇਸ਼ਾਂ ਵਿੱਚ ਸਮਲਿੰਗੀਆਂ ਦੇ ਇਨ੍ਹਾਂ ਅਨੈਤਿਕ ਸਬੰਧਾਂ ਨੂੰ ਮਾਨਤਾ ਦਿੱਤੀ ਹੋਈ ਹੈ । ਬੀਤੇ ਵਰ੍ਹਿਆਂ ਵਿੱਚ ਜਦੋਂ ਰੀਓ ਡੀ ਜਨੇਰੀਓ ਵਿੱਚ ਹੁੰਦੀ ਸਮਲਿੰਗੀ ਪਰੇਡ ਦੀ ਖ਼ਬਰਾਂ ਭਾਰਤੀ ਮੀਡੀਆ ਦਾ ਹਿੱਸਾ ਬਣਦੀਆਂ ਤਾ ਆਮ ਲੋਕਾਂ ਨੂੰ ਹੈਰਾਨੀ ਹੁੰਦੀ ਸੀ । ਪ੍ਰੰਤੂ ਬੀਤੇ ਦੋ ਵਰ੍ਹਿਆਂ ਤੋਂ ਦੇਸ਼ ਦੇ ਕਈ ਵੱਡੇ ਸ਼ਹਿਰਾਂ ਵਿੱਚ ‘ਗੇ ਪਰੇਡ’ ਹੋ ਰਹੀ ਹੈ। ਬੀ ਬੀ ਸੀ ਦੀ ਰਿਪੋਰਟ ਮੁਤਾਬਿਕ “ਗਰਵ ਨਾਲ ਕਹੋ ਅਸੀਂ ਸਮਲਿੰਗੀ ਹਾਂ ” ਦਾ ਨਾਅਰਾ ਵੀਹਵੀ ਸਦੀ ਦੇ ਛੇਵੇਂ ਦਹਾਕੇ ਦੇ ਅਖੀਰ ਵਿੱਚ ਅਮਰੀਕਾ ਦੇ ਸਟੋਨਵਾਲ ਪੱਬ (ਨਿਊਯਾਰਕ) ਵਿੱਚ ਸ਼ੁਰੂ ਦੰਗਿਆਂ ਮੌਕੇ ਹੋਂਦ ਵਿੱਚ ਆਇਆ ਅਤੇ ਦੋ ਦਹਾਕਿਆਂ ਵਿੱਚ ਪੂੰਜੀਵਾਦੀ ਪੱਛਮੀ ਸਮਾਜ ਵਿੱਚ ਮਨੁੱਖੀ ਅਧਿਕਾਰਾਂ ਵਜੋਂ ਫੈਲ ਗਿਆ । ਬੇਸੱ਼ਕ 1990 ਤੱਕ ਅਮਰੀਕਾ ਅਤੇ ਯੂਰੋਪ ਵਿੱਚ ਸਮਲਿੰਗੀਆਂ ਨੂੰ ਰਾਜਨੀਤਕ ਮਾਨਤਾ ਤਾਂ ਮਿਲ ਗਈ ਪ੍ਰੰਤੂ ਸਮਾਜ ਨੇ ਅੱਜ ਵੀ ਸਮਲਿੰਗੀਆਂ ਨੂੰ ਨਹੀਂ ਅਪਣਾਇਆ। ਨਿਊਯਾਰਕ ਵਿੱਚ ਪਹਿਲੀ ਗੇਅ ਪਰੇਡ ਮੇਅਰ ਰੂਡਿਫ ਜਿਲਆਨੀ ਦੇ ਕਾਰਜਕਾਲ ਦੌਰਾਨ ਨਿਕਲੀ ਸੀ । ਕੈਨੇਡਾ ਦੀ ਪਾਰਲੀਮੈਂਟ ਵਿੱਚ ਵੀ ਇਸ ਮੁੱਦੇ ਨੂੰ ਲੈ ਕੇ ਬਹਿਸ ਹੋ ਚੁੱਕੀ ਹੈ। ਸਮਲਿੰਗੀ ਲੋਕ ਦੁਨੀਆਂ ਦੇ ਹਰ ਕੋਨੇ ਤੇ ਮਿਲਦੇ ਹਨ। ਨਵੀਂ ਦਿੱਲੀ ਦੀ ਹਾਈ ਕੋਰਟ ਵੱਲੋਂ ਬਾਲਗ ਸਮਲਿੰਗੀਆਂ ਦੇ ਵਿਆਹਾਂ ਉਪਰ ਕਾਨੂੰਨੀ ਮੋਹਰ ਲਾ ਦਿੱਤੀ ਹੈ । ਜਿਸਨੂੰ ਲੈ ਕੇ ਧਾਰਮਿਕ, ਸਿਆਸੀ ਅਤੇ ਸਮਾਜਿਕ ਸੰਗਠਨਾਂ ਵਿੱਚ ਬਿਆਨਬਾਜ਼ੀ ਦਾ ਹੜ੍ਹ ਆ ਚੁੱਕਾ ਹੈ । ਧਾਰਮਿਕ ਆਗੂ ਇਸਨੂੰ ਅਨੈਤਿਕ ਮੰਨਦੇ ਹੋਏ ਖੁੱਲ ਦੇਣ ਦਾ ਵਿਰੋਧ ਕਰਦੇ ਹਨ। ਕੁਝ ਲੋਕ ਸਮਲਿੰਗੀ ਨੂੰ ਮਾਨਤਾ ਪ੍ਰਾਪਤ ਹੋਣ ਨਾਲ ਇਹ ਮੰਨਦੇ ਹਨ ਕਿ ਦੁਨੀਆਂ ਅਤੇ ਖਾਸ ਕਰਕੇ ਦੇਸ਼ ਵਿੱਚ ਸਮਾਜ ਦੀ ਪਰਿਵਾਰ ਵਰਗੀ ਸਭ ਤੋਂ ਛੋਟੀ ਅਤੇ ਮਹਤੱਵਪੂਰਨ ਇਕਾਈ ਵੀ ਪ੍ਰਭਾਵਿਤ ਹੋ ਸਕਦੀ ਹੈ । ਜਦਕਿ ਸਮਲਿੰਗੀ ਆਪਣੇ ਆਪ ਨੂੰ ਘੱਟ ਗਿਣਤੀ ਅਤੇ ਮਨੁੱਖੀ ਅਧਿਕਾਰਾਂ ਦੀ ਮੰਗ ਕਰਦੇ ਹੋਏ ਇਸ ਫੈਸਲੇ ਦੀ ਹਮਾਇਤ ਕਰਦੇ ਹਨ । ਤੌਖਲਾ ਇਹ ਹੈ ਕਿ ਜੇਕਰ ਲੜਕਾ -ਲੜਕੇ ਨਾਲ ਲੜਕੀ -ਲੜਕੀ ਨਾਲ ਵਿਆਹ ਕਰਨ ਲੱਗੀ ਤਾਂ ਸਾਡੀ ਵੰਸ਼ ਵਧਾਉਣ ਵਾਲੀ ਰਵਾਇਤ ਵੀ ਕਾਫੀ ਧੱਕਾ ਲੱਗ ਸਕਦਾ ਹੈ । ਜਦਕਿ ਕਿ ਮਰਦ ਸਮਲਿੰਗੀ ਔਰਤਾਂ ਸਮਲਿੰਗੀਆਂ ਨਾਲੋਂ ਬੱਚਾ ਪੈਦਾ ਕਰਨ ਦੇ ਘੱਟ ਇੱਛਕ ਹਨ । ਸਮਲਿੰਗੀ ਔਰਤਾਂ ਮਨਸੂਈ ਗਰਭ ਧਾਰਨ ਦੌਰਾਨ ਬੱਚੇ ਪੈਦਾ ਕਰ ਸਕਦੀਆਂ ਹਨ। ਵਿਦੇਸ਼ਾਂ ਵਿੱਚ ਅਜਿਹਾ ਹੋ ਵੀ ਰਿਹਾ ਹੈ । ਪ੍ਰੰਤੂ ਵਿਦੇਸ਼ਾਂ ਦੀਆਂ ਪ੍ਰਤੀਸਥਿਤੀਆਂ ਸਾਡੇ ਮੁਲਕ ਨਾਲ ਬਿਲਕੁਲ ਭਿੰਨ ਹਨ ਪੱਛਮੀ ਮੁਲਕਾਂ ਵਿੱਚ ਪਤੀ -ਪਤਨੀ ਜਦੋਂ ਇੱਕ - ਦੂਜੇ ਤੋਂ ਉਕਤਾ ਜਾਂਦੇ ਤਾਂ ਉਹ ਤਲਾਕ ਦੇ ਕੇ ਹੋਰ ਵਿਆਹ ਕਰਵਾ ਲੈਂਦੇ ਹਨ । ਬਹੁਗਣਿਤੀ ਪੱਛਮੀ ਮਰਦ – ਔਰਤਾਂ ਇੱਕ ਤੋਂ ਵਧੇਰੇ ਵਿਆਹ ਕਰਨ ਵਾਲੇ ਹੁੰਦੇ ਹਨ । ਜਦਕਿ ਸਾਡੇ ਦੇਸ਼ ਵਿੱਚ ਰੀਤੀ ਰਿਵਾਜ਼ਾਂ ਦੀ ਬੰਦਿਸ਼ ਅਤੇ ਪਰਿਵਾਰਕ ਸੰਸਕਾਰਾਂ ਵਿੱਚ ਬੰਨੇ ਹੋਏ ਭਾਰਤੀ ਮਰਦ ਔਰਤਾਂ ਨੂੰ ਇੱਕ ਦੂਜੇ ਨਾਲ ਜਨਮ –ਜਨਮ ਦੀ ਸਾਂਝ ਨਿਭਾਉਣ ਦੀਆਂ ਗੱਲਾਂ ਸਿਖਾਈਆਂ ਜਾਂਦੀਆਂ ਹਨ , ਪਤੀ ਪਤਨੀ ਦਾ ਰਿਸ਼ਤਾ ਜਨਮ ਜਨਮ ਤੱਕ ਬੇਸ਼ੱਕ ਨਾ ਨਿਭੇ ਪ੍ਰੰਤੂ ਜਿ਼ਆਦਾਤਰ ਇੱਕ ਜਨਮ ਵਿੱਚ ਇੱਕ ਹੋ ਕੇ ਜਿਊਣ ਦੀਆਂ ਗੱਲਾਂ ਪੂਰੀ ਦੁਨੀਆਂ ਲਈ ਹੈਰਾਨੀਜਨਕ ਲੱਗਦੀਆਂ ਹਨ। ਪੱਛਮੀ ਜੀਵਨ ਸ਼ੈਲੀ ਤੇ ਅਧਾਰਿਤ ਲੈਸਬੀਅਨ ਮੈਰਿਜ਼ ( ਸਮਲਿੰਗੀ ਔਰਤਾਂ ਦੇ ਵਿਆਹ) ਵੀ ਬਹੁਤਾ ਚਿਰ ਨਹੀਂ ਚਲਦੇ । ਬਹੁਤੀਆਂ ਸਮਲਿੰਗੀ ਔਰਤਾਂ ਬਾਅਦ ਵਿੱਚ ਆਪਣੀ ਸਾਥਣ ( ਜੀਵਨ ਸਾਥਣ) ਨੂੰ ਛੱਡ ਕੇ ਕਿਸੇ ਮਰਦ ਨਾਲ ਦੁਨੀਆ ਵਸਾ ਲੈਂਦੀਆਂ ਹਨ। ਪੰਜਾਬ ਵਿੱਚ ਬੀਤੇ ਵਰ੍ਹੇ ਦੌਰਾਨ ਮਾਝੇ ਖੇਤਰ ਵਿੱਚ ਵੀ ਦੋ ਕੁੜੀਆਂ ਦੁਆਰਾ ਕੀਤਾ ਸਮਲਿੰਗੀ ਵਿਆਹ ਚਰਚਾ ਦਾ ਵਿਸ਼ਾ ਬਣਿਆਂ ਸੀ ਜੋ ਕੁਝ ਕੁ ਮਹੀਨਿਆਂ ਬਾਅਦ ਟੁੱਟ ਗਿਆ । ਵਿਆਹ ਵੇਲੇ ਮੀਡੀਆ ਕੋਲ ਕੀਤੀ ਬਿਆਨਬਾਜ਼ੀ ਕੁਝ ਹੀ ਮਹੀਨਿਆਂ ਬਾਅਦ ਫੋਕੀ ਅਤੇ ਵਕਤੀ ਜਾਪੀ । ਮਰਦ ਸਮਲਿੰਗੀਆਂ ਨਾਲ ਏਡਜ਼ ਦੇ ਮਰੀਜਾਂ ਦੀ ਗਿਣਤੀ ਵਧਣ ਦੇ ਆਸਾਰ ਵੀ ਨਜ਼ਰ ਅੰਦਾਜ਼ ਨਹੀ ਕੀਤੇ ਜਾ ਸਕਦੇ ।
ਜਦੋਂ ਦਿੱਲੀ ਹਾਈ ਕੋਰਟ ਨੇ ਫੈਸਲਾ ਦਿੱਤਾ ਤਾਂ ਤੁਰੰਤ ਬਾਅਦ ਵਿੱਚ ਸਿੱਖਾਂ ਦੀ ਸਰਬ ਉੱਚ ਸੰਸਥਾ ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਮੁੱਖ ਸੇਵਾਦਾਰ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਅਦਾਲਤ ਦੇ ਇਸ ਫੈਸਲੇ ਵਿਰੋਧ ਕਰਦਿਆਂ ਇਸ ਨੂੰ ਅਨੈਤਿਕ ਕਾਰਾ ਕਿਹਾ । ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਇਹ ਵੀ ਕਿਹਾ ਕਿ ਜੋ ਕਾਰਜ ਸਮਲਿੰਗੀ (ਗੁਦਾ ਮੈਥਨ ) ਕਰਦੇ ਹਨ ਇਹ ਪਸੂ ਪੰਛੀ ਵੀ ਨਹੀਂ ਕਰਦੇ । ਉਨ੍ਹਾਂ ਦੀ ਬਿਆਨਬਾਜ਼ੀ ਤੋਂ ਮਗਰੋਂ ਜਦੋਂ ਜਥੇਦਾਰ ਸਾਹਿਬ ਨੂੰ ਕੈਨੇਡਾ ਦੇ ਇੱਕ ਰੇਡੀਓ ਤੋਂ ਸਮਲਿੰਗੀ ਸਬੰਧਾਂ ਦੇ ਵਿਰੋਧ ਕਰਨ ਅਤੇ ਦਸਮ ਗਰੰਥ ਵਿੱਚ ਸਮਲਿੰਗੀ ਸਬੰਧਾਂ ਬਾਰੇ ਵਿਆਖਿਆ ਕਰਨ ਦੀ ਗੱਲ ਆਖੀ ਗਈ ਤਾਂ ਉਨ੍ਹਾਂ ਦੁਆਰਾ ਦਸਮ ਗਰੰਥ ਦੇ ਮੁੱਦੇ ਕੁਝ ਵੀ ਬੋਲਣ ਤੋਂ ਇਨਕਾਰ ਕਰਦਿਆਂ ਫਤਿਹ ਬੁਲਾ ਕੇ ਰੇਡੀਓ ਦੀ ਲਾਈਨ ਛੱਡ ਜਾਣ ਦੀਆਂ ਖਬ਼ਰਾਂ ਅੰਤਰਰਾਸ਼ਟਰੀ ਪੰਜਾਬੀ ਮੀਡੀਆ ਵਿੱਚ ਛਪੀਆਂ ਹਨ । ਦਸਮ ਗਰੰਥ ਦੇ ਹਮਾਇਤੀ ਅਤੇ ਵਿਰੋਧੀ ਸਮਲਿੰਗੀ ਸਬੰਧਾਂ ਦੀ ਘੋਰ ਨਿੰਦਾ ਕਰਦੇ ਹਨ ।ਜਿਹੜੀਆਂ ਧਿਰਾਂ ਦਸਮ ਗਰੰਥ ਦੀ ਹਮਾਇਤ ਕਰਦੀਆਂ ਹੋਈ ਸਮਲਿੰਗੀ ਸਬੰਧਾਂ ਖਿਲਾਫ਼ ਬਿਆਨਬਾਜ਼ੀ ਕਰਦੀਆਂ ਹਨ ਉਨ੍ਹਾਂ ਨੂੰ ਦਸਮ ਗਰੰਥ ਵਿੱਚ ਇਨ੍ਹਾਂ ਸਬੰਧਾਂ ਸਬੰਧੀ ਲਿਖੀਆਂ ਸਤਰਾਂ ਵੱਲ ਵੀ ਗੌਰ ਕਰਨ ਦੀ ਲੌੜ ਹੈ । ਦਸਮ ਗਰੰਥ ਨੂੰ ਗੁਰੂ ਗੋਬਿੰਦ ਸਿੰਘ ਦੁਆਰਾ ਰਚਿਤ ਗੁਰਬਾਣੀ ਨਾ ਮੰਨਣ ਵਾਲੇ ਪੰਥਕ ਆਗੂ ਇਹ ਸਵਾਲ ਕਰਦੇ ਹਨ ਕਿ ਇੱਕ ਪਾਸੇ ਦਸਮ ਗਰੰਥ ਦੀ ਹਮਾਇਤ ਕੀਤੀ ਜਾ ਰਹੀ ਜਿੱਥੇ ਅਨੈਤਿਕ ਸਬੰਧਾਂ ਬਾਰੇ ਬਹੁਤ ਕੁਝ ਲਿਖਿਆ ਹੋਇਆ ਦੂਸਰੇ ਪਾਸੇ ਸਮਲਿੰਗੀਆਂ ਦੇ ਖਿਲਾਫ਼ ਬਿਆਨਬਾਜ਼ੀ ਕੀਤੀਆਂ ਜਾ ਰਹੀਆਂ ਇਹ ਦੋਹਰੇ ਮਾਪਦੰਡ ਕਿਉਂ ?
ਜੇਕਰ ਨਿਰਪੱਖ ਹੋ ਕੇ ਸੋਚਿਆ ਜਾਵੇ ਤਾਂ ਕੋਈ ਵਿਅਕਤੀ ਇਸ ਤੋਂ ਮੁਨਕਰ ਨਹੀਂ ਹੋ ਸਕਦਾ ਕਿ ਸਾਡੇ ਦੇਸ਼ ਵਿੱਚ ਅਜਿਹੇ ਦੁਰਾਚਾਰ ਨਹੀਂ ਹੁੰਦੇ ਰਹੇ । ਸਦੀਆਂ ਪਹਿਲਾਂ ਕੋਨਾਰਕ ਅਤੇ ਖੁਜਰਾਹੋ ਵਿੱਚ ਕੀਤੀ ਬੁੱਤਸਾਜ਼ੀ ਕਿਸੇ ਪੱਛਮੀ ਕਲਾਕਾਰ ਨੇ ਨਹੀਂ ਕੀਤੀ ਹੋਈ ਬਲਕਿ ਸਾਡੇ ਮੁਲਕ ਦੇ ਕਲਾਕਾਰਾਂ ਨੇ ਇਹ ਚਿਤਰਿਆਂ ਹੋਣਾ ਜੋ ਕੁਝ ਵੀ ਉਥੇ ਚਿਤਰਿਆਂ ਗਿਆ ਹੈ । ਉਹ ਸਾਰਾ ਅਸਲੀਅਤ ਵਿੱਚ ਉਹਨਾਂ ਕਲਾਕਾਰਾਂ ਨੇ ਖੁਦ ਕੀਤਾ, ਦੇਖਿਆ ਜਾਂ ਸੁਣਿਆ ਹੋਣਾ । ਇੱਕ ਔਰਤ ਨਾਲ ਤਿੰਨ ਵਿਅਕਤੀ ਕਾਮ ਕੀੜਾ ਕਰਦੇ ਪੋਜ਼ ਕਿਸ ਸਭਿਆਚਾਰ ਦੇ ਗਵਾਹ ਹਨ? ਪੰਜ ਔਰਤਾਂ ਆਪਸ ਵਿੱਚ ਕਾਮ ਵਾਸਨਾ ਪੂਰਤੀ ਕਰਦੀਆਂ , ਇੱਕ ਆਦਮੀ ਦੂਸਰੇ ਆਦਮੀ ਨਾਲ ਸਰੀਰਕ ਸਬੰਧ ਬਣਾਉਂਦਾ ਹੋਇਆਂ ਕਿਸੇ ਹੋਰ ਦੇਸ਼ ਦੀ ਸੰਸਕ੍ਰਿਤੀ ਦਾ ਹਿੱਸਾ ਨਹੀਂ ਬਲਕਿ ਸਾਡੇ ਮੁਲਕ ਦੀ ਸਦੀਆਂ ਪੁਰਾਣੀ ਕੀਤੀ ਹੋਈ “ਕਲਾਕਾਰੀ ਦਾ ਉੱਤਮ ਨਮੂਨਾ” ਵੀ ਮੰਨਿਆਂ ਜਾਦਾ ਹੈ । ਸਾਡੇ ਦੇਸ਼ ਵਿੱਚ ਆਪਣੀ ਚੌਧਰ ਚਮਕਾਉਣ ਵਾਲੇ ਲੋਕਾਂ ਨੂੰ ਅਜਿਹੇ ਮੁੱਦਿਆਂ ਉਪਰ ਬੋਲਣ ਦਾ ਵਧੀਆ ਮੌਕਾ ਮਿਲ ਜਾਂਦਾ ਹੈ। ਇਸ ਤਰ੍ਹਾਂ ਲੋਕ ਇਨ੍ਹਾਂ ਸੰਵੇਦਨਸ਼ੀਲ ਮੁੱਦਿਆਂ ਦੀ ਭੱਠੀ ਉੱਤੇ ਅਕਸਰ ਆਪਣੀਆਂ ਸਿਆਸੀ ਰੋਟੀਆਂ ਸੇਕਦੇ ਰਹਿੰਦੇ ਹਨ ।
ਦੇਸ਼ ਦੀ ਸੁਪਰੀਮ ਕੋਰਟ ਵਿੱਚ ਦਿੱਲੀ ਹਾਈ ਕੋਰਟ ਫੈਸਲੇ ਵਿਰੁੱਧ ਧਾਰਾ 377 ਅਧੀਨ ਬਾਲਗਾਂ ਦੁਆਰਾ ਬਣਾਏ ਜਾਣ ਵਾਲੇ ਸਮਲਿਂੰਗੀ ਸਬੰਧਾਂ ਨੂੰ ਅਪਰਾਧ ਦੀ ਸ੍ਰੇਣੀ ਵਿੱਚੋ ਬਾਹਰ ਕੀਤੇ ਜਾਣ ਵਿਰੋੁਧ ਇੱਕ ਜੋਤਸ਼ੀ ਸਰੇਸ਼ ਕੁਮਾਰ ਕੌਸਿ਼ਲ ਨੇ ਅਰਜੀ ਦਾਇਰ ਕਰਕੇ ਬਹਿਸ ਕਰਵਾਉਣ ਦੀ ਮੰਗ ਕੀਤੀ ਹੈ। ਮਾਨਯੋਗ ਸੁਪਰੀਮ ਕੋਰਟ ਵੱਲੋਂ ਕੇਂਦਰ ਸਰਕਾਰ ਅਤੇ ਨਾਜ਼ ਫਾਊਡੇ਼ਸਨ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ ਗੈਰ ਸਰਕਾਰੀ ਸੰਸਥਾ ਨਾਜ਼ ਫਾਊਂਡੇਸ਼ਨ ਨੇ 2001 ਵਿੱਚ ਆਈ ਪੀ ਸੀ ਦੀ ਧਾਰਾ 377 ਨੂੰ ਚੁਣੌਤੀ ਦਿੱਤੀ ਸੀ । ਸੁਰੇਸ਼ ਕੁਮਾਰ ਕੋਸਿ਼ਲ ਨਾਂਮੀ ਇੱਕ ਵਿਅਕਤੀ ਨੇ ਦਿੱਲੀ ਹਾਈ ਕੋਰਟ ਦੇ ਫੈਸਲੇ ਵਿਰੁੱਧ ਸੁਪਰੀਮ ਕੋਰਟ ਵਿੱਚ ਅਰਜ਼ੀ ਦਿੱਤੀ ਸੀ । ਸੁਪਰੀਮ ਕੋਰਟ ਨੇ ਨਾਜ਼ ਫਾਊਡੇਸ਼ਨ (ਦਿੱਲੀ ਹਾਈ ਕੋਰਟ ਨੇ ਨਾਜ਼ ਫਾਊਂਡੇਸ਼ਨ ਦੀ ਅਰਜੀ ਤੇ ਫੈਸਲਾ ਸੁਣਾਇਆ ਸੀ ) ਅਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਜਿ਼ਕਰਯੋਗ ਹੈ 3 ਜੁਲਾਈ ਨੂੰ ਦਿੱਲੀ ਹਾਈਕੋਰਟ ਨੇ ਉਕਤ ਸਮਾਜ ਸੇਵੀ ਸੰਸਥਾ ਦੀ 2001 ਵਿੱਚ ਦਾਖਲ ਕੀਤੀ ਯਾਜਿਕਾ ਤੇ ਆਪਣੇ ਫੈਸਲਾ ਦਿੰਦੇ ਹੋਏ ਕਿਹਾ ਸੀ ਕਿ ਬਾਲਗ ਸਮਲਿੰਗਤਾ ਅਪਰਾਧ ਨਹੀਂ । ਦਿੱਲੀ ਹਾਈ ਕੋਰਟ ਨੇ ਮੰਨਿਆ ਹੈ ਕਿ ਧਾਰਾ 377 ਨਾਲ ਸੰਵਿਧਾਨ ਦੇ ਅਨਛੇਦ 21 ਦੀ ਉਲੰਘਣਾ ਹੁੰਦੀ ਹੈ ਜੋ ਕਿ ਦੇਸ਼ ਦੇ ਨਾਗਰਿਕਾਂ ਨੂੰ ਜਿੰਦਗੀ ਅਤੇ ਸੁਤੰਤਰਤਾ ਦਾ ਅਧਿਕਾਰ ਦਿੰਦਾ ਹੈ। ਜਦਕਿ ਦੇਸ਼ ਦੇ 148 ਸਾਲ ਪੁਰਾਣੇ ਕਾਨੂੰਨ ਮੁਤਾਬਿਕ ਸਮਲਿੰਗਤਾ ਲਈ ਦਸ ਸਾਲ ਦੀ ਕੈਦ ਹੋ ਸਕਦੀ ਹੈ। 20 ਜੁਲਾਈ ਨੂੰ ਸੁਪਰੀਮ ਕੋਰਟ ਨੇ ਇਸ ਯਾਜਿਕਾ ਤੇ ਸੁਣਵਾਈ ਕਰਦਿਆਂ ਦਿੱਲੀ ਹਾਈਕੋਰਟ ਦੇ ਫੈਸਲੇ ਤੇ ਰੋਕ ਲਾਉਣ ਤੋਂ ਨਾਂਹ ਕਰ ਦਿੱਤੀ ਹੈ । ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਕਿ ਕੇਂਦਰ ਸਰਕਾਰ 8 ਹਫ਼ਤਿਆਂ ਵਿੱਚ ਆਪਣਾ ਪੱਖ ਪੇਸ਼ ਕਰੇ । ਜਿ਼ਕਰਯੋਗ ਹੈ ਕਿ 4 ਜੁਲਾਈ ਨੂੰ ਜਦੋਂ ਦੇਸ਼ ਦੇ ਮਹਾਂਨਗਰਾਂ ਵਿੱਚ ਸਮਲਿੰਗੀਆਂ ਦੀ ਦੂਜੀ ਪਰੇਡ ਹੋਈ ਸੀ ਤਾਂ ਇਹ ਗੱਲ ਕਾਫੀ ਸਪੱਸ਼ਟ ਸਾਹਮਣੇ ਆ ਗਈ ਸੀ ਕਿ ਹੁਣ ਸਮਲਿੰਗੀ ਪਹਿਲਾਂ ਵਾਂਗ ਲੁਕ ਨਹੀਂ ਬਲਕਿ ਸ਼ਰੇਆਮ ਸਮਾਜ ਵਿੱਚ ਵਿਚਰਨ ਦੀ ਹਿੰਮਤ ਰੱਖਦੇ ਹਨ । ਇਸ ਪਰੇਡ ਤੋਂ ਕੁਝ ਦਿਨ ਪਹਿਲਾਂ ਹੀ ਕੇਂਦਰੀ ਕਾਨੂੰਨ ਮੰਤਰੀ ਨੇ ਧਾਰਾ 377 ਨੂੰ ਖਤਮ ਕਰਨ ਬਾਰੇ ਵੀ ਬਿਆਨਬਾਜ਼ੀ ਕੀਤੀ ਸੀ । ਜਿਸਨੂੰ ਵਿਰੋਧੀ ਧਿਰ ਦੇ ਆਗੂਆਂ ਦੀ ਸਿਆਸੀ ਦੂਸ਼ਣਬਾਜ਼ੀ ਕਾਰਨ ਆਪਣੇ ਬਿਆਨ ਤੋਂ ਪਲਟਣਾ ਪਿਆ ਸੀ। ਅਜਮੇਰ ( ਰਾਜਸਥਾਨ) ਤੋਂ ਇੱਕ ਵਿਅਕਤੀ ਨੇ ਅਦਾਲਤ ਵਿੱਚ ਬੇਨਤੀ ਕੀਤੀ ਹੈ ਕਿ ਸਮਲਿੰਗੀਆਂ ਦੀ ਪਛਾਣ ਕਰਕੇ ਉਨ੍ਹਾਂ ਸ਼ਹਿਰ ਤੋਂ ਦੂਰ ਕਿਸੇ ਕਾਲੋਨੀ ਵਿੱਚ ਰੱਖਿਆ ਜਾਵੇ ਤਾਂ ਜੋ ਸਮਾਜ ਉੱਤੇ ਇਸਦਾ ਬੁਰਾ ਪ੍ਰਭਾਵ ਨਾ ਪਵੇ । ਕੁਝ ਕੁ ਧਾਰਮਿਕ ਸੰਗਠਨਾਂ ਨੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਕਿਸੇ ਸਮਲਿੰਗੀ ਨੂੰ ਧਾਰਮਿਕ ਸਥਾਨ ਉਪਰ ਵਿਆਹ ਨਹੀਂ ਕਰਨ ਦੇਣਗੇ ।
ਗੱਲ ਮੁੱਕਦੀ ਕਿ ਇਸ ਵਿਸ਼ਾ ਬਹੁਤ ਹੀ ਸੰਵੇਦਨਸ਼ੀਲ ਹੈ ਹਾਲੇ ਸਾਡੇ ਦੇਸ਼ ਦੇ ਲੋਕ “ਨਵਾਬੀ ਸੌ਼ਕ” ਪਾਲਣ ਤੋਂ ਪਹਿਲਾਂ ਮੌਲਿਕ ਲੋੜਾਂ ਤੋਂ ਵਾਂਝੇ ਹਨ । ਸਰਕਾਰ / ਸਮਾਜ ਸੇਵੀ ਸੰਸਥਾਵਾਂ ਨੂੰ ਚਾਹੀਦਾ ਹੈ ਕਿ ਉਹ ਪਹਿਲਾਂ ਦੇਸ਼ ਵਾਸ਼ੀਆਂ ਦੀਆਂ ਮੌਲਿਕ ਲੋੜਾਂ ਪੂਰੀਆਂ ਕਰਨ ਵੱਲ ਧਿਆਨ ਦੇਣ । ਅਜਿਹੇ ਮਸਲੇ ਹਾਲੇ ਰੱਜੇ ਪੁੱਜੇ ਦੇਸ਼ਾਂ ਦੇ ਲੋਕਾਂ ਵਾਸਤੇ ਠੀਕ ਹਨ। ਸਾਡੇ ਲੋਕਾਂ ਨੂੰ ਪੀਣ ਲਈ ਸਾਫ਼ ਪਾਣੀ ਅਤੇ ਖਾਣ ਲਈ ਰੋਟੀ ਵਰਗੀਆਂ ਬੁਨਿਆਦੀ ਲੋੜਾਂ ਚਾਹੀਦੀਆਂ ਹਨ।
ਸਮਲਿੰਗਤਾਂ ਹਰ ਧਰਮ, ਸਿਆਸਤ ਅਤੇ ਹਰ ਪੱਧਰ ਦੇ ਚੱਲ ਰਹੀ ਹੈ ਬੀ ਬੀ ਸੀ ਦੀ ਇੱਕ ਰਿਪੋਰਟ ਅਨੁਸਾਰ ਭਾਰਤ ਦੀ ਰਾਜਨੀਤੀ ਵਿੱਚ ਕਈ ਵੱਡੀਆਂ ਹਸਤੀਆਂ ਆਪਣੀ “ ਅਲੱਗ ਤਰ੍ਹਾਂ ਦੀ ਰੰਗੀਨ ਮਿਜਾਜੀ ” ਲਈ ਮਸ਼ਹੂਰ/ ਬਦਨਾਮ ਹਨ । ਰਿਪੋਰਟ ਮੁਤਾਬਿਕ ਦੇਸ਼ ਦੇ ਕਈ ਨਵਾਬ ਸਮਲਿੰਗੀ ਸਨ , ਜਿਸ ਕਰਕੇ ਸਮਲਿੰਗੀ ਨੂੰ “ਨਵਾਬੀ ਸ਼ੌਕ” ਨਾਲ ਵੀ ਸੰਬੋਧਨ ਕੀਤਾ ਜਾਂਦਾ ਹੈ । ਫਿਰ ਇਸ ਲਈ ਅਦਾਲਤ ਤੋਂ ਇਸ ਮਾਮਲੇ ਉੱਪਰ ਮੋਹਰ ਲਗਵਾਉਣ ਦੀ ਕੀ ਜਰੂਰਤ ਸੀ । ਪਹਿਲਾ ਵੀ ਢਕੀ ਰਿੱਝ ਰਹੀ ਸੀ ।

Sunday, May 17, 2009

ਨਸ਼ੇ ਕਰਦੀਆਂ ਮੁਟਿਆਰਾਂ

ਪੰਜਾਬੀ ਟ੍ਰਿਬਿਊਨ ਤੋਂ ਧੰਨਵਾਦ ਸਾਹਿਤ

ਪੰਜਾਬ ਸਰਕਾਰ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਲਿਖਤੀ ਰੂਪ ਵਿੱਚ ਕੀਤਾ ਗਿਆ ਇਹ ਇਕਬਾਲ ਕਿ ਰਾਜ ਅੰਦਰ ਹਰ 10 ਮੁਟਿਆਰਾਂ ਵਿੱਚੋਂ 3 ਜਣੀਆਂ ਨਸੇ਼ ਕਰਦੀਆਂ ਹਨ , ਚੌਂਕਾ ਦੇਣ ਵਾਲਾ ਤਾਂ ਹੈ ਹੀ, ਸਰਕਾਰ ਨੂੰ ਨੌਜਵਾਨਾਂ ਵਿੱਚ ਨਸਿ਼ਆਂ ਦੇ ਵਧ ਰਹੇ ਰੁਝਾਨ ਨੂੰ ਰੋਕਣ ਵਾਸਤੇ ਹਲੂਣ ਕੇ ਜਗਾਉਣ ਵਾਲਾ ਵੀ ਹੈ ਪੰਜਾਬ ਸਰਕਾਰ ਨੇ ਇਹ ਇੰਕਸਾਫ਼ ਇੱਕ ਗੈਰ ਸਰਕਾਰੀ ਸੰਸਥਾ ਵੱਲੋਂ ਨਸ਼ਾ ਛੁਡਾਊ ਕੇਂਦਰ ਚਲਦਾ ਰੱਖਣ ਲਈ ਅਦਾਲਤ ਵਿੱਚ ਪਾਈ ਗਈ ਇੱਕ ਪਟੀਸ਼ਨ ਦੇ ਸਿਲਸਿਲੇ ਚ ਦਿੱਤਾ ਹੈ ਪਿਛਲੇ ਸਾਲ ਅਗਸਤ ਵਿੱਚ ਇਕ ਅਜਿਹੇ ਕੇਂਦਰ ਵਿੱਚ ਨਸ਼ਾ ਛੱਡਣ ਆਏ ਇਕ ਨੌਜਵਾਨ ਦੀ ਮੌਤ ਹੋ ਜਾਣ ਤੋਂ ਪਿੱਛੋਂ ਪੰਜਾਬ ਸਰਕਾਰ ਨੇ ਅਜਿਹੇ ਕੇਂਦਰ ਬੰਦ ਕਰਨ ਦਾ ਫ਼ੈਸਲਾ ਕੀਤਾ ਸੀ ਪਰ ਮੁਹਾਲੀ ਸਥਿਤ ਗੈਰ- ਸਰਕਾਰੀ ਸੰਸਥਾ ਜੀਵਨ ਜੋਤ ਅਤੇ ਚੇਤਨਾ ਫਾਊਡੇਸ਼ਨ ਨੇ ਸਰਕਾਰ ਦੇ ਫ਼ੈਸਲੇ ਵਿਰੁੱਧ ਅਦਾਲਤ ਕੋਲ ਪਹੁੰਚ ਕਰਕੇ ਫ਼ਰਿਆਦ ਕੀਤੀ ਸੀ ਕਿ ਇਹ ਕੇਂਦਰ ਨਾ ਲਾਭ ਨਾ ਹਾਣਦੇ ਆਧਾਰ ਉਪਰ ਕੇਂਦਰ ਸਰਕਾਰ ਦੇ ਨਿਯਮਾਂ ਅਨੁਸਾਰ ਹੀ ਸਥਾਪਤ ਕੀਤੇ ਗਏ ਹਨ ਨਸ਼ਾ ਛੁਡਾਊ ਕੇਂਦਰ ਬੰਦ ਕਰਨ ਬਾਰੇ ਪੰਜਾਬ ਸਰਕਾਰ ਦੇ ਫੈਸਲੇ ਤੇ ਆਪਣੀ ਨਾ ਪਸੰਦੀ ਜ਼ਾਹਰ ਕਰਦਿਆਂ ਫ਼ਾਜ਼ਲ ਜੱਜ ਰਾਜੀਵ ਭੱਲਾ ਨੇ ਕਿਹਾ ਹੈ ਕਿ ਉਹ ਨਸ਼ਾ- ਛੁਡਾਊ ਕੇਂਦਰ ਖੋਲੇ ਅਤੇ ਉਨ੍ਹਾਂ ਦੀ ਨਿਗਾਹਬਾਨੀ ਵੀ ਕਰੇ ਪੰਜਾਬ ਸਰਕਾਰ ਨੇ ਇਨ੍ਹਾਂ ਕੇਂਦਰਾਂ ਦਾ ਕੋਈ ਬਦਲ ਪੇਸ਼ ਕੀਤੇ ਬਗੈਰ ਇਹ ਫ਼ੈਸਲਾ ਕੀਤਾ ਜੋ ਕਿ ਰਾਜ ਅੰਦਰ ਨਸ਼ਾਖੋਰੀ ਦੇ ਹੋ ਚੁੱਕੇ ਪਾਸਾਰ ਦੇ ਮੱਦੇਨਜ਼ਰ ਠੀਕ ਨਹੀਂ ਮੰਨਿਆ ਜਾ ਸਕਦਾ ਨਾਰਕੌਟਿਕ ਡਰੱਗਜ਼ ਐਂਡ ਸਾਈਕੋਟਰੌਪਿਕ ਸਬਸਟਾਂਸਜ਼ ਐਕਟ ਤੇ ਅਮਲ ਬਾਰੇ ਰਿਪੋਰਟ ਦਾ ਹਵਾਲਾ ਦਿੰਦਿਆਂ ਸਮਾਜਿਕ ਸੁਰੱਖਿਆ ਅਤੇ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਨੇ ਦੱਸਿਆ ਹੈ ਕਿ ਰਾਜ ਦੇ ਸਕੂਲਾਂ 66 ਪ੍ਰਤੀਸ਼ਤ ਅਤੇ ਕਾਲਜਾਂ 70 ਪ੍ਰਤੀਸ਼ਤ ਵਿਦਿਆਰਥੀਆਂ ਨੂੰ ਕੋਈ ਨਾ ਕੋਈ ਬਹਾਨਾ ਚਾਹੀਦਾ ਹੁੰਦਾ ਹੈ ਮਿਸਾਲ ਦੇ ਤੌਰ ਤੇ ਸਾਥੀਆਂ ਦਾ ਦਬਾਅ, ਨਸ਼ੇ ਕਰਨ ਨਾਲ ਮਿਲਦਾ ਸਰੂਰ ਤੇ ਕਈ ਵਾਰ ਇਹ ਵੀ ਨਸ਼ਾਂ ਕਰਕੇ ਵੇਖਦੇ ਹਾਂ ਭਲਾ ਕੀ ਹੁੰਦਾ ਹੈ ਪੀ.ਜੀ.ਆਈ. ਦੇ ਮਨੋਰੋਗ ਵਿਭਾਗ ਵੱਲੋਂ ਕੀਤੇ ਗਏ ਇਕ ਅਧਿਐਨ ਮੁਤਾਬਿਕ ਮਰਦਾਂ ਦੇ ਮੁਕਾਬਲੇ ਔਰਤਾਂ ਨੂੰ ਨਸੇ਼ ਛੇਤੀ ਲੱਗਦੇ ਹਨ ਯਾਨੀ ਕਿ ਰਿਪੋਰਟ ਅਨੁਸਾਰ 60 ਪ੍ਰਤੀਸ਼ਤ ਔਰਤਾਂ ਨੂੰ ਦਰਦ-ਰੋਕੂ ਦਵਾਈ ਲੈਂਦੇ ਲੈਂਦੇ ਹੀ ਨਸ਼ੇ ਦੀ ਆਦਤ ਪੈ ਗਈ

ਨਸ਼ਾਖੋਰੀ ਇਸ ਵੇਲੇ ਪੰਜਾਬ ਵਿੱਚ ਤਕਰੀਬਨ ਹਰ ਥਾਂ ਫੈਲ ਚੁੱਕੀ ਹੈਵਜ੍ਹਾਂ ਜੋ ਵੀ ਹੋਵੇ, ਨਸ਼ਾ ਕਰਨ ਵਾਲਿਆਂ ਦੀ ਗਿਣਤੀ ਇਸ ਵੇਲੇ ਲੱਖਾਂ ਵਿੱਚ ਹੈਜਿਹੜੀ ਸਰਕਾਰ ਸਕੂਲਾਂ ਕਾਲਜਾਂ ਦੇ ਨੇੜੇ ਸ਼ਰਾਬ ਦੇ ਠੇਕੇ ਖੋਲ੍ਹਣ ਦੀ ਆਗਿਆ ਦੇ ਦਿੰਦੀ ਹੈ, ਉਹ ਇਹ ਵੀ ਜਰੂਰ ਸਮਝ ਸਕਦੀ ਹੈ ਕਿ ਨਵੀਂ ਪੀੜ੍ਹੀ ਤੇ ਇਸ ਦਾ ਕੀ ਪ੍ਰਭਾਵ ਕਿਸ ਤਰ੍ਹਾਂ ਪੈ ਸਕਦਾ ਹੈ ਜਿਸ ਨੂੰ ਦਿਸ ਰਿਹਾ ਹੈ ਕਿ ਪੜ੍ਹਨ-ਲਿਖਣ ਤੋਂ ਬਾਅਦ ਵੀ ਜਿ਼ਆਦਾਤਰ ਬੇਰੁਜ਼ਗਾਰੀ ਹੀ ਪੱਲੇ ਪੈਣੀ ਹੈ ਪਿਛਲੇ ਸਾਲ ਪੰਜਾਬ ਵਿੱਚ 269 ਕਿਲੋ ਹੈਰੋਇਨ ਅਤੇ 110 ਕਿਲੋ ਚਰਸ ਫੜ੍ਹੀ ਗਈ ਪਾਕਿਸਤਾਨ, ਅਫ਼ਗਾਨਿਸਤਾਨ ਤੇ ਈਰਾਨ ਵੱਲੋਂ ਪੰਜਾਬ ਦੇ ਰਸਤੇ ਖ਼ਾਸ ਕਰਕੇ ਸਮੈਕ ਦੀ ਢੋਆ- ਢੁਆਈ ਹੁੰਦੀ ਹੈ ਇਸ ਤੋਂ ਇਲਾਵਾ ਦਿੱਲੀ, ਮੇਰਠ, ਰਾਜਸਥਾਨ ਤੇ ਜੰਮੂ -ਕਸ਼ਮੀਰ ਵਾਲੇ ਪਾਸਿੳ਼ੁ ਵੀ ਪੰਜਾਬ ਨੂੰ ਨਸਿ਼ਆਂ ਦੀ ਸਪਲਾਈ ਹੁੰਦੀ ਹੈ ਇਹ ਕਾਲਾ ਧੰਦਾ ਕਾਫ਼ੀ ਪੈਸਾ ਛੱਡਣ ਵਾਲਾ ਹੋਣ ਕਰਕੇ ਅੰਦਰਖਾਤੇ ਪੂਰੇ ਤਾਲਮੇਲ ਨਾਲ ਚਲਾਇਆ ਜਾਂਦਾ ਹੈ ਜਿਸ ਵਿੱਚ ਸਮਗਲਰਾਂ ਨਾਲ ਪੁਲੀਸ ਵਾਲੇ ਤੇ ਸਿਆਸੀ ਨੇਤਾ ਵੀ ਕਥਿਤ ਤੌਰ ਤੇ ਮਿਲੇ ਹੁੰਦੇ ਹਨ ਦਵਾਫਰੋਸ਼ਾਂ ਕੋਲੋਂ ਨਸੇ਼ ਵਾਲਾ ਸਾਮਾਨ ਮਿਲ ਜਾਂਦਾ ਹੈ , ਟਰੱਕ ਡਰਾਈਵਰਾਂ ਨੂੰ ਵੀ ਇਸ ਧੰਦੇ ਵਿੱਚ ਚੰਗੀ ਤਰ੍ਹਾਂ ਵਰਤ ਲਿਆ ਜਾਂਦਾ ਹੈ ਸਰਕਾਰਾਂ ਦੇ ਨੱਕ ਹੇਠ ਇਹ ਸਾਰਾ ਕੁਝ ਹੋਈ ਜਾ ਰਿਹਾ ਹੈਕਿਹਾ ਜਾ ਰਿਹਾ ਕਿ ਨਸਿ਼ਆ ਦੀ ਸਪਲਾਈ ਰੋਕਣ, ਕਰੜੇ ਕਾਨੂੰਨ ਬਣਾਉਣ ਅਤੇ ਸਮਗਲਰਾਂ ਨੂੰ ਗ੍ਰਿ਼ਫ਼ਤਾਰ ਕਰਨ ਵਰਗੇ ਨੁਕਤਿਆਂ ਤੇ ਕੇਂਦਰਿਤ ਸਾਲ 2009-2013 ਲਈ ਇਕ ਕਾਰਜ ਯੋਜਨਾ ਤਿਆਰ ਕੀਤੀ ਗਈ ਹੈ ਤੇ ਇਸ ਤੋਂ ਇਲਾਵਾ ਅੰਤਰ- ਰਾਜੀ ਅਤੇ ਕੌਮਾਂਤਰੀ ਸਰਹੱਦਾਂ ਸੀਲ ਕਰਨ ਅਤੇ ਖੁ਼ਫੀਆ ਏਜੰਸੀਆਂ ਤੋਂ ਜਾਣਕਾਰੀ ਹਾਸਲ ਕਰਦੇ ਰਹਿਣ ਵਰਗੇ ਇਹਤਿਆਤੀ ਕਦਮ ਵੀ ਉਠਾਏ ਜਾਣਗੇ ਹੁਣ ਜਦੋਂ ਨਸਿ਼ਆਂ ਦੀ ਇਸ ਬੁਰਾਈ ਨੇ ਮੁਟਿਆਰਾਂ ਨੂੰ ਵੀ ਆਪਣੀ ਲਪੇਟ ਵਿੱਚ ਲੈਣਾ ਸ਼ੁਰੂ ਕਰ ਦਿੱਤਾ ਹੈ ਤਾਂ ਇਸ ਖ਼ਤਰੇ ਨਾਲ ਸਿੱਝਣ ਲਈ ਇਸ ਉਪਰ ਹਰ ਦਿਸ਼ਾ ਤੋਂ ਹਮਲਾ ਕਰਨ ਦੀ ਲੋੜ ਹੈ ਪੀ.ਜੀ.ਆਈ. ਨੇ ਖ਼ਾਸ ਕਰਕੇ ਵਿਦਿਆਰਥੀਆਂ ਨੂੰ ਨਸਿ਼ਆਂ ਦੇ ਖ਼ਤਰਿਆਂ ਤੋ ਜਾਣੂ ਕਰਵਾਉਣ ਲਈ ਇਕ ਨੋਡਲ ਕਮੇਟੀ ਕਾਇਮ ਕੀਤੀ ਹੈ ਜਿਹੜੀ ਅਗਾਂਹ ਇੱਕ ਪ੍ਰੇਰਕ ਟੀਮ ਤਿਆਰ ਕਰੇਗੀ ਯੁਵਕ ਅਤੇ ਸਪੋਰਟਸ ਕਲੱਬਾਂ ਦਾ ਸਾਥ ਲਿਆ ਜਾਣਾ ਚਾਹੀਦਾ ਹੈ ਨਸ਼ਾ ਛੁਡਾਊ ਕੇਂਦਰਾਂ ਦੇ ਮਾਮਲੇ ਵਿੱਚ ਸਰਕਾਰੀ ਯਤਨਾਂ ਦੇ ਨਾਲ ਨਾਲ ਗ਼ੈਰ ਸਰਕਾਰੀ ਸੰਸਥਾਵਾਂ ਦੀ ਭਾਗੀਦਾਰੀ ਨੂੰ ਵੀ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ ਪੰਜਾਬ ਅੰਦਰ ਵਗ ਰਿਹਾ ਨਸਿ਼ਆਂ ਦਾ ਛੇਵਾਂ ਦਰਿਆ ਜਿੰਨੀ ਛੇਤੀ ਸੁੱਕ ਸਕੇਓਨਾ ਹੀ ਚੰਗਾ ਹੋਵੇਗਾ

Thursday, April 9, 2009

ਬੰਨੀ ਨੇ ਪੈਰ ਕੁਹਾੜੀ ਤੇ ਤਾਂ ਨਹੀਂ ਮਾਰ ਲਿਆ

ਸੁਖਨੈਬ ਸਿੰਘ ਸਿੱਧੂ
ਸ਼ਰੋਮਣੀ ਅਕਾਲੀ ਦਲ ਦੇ ਪ੍ਰਭਾਵਸ਼ਾਲੀ ਆਗੂ ਅਤੇ ਸਹਿਕਾਰਤਾ ਮੰਤਰੀ ਸਵ: ਕੈਪਟਨ ਕੰਵਲਜੀਤ ਸਿੰਘ ਦੇ ਬੇਟੇ ਜਸਜੀਤ ਸਿੰਘ ਬੰਨੀ ਦੁਆਰਾ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਵਿੱਚ ਸ਼ਰੋਮਣੀ ਅਕਾਲੀ ਵਿੱਚੋਂ ਅਸਤੀਫ਼ਾ ਦੇਣ ਦਾ ਐਲਾਨ ਕਰਨ ਮਗਰੋਂ ਫਿਰ ਅਕਾਲੀ ਦਲ ਵਿੱਚ ਸ਼ਾਮਿਲ ਹੋਣਾ ਆਪਣੇ ਪੈਰ ਕੁਹਾੜੀ ਮਾਰਨ ਵਾਲਾ ਕੰਮ ਹੀ ਲੱਗ ਰਿਹਾ ਹੈ।


ਬੰਨੀ ਨੇ ਉਸ ਸਮੇਂ ਅਕਾਲੀ ਦਲ ਅਤੇ ਸਹਿਕਾਰਤਾ ਦੀ ਵਿਭਾਗ ਦੀ ਚੇਅਰਮੈਨੀ ਤਿਆਗਣ ਦਾ ਫੈਸਲਾ ਲਿਆ ਸੀ ਜਦੋਂ ਉਸ ਦੇ ਬਾਪ ਕੈਪਟਨ ਕੰਵਲਜੀਤ ਸਿੰਘ ਦੀ ਆਖਰੀ ਰਸ਼ਮਾਂ ਵੀ ਪੂਰੀਆਂ ਨਹੀਂ ਹੋਈਆਂ ਸਨ। ਬੰਨੀ ਦੇ ਇਸ ਕਦਮ ਨੇ ਪੰਜਾਬ ਦੀ ਸਿਆਸਤ ਵਿੱਚ ਤਹਿਲਕਾ ਮਚਾ ਦਿੱਤਾ ਸੀ । ਸ਼ਰੋਮਣੀ ਅਕਾਲੀ ਦਲ ਵੱਲੋਂ ਚੋਣਾਂ ਮੌਕੇ ਦਲ ਨੂੰ ਅਲਵਿਦਾ ਕਹਿਣ ਵਾਲੇ ਬੰਨੀ ਨੂੰ ਮਨਾਉਣ ਦੇ ਉਪਰਾਲੇ ਜਾਰੀ ਸਨ । ਬੀਤੇ ਐਤਵਾਰ ਨੂੰ ਕੈਪਟਨ ਕੰਵਲਜੀਤ ਸਿੰਘ ਦੇ ਨਮਿਤ ਰੱਖੇ ਪਾਠ ਦੇ ਭੋਗ ਅਤੇ ਸ਼ਰਧਾਂਜਲੀ ਸਮਾਗਮ ਵਿੱਚ ਵੀ ਬੰਨੀ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿੱਚ ਆਪਣੇ ਪਹਿਲਾਂ ਦਿੱਤੇ ਬਿਆਨ ਦੀ ਪ੍ਰੋੜਤਾ ਕਰਦਿਆਂ ਅਕਾਲੀ ਦਲ ਛੱਡ ਕੇ ਪਟਿਆਲਾ ਤੋਂ ਲੋਕ ਸਭਾ ਦੀ ਸੀਟ ਆਜ਼ਾਦੀ ਉਮੀਦਵਾਰ ਵਜੋਂ ਲੜਣ ਦੀ ਗੱਲ ਵੀ ਸਟੇਜ ਕਹੀ ਸੀ । ਇਸ ਮੌਕੇ ਇਕੱਤਰ ਭੀੜ ਵਿੱਚ ਉਨ੍ਹਾਂ ਹੱਕ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਵਿਰੋਧ ਵਿੱਚ ਨਾਅਰੇਬਾਜ਼ੀ ਕੀਤੀ ਗਈ ਸੀ । ਇਸ ਵੇਲੇ ਸ਼ਰੋਮਣੀ ਅਕਾਲੀ ਦਲ ਦੀ ਲੀਡਰਸਿੱਪ ਨੂੰ ਇੱਥੋਂ ਬਹੁਤ ਸਰਮਿੰਦਗੀ ਭਰੀ ਹਾਲਤ ਵਿੱਚ ਪੰਡਾਲ ਚੋ ਵਾਪਸ ਜਾਣਾ ਪਿਆ ਸੀ ।

ਆਪਣੇ ਬਿਆਨ ਤੋਂ ਪਲਟਦਿਆ ਬੰਨੀ ਨੇ 7 ਅਪ੍ਰੈਲ ਨੂੰ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ । ਉਸਨੇ ਕਿਹਾ ਕਿ ਅਕਾਲੀ ਦਲ ਤੋਂ ਵੱਖ ਹੋਣ ਸਮੇਂ ਮੈਂ ਆਪਣੀ ਜ਼ਮੀਰ ਦੀ ਆਵਾਜ਼ ਸੁਣੀ ਸੀ ਅਤੇ ਹੁਣ ਸੰਗਤਾਂ ਦਾ ਫੈਸਲਾ ਸੁਣ ਕੇ ਅਕਾਲੀ ਦਲ ਵਿੱਚ ਸ਼ਾਮਿਲ ਹੋ ਰਿਹਾ ਹਾਂ । ਪਰ ਕੀ ਉਹ ਕੋਈ ਹੋਰ ਸੰਗਤ ਸੀ ਜਿਹੜੀ ਕੈਪਟਨ ਕੰਵਲਜੀਤ ਸਿੰਘ ਦੇ ਭੋਗ ਮੌਕੇ ਸ਼ਰੋਮਣੀ ਅਕਾਲੀ ਦਲ ਵਿਰੁੱਧ ਨਾਅਰੇਬਾਜ਼ੀ ਕਰ ਰਹੀ ਸੀ ?
ਕਾਰਨ ਕੋਈ ਵੀ ਹੋਣ ਪ੍ਰੰਤੂ ਰਾਜਸੀ ਨੇਤਾਵਾਂ ਦੀ ਦਲ ਬਦਲੀ ਦੀ ਪਿਰਤ ਨੂੰ ਬੰਨੀ ਨੇ ਅੱਗੇ ਜਰੂਰ ਤੋਰਿਆ ਹੈ । ਕਹਿ ਗੱਲ ਪੂਰੀ ਤਰ੍ਹਾਂ ਸਾਫ਼ ਹੈ ਕਿ ਇਹ ਦਲ ਬਦਲੀਆਂ ਨਿੱਜੀ ਸਵਾਰਥ ਖਾਤਰ ਹੀ ਹੁੰਦੀਆਂ ਹਨ ।

ਪਰ ਕੀ ਹੁਣ ਉਸਨੂੰ ਸ਼ਰੋਮਣੀ ਅਕਾਲੀ ਦਲ ਵਿੱਚ ਪਹਿਲਾਂ ਵਾਲਾ ਸਥਾਨ ਮਿਲ ਸਕੇਗਾ ? ਜਿਹੜੇ ਵਰਕਰ ਬੰਨੀ ਮਗਰ ਅਕਾਲੀ ਦਲ ਦੇ ਵਿਰੋਧ ਵਿੱਚ ਖੜੇ ਸਨ ਉਹ ਹੁਣ ਕਿੱਧਰ ਜਾਣਗੇ ? ਕਿਉਂਕਿ ਆਗੂ ਤਾਂ ਨਿੱਜੀ ਸਵਾਰਥਾਂ ਖਾਤਰ ਦਲ ਬਦਲੀ ਕਰ ਲੈਂਦੇ ਹਨ ਅਤੇ ਵਰਕਰ ਵਿਚਾਰੇ ਦੋਚਿੱਤੀ ਵਿੱਚ ਰਹਿੰਦੇ ਹਨ। ਕੀ ਬੰਨੀ ਪਹਿਲਾਂ ਅਕਾਲੀ ਦਲ ਛੱਡ ਕੇ ਤੇ ਫਿਰ ਉਸ ਸ਼ਾਮਿਲ ਹੋ ਕੇ ਆਪਣੇ ਪੈਰ ਕੁਹਾੜੀ ਨਹੀ ਬਲਕਿ ਆਪਣਾ ਪੈਰ ਹੀ ਕੁਹਾੜੀ ਉੱਤੇ ਨਹੀਂ ਮਾਰਿਆ ?
ਬਾਕੀ ਸਮਾਂ ਦੱਸੇਗਾ ।
ਸੁਖਨੈਬ ਸਿੰਘ ਸਿੱਧੂ

Thursday, March 26, 2009

ਐਮ ਪੀ 3 ਦੇ ਜਮਾਨੇ ਵਿੱਚ ਪੰਜਾਬ ਸਰਕਾਰ ਵੱਲੋਂ ਸਥਾਪਤ ਕੀਤਾ ਐਟੀ ਪਾਇਰੇਸੀ ਸੈੱਲ ਇਸਨੂੰ ਰੋਕ ਸਕੇਗਾ ?

ਪਾਇਰੇਸੀ ਨੇ ਪੰਜਾਬੀ ਸੰਗੀਤ ਸਨਅਤ ਨੂੰ ਖੂੰਜੇ ਲਾਇਆ
ਸੁਖਨੈਬ ਸਿੰਘ ਸਿੱਧੂ
ਮਾਨਸਿਕ ਸਕੂਨ ਤੋਂ ਸਨਅਤ ਦਾ ਰੂਪ ਧਾਰ ਚੁੱਕੀ ਗਾਇਣ ਕਲਾ ਉੱਤੇ ਹੁਣ ਪਾਇਰੇਸੀ (ਨਕਲੀ )ਦਾ ਗ੍ਰਹਿਣ ਲੱਗ ਗਿਆ ਹੈ। ਗਾਇਕਾਂ ਅਤੇ ਸੰਗੀਤ ਕੰਪਨੀਆਂ ਵੱਲੋਂ ਲੱਖਾਂ ਰੁਪਏ ਲਾ ਕੇ ਤਿਆਰ ਕੀਤੀਆਂ ਆਡਿਓ / ਵੀਡਿਓ ਟੇਪਾਂ ਨਕਲੀ ਸੀ ਡੀ ਤਿਆਰ ਵਾਲਿਆਂ ਲਈ ਵਰਦਾਨ ਹਨ ਪ੍ਰੰਤੂ ਕੰਪਨੀ ਮਾਲਕਾਂ ਲਈ ਇਹ ਆਪਣੇ ਪੈਰ ਕੁਹਾੜਾ ਮਾਰਨ ਵਾਲੀ ਗੱਲ ਹੈ । 100 ਤੋਂ 125 ਗੀਤਾਂ ਦੇ ਐਮ ਪੀ 3 ਸੀ ਡੀ ਦੀ ਨਕਲੀ ਕਾਪੀ 10 ਤੋਂ 15 ਰੁਪਏ ਵਿੱਚ ਰੇਹੜੀ ਲੈ ਕੇ ਮਿਊਜਿ਼ਕ ਸ਼ਾਪ ਤੱਕ ਆਮ ਮਿਲ ਰਹੀ ਹੈ। ਬੇਸੱ਼ਕ ਸਾਡੇ ਦੇਸ਼ ਵਿੱਚ ਅਸ਼ਲੀਲ ਸਾਹਿਤ, ਅਸ਼ਲੀਲ ਫਿਲਮਾਂ ਤੇ ਵੀ ਪੂਰਨ ਪਾਬੰਦੀ ਹੈ ਪ੍ਰੰਤੁ ਬਲਿਊ ਫਿਲਮਾਂ ਦੇ ਪਿੰਟ ‘ਗਰਮ ਮੂੰਗਫਲੀ , ਕੁਰਕਰੇ’ ਦਾ ਗੁਪਤ ਨਾਵਾਂ ਨਾ ਆਮ ਮਿਲ/ ਵਿਕ ਰਹੇ ਹਨ ।
ਨਕਲੀ ਟੇਪਾਂ ਦਾ ਸਿਲਸਿਲਾ ਸਿਰਫ਼ ਸੀ ਡੀ ਯੁੱਗ ਆਉਣ ਨਾਲ ਸ਼ੁਰੂ ਨਹੀਂ ਹੋਇਆ ਬਲਕਿ ਇਹ ਤਾਂ ਉਦੋਂ ਦਾ ਚੱਲ ਰਿਹਾ ਜਦੋਂ ਤੋਂ ਸੰਗੀਤ ਜਗਤ ਵਿੱਚ ਪੱਕੇ ਪੈਰੀ ਸਥਾਪਤ ਐਚ ਐਮ ਵੀ ਕੰਪਨੀ ਵੱਲੋਂ ਤਵਿਆਂ ਦੇ ਯੁੱਗ ਨੂੰ ਅਲਵਿਦਾ ਆਖ ਕੇ ‘ਗੀਤਾਂ ਦੀਆਂ ਰੀਲਾਂ ’(ਕੈਸੇਟ) ਦੀ ਸ਼ੁਰੂਆਤ ਕੀਤੀ ਗਈ । ਉਦੋਂ ਤੋਂ ਪਾਇਰੇਟਰਾਂ ਨੇ ਆਪਣੇ ਹੱਥ ਦਿਖਾਉਣੇ ਸ਼ੁਰੂ ਕਰ ਦਿੱਤੇ , ਆਡਿਓ ਮਾਰਕੀਟ ਵਿਚ ਸਥਾਪਿਤ ਹੋ ਚੁੱਕੀਆਂ ਕਈ ਕੰਪਨੀਆਂ ਵੱਲੋਂ ਆਪਣੀ ਸੁਰੂਆਤ ਐਚ ਐਮ ਵੀ ਉਰਫ ਕੁੱਤਾ ਮਾਰਕਾ ( ਇਸ ਕੰਪਨੀ ਦਾ ਲੋਗੋ ਵਿਚ ਗ੍ਰਾਮੋਫੋਨ ਮੂਹਰੇ ਕੁੱਤੇ ਦੀ ਤਸਵੀਰ ਬਣੀ ਹੋਣ ਕਰਕੇ ਉਦੋਂ ਅਨਪੜ੍ਹ ਲੋਕੀ ‘ਕੁੱਤਾ ਮਾਰਕਾ ਜਾਂ ਕੁੱਤਾ ਕੰਪਨੀ’ ਕਰਕੇ ਹੀ ਜਾਣਦੇ ਸਨ ) ਵੱਲੋਂ ਰਿਲੀਜ਼ ਟੇਪਾਂ ਦੀਆਂ ਨਕਲੀ ਕਾਪੀਆਂ ਤਿਆਰ ਕੀਤੀ ਗਈ ਹੈ । ਆਪਣੇ ਫਰਜ਼ੀ ਮਾਰਅਕੇ ‘ਸੰਗੀਤ, ਸੰਗੀਤ ਮਹਿਲ ’ ਆਦਿ ਨਾਵਾਂ ਹੇਠ ਕਈ ਧਨਾਢ ਜਾਲਸਾਜ਼ ਲੰਬਾ ਸਮਾਂ ਇਹ ‘ਜੁਗਾੜ’ ਚਲਾਉਂਦੇ ਰਹੇ ਹਨ । ਕਿਉਂਕਿ ਉੱਕਤ ਕੰਪਨੀ ਦਾ ਮੁੱਖ ਦਫ਼ਤਰ ਕਲਕੱਤਾ ਅਤੇ ਖੇਤਰੀ ਦਫ਼ਤਰ ਦਿੱਲੀ ਸਥਿਤ ਹੋਣ ਕਰਕੇ ਉਹ ਪੰਜਾਬ ਵਿਚ ਨਕਲਚੀਆਂ ਦਾ ਕੁੱਝ ਨਹੀਂ ਵਿਗਾੜ ਸਕਦੇ ਸਨ । ਦੂਜਾ ਉਦੋਂ ਗਾਇਕਾਂ ਨੂੰ ਵੀ ਕਾਪੀ ਰਾਈਟ ਐਕਟ ਦਾ ਇਨ੍ਹਾਂ ਕਾਨੂੰਨਾਂ ਦਾ ਗਿਆਨ ਨਹੀਂ ਸੀ ਕਿਂ ਉਹ ਅਸਲੀ ਅਤੇ ਨਕਲੀ ਕੈਸੇਟ ਦੇ ਨਫ਼ੇ ਨੁਕਸਾਨ ਬਾਰੇ ਡੂੰਘਾਈ ਨਾਲ ਸੋਚ ਸਕਣ । ਇੱਕ ਅੰਦਾਜੇ ਮੁਤਾਬਿਕ ਕੰਪਨੀ ਵੱਲੋਂ ਰਿਲੀਜ਼ ਕੈਸੇਟ ਘੱਟ ਅਤੇ ਨਕਲੀ ਤਿਆਰ ਕੀਤੀਆਂ ਟੇਪਾਂ ਦੀ ਵਿਕਣ ਦੀ ਗਿਣਤੀ ਹਮੇਸਾ ਵੱਧ ਰਹੀ ਹੈ। ਕਾਰਨ ਇਹ ਵੀ ਸੀ ਕਿ ਉਦੋਂ ਕੈਸੇਟਾ ਦੇ ਰੇਟ ਮਹਿੰਗੀ ਹੁੰਦੇ ਸਨ । ਫਿਰ ਦਿੱਲੀ ਵਿੱਚ ਜੂਸ ਦਾ ਕਾਰੋਬਾਰ ਕਰਦੇ ਗੁਲਸ਼ਨ ਕੁਮਾਰ ਵੱਲੋਂ ਟੀ ਸੀਰੀਜ਼ ਸੁਰੂ ਕੀਤੇ ਜਾਣ ਨਾਲ ਮਾਰਕੀਟ ਵਿੱਚ ਟੇਪਾਂ ਆਮ ਲੋਕਾਂ ਦੀ ਪਹੁੰਚ ਵਿੱਚ ਆਉਣ ਲੱਗੀਆਂ । ਟੀ ਸੀਰੀਜ਼ ਵੱਲੋਂ ਘੱਟ ਰੇਟ ਤੇ ਵੱਧ ਟੇਪਾਂ ਵੇਚੇ ਜਾਣ ਕਾਮਯਾਬ ਫਾਰਮੂਲੇ ਨੂੰ ਕਈ ਕੰਪਨੀਆਂ ਨੇ ਅਪਣਾਇਆ ।
ਪਾਇਰੇਸੀ ਵਿਚ ਦਿੱਲੀ ਦੀ ਇੱਕ ਕੰਪਨੀ ਨੇ ਤਾਂ ਮੁੰਬਈ ਦੀਆਂ ਕਈ ਨਾਮੀਂ ਕੰਪਨੀਆਂ ਨੂੰ ਵਖਤ ਪਾਈ ਰੱਖਿਆ ਹੈ। ਮੁੰਬਈ ਦੀਆਂ ਸੰਗੀਤ ਕੰਪਨੀਆਂ ਜਦੋਂ ਵੀ ਕੋਈ ਫਿਲਮ ਦਾ ਮਿਊਜਿ਼ਕ ਰਿਲੀਜ਼ ਕਰਦੀਆਂ ਤਾਂ ਦਿੱਲੀ ਦੀ ਇਹ ਕੰਪਨੀ ਉਸੇ ਕੰਪਨੀ ਦੇ ਮਾਅਰਕੇ ਹੇਠ ਤਿਆਰ ਕੀਤਾ ਜਾਅਲੀ ਮਾਲ ਡੀਲਰਾਂ ਕੋਲ ਭੇਜ ਦਿੰਦੀ । ਮੁੰਬਈ ਦੀ ਪ੍ਰਸਿੱਧ ਕੰਪਨੀ ‘ਟਿਪਸ’ ਦੁਆਰਾ ਹਿੰਦੀ ਫਿਲਮ ‘ਪ੍ਰਦੇਸ਼ ’ਦਾ ਸੰਗੀਤ ਰਿਲੀਜ਼ ਕਰਨ ਤੋਂ ਇੱਕ ਦਿਨ ਪਹਿਲਾਂ ਦਿੱਲੀ ਦੀ ਇੱਕ ਕੰਪਨੀ ਨੇ 10 ਲੱਖ ਨਕਲੀ ਟੇਪਾਂ ਰਿਲੀਜ਼ ਕਰਕੇ ਟਿਪਸ ਦੀ ਕੰਪਨੀ ਨੂੰ ਕਰੋੜਾਂ ਦਾ ਚੂਨਾ ਲਾਉਣ ਦੀ ਗੱਲ ਜੱਗ ਜਾਹਿਰ ਹੈ। ਡੀਲਰਾਂ ਦੀ ਵੀ ਇਸ ਵਿਚ ਮਿਲੀਭੁਗਤ ਹੁੰਦੀ ਦੀ ਸੀ , ਕਿਉਂਕਿ ਕੰਪਨੀ ਦੀ ਅਸਲੀ ਟੇਪ ਵੇਚ 50 ਪੈਸੇ ਜਾਂ ਇੱਕ ਰੁਪਇਆ ਕਮਿਸ਼ਨ ਮਿਲਦਾ ਸੀ ਜਦਕਿ ਨਕਲੀ ਮਾਲ ਵੇਚ ਕੇ 5 ਰੁਪਏ ਤੱਕ ਇੱਕ ਟੇਪ ਦਾ ਮੁਨਾਫਾ ਹੋ ਸਕਦਾ ਸੀ । ਫਿਰ ਪੰਜਾਬ ਦੇ ਕਈ ਡੀਲਰ ਵੀ ਇਸ ਕੈਸੇਟ ਸਨਅਤ ਵਿਚ ਹੱਥ ਰੰਗਣ ਲੱਗੇ । ਕਿਉਂਕਿ ਹਿੰਦੀ ਫਿਲਮਾਂ ਮਗਰੋਂ ਪੰਜਾਬੀ ਸੰਗੀਤ ਹੀ ਉੱਤਰ ਭਾਰਤ ਵਿਚ ਸੁਣਿਆ ਜਾਂਦਾ ਹੈ।
ਆਲਮ ਇਹ ਰਿਹਾ ਹੈ ਕਿ ਹਾਲੀਵੁੱਡ ਦੀਆਂ ਫਿਲਮਾਂ ਦੇ ਰਾਈਟਸ ਲਏ ਬਿਨਾ ਡੱਬਿਗ ਕਰਕੇ ਜਿ਼ਆਦਾ ਫਿਲਮਾਂ ਮਾਰਕੀਟ ਆ ਰਹੀਆਂ ਹਨ । ਉਧਰ ਹਿੰਦੀ ਫਿਲਮ ਦਾ ਕੋਈ ਪਿੰ੍ਰਟ ਰਿਲੀਜ਼ ਮਗਰੋਂ ਹੁੰਦਾ ਵਾਇਆ ਡੁਬਈ ਭਾਰਤ ਕੋਨੇ ਕੋਨੇ ਵਿਚ ਉਸਦੇ ਜਾਅਲੀ ਪਿੰਟ ਪਹਿਲਾਂ ਮਿਲਣ ਲੱਗ ਜਾਂਦੇ ਹਨ ।
ਪਿਛਲੇ ਸਮੇਂ ਵਿਚ ਚਰਚਿਤ ਰਹੇ ਪਾਕਿਸਤਾਨੀ ਗਾਇਕ ਅਕਰਮ ਰਾਹੀਂ ਅਤੇ ਗਾਇਕਾ ਨਸੀਬੋ ਲਾਲ ਭਾਰਤ ਵਿਚ ਬਹੁਤ ਵਿਕੇ ਪ੍ਰੰਤੂ ਉਨ੍ਹਾਂ ਪੱਲੇ ਸੋਹਰਤ ਹੀ ਪਈ ਦ਼ੌਲਤ ਇੱਥੋਂ ਦੇ ਜਾਅਲਸਾਜ ਕਮਾ ਗਏ । ਗਾਇਕਾ ਨਸੀਬੋ ਲਾਲ ਦੀਆਂ ਟੇਪਾਂ ਤਾ ਪੰਜਾਬ ਦੀਆਂ ਬਹੁਤ ਕੰਪਨੀਆਂ ਨੇ ‘ਪਾਕਿਸਤਾਨੀ ਸੰਗੀਤ ਚੋਰੀ ਕਰਨ ਦੇ ਜਮਾਂਦਰੂ ਅਧਿਕਾਰ’ ਤਹਿਤ ਰਿਲੀਜ ਕੀਤੀਆਂ । ਜਾਂਚ ਪੜਤਾਲ ਮਗਰੋਂ ਅੱਜ ਵੀ ਪੰਜਾਬ ਦੀ ਕਿਸੇ ਕੰਪਨੀ ਨੇ ਕਿਸੇ ਪਾਕਿਸਤਾਨੀ ਸੰਗੀਤ ਕੰਪਨੀ ਤੋਂ ਕੋਈ ਰਾਇਟਸ ਨਹੀਂ ਖਰੀਦੇ । ਪ੍ਰੰਤੂ ਜਦੋਂ ਪੰਜਾਬੀ ਕੈਸੇਟਾਂ ਦੀ ਪਾਇਰੇਸੀ ਹੋ ਰਹੀ ਹੈ ਤਾਂ ਕੰਪਨੀ ਮਾਲਕ ਇਕੱਠੇ ਹੋ ਪਾਇਰੇਸੀ ਖਿਲਾਫ਼ ਝੰਡਾ ਚੱਕ ਰਹੇ ਹਨ ।ਪੰਜਾਬ ਤੋਂ ਬਾਹਰ ਸ੍ਰੀ ਗੰਗਾਨਗਰ (ਰਾਜਸਥਾਨ)ਵਿਚ ਕੈਸੇਟ ਸਨਅਤ ਚਲ ਰਹੀ ਹੈ । ਉਧਰ ਇਧਰਲੀਆਂ ਕੰਪਨੀਆਂ ਦੀਆਂ ਡੁਪਲੀਕੇਟ ਟੇਪਾਂ ਵੇਚੀਆਂ ਜਾ ਰਹੀਆਂ ਹਨ । ਸਟੀਰੀਓ ਸਾਉਂਡ ਮਗਰੋਂ ਕੰਪੈਕਟ ਡਿਸਕ ਦੇ ਜਮਾਨੇ ‘ਚ ਆਡਿਓ ਮਾਰਕੀਟ ਜਮਾਂ ਹੀ ਖੂੰਜੇ ਲੱਗ ਗਈ ਕਿਉਂਕਿ ਇੱਕ ਡਿਸਕ ਵਿੱਚ ਐਮ ਪੀ 3 ਫਾਰਮੈਟ ਵਿਚ ਲਗਭਗ 12-13 ਟੇਪਾਂ ਦੇ ਗੀਤ ਇਕੱਠੇ ਰਿਕਾਰਡ ਹੋ ਜਾਂਦੇ ਹਨ ਅਤੇ ਸਰੋਤਿਆਂ ਨੂੰ 10-15 ਰੁਪਏ ਵਿੱਚ 100 ਦੇ ਕਰੀਬ ਗੀਤ ਇਕੱਠੇ ਮਿਲ ਜਾਂਦੇ ਹਨ । ਦੂਸਰੀ ਅਹਿਮ ਗੱਲ ਹੈ ਆਡਿਓ ਕੰਪਨੀਆਂ ਨੇ ਐਮਪੀ 3 ਰਿਲੀਜ਼ ਨਹੀਂ ਕੀਤੇ ਜੇ ਕਰ ਕਿਸੇ ਕੰਪਨੀ ਨੇ ਰਿਲੀਜ਼ ਕੀਤੇ ਵੀ ਹਨ ਤਾਂ ਉਨ੍ਹਾਂ ਵਿੱਚ ਪੁਰਾਣੇ ਫਲਾਪ ਹੋਏ ਗੀਤ ਜਿ਼ਆਦਾ ਹਨ ।
ਐਮ ਪੀ 3 ਸੁਣਨ ਵਾਲਾ ਸਰੋਤਾ ਜਗਤਾਰ ਸਿੰਘ ਰਿੰਕੂ ਦੱਸਦਾ ਹੈ , “ ਮੈਂ ਤਰਕੀਬਨ ਹਰੇਕ ਗਾਇਕ ਦੇ ਗੀਤ ਸੁਣਦਾ ਹਾਂ , ਹਰ ਹਫ਼ਤੇ 10-15 ਟੇਪਾਂ ਰਿਲੀਜ਼ ਹੁੰਦੀਆਂ ਨੇ , ਸਾਰੀਆਂ ਕੈਸੇਟ ਅਸਲੀ ਖਰੀਦਣੀਆਂ ਮੇਰੇ ਔਖੀਆਂ ਹਨ ਪਰ ਇੱਕ ਐਮ ਪੀ 3 ਮੈਂ ਰੋਜਾਨਾਂ ਖਰੀਦ ਸਕਦਾ ਹਾਂ ਇਸ ਤਰ੍ਹਾਂ ਮਹੀਨੇ 300 ਰੁਪਏ ਹੀ ਖਰਚ ਹੁੰਦੇ ਹਨ । ਤੀਹ ਐਮ ਪੀ 3 ਵਿੱਚ ਲਗਭਗ 3500 ਗੀਤ ਰਿਕਾਰਡ ਹੁੰਦਾ ਜੇ ਅਸਲੀ ਖਰੀਦਣ ਲੱਗਾ ਤਾਂ ਪੰਜ ਚਾਰ ਸੀ ਡੀ ਹੀ ਖਰੀਦ ਸਕਾ ਕੰਪਨੀ ਇੱਕ ਸੀ ਡੀ 45-50 ਰੁਪਏ ਵਿੱਚ ਵੇਚਦੀ ਹੈ। ’ ਨਵੇਂ ਗਾਇਕ ਨੂੰ ਮਾਰਕੀਟ ਵਿੱਚ ਟੇਪ ਰਿਲੀਜ਼ ਕਰਵਾਉਣ ਲਈ ਘੱਟੋ ਘੱਟ 10 ਲੱਖ ਰੁਪਏ ਜਰੂਰਤ ਹੁੰਦੀ ਹੈ। ਕੈਸੇਟ ਕੰਪਨੀਆਂ ਵਾਲੇ ਗਾਇਕ ਤੋਂ ਸਾਰਾ ਖਰਚਾ ਕਰਵਾਉਂਦੇ ਹਨ ਇਸ ਵਿੱਚੋਂ ਵੀ ਕੁਝ ਬਚਾਉਣ ਦੀ ਸੋਚਦੇ ਹਨ। ਕੰਪਨੀ ਵਾਲੇ ਸਿਰਫ ਮਾਰਅਕਾ ਹੀ ਲਾਉਂਦੇ ਹਨ ਪੈਸਾ ਸਾਰਾ ਨਵਾ ਗਾਇਕ ਹੀ ਆਪਣੇ ਪੱਲਿਓ ਲਾਉਂਦਾ ਹੈ । ਜਦਕਿ ਪਹਿਲਾਂ ਅਜਿਹਾ ਨਹੀਂ ਹੁੰਦਾ ਸੀ ਉਦੋਂ ਕੁਝ ਕੰਪਨੀਆਂ ਗਾਇਕ ਦੀ ਆਵਾਜ਼ ਦੇਖ ਕੇ ਰਿਕਾਰਡ ਕਰ ਲੈਂਦੀਆਂ ਸਨ , ਪਰ ਦਿਨੋ ਦਿਨ ਵਧਦੀ ਮਹਿੰਗਾਈ ਅਤੇ ਪਬਲੀਸਿਟੀ ਦੇ ਯੁੱਗ ਨੇ ਕੈਸੇਟ ਕੰਪਨੀਆਂ ਨੂੰ ਆਰਥਿਕ ਮੰਦੀ ਦੇ ਰਾਹ ਤੋਰ ਦਿੱਤਾ ਹੈ। ਲੱਖਾਂ ਰੁਪਏ ਲਾ ਕੇ ਵੀ ਕੈਸੇਟ ਵਿਕਣ ਦੀ ਕੋਈ ਸੰਭਾਵਨਾ ਨਹੀਂ ਹੁੰਦੀ । ਜੇਕਰ ਟੇਪ ਦਾ ਕੋਈ ਗੀਤ ਹਿੱਟ ਹੋ ਜਾਵੇ ਤਾਂ ਉਹ ਰਾਤੋ ਰਾਤ ਜਾਅਲੀ ਐਮ ਪੀ 3 ਵਿੱਚ ਪਾ ਕੇ ਸਰੋਤਿਆਂ ਤੱਕ ਪਹੁੰਚ ਜਾਂਦਾ ਹੈ । ਕੈਸੇਟ ਹਿੱਟ ਹੋ ਜਾਵੇ ਤਾਂ ਗਾਇਕ ਕੰਪਨੀ ਵਾਲਿਆਂ ਨੂੰ ਪਛਾਣਦੇ ਨਹੀਂ , ਉਧਰ ਕੰਪਨੀ ਵਾਲੇ ਵੀ ਚੜਦੇ ਸੂਰਜ ਨੂੰ ਸਲਾਮਾਂ ਕਰਦੇ ਹਨ । ਇੱਕ ਸਮਾਂ ਆਇਆ ਸੀ ਕੁਝ ਕੰਪਨੀਆਂ ਨੇ ਗਾਇਕਾਂ ਨਾਲ 3-5 ਕੈਸੇਟਾਂ ਦਾ ਸਮਝੌਤਾ ਕਰਕੇ ਗਾਇਕ ਨੂੰ ਮਾਰਕੀਟ ਵਿੱਚ ਹਿੱਟ ਕਰਦੀਆਂ ਰਹੀਆਂ ਇਸ ਨਾਲ ਕੰਪਨੀਆਂ ਮਾਲ ਵਿਕ ਜਾਂਦਾ ਸੀ ਗਾਇਕ ਦੀ ਮਸਹੂਰੀ ਹੋਣ ਨਾਲ ਉਸਨੂੰ ਪ੍ਰੋਗਰਾਮ ਮਿਲਣ ਲੱਗ ਜਾਂਦੇ ਸਨ । ਪ੍ਰੰਤੂ ਇਹ ਫਾਰਮੂਲਾ ਬਹੁਤੀ ਦੇਰ ਨਾ ਚੱਲ ਸਕਿਆ ਇਸ ਮਗਰੋਂ ਕੁਝ ਕੁ ਕੰਪਨੀਆਂ ਵਧੀਆਂ ਆਵਾਜ਼ ਵਾਲੇ ਗਾਇਕ ਨੂੰ ਪਬਲੀਸਿਟੀ ਕਰਕੇ ਮਸਹੂਰ ਹੋ ਕਰਣ ਲੱਗੀਆਂ ਅਤੇ ਗਾਇਕਾਂ ਨੂੰ ਮਿਲਦੇ ਪ੍ਰੋਗ੍ਰਾਮਾਂ ਵਿੱਚੋਂ ਹਿੱਸਾ ਲੈ ਕੇ ਕਮਾਈ ਦਾ ਵਸੀਲਾ ਬਣਾਉਣ ਦਾ ਰਾਹ ਕੱਢਿਆ ਪ੍ਰੰਤ ਰਸਤਾ ਵੀ ਬਹੁਤਾ ਰਾਸ ਨਹੀਂ ਆਇਆ । ਕਿਉਂਕਿ ਹਿੱਟ ਹੋਣ ਮਗਰੋਂ ਗਾਇਕ ਅਤੇ ਕੰਪਨੀਆਂ ਵਾਲਿਆਂ ਵਿੱਚ ਫਰਕ ਪੈ ਜਾਂਦਾ ਅਤੇ ਕਈ ਗਾਇਕ ਕਾਨੁੰਨੀ ਦਾਅ ਪੇਚ ਵਰਤਕੇ ਕੰਪਨੀ ਨੂੰ ਮਾਤ ਦੇ ਗਏ ਤੇ ਕਈ ਕੰਪਨੀਆਂ ਨੇ ਗਾਇਕਾਂ ਦੀ ਰੱਤ ਨਚੋੜ ਛੱਡੀ ।
ਹੁਣ ਆਲਮ ਇਹ ਹੈ ਕਿ ਟੇਪ ਤਾਂ ਵਿਕਣ ਦੀ ਬਹੁਤੀ ਗਾਰੰਟੀ ਨਹੀਂ ਪ੍ਰੰਤੂ ਗਾਇਕਾਂ ਨੂੰ ਸਰੋਤਿਆਂ ਦੀ ਕਚਹਿਰੀ ਵਿੱਚ ਹਾਜ਼ਰੀ ਭਰਨ ਲਈ ਹਰੇਕ ਸਾਲ ਕੋਈ ਨਾ ਕੋਈ ਟੇਪ ਤਾਂ ਕਰਨੀ ਪੈਂਦੀ ਹੈ ਨਹੀਂ ਮੁਕਾਬਲੇਬਾਜ਼ੀ ਦੇ ਦੌਰ ਵਿੱਚ ਪਿੱਛੇ ਰਹਿਣ ਦਾ ਡਰ ਰਹਿੰਦਾ ਹੈ। ਅੱਜਕੱਲ੍ਹ ਗਾਇਕ ਦਾ ਹਿੱਟ ਹੋ ਸਕਦਾ ਟੇਪ ਹਿੱਟ ਕਰਨੀ ਮੁਸ਼ਕਿਲ ਹੈ ।
ਸ਼੍ਰੋਮਣੀ ਅਕਾਲੀ ਦਲ ਦੁਆਰਾ ਗਾਇਕ ਹੰਸ ਰਾਜ ਹੰਸ ਨੂੰ ਜਲੰਧਰ ਲੋਕ ਸਭਾ ਸੀਟ ਤੋਂ ਉਮੀਦਵਾਰ ਬਣਾਏ ਜਾਣ ਮਗਰੋਂ ਹੰਸ ਨੇ ਹੋਰਾਂ ਪੰਜਾਬੀ ਗਾਇਕਾਂ ਅਤੇ ਸੰਗੀਤ ਕੰਪਨੀ ਦੇ ਮਾਲਕਾਂ ਨਾਲ ਰਲ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਕੋਲ ਪਾਇਰੇਸੀ ਨੂੰ ਰੋਕਣ ਲਈ ਸਖਤ ਕਦਮ ਚੁੱਕਣ ਦੀ ਮੰਗ ਕੀਤੀ ਸੀ । ਡਿਪਟੀ ਮੁੱਖ ਮੰਤਰੀ ਸੁ਼ਖਬੀਰ ਸਿੰਘ ਬਾਦਲ ਨੇ ਗਾਇਕ ਹੰਸ ਰਾਜ ਹੰਸ ਅਤੇ ਹੋਰ ਕਲਾਕਾਰਾਂ ਦੀ ਰਾਇ ਉਪਰ ਅਮਲ ਕਰਦਿਆਂ ਐਂਟੀ ਪਾਇਰੇਸੀ ਸੈੱਲ ਕਾਇਮ ਕਰ ਦਿੱਤਾ । ਪੰਜਾਬ ਪੁਲੀਸ ਦੇ ਇੰਸਪੈਕਟਰ ਜਨਰਲ (ਅਪਰਾਧ) ਨੂੰ ਇਹ ਜਿੰਮੇਵਾਰੀ ਸੌਂਪੀ ਹੈ। ਭਾਰਤੀ ਦੰਡਾਵਲੀ ਧਾਰਾ ਤਹਿਤ ਕਾਪੀ ਰਾਈਟ ਐਕਟ ਦੀ ਉਲੰਘਣਾ ਗੈਰ –ਜ਼ਮਾਨਤੀ ਅਪਰਾਧ ਹੈ ।
ਬੇਸ਼ੱਕ ਅਕਾਲੀ – ਭਾਜਪਾ ਸਰਕਾਰ ਨੇ ਐਂਟੀ ਪਾਇਰੇਸੀ ਸੈੱਲ ਬਣਾ ਕੇ ਆਪਣੇ ਕੁਝ ਕੁ ਵੋਟ ਬੈਂਕ ਨੂੰ ਖੁਸ਼ ਕਰ ਦਿੱਤਾ ਹੋਵੇ ਪਰ ਕੀ ਸੰਗੀਤ ਚੋਰੀ ਹੋਣ ਦਾ ਸਿਲਸਿਲਾ ਰੁਕ ਸਕੇਗਾ ਇਹ ਗੱਲ ਬਹੁਤ ਧਿਆਨ ਮੰਗਦੀ । ਪੰਜਾਬ ਸਰਕਾਰ ਵੱਲੋਂ ਬਹੁਤ ਸਾਰੇ ਨਸਿ਼ਆਂ ਦੀ ਵਿਕਰੀ ਕਰਨ ਦੀ ਮਨਾਹੀ ਹੈ ਪਰ ਕੀ ਅਜਿਹੇ ਨਸੇ਼ ਰੁਕੇ ਹਨ । ਹੁਣ ਹਾਈਟੈੱਕ ਹੋ ਚੁੱਕੀ ਪਾਇਰੇਸੀ ਨੂੰ ਰੋਕਣ ਲਈ ਪੰਜਾਬ ਸਰਕਾਰ ਕਿਹੜਾ ਰਾਹ ਅਖਤਿਆਰ ਕਰੇਗੀ ? ਕੀ ਪੰਜਾਬ ਸਰਕਾਰ ਨਕਲੀ ਆਡਿਓ / ਵੀਡਿਓ ਸੀ ਡੀਜ਼ ਦੀ ਵਿਕਰੀ ਰੋਕ ਸਕੇਗੀ । ਹੁਣ ਤਾਂ ਨਕਲਚੀ ਕੰਪਿਊਟਰ ਰਾਹੀਂ ਮੋਬਾਈਲ ਫੋਨ, ਪੈਨ ਡਰਾਈਵ ਅਤੇ ਮੈਮੋਰੀ ਕਾਰਡਾਂ ਰਾਹੀਂ ਕਾਪੀ ਰਾਈਟ ਐਕਟ ਦੀ ਉਲੰਘਣਾ ਕਰਕੇ ਸਰਕਾਰ ਦੇ ਅੱਖਾਂ ਵਿੱਚ ਘੱਟਾ ਪਾ ਰਹੇ । ਕੀ ਸਰਕਾਰ ਇਕੱਲੇ ਪੰਜਾਬ ਵਿੱਚ ਨਕਲੀ ਸੀ ਡੀ / ਕੈਸੇਟਾਂ ਦਾ ਧੰਦਾ ਕਰਵਾਏਗੀ ਪਰ ਜਿਹੜੀ ਖੇਪ ਸ੍ਰੀ ਗੰਗਾਨਗਰ , ਪਦਮਪੁਰ ਅਤੇ ਹੋਰ ਪੰਜਾਬੋਂ ਬਾਹਰਲੇ ਪੰਜਾਬੀ ਬੋਲਦੇ ਇਲਾਕਿਆਂ ਵਿੱਚ ਚਲ ਰਹੀ ਕੀ ਉਥੇ ਵੀ ਪਾਇਰੇਸੀ ਨੂੰ ਰੋਕਣ ਲਈ ਕਦਮ ਚੁੱਕੇਗੀ ? ਇਹ ਪੰਜਾਬ ਸਰਕਾਰ ਦੀ ਲਈ ਅਹਿਮ ਸਵਾਲ ਹਨ। ਕਿਉਂਕਿ ਵੱਡੀਆਂ ਵੱਡੀਆਂ ਸਾਫਟਵੇਅਰ ਕੰਪਨੀਆਂ ਆਪਣੇ ਸਾਫਟਵੇਅਰ ਦੀ ਚੋਰੀ ਨਹੀਂ ਰੋਕ ਸਕਦੀਆਂ ਤਾਂ ਪੰਜਾਬ ਸਰਕਾਰ ਕੋਲ ਕਿਹੜਾ ਅਜਿਹਾ ਫਾਰਮੂਲਾ ਹੋਵੇਗਾ ਜਿਸ ਨਾਲ ਪਾਇਰੇਸੀ ਖਤਮ ਜਾਵੇਗੀ ।
ਪੰਜਾਬ ਪੁਲੀਸ ਵੱਲੋਂ ਕੰਪਨੀ ਮਾਲਕਾਂ ਦੁਆਰਾ ਸਿ਼ਕਾਇਤ ਕਰਨ ਤੇ ਰੋਜ਼ਾਨਾ ਵਾਗੂੰ ਹੀ ਨਕਲੀ ਸੀਡੀ ਦਾ ਕਾਰੋਬਾਰ ਕਰਨ ਵਾਲਿਆਂ ਖਿਲਾਫ ਪਰਚੇ ਦਰਜ ਕੀਤੇ ਜਾਂਦੇ ਹਨ ਪ੍ਰੰਤੂ ਜਿੰਨੇ ਵੀ ਵਿਅਕਤੀ ਨਕਲੀ ਕਾਰੋਬਾਰ ਕਰਦੇ ਫੜੇ ਗਏ ਹਨ ਉਨ੍ਹਾਂ ਦੀ ਪੁਲੀਸ ਨਾਲ ਸਾਂਝ ਹੋਰ ਮਜਬੂਤ ਹੋ ਜਾਂਦੀ ਹੈ ਨਤੀਜੇ ਵਜੋਂ ਪਾਇਰੇਸੀ ਦਿਨੋ ਦਿਨ ਦੇਸ਼ ਦੀ ਆਬਾਦੀ ਵਾਂਗ ਵੱਧ ਰਹੀ ਹੈ।
ਸ਼ਾਇਦ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਧਿਆਨ ਵਿੱਚ ਨਾ ਹੋਵੇ ਪ੍ਰੰਤੂ ਪੰਜਾਬੀ ਸੰਗੀਤ ਜਗਤ ਨਾਲ ਜੁੜੀਆਂ ਕੰਪਨੀਆਂ ਦੇ ਨੁੰਮਾਇੰਦਿਆਂ ਦੁਆਰਾ ਲਗਭਗ ਡੇਢ ਕੁ ਦਹਾਕਾ ਪਹਿਲਾਂ ਪੰਜਾਬ ਆਡਿਓ ਕੈਸੇਟ ਮੈਨੂਫੈਕਚਰਿੰਗ ਐਸੋਸੀਏਸ਼ਨ( ਪੈਕਮਾ) ਨਾਲ ਦੀ ਜਥੇਬੰਦੀ ਬਣੀ ਸੀ । ‘ਪੈਕਮਾ’ ਵੀ ਪਾਇਰੇਸੀ ਰੋਕਣ ਲਈ ਉਪਰਾਲੇ ਕਰਦੀ ਸੀ ਪ੍ਰੰਤੂ ਇਸ ਦੇ ਕੁਝ ਮੈਂਬਰ ਵੀ ਗੁਪਤ ਨਾਵਾਂ ਹੇਠ ਫਰਜ਼ੀ ਕੰਪਨੀਆਂ ਚਲਾ ਨਕਲੀ ਕੇ ਅਤੇ ਅਸ਼ਲੀਲ ਕੈਸਟਾਂ ਦਾ ਕਾਰੋਬਾਰ ਕਰਦੇ ਸਨ । ਜਦੋਂ ਇਹ ਗੱਲਾਂ ਸੰਗੀਤ ਸਬੰਧੀ ਛਪਦੇ ਰਿਸਾਲੇ ‘ਮਿਊਜਿ਼ਕ ਟਾਈਮਜ਼’ ਵਿਚ ਛਪਣ ਲੱਗੀਆਂ ਕਈ ਨਾਮੀਂ ਕੰਪਨੀਆਂ ਨੇ ਪੈਕਮਾ ਵੱਲੋਂ ਪੈਰ ਪਿੱਛੇ ਖਿੱਚ ਲਏ । ਉਸ ਸਮੇਂ ਡਾਰਟ ,ਡੈਟ , ਆਸ਼ਕੀ , ਨੈਲਕੋ ,ਵਰਗੇ ਅਣਗਣਿਤ ਫਰਜੀ ਨਾਵਾਂ ਦੀ ਹੇਠ ਕਾਰੋਬਾਰ ਚੱਲ ਰਿਹਾ ਸੀ। ਇਹ ਅਹਿਮ ਗੱਲ ਇਹ ਵੀ ਟੈਕਸ ਬਚਾਉਣ ਲਈ ਜਿਆਦਾ ਤਰ ਆਡਿਓ ਕੰਪਨੀਆਂ ਆਪਣੇ ਬਜਟ ਪੂਰੇ ਅੰਕੜੇ ਨਹੀਂ ਦਿੰਦੀਆਂ ਇਸ ਖੇਤਰ ਦੀਆਂ ਜਿ਼ਆਦਾਤਰ ਕੰਪਨੀਆਂ ਰਜਿਸਟਰਡ ਵੀ ਨਹੀਂ ਹਨ ।
ਪੰਜਾਬੀ ਆਡਿਓ ਸਨਅਤ ਨਾਲ ਨੇੜਿਓ ਜੁੜੇ ਗੀਤਕਾਰ ਅਤੇ ਸੰਗੀਤ ਬਾਰੇ ਛਪ ਰਹੇ ਮਾਸਿਕ ਪੱਤਰ ਮਿਉਜਿਕ ਟਾਈਮਜ਼ ਸੰਪਾਦਕ ਸ੍ਰੀ ਹਰਜਿੰਦਰ ਸਿੰਘ ਬੱਲ ਐਂਟੀ ਪਾਇਰੇਸੀ ਸੈੱਲ ਬਣਨ ਬਾਰੇ ਆਪਣਾ ਪ੍ਰਤੀਕਰਮ ਦਿੰਦੀ ਹੋਏ ਆਖਦੇ ਹਨ , ‘ਆਈ ਪੀ ਸੀ ਧਾਰਾ 302 ਅਧੀਨ ਕਤਲ ਕਰਨ ਵਾਲੇ ਵਿਅਕਤੀ ਨੂੰ ਫਾਸੀ ਹੋ ਸਕਦੀ ਹੈ ਪਰ ਕੀ ਕਤਲ ਹੋਣੇ ਬੰਦ ਹੋ ਗਏ , 376-377 ਧਾਰਾ ਹੈ ਬਲਾਤਕਾਰ ਦੀ , ਇਸ ਨਾਲ ਦੋਸ਼ੀ ਦੀ ਸਖਤ ਸਜ਼ਾ ਹੋ ਜਾਂਦੀ ਹੈ , ਫ਼ਾਂਸੀ ਜਾਂ ਉਮਰ ਹੋ ਜਾਂਦੀ, ਕੀ ਬਲਾਤਕਾਰ ਹੋਣੇ ਬੰਦ ਹੋਗੇ ?, ਕਾਨੂੰਨ ਬਣਦੇ ਰਹਿੰਦੇ ਪਰ ਇਨ੍ਹਾਂ ਨੂੰ ਲਾਗੂ ਕੀਹਨੇ ਕਰਨਾ , ਲਾਗੂ ਕਰਨ ਲਈ ਇਮਾਨਦਾਰੀ ਦੀ ਲੋੜ ਹੈ , ਇਹ ਸਾਰਾ ਚੋਣਾਂ ਦਾ ਸਟੰਟ ਹੋਰ ਕੁਝ ਨਹੀਂ ।’
ਐਮ ਪੀ 3 ਬਣਾਉਣ ਦਾ ਧੰਦਾ ਕਰਦੇ ਸੁਨੀਲ ਦਾ ਕਹਿਣਾ ਹੈ ਕਿ ਨਵੇਂ ਗਾਇਕ ਤਾਂ ਆਪਣੀਆਂ ਕੈਸੇਟਾਂ ਦੀ ਪਾਇਰੇਸੀ ਕਹਿ ਕੇ ਕਰਵਾਉਂਦੇ ਹਨ ਕਿਉਂਕਿ ਅੱਜਕੱਲ੍ਹ ਕੈਸੇਟ ਤਾਂ ਕੋਈ ਖਰੀਦਦਾ ਨਹੀਂ ਘੱਟੋ ਘੱਟ ਉਨ੍ਹਾਂ ਆਵਾਜ਼ ਤਾਂ ਦਰਸ਼ਕਾਂ/ ਸਰੋਤਿਆਂ ਤੱਕ ਪਹੁੰਚੇ ।
ਹਾਂਗਕਾਂਗ ਰਹਿੰਦੇ ਪੰਜਾਬੀ ਸੰਗੀਤ ਪ੍ਰੇਮੀ ਅਮਰਜੀਤ ਸਿੰਘ ਗਰੇਵਾਲ ਦੇ ਵਿਚਾਰ ਕੁਝ ਇਸ ਤਰ੍ਹਾਂ ਹਨ , “ਪਾਇਰੇਸੀ ਵੀ ਇੱਕ ਤਰਾਂ ਦਾਂ ਆਤੰਕ ਹੀ ਹੈ ਇਹ ਸਿਰਫ ਪੰਜਾਬ ਹੀ ਨਹੀ ਪੂਰੀ ਦੁਨੀਆਂ ਵਿਚ ਇਕ ਅਹਿਮ ਸਮੱਸਿਆ ਹੈ ਏਡਜ ਦੀ ਤਰ੍ਹਾਂ ਹੀ. ਇਸ ਨੂੰ ਕੋਈ ਇੱਕ ਖਿੱਤੇ ਦੀ ਸਰਕਾਰ ਕਿਵੇ ਰੋਕ ਸਕਦੀ ਹੈ. ਤੁਸੀ ਪੰਜਾਬ ਵਿਚ ਤਾਂ ਰੋਕ ਸਕਦੇ ਹੋ ਅਗਲਾ ਡੱਬਵਾਲੀ ਗਿਆ ਉਥੋਂ ਸੀ ਡੀ ਲੈ ਆਵੇਗਾ । ਇਸ ਗੰਭੀਰ ਸਮੱਸਿਆਂ ਨੂੰ ਸਿਰਫ ਸੈੱਲ ਬਣਾ ਕੇ ਕਾਬੂ ਨਹੀ ਕੀਤਾ ਜਾ ਸਕਦਾ । ਨਾਲੇ ਪੰਜਾਬ ਪੁਲੀਸ ਦੀ ਕਾਰਗੁਜਾਰੀ ਤਾਂ ਤੁਹਾਨੂੰ ਪਤਾ ਹੀ ਹੈ । ਇਸ ਲਈ ਫੋਰਸ ਤੋਂ ਕੀ ਆਸ ਕੀਤੀ ਜਾ ਸਕਦੀ ਹੈ । ਇਸ ਵਾਸਤੇ ਰਾਸ਼ਟਰੀ ਪੱਧਰ ਤੇ ਕੰਮ ਕੀਤਾ ਜਾਣ ਚਾਹੀਦਾ ਹੈ । ਇਸ ਤੋਂ ਇਲਾਵਾ ਇਸ ਵਿਚ ਆਮ ਜਨਤਾ ਨੂੰ ਅਸਿੱਧੇ ਢੰਗ ਨਾਲ ਸ਼ਾਮਿਲ ਕੀਤਾ ਜਾ ਸਕਦਾ ਹੈ । ਜਿਵੇਂ ਕਿ ਜੇਕਰ ਇਸ ਤਰ੍ਹਾਂ ਦੀ ਪਾਇਰੇਸੀ ਦੀ ਕੋਈ ਸੂਚਨਾ ਸਰਕਾਰ ਤੱਕ ਪਹੁੰਚਾਏ ਤਾਂ ਉਸ ਲਈ ਕੁੱਝ ਮਾਣ ਰਾਸੀ ਇਨਾਮ ਵਜੋਂ ਦਿੱਤੀ ਜਾਵੇ (ਸ਼ਾਇਦ ਕੁਝ ਕੁ ਗਾਇਕਾਂ ਦੀ ਰੋਟੀ ਇਸ ਤੇ ਹੀ ਚਲਦੀ ਹੋ ਜਾਵੇ ) ਛਾਪੇ ਮਾਰ ਟੀਮ ਵਿਚ ਇਮਾਨਦਾਰ ਅਧਿਕਾਰੀ ਭਰਤੀ ਕੀਤੇ ਜਾਣ ਇਹ ਅਤਿ ਜਰੂਰੀ ਹੈ । ਹੁਣ ਗੱਲ ਇੱਥੇ ਹਾਂਗਕਾਂਗ ਦੀ । ਇੱਥੇ ਵੀ ਇਹ ਅਹਿਮ ਸਮੱਸਿਆ ਹੈ ,(ਸਾਫਟ ਵੇਅਰ ਕੰਪਨੀਆਂ ਵੀ ਇਸਦਾ ਵੱਡਾ ਸਿ਼ਕਾਰ ਹਨ ) ਜਿਸ ਨੂੰ ਕਈ ਤਰੀਕੇ ਵਰਤਣ ਮਗਰੋਂ ਵੀ ਕਾਬੂ ਨਹੀਂ ਕੀਤਾ ਜਾ ਸਕਿਆ, ਪਰ ਅਧਿਕਾਰੀਆਂ ਵੱਲੋਂ ਮਾਰੇ ਜਾਂਦੇ ਵਾਰ -2 ਛਾਪੇ ਤੇ ਸਖਤ ਸਜਾਵਾਂ ਨੇ ਕਾਫੀ ਰਾਹਤ ਦਿੱਤੀ । ਗੱਲ ਫਿਰ ਇਮਾਨਦਾਰੀ ਦੀ ਹੈ । ਪੁਲੀਸ ਇਮਾਨਦਾਰ ਹੈ , ਦੋਸ਼ੀ ਨੂੰ ਸਜਾ ਜਰੂਰ ਮਿਲਦੀ ਹੈ, ਪਰ ਇਸ ਧੰਦੇ ਵਿੱਚ ਲੱਗੇ ਅਪਰਾਧੀ ਸਰਗਨੇ ਨਵੇ ਬਲੀ ਦੇ ਬੱਕਰੇ ਲੱਭ ਲੈਂਦੇ ਹਨ ਕੰਮ ਕਰਵਾਉਣ ਲਈ ਤੇ ਕੰਮ ਫਿਰ ਸੁਰੂ ਹੋ ਜਾਂਦਾ ਹੈ। ਹਾਲ ਦੀ ਘੜੀ ਇਸ ਸਮੱਸਿਆ ਦਾ ਹੱਲ ਕੋਈ ਦਿਸ ਨਹੀਂ ਰਿਹਾ ਖਾਸ ਕਰਕੇ ਭਾਰਤ ਵਿੱਚ ਤਾਂ ਨਹੀਂ , ਹਾਂ ਜੇਕਰ ਕੋਈ ਨਵੀ ਤਕਨੀਕ ਲੱਭ ਜਾਵੇ ਤਾਂ ਕਹਿ ਨਹੀਂ ਸਕਦੇ ।
‘ਇੱਕ ਮਾਂ ਬੋਹੜ ਦੀ ਛਾਂ ’ ਗੀਤ ਨਾਲ ਚਰਚਿਤ ਰਹੇ ਗਾਇਕ ਬਲਵੀਰ ਚੋਟੀਆਂ ਆਖਦੇ , ‘ਪੰਜਾਬ ਵਿਚ ਸੰਗੀਤ ਕਲਾ ਨੂੰ ਸਭ ਤੋਂ ਵੱਧ ਪਿਆਰ ਮਿਲ ਹੈ ਪਰ ਜਿਹੜੇ ਨਾਮਵਰ ਕਲਾਕਾਰ ਹਨ ਉਨ੍ਹਾਂ ਦੇ ਰੇਟ ਅਸਮਾਨ ਛੂੰਹਦੇ ਹਨ , ਗਰੀਬ ਆਦਮੀ ਕਿਸੇ ਨਾਮਵਰ ਗਾਇਕ ਦਾ ਪ੍ਰੋਗਰਾਮ ਨਹੀਂ ਕਰਵਾ ਸਕਦਾ , ਦੂਸਰਾ ਕੈਸੇਟ ਕੰਪਨੀਆਂ ਨੇ ਮਹਿੰਗਾਈ ਕਾਰਨ ਕੈਸੇਟ, ਸੀ ਡੀ ਦੇ ਰੇਟ ਵਧਾ ਦਿੱਤੇ ਹਨ , ਇਸ ਲਈ ਗਰੀਬ ਅਤੇ ਮੱਧ ਵਰਗੀ ਤਬਕਾ ਡੁਪਲੀਕੇਟ ਨੂੰ ਤਰਜੀਹ ਦਿੰਦਾ ਹੈ ਜੇਕਰ ਕੈਸੇਟ ਕੰਪਨੀਆਂ ਆਪਣੀਆਂ ਟੇਪਾਂ ਦੇ ਰੇਟ ਘੱਟ ਕਰਨ ਦਾ ਸ਼ਾਇਦ ਆਮ ਆਦਮੀ ਕੰਪਨੀ ਮਾਲ ਖਰੀਦੇ ਇਸ ਵਾਸਤੇ ਕੰਪਨੀਆਂ ਅਤੇ ਕਲਾਕਾਰਾਂ ਨੂੰ ਕੋਈ ਵਿਚਕਾਰਲਾ ਰਾਹ ਕੱਢਣਾ ਚਾਹੀਦਾ ਜਿਸ ਨਾਲ ਸੰਗੀਤ ਹਰ ਬੰਦੇ ਦੀ ਪਹੁੰਚ ਵਿੱਚ ਰਹੇ ।”
ਕੀ ਪੰਜਾਬ ਸਰਕਾਰ ਵੱਲੋਂ ਬਣਾਇਆ ਐਂਟੀ ਪਾਇਰੇਸੀ ਸੈੱਲ ਪੰਜਾਬ ਦੀ ਆਡਿਓ / ਵੀਡਿਓ ਸਨਅਤ ਲਈ ਫਾਇਦੇਮੰਦ ਹੋਵੇਗਾ ? ਜਾਂ ਕੀ ਇਹ ਪਾਇਰੇਸੀ ਰੋਕੀ ਜਾ ਸਕੇਗੀ ਜੇਕਰ ਹਾਂ ਤਾਂ ਮੰਨ ਲਵੋ ਬਾਜਾਰਾਂ ਵਿੱਚ ਜਾਅਲੀ ਐਮ ਪੀ 3 ਰੋਕੇ ਜਾ ਸਕਦੇ ਹਨ ? ਵਿਆਹ ਸਮਾਗਮਾਂ ਵਿੱਚ ਚਲਦੇ ਡੀ ਜੇ ਵਿੱਚ ਵੀ ਅਣਅਧਿਕਾਰਤ ਗੀਤ ਚਲਦੇ ਕੀ ਉਨ੍ਹਾਂ ਨੂੰ ਰੋਕਿਆ ਜਾ ਸਕੇਗਾ ? ਕੀ ਇੰਟਰਨੈੱਟ ਤੋਂ ਡਾਊਨਲੋਡ ਕਰਨ ਵੀ ਰੋਕ ਸਕੇਗੀ ਪੰਜਾਬ ਸਰਕਾਰ ਜਾਂ ਇਹ ਅਣਸੁਲਝੇ ਸਵਾਲ ਪਾਇਰੇਸੀ ਦੇ ਨਾਲ ਨਾਲ ਚੱਲਦੇ ਹੀ ਰਹਿਣਗੇ ।

“ਸੱਭਿਆਚਾਰ ਦੇ ਸੇਵਾਦਾਰ? ਅਖਵਾਉਂਦਿਆਂ ਦੇ ਨਾਮ……”

ਜਗਦੀਪ ਸਿੰਘ ਫਰੀਦਕੋਟ
ਆਪਣੇ ਆਪ ਨੂੰ ਪੰਜਾਬੀ ਬੋਲੀ, ਵਿਰਸੇ ਤੇ ਸੱਭਿਆਚਾਰ ਦੇ ਵਾਰਸ ਅਖਵਾਉਣ ਵਾਲੇ ਗਾਇਕ ਭਰਾਵੋ, ਤੁਹਾਡੇ ਵੱਲੋਂ ਪਿਛਲੇ 10-12 ਸਾਲਾਂ ਤੋਂ ਗਾਏ ਜਾ ਰਹੇ ਘਟੀਆ ਕਿਸਮ ਦੇ ਅਧਨੰਗੇ (ਜਾਂ ਪੂਰੇ ਨੰਗੇ ਕਹਿ ਲਓ, ਕਿਉਂਕਿ ਤੁਹਾਡੇ ਵੀਡੀਓ ਵਿਚਲੀਆਂ ਅਧਨੰਗੀਆਂ ਕੁੜੀਆਂ ਬਾਕੀ ਅੱਧ ਪੂਰਾ ਕਰ ਦਿੰਦੀਆਂ ਹਨ) ਗਾਣਿਆਂ ਤੋਂ ਅੱਕ ਕੇ ਅੱਜ ਤੁਹਾਨੂੰ ਅੱਖਾਂ ਭਰ ਕੇ ਇਕ ਪੱਤਰ ਲਿਖਣ ਲੱਗਿਆ ਹਾਂ। ਤੁਸੀਂ ਜਿਆਦਾਤਰ ਪੰਜਾਬ ਦੇ ਹੀ ਵਾਸੀ ਹੋ, ਇਸ ਲਈ ਪਹਿਲਾਂ ਮੈਂ ਪੱਤਰ ਦੀ ਸ਼ੁਰੂਆਤ ਫਤਹਿ ਤੋਂ ਕਰਨ ਲੱਗਾ ਸਾਂ, ਪਰ ਤੁਹਾਡੇ ਦੁਆਰਾ ਪਾਏ ਜਾ ਰਹੇ ਗੰਦ ਨੂੰ ਵੇਖ ਕੇ ਮੈਨੂੰ ਲੱਗਦਾ ਹੈ ਕਿ ਤੁਹਾਡੇ ਨਾਲ ਜੇ ਫਤਹਿ ਸਾਂਝੀ ਕੀਤੀ ਵੀ ਗਈ ਤਾਂ ਤੁਹਾਡਾ ਜਵਾਬ ਤਾਂ ਇਹੀ ਹੋਵੇਗਾ ਨਾ,
‘ਕੰਜਰ ਕਿੱਤੇ ਦੀ ਜੈ’
ਤੁਸੀ ਨਿੱਤ ਦਿਹਾੜੀ ਵੱਖ-ਵੱਖ ਟੀ.ਵੀ. ਚੈਨਲਾਂ ’ਤੇ ਇੰਟਰਵਿਊ ਦਿੰਦੇ ਹੋ ਤੇ ਇਕ ਗੱਲ ਸਭ ਤੋਂ ਵੱਧ ਜੋਰ ਨਾਲ ਕਹਿੰਦੇ ਹੋ, “ਅਸੀਂ ਪੰਜਾਬੀ ਵਿਰਸੇ ਤੇ ਮਾਂ ਬੋਲੀ ਦੀ ਸੇਵਾ ਕਰ ਰਹੇ ਹਾਂ। ਅਸੀਂ ਏਹੋ ਜਹੇ ਗੀਤ ਗਾਉਂਦੇ ਹਾਂ ਜੋ ਧੀਆਂ-ਭੈਣਾਂ ਤੇ ਪੂਰੇ ਪਰਿਵਾਰ ਵਿਚ ਬੈਠ ਕੇ ਸੁਣੇ ਜਾ ਸਕਦੇ ਹਨ……” ਤੇ ਉਸੇ ਵੇਲੇ ਟੀ.ਵੀ. ਵਾਲੇ ਤੁਹਾਡੇ ਗਾਣੇ ਚਲਾ ਦਿੰਦੇ ਹਨ,
‘ਰਾਤੀਂ ਕਿਉਂ ਨਾ ਆਈ ਨੀ ਕਰਾਰ ਕਰਕੇ…… ਆਉਣ ਤਾਂ ਲੱਗੀ ਸੀ ਵੱਡੀ ਭਾਬੀ ਉੱਠ ਗਈ……’
‘ਹਾਏ ਸੋਹਣੀਏ ਨੀ ਦੁਖ ਟੁੱਟ ਜਾਣਗੇ ਮੈਨੂੰ ਘੁੱਟ ਕੇ …………
ਤੇ ਜਾਂ ਐਸੇ ਕਈ ਹੋਰ ਸੈਕੜੇ ਗੀਤ……।
ਹੁਣ ਤੁਸੀਂ ਆਪਣੇ ਜ਼ਮੀਰ (ਜੇ ਥੋੜੀ ਬਹੁਤ ਜਿਉਂਦੀ ਹੈ ਤਾਂ) ਨੂੰ ਪੁੱਛ ਕੇ ਦੱਸੋ ਕਿ ਕੀ ਇਹ ਗੀਤ ਧੀਆਂ-ਭੈਣਾਂ ਵਿਚ ਬੈਠ ਕੇ ਸੁਣੇ ਜਾ ਸਕਦੇ ਹਨ…… ਤੇ ਸੱਚ ਜਾਣਿਓ ਜਿਹੜੀ ਮਾਂ ਬੋਲੀ ਦੀ ਸੇਵਾ ਦੀਆਂ ਤੁਸੀਂ ਗੱਲਾਂ ਕਰਦੇ ਓ ਨਾ, ਉਹ ਤਾਂ ਤੁਹਾਡੇ ਇਹ ਗੀਤ ਸੁਣਕੇ ਲੁਕਣ ਨੂੰ ਥਾਂ ਲੱਭਦੀ ਕੰਧਾਂ-ਕੌਲ਼ਿਆਂ ਨਾਲ ਵੱਜਦੀ ਫਿਰਦੀ ਹੁੰਦੀ ਹੈ…… ਉਸ ਨੂੰ ਆਪਣੀ ਇੱਜ਼ਤ ਲੱਟੀਦੀ ਪ੍ਰਤੀਤ ਹੋ ਰਹੀ ਹੁੰਦੀ ਹੈ।
ਵੀਰੋ, ਕੀ ਥੋਨੂੰ ਸਚੁਮੱਚ ਲੱਗਦਾ ਹੈ ਕਿ ਜੋ ਤੁਸੀਂ ਗਾਉਂਦੇ ਜਾਂ ਵਿਖਾਉਂਦੇ ਹੋ, ਇਹੀ ਅਸਲੀ ‘ਸੱਭਿਆਚਾਰ’ ਹੈ?
ਕੀ ਜਿਸ ਤਰ੍ਹਾਂ ਦੀ ਘਟੀਆ ਤੇ ਅਸ਼ਲੀਲ ਸ਼ਬਦਾਵਲੀ ਤੁਸੀਂ ਆਪਣੇ ਗੀਤਾਂ ਵਿਚ ਵਰਤਦੇ ਹੋ, ਉਸ ਨਾਲ ਪੰਜਾਬੀ ਮਾਂ-ਬੋਲੀ ਦਾ ਸਿਰ ਉੱਚਾ ਹੋ ਰਿਹਾ ਹੈ?
‘ਨਿੰਮ ਥੱਲੇ ਬੈਠ ਜਾ ਵਿਛਾ ਕੇ ਚਾਦਰਾ ਵੇ ਜੱਟਾ ਆਉਣੀ ਆਂ’
‘ਜਦ ਮਰਜ਼ੀ ਆਜੀ ਖ਼ੇਤ ਯਾਰ ਤਾਂ ਮੋਟਰ ’ਤੇ ਹੁੰਦੇ’
‘ਠੰਡ ਵਿਚ ਬੈਠੇ ਅੱਧੀ ਰਾਤ ਲੰਘ ਗਈ…… ਸੌਂ ਗਏ ਜਦੋਂ ਸਾਰੇ ਤਾਂ ਜ਼ਰੂਰ ਆਉਂਗੀ’
ਕੀ ਤੁਹਾਡੇ ਕੋਲ ਗਾਉਂਣ ਲਈ ਇਕੋ ਰਿਸ਼ਤਾ ਰਹਿ ਗਿਆ ਹੈ?
ਕੀ ਤੁਸੀਂ ਇਹ ਸੌਂਹ ਖਾਧੀ ਹੋਈ ਹੈ ਕਿ ਪੰਜਾਬ ਦੀ ਕਿਸੇ ਕੁਆਰੀ ਕੁੜੀ ਨੂੰ ਸ਼ਾਂਤੀ ਨਾਲ ਘਰੇ ਵਸਣ ਨਹੀਂ ਦੇਣਾ ਤੇ ਮਾਪਿਆਂ ਦੀ ਮਰਜ਼ੀ ਨਾਲ ਵਿਆਹ ਨਹੀਂ ਕਰਵਾਉਣ ਦੇਣਾ, ਬਸ ਘਰ੍ਹੋਂ ਕੱਢ ਕੇ ਹੀ ਲਿਜਾਣੀ ਹੈ?
‘ਜੇ ਨਾ ਘਰਦਿਆਂ ਨੇ ਤੋਰੀ ਯਾਰ ਤੈਨੂੰ ਕੱਢ ਕੇ ਲੈਜੂਗਾ……’
‘ਤੇਰੇ ਵੀਰਾਂ ਕੋਲ ਖੁਢੀਆਂ ਗੰਡਾਸੀਆਂ ਨੀ ਜੱਟ ਕੋਲ ਬਾਰਾਂ ਬੋਰ ਦੀ……’
‘ਪੇਪਰ ਜਾਂ ਚੜੂ ਸਾਡਾ ਪਿਆਰ ਮੁੰਡਿਆ ਵੇ ਸਿਰੇ ਦੋਨਾਂ ਵਿਚੋਂ ਇਕ……’
‘ਮੈਨੂੰ ਮਾਪਿਆਂ ਦੀ ਕੈਦ ’ਚੋਂ ਛੁਡਾ ਲੈ ਸੋਹਣਿਆਂ……’
ਕੀ ਤੁਸੀਂ ਕਦੇ ਪੰਜਾਬ ਦੇ ਨੌਜੁਆਨਾਂ ਨੂੰ ਨਸ਼ਿਆਂ ਤੋਂ ਮੋੜਣ ਦਾ ਕੋਈ
ਉਪਰਾਲਾ ਕੀਤਾ ਹੈ, ਇਕ-ਦੋ ਨੂੰ ਛੱਡ ਕੇ ਤੁਸੀਂ ਸਾਰਿਆਂ ਨੇ ਮੁਡਿਆਂ ਨੂੰ ਨਸ਼ਿਆਂ ਦੇ ਆਦੀ ਬਣਾਉਣ ਲਈ ਪੂਰੀ ਵਾਹ ਲਾਈ ਹੋਈ ਹੈ?
‘ਦੋ ਚੀਜ਼ਾਂ ਜੱਟ ਮੰਗਦਾ ਦਾਰੂ ਘਰ ਦੀ ਬੰਦੂਕ ਬਾਰਾਂ ਬੋਰ ਦੀ…’
‘ਜਦ ਪੀ ਲੈਂਦੇ ਸੂਟਾ…… ਪੁੱਤ ਜੱਟਾਂ ਦੇ ਨੇ ਗੱਭਰੂ’
‘ਜਿੱਥੇ ਆਵੇ ਠੇਕਾ ਗੱਡੀ ਰੋਕ ਲਵੀਂ……’
ਕੀ ਤੁਹਾਡੇ ਲਈ ਇੱਜ਼ਤ, ਅਣਖ, ਗ਼ੈਰਤ, ਮਾਂ ਦੀ ਚੁੰਨੀਂ, ਬਾਪੂ ਦੀ ਪੱਗ, ਇਹ ਸਾਰੇ ਸ਼ਬਦ ਮਰ ਚੁੱਕੇ ਹਨ?
ਤੇ ਕੀ ਤੁਹਾਡੇ ਘਰ ਵਿਚ ਆਪਣੀ ਕੋਈ ਧੀ ਭੈਣ ਨਹੀਂ?
ਤੇ ਜੇ ਹੈ ਤਾਂ ਕੀ ਤੁਸੀਂ ਉਹਨਾਂ ਨੂੰ ਵੀ ਉਹੀ ਨਸੀਹਤ ਦਿੰਦੇ ਹੋ ਜੋ ਪੰਜਾਬ ਦੀਆਂ ਦੂਜੀਆਂ ਕੁੜੀਆਂ ਨੂੰ ਦਿੰਦੇ ਹੋ?
ਅਸਲ ਵਿਚ ਤੁਸੀਂ ਭਟਕ ਚੁੱਕੇ ਹੋ ਵੀਰੋ। ਰਾਤੋ-ਰਾਤ ਸਟਾਰ ਬਨਣ ਦੀ ਲਾਲਸਾ ਵਿਚ ਤੁਸੀਂ ਆਪਣੀ ਮਾਂ, ਜਿਹੜੀ ਵਿਚਾਰੀ ਕਦੇ ਅਮੀਰ ਵਿਰਸੇ ਦੀ ਮਾਲਕ ਹੁੰਦੀ ਸੀ, ਦੇ ਕੱਪੜੇ ਵੀ ਪਾੜ ਦਿੱਤੇ ਹਨ ਤੇ ਉਸ ਨੂੰ ਗ਼ੈਰਾਂ ਸਾਹਵੇਂ ਨੰਗੀ ਕਰ ਦਿੱਤਾ ਹੈ। ਕੀ ਤੁਹਾਨੂੰ ਸੁਪਨੇ ਵਿਚ ਕਦੇ ਵੀ ਮਾਂ ਰੋਂਦੀ ਵਿਲਕਦੀ ਨਹੀਂ ਦਿਸੀ? ਮੈਨੂੰ ਦਿਸੀ ਹੈ… ਤੇ ਸ਼ਾਇਦ ਹਰੇਕ ਜਾਗਦੀ ਜ਼ਮੀਰ ਵਾਲੇ ਇਨਸਾਨ ਨੂੰ ਦਿਸੀ ਹੋਵੇਗੀ…… ਲੀੜੇ ਤਾਂ ਉਸ ਦੇ ਲੀਰੋ-ਲੀਰ ਹੋਏ ਹੀ ਸਨ, ਥਾਂ-ਥਾਂ ਤੋਂ ਉਸ ਦਾ ਪਿੰਡਾ ਵੀ ਲਹੂ ਲੁਹਾਣ ਹੋਇਆ ਪਿਆ ਸੀ… ਸਿਰ ਦੇ ਕੇਸ ਇੰਝ ਸਨ ਜਿਵੇਂ ਕਈ ਸਾਲਾਂ ਤੋਂ ਵਾਹੇ ਨਾ ਹੋਣ, ਪਿੰਡਾ ਜਿਵੇਂ ਕਿਸੇ ਨੇ ਘਰੂੰਡਾਂ ਨਾਲ ਛਿੱਲਿਆ ਹੋਵੇ। ਬਾਵਰਿਆਂ ਵਾਂਗ ਤੁਰੀ ਜਾਂਦੀ ਸੀ ਤੇ ਦੂਰੋਂ ਕਿਤੋਂ ਆਵਾਜ਼ ਆ ਰਹੀ ਸੀ,
“ਪੰਜਾਬੀਏ ਜ਼ਬਾਨੇ ਨੀ ਰਕਾਨੇ ਮੇਰੇ ਦੇਸ਼ ਦੀਏ, ਫਿੱਕੀ ਪੈ ਗਈ ਚਿਹਰੇ ਦੀ ਨੁਹਾਰ ਨੀਂ,
ਮੀਢੀਆਂ ਖਿਲਾਰੀ ਫਿਰੇਂ, ਨੀਂ ਬੁੱਲੇ ਦੀਏ ਕਾਫ਼ੀਏ, ਕੀਹਨੇ ਤੇਰਾ ਲਾਹ ਲਿਆ ਸ਼ਿਗਾਰ ਨੀਂ,
ਪੰਜਾਬੀਏ ਜ਼ਬਾਨੇ……”

ਇਕ ਵਾਰੀ ਸਾਡੇ ਇਕ ਬੜੇ ਸਤਿਕਾਰਤ ਮਹਾਂਪੁਰਖ਼ ਨੇ ਕਿਹਾ ਸੀ, “ਮੈਂ ਸਰੀਰ ਦੇ ਮਰਨ ਨੂੰ ਮੌਤ ਨਈਂ ਗਿਣਦਾ, ਜ਼ਮੀਰ ਦੇ ਮਰਨ ਨੂੰ ਮੌਤ ਗਿਣਦਾਂ……”। ਸਾਡੇ ਲੋਕਾਂ ਨੇ ਤਾਂ ਉਸ ਦੀ ਇਹ ਗੱਲ ਸ਼ਾਇਦ ‘ਲੈਕਚਰ’ ਦੇ ਇਕ ਪਾਰਟ ਵਜੋਂ ਸੁਣੀ ਤੇ ਵਿਸਾਰ ਦਿੱਤੀ…… ਪਰ ਹਾਕਮਾਂ ਨੇ ਇਹ ਗੱਲ ਤੁਰੰਤ ਆਪਣੀਆਂ ਡਾਇਰੀਆਂ ’ਤੇ ਨੋਟ ਕਰ ਲਈ।
ਤੇ ਫੇਰ ਜਦੋਂ ਹਾਕਮ ਪੰਜਾਬ ਦੇ ਜਾਇਆਂ ਨੂੰ ਕੋਹ-ਕੋਹ ਕੇ ਥੱਕ ਗਏ, ਜਦੋਂ ਪੰਜਾਬ ਦੀਆਂ ਨਹਿਰਾਂ ਦਰਿਆਵਾਂ ਦਾ ਸਾਰਾ ਪਾਣੀ ਸਿਖ ਨੌਜੁਆਨੀਂ ਦੇ ਖ਼ੂਨ ਨਾਲ ਲਾਲ ਹੋ ਗਿਆ, ਜਦੋਂ ਦਰਿਆਵਾਂ ਦੀਆਂ ਮੱਛੀਆਂ ਨੇ ਵੀ ਹੋਰ ਮਨੁੱਖੀ ਮਾਸ ਖਾਣ ਤੋਂ ਜਵਾਬ ਦੇ ਦਿੱਤਾ, ਜਦੋਂ ਜ਼ਾਲਮਾਂ ਦੇ ਜ਼ੁਲਮਾਂ ਦੀ ਇੰਤਹਾ ਹੋ ਗਈ ਪਰ ਲਹਿਰ ਠੰਡੀ ਨਾ ਪਈ, ਤਾਂ ਉਹਨਾਂ ਨੇ ਦੂਜਾ ਹਥਿਆਰ ਵਰਤਿਆ। ਹਾਕਮਾਂ ਨੂੰ ਸਮਝ ਪੈ ਗਈ ਕਿ ਸਰੀਰਾਂ ਦੇ ਮਾਰਿਆਂ ਇਹ ਲਹਿਰ ਖਤਮ ਨਹੀਂ ਹੋਣੀ। ਸੋ ਬੰਦੂਕਾਂ ਵਾਲੀਆਂ ਫੌਜਾਂ ਵਾਪਸ ਬੁਲਾ ਕੇ ਹੋਰ ਸੈਨਾਂ ਭੇਜੀ ਗਈ, ਜਿਹੜੀ ਸੈਨਾਂ ਦੇ ਹੱਥ ਵਿਚ ਢੋਲਕੀਆਂ ਛੈਣੇ ਸਨ। ਇਹ ਫੌਜ ਸੀ ਪੰਜਾਬ ਦੀ ਜਵਾਨੀ ਦੇ ਜ਼ਮੀਰ ਮਾਰਨ ਲਈ, ਕਿਉਂਕਿ ਅਸਲੀ ਮੌਤ ਤਾਂ ਜ਼ਮੀਰ ਦੇ ਮਰਿਆਂ ਹੁੰਦੀ ਹੈ ਨਾ। ਤੇ ਫੇਰ ਇਸ ਫੌਜ ਨੇ ਗੋਲੀਆਂ ਨਾਲ ਵਿੰਨ੍ਹੀ ਪੰਜਾਬ ਦੀ ਧਰਤੀ ਉੱਤੇ ‘ਅਸੱਭਿਆਚਾਰਕ ਮੇਲੇ’ ਲਾਉਣੇ ਸ਼ੁਰੂ ਕੀਤੇ। ਤੇ ਓਦੋਂ ਸ਼ੁਰੂ ਹੋਏ ਏਸ ਕੰਜਰ ਖਾਨੇ ਨੇ ਹੀ ਅੱਜ ਏਨਾ ਖ਼ਤਰਨਾਕ ਰੂਪ ਧਾਰਨ ਕਰ ਲਿਆ ਹੈ। ਕੀ ਤੁਹਾਨੂੰ ਨਹੀਂ ਲੱਗਦਾ, ਕਿ ਪੰਜਾਬ ਦੀ ਜਵਾਨੀ ਦਾ ਅੰਨ੍ਹਾਂ ਘਾਣ ਹੋਇਆ ਪਰ ਤੁਹਾਡੇ ਵਿਚੋਂ (ਇੱਕ ਦੋ ਨੂੰ ਛੱਡ ਕੇ) ਕਿਸੇ ਨੇ ਹਾਅ ਦਾ ਨਾਹਰਾ ਵੀ ਨਹੀਂ ਮਾਰਿਆ। ਦੇਬੀ ਨੇ ਹੁਣੇ ਕਿਹਾ ਹੈ,
‘ਡਾਢਿਆਂ ਧਰਮ ਸਥਾਨ ਗਿਰਾਏ, ਜੀਵਨ ਜੋਗੇ ਮਾਰ ਮੁਕਾਏ,
ਮੈਂ ਬੁਜ਼ਦਿਲ ਉਹਨਾਂ ਆਪਣਿਆਂ ਲਈ, ਹਾਅ ਦਾ ਨਾਹਰਾ ਲਾ ਨਈ ਸਕਿਆ,
ਉਹਨਾਂ ਤੋਂ ਮੁਆਫੀ ਚਾਹੁਣਾ, ਮੈਂ ਜਿਨਾਂ ਦਾ ਗੀਤ ਬਣਾ ਨਈ ਸਕਿਆ……’
ਇਹ ਸ਼ਬਦ ਉਸ ਨੇ ਇਕੱਲੇ ਆਪਣੇ ਲਈ ਨਹੀਂ ਵਰਤੇ, ਸਾਰੇ ਗਾਇਕ ਤੇ ਗੀਤਕਾਰ ਪਰਿਵਾਰ ਲਈ ਕਹੇ ਹਨ।
ਜਿੰਨੀ ਦਿਨੀਂ ਪੰਜਾਬ ਵਿਚ ਹਰ ਰੋਜ਼ ਸੈਕੜੇ ਨੌਜੁਆਨ ਲਾਵਾਰਸ ਕਹਿ ਕੇ ਫੂਕੇ ਜਾ ਰਹੇ ਸਨ ਤਾਂ ਉਦੋਂ ਪੰਜਾਬ ਦਾ ਇਕ ਨਾਮਵਰ ਗਾਇਕ ਕਨੇਡਾ ਵਿਚ ਪ੍ਰੋਗਰਾਮ ਕਰ ਰਿਹਾ ਸੀ ਤੇ ਗੀਤ ਰਾਹੀਂ ਮਸਤੀ ਮਨਾਉਣ ਦੀਆਂ ਗੱਲਾਂ ਕਰ ਰਿਹਾ ਸੀ ਤੇ ਓਦੋਂ ਉੱਥੋਂ ਲੰਘ ਰਹੇ ਇੱਕ ਬਜ਼ੁਰਗ ਦੇ ਮੂੰਹੋਂ ਸਹਿਸੁਭਾਅ ਹੀ ਨਿਕਲ ਗਿਆ, “ਮਸਤੀ ਕਾਹਦੀ ਮਨਾਈਏ…… ਹਰ ਰੋਜ਼ ਅੱਤਵਾਦੀ ਕਹਿ ਕੇ ਮਾਰੇ ਜਾ ਰਹੇ ਪੰਜਾਬ ਦੇ ਨਿਰਦੋਸ਼ੇ ਪੁੱਤਰਾਂ ਦੀ…… ਕੀ ਇਹਨਾਂ ਗਾਇਕਾਂ ਨੂੰ ਨਹੀਂ ਦਿਸਦੀਆਂ, ਪੁੱਤਾਂ ਨੂੰ ਉਡੀਕਦੀਆਂ ਮਾਵਾਂ, ਭਰਾਵਾਂ ਨੂੰ ਉਡੀਕਦੀਆਂ ਭੈਣਾਂ, ਕੰਤਾਂ ਨੂੰ ਉਡੀਕਦੀਆਂ ਨਾਰਾਂ…… ਜਿਹੜੇ ਗੀਤ ਸਿਵਿਆਂ ਵਿਚ ਦੀ ਹੋ ਕੇ ਆਉਂਦੇ ਹੋਣ ਉਹ ਕੰਨਾਂ ਨੂੰ ਨਹੀਂ ਸੋਹਾਂਦੇ, ਉਹ ਤਾਂ ਕਾਲਜਾ ਵਿੰਨ ਜਾਂਦੇ ਨੇ……”।
ਅਸਲ ਵਿਚ ਸਰਕਾਰਾਂ ਜੋ ਚਾਹੁਦੀਆਂ ਹਨ, ਉਹੀ ਤੁਸੀਂ ਗਾ ਸਕਦੇ ਹੋ। ਜੇ ਉਹਨਾਂ ਤੋਂ ਬਾਹਰੇ ਹੋ ਕੇ ਜਾਂ ਲੋਕਾਂ ਦੀ ਪੀੜ ਗਾਉਗੇ ਤਾਂ ਉਹ ਤੁਹਾਨੂੰ ਵੀ ਨਹੀਂ ਬਖ਼ਸ਼ਨਗੇ। ਜੇ ਨਹੀਂ ਯਕੀਨ ਤਾਂ ਪੁੱਛ ਕੇ ਵੇਖੋ ਓਸ ਗਾਇਕ ਨੂੰ ਜਿਸ ਨੇ ਜਦੋਂ ਗਾਇਆ,
‘ਇਹ ਕੀ ਤੂੰ ਪੁੱਤਰਾ ਕਰਿਆ ਨਾ ਤੂੰ ਸਮੇਂ ਭੈੜੇ ਤੋਂ ਡਰਿਆ,
ਪਾ ਕੇ ਉੱਤੋਂ ਦੀ ਕਿਰਪਾਨ ਸਿਰ ’ਤੇ ਬੰਨ੍ਹ ਲਈ ਪੱਗ ਸੁਨਿਹਰੀ,
ਬਚ ਬੁਰੇ ਹਾਲਾਤਾਂ ਤੋਂ ਪੱਤਾ ਪੱਤਾ ਸਿੰਘਾਂ ਦਾ ਵੈਰੀ……’
ਤਾਂ ਉਸ ਨਾਲ ਕੀ ਵਾਪਰੀ ਸੀ। ਉਸ ਦੇ ਆਪਣੇ ਸ਼ਬਦਾਂ ਵਿਚ ਉਸ ਨੂੰ ਓਦੋਂ ਪਤਾ ਲੱਗਾ ਸੀ ਕਿ ‘ਇੰਟੈਰੋਗੇਸ਼ਨ’ ਕੀ ਹੁੰਦੀ ਹੈ। ਉਹ ਤਾਂ ‘ਅਗਲਿਆਂ’ ਨੇ ਉਦੋਂ ਮੁਆਫ ਕੀਤਾ ਜਦੋਂ ਉਹੀ ਗਾਇਕ ਗਾਉਣ ਲੱਗ ਪਿਆ,
‘ਔਹ ਵੇਖੋ ਸੜਕਾਂ ’ਤੇ ਅੱਗ ਤੁਰੀ ਜਾਂਦੀ ਏ……’
ਤੇ ਜਦੋਂ ਬਾਈ ਦਿਲਸ਼ਾਦ ਅਖ਼ਤਰ ਨੇ ਗਾਇਆ,
‘ਝੂਠਿਆਂ ਕੇਸਾਂ ਦੇ ਵਿਚ ਕਰ ਲੈ ਤੂੰ ਕੈਦ ਭਾਵੇਂ,
ਮਰਜ਼ੀ ਦੇ ਘੜ੍ਹ ਕੇ ਕਾਨੂੰਨ ਨੀ,
ਡੱਕ ਨਹੀਓ ਹੋਣੀ ਇਹ ਜਵਾਨੀ ਨੀ ਜੰਜ਼ੀਰਾਂ ਵਿਚ, ਡੋਲ੍ਹ ਨਾ ਬੇਦੋਸ਼ਿਆਂ ਦਾ ਖ਼ੂਨ ਨੀ,
ਸਿੰਘਾਂ ਨੂੰ ਤਾਂ ਚਾਅ ਸਦਾ ਰਹਿੰਦਾ ਕੁਰਬਾਨੀਆਂ ਦਾ, ਲੈਂਦੇ ਨੇ ਸ਼ਹੀਦੀ ਜਾਮ ਪੀ,
ਵੱਢਲੈ ਟੁੱਕਲੈ ਮਾਰਲੈ ਹਕੂਮਤੇ ਨੀ ਜਿੰਨਾ ਤੇਰਾ ਕਰਦਾ ਏ ਜੀ,
ਹੱਕਾਂ ਲਈ ਸ਼ਹੀਦ ਹੋਣਾ ਮੁੱਢ ਤੋਂ ਅਸੂਲ ਸਾਡਾ ਅਸਾਂ ਤੈਥੋਂ ਝੁਕਣਾ ਏ ਕੀ……’
ਤਾਂ ਉਸ ਨਾਲ ਕੀ ਬੀਤੀ।
ਦੂਰ ਨਾ ਜਾਓ ਤੁਸੀਂ ਤਾਜ਼ਾ ਮਿਸਾਲਾਂ ਹੀ ਲੈ ਲਓ। ਤੁਹਾਡੇ ਵਿਚੋਂ ਕੁਝ ਸੁਹਿਰਦ ਗਾਇਕਾਂ ਨੇ ਜਦੋ ਕੁਝ ਚੰਗੇ ਗੀਤ ਗਾਏ ਤਾਂ ਹਕੂਮਤ ਨੇ ਉਹਨਾਂ ਦੇ ਜਾਂ ਤਾਂ ਵੀਡੀਓ ਹੀ ਨਹੀਂ ਬਨਣ ਦਿੱਤੇ ਤੇ ਜਾਂ ਉਹਨਾਂ ਗਾਣਿਆਂ ’ਤੇ ਹੀ ਪਾਬੰਦੀ ਲਾ ਦਿੱਤੀ। ਭਾਵੇਂ ਰਾਜ ਬਰਾੜ ਦਾ ‘ਉੱਜੜ ਉੱਜੜ ਕੇ ਵਸਣਾ ਲਿਖਿਆ ਲੇਖਾਂ ਵਿਚ ਪੰਜਾਬ ਦੇ’ ਹੋਵੇ ਜਾਂ ਬੱਬੂ ਮਾਨ ਦਾ ‘ਆਸ਼ਿਕਾਂ ਦੀ ਲਾਈਨ’ ਹੋਵੇ। ਸੁਣਿਆਂ ਤਾਂ ਏਥੋਂ ਤੱਕ ਹੈ ਕਿ ਬੱਬੂ ਮਾਨ ਦਾ ਇਹ ਗੀਤ ਤਾਂ ‘ਅਗਲਿਆਂ’ ਨੂੰ ਏਨਾਂ ਰੜਕਿਆਂ ਹੈ ਕਿ ਡੀ.ਜੇ. ਵਾਲਿਆਂ ਨੂੰ ਪੁਲਸ ਨੇ ਕਿਸੇ ਵੀ ਪ੍ਰੋਗਰਾਮ ’ਤੇ ਇਹ ਗੀਤ ਪਲੇ ਕਰਨ ਤੋਂ ਮਨ੍ਹਾਂ ਕਰ ਦਿੱਤਾ ਹੈ। ਹੁਣ ਤੁਸੀਂ ਆਪ ਹੀ ਵੇਖ ਲਓ ਕਿ ਅਗਲੇ ਤੁਹਾਡੇ ਤੋਂ ਕੀ ਚਾਹੁੰਦੇ ਹਨ, ਪਰ ਤੁਹਾਡੀਆਂ ਰਗ਼ਾਂ ਵਿਚ ਜੇ ਪੰਜਾਬ ਦਾ ਲਹੂ ਹੈ ਤਾਂ ਤੁਹਾਡਾ ਫਰਜ਼ ਬਣਦਾ ਹੈ ਕਿ ਲੋਕਾਂ ਅੱਗੇ ਸੱਚ ਲਿਆਓਂ ਤੇ ਆਹ ਲੱਚਰਪੁਣੇ ਤੋਂ ਪੰਜਾਬ ਨੂੰ ਬਚਾਓਂ……
ਤੁਸੀਂ ਆਪ ਹੀ ਦੱਸੋ ਕਿ ਤੁਹਾਡੇ ਅੱਜ ਕੱਲ ਦੇ ਗੀਤ ਕੀ ਉਸੇ ਬੋਲੀ ਦਾ ਹਿੱਸਾ ਬਨਣ ਦੇ ਯੋਗ ਹਨ ਜਿਸ ਵਿੱਚ ਬਾਬਾ ਗੁਰੂ ਨਾਨਕ ਜੀ, ਬਾਬਾ ਫ਼ਰੀਦ ਜੀ, ਬਾਬਾ ਮਰਦਾਨਾ ਜੀ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਰਚਨਾ ਕੀਤੀ। ਕੀ ਤੁਹਾਡੇ ਬੋਲ ਉਸ ਅਮੀਰ ਵਿਰਾਸਤ ਦੀ ਮਾਲਕ ਬੋਲੀ ਦਾ ਸਿਰ ਨੀਵਾਂ ਨਹੀਂ ਕਰ ਰਹੇ ਜਾਂ ਕਹਿ ਲਓ ਸਿਰ ਵੱਢ ਹੀ ਰਹੇ ਹਨ। ਫਾਲਤੂ ਜਹੀ ਸ਼ੌਹਰਤ ਤੇ ਚਾਰ ਪੈਸਿਆਂ ਲਈ ਅਸੀਂ ਆਪਣੀ ਮਾਂ ਨੂੰ ਹੀ ਹਲਾਲ ਕਰ ਰਹੇ ਹਾਂ। ਅੱਜ ਤਾਂ ਬੇੜਾ ਏਨਾ ਗਰਕ ਗਿਆ ਹੈ ਕਿ ਪੰਜਾਬ ਦੇ ਸਾਰੇ ਪਾਕ ਰਿਸ਼ਤਿਆਂ ਨੂੰ ਪਲੀਤ ਕਰਨ ਵਾਲੇ ਚਮਕੀਲੇ ਨੂੰ ਤੁਸੀਂ ਸ਼ਹੀਦ ਬਣਾ ਕੇ ਪੇਸ਼ ਕਰ ਰਹੇ ਹੋ। ਸ਼ਾਇਦ ਉਸ ਨੂੰ ਮਾਰਨ ਵਾਲਿਆਂ ਨੇ ਵਿਚਾਰਿਆਂ ਨੇ ਕਦੇ ਸੋਚਿਆ ਵੀ ਨਹੀਂ ਹੋਣਾ ਕਿ ਹਕੂਮਤ ਅਜਿਹਾ ਹਮਲਾ ਕਰੇਗੀ ਕਿ ਘਰ ਘਰ ਚਮਕੀਲੇ ਜੰਮ ਬੈਠਣਗੇ। ਇੱਕ ਉਸ ਤੁਹਾਡੇ ਸੂਰਮੇਂ? ਦੀ ਕੁੜੀ ਉੱਠੀ ਹੈ…… ਅਖੇ ਮੈਂ ਆਪਣੇ ਬਾਪ ਦਾ ਅਧੂਰਾ ਮਿਸ਼ਨ ਪੂਰਾ ਕਰਾਂਗੀ ਤੇ ਉਸ ਦੇ ਸਾਰੇ ਗੀਤ ਦੁਬਾਰਾ ਗਾਵਾਂਗੀ… ਮਿਸ਼ਨ?...... ਕਿਹੜਾ?...... ਜਿਹੜਾ ਉਹ ਸਟੇਜ਼ ’ਤੇ ਕਹਿੰਦਾ ਹੁੰਦਾ ਸੀ ਕਿ ਜੇ ਖੁੱਲ ਮਿਲ ਜਾਵੇ ਤਾਂ ਕੁੜੀਆਂ ਮੁੰਡਿਆਂ ਦੀਆਂ ਜੱਫੀਆਂ ਪਵਾ ਦੇਵੇਗਾ…… ਦੁਰ ਫਿਟੇ ਮੂੰਹ ਐਸੀ ਘਟੀਆਂ ਤੇ ਗੰਦੀ ਸੋਚ ਦੇ……। ਮੈਂ ਸੋਚਦਾਂ ਕਿ ਉਸ ਦੇ ਇਹ ਗਾਣੇ (ਜਿਹਨਾਂ ਦੀ ਪੂਰੀ ਇੱਕ ਸਤਰ ਵੀ ਲਿਖੀ ਨਹੀਂ ਜਾ ਸਕਦੀ) ਉਸ ਦੀ ਧੀ ਕਿਵੇਂ ਗਾਏਗੀ,
‘ਕੁੱਦ ਕੁੱਦ ਮਾਰੇ ਚੁੱਭੀਆਂ……
‘ਸਾਢੂ ਤੋਂ ਅੱਖ ਬਚਾਕੇ……
‘ਉਹ ਤੱਕਦਾ ਰਿਹਾ ਵੇ ਮੈਂ ਸਿਖ਼ਰ ਦੁਪਿਹਰੇ……
‘ਨਿੱਤ ਨਵਾਂ ਕੋਈ ਜੇਠ ਵੇ……
‘ਕੱਢਿਆ ਨਾ ਕੰਡਾ ਜੀਹਣੇ ਭੈਣ ਦੀ ……
ਕੀ ਏਸ ਕੁੜੀ ਨੂੰ ਭੋਰਾ ਸ਼ਰਮ ਨਾ ਆਊ ਐਸੇ ਗੀਤ ਗਾਉਂਦਿਆਂ। ਠੀਕ ਈ ਆਂਹਦੇ ਨੇ ‘ਜੈਸੀ ਕੋਕੋ ਤੈਸੇ ਬੱਚੇ’। ਭਾਵੇਂ ਚਮਕੀਲੇ ਦੀ ਇਸ ਹੋਣਹਾਰ? ਧੀ ਨੇ ਸੋਚ ਹੀ ਲਿਆ ਹੈ ਕਿ ਉਹ ਇਹ ਗੰਦ (ਭਾਵੇਂ ਪਹਿਲਾਂ ਵੀ ਬਥੇਰਾ ਪੈ ਚੁੱਕਿਆ ਹੈ) ਦੁਬਾਰਾ ਪਾਵੇਗੀ ਤਾਂ ਵੀ ਅਸੀ ਉਸਨੂੰ ਕਹਾਂਗੇ ਕਿ ਪੰਜਾਬੀ ਮਾਂ ਬੋਲੀ ਤੇ ਸੱਭਿਆਚਾਰ ਦਾ ਵਾਸਤਾ ਇੱਕ ਵਾਰ ਫਿਰ ਤੋਂ ਸੋਚੇ ਜ਼ਰੂਰ…… ਕਈ ਗੀਤ ਤਾਂ ਅੱਜ ਕੱਲ ਅਜਿਹੇ ਆ ਰਹੇ ਨੇ ਕਿ ਜੇ ਗਾਇਕ ਨੂੰ ਕਹੀਏ ਕਿ ਕੀ ਉਸ ਦਾ ਗਾਇਆ ਇਹੀ ਗਾਣਾ ਜੇ ਉਸ ਦੀ ਭੈਣ ’ਤੇ ਲਾ ਕੇ ਗਾ ਲਿਆ ਜਾਵੇ ਤਾਂ ਉਹ ਬਰਦਾਸ਼ਤ ਕਰ ਲਵੇਗਾ। ਤੇ ਜੇ ਇਹ ਗਾਣੇ ਉਹਨਾਂ ਦੇ ਪਰਿਵਾਰਾਂ ’ਤੇ ਲਾ ਕੇ ਨਹੀਂ ਗਾਏ ਜਾ ਸਕਦੇ ਤਾਂ ਕੀ ਉਹ ਲੋਕਾਂ ਦੇ ਧੀਆਂ ਪੁੱਤ ਵਿਗਾੜਣ ਨੂੰ ਹੀ ਲੱਗੇ ਹਨ?
ਮਿਸਾਲ ਦੇ ਤੌਰ ’ਤੇ ‘ਹੋਇਆ ਕੀ ਜੇ ਨੱਚਦੀ ਦੀ ਬਾਂਹ ਫੜ੍ਹ ਲਈ……’
ਗੀਤ ਹੀ ਲੈ ਲਓ। ਕੀ ਗਾਉਣ ਵਾਲਾ ਆਪਣੀ ਧੀ ਭੈਣ ਨਾਲ ਐਸੀ ਕਰਤੂਤ ਬਰਦਾਸ਼ਤ ਕਰ ਸਕਦਾ ਹੈ? ਜੇ ਨਹੀਂ ਤਾਂ ਫਿਰ ਐਸੇ ਗੀਤ ਗਾਏ ਹੀ ਕਿਉਂ ਜਾਂਦੇ ਹਨ।
ਖ਼ੈਰ…… ਅਸੀਂ ਇਹ ਨਹੀਂ ਕਹਿੰਦੇ ਵੀਰੋ ਕਿ ਗਾਉਣਾ ਹੀ ਬੰਦ ਕਰ ਦਿਓ। ਬਸ ਥੋੜੀ ਜਹੀ ਚੰਗੀ ਸ਼ਬਦਾਵਲੀ ਤੇ ਸਮਾਜ ਨੂੰ ਸੇਧ ਦੇਣ ਵਾਲੇ ਗੀਤ ਵੀ ਗਾਓ। ਤੁਹਾਨੂੰ ਪਤਾ ਹੈ ਕਿ ਨੌਜੁਆਨ ਪੀੜੀ ਤੁਹਾਡੀ ਗੱਲ ਸੁਣਦੀ ਹੈ। ਤੁਸੀਂ ਉਹਨਾਂ ਨੂੰ ਆਪਣੇ ਗੀਤਾਂ ਰਾਹੀਂ ਨਸ਼ਿਆਂ ਤੋਂ ਤੇ ਹੋਰ ਮਾੜੇ ਕੰਮਾਂ ਤੋਂ ਦੂਰ ਲਿਜਾਣ ਦੀ ਕੋਸ਼ਿਸ਼ ਕਰੋ। ਸਾਰੇ ਐਸੇ ਗੀਤ ਗਾਓ,
‘ਗਿਣੇ ਬਿਨਾ ਨਸ਼ੇ ਦੀਆਂ ਗੋਲੀਆਂ ਜੋ ਖਾਂਦੇ ਨੇ,
ਉਹ ਮੁੰਡੇ ਆਪਣੀ ਜਵਾਨੀ ਸਾੜੀ ਜਾਂਦੇ ਨੇ,
ਟੀਕਿਆਂ ਤੇ ਸੂਟਿਆਂ ਨੇ ਚੂਸ ਲਏ,
ਲਾਲੀਆਂ ਚਿਹਰੇ ’ਤੇ ਕਿੱਥੋਂ ਆਉਣੀਆਂ,
ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ ਖਾਧੀਆਂ ਖੁਰਾਕਾਂ ਕੰਮ ਆਉਣੀਆਂ……’
ਤੇ ਜਾਂ ਪੰਜਾਬ ਦੀ ਕਿਸਾਨੀ ਦਾ ਦੁੱਖ ਬਿਆਨਦੇ ਕੁਝ ਗੀਤ ਵੀ ਅੱਜ ਕੱਲ ਆਏ ਹਨ ਜੋ ਸਲਾਹੁਣਯੋਗ ਹਨ। ਕੋਸ਼ਿਸ਼ ਕਰੋ ਐਸੇ ਗੀਤ ਗਾਉਣ ਦੀ, ‘ਜਿਸ ਦੇ ਸਿਰ ’ਤੇ ਰੋਟੀ ਖਾਵੇ ਇਹ ਜੱਗ ਸਾਰਾ ਨੀ,
ਦੋ ਦੋ ਮਹੀਨੇ ਮੰਡੀਆਂ ਦੇ ਵਿਚ ਰੁਲੇ ਵਿਚਾਰਾ ਨੀ,
ਵੋਟਾਂ ਵੇਲੇ ਜੱਟ ਯਾਦ ਆਉਂਦਾ ਸਰਕਾਰਾਂ ਨੂੰ,
ਅਜੇ ਸਫਾਰੀ ਸਮਝ ਨੀ ਕੁੜੀਏ 5911 ਨੂੰ……’
ਉਪਰਾਲਾ ਕਰੋ ਵੀਰੋ ਆਪਣੇ ਲੋਕਾਂ ਨਾਲ ਖੜਣ ਦਾ। ਹਿੰਮਤ ਕਰੋ ਪੰਜਾਬ ਦੇ ਦੁੱਖ ਲੋਕਾਂ ਦੀ ਕਚਿਹਰੀ ਵਿਚ ਰੱਖਣ ਦੀ, ਸਰਕਾਰਾਂ ਦਾ ਭੈਅ ਨਾ ਖਾਓ। ਤੁਸੀਂ ਸੂਰਮਿਆਂ ਦੀ ਧਰਤੀ ’ਤੇ ਜੰਮੇ ਹੋ, ਸੂਰਮਿਆਂ ਵਾਲੇ ਕੰਮ ਕਰੋ। ਇਕੱਲੀਆਂ ਭਗਤ ਸਿੰਘ ਵਰਗੀਆਂ ਪੱਗਾਂ ਬੰਨ੍ਹਣ ਨਾਲ ਤੁਸੀਂ ਭਗਤ ਸਿੰਘ ਨਹੀਂ ਬਣ ਜਾਣਾ। ਉਸ ਦੀ ਜ਼ਾਲਮ ਹਾਕਮਾਂ ਅੱਗੇ ਹਿੱਕ ਡਾਹ ਕੇ ਖੜ੍ਹਣ ਵਾਲੀ ਦਲੇਰੀ ਲੈ ਕੇ ਆਵੋ। ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿਚ ਬੇਨਤੀ ਕਰੋ ਕਿ ਉਹ ਤੁਹਾਨੂੰ ਤਾਕਤ ਬਖ਼ਸ਼ਨ ਤਾਂ ਕਿ ਤੁਸੀਂ ਸਹੀ ਰਾਹ ’ਤੇ ਪੈ ਕੇ ਆਪਣੇ ਲੋਕਾਂ ਨੂੰ ਕੁਝ ਸੇਧ ਦੇ ਸਕੋ…… ਛੱਡ ਦਿਓ ਵੀਰੋ ਆਹ ਕੰਜਰ ਕਿੱਤੇ ਨੂੰ …… ਇਸ ਤੋਂ ਪਹਿਲਾਂ ਕਿ ਬਹੁਤ ਦੇਰ ਹੋ ਜਾਵੇ…… ਵਾਸਤਾ ਏ ਥੋਨੂੰ ਅਣਖੀ ਪੰਜਾਬ ਦਾ……
ਜੇ ਕੋਈ ਗਲਤੀ ਹੋ ਗਈ ਹੋਵੇ ਤਾਂ ਮੁਆਫ ਕਰਿਓ
ਤੁਹਾਡਾ ਨਿੱਕਾ ਵੀਰ
ਜਗਦੀਪ ਸਿੰਘ ਫਰੀਦਕੋਟ
9815763313

Wednesday, March 18, 2009

ਸਿੱਖ ਪ੍ਰੇਮੀ ਵਿਵਾਦ ਮਾਮਲੇ ਵਿੱਚ ਜਥੇਦਾਰ ਨੰਦਗੜ੍ਹ ਨੇ ਪਾਸਾ ਪਲਟਿਆ


ਸੁਖਨੈਬ ਸਿੰਘ ਸਿੱਧੂ
ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨਾਲ ਪੰਥਕ ਵਿਵਾਦ ਸ਼ੁਰੂ ਹੋਣ ਮਗਰੋਂ ਸਭ ਤੋਂ ਵੱਧ ਸਰਗਰਮੀ ਦਿਖਾ ਕੇ ਸਿੱਖਾਂ ਨੂੰ ਡੇਰਾ ਪ੍ਰੇਮੀਆਂ ਨਾਲ ਕੋਈ ਰਿਸ਼ਤਾ ਨਾ ਰੱਖਣ ਲਈ ਹੁਕਮਨਾਮਾ ਜਾਰੀ ਕਰਵਾਉਣ ਵਿੱਚ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਦਾ ਬਹੁਤ ਵੱਡਾ ਯੋਗਦਾਨ ਸੀ । ਬਿਨਾਂ ਸੱਕ ਡੇਰਾ ਸਿਰਸਾ ਦੇ ਮੁਖੀ ਨੇ ਗੁਰੂ ਗੋਬਿੰਦ ਸਿੰਘ ਦੀ ਨਕਲ ਕਰਦਿਆਂ ਜਾਮੇ ਇੰਨਸਾਂ ਤਿਆਰ ਕੀਤਾ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕਰਦਿਆਂ ਖੁਦ ਗੁਰੂ ਸਾਹਿਬ ਵਰਗਾ ਲਿਬਾਸ ਪਹਿਨਿਆਂ । ਬਠਿੰਡਾ ਤੋਂ ਇਸ ਘਟਨਾ ਵਿਰੋਧ ਸ਼ੁਰੂ ਹੋਣ ਮਗਰੋਂ ਪੂਰੀ ਦੁਨੀਆਂ ਸਿੱਖਾਂ ਨੇ ਸੌਦਾ ਸਾਧ ਦੀ ਇਸ ਸ਼ਰਾਰਤ ਖਿਲਾਫ਼ ਆਵਾਜ਼ ਉਠਾਈ । ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਸੌਦਾ ਸਾਧ ਦਾ ਸਿਰ ਵੱਢਣ ਵਾਲਿਆਂ ਸਿੰਘਾਂ ਨੂੰ ਸੋਨੇ ਨਾਲ ਤੋਲਿਆ ਜਾਵੇ । ਕੀ ਇਹ ਬਿਆਨ ਸਿੱਖਾਂ ਦੇ ਸੌਦਾ ਸਾਧ ਦੀ ਸ਼ਰਾਰਤ ਨਾਲ ਧੁੱਖ ਰਹੇ ਹਿਰਦਿਆਂ ਉਪਰ ਤੇਲ ਛਿੜਕਣ ਵਾਲੀ ਗੱਲ ਨਹੀਂ ਸੀ । ਲੋਕਾਂ ਦੇ ਪੁੱਤਰਾਂ ਨੂੰ ਬਲਦੀ ਅੱਗ ਵਿੱਚ ਧੱਕਣ ਵਾਲੇ ਜਥੇਦਾਰ ਨੰਦਗੜ੍ਹ ਨੂੰ ਖੁਦ ਕਿਉਂ ਨਹੀਂ ਖਿਆਲ ਆਇਆ ਕਿ ਜਿਹੜੀ ਸਲਾਹ ਸਿੱਖਾਂ ਦੇ ਪੁੱਤਾਂ ਨੂੰ ਦੇ ਰਹੇ ਹਨ ਕਿ ਉਹ ਆਪਣੇ ਪੁੱਤਰ ਨੂੰ ਸਾਧ ਦਾ ਸਿਰ ਵੱਢਣ ਕਿਉਂ ਨਹੀਂ ਭੇਜਦੇ ।
ਇਸ ਕੜੀ ਦੇ ਚਲਦਿਆਂ ਕਈ ਗਰਮ ਖਿਆਲੀ ਪੰਥਕ ਧਿਰਾਂ ਦੀ ਬਿਆਨਬਾਜ਼ੀ ਨੇ ਸਿੱਖਾਂ ਅਤੇ ਪ੍ਰੇਮੀਆਂ ਦੇ ਰਿਸ਼ਤਿਆਂ ਵਿੱਚ ਕੁੜਤਣ ਭਰ ਦਿੱਤੀ ਅਤੇ ਕਈ ਵਾਰ ਜ਼ਜ਼ਬਾਤੀ ਹੋਏ ਸਿੰਘਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਨਾਮਾ ਲਾਗੂ ਕਰਵਾਉਣ ਹਿੱਤ ਪੰਜਾਬ ਨੇੜਲੇ ਕਿਸੇ ਵੀ ਥਾਂ ਡੇਰਾ ਪ੍ਰੁੇਮੀਆਂ ਨੂੰ ਨਾਮ ਚਰਚਾ ਨਾ ਕਰਨ ਦੇਣ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ । ਜਦੋਂ ਕਦੇ ਵੀ ਸਿੱਖਾਂ ਅਤੇ ਪ੍ਰੇਮੀਆਂ ਵਿੱਚ ਦਰਮਿਆਨ ਹਿੰਸਕ ਟਕਰਾਅ ਹੋਇਆ ਉਦੋਂ ਸਿੱਖਾਂ ਨੂੰ ਨੁਕਸਾਨ ਝੱਲਣਾ ਪਿਆ । ਅਖੌਤੀ ਪੰਥਕ ਆਗੂ ਪ੍ਰੇਮੀਆਂ ਦਾ ਸਿ਼ਕਾਰ ਸਿੰਘਾਂ ਦੇ ਪਰਿਵਾਰ ਨਾਲ ਹਮਦਰਦੀ ਕਰਨ ਜਰੂਰ ਪਹੁੰਚਦੇ ਰਹੇ ਪ੍ਰੰਤੂ ਕਦੇ ਕਿਸੇ ਨੇ ਖੁਦ ਅੱਗੇ ਆ ਕੇ ਪ੍ਰੇਮੀਆਂ ਦਾ ਵਿਰੋਧ ਨਹੀਂ ਕੀਤਾ । ਹਾਂ ਜੇਕਰ ਪੰਥਕ ਆਗੂ ਕਿਸੇ ਦਾ ਨਾਮ ਚਰਚਾ ਦਾ ਵਿਰੋਧ ਕਰਦੇ ਵੀ ਤਾਂ ਪੂਰੇ ਪਬਲੀਸਿਟੀ ਸਟੰਟ ਵਰਤ ਕੇ ਆਪ ਨੂੰ ਪੰਥ ਦੇ ਸਭ ਤੋਂ ਵੱਡੇ ਰਹਿਬਰ ਅਖਵਾਉਣ ਲਈ ਆਡੰਬਰ ਰਚਦੇ ਰਹੇ । ਹਰ ਥਾਂ ਵਿਰੋਧ ਪ੍ਰਦਰਸ਼ਨ ਕਰਨ ਦੇ ਲਈ ਪਹਿਲਾਂ ਇਸਤਿਹਾਰ ਅਤੇ ਪਬਲੀਸਿਟੀ ਦਾ ਜੁਗਾੜ ਕੀਤਾ ਜਾਂਦਾ । ਤਾਂ ਜੋ ਪੁਲੀਸ ਪ੍ਰਸਾ਼ਸਨ ਹਿੰਸਕ ਟਕਰਾਅ ਨੂੰ ਰੋਕ ਸਕੇ। ਇਸਦੇ ਉਲਟ ਪ੍ਰੇਮੀਆਂ ਨਾਲ ਝੜਪਾਂ ਦੌਰਾਨ ਜਿੰਨੇ ਸਿੰਘ ਸ਼ਹੀਦ ਅਤੇ ਜਖਮੀ ਹੋਏ ਹਨ । ਉਹ ਆਮ ਸਿੱਖ ਸਨ ਨਾ ਕਿ ਮਸਹੂਰੀ ਪ੍ਰਚਾਰ ਕਰਕੇ ਨਾਮ ਖੱਟਣ ਵਾਲੇ ਆਪੇ ਬਣੇ ਪੰਥਕ ਆਗੂ ।
ਸਿਰਸਾ ਵਾਲੇ ਸਾਧ ਦੇ ਪੰਜਾਬ ਵਿਚਲੇ ਡੇਰੇ ਬੰਦ ਕਰਵਾਉਣ ਖਾਤਿਰ ਐਕਸ਼ਨ ਕਮੇਟੀਦੇ ਪੰਥਕ ਆਗੂ ਆਪਸੀ ਖਹਿਬਾਜ਼ੀ ਕਾਰਨ ਵੱਖ ਵੱਖ ਰਾਗ ਅਲਾਪਣ ਲੱਗ ਪਏ । ਕਈ ਮੌਕੇ ਦੀ ਨਜ਼ਾਕਤ ਸਮਝਦਿਆਂ ਸ਼ਰੋਮਣੀ ਅਕਾਲੀ ਦਾ ਗੰਢਤੰਪ ਕਰਕੇ ਬਿਆਨਬਾਜ਼ੀ ਤੱਕ ਹੀ ਸੀਮਤ ਰਹੇ । ਪੰਥਕ ਜਥੇਬੰਦੀ ਦੇ ਕੁਝ ਆਗੂਆਂ ਨੇ ਬੀਤੇ ਦਿਨੀ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਮੀਟਿੰਗ ਕਰਕੇ ਸੌਧਾ ਸਾਧ ਦਾ ਸਲਾਬਤਪੁਰਾ ਵਿਖੇ ਸਥਿਤ ਡੇਰਾ ਬੰਦ ਕਰਵਾਉਣ ਲਈ 22ਮਾਰਚ ਤੋਂ ਹਰੇਕ ਐਤਵਾਰ ਨੂੰ ਸ਼ਹੀਦੀ ਸਿੰਘਾਂ ਦੇ ਮਰਜੀਵੜੇ ਜਥੇ ਬਣਾ ਕੇ ਭੇਜਣ ਦਾ ਪ੍ਰੋਗ੍ਰਾਮ ਉਲੀਕਿਆ ਹੈ। ਇਸ ਮੌਕੇ ਹਾਜ਼ਰ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਨੇ ਪੰਥਕ ਆਗੂਆਂ ਦੀ ਹਾਂ ਵਿੱਚ ਹਾਮੀ ਭਰੀ ਸੀ । ਪ੍ਰੰਤੂ ਕੱਲ੍ਹ ਹੀ ਇੱਕ ਅਖਬਾਰੀ ਬਿਆਨ ਵਿੱਚ ਜਥੇਦਾਰ ਸਾਹਿਬ ਨੇ ਪਾਸਾ ਪਲਟਦਿਆ ਬਿਆਨ ਦਿੱਤਾ ਹੈ ਕਿ ਡੇਰੇ ਬੰਦ ਕਰਵਾਉਣ ਦਾ ਪ੍ਰੋਗਰਾਮ ਸਿੱਖ ਜਥੇਬੰਦੀਆਂ ਦਾ ਹੈ ਉਨ੍ਹਾਂ ਦਾ ਨਹੀਂ । ਜਦਕਿ ਪਹਿਲਾ ਜਥੇਦਾਰ ਨੰਦਗੜ੍ਹ ਇਹ ਗੱਲ ਮੰਨ ਚੁੱਕੇ ਹਨ ਕਿ ਉਹ ਪੰਜਾਬ ਵਿਚਲੇ ਡੇਰੇਵਾਦ ਨੂੰ ਖਤਮ ਕਰਵਾਉਣ ਲਈ ਅੱਗੇ ਆਉਣਗੇ । ਸ਼ਾਇਦ ਨੰਦਗੜ੍ਹ ਭੁੱਲ ਗਏ ਹਨ ਕਿ ਮਾਲਵੇ ਵਿੱਚ ਕਈ ਡੇਰਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਸਰੂਪ ਚੁੱਕ ਲਿਆਏ ਹਨ। ਫਿਰ ਵੋਟਾਂ ਦਾ ਦਿਨਾਂ ਵਿੱਚ ਆਪਣੇ ਹੀ ਬਿਆਨਾਂ ਅਤੇ ਕਿਉਂ ਫਿਰ ਗਏ ? ਕਾਰਨ ਸਾਫ਼ ਹਨ ਕਿ ਸ਼ਰੋਮਣੀ ਅਕਾਲੀ ਦਲ ਅਤੇ ਸ਼ਰੋਮਣੀ ਪ੍ਰਬੰਧਕ ਕਮੇਟੀ ਉਪਰ ਸਿਰਫ਼ ਅਤੇ ਸਿਰਫ਼ ਬਾਦਲ ਪਰਿਵਾਰ ਹੀ ਕਾਬਜ਼ ਹੈ । ਦੂਸਰਾ ਮਾਲਵੇ ਵਿੱਚ ਪ੍ਰੇਮੀਆਂ ਦੀ ਬਹੁਗਣਿਤੀ ਹੈ ਇਸ ਲਈ ਬਾਦਲ ਪਰਿਵਾਰ ਕਦੇ ਨਹੀਂ ਚਾਹੁੰਦਾ ਕਿ ਉਨ੍ਹਾਂ ਦਾ ਵੋਟ ਬੈਂਕ ਖਰਾਬ ਹੋਵੇ ਨਾਲੇ ਪੰਥਕ ਮਸਲੇ ਕਦੇ ਵਿਚਾਰੇ ਜਾ ਸਕਦੇ ਹਨ । ਫਿਰ ਜਥੇਦਾਰ ਨੰਦਗੜ੍ਹ ਵਰਗੇ ਸਿੰਘ ਬਾਦਲ ਸਾਹਿਬ ਨੂੰ ਨਾਰਾਜ਼ ਨਹੀਂ ਕਰ ਸਕਦੇ ।
ਅਹਿਮ ਗੱਲ 15 ਮਾਰਚ ਦੀ ਰਾਤ ਨੂੰ ਬਾਜਾਖਾਨਾ ਵਿੱਚ ਹੋਏ ਟਕਰਾਅ ਮਗਰੋਂ ਗ੍ਰਿਫ਼ਤਾਰ ਕੀਤੇ ਸੰਤ ਬਲਜੀਤ ਸਿੰਘ ਦਾਦੂਵਾਲ ਨੂੰ ਆਪਣੇ ਸਾਥੀਆਂ ਸਮੇਤ ਜੇਲ੍ਹ ਭੇਜੇ ਜਾਣ ਪੰਥਕ ਜਥੇਬੰਦੀਆਂ ਕਿਉਂ ਖਾਮੋਸ ਹਨ। ਘਟਨਾ ਦਾ ਕਾਰਨ ਇਹ ਸੀ ਕਿ ਬਾਬਾ ਦਾਦੂਵਾਲ ਨੇ ਡੇਰਾ ਮੁਖੀ ਖਿਲਾਫ਼ ਕੋਈ ਟਿੱਪਣੀ ਕੀਤੀ ਸੀ ਅਤੇ ਇਸਤੋਂ ਪਿੰਡ ਬਾਜਾਖਾਨਾ ਦੇ ਪ੍ਰੇਮੀ ਨਾਰਾਜ਼ ਸਨ । ਇਕੱਠੇ ਹੋਏ ਪ੍ਰੇਮੀਆਂ ਨੇ ਸੰਤ ਦਾਦੂਵਾਲ ਨੂੰ ਪਿੰਡ ਵਿੱਚ ਨਾ ਵੜਨ ਦੇਣ ਦਾ ਐਲਾਨ ਕੀਤਾ ਕੀਤਾ ਇੱਧਰ ਸੰਤ ਦਾਦੂਵਾਲ ਆਪਣੇ ਸਾਥੀਆਂ ਸਮੇਤ ਪਿੰਡ ਵਿੱਚ ਜਾਣ ਲਈ ਬਜਿੱਦ ਸਨ । ਨਤੀਜੇ ਵਜੋਂ ਇਹ ਘਟਨਾ ਵਾਪਰ ਗਈ ।
ਕਾਰਨ ਇਹ ਵੀ ਸਾਹਮਣੇ ਆਉਂਦੇ ਹਨ ਕੁਝ ਕੁ ਪੰਥਕ ਆਗੂ ਅੰਦਰਖਾਤੇ ਸੰਤ ਦਾਦੂਵਾਲ ਨਾਲ ਨਾਰਾਜ਼ ਹਨ ।
ਇਸ ਲਈ ਉਹ ਉਨ੍ਹਾਂ ਦੇ ਹੱਕ ਵਿੱਚ ਕੋਈ ਬਿਆਨਬਾਜ਼ੀ ਨਹੀ ਕਰ ਰਹੇ ਹਨ ।

Tuesday, March 10, 2009

ਪੱਲੇ ਰਿਜ਼ਕ ਨਾ ਬੰਨ੍ਹਦੇ ਪੰਛੀ ਤੇ ਦਰਵੇਸ਼


ਸਿ਼ਵਚਰਨ ਜੱਗੀ ਕੁੱਸਾ
ਪੱਲੇ ਰਿਜ਼ਕ ਨਾ ਬੰਨ੍ਹਦੇ ਪੰਛੀ ਤੇ ਦਰਵੇਸ਼

ਲੋਕ ਸੋਚਦੇ ਨੇ ਕਿ ਮੇਰੇ ਨਾਂ,
ਕੁਛ ਨਾ ਕੁਛ ਤਾਂ ਜ਼ਰੂਰ ਹੋਣਾਂ ਚਾਹੀਦੈ,
ਕੋਠੀ, ਕਾਰ, ਜ਼ਮੀਨ, ਪੈਸਾ!
ਪਰ ਮੈਂ ਪੁੱਛਦਾ ਹਾਂ,
ਪਸ਼ੂ ਤਾਂ ਕਿਸੇ ਨਾ ਕਿਸੇ ਦੀ ਮਲਕੀਅਤ ਹੁੰਦੇ ਨੇ,
ਪਰ ਖੁੱਲ੍ਹੇ ਅਸਮਾਨ ਵਿਚ ਉਡਦੇ ਪੰਛੀਆਂ ਦੇ ਨਾਂ,
ਕਿਹੜੀ ਜੰਗੀਰ ਲੱਗੀ ਹੁੰਦੀ ਹੈ...?
ਜੰਗਲ-ਬੇਲਿਆਂ ਵਿਚ ਵਿਚਰਦੇ ਅੱਲਾ ਦੇ ਬੇਲੀ,
ਦਰਵੇਸ਼ਾਂ ਕੋਲ਼ ਰੱਬ ਦੇ ਨਾਂ ਤੋਂ ਬਿਨਾਂ,
ਹੋਰ ਕਿਹੜਾ ਸਰਮਾਇਆ ਹੁੰਦੈ...?
ਜਰਮਨ ਦੇ ਡਿਕਟੇਟਰ ਆਡੋਲਫ਼ ਹਿਟਲਰ ਨੇ,
ਕਦੇ ਭੂਸਰ ਕੇ ਕਿਹਾ ਸੀ ਆਪਣੀ ਖ਼ਲਕਤ ਨੂੰ;
ਦਿਖਾਇਆ ਸੀ ਇਕ ਸਬਜ਼ਬਾਗ,
"ਅਸੀਂ ਐਨੇ ਲੜਾਕੇ ਜਹਾਜ ਬਣਾਵਾਂਗੇ,
ਐਨੇ ਲੜਾਕੇ ਜਹਾਜ ਬਣਾਵਾਂਗੇ,
ਕਿ ਪੰਛੀਆਂ ਨੂੰ ਉਡਣ ਲਈ,
ਅਸਮਾਨ ਵਿਚ ਜਗਾਹ ਨਹੀਂ ਮਿਲੇਗੀ,
ਫ਼ੇਰ ਉਹ ਤੁਰ ਕੇ ਜਾਇਆ ਕਰਨਗੇ..!"
ਉਹੀ ਪੰਛੀ ਹਨ, ਤੇ ਉਹੀ ਵਿਸ਼ਾਲ ਅਸਮਾਨ,
ਪਰ ਖ਼ੁਦਕਸ਼ੀ ਦੀ ਭੇਂਟ ਚੜ੍ਹਿਆ,
ਭੂਤਰਿਆ ਹਿਟਲਰ ਅੱਜ ਕਿੱਥੇ ਐ...?
ਸਾਦਾ ਬੰਦਾ ਤਾਂ ਦੋ ਰੋਟੀਆਂ ਦਾ ਭਾਈਵਾਲ਼ ਹੁੰਦੈ!
ਕਿਸੇ ਫ਼ਕੀਰ ਨੇ ਸੱਚ ਹੀ ਕਿਹੈ,
ਪੱਲੇ ਰਿਜ਼ਕ ਨਾ ਬੰਨ੍ਹਦੇ, ਪੰਛੀ ਤੇ ਦਰਵੇਸ਼!
ਕਦੇ ਕਿਸੇ ਨੇ ਪੰਛੀਆਂ ਦੇ ਆਲ੍ਹਣੇਂ ਵਿਚ
ਅਨਾਜ ਸੰਭਾਲਿ਼ਆ ਦੇਖਿਐ?
ਦੇਖੇ ਹਨ ਕਿਸੇ ਨੇ ਦਰਵੇਸ਼ਾਂ ਦੀ,
ਕੱਖਾਂ ਦੀ ਕੁੱਲੀ ਵਿਚ ਕਣਕ ਦੇ ਬੋਹਲ਼ ਲੱਗੇ?
ਜਦ ਪੰਛੀ ਸਵੇਰੇ ਉਡਦੇ ਨੇ ਆਲ੍ਹਣੇਂ 'ਚੋਂ
ਦਾਣੇ ਦੀ ਭਾਲ਼ ਵਿਚ, ਰੱਬ ਆਸਰੇ,
ਤਾਂ ਆਪਣੇ ਆਲ੍ਹਣੇਂ ਵਿਚ,
ਕਦੇ ਭੁੱਖੇ ਨਹੀਂ ਮੁੜਦੇ!
ਕਦੇ ਸੁਣਿਐਂ...? ਕਿ ਫ਼ਲਾਨੀ ਥਾਂ,
ਕੋਈ ਪੰਛੀ ਭੁੱਖਾ ਮਰ ਗਿਆ?
ਪਰ ਚੁਰਾਸੀ ਲੱਖ ਜੂਨੀ ਦਾ ਸਰਦਾਰ,
ਲਾਲਚ ਅਤੇ ਸਰਮਾਏਦਾਰੀ ਦਾ ਪੁਜਾਰੀ,
ਥਾਂ ਥਾਂ ਵੰਡੀਆਂ ਪਾਉਣ
ਅਤੇ ਠੱਗੀਆਂ ਠੋਰੀਆਂ ਮਾਰਨ ਵਾਲ਼ੇ,
ਮਾਨੁੱਖ ਬਾਰੇ ਅਸੀਂ ਨਿੱਤ ਹੀ ਸੁਣਦੇ ਹਾਂ,
ਫ਼ਲਾਨੇ ਥਾਂ ਦਸ ਜਣੇਂ ਭੁੱਖਮਰੀ ਨਾਲ਼ ਮਰੇ!
ਫਿ਼ਰ ਦੱਸੋ ਪੰਛੀ ਆਦਮ ਜ਼ਾਤ ਨਾਲ਼ੋਂ,
ਲੱਖ ਦਰਜ਼ੇ ਚੰਗੇ ਨਹੀਂ...?
ਕਦੇ ਕਿਤੇ ਸੁਣਿਐਂ ਕਿ ਕਿਤੇ ਕੋਈ
ਫ਼ੱਕਰ, ਫ਼ਕੀਰ, ਜੋਗੀ, ਦਰਵੇਸ਼,
ਸੜਕ 'ਤੇ ਭੁੱਖਾ ਮਰਿਆ ਪਿਆ ਚੁੱਕਿਆ?
ਨਹੀਂ ਨ੍ਹਾਂ...? ਤੇ ਫ਼ੇਰ ਕਾਹਦੇ ਦਾਅਵੇ?
ਕਾਹਦੀਆਂ ਸਰਮਾਏਦਾਰੀਆਂ?
ਕਾਹਦੀਆਂ ਸਰਦਾਰੀਆਂ?
ਦਰਵੇਸ਼ਾਂ ਨੂੰ ਤਾਂ,
ਰੁੱਖਾਂ ਦੀ ਜ਼ੀਰਾਂਦ ਹੀ ਲੋੜੀਦੀ ਹੈ ਕਮਲ਼ੀਏ!
ਜਿਸ ਦਿਨ ਤੁਰਨੈਂ ਆਪਣੇ 'ਨਿੱਜ' ਘਰ ਨੂੰ
ਉਸ ਦਿਨ ਪਤਾ ਨਹੀਂ ਕੱਫ਼ਣ ਨਸੀਬ ਹੋਣੈਂ,
ਜਾਂ ਨਹੀਂ...? ਕੋਈ ਦਾਅਵਾ ਨਹੀਂ!
ਹਾਂ ਸਾਢੇ ਤਿੰਨ ਹੱਥ ਧਰਤੀ ਨੂੰ,
ਜ਼ਰੂਰ ਜੱਫ਼ਾ ਮਾਰਦਾ ਹੈ ਬੰਦਾ,
ਦਫ਼ਨ ਹੋਣ ਵਾਲਿ਼ਆਂ ਲਈ ਤਾਂ,
ਇਹ ਗੱਲ ਢੁਕਵੀਂ ਹੈ, ਮੰਨਦੇ ਹਾਂ,
ਪਰ ਸਸਕਾਰ ਹੋਣ ਵਾਲਿ਼ਆਂ ਦੇ ਹਿੱਸੇ,
ਕੀ ਸੱਚ ਹੀ ਸਾਢੇ ਤਿੰਨ ਹੱਥ ਧਰਤੀ ਆਉਂਦੀ ਹੈ?
ਬੰਦਾ ਜੱਗ 'ਤੇ ਆਉਂਦੈ, ਨਗਨ ਅਵਸਥਾ ਵਿਚ,
ਕੀ ਨਾਲ਼ ਲੈ ਕੇ ਆਉਂਦੈ? ਕੁਝ ਨਹੀਂ ਨ੍ਹਾਂ...?
ਤੇ ਫ਼ੇਰ ਨਾਲ਼ ਕੀ ਲੈ ਕੇ ਜਾਂਦੈ?
ਕੁਝ ਵੀ ਨਹੀਂ ਨ੍ਹਾਂ...?
ਸਿਕੰਦਰ ਸਾਰਾ ਜਹਾਨ ਜਿੱਤ ਕੇ ਵੀ,
ਨੰਗ-ਮਲੰਗ ਖ਼ਾਲੀ ਹੱਥ ਗਿਆ ਸੀ...!
ਪਰ ਪੋਰਸ ਹਾਰ ਕੇ ਵੀ ਜਿੱਤ ਗਿਆ ਸੀ!
ਮੈਂ ਜੱਗ ਜਿੱਤਣ ਵਾਲ਼ੇ ਅਖੌਤੀ ਜੇਤੂ ਸਿਕੰਦਰ ਦਾ ਨਹੀਂ,
ਹਾਰ ਕੇ ਵੀ ਜਿੱਤੇ ਪੋਰਸ ਦਾ ਹਮਾਇਤੀ ਹਾਂ!
ਉਹ ਸੈਲ ਪੱਥਰ ਮਹਿ ਜੰਤ ਉਪਾਉਂਦੈ,
ਤਾਂ ਕਾ ਰਿਜਕ ਆਗੈ ਕਰ ਧਰਦੈ!
ਪਰ ਇਕ ਗੱਲ ਤੈਨੂੰ ਦੱਸ ਦੇਵਾਂ,
ਭੁਲੇਖਾ ਨਾ ਰਹੇ ਤੈਨੂੰ,
ਮੇਰੀ ਜਿ਼ਦਗੀ ਦੇ ਫ਼ੈਸਲੇ
ਹਮੇਸ਼ਾ ਮੈਂ ਨਹੀਂ ਕਮਲ਼ੀਏ,
ਮੇਰੀ ਤਕਦੀਰ ਨੇ ਕੀਤੇ ਐ,
ਪਰ ਤੂੰ ਝੋਰਾ ਨਾ ਕਰ,
ਖੁੱਲ੍ਹਾ ਡੁੱਲ੍ਹਾ ਅਸਮਾਨ
ਅਤੇ ਵਿਸ਼ਾਲ ਪ੍ਰਿਥਵੀ, ਮੇਰੇ ਨੇ!
ਮੈਂ ਅਖੌਤੀ ਜੇਤੂੰ ਸਿਕੰਦਰ ਨਹੀਂ,
ਹਾਰ ਕੇ ਵੀ ਜਿੱਤਿਆ,
ਪੋਰਸਨੁਮਾਂ ਪੰਛੀ ਹਾਂ!

Sunday, March 8, 2009

ਅਨਪੜ੍ਹ ਸਿੰਘਾ

ਆਸਟ੍ਰੇਲੀਆ ਤੋਂ ਗਿਆਨੀ ਸੰਤੋਖ ਸਿੰਘ
ਕਾਰ ਚਲਾਉਣੀ ਸਿੱਖ ਫੱਕਰਾਂ ਦੀ, ਚੇਤੇ ਰੱਖ,
ਲੋਕ ਸਭਾ ਦੀ ਟਿਕਟ ਮਿਲੂ ਅਨਪੜ੍ਹ ਸਿੰਘਾ।
ਉਪ੍ਰੋਕਤ ਲਾਈਨ ਪ੍ਰਿੰਸੀਪਲ ਤਖਤ ਸਿੰਘ ਦੀ ਇਕ ਲੰਮੀ ਗ਼ਜ਼ਲ ਵਿਚੋਂ ਹੈ ਜੋ ਕਿ ਉਸਨੇ 1967/68 ਵਿਚ ਲਿਖੀ ਸੀ। ਇਸ ਦਾ ਪਿਛੋਕੜ ਇਸ ਪ੍ਰਕਾਰ ਹੈ: ਪੰਜਾਬੀ ਸੂਬਾ ਬਣਨ ਪਿੱਛੋਂ 1967 ਦੀਆਂ ਪਹਿਲੀਆਂ ਚੋਣਾਂ ਸਨ। ਪੰਜਾਬੀ ਸੂਬੇ ਦੀ ਜਦੋ ਜਹਿਦ ਵਿਚ ਅਧੂਰੀ ਜਿਹੀ ਸਫ਼ਲਤਾ ਪ੍ਰਾਪਤ ਕਰ ਲੈਣ ਕਰਕੇ, ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ, ਮਾਸਟਰ ਤਾਰਾ ਸਿੰਘ ਜੀ ਦੇ ਹੱਥੋਂ ਨਿਕਲ਼ ਕੇ ਸੰਤ ਫਤਿਹ ਸਿੰਘ ਜੀ ਦੇ ਹੱਥ ਆ ਗਈ ਹੋਈ ਸੀ। ਇਹਨਾਂ ਚੋਣਾਂ ਤੋਂ ਪਹਿਲਾਂ ਮਾਸਟਰ ਜੀ ਤੇ ਸੰਤ ਜੀ ਦੇ ਧੜਿਆਂ ਵਿਚ ਕੁਝ ਪੰਥ ਦਰਦੀ ਸੱਜਣਾਂ ਨੇ ਸਮਝੌਤਾ ਕਰਵਾ ਕੇ, ਇਕੋ ਝੰਡੇ ਹੇਠ ਦੋਹਾਂ ਧੜਿਆਂ ਨੂੰ ਇਕ ਹੋ ਕੇ ਚੋਣਾਂ ਲੜਾਉਣ ਲਈ ਯਤਨ ਕੀਤੇ ਤਾਂ ਕਿ ਪੰਜਾਬੀ ਸੂਬੇ ਦੇ ਅਸਲੀ ਮਕਸਦ ਦੀ ਪ੍ਰਾਪਤੀ ਹੋ ਸਕੇ, ਅਰਥਾਤ ਸੂਬੇ ਵਿਚ ਕਾਂਗਰਸ ਦੀ ਥਾਂ ਤੇ ਅਕਾਲੀ ਸਰਕਾਰ ਬਣਾਈ ਜਾ ਸਕੇ। ਪਰ ਅਜਿਹੇ ਯਤਨ ਅਸਫ਼ਲ ਰਹੇ ਤੇ ਸਮਝੌਤਾ ਨਾ ਹੋ ਸਕਿਆ। ਦੋਹਾਂ ਧੜਿਆਂ ਨੇ ਵੱਖ ਵੱਖ ਹੀ ਉਮੀਦਵਾਰ ਖੜ੍ਹੇ ਕੀਤੇ ਜਿਸ ਨਾਲ਼ ਅਕਾਲੀਆਂ ਦੀਆਂ ਵੋਟਾਂ ਦੋ ਥਾਂਈਂ ਵੰਡੀਆਂ ਜਾਣ ਕਰਕੇ ਕਾਂਗਰਸ ਨੂੰ ਖਾਸਾ ਲਾਭ ਹੋਇਆ। ਇਸ ਸਮੇ ਬਠਿੰਡੇ ਦੇ ਰਿਜ਼ਰਵ ਹਲਕੇ ਤੋਂ ਟਕਸਾਲੀ ਅਕਾਲੀ ਸ. ਧੰਨਾ ਸਿੰਘ ਗੁਲਸ਼ਨ ਅਕਾਲੀ ਦਲ ਦੇ ਸਿਟਿੰਗ ਐਮ. ਪੀ. ਸਨ ਜੋ ਕਿ ਮਾਸਟਰ ਗਰੁੱਪ ਨਾਲ਼ ਸਨ। ਇਹ ਸਰਦਾਰ ਗੁਲਸ਼ਨ ਜੀ ਬਹੁਤ ਲੰਮਾ ਸਮਾ ਲੈਜਿਸਲੇਟਰ ਰਹੇ। 1952 ਵਿਚ ਪੈਪਸੂ ਵਿਚ ਐਮ. ਐਲ. ਏ. ਬਣੇ। ਫਿਰ 1957 ਵਿਚ ਪੰਜਾਬ ਵਿਚ ਐਮ. ਐਲ. ਏ. ਬਣੇ ਤੇ 1962 ਵਿਚ ਐਮ. ਪੀ. ਬਣੇ। ਫਿਰ 1972 ਵਿਚ ਵੀ ਐਮ. ਐਲ. ਏ. ਬਣੇ। ਐਮਰਜੈਂਸੀ ਦੇ ਖਿਲਾਫ ਦਲ ਵੱਲੋਂ ਲਾਏ ਗਏ ਮੋਰਚੇ ਦੀ ਸਫ਼ਲਤਾ ਕਾਰਨ, 1977 ਵਿਚ ਹੋਈਆਂ ਚੋਣਾਂ ਵਿਚ, ਗੁਲਸ਼ਨ ਐਮ. ਪੀ. ਬਣੇ ਤੇ ਫਿਰ ਹਿੰਦੁਸਤਾਨ ਦੇ ਵਿਦਿਅਕ ਮਹਿਕਮੇ ਦੇ ਵਜ਼ੀਰ ਬਣਨ ਦਾ ਮਾਣ ਵੀ ਸ. ਧੰਨਾ ਸਿੰਘ ਗੁਲਸ਼ਨ ਜੀ ਨੂੰ ਪ੍ਰਾਪਤ ਹੋਇਆ। ਇਹ ਕਲਗੀਧਰ ਪਾਤਿਸ਼ਾਹ ਦਾ ਪੰਥ ਵੀ ਕੈਸਾ ਗ਼ਰੀਬ ਨਿਵਾਜ ਹੈ! ਮਹਾਂਰਾਜ ਨੇ ਫੁਰਮਾਇਆ ਸੀ ਨਾ:
ਇਨ ਗਰੀਬ ਸਿਖਨ ਕਉ ਦੇਊਂ ਪਾਤਿਸ਼ਾਹੀ॥
ਯਾਦ ਕਰੇਂ ਹਮਰੀ ਗੁਰਿਆਈ॥
ਫਿਰ ਹੋਰ ਵੀ ਵੇਖੋ ਪਾਤਿਸ਼ਾਹ ਕੀ ਫੁਰਮਾਉਂਦੇ ਹਨ:
ਜਿਨ ਕੀ ਜਾਤਿ ਔਰ ਕੁਲ ਮਾਹੀਂ॥ ਸਰਦਾਰੀ ਨਹਿ ਭਈ ਕਦਾਹੀਂ॥
ਇਨਹੀ ਕੋ ਸਰਦਾਰ ਬਨਾਊ॥ ਤਬੈ ਗੋਬਿੰਦ ਸਿੰਘ ਨਾਮ ਕਹਾਊਂ॥
ਬਠਿੰਡੇ ਦੇ ਟਿੱਬਿਆਂ ਵਿਚ ਕਵੀਸ਼ਰੀ ਕਰਨ ਵਾਲ਼ਾ ਇਕ ਨਿਮਾਣਾ ਦਲਿਤ ਸਿੱਖ, ਸ. ਧੰਨਾ ਸਿੰਘ ਗੁਲਸ਼ਨ, ਪੰਥ ਦੀ ਗਰੀਬ ਨਿਵਾਜਤਾ ਕਾਰਨ ਨਾ ਸਿਰਫ ਐਮ. ਪੀ. ਹੀ ਬਣਿਆ ਬਲਕਿ ਕੇਂਦਰੀ ਸਰਕਾਰ ਦਾ ਵਜ਼ੀਰ, ਤੇ ਉਹ ਵੀ ਵਿਦਿਅਕ ਮਹਿਕਮੇ ਦਾ; ਹੈ ਕਿ ਨਾ ਪੰਥਕ ਬਖਸ਼ਿਸ਼ਾਂ ਦਾ ਪ੍ਰਤੱਖ ਪਰਮਾਣ! ਇਸ ਪੰਥ ਨੇ ਤਾਂ ਘੋੜਿਆਂ ਦੀ ਲਿੱਦ ਸੁੱਟਣ ਵਾਲ਼ੇ ਭਾਈ ਕਪੂਰ ਸਿੰਘ ਜੀ ਨੂੰ ਨਵਾਬ ਤੇ ਯਤੀਮ ਭਾਈ ਜੱਸਾ ਸਿੰਘ ਨੂੰ ਸੁਲਤਾਨੁਲ ਕੌਮ ਬਣਾ ਦਿਤਾ ਸੀ!
ਸ. ਧੰਨਾ ਸਿੰਘ ਗੁਲਸ਼ਨ ਜੀ ਬਹੁਤ ਸੁਲਝੇ ਹੋਏ ਬੁਲਾਰੇ ਸਨ ਤੇ ਕਵੀਸ਼ਰੀ ਕਰਿਆ ਕਰਦੇ ਸਨ। ਆਪਣੀਆਂ ਕਵਿਤਾਵਾਂ ਵੀ ਲਿਖਦੇ ਸਨ। ਇਹਨਾਂ ਦੀ ਇਕ ਕਿਤਾਬ 'ਵੀਹਵੀਂ ਸਦੀ ਦੀ ਸਿੱਖ ਰਾਜਨੀਤੀ' ਵੀ ਸਿੱਖ ਸਿਆਸਤ ਉਪਰ ਚੰਗਾ ਚਾਨਣ ਪਾਉਣ ਵਾਲ਼ੀ ਹੈ। ਸਰਦਾਰ ਗੁਲਸ਼ਨ ਜੀ 1969 ਦੀ ਵੈਸਾਖੀ ਸਮੇ ਤਖ਼ਤ ਸ੍ਰੀ ਦਮਦਮਾ ਸਹਿਬ ਵਿਖੇ ਮੇਰਾ ਲੈਕਚਰ ਸੁਣ ਕੇ ਬੜੇ ਪ੍ਰਭਾਵਤ ਹੋਏ ਤੇ ਸ਼ਾਬਾਸ ਦਿੰਦਿਆਂ ਆਖਿਆ. "ਤੂੰ ਤਾਂ ਸੰਤੋਖ ਸਿਆਂ੍ਹ ਗਿਆਨੀ ਲਾਲ ਸਿੰਘ ਵਾਂਗ ਬੋਲਦਾਂ!" 1980 ਵਿਚ ਸਿਡਨੀ ਆਉਣ ਪਿੱਛੋਂ, ਮੈਨੂੰ ਪੰਥ ਪ੍ਰਸਿੱਧ ਢਾਡੀ ਅਤੇ ਚੋਟੀ ਦੇ ਬੁਲਾਰੇ, ਪਰਲੋਕਵਾਸੀ ਗਿ. ਭਗਤ ਸਿੰਘ ਲਲ੍ਹੀ ਜੀ, ਹੋਰਾਂ ਨੇ ਗੁਲਸ਼ਨ ਜੀ ਦੀ ਲਿਖੀ, ਪੰਜਾਬੀ ਸੂਬੇ ਬਾਰੇ ਇਕ ਕਵਿਤਾ ਜ਼ਬਾਨੀ ਸੁਣਾਈ ਸੀ ਜੋ ਕਿ ਗੁਲਸ਼ਨ ਜੀ ਦੀ ਕਾਵਿਕ ਯੋਗਤਾ ਦੀ ਮੂੰਹ ਬੋਲਦੀ ਤਸਵੀਰ ਸੀ। ਅੱਜ ਕੱਲ੍ਹ ਉਹਨਾਂ ਦੀ ਸਪੁੱਤਰੀ, ਪ੍ਰਿੰਸੀਪਲ ਪਰਮਜੀਤ ਕੌਰ ਗੁਲਸ਼ਨ ਜੀ, ਉਹਨਾਂ ਦੇ ਹਲਕੇ ਦੀ, ਸ਼੍ਰੋਮਣੀ ਅਕਾਲੀ ਦਲ ਵੱਲੋਂ, ਭਾਰਤ ਦੀ ਲੋਕ ਸਭਾ ਵਿਚ ਨੁਮਾਇੰਦਗੀ ਕਰਦੇ ਹਨ। ਮੁਕਦੀ ਗੱਲ 1967 ਸਮੇ ਇਹ ਵੀ ਮਾਸਟਰ ਦਲ ਵੱਲੋਂ ਏਥੋਂ ਹੀ ਉਮੀਦਵਾਰ ਬਣੇ। ਇਹ ਇਸ ਹਲਕੇ ਦੇ ਸਿਟਿੰਗ ਐਮ. ਪੀ. ਵੀ ਸਨ। ਕਾਂਗਰਸ ਨੇ ਵੀ ਇਕ ਹੋਰ ਐਮ. ਪੀ. ਪ੍ਰੋ. ਦਲਜੀਤ ਸਿੰਘ ਖੜ੍ਹਾ ਨੂੰ ਕੀਤਾ। ਮੁਕਾਬਲੇ ਤੇ ਸੰਤ ਫਤਿਹ ਸਿੰਘ ਜੀ ਨੇ, ਜ਼ਿਲੇ ਦੇ ਅਕਾਲੀ ਆਗੂਆਂ ਦੇ ਜੋਰ ਦੇਣ ਤੇ, ਆਪਣੇ ਡਰਾਈਵਰ. ਸ. ਕਿੱਕਰ ਸਿੰਘ ਜੀ ਨੂੰ, ਆਪਣੇ ਦਲ ਦਾ ਟਿਕਟ ਦੇ ਕੇ ਖੜ੍ਹਾ ਕਰ ਦਿਤਾ। ਇਹਨਾਂ ਚੋਣਾਂ ਦੌਰਾਨ ਚੋਣ ਜਲਸਿਆਂ ਵਿਚ ਵਿਰੋਧੀ ਬੜਾ ਰੌਲ਼ਾ ਪਾਉਣ ਕਿ ਸੰਤ ਜੀ ਨੇ ਇਕ ਅਨਪੜ੍ਹ ਬੰਦੇ ਨੂੰ ਟਿਕਟ ਦੇ ਦਿਤੀ ਹੈ। ਹੋਰ ਵੀ ਕਈ ਕੁਝ ਊਲ-ਜਲੂਲ ਇਸ ਮਸਲੇ ਤੇ ਕੁਫ਼ਰ ਤੋਲੇ ਗਏ ਜੋ ਕਿ ਚੋਣਾਂ ਸਮੇ ਆਮ ਹੀ ਵਰਤਾਰਾ ਹੁੰਦਾ ਹੈ। ਸਿਆਣੇ ਆਖਦੇ ਵੀ ਨੇ ਕਿ ਲੜਾਈ ਤੇ ਇਸ਼ਕ ਵਿਚ ਹਰ ਹਥਿਆਰ ਹੀ ਜਾਇਜ਼ ਹੁੰਦਾ ਹੈ। ਇਹ ਵੱਖਰੀ ਗੱਲ ਹੈ ਕਿ ਅਖੀਰ ਨੂੰ ਸਚਾਈ ਸਾਹਮਣੇ ਆ ਹੀ ਜਾਂਦੀ ਹੈ ਪਰ ਫੌਰੀ ਕਾਮਯਾਬੀ ਤਾਂ ਪ੍ਰਾਪਤ ਆਮ ਤੌਰ ਤੇ ਹੋ ਹੀ ਜਾਂਦੀ ਹੈ। ਕਈ ਸੱਜਣ ਇਹ ਵੀ ਆਖਦੇ ਨੇ ਕਿ ਜਦੋਂ ਨੂੰ ਸਚਾਈ ਸਾਹਮਣੇ ਆੳਂੁਦੀ ਹੈੇ ਓਦੋਂ ਨੂੰ 'ਟੂ ਲੇਟ' ਹੋ ਚੁੱਕਾ ਹੁੰਦਾ ਹੈ। ਅਰਥਾਤ ਸੱਚੀ ਧਿਰ ਦਾ ਬਹੁਤ ਨੁਕਸਾਨ ਹੋ ਚੁੱਕਿਆ ਹੁੰਦਾ ਹੈ। ਸੰਤ ਜੀ ਨੇ ਇਕ ਚੋਣ ਜਲਸੇ ਵਿਚ ਆਖਿਆ, "ਕੁਝ ਪੜ੍ਹੇ ਲਿਖੇ ਭਲੇਮਾਣਸ ਸੱਜਣ ਮੇਰੇ ਤੇ ਇਲਜਾਮ ਲਾਉਂਦੇ ਨੇ ਕਿ ਮੈ ਅਨਪੜ੍ਹ ਕਿੱਕਰ ਸਿੰਘ ਨੂੰ ਟਿਕਟ ਦੇ ਦਿਤੀ ਹੈ। ਕਿੱਕਰ ਸਿੰਘ ਦਾ ਮੈ ਜ਼ਿੰਮੇਵਾਰ ਹਾਂ; ਉਸਨੂੰ ਮੈ ਪੜ੍ਹਾਇਆ ਹੈ। ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡਪਾਠੀ ਹੈ। ਕੀਰਤਨ ਕਰਦਾ ਹੈ। ਪੰਜਾਬੀ ਤੇ ਹਿੰਦੀ ਬੜੀ ਚੰਗੀ ਤਰ੍ਹਾਂ ਪੜ੍ਹ ਤੇ ਲ਼ਿਖ ਸਕਦਾ ਹੈ। ਗੁਲਸ਼ਨ ਜੀ ਦੱਸਣ ਕਿ ਉਹ ਕਿਥੋਂ ਪੜ੍ਹੇ ਹਨ! ਉਹਨਾਂ ਦਾ ਕੌਣ ਉਸਤਾਦ ਹੈ! ਫੇਰ ਕੁਝ ਸੱਜਣ ਵਿਚ ਵੀ ਆਖਦੇ ਨੇ ਕਿ ਜੀ ਗੁਲਸ਼ਨ ਕਵੀਸ਼ਰੀ ਕਰਦਾ ਹੈ। ਹਾਂ, ਇਹ ਗੱਲ ਉਹਨਾਂ ਦੀ ਠੀਕ ਹੈ। ਗੁਲਸ਼ਨ ਜੀ ਕਵੀਸ਼ਰੀ ਜ਼ਰੂਰ ਕਰਦੇ ਨੇ। ਉਹਨਾਂ ਦੀ ਕਵੀਸ਼ਰੀ ਦਾ ਨਮੂਨਾ ਇਕ ਤੁਸੀਂ ਵੀ ਭਰਾਓ ਸੁਣ ਲਵੋ:
ਸਾਡੇ ਪਿੰਡ ਮਰ ਗਈਆਂ ਤਿੰਨ ਕੱਟੀਆਂ। ਅਸੀਂ ਜਾ ਕੇ ਉਹਨਾਂ ਦੀਆਂ ਪੂਛਾਂ ਪੱਟੀਆਂ।
ਛੱਪੜ ਕੰਢੇ ਬਹਿ ਕੇ ਅਸਾਂ ਡੱਡੂ ਮਾਰਿਆ। ਧੰਨ ਬਾਬਾ ਧਿਆਨਾ ਜੀਹਨੇ ਕੰਮ ਸਾਰਿਆ।
ਕਵਿਤਾ ਦਾ ਇਹ 'ਉਚ ਉਡਾਰੀ' ਨਮੂਨਾ ਸੁਣ ਕੇ ਹਾਸਾ ਤਾਂ ਪੈਣਾ ਹੀ ਸੀ। ਸੰਤ ਜੀ ਹੌਲ਼ੀ ਹੌਲ਼ੀ ਤਹੱਮਲ ਜਿਹੇ ਨਾਲ਼ ਇਸ ਤਰ੍ਹਾਂ ਭਾਸ਼ਨ ਕਰਿਆ ਕਰਦੇ ਸਨ ਕਿ ਉਹਨਾਂ ਦਾ ਆਖਿਆ ਜਨ ਸਾਧਾਰਨ ਦੇ ਹਿਰਦਿਆਂ ਨੂੰ ਧੁਰ ਅੰਦਰ ਤੱਕ ਟੁੰਬ ਜਾਇਆ ਕਰਦਾ ਸੀ। ਫਿਰ ਇਕ ਹੋਰ ਗੱਲ ਵੀ ਸੀ, ਉਹਨਾਂ ਦੇ ਵਿਰੋਧੀ ਵੀ ਉਹਨਾਂ ਦਾ ਭਾਸ਼ਨ ਪੂਰਾ ਸੁਣਨ ਲਈ ਮਜਬੂਰ ਹੋ ਜਾਇਆ ਕਰਦੇ ਸਨ। ਅੱਗੇ ਹੋਰ ਵੀ ਖੁਲਾਸਾ ਕਰਦਿਆਂ ਸੰਤ ਜੀ ਨੇ ਫੁਰਮਾਇਆ, "ਬਾਕੀ ਰਹੀ ਗੱਲ ਕੁਰਸੀ ਨੂੰ ਸੇਕ ਦੇਣ ਦੀ; ਉਹ ਕਿੱਕਰ ਸਿੰਘ ਸ. ਧੰਨਾ ਸਿੰਘ ਗੁਲਸ਼ਨ ਨਾਲ਼ੋਂ ਵਧ ਦੇ ਲਊ।" ਸ. ਕਿੱਕਰ ਸਿੰਘ ਜੀ, ਦੋ ਸਿਟਿੰਗ ਮੈਬਰਾਂ, ਕਾਂਗਰਸ ਦੇ ਪ੍ਰੋਫੈਸਰ ਦਲਜੀਤ ਸਿੰਘ ਤੇ ਮਾਸਟਰ ਅਕਾਲੀ ਦਲ ਦੇ ਸ. ਧੰਨਾ ਸਿੰਘ ਗੁਲਸ਼ਨ, ਨੂੰ ਸੱਬਰਕੱਤੀਆਂ ਵੋਟਾਂ ਨਾਲ਼ ਹਰਾ ਕੇ ਤੇ ਸੀਟ ਜਿੱਤ ਕੇ, ਭਾਰਤ ਦੀ ਪਾਰਲੀਮੈਟ ਵਿਚ ਪਹੁੰਚ ਗਏ। ਪਹਿਲੇ ਦਿਨ ਦੀਆਂ ਰੌਣਕਾਂ ਵਿਚ ਨਵੇ ਜਿੱਤੇ ਤੇ ਵਾਹਵਾ ਸਾਰੇ ਹਾਰੇ ਹੋਏ ਐਮ. ਪੀ. ਵੀ ਇਕੱਠੇ ਹੋਏ ਹੋਏ ਸਨ। ਇਸ ਗਹਿਮਾ ਗਹਿਮੀ ਵਿਚ ਰਾਜ ਸਭਾ ਦੇ ਸੋਸ਼ਲਿਸਟ ਮੈਬਰ, ਸ਼੍ਰੀ ਰਾਜ ਨਾਰਾਇਣ ਦੀ ਨਿਗਾਹ, ਇਕੱਠੇ ਤੁਰੇ ਆਉਂਦੇ, ਸ. ਕਿੱਕਰ ਸਿੰਘ ਤੇ ਸ. ਧੰਨਾ ਸਿੰਘ ਗੁਲਸ਼ਨ ਤੇ ਜਾ ਪਈ। ਆਪਣੇ ਮਖੌਲੀਆ ਅੰਦਾਜ਼ ਵਿਚ ਰਾਜ ਨਾਰਇਣ ਜੀ ਬੋਲ ਉਠੇ, "ਵਾਹ, ਸਿੱਖੋਂ ਕੀ ਬ੍ਹੀ ਕਿਆ ਬਾਤ ਹੈ! ਯਿਹ ਗੁਲਸ਼ਨ ਉਖਾੜ ਕਰ ਕੀਕਰ ਉਗਾਤੇ ਹੈਂ!" ਠਹਾਕਾ ਪਿਆ ਉਹਨਾਂ ਹਾਜਰਾਂ ਵੱਲੋਂ ਜਿਨ੍ਹਾਂ ਨੂੰ ਇਸ ਗੁਝੀ ਟਿੱਚਰ ਦੀ ਸਮਝ ਆ ਗਈ।
ਪਿੰਸੀਪਲ ਖੜਕ ਸਿੰਘ ਦੀ ਪੂਰੀ ਕਵਿਤਾ ਇਉਂ ਹੈ:
ਗੜਬੜ ਸਿੰਘ ਨੂੰ ਸਾਡਾ ਉਪਦੇਸ਼
1
ਜੇ ਕੁਝ ਖੱਟਣੈ ਤਾਂ ਪੰਥ ਦਾ ਪੱਲਾ ਫੜ ਸਿੰਘਾ। ਪੂਜਾ ਦੇ ਧਾਨ ਨਾਲ਼ ਇਲੈਕਸ਼ਨ ਲੜ ਸਿੰਘਾ।
ਲੈ ਇਕ ਓਟ ਗੁਰੂ ਘਰ ਦੀ ਜੇ ਦੋਸ਼ੀ ਏਂ, ਅੱਜ ਗੁਰਦੁਆਰੇ ਜੁਰਮਾਂ ਦੇ ਨੇ ਗੜ੍ਹ ਸਿੰਘਾ।
ਵਿਕਣ ਜਮੀਰਾਂ ਥਾਂ ਥਾਂ ਜੇ ਪੈਸਾ ਏ ਕੋਲ਼, ਰਾਜ ਸਭਾ ਵਿਚ ਪਿਛਲੇ ਬੂਹਿਉਂ ਵੜ ਸਿੰਘਾ।
ਰੱਬ ਰੁੱਸਦੈ ਤਾਂ ਰੁੱਸੇ, ਖੁੱਸੇ ਨਾ ਰਾਜ, ਵਿਉਂਤ ਅਜਿਹੇ ਢੰਗ ਦੀ ਕੋਈ ਘੜ ਸਿੰਘਾ।
ਪੰਥ ਦਾ ਲੀਡਰ ਜੇਕਰ ਬਣਨਾ ਲੋਚੇਂ ਤੂੰ, ਕਿਸੇ ਨਿਕੰਮੀ ਗੱਲ ਨੂੰ ਫੜ ਕੇ ਅੜ ਸਿੰਘਾ।
ਨਿਕਲ਼ ਗਿਆ ਪੰਜਾਬੀ ਸੂਬਾ ਤੈਥੋਂ ਦੂਰ, ਹੁਣ ਹਰਿਆਣੇ ਬਹਿ ਕੇ ਹਿੰਦੀ ਪੜ੍ਹ ਸਿੰਘਾ।
ਅਗਨਕੁੰਡ ਦੇ ਲਾਗੇ ਬਹਿ ਕੇ ਮਾਲ਼ਾ ਫੇਰ, ਜਾਪੇ ਜਿਉਂ ਤੈਂ ਸਚੀਂ ਜਾਣੈ ਸੜ ਸਿੰਘਾ।
ਸ਼ਾਮੀਂ ਪੀ ਕੇ ਨਾਲ਼ ਭਰਾਵਾਂ ਦੱਬ ਕੇ ਲੜ, ਤੜਕੇ ਉਠਣ ਸਾਰ ਸੁਖਮਨੀ ਪੜ੍ਹ ਸਿੰਘਾ।
ਮੁਖ ਰੱਖਕੇ ਗਉਂ ਆਪਣੀ, ਰੱਜਵੇਂ ਪਾਪ ਕਮਾ, ਦੋਸ਼ ਐਪਰ ਕਲਯੁਗ ਦੇ ਮੱਥੇ ਮੜ੍ਹ ਸਿੰਘਾ।
ਹੱਕ ਦੇ ਨਾਂ ਤੇ ਖੌਰੂ ਪਾ ਪਾ ਧਰਤੀ ਪੁੱਟ, ਹੋਰ ਕਿਤੇ ਲੱਗ ਜਾਏ ਧਰਮ ਦੀ ਜੜ੍ਹ ਸਿੰਘਾ।
ਥਾਂ ਥਾਂ ਇਕ ਦਿਨ ਪੰਥ ਖਾਲਸਾ ਗੱਜੂਗਾ, ਕੱਟ ਜਮਾਨਾ ਔਖ ਦਾ ਵੱਟ ਕੇ ਦੜ ਸਿੰਘਾ।
ਸੇਵ ਕਮਾ ਇਉਂ ਕੌਮ ਦੀ, ਜਿਧਰ ਪੁੱਟੇਂ ਪੈਰ, ਚੰਨ ਨਵਾਂ ਓਧਰ ਹੀ ਜਾਵੇ ਚੜ੍ਹ ਸਿੰਘਾ।
ਵੇਹਲੜ ਸ਼ੇਰਾ ਓ ਮੱਖੀਆਂ ਹੀ ਮਾਰੀ ਚੱਲ, ਯੋਧਾ ਏਂ ਤਾਂ ਮੱਖੀਆਂ ਨਾਲ਼ ਹੀ ਲੜ ਸਿੰਘਾ।
ਤਾਂਘ ਹੈ ਮੱਲਾ ਜੇ ਮਜ਼ਿੰਲ ਤੇ ਅਪੜਨ ਦੀ, ਕਿਸੇ ਸੂਰਮਾ ਸਿੰਘ ਦੀ ਉਂਗਲ਼ੀ ਫੜ ਸਿੰਘਾ।
ਜਦ ਅਨਪੜ੍ਹ ਸੈਂ, ਦੀਨ ਹੇਤ ਕਿੰਜ ਲੜਦਾ ਸੈਂ, ਪੜ੍ਹ ਕੇ ਅੱਖਰ ਚਾਰ ਕਿਉਂ ਗਿਉਂ ਹੜ੍ਹ ਸਿੰਘਾ।
ਇਕੋ ਧਿਰ ਦਾ ਹੱਥ ਠੋਕਾ ਬਣਨਾ ਕੀ ਆਖ, ਜੀਂਦਾ ਏਂ ਤਾਂ ਇਕੋ ਥਾਂ ਨਾ ਖੜ੍ਹ ਸਿੰਘਾ।
ਮੇਹਰ ਕਰੂ ਆਪੇ ਹੀ ਦਾਤਾ, ਲੈ ਕੇ ਹਾਰ, ਘੁੰਮ ਵਜ਼ੀਰਾਂ ਦੇ ਅਗੜ ਪਿਛੜ ਸਿੰਘਾ।
2
ਐਮ. ਐਮ. ਏ. ਦੀ ਅੜਦਲ਼ ਵਿਚ ਜਾ ਖੜ੍ਹ ਸਿੰਘਾ। ਨਿਕਾ ਮੋਟਾ ਕੰਮ ਗਿਆ ਜੇ ਅੜ ਸਿੰਘਾ।
ਹੋਣ ਲਫੰਗੇ ਜਿਸ ਹਲਕੇ ਦੇ ਤੇਰੇ ਯਾਰ, ਚੋਣ ਲਈ ਓਸੇ ਹਲਕੇ 'ਚੋਂ ਲੜ ਸਿੰਘਾ।
ਕਾਰ ਚਲਾਉਣੀ ਸਿਖ ਫੱਕਰਾਂ ਦੀ, ਚੇਤੇ ਰੱਖ, ਲੋਕ ਸਭਾ ਦੀ ਟਿਕਟ ਮਿਲ਼ੂ ਅਨਪੜ੍ਹ ਸਿੰਘਾ।
ਤੇਗ ਚਲਾ ਇਉਂ ਫੁਰਤੀ ਨਾਲ਼ ਵਜ਼ਾਰਤ ਤੇ, ਸਿਰ ਕਿਧਰੇ ਜਾ ਡਿੱਗੇ, ਕਿਧਰੇ ਧੜ ਸਿੰਘਾ।
ਦਾਹੜੀ ਉਹ ਰੱਖ ਚੋਣ ਸਮੇ ਜੋ ਖੁਲ੍ਹ ਜਾਵੇ, ਪਰ ਚੋਣਾਂ ਦੇ ਮਗਰੋਂ ਜਾਵੇ ਚੜ੍ਹ ਸਿੰਘਾ।
ਗਊ ਸਮਝ ਕੇ ਲੱਖ ਤੈਨੂੰ ਪਸਮਾਵੇ ਪੰਥ, ਹੋ ਜਾ ਕਿਧਰੇ ਤਿੱਤਰ ਮਾਰ ਕੇ ਛੜ ਸਿੰਘਾ।
ਝੂਣ ਵਿਰੋਧੀ ਧਿਰ ਨੂੰ ਬੇਰਾਂ ਵਾਂਗ, ਫਿਰਵੇਂ ਚੁਲ੍ਹੇ ਆਪੇ ਜਾਣਗੇ ਝੜ ਸਿੰਘਾ।
ਮਤੇ ਕਿਸੇ ਨੂੰ ਭੁਲ ਕੇ ਫਤਿਹ ਗਜਾ ਬੈਠੇਂ, ਕੌਣ ਕੌਣ ਹੈ ਵੋਟਰ ਲਿਸਟ ਤਾਂ ਪੜ੍ਹ ਸਿੰਘਾ।
ਖੜ੍ਹੀਆਂ ਕਰਕੇ ਗਿਠ ਗਿਠ ਮੁੱਛਾਂ ਸਿਮਕੋ ਨਾਲ਼, ਵਾਰ ਸਪੀਕਰ ਤੇ ਚੰਡੀ ਦੀ ਪੜ੍ਹ ਸਿੰਘਾ।
ਵੇਖ ਕਿਵੇਂ ਅੰਨ੍ਹੀ ਸ਼ਰਧਾ ਦੇ ਮੁੜ੍ਹਕੇ ਨਾਲ਼, ਲੱਗ ਜਾਂਦੀ ਗੁਰਦੁਆਰੀਂ ਤੇਰੀ ਜੜ੍ਹ ਸਿੰਘਾ।
ਭੰਗ ਇਕੱਲੀ ਹੀ ਭੁੱਜੇ ਕਿਉਂ ਤੇਰੇ ਘਰ, ਨਾਲ ਇਹਦੇ ਵਿਚੇ ਆਪ ਵੀ ਸੜ ਸਿੰਘਾ।
ਵੈਰੀ ਜੇ ਤਕੜੇ ਨੇ ਤੈਥੋਂ ਵਾਲ਼ ਹੀ ਚੁਗ, ਤੇਗ ਦੀ ਥਾਂ ਹੱਥ ਵਿਚ ਨੱਕ-ਚੂੰਢੀ ਫੜ ਸਿੰਘਾ।
ਪੁਲ਼ਸ ਫਿਰੂ ਖਿੱਚੀ ਐਵੇਂ ਠਾਣੇ ਵਿਚ, ਕਿਸੇ ਮਨਿਸਟਰ ਨਾਲ਼ ਨਾ ਬੈਠੀਂ ਲੜ ਸਿੰਘਾ।
ਚੜ੍ਹਨ ਚੜ੍ਹਾਵੇ ਸੋਨੇ ਦੇ ਹਰਿਮੰਦਰ ਵਿਚ, ਹਰਿਮੰਦਰ ਵਿਚ ਬਹਿਕੇ ਟੂੰਮਾਂ ਘੜ ਸਿੰਘਾ।
ਚੋਣਾਂ ਲੜ, ਦੇਹ ਭਾਸ਼ਨ ਤੇ ਪਾ ਭੜਥੂ, ਇੰਜ, ਜਾ ਅਪੜੇਂਗਾ ਚੰਡੀਗੜ੍ਹ ਸਿੰਘਾ।
ਹੋਰ ਨਹੀ ਤਾਂ ਨੱਸ ਕੇ ਚੀਫ ਮਨਿਸਟਰ ਦੀ, ਭੱਜੀ ਜਾਂਦੀ ਕਾਰ ਦੀ ਛਾਂ ਹੀ ਫੜ ਸਿੰਘਾ।
ਸਿੰਘ ਦਾ ਕੰਮ ਨਹੀ ਬਹਿਣਾ ਵੱਟ ਕੇ ਚੁੱਪ, ਬੜਬੜ ਪਾਈ ਰੱਖ ਇਵੇਂ ਗੜਬੜ ਸਿੰਘਾ

Tuesday, March 3, 2009

ਕੁਫ਼ਰ ਟੂਟਾ ਖ਼ੁਦਾ ਖ਼ੁਦਾ ਕਰਕੇ


ਗਿ. ਸੰਤੋਖ ਸਿੰਘ ,ਆਸਟ੍ਰੇਲੀਆ
ਆਸਟ੍ਰੇਲੀਆ ਦੇ ਵਾਸੀ, ਪ੍ਰਸਿਧ ਪੰਥਕ ਵਿਦਵਾਨ ਗਿ. ਸੰਤੋਖ ਸਿੰਘ ਜੀ ਵੱਲੋਂ, ਪੰਜ ਸਾਲ ਪਹਿਲਾਂ ਲਿਖੇ ਗਏ ਅਤੇ ਉਹਨਾਂ ਦੀ ਪੁਸਤਕ ‘ਸਚੇ ਦਾ ਸਚਾ ਢੋਆ’ ਵਿਚ ਛਪੇ ਹੋਏ ਇਸ ਲੇਖ ਨੂੰ, ਪਾਠਕਾਂ ਤੇ ਸ਼੍ਰੋਮਣੀ ਗੁ. ਪ੍ਰ. ਕਮੇਟੀ ਦੇ ਧਿਆਨ ਵਾਸਤੇ ਏਥੇ ਛਾਪ ਰਹੇ ਹਾਂ।
ਸੰਪਾਦਕ

ਸੋਲ੍ਹਾਂ ਸਾਲਾਂ ਪਿਛੋਂ ਸਰਕਾਰ ਨੇ ਸਾਚਾਈ ਦਾ ਇਕਬਾਲ ਕੀਤਾ। ਜੂਨ 1984 ਵਿਚ ਸਿੱਖਾਂ ਨਾਲ, "ਜੱਗੋਂ ਤ੍ਹੇਰਵੀਂ" ਹਿੰਦ ਸਰਕਾਰ ਨੇ ਕੀਤੀ; ਜਦੋਂ ਕਿ ਵਿਸ਼ਾਲ ਹਿੰਦੂ ਸਮਾਜ ਨੂੰ ਆਪਣੇ ਪ੍ਰਾਪੇਗੰਡੇ ਦੇ ਜਾਲ ਨਾਲ ਗੁਮਰਾਹ ਕਰਕੇ, ਸਿਰਫ ਤੇ ਸਿਰਫ ਉਹਨਾਂ ਦੇ ਵੋਟ ਬੈਂਕ ਉਪਰ ਦਿਨ ਦੀਵੀਂ ਡਾਕਾ ਮਾਰਨ ਵਾਸਤੇ, ਸਮੁਚੀ ਸਿੱਖ ਕੌਮ ਉਪਰ ਫੌਜਾਂ ਇਉਂ ਚਾਹੜ ਦਿਤੀਆਂ ਜਿਵੇਂ ਕਿਤੇ ਉਹ ਆਪਣੇ ਦੇਸ਼ ਦੇ ਗੁਰਧਾਮਾਂ ਅੰਦਰ, ਪਰਵਾਰਾਂ ਸਣੇ, ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਨਾ ਮਨਾ ਰਹੇ ਹੋਣ ਸਗੋਂ ਦੁਸ਼ਮਣਾਂ ਦੀ ਹਮਲਾਵਰ ਫੌਜ ਹੋਵੇ। ਖ਼ੈਰ, ਇਸ ਬਾਰੇ ਦੁਨੀਆਂ ਦੇ ਨਿਰਪੱਖ ਸੂਝਵਾਨਾਂ ਵੱਲੋਂ, ਪਿਛਲੇ ਸੋਲ੍ਹਾਂ ਸਾਲਾਂ ਦੇ ਸਮੇ ਦੌਰਾਨ, ਬਹੁਤ ਕੁਝ ਕਿਹਾ-ਸੁਣਿਆ ਗਿਆ ਹੈ ਅਤੇ ਹਿੰਦ ਸਰਕਾਰ ਅਤੇ ਉਸਦੇ ਨੌਕਰਾਂ ਤੇ ਚਿਮਚਿਆਂ ਵਲੋਂ ਵੀ ਬਥੇਰੇ ਝੂਠ ਦੇ ਤੁਫਾਨ ਉਠਾਏ ਗਏ ਹਨ।
ਅੱਜ ਅਸੀਂ ਸਿਰਫ ਇਕ ਗੱਲ ਹੀ ਪਾਠਕਾਂ ਨਾਲ ਸਾਂਝੀ ਕਰਨੀ ਹੈ ਜੋ ਕਿ ਪਿਛਲੇ ਹਫਤੇ, ਹਿੰਦ ਦੇ ਰਖਿਆ ਮੰਤਰੀ, ਸ਼੍ਰੀ ਜਾਰਜ ਫਰਨੈਡਜ ਨੇ ਆਖ ਕੇ, ਪਿਛਲੇ ਸੋਲ੍ਹਾਂ ਸਾਲਾਂ ਤੋਂ ਲਗਾਤਾਰ ਹਿੰਦ ਸਰਕਾਰ ਵਲੋਂ ਵਾਰ ਵਾਰ ਬੋਲੇ ਜਾ ਰਹੇ ਝੂਠ ਦਾ ਭਾਂਡਾ ਵਿਚ ਚੌਰਾਹੇ ਦੇ ਭੰਨਿਆ ਹੈ। ਸਰਕਾਰ ਕਹਿੰਦੀ, ਲਿਖਦੀ ਤੇ ਬੋਲਦੀ ਆ ਰਹੀ ਸੀ ਕਿ ਸ੍ਰੀ ਦਰਬਾਰ ਸਾਹਿਬ ਉਪਰ ਜੂਨ 1984 ਵਿਚ ਕੀਤੇ ਗਏ ਫੌਜੀ ਹਮਲੇ ਦੌਰਾਨ, ਸੱਤ ਜੂਨ ਵਾਲੇ ਦਿਨ ‘ਅੱਤਵਾਦੀਆਂ’ ਨੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਸਥਿਤ, ਸਿੱਖ ਰੈਫ਼ਰੈਂਸ ਲਾਇਬ੍ਰੇਰੀ, ਨੂੰ ਅੱਗ ਲਾਕੇ ਸਾੜ ਦਿਤਾ ਹੈ। ਉਸ ਸਮੇ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਸਰਦਾਰ ਗੁਰਚਰਨ ਸਿੰਘ ਟੌਹੜਾ, ਨੇ ਆਪਣੇ ਵਸੀਲਿਆਂ ਰਾਹੀਂ ਇਸ ਸਚਾਈ ਦਾ ਪਤਾ ਲਾ ਲਿਆ ਸੀ ਕਿ ਲਾਇਬ੍ਰੇਰੀ ਸਾੜੀ ਨਹੀ ਗਈ ਬਲਕਿ ਉਸ ਵਿਚਲਾ ਸਾਹਿਤ ਕਢਕੇ ਬਾਕੀ ਘਟ ਜ਼ਰੂਰੀ ਸਮਝੇ ਗਏ ਕਾਗਜਾਂ ਨੂੰ ਅੱਗ ਲਾਕੇ, ‘ਆਤਵਾਦੀਆਂ’ ਦੇ ਲਾਇਬ੍ਰੇਰੀ ਸਾੜਨ ਦਾ ਡਰਾਮਾ ਰਚਿਆ ਗਿਆ ਸੀ, ਤਾਂ ਕਿ ਸਿੱਖ ਸੰਗਤਾਂ ਦੀ ਅੱਖੀਂ ਘੱਟਾ ਪਾਇਆ ਜਾ ਸਕੇ।
ਮੁੜ ਮੁੜ ਸ਼੍ਰੋਮਣੀ ਕਮੇਟੀ ਵਲੋਂ ਹਿੰਦ ਸਰਕਾਰ ਨੂੰ ਚਿਠੀਆਂ ਲਿਖ ਕੇ ਲਾਇਬ੍ਰੇਰੀ ਦੀ ਮੰਗ ਕੀਤੀ ਜਾਂਦੀ ਰਹੀ ਹੈ ਪਰ ਸਰਕਾਰ ਟੱਸ ਤੋਂ ਮੱਸ ਨਹੀ ਹੋਈ। ਕਿਸੇ ਚਿੱਠੀ ਦਾ ਜਵਾਬ ਤਕ ਨਹੀ ਦਿਤਾ। ਮੰਨਿਆ ਹੀ ਨਹੀ ਕਿ ਕੋਈ ਚਿੱਠੀ ਮਿਲੀ ਵੀ ਹੈ। ਇਕ ਕਾਂਗਰਸੀ ਐਮ. ਪੀ. ਸਰਦਾਰ ਜਗਮੀਤ ਸਿੰਘ ਬਰਾੜ ਨੇ ਲੋਕ ਸਭਾ ਵਿਚ ਕੀਤੀ ਗਈ ਆਪਣੀ ਤਕਰੀਰ ਦੌਰਾਨ ਇਹ ਭੇਦ ਵੀ ਖੋਹਲਿਆ ਕਿ ਮੇਰਠ ਦੇ ਮਿਲਟਰੀ ਹੈਡ ਕੁਆਰਟਰਜ਼ ਵਿਚ ਫੌਜੀ ਹਿਫ਼ਜ਼ਤ ਅੰਦਰ ਰੱਖੀ ਗਈ ਲਾਇਬ੍ਰੇਰੀ ਸਿੱਖ ਕੌਮ ਨੂੰ ਵਾਪਸ ਕੀਤੀ ਜਾਵੇ ਤੇ ਨਾਲ ਹੀ ਇਸ ਭਿਆਨਕ ਗੁਨਾਹ ਦੀ ਸਿੱਖ ਕੌਮ ਪਾਸੋਂ ਸਰਕਾਰ ਮੁਆਫੀ ਮੰਗੇ। ਸਰਕਾਰ ਨੇ ਸਪੀਚ ਸੁਣ ਲਈ ਪਰ ਹਾਂ ਜਾਂ ਨਾਹ ਵਿਚ ਕੋਈ ਉਤਾ ਨਹੀ ਸੀ ਵਾਚਿਆ।
ਇਸ ਉਪ੍ਰੰਤ ਸ਼੍ਰੋਮਣੀ ਕਮੇਟੀ ਸਿਧੀ ਰਖਿਆ ਮੰਤ੍ਰਾਲੇ ਨੂੰ ਚਿਠੀਆਂ ਲਿਖਣ ਲੱਗ ਪਈ। ਹੁਣ ਅਖੀਰ ਵਿਚ ਭਾਰਤ ਦੇ ਰਖਿਆ ਮੰਤਰੀ, ਸ਼੍ਰੀ ਜਾਰਜ ਫ਼ਰਨੈਡਜ਼ ਨੇ, ਸ਼੍ਰੋਮਣੀ ਕਮੇਟੀ ਨੂੰ ਦਸਿਆ ਹੈ ਕਿ ਲਾਇਬ੍ਰੇਰੀ ਹੈ; ਪਰ ਉਸਦੇ ਮੰਤ੍ਰਾਲੇ ਪਾਸ ਨਹੀ ਸਗੋਂ ਸੀ. ਭੀ. ਆਈ. ਪਾਸ ਹੈ ਤੇ ਇਸਦੀ ਪ੍ਰਾਪਤੀ ਵਾਸਤੇ ਸ਼੍ਰੋਮਣੀ ਕਮੇਟੀ ਨੂੰ ਸਿਧੀ ਸਬੰਧਤ ਮੰਤ੍ਰਾਲੇ ਨਾਲ ਲਿਖਾ-ਪੜ੍ਹੀ ਕਰਨੀ ਚਾਹੀਦੀ ਹੈ। ਸਵਾਲ ਉਠਦਾ ਹੈ ਕਿ ਸੋਲ੍ਹਾਂ ਸਾਲਾਂ ਪਿਛੋਂ ਇਕ ਸਰਕਾਰੀ ਵਜ਼ੀਰ ਨੇ ਇਸ ਸੱਚਾਈ ਨੂੰ ਹੁਣ ਕਿਉਂ ਕਬੂਲ ਕੀਤਾ ਜਦੋਂ ਕਿ ਪਿਛਲੀਆਂ ਸਰਕਾਰਾਂ, ਸਮੇਤ ਪਾਰਲੀਮੈਂਟ ਦੇ, ਸਾਰੀ ਦੁਨੀਆਂ ਨੂੰ ਇਸ ਬਾਰੇ ਝੂਠ ਬੋਲ ਤੇ ਝੂਠ ਲਿਖ ਕੇ ਗੁਮਰਾਹ ਕਰਦੀਆਂ ਆ ਰਹੀਆਂ ਸਨ! ਕੀ ਇਸ ਸੱਚਾਈ ਨੂੰ ਕਬੂਲਣ ਦੇ ਪਿਛੇ ਕਿਤੇ ਸ਼੍ਰੀ ਫ਼ਰਨੈਡਜ਼ ਜੀ ਦੀ ਆਪਣੀ ਨਿਜੀ ਸ਼ਖਸ਼ੀਅਤ ਹੀ ਤਾਂ ਕਾਰਨ ਨਹੀ! ਸੁਣਦੇ ਸਾਂ ਕਿ 1975 ਵਿਚ ਨਰਕਵਾਸੀ ਇੰਦਰਾ ਗਾਂਧੀ ਵਲੋਂ ਲੱਗਾਈ ਗਈ ਐਮਰਜੈਂਸੀ ਦੌਰਾਨ, ਆਪਣੀ ਗ੍ਰਿਫਤਾਰੀ ਤੋਂ ਬਚਣ ਲਈ, ਸ੍ਰੀ ਫ਼ਰਨੈਡਜ਼ ਜੀ ਇਕ ਸਿੱਖ ਦੇ ਭੇਸ ਵਿਚ ਵਿਚਰਦੇ ਰਹੇ ਸਨ ਤੇ ਕੁਦਰਤੀ ਹੈ ਕਿ ਇਸ ਦੌਰਾਨ ਸਿੱਖ ਵਿਅਕਤੀਆਂ ਅਤੇ ਸਿੱਖ ਸੰਸਥਾਵਾਂ ਦੇ ਸੰਪਰਕ ਵਿਚ ਆਉਣ ਸਦਕਾ, ਸ਼੍ਰੀ ਚੰਦਰ ਸ਼ੇਖਰ ਵਾਂਗ, ਇਹਨਾਂ ਦੇ ਦਿਲ ਵਿਚ ਵੀ ਸਿੱਖਾਂ ਦੀਆਂ ਸਿਫਤਾਂ ਦਾ ਕੋਈ ਥੋਹੜਾ-ਬਹੁਤਾ ਪ੍ਰਭਾਵ ਰਹਿ ਗਿਆ ਹੋਵੇ ਤੇ ਉਸ ਕਰਕੇ ਹੀ ਉਹਨਾਂ ਨੇ ਲਾਇਬ੍ਰੇਰੀ ਸਬੰਧੀ ਸਚਾਈ ਨੂੰ ਮੰਨ ਲਿਆ ਹੋਵੇ! ਜਾਂ ਫੇਰ ਇਹ ਵੀ ਹੋ ਸਕਦਾ ਹੈ ਕਿ ਇਹਨਾਂ ਦਿਨਾਂ ਦੌਰਾਨ ਕੁਝ ਗੁੰਡਿਆਂ ਵਲੋਂ ਈਸਾਈ ਸੰਸਥਾਵਾਂ ਅਤੇ ਅਬਲਾਵਾਂ ਉਪਰ ਹਮਲੇ ਹੋ ਰਹੇ ਹੋਣ ਕਰਕੇ, ਸ਼੍ਰੀ ਜਾਰਜ ਫ਼ਰਨੈਡਜ਼ ਜੀ ਨੂੰ ਸਿੱਖਾਂ ਦੇ ਸਾਥ ਦੀ ਜਰੂਰਤ ਮਹਿਸੂਸ ਹੋਈ ਹੋਵੇ; ਕਿਉਂਕਿ ਦੋ ਵਿਅਕਤੀ ਜਾਂ ਦੋ ਕਮਿਊਨਿਟੀਆਂ ਜੋ ਕਿ ਇਕ ਜ਼ਾਲਮ ਦੇ ਜ਼ੁਲਮ ਦਾ ਸ਼ਿਕਾਰ ਬਣਦੀਆਂ ਹਨ, ਉਹਨਾਂ ਦਾ ਇਕ-ਦੂਜੇ ਦੇ ਨੇੜੇ ਆਉਣਾ ਕੁਦਰਤੀ ਹੈ। ਸਾਂਝੇ ਜ਼ਾਲਮ ਦੁਸ਼ਮਣ ਤੋਂ ਬਚਾ ਕਰਨ ਦੀ ਭਾਵਨਾ ਦੋ ਮਜਲੂਮਾਂ ਨੂੰ ਮਿੱਤਰ ਬਣਨ ਵਿਚ ਸਹਾਈ ਹੋ ਜਾਂਦੀ ਹੈ; ਅਤੇ ਇਸਦੇ ਸਬੂਤ ਵਜੋਂ ਇਕ ਤੋਂ ਵਧ ਥਾਂਵਾਂ ਤੇ ਕੁਝ ਸਿੱਖ ਨੌਜਵਾਨਾਂ ਨੇ ਆਪਣੀ ਜਾਨ ਨੂੰ ਖ਼ਤਰੇ ਵਿਚ ਪਾਕੇ, ਇਸਾਈ ਸੰਤਣੀਆਂ ਦੀ ਬੇਪਤੀ ਕਰਨ ਤੋਂ ਗੁੰਡਿਆਂ ਨੂੰ ਰੋਕ ਕੇ ਭਜਾਇਆ ਵੀ ਹੈ।
ਉਪ੍ਰੋਕਤ ਦੋਵੇਂ ਕਾਰਨਾਂ ਵਿਚੋਂ ਕੋਈ ਇਕ ਜਾਂ ਦੋਵੇਂ ਵੀ ਹੋਣ ਤਾਂ ਧੰਨ ਭਾਗ! ਪਰ ਇਕ ਤੀਜਾ ਕਾਰਨ ਵੀ ਹੋ ਸਕਦਾ ਹੈ ਜਿਸ ਤੋਂ ਸਿੱਖ ਜ਼ਿਮੇਵਾਰ ਵਿਅਕਤੀਆਂ, ਸੰਸਥਾਵਾਂ ਅਤੇ ਵਿਦਵਾਨਾਂ ਨੂੰ ਬੜੀ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ। ਇਕ ਸਾਹਮਣੇ ਵਾਪਰੀ ਘਟਨਾ ਦਾ ਜ਼ਿਕਰ ਕਰਦਾ ਹਾਂ। 1985 ਦੇ ਤਕਰੀਬਨ ਅਧ ਜਿਹੇ ਦਾ ਵਾਕਿਆ ਹੈ। ਬ੍ਰਿਸਬਿਨ ਦੇ ਇਕ ਸਬਅਰਬ ਵਿਚ ਕਿਸੇ ਸੱਜਣ ਦੇ ਘਰ ਕੁਝ ਸਿੱਖ ਸਰਦਾਰ ਰਾਤ ਦੇ ਭੋਜਨ ਉਪਰ ਇਕੱਤਰ ਸਨ। ਘਰ ਵਾਲੇ ਸੱਜਣ ਦਾ ਨਾਂ ਹੁਣ ਮੈਨੂੰ ਯਾਦ ਨਹੀ ਰਿਹਾ। ਓਥੇ ਹੀ, ਉਸ ਸਮੇ ਮੁਰਵਿਲੰਭਾ ਅਤੇ ਹੁਣ ਨਾਰਥ ਕਵੀਨਜ਼ੈਂਡ ਵਾਸੀ, ਸਰਦਾਰ ਸ਼ਿੰਗਾਰਾ ਸਿੰਘ ਧੋਤੜ, ਮੈਨੂੰ ਵੀ ਲੈ ਗਏ। ਗੱਲ-ਬਾਤ ਦੌਰਾਨ, ਨਾਰਥ ਕਵੀਨਜ਼ੈਂਡ ਦੇ ਵਸਨੀਕ ਸਰਦਾਰ ਸਤਿਨਾਮ ਸਿੰਘ ਸੈਣੀ, ਨੇ ਬਹੁਤ ਹੀ ਭੇਤ ਵਾਲੀ ਅਤੇ ਮਹੱਤਵਪੂਰਨ ਗੱਲ ਓਥੇ ਆਖੀ। ਉਹਨਾਂ ਦੱਸਿਆ ਕਿ ਲਾਇਬ੍ਰੇਰੀ ਸਾੜੀ ਨਹੀ ਗਈ ਬਲਕਿ ਓਥੋਂ ਕਢ ਕੇ ਲੈ ਜਾਈ ਗਈ ਹੈ। ਮੇਰੇ ਇਸ ਸਵਾਲ ਤੇ ਕਿ ਲੈ ਜਾਣ ਦਾ ਕੀ ਫਾਇਦਾ ਸਰਕਾਰ ਨੂੰ! ਤਾਂ ਉਤਰ ਵਿਚ ਉਹਨਾਂ ਨੇ ਕਿਹਾ ਕਿ ਸਰਕਾਰ ਉਸ ਵਿਚ ਮਨ ਮਾਨੀਆਂ ਤਬਦੀਲੀਆਂ ਕਰਕੇ ਫੇਰ ਵਾਪਸ ਲੋਕਾਂ ਵਿਚ ਪੁਚਾਵੇਗੀ ਤਾਂ ਕਿ ਸਿੱਖ ਸਿਧਾਂਤ, ਸਿੱਖ ਇਤਿਹਾਸ, ਸਿੱਖ ਧਰਮ, ਸਿਖ ਫਲਸਫੇ ਵਿਚ ਰੋਲ਼-ਘਚੋਲ਼ਾ ਪਾਇਆ ਜਾਵੇ। ਇਹਨਾਂ ਦੇ ਸ਼ਬਦ-ਗੁਰੂ, ਗੁਰੂ-ਪੰਥ ਵਾਲੀ ਸੋਚ ਨੂੰ ਕੁਰਾਹੇ ਪਾਇਆ ਜਾ ਸਕੇ। ਮੈਨੂੰ ਇਸ ਸੁਨਸਨੀਖੇਜ਼ ਇਨਕਸ਼ਾਫ ਤੇ ਇਤਬਾਰ ਨਾ ਆਇਆ ਤੇ ਸਵਾਲ ਕੀਤਾ, “ਤੁਹਾਨੂੰ ਇਸ ਗੱਲ ਦਾ ਕਿਵੇਂ ਪਤਾ ਹੈ?” ਤਾਂ ਉਤਰ ਮਿਲਿਆ ਕਿ ਉਹਨਾਂ ਨੂੰ ਕਿਸੇ ਰਿਸ਼ਤੇਦਾਰ ਤੋਂ ਇਸ ਗੱਲ ਦੀ ਸੁੰਧਕ ਮਿਲੀ ਹੈ ਜੋ ਕਿ ਖੁਦ ਸਿੱਖੀ ਦੀ ਮੁਖ ਧਾਰਾ ਨੂੰ ਛੱਡਕੇ ਕਿਸੇ ਹੋਰ ਸੰਸਥਾ ਦਾ ਪੈਰੋਕਾਰ ਬਣ ਚੁੱਕਾ ਹੈ।
ਹਾਲਾਂ ਕਿ ਮੈ ਆਪਣੇ ਸੁਭਾ ਅਨੁਸਾਰ ਹਰੇਕ ਦੀ ਗੱਲ ਨੂੰ ਸੱਤ ਕਰਕੇ ਹੀ ਮੰਨ ਲੈਂਦਾ ਹਾਂ ਪਰ ਇਹ ਗੱਲ ਮੈਨੂੰ ਅਸੱਤ ਜਿਹੀ ਲੱਗੀ ਤੇ ਮੈ ਇਸਨੂੰ ਸਰਦਾਰਾਂ ਦੇ ਰਾਤਰੀ ਭੋਜਨ ਦੌਰਾਨ ਮਾਰੀ ਗਈ ਇਕ ਗੱਪ ਹੀ ਸਮਝਿਆ। ਹੁਣ ਉਹ ਸੱਚਾਈ ਬਣ ਕੇ ਸਾਹਮਣੇ ਆਈ ਜਿਸਨੂੰ ਏਨਾ ਚਿਰ ਪਹਿਲਾਂ ਮੈ ਹਨੇਰੇ ਵਿਚ ਮਾਰੀ ਗਈ ਤਲਵਾਰ ਹੀ ਸਮਝਦਾ ਰਿਹਾ ਸਾਂ। ਸੱਚ ਹੀ ਕਿਸੇ ਨੇ ਕਿਹਾ ਹੈ ਕਿ ਔਲੇ ਦਾ ਖਾਧਾ ਤੇ ਸਿਆਣੇ ਦਾ ਆਖਿਆ ਬਾਅਦ ਵਿਚ ਪਤਾ ਦਿੰਦੇ ਹਨ। "ਜਾਦੂ ਉਹ ਜੋ ਸਿਰ ਚੜ੍ਹ ਬੋਲੇ।"
ਇਕ ਅਹਿਮ ਸਵਾਲ ਇਹ ਵੀ ਹੈ ਕਿ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਵਿਚੋਂ ਲਾਇਬ੍ਰੇਰੀ ਦੇ ਗ੍ਰੰਥਾਂ ਨੂੰ ਫੌਜ ਚੁੱਕ ਕੇ, ਅੰਮ੍ਰਿਤਸਰ ਸਥਿਤ ਆਪਣੇ ਹੈਡਕੁਆਰਟਰਜ਼ ਵਿਚ ਲੈ ਕੇ ਗਈ ਤੇ ਸ਼੍ਰੋਮਣੀ ਕਮੇਟੀ ਦੀ ਜਾਣਕਾਰੀ ਅਨੁਸਾਰ, ਓਥੇ ਉਹਨਾਂ ਗ੍ਰੰਥਾਂ ਦੀ ਲਿਸਟ ਤਿਆਰ ਕਰਕੇ, ਟਰੰਕਾਂ ਵਿਚ ਲੱਦ ਕੇ, ਕਿਸੇ ਅਣਜਾਣੀ ਥਾਂ ਤੇ ਲਿਜਾਇਆ ਗਿਆ ਅਤੇ ਸਰਦਾਰ ਜਗਮੀਤ ਸਿੰਘ ਬਰਾੜ ਦੀ ਲੋਕ ਸਭਾ ਵਿੱਚ ਦਿਤੀ ਗਈ ਸਪੀਚ ਅਨੁਸਾਰ, ਉਹ ਗ੍ਰੰਥ ਅਤੇ ਸਾਡਾ ਪੰਜ ਸਦੀਆਂ ਦਾ ਧਾਰਮਿਕ ਤੇ ਇਤਿਹਾਸਕ ਸਾਹਿਤ, ਮੇਰਠ ਵਿਖੇ ਫੌਜੀ ਕੰਟ੍ਰੋਲ ਵਿਚ ਰੱਖਿਆ ਗਿਆ; ਪਰ ਹੁਣ ਰਖਿਆ ਮੰਤਰੀ ਜੀ ਆਖ ਰਹੇ ਹਨ ਕਿ ਉਹ ਸਾਰਾ ਕੁਝ ਸੀ. ਬੀ. ਆਈ. ਪਾਸ ਹੈ। ਕੀ ਇਹਨਾਂ ਵਾਕਿਆਤ ਤੋਂ ਇਹ ਸਾਬਤ ਨਹੀ ਹੁੰਦਾ ਕਿ ਉਹਨਾਂ ਸਾਰੇ ਗ੍ਰੰਥਾਂ ਦੀ, ਸੀ. ਬੀ. ਆਈ. ਦੇ ਅਦਾਰੇ ਅੰਦਰ ਕੰਮ ਕਰਦੇ, ਸਰਕਾਰੀ ਖ੍ਰੀਦੇ ਹੋਏ ਵਿਦਵਾਨਾਂ ਪਾਸੋਂ ਛਾਣ ਬੀਣ ਕਰਵਾ ਕੇ ਤੇ ਉਹਨਾਂ ਵਿਚ ਲੋੜੀਂਦੀ ਅਦਲਾ-ਬਦਲੀ ਕਰਕੇ ਹੁਣ ਪੰਥ ਨੂੰ ਵਾਪਸ ਕਰਨ ਲਈ ਮੈਦਾਨ ਤਿਆਰ ਕੀਤਾ ਜਾ ਰਿਹਾ ਹੈ!
ਹੁਣ ਪੰਥ ਨੂੰ ਇਸ ਗੱਲੋਂ ਵੀ ਸਾਵਧਾਨ ਹੋਣ ਦੀ ਲੋੜ ਹੈ ਕਿ ਕਿਤੇ ਸ਼੍ਰੀ ਫ਼ਰਨੈਡਜ਼ ਜੀ ਤੋਂ ਵੀ 1947 ਤੋਂ ਚਲੀ ਆ ਰਹੀ ਸਰਕਾਰੀ ਨੀਤੀ ਅਨੁਸਾਰ ਹੀ ਤਾਂ ਨਹੀ ਇਸ ਸੱਚਾਈ ਨੂੰ ਇਸ ਸਮੇ ਜ਼ਾਹਰ ਕਰਵਾਇਆ ਗਿਆ; ਜਦੋਂ ਕਿ ਇਸ ਸਮੇ ਪੰਜਾਬ ਅੰਦਰ ਰ. ਸ. ਸ ਵਰਗੀਆਂ ਜਥੇਬੰਦੀਆਂ ਵਲੋਂ ਧੂੰਆਂ ਧਾਰ ਪ੍ਰਾਪੇਗੰਡਾ, ਸਿੱਖਾਂ ਨੂੰ ਹਿੰਦੂ ਵਿਸ਼ਾਲ ਸਮੁੰਦਰ ਵਿਚ ਡੋਬ ਕੇ ਮਾਰਨ ਲਈ ਕੀਤਾ ਜਾ ਰਿਹਾ ਹੈ; ਕਿਤੇ ਇਹ ਵੀ ਤਾਂ ਓਸੇ ਸਾਜਸ਼ ਦੀ ਇਕ ਅਹਿਮ ਕੜੀ ਤਾਂ ਨਹੀ ਕਿ ਐਨ ਇਸ ਸਮੇ ਹੀ ਮਿਲਾਵਟ ਪਾਈ ਹੋਈ ਲਾਇਬ੍ਰੇਰੀ ਸਿੱਖਾਂ ਦੇ ਹਵਾਲੇ ਕਰ ਦਿਓ। ਇਸ ਨਾਲ ਇਕ ਤਾਂ ਹਿੰਦ ਸਰਕਾਰ ਵਿਚ ਬੈਠੇ ਹੋਏ ਘਟ ਗਿਣਤੀਆਂ ਦੇ ਖਾਤਮੇ ਲਈ ‘ਪ੍ਰਤੀਬਧ ਸੱਜਣਾਂ’ ਦੀ ਸਾਜਸ਼ ਸਿਰੇ ਚੜ੍ਹ ਜਾਵੇਗੀ ਤੇ ਨਾਲ ਦੀ ਨਾਲ ਹੀ, ਖੁਦ ਨੂੰ ਚਲਾਕ ਸਮਝਣ ਵਾਲੇ ਪਰ ਅੰਦਰੋਂ ਸਵਾਰਥ ਦੇ ਪੜਦੇ ਨਾਲ ਕੱਜੀ ਹੋਈ ਅਕਲ ਦੇ ਮਾਲਕ, ਖੁਸ਼ੀਆਂ ਦੇ ਜੈਕਾਰੇ ਗਜਾ ਕੇ, ਨਗਾਰੇ ਖੜਕਾ ਕੇ, ਦੀਵੇ ਜਗਾ ਕੇ ਮੌਜੂਦਾ ਸਰਕਾਰ ਦਾ ਧੰਨਵਾਦ ਕਰਨ ਹਿਤ ਉਚੇਚੇ ਜਸ਼ਨ ਮਨਾਉਣ ਵਾਸਤੇ ਇਕ ਦੂਜੇ ਤੋਂ ਅਗੇ ਲੰਘਣ ਦੀ ਖੇਡ ਖੇਡਣਗੇ!
ਅਜੇ ਹਿੰਦਾਲੀਆਂ ਦੀ ਵਿਗਾੜੀ ਹੋਈ, ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੀ ਜਨਮਸਾਖੀ ਤੋਂ ਸਾਡਾ ਛੁਟਕਾਰਾ ਨਹੀ ਹੋਇਆ ਤੇ ਉਤੋਂ ਇਹ ਹੋਰ, ਉਸ ਤੋਂ ਕਿਤੇ ਵਧ ਚਲਾਕੀ ਤੇ ਮਕਾਰੀ ਭਰੀ ਯੋਗਤਾ ਨਾਲ ਵਿਗਾੜੇ ਗਏ, ਪੰਜ ਸਦੀਆਂ ਦੇ ਸਾਡੇ ਧਾਰਮਿਕ, ਸਾਹਿਤਕ, ਸਭਿਆਚਾਰਕ ਤੇ ਇਤਿਹਾਸਕ ਵਿਰਸੇ ਨਾਲ ਸਾਡਾ ਵਾਹ ਪੈ ਜਾਵੇ ! ਸਾਵਧਾਨ! ਹੋਸ਼ਿਆਰ!! ਖ਼ਬਰਦਾਰ!!!

ਉਠੋ, ਕੌਮ ਕੀ ਫਿਲਕਰ ਕਰੋ ਐ ਨਾਦਾਨੋ
ਤੁਮ੍ਹਾਰੀ ਬਰਬਾਦੀਓਂ ਕੇ ਚਰਚੇ ਹੈਂ ਆਸਮਾਨੋ ਮੇ।
ਨਾ ਸਮਝੋਗੇ ਤੋ ਮਿਟ ਜਾਓਗੇ ਐ ਸਿੱਖੋ,
ਤੁਮ੍ਹਾਰੀ ਦਾਸਤਾਨ ਭੀ ਨਾ ਹੋਗੀ ਦਾਸਤਾਨੋ ਮੇਂ।

ਹਾਏ! ਕਿਸ ਵਕਤ ਕੰਬਖ਼ਤ ਕੋ ਖ਼ੁਦਾ ਯਾਦ ਆਇਆ!!

Monday, March 2, 2009

ਉਹ ਬੇਨਾਮ ਰਿਸ਼ਤਾ

ਸ਼ਵੇਤਾ ਨਰੂਲਾ

ਉਹ ਚਿਹਰਾ
ਜੀਹਨੂੰ ਮੈਂ
ਆਪਣੀ ਜਿੰਦਗੀ ਵਿੱਚ ਭੁਲਾ ਨਹੀ ਸਕਦੀ
ਉਹ ਨਾਮ
ਜਿਸਨੂੰ ਮੈਂ
ਆਪਣੇ ਨਾਮ ਨਾਲ ਜੋੜ ਨਹੀ ਸਕਦੀ
ਉਹ ਇੱਕ ਨਾਂ ਤੇਰਾ ਹੀ ਹੈ
ਉਹ ਰਿਸ਼ਤਾ
ਤੇਰਾ-ਮੇਰਾ
ਕਿਸੇ ਨਾਮ ਦਾ ਮੁਥਾਜ ਨਹੀਂ
ਉਹ ਰਿਸ਼ਤਾ
ਕਿਸੇ ਕਾਗਜ਼ ਤੇ ਲੱਗੀ ਮੋਹਰ ਦਾ ਭੁੱਖਾ ਨਹੀਂ
ਪਲਕਾਂ ਜੀਹਦੇ ਦੁੱਖ ਨਾਲ ਭਿੱਜ ਜਾਨ
ਮੇਰੇ ਮਨ ਦੇ ਬੁੱਝੇ ਚਿਰਾਗ
ਫਿਰ
ਜਗ ਪੈਣ
ਉਹ ਇੱਕ ਨਾਮ ਤੇਰਾ ਹੀ ਹੈ
http://shavetanarulamypoems.blogspot.com/

Wednesday, February 25, 2009

ਸ਼ਰਾਬੀ ਢਾਡੀ ਦਾ ਮੁਆਇਨਾ ਕਰਵਾਉਣ ਵਾਲੇ ਇੰਚਾਰਜ ਦੀ ਹੀ ਬਦਲੀ

ਤਲਵੰਡੀ ਸਾਬੋ
ਸ਼ਰੋਮਣੀ ਕਮੇਟੀ ਦੇ ਅਹੁਦੇਦਾਰ ਪੰਥ ਵਾਸਤੇ ਕਿੰਨੀ ਘਟੀਆਂ ਸੋਚ ਰੱਖਦੇ ਹਨ ਇਸ ਗੱਲ ਦਾ ਇਲਮ ਤਾਂ ਪਹਿਲਾਂ ਹੀ ਸਿੱਖਾਂ ਨੂੰ ਹੈ । ਹੁਣ ਇੱਕ ਹੋਰ ਨਾਦਰਸ਼ਾਹੀ ਫੁਰਮਾਨ ਸਦਕਾ ਸਥਿਤੀ ਹੋਰ ਵੀ ਸਾਫ਼ ਹੋ ਗਈ ਹੈ।
ਘਟਨਾ ਕੁਝ ਇਸ ਤਰ੍ਹਾਂ ਵਾਪਰੀ ਕਿ ਧਰਮ ਪ੍ਰਚਾਰ ਕਮੇਟੀ ਦੇ ਸ਼ਰਾਬੀ ਢਾਡੀ ਸੁਖਦੇਵ ਸਿੰਘ ਮਿੱਠੜੀ ਨੂੰ ਜਦੋਂ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਦੇ ਕਾਰਕੁੰਨਾਂ ਨੇ ਸ਼ਰਾਬੀ ਹਾਲਤ ਵਿਚ ਫੜ ਕੇ ਉਸ ਖਿਲਾਫ਼ ਕਾਰਵਾਈ ਕਰਨ ਲਈ ਸਥਾਨਕ ਧਰਮ ਪ੍ਰਚਾਰ ਕਮੇਟੀ ਦੇ ਉੱਪ ਦਫ਼ਤਰ ਦੇ ਇੰਚਾਰਜ ਭਰਪੂਰ ਸਿੰਘ ਦੁਆਰਾ ਸ਼ਰਾਬੀ ਢਾਡੀ ਦਾ ਡਾਕਟਰੀ ਮੁਆਇਨਾ ਕਰਵਾਇਆ ਗਿਆ ਤਾਂ ਢਾਡੀ ਸਜ਼ਾ ਦੇਣ ਦੀ ਥਾਂ ਭਰਪੂਰ ਸਿੰਘ ਦੀ ਬਦਲੀ ਤਲਵੰਡੀ ਸਾਬੋ ਤੋਂ ਦਿੱਲੀ ਦੀ ਕਰ ਦਿੱਤੀ।
ਸ਼ਰੋਮਣੀ ਕਮੇਟੀ ਦੀ ਇਸ ਕਾਰਵਾਈ ਦੀ ਨਿਖੇਧੀ ਕਰਦੇ ਹੋਏ ਸੰਤ ਸਮਾਜ ਦੇ ਬੁਲਾਰੇ ਬਾਬਾ ਬਲਜੀਤ ਸਿੰਘ ਦਾਦੂ ਵਾਲਿਆਂ ਨੇ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।
ਬਾਬਾ ਬਲਜੀਤ ਸਿੰਘ ਨੇ ਕਿਹਾ ਕਿ ਇੱਕ ਪਾਸੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਧਰਮ ਪ੍ਰਚਾਰ ਕਮੇਟੀ ) ਮਾਲਵੇ ਖੇਤਰ ਵਿੱਚ ਵਧ ਰਹੇ ਪਤਿੱਤਪੁਣੇ, ਦੇਹਧਾਰੀ ਗੁਰੂਆਂ ,ਨਸਿ਼ਆਂ, ਭਰੂਣ ਹੱਤਿਆ ਖਿਲਾਫ਼ ਮੁਹਿੰਮ ਚਲਾ ਕੇ ਸ੍ਰੀ ਗੁਰੂ ਗੰਰਥ ਸਾਹਿਬ ਦੇ ਲੜ ਲੱਗਣ ਲਈ ਸੰਗਤਾਂ ਨੂੰ ਪ੍ਰੇਰਿਤ ਕਰਨ ਵਾਲੇ ਧਰਮ ਪ੍ਰਚਾਰ ਲਈ ਕਰੋੜਾਂ ਰੁਪਏ ਖਰਚ ਰਹੀ ਹੈ । ਤੇ ਇਸ ਧਰਮ ਪ੍ਰਚਾਰ ਕਮੇਟੀ ਵੱਲੋਂ ਭਰਤੀ ਕੀਤੇ ਢਾਡੀ ਸੁਖਦੇਵ ਸਿੰਘ ਮਿੱਠੜੀ ਵਰਗੇ ਜਿੰਨ੍ਹਾਂ ਨੂੰ ਸ਼ਰਾਬੀ ਹਾਲਤ ਵਿੱਚ ਫੜਕੇ ਲਿਆਉਣ ਵਾਲਿਆਂ ਨੂੰ ਸ਼ਾਬਾਸ਼ੇ ਦੇਣ ਦੀ ਥਾਂ ਸ਼ਰੋਮਣੀ ਕਮੇਟੀ ਨੇ ਭਰਪੂਰ ਸਿੰਘ ਦੀ ਬਦਲੀ ਦਿੱਲੀ ਕਰ ਦਿੱਤੀ । ਉਨਾਂ ਕਿਹਾ ਕਿ ਕਮੇਟੀ ਦੇ ਇੰਚਾਰਜ ਖਿਲਾਫ਼ ਕੀਤੀ ਕਾਰਵਾਈ ਨੇ ਧਰਮ ਪ੍ਰਚਾਰ ਲਹਿਰ ਤੇ ਪ੍ਰਸ਼ਨ ਚਿੰਨ ਲਗਾ ਦਿੱਤਾ ਹੈ।
ਇੱਥੇ ਇਹ ਚਰਚਾ ਜ਼ੋਰਾਂ ਤੇ ਹੈ ਕਿ ਢਾਡੀ ਸੁਖਦੇਵ ਸਿੰਘ ਮਿਠੜੀ ਬਾਦਲ ਪਰਿਵਾਰ ਦੇ ਨੇੜਲਿਆਂ ਵਿੱਚੋਂ ਹੈ ਜਿਸਦਾ ਖਮਿਆਜਾ ਇੰਚਾਰਜ ਭਰਪੂਰ ਸਿੰਘ ਨੂੰ ਭੁਗਤਣਾ ਪਿਆ ਹੈ ।

ਲਹਿੰਦੇ ਪੰਜਾਬ ਦਾ ਨੌਜਵਾਨ ਸ਼ਾਇਰ : ਏਜਾਜ਼ ਰਿਆਜ਼


ਹਰਮੇਲ ਪਰੀਤ
ਏਜਾਜ਼ ਰਿਆਜ਼ ਲਹਿੰਦੇ ਪੰਜਾਬ ਦਾ ਨੌਜਵਾਨ ਸ਼ਾਇਰ ਹੈ। ੨੦ ਸਾਲਾ ਏਜਾਜ਼ ਬੀ.ਕਾਮ (ਦੂਜਾ ਸਾਲ) ਦਾ ਵਿਦਿਆਰਥੀ ਹੈ। ਭਾਵੇਂ ਉਸ ਦੇ ਪਰਵਾਰ ਵਿੱਚ ਪਹਿਲਾਂ ਕੋਈ ਸ਼ਾਇਰ ਨਹੀਂ ਸੀ, ਪਰ ਏਜਾ਼ਜ ਨੇ ਦਸਵੀਂ ਜਮਾਤ ਤੋਂ ਹੀ ਲਿਖਣਾ ਸ਼ੁਰੂ ਕਰ ਦਿੱਤਾ ਸੀ। ਉਹ ਬੜੀ ਚੀਜ਼ਾਂ ਤੇ ਮਸਲਿਆਂ ਨੂੰ ਬੜੀ ਸ਼ਿੱਦਤ ਨਾਲ ਮਹਿਸੂਸਦਾ, ਸਮਝਦਾ ਹੈ ਤੇ ਨਿਹਾਇਤ ਹੀ ਪੁਖਤਗੀ ਨਾਲ ਬਿਆਨਦਾ ਹੈ। ਉਸ ਦੇ ਕੁੱਝ ਸ਼ੇਅਰ ਇਸ ਗੱਲ ਦੀ ਸ਼ਾਹਦੀ ਭਰਦੇ ਨੇ। ਦੇਖੋ :
ਅਪਨੇ ਕਾਤਿਲ ਕੀ ਜ਼ਹਾਨਤ ਸੇ ਪਰੇਸ਼ਾਨ ਹੂੰ ਮੈ.,
ਰੋਜ਼ ਇਕ ਮੌਤ ਨਏ ਤਰਜ਼ ਕੀ ਈਜ਼ਾਦ ਕਰੇ।
ਜਾਂ
ਸੋਚ ਰਖਨਾ ਭੀ ਜਰਾਇਮ ਮੇ ਹੈ ਸ਼ਾਮਿਲ ਅਬ ਤੋ,
ਵਹੀ ਮਾਅਸੂਲ ਹੈ ਜੋ ਹਰ ਬਾਤ ਪੇ ਫਸਾਦ ਕਰੇ।
ਏਜਾਜ਼ ਉਰਦੂ ਅਤੇ ਪੰਜਾਬੀ ਦੋਹਾਂ ਜ਼ੁਬਾਨਾਂ ਵਿੱਚ ਲਿਖਦਾ ਹੈ। ਉਸ ਦੀਆਂ ਰਚਨਾਵਾਂ ਦਾ ਪਾਠ ਕੀਤਿਆਂ ਇਹ ਯਕੀਨ ਬੱਝਦਾ ਹੈ ਕਿ ਉਹ ਦੁਨੀਆ -ਇ-ਸ਼ਾਇਰੀ ਵਿੱਚ ਆਪਣਾ ਨੁਮਾਇਆ ਮੁਕਾਮ ਬਣਾ ਸਕਣ ਦੀ ਸਲਾਹੀਅਤ ਰੱਖਦਾ ਹੈ। ਪੇਸ਼ ਹੈ ਉਸ ਦੀ ਇਕ ਕਾਵਿ-ਰਚਨਾ
ਬਚਪਨ
ਜਦੋ. ਅਸੀਂ ਨਿੱਕੇ ਨਿੱਕੇ ਹੁੰਦੇ ਸੀ।
ਉਹ ਦਿਨ ਵੀ ਬੜੇ ਚੰਗੇ ਹੁੰਦੇ ਸੀ।

ਸਾਰੀ ਦਿਹਾੜੀ ਅਸੀਂ ਖੇਡਾਂ ਖੇਡਣੀਆਂ,
ਤੇ ਸਾਡੇ ਪਿੰਡੇ ਵੀ ਨੰਗੇ ਹੁੰਦੇ ਸੀ।

ਡਰ ਤੇ ਖ਼ੌਫ ਸਾਨੂੰ ਕਿਸੇ ਦਾ ਨਹੀਂ ਸੀ,
ਵਿੱਚ ਦੁਪਹਿਰੇ ਦਰਖ਼ਤਾਂ ਤੇ ਟੰਗੇ ਹੁੰਦੇ ਸੀ।

ਆਪਣੇ ਤੋਂ ਨਿੱਕਿਆਂ ਦੇ ਕੰਨ ਮਰੋੜ ਕੇ,
ਉਹਨਾਂ ਦੀਆਂ ਅੱਖਾਂ ਵਿੱਚ ਜੱਗੇ ਹੁੰਦੇ ਸੀ।

ਪੰਜ ਪੰਜ ਰੁਪਏ ਕਰਕੇ ਅਸੀਂ ਈਦੀ ਕੱਠੀ ਕਰਨੀ,
ਸਾਡੇ ਕੋਲ ਮਿੱਟੀ ਦੇ ਗੱਲੇ ਹੁੰਦੇ ਸੀ।

ਅੱਜ ਕੱਲ੍ਹ ਦੇ ਬਾਲ ਖੇਡਦੇ ਨੇ ਗੇਂਦ ਬੱਲੇ,
ਸਾਡੇ ਕੋਲ ਗੁੱਲੀ ਡੰਡੇ ਹੁੰਦੇ ਸੀ।

ਹੁਣ ਤੇ ਮੈਂ ਵੱਡਾ ਹੋ ਗਿਆ ਵਾਂ ਏਜਾਜ਼,
ਨਿੱਕੇ ਹੋਣਦੇ ਤੇ ਆਪਣੇ ਹੀ ਮਜ਼ੇ ਹੁੰਦੇ ਸੀ।
-ਗ਼ਲੀ ਨੰਬਰ ੪੫, ਹਾਊਸ ਨੰਬਰ: ੨,
ਮਾਚਿਸ ਫੈਕਟਰੀ, ਸ਼ਾਹਦਰਾ,
ਲਾਹੌਰ (ਪਾਕਿਸਤਾਨ) :

00923229958481

Tuesday, February 24, 2009

ਕੈਨੇਡਾ ਵਿੱਚ ਪੰਜਾਬੀ ਦੀ ਬੱਲੇ ਬੱਲੇ!


ਵੈਨਕੂਵਰ (ਪ੍ਰੋ : ਗੁਰਵਿੰਦਰ ਸਿੰਘ ਧਾਲੀਵਾਲ)
ਹਾਕੀ ਦੇ ਅੱਖੀਂ ਡਿੱਠੇ ਹਾਲ ਦੀ ਕੁਮੈਂਟਰੀ

ਦੁਨੀਆਂ ਭਰ ’ਚ ਵਸਦੇ ਪੰਜਾਬੀਆਂ ਲਈ ਇਸ ਤੋਂ ਵੱਧ ਮਾਣ ਵਾਲੀ ਗੱਲ ਕੀ ਹੋਵੇਗੀ ਕਿ ਕੈਨੇਡਾ ਦੇ ਰਾਸ਼ਟਰੀ ਟੀ. ਵੀ. ਚੈਨਲਾਂ ਉਪਰ ਪ੍ਰਮੁੱਖ ਖੇਡ ਹਾਕੀ ਦੀ ਕੁਮੈਂਟਰੀ ਪੰਜਾਬੀ ਵਿੱਚ ਦਿੱਤੀ ਜਾਵੇਗੀ। ਕੈਨੇਡਾ ਦੀ ਕੌਮੀ ਖੇਡ ‘ਆਈਸ ਹਾਕੀ’ ਦੇ ਲੱਖਾਂ ਦਰਸ਼ਕ ਕੈਨੇਡੀਅਨ ਬਰਾਡਕਾਸਟਿੰਗ ਕਾਰਪੋਰੇਸ਼ਨ (ਸੀ. ਬੀ. ਸੀ.) ਦੇ ਉਪਰਾਲੇ ਨਾਲ, ਪੰਜਾਬੀ ਜ਼ੁਬਾਨ ’ਚ ਅੱਖੀਂ ਡਿੱਠਾ ਹਾਲ ਜਾਣ ਸਕਣਗੇ। ਪੰਜਾਬੀ ’ਚ ਕੁਮੈਂਟਰੀ ਕੈਨੇਡੀਅਨ ਜੰਮਪਲ ਦਸਤਾਰਧਾਰੀ ਨੌਜਵਾਨ 27 ਸਾਲਾ ਪਰਮਿੰਦਰ ਸਿੰਘ ਅਤੇ 24 ਸਾਲਾ ਹਰਨਰਾਇਣ ਸਿੰਘ ਕਰ ਰਹੇ ਹਨ, ਜਿਨਾਂ ਦੀ ਅਵਾਜ਼ ਸੁਣਨ ਲਈ ਦੇਸ਼ ਭਰ ’ਚ ਵਸਦੇ ਪੰਜਾਬੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਟਰਾਂਟੋ ਯੂਨੀਵਰਸਿਟੀ ਦੀ ਸਟੂਡੈਂਟਸ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਅਤੇ ਕੈਨੇਡੀਅਨ ਆਰਗੇਨਾਈਜ਼ੇਸ਼ਨ ਆਫ ਸਿੱਖ ਸਟੂਡੈਂਟਸ ਦੇ ਮੌਜੂਦਾ ਪ੍ਰਧਾਨ ਸ. ਪਰਮਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬੀਤੇ ਵਰ•ੇ ਅਕਤੂਬਰ ਤੋਂ ਉਨਾਂ ਪੰਜਾਬੀ ਭਾਸ਼ਾ ’ਚ ਪਹਿਲੀ ਵਾਰ ਕੌਮੀ ਪੱਧਰ ’ਤੇ ਕੁਮੈਂਟਰੀ ਸ਼ੁਰੂ ਕੀਤੀ। ਪ੍ਰਮੁੱਖ ਕੌਮੀ ਚੈਨਲਾਂ ਦੇ ਮੁਖੀਆਂ ਦੀ ਹੈਰਾਨੀ ਦੀ ਉਸ ਵੇਲੇ ਕੋਈ ਹੱਦ ਨਾ ਰਹੀ, ਜਦੋਂ ਲੱਖਾਂ ਪੰਜਾਬੀ ਦਰਸ਼ਕ ਮੀਡੀਏ ਨਾਲ ਜੁੜੇ ਤੇ ਚੈਨਲਾਂ ਦੀ ਲੋਕਪ੍ਰਿਅਤਾ ’ਚ ਲਗਾਤਾਰ ਵਾਧਾ ਹੋਇਆ। ਪਰਮਿੰਦਰ ਸਿੰਘ ਅੱਜਕੱਲ ਕੈਨੇਡਾ ਦੇ ਓਮਨੀ ਟੈਲੀਵਿਯਨ ’ਤੇ ਪ੍ਰਸਾਰਿਤ ਹੁੰਦੇ ਸ਼ੋਅ ‘ਚੜਦੀ ਕਲਾ’ ਦਾ ਸੰਚਾਲਨ ਕਰਦੇ ਹਨ। ਰੌਜਰਜ਼, ਬੈਲ ਅਤੇ ਸ਼ਾਅ ਚੈਨਲਾਂ ’ਤੇ ਹਾਕੀ ਸੀਜ਼ਨ ਦੌਰਾਨ ਹਰ ਸ਼ਨਿਚਰਵਾਰ ਨੂੰ ਪੰਜਾਬੀ ’ਚ ਕੁਮੈਂਟਰੀ ਦੇਣ ਵਾਲੇ ਦੂਜੇ ਗੁਰਸਿੱਖ ਨੌਜਵਾਨ ਸ. ਹਰਨਰਾਇਣ ਸਿੰਘ ਕੈਲਗਿਰੀ ਦੇ ਜੰਮਪਲ ਹਨ। ਕੈਨੇਡੀਅਨ ਬਰਾਡਕਾਸਟਿੰਗ ਕਾਰਪੋਰੇਸ਼ਨ ਰੇਡੀਓ ਦੇ ਰਿਪੋਰਟਰ ਤੇ ਪੰਜਾਬੀ ਦੇ ਮਿੱਠਬੋਲੜੇ ਬੁਲਾਰੇ ਸ. ਸਿੰਘ ਦਾ ਕਹਿਣਾ ਹੈ ਕਿ ਉਨਾਂ ਦੀ ਮਾਂ ਬੋਲੀ ਪੰਜਾਬੀ ਨੂੰ, ਜੋ ਮਾਣ ਭਾਰਤ ’ਚ ਨਹੀਂ ਮਿਲਿਆ, ਉਹ ਵਿਦੇਸ਼ ਦੀ ਧਰਤੀ ’ਤੇ ਮਿਲ ਰਿਹਾ ਹੈ। ਉਨਾਂ ਕਿਹਾ ਕਿ ਜੇਕਰ ਭਾਰਤ ਦੇ ਖੇਡ ਮੰਤਰੀ ਡਾ. ਮਨੋਹਰ ਸਿੰਘ ਗਿੱਲ ਵੀ ਕੈਨੇਡਾ ਵਾਂਗ, ਕੌਮੀ ਖੇਡਾਂ ਦੇ ਸਿੱਧੇ ਪ੍ਰਸਾਰਣ ਲਈ ਕੁਮੈਂਟਰੀ ਪੰਜਾਬੀ ਵਿੱਚ ਕਰਨ ਲਈ ਕਦਮ ਚੁੱਕਣ ਤਾਂ ਲੱਖਾਂ ਨਵੇਂ ਖਿਡਾਰੀ ਅਤੇ ਖੇਡ ਪ੍ਰੇਮੀ ਉਤਸ਼ਾਹਿਤ ਹੋਣਗੇ। ਗੁਰਬਾਣੀ ਦੇ ਨਿਰਧਾਰਤ ਰਾਗਾਂ ਤੇ ਸੰਗੀਤ ਦੀ ਸੋਝੀ ਰੱਖਣ ਵਾਲੇ ਹਰਨਰਾਇਣ ਸਿੰਘ ਦਾ ਸੁਪਨਾ ਹੈ ਕਿ ਕੈਨੇਡਾ ਵਸਦਾ ਹਰ ਪੰਜਾਬੀ ਆਪਣੀ ਮਾਂ ਬੋਲੀ ‘ਪੰਜਾਬੀ’ ਲਿਖਵਾਏ, ਚਾਹੇ ਉਹ ਲਹਿੰਦੇ ਤੇ ਚੜਦੇ ਪੰਜਾਬ ਦੇ ਕਿਸੇ ਵੀ ਖਿੱਤੇ ਵਿੱਚੋਂ ਹੋਏ ਅਤੇ ਦੇਸ਼ ’ਚ ਪੰਜਾਬੀ ਵਿਦੇਸ਼ੀ ਭਾਸ਼ਾ ਨਾ ਹੋ ਕੇ, ‘ਕੈਨੇਡੀਅਨ ਭਾਸ਼ਾ’ ਵਜੋਂ ਸਨਮਾਨ ਹਾਸਲ ਕਰੇ।
ਕੈਨੇਡੀਅਨ ਨੈਸ਼ਨਲ ਚੈਨਲਾਂ ਤੇ ਇਸ ਸ਼ਨਿਚਰਵਾਰ 28 ਫਰਵਰੀ ਨੂੰ ਪੰਜਾਬੀ ਕੁਮੈਂਟਰੀਂ ਟੋਰਾਂਟੋ ਅਤੇ ਔਟਵਾ ਦਰਮਿਆਨ ਅਤੇ ਅੰਡਮਿੰਟਨ ਤੇ ਮਿਨੀਸੋਟਾ ਵਿਚਕਾਰ ਖੇਡੇ ਜਾਣ ਵਾਲੇ ਮੈਚਾਂ ਦੀ ਹੋਵੇਗੀ।


ਕੈਨੇਡਾ ਵਿੱਚ ਪੰਜਾਬੀ ਵਿਦੇਸ਼ੀ ਬੋਲੀ ਕਿਉਂ?


ਪ੍ਰੋ. ਗੁਰਵਿੰਦਰ ਸਿੰਘ ਧਾਲੀਵਾਲ
ਭਾਸ਼ਾ ਵਿਗਿਆਨੀ ਮੰਨਦੇ ਹਨ ਕਿ ਭਾਸ਼ਾ ਸ਼ਬਦਾਂ ਦਾ ਅਜਿਹਾ ਸਮੂਹ ਹੈ, ਜਿਸ ਰਾਹੀਂ ਮਨੁੱਖ ਮੌਖਿਕ ਜਾਂ ਲਿਖਤੀ ਰੂਪ ’ਚ, ਆਪਣੇ ਖਿਆਲਾਂ ਦਾ ਪ੍ਰਗਟਾਵਾ ਕਰਦਾ ਹੈ। 21ਵੀਂ ਸਦੀ ’ਚ ਸੰਸਾਰ ਭਰ ਵਿੱਚ ਛੇ ਹਜ਼ਾਰ ਤੋਂ ਵੱਧ ਭਾਸ਼ਾਵਾਂ-ਸੰਚਾਰ ਮਾਧਿਅਮ ਵਜੋਂ ਮਨੁੱਖ ਵਲੋਂ ਵਰਤੀਆਂ ਜਾ ਰਹੀਆਂ ਹਨ, ਜਿਨਾਂ ਵਿੱਚੋਂ ਅੰਗਰੇਜ਼ੀ ਕੌਮਾਂਤਰੀ ਪੱਧਰ ’ਤੇ ਪ੍ਰਵਾਨਿਤ ਹੋ ਚੁੱਕੀ ਹੈ। ਅਸਲ ਵਿੱਚ ਬਸਤੀਵਾਦ ਦੇ ਦੌਰ ’ਚ ਅੰਗਰੇਜ਼ੀ ਸਮਾਰਾਜਵਾਦੀਆਂ ਵਲੋਂ ਥੋਪੀ ਜਾਂਦੀ ਸੀ, ਪਰ ਹੁਣ ‘ਸੰਸਾਰੀਕਰਣ’ ਦੇ ਯੁੱਗ ’ਚ ‘ਵਿਕਾਸ ਦਾ ਰਾਹ’ ਦੱਸਦਿਆਂ, ਇਸ ਨੂੰ ਖੁਸ਼ੀ ਨਾਲ ਅਪਣਾਇਆ ਜਾ ਰਿਹਾ ਹੈ। ਜੇਕਰ ਪੰਜਾਬੀ ਬੋਲੀ ਦੀ ਗੱਲ ਕਰੀਏ, ਤਾਂ ਵਰਤਮਾਨ ਸਮੇਂ ਪੰਜਾਬੀ ਦੁਨੀਆਂ ’ਚ ਬੋਲੀ ਜਾਣ ਵਾਲੀ 10ਵੀਂ ਜ਼ੁਬਾਨ ਹੈ। ਲਹਿੰਦੇ ਤੇ ਚੜ•ਦੇ ਪੰਜਾਬ ਤੋਂ ਇਲਾਵਾ ਏਸ਼ੀਅਨ ਤੇ ਪੱਛਮੀ ਮੁਲਕਾਂ ਵਿੱਚ ਵੀ, ਲੱਖਾਂ ਲੋਕਾਂ ਵਲੋਂ ਪੰਜਾਬੀ ਬੋਲੀ ਜਾਂਦੀ ਹੈ। ਸੱਚ ਤਾਂ ਇਹ ਹੈ ਕਿ ਪੰਜਾਬੀ ਜਿੱਥੇ ਵੀ ਗਏ ਹਨ, ਆਪਣੀ ਬੋਲੀ ਪੰਜਾਬੀ ਅਤੇ ਪੰਜਾਬੀਅਤ ਵੀ ਨਾਲ ਲੈ ਕੇ ਗਏ ਹਨ। ਇਹੀ ਕਾਰਨ ਹੈ ਕਿ ਸਿੰਘਾਪੁਰ, ਮਲੇਸ਼ੀਆ, ਇੰਗਲੈਂਡ, ਕੈਨੇਡਾ, ਅਮਰੀਕਾ, ਨਿਊਜ਼ੀਲੈਂਡ, ਅਸਟਰੇਲੀਆ, ਨਾਰਵੇ, ਫਰਾਂਸ ਆਦਿ ਦਰਜਨਾਂ ਦੇਸ਼ਾਂ ’ਚ, ਪੰਜਾਬੀ ਭਾਸ਼ਾ ਦੇ ਅਦਾਰੇ ਕਾਇਮ ਹਨ।
ਕੈਨੇਡਾ ਦੀ ਧਰਤੀ ’ਤੇ 111 ਵਰੇ ਪਹਿਲਾਂ ਪੰਜਾਬੀਆਂ ਨੇ ਕਦਮ ਰੱਖਿਆ ਸੀ। ਉਦੋਂ ਤੋਂ ਹੀ ਪੰਜਾਬੀ ਬੋਲੀ ਵੀ ਇਸ ਧਰਤੀ ’ਤੇ ਸੰਚਾਰ ਦਾ ਮਾਧਿਅਮ ਬਣੀ। ਵੀਹਵੀਂ ਸਦੀ ਦੇ ਪਹਿਲੇ ਦਹਾਕੇ ਵਿੱਚ ਹੀ, ਕੈਨੇਡਾ ਆਏ ਪੰਜਾਬੀਆਂ ਨੇ ‘ਸੁਦੇਸ਼ ਸੇਵਕ’ ਨਾਂ ਦਾ ਅਖਬਾਰ ਵੀ ਸ਼ੁਰੂ ਕਰ ਦਿੱਤਾ। ਇਸ ਦੇ ਨਾਲ ਹੀ ਗੁਰਦੁਆਰਿਆਂ ਅਤੇ ਜਨਤਕ ਸਭਾਵਾਂ ਵਿੱਚ ਪੰਜਾਬੀ ਬੋਲੀ ਤੇ ਪੜੀ ਜਾਣ ਲੱਗੀ। ਪੰਜਾਬੀ ਪੁਸ਼ਾਕ, ਪੰਜਾਬੀ ਭੋਜਨ ਅਤੇ ਪੰਜਾਬੀ ਸੰਗੀਤ ਪਿਛਲੀ ਇੱਕ ਸਦੀ ਵਿੱਚ ਕੈਨੇਡਾ ਦਾ ਅਨਿੱਖੜਵਾਂ ਅੰਗ ਬਣ ਚੁੱਕੇ ਹਨ। ਬ੍ਰਿਟਿਸ਼ ਕੋ¦ਬੀਆ ਵਿੱਚ ਪੰਜਾਬੀ ਭਾਸ਼ਾ ਨੂੰ ਸਰਕਾਰੀ ਪੱਧਰ ’ਤੇ ‘ਦੂਜੀ ਭਾਸ਼ਾ’ ਦਾ ਦਰਜਾ ਹਾਸਲ ਹੈ। ਉਂਟਾਰੀਓ, ਅਲਬਰਟਾ ਅਤੇ ਮੈਨੀਟੋਬਾ ਸੂਬਿਆਂ ’ਚ ਵੀ ਪੰਜਾਬੀ ਵੱਡੇ ਪੱਧਰ ’ਤੇ ਬੋਲੀ ਜਾਂਦੀ ਹੈ। ਸਰੀ, ਵੈਨਕੂਵਰ, ਐਬਟਸਫੋਰਡ, ਮਿਸੀਸਾਗਾ, ਬਰੈਂਪਟਨ, ਐਡਮਿੰਟਨ, ਕੈਲਗਿਰੀ, ਵਿਲੀਅਮਜ਼ਲੇਕ, ਮੇਰਟ ਤੇ ਨਿਊ ਵੈਸਟਮਿਨਸਟਰ ਸਣੇ, ਕੈਨੇਡਾ ਦੇ ਕਈ ਪ੍ਰਮੁੱਖ ਸ਼ਹਿਰਾਂ ’ਚ ਸਕੂਲੀ ਪੱਧਰ ’ਤੇ ਵੀ ਪੜ•ਾਈ ’ਚ ਪੰਜਾਬੀ ਸ਼ਾਮਲ ਹੈ। ਸੰਨ 2006 ਦੀ ਮਰਦਮਸ਼ੁਮਾਰੀ ਅਨੁਸਾਰ ਪੰਜਾਬੀ ਕੈਨੇਡਾ ’ਚ ਬੋਲੀ ਜਾਣ ਵਾਲੀ ਛੇਵੀਂ ਜ਼ੁਬਾਨ ਸੀ, ਪਰ ਹੁਣ ਸਥਿਤੀ ਹੋਰ ਵੀ ਚੰਗੀ ਹੈ ਅਤੇ ਇੱਕ ਅਨੁਮਾਨ ਅਨੁਸਾਰ ਜੇਕਰ 2011 ਦੀ ਮਰਦਸ਼ੁਮਾਰੀ ’ਚ ਕੈਨੇਡਾ ਵਸਦੇ, ਚੜ•ਦੇ ਅਤੇ ਲਹਿੰਦੇ ਪੰਜਾਬ ਦੇ ਸਾਰੇ ਪੰਜਾਬੀਆਂ ਨੇ ਆਪਣੀ ਬੋਲੀ ਪੰਜਾਬੀ ਲਿਖਵਾਈ ਤਾਂ ਪੰਜਾਬੀ ਮੁਲਕ ’ਚ ਬੋਲੀ ਜਾਣ ਵਾਲੀ ਚੌਥੀ ਪ੍ਰਮੁੱਖ ਭਾਸ਼ਾ ਹੋਵੇਗੀ।
ਕੈਨੇਡਾ ਬਹੁ-ਸੱਭਿਆਚਾਰਕ ਦੇਸ਼ ਹੈ, ਜਿਸਦਾ ਆਪਣਾ ਕੋਈ ਠੋਸ ਕਲਚਰ ਨਹੀਂ, ਬਲਕਿ ਖੂਬਸੂਰਤ ਗੁਲਦਸਤੇ ਵਾਂਗ ਧਰਤੀ ਦੇ ਵੱਖ-ਵੱਖ ਕੋਨਿਆਂ ਤੋਂ ਆਏ ਲੋਕਾਂ ਨੇ ਆਪੋ-ਆਪਣੇ ਸੱਭਿਆਚਾਰਕ ਫੁੱਲਾਂ ਨਾਲ ਸਜਾ ਕੇ ਇਸਨੂੰ ਸੰਵਾਰਿਆ, ਸ਼ਿੰਗਾਰਿਆ ਤੇ ਨਿਖਾਰਿਆ ਹੈ। ਕੈਨੇਡਾ ਦੇ ਮੂਲਵਾਸੀ ‘ਨੇਟਿਵ ਇੰਡੀਅਨਜ਼’ ਦੀ ਆਪਣੀ ਵੱਖਰੀ ਭਾਸ਼ਾ ਤੇ ਸੱਭਿਆਚਾਰ ਹੋਣ ਦੇ ਬਾਵਜੂਦ, ਕੁਝ ਕੁ ਸਦੀਆਂ ਪਹਿਲਾਂ ਅੰਗਰੇਜ਼ਾਂ ਨੇ ਇੱਥੇ ਆ ਕੇ ਸਮੁੱਚਾ ਮੁਹਾਂਦਰਾ ਹੀ ਬਦਲ ਦਿੱਤਾ ਤੇ ਅੰਗਰੇਜ਼ੀ ਹੀ ਰਾਸ਼ਟਰੀ ਭਾਸ਼ਾ ਬਣ ਗਈ। ਇਸੇ ਤਰਾਂ ਫਰੈਂਚ ਬੋਲਣ ਵਾਲਿਆਂ ਦੀ ਵੱਡੀ ਗਿਣਤੀ ਤੇ ਸਿਆਸੀ ਤਾਕਤ ਦਾ ਨਤੀਜਾ ਹੈ ਕਿ ਅੱਜ ‘ਫਰੈਂਚ ਜ਼ੁਬਾਨ’ ਵੀ ਕੈਨੇਡਾ ਦੀ ਕੌਮੀ ਜ਼ੁਬਾਨ ਹੋਣ ਦਾ ਮਾਣ ਹਾਸਲ ਕਰ ਗਈ ਹੈ। ਗਹੁ ਨਾਲ ਸੋਚਿਆ ਜਾਏ ਤਾਂ ਬਾਹਰੋਂ ਆਈਆਂ ਕੌਮਾਂ ਨੇ ਤਾਕਤ ਦੀ ਵਰਤੋਂ ਨਾਲ ਕੈਨੇਡਾ ਦੇ ਆਦਿਵਾਸੀਆਂ ਦੀ ਬੋਲੀ ਤੇ ਸੱਭਿਆਚਾਰ ਨੂੰ ਮੂਲੋਂ ਹੀ ਬਦਲ ਕੇ ਰੱਖ ਦਿੱਤਾ ਹੈ। ਹੁਣ ਸਵਾਲ ਇਹ ਉਠਦਾ ਹੈ ਕਿ ਜੇਕਰ ਉਕਤ ਕੌਮਾਂ ਦੇ ਕੈਨੇਡਾ ’ਚ ਆ ਵਸਣ ਮਗਰੋਂ ਉਨਾਂ ਦੀਆਂ ਬੋਲੀਆਂ ‘ਕੈਨੇਡੀਅਨ’ ਜ਼ਬਾਨਾਂ ਦੀ ਪਛਾਣ ਹਾਸਲ ਕਰ ਚੁੱਕੀਆਂ ਹਨ ਤਾਂ ਪੰਜਾਬੀ ਬੋਲੀ ਨੂੰ ਅਜੇ ਵੀ ‘ਵਿਦੇਸ਼ੀ ਭਾਸ਼ਾ’ (ਫੌਰਨ ਲੈਂਗੂਏਜ) ਕਿਉਂ ਮੰਨਿਆ ਜਾ ਰਿਹਾ ਹੈ? ਇਹ ਅਜਿਹਾ ਗੰਭੀਰ ਮੁੱਦਾ ਹੈ, ਜੋ ਡੂੰਘੇ ਵਿਚਾਰ ਦੀ ਮੰਗ ਕਰਦਾ ਹੈ।
ਸੰਨ 1897 ਤੋਂ ਲੈ ਕੇ ਹੁਣ ਤੱਕ ਕੈਨੇਡਾ ਵਸਦੇ ਲੱਖਾਂ ਪੰਜਾਬੀ ਇੱਥੋਂ ਦੇ ਰਾਜਨੀਤਕ, ਸੱਭਿਆਚਾਰਕ, ਸਮਾਜਿਕ, ਧਾਰਮਿਕ ਤੇ ਵਿੱਦਿਅਕ ਢਾਂਚੇ ਵਿੱਚ ਖਾਸ ਥਾਂ ਹਾਸਲ ਕਰ ਚੁੱਕੇ ਹਨ। ਕੈਨੇਡੀਅਨ ਪਾਰਲੀਮੈਂਟ ਵਿੱਚ 9 ਪੰਜਾਬੀ ਵੱਖ ਵੱਖ ਸੂਬਿਆਂ ਤੋਂ ਪ੍ਰਤੀਨਿਧੀ ਬਣ ਕੇ ਸ਼ੁਸ਼ੋਭਿਤ ਹੋ ਚੁੱਕੇ ਹਨ, ਪਰ ਉਨਾਂ ਨੂੰ ਕਦੇ ਵੀ ‘ਵਿਦੇਸ਼ੀ’ ਨਹੀਂ ਕਿਹਾ ਜਾਂਦਾ।
ਕੈਨੇਡਾ ਦੇ ਘੱਟੋ ਘੱਟ ਚਾਰ ਸੂਬਿਆਂ ’ਚ ਪ੍ਰਾਂਤਕ ਸਰਕਾਰਾਂ ਅਤੇ ਵਿਰੋਧੀ ਧਿਰਾਂ ’ਚ ਦਰਜਨ ਤੋਂ ਵੱਧ ਪੰਜਾਬੀ ਪਹੁੰਚ ਚੁੱਕੇ ਹਨ, ਪਰ ਉਹ ‘ਵਿਦੇਸ਼ੀ’ ਨਾ ਹੋ ਕੇ ‘ਕੈਨੇਡੀਅਨ’ ਵਜੋਂ ਮਾਨਤਾ ਹਾਸਲ ਕਰਦੇ ਹਨ। ਕੈਨੇਡਾ ਦੇ ਵਿੱਦਿਅਕ ਵਿਕਾਸ ’ਚ ਪੰਜਾਬੀ ਡਾਕਟਰਾਂ, ਇੰਜਨੀਅਰਾਂ ਤੇ ਸਾਇੰਸਦਾਨਾਂ ਵਲੋਂ ਪਾਏ ਯੋਗਦਾਨ ਤੇ ਕੀਤੀਆਂ ਖੋਜਾਂ ਕੈਨੇਡਾ ਦੀਆਂ ਪ੍ਰਾਪਤੀਆਂ ਮੰਨੀਆਂ ਜਾਂਦੀਆਂ ਹਨ, ਨਾ ਕਿ ਵਿਦੇਸ਼ੀ। ਕੈਨੇਡਾ ਦੀ ਆਰਥਿਕ ਉ¤ਨਤੀ ’ਚ ਪੰਜਾਬੀ ਬਿਜ਼ਨਸਮੈਨ, ਅਰਥ ਸ਼ਾਸਤਰੀ ਤੇ ਧਨਾਢ ਵਡਮੁੱਲਾ ਹਿੱਸਾ ਪਾ ਕੇ ‘ਕੈਨੇਡੀਅਨ ਅਮੀਰੀ’ ਨੂੰ ਚਾਰ ਚੰਨ ਲਾ ਰਹੇ ਹਨ, ਨਾ ਕਿ ਉਨਾਂ ਦੀ ਪ੍ਰਾਪਤੀ ਕੈਨੇਡਾ ’ਚ ‘ਵਿਦੇਸ਼ੀ ਤਰੱਕੀ’ ਕਰਾਰ ਦਿੱਤੀ ਜਾਂਦੀ ਹੈ। ਖੇਤੀਬਾੜੀ ਦੇ ਮਾਹਰ ਪੰਜਾਬੀਆਂ ਨੇ ਕੈਨੇਡਾ ’ਚ ਵੱਖ ਵੱਖ ਫਸਲਾਂ ਉਗਾ ਕੇ ਹਰੇ-ਭਰੇ ਖੇਤਾਂ ਦੀ ਮਨਮੋਹਕ ਝਾਕੀ ਨਾਲ, ਦੇਸ਼ ਨੂੰ ਸੱਚੇ ‘ਦੇਸ਼ ਵਾਸੀ’ ਬਣ ਕੇ ਸੋਹਣਾ ਬਣਾਇਆ ਹੈ, ਨਾ ਕਿ ‘ਵਿਦੇਸ਼ੀ’ ਬਣ ਕੇ। ਸਵਾਲ ਇਹ ਉ¤ਠਦਾ ਹੈ ਕਿ ਜੇਕਰ ਉਪਰੋਕਤ ਸਾਰੀਆਂ ਪ੍ਰਾਪਤੀਆਂ ਪੰਜਾਬੀਆਂ ਦੀ ਇਤਿਹਾਸਕ ਦੇਣ ਦੇ ਰੂਪ ਵਿੱਚ, ਕੈਨੇਡੀਅਨ ਦੇਸ਼ ਦਾ ਸ਼ਾਨਾਮੱਤਾ ਅੰਗ ਬਣ ਚੁੱਕੀਆਂ ਹਨ, ਫਿਰ ਪੰਜਾਬੀਆਂ ਵਲੋਂ ਕੈਨੇਡਾ ’ਚ ਵਰਤੀ ਜਾਂਦੀ ਆਪਣੀ ‘ਮਾਂ-ਬੋਲੀ’ ਪੰਜਾਬੀ ਕਿਉਂ ਕੈਨੇਡੀਅਨ ਨਹੀਂ? ਏਨੇ ਮਹਾਨ ਯੋਗਦਾਨ ਦੇ ਬਾਵਜੂਦ ਕੈਨੇਡਾ ਵਸਦੇ ਪੰਜਾਬੀਆਂ ਦੀ ਬੋਲੀ ਹੀ ਕਿਉਂ ‘ਵਿਦੇਸ਼ੀ’ ਹੈ? ਕੀ ਇਹ ਸਰਾਸਰ ਬੇਇਨਸਾਫੀ ਨਹੀਂ ਕਿ ਮਾਂ-ਬੋਲੀ ਦਾ ਪੁੱਤ ਤਾਂ ਦੇਸ਼ ਲਈ ਬੇਗਾਨਾ ਨਾ ਹੋਵੇ, ਪਰ ਉਸ ਦੀ ਮਾਂ-ਬੋਲੀ ਬੇਗਾਨੀ ਮੰਨੀ ਜਾਵੇ। ਸਰਕਾਰੀ ਦਸਤਾਵੇਜ਼ਾਂ ਅਨੁਸਾਰ ਕੈਨੇਡੀਅਨ ਬਣੇ ਕਿਸੇ ਵਿਅਕਤੀ ਦੀ ਜ਼ੁਬਾਨ ਜਦੋਂ ‘ਫੌਰਨ ਲੈਂਗੂਏਜ਼’ ਵਜੋਂ ਅੰਕਿਤ ਹੋਵੇ ਤਾਂ ਹੈਰਾਨੀ ਹੋਣਾ ਸੁਭਾਵਿਕ ਹੈ।
ਕੈਨੇਡਾ ’ਚ ਅਜੇ ਵੀ ਪੰਜਾਬੀ ਨੂੰ ‘ਵਿਦੇਸ਼ੀ ਬੋਲੀ’ ਮੰਨੇ ਜਾਣ ਲਈ ਕਸੂਰਵਾਰ, ਕੁਝ ਹੱਦ ਤੱਕ ਪੰਜਾਬੀ ਖੁਦ ਵੀ ਹਨ। ਕਿਹਾ ਜਾਂਦਾ ਹੈ ਕਿ ਬੋਲੀ ਦੀ ਪ੍ਰਵਾਨਗੀ ਲਈ ਰਾਜਸੱਤਾ ਵੀ ਅਹਿਮ ਰੋਲ ਅਦਾ ਕਰਦੀ ਹੈ। ਕੈਨੇਡਾ ’ਚ ਪੰਜਾਬੀ ਸਿਆਸਤਦਾਨਾਂ ਦੀ ਘਾਟ ਨਹੀਂ, ਪਰ ਆਪਣੀ ਬੋਲੀ ਨੂੰ ਰਾਜਸੀ ਮਾਨਤਾ ਦੇਣ ਵਾਸਤੇ ਉਨਾਂ ’ਚੋਂ ਮਨਮੋਹਣ ਸਿੰਘ (ਮੋਅ) ਸਹੋਤਾ ਨੂੰ ਛੱਡ ਕੇ ਬਹੁਤੇ ਗੰਭੀਰ ਨਹੀਂ। ਉਹ ਖੁਦ ਤਾਂ ਰਾਜੇ-ਰਾਣੀਆਂ ਬਣਨਾ ਲੋਚਦੇ ਹਨ, ਪਰ ਉਨਾਂ ਨੂੰ ਇਸ ਗੱਲ ਦੀ ਪ੍ਰਵਾਹ ਨਹੀਂ ਕਿ ਉਨਾਂ ਦੀ ਮਾਂ-ਬੋਲੀ ਚਾਹੇ ਗੋਲੀ-ਦਾਸੀ ਹੀ ਕਿਉਂ ਨਾ ਬਣੀ ਰਹੇ। ਬਹੁਗਿਣਤੀ ਦੀ ਵਿਰੋਧਤਾ ਦਾ ਬਹਾਨਾ ਲਾ ਕੇ ਉਹ ਪੰਜਾਬੀ ਨੂੰ ‘ਕੈਨੇਡੀਅਨ ਬੋਲੀ’ ਵਜੋਂ ਮਾਨਤਾ ਦਿਵਾਉਣ ਲਈ, ਸੰਵਾਦ ਰਚਾਉਣ ਵਾਸਤੇ ਵੀ ਤਿਆਰ ਨਹੀਂ। ਇੱਥੋਂ ਤੱਕ ਕਿ ਕਈ ਪੰਜਾਬੀ ਨੇਤਾ ਤਾਂ ਵੋਟਾਂ ਦੇ ਦਿਨਾਂ ’ਚ ਆਪਣੇ ਸਾਈਨ ਬੋਰਡਾਂ ’ਤੇ ਮਾਂ-ਬੋਲੀ ਪੰਜਾਬੀ ਵਿੱਚ ਨਾਂ ਤੱਕ ਨਹੀਂ ਲਿਖਦੇ, ਅਖੇ ਗੋਰਿਆਂ ’ਚ ਇਸ ਦਾ ‘ਬੁਰਾ ਅਸਰ’ ਪੈਂਦਾ ਹੈ। ਉਨ•ਾਂ ਨੂੰ ਕੌਣ ਸਮਝਾਵੇ ਕਿ ਅੰਗਰੇਜ਼ਾਂ ਨੇ ਵੀ ਰਾਜਸੀ ਤਾਕਤ ਰਾਹੀਂ ਹੀ ਕੈਨੇਡਾ ਦੀ ਰਾਸ਼ਟਰੀ ਬੋਲੀ ‘ਅੰਗਰੇਜ਼ੀ’ ਬਣਾਈ ਹੈ, ਜਦੋਂ ਕਿ ਹਕੀਕਤ ਵਿੱਚ ਉਹ ਵੀ ਬਾਹਰੋਂ ਆ ਕੇ ਇੱਥੇ ਵਸੇ ਹਨ, ਫਿਰ ਪੰਜਾਬੀ ਰਾਜਨੀਤਕ ਲੋਕ ਪੰਜਾਬੀ ਬੋਲੀ ਨੂੰ ‘ਕੈਨੇਡੀਅਨ ਬੋਲੀ’ ਦਾ ਦਰਜਾ ਕਿਉਂ ਨਹੀਂ ਦਿਵਾ ਸਕਦੇ। ਕੈਨੇਡਾ ’ਚ ਵਸਦੇ ਜਿਹੜੇ ਪੰਜਾਬੀ ਜਨ-ਗਣਨਾਂ ਦੇ ਦਿਨਾਂ ’ਚ ਆਪਣੀ ਬੋਲੀ ਪੰਜਾਬੀ ਨਹੀਂ ਲਿਖਵਾਉਂਦੇ, ਉਹ ਵੀ ਕਸੂਰਵਾਰ ਹਨ। ਅੰਕੜਿਆਂ ਦੇ ਹਿਸਾਬ ਨਾਲ ਕੈਨੇਡਾ ’ਚ ਪੰਜਾਬੀਆਂ ਦੀ ਜਿੰਨੀ ਵਸੋਂ ਹੈ, ਉਸ ਵਿੱਚੋਂ ਪੰਜਾਹ ਫੀਸਦੀ ਜਾਣ-ਬੁੱਝ ਕੇ ਲਾਹਪ੍ਰਵਾਹੀ ਕਾਰਨ ਆਪਣੀ ਭਾਸ਼ਾ ਪੰਜਾਬੀ ਲਿਖਵਾਉਣੋਂ ਪਿੱਛੇ ਹਟ ਜਾਂਦੇ ਹਨ। ਇਸ ਮਾਮਲੇ ’ਚ ਪਾਕਿਸਤਾਨੀ ਪੰਜਾਬੀ ਭਾਈਚਾਰੇ ਨੂੰ ਵੀ ਉਤਸ਼ਾਹਿਤ ਕਰਨਾ ਚਾਹੀਦਾ ਹੈ, ਕਿਉਂਕਿ ਦੁਨੀਆਂ ’ਚ ਸਭ ਤੋਂ ਵੱਧ ਪੰਜਾਬੀ ਬੋਲਣ ਵਾਲੇ ਲਹਿੰਦੇ ਪੰਜਾਬ ਦੇ ਵਸਨੀਕ ਹਨ। ਜੇਕਰ ਕੈਨੇਡਾ ਵਸਦੇ ਪੂਰਬੀ ਤੇ ਪੱਛਮੀ ਪੰਜਾਬਾਂ ਦੇ ਸਾਰੇ ਵਿਅਕਤੀ ਪੰਜਾਬੀ ਨੂੰ ਆਪਣੀ ਜ਼ੁਬਾਨ ਲਿਖਵਾਉਣ ਤਾਂ ਇਸਦੀ ‘ਕੈਨੇਡੀਅਨ ਭਾਸ਼ਾ’ ਵਜੋਂ ਮਾਨਤਾ ਯਕੀਨੀ ਹੈ।
ਕੈਨੇਡੀਅਨ ਪੰਜਾਬੀ ਵਪਾਰੀ ਭਾਈਚਾਰਾ ਚਾਹੇ ਦੇਸ਼ ’ਚ ਆਪਣੀ ਵਿਸ਼ੇਸ਼ ਥਾਂ ਹਾਸਲ ਕਰ ਚੁੱਕਿਆ ਹੈ, ਪਰ ਪੰਜਾਬੀ ਬੋਲੀ ਦੀ ਮਾਨਤਾ ਲਈ ਸੱਚੀ-ਸੁੱਚੀ ਪਹੁੰਚ ਦੀ ਅਜੇ ਵੀ ਘਾਟ ਨਜ਼ਰ ਆਉਂਦੀ ਹੈ। ਬੇਸ਼ੱਕ ਵੈਨਕੂਵਰ ਦੇ ਕੌਮਾਂਤਰੀ ਹਵਾਈ ਅੱਡੇ, ਸਰਕਾਰੀ ਹਸਪਤਾਲਾਂ, ਸਿਟੀ ਹਾਲਾਂ ਤੇ ਪਬਲਿਕ ਸਕੂਲਾਂ ਬਾਹਰ ਪੰਜਾਬੀ ਨਾਮ ਪੜਨ ਨੂੰ ਮਿਲ ਜਾਣਗੇ, ਪਰ ਬਹੁਤੇ ਪੰਜਾਬੀ ਵਪਾਰੀ ਆਪਣੇ ਅਦਾਰੇ ਬਾਹਰ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਦੇ ਬੋਰਡ ਲਗਾਉਣ ਦੀ ਢਿੱਲਮੱਠ ਵਿਖਾ ਰਹੇ ਹਨ। ਕੁਝ ਕੁ ਪੰਜਾਬੀ ਕਾਰੋਬਾਰੀ ਅਦਾਰਿਆਂ ਨੂੰ ਛੱਡ ਕੇ ਬਾਕੀ ਆਪਣੀਆਂ ਦੁਕਾਨਾਂ, ਸੰਸਥਾਵਾਂ ਅਤੇ ਦਫਤਰਾਂ ਦੇ ਨਾਮ ਪੰਜਾਬੀ ਵਿੱਚ ਲਿਖਣੋਂ ਸ਼ਰਮ ਮਹਿਸੂਸ ਕਰਦੇ ਹਨ।
ਕੈਨੇਡੀਅਨ ਮੰਤਰੀ ਜਾਂ ਵਿਧਾਇਕ ਤਾਂ ਆਪਣੇ ਬਿਜ਼ਨਸ ਕਾਰਡਾਂ ਦੇ ਇੱਕ ਪਾਸੇ ਅੰਗਰੇਜ਼ੀ ਅਤੇ ਦੂਜੇ ਪਾਸੇ ਪੰਜਾਬੀ ’ਚ ਜਾਣਕਾਰੀ ਦੇਣੋਂ ਝਿਜਕਦੇ ਨਹੀਂ ਪਰ ਜ਼ਿਆਦਾਤਰ ਪੰਜਾਬੀ ਆਪਣੇ ਪਛਾਣ ਪੱਤਰ ਸਿਰਫ ਅੰਗਰੇਜ਼ੀ ’ਚ ਹੀ ਛਪਵਾ ਕੇ ‘ਮਾਂ ਬੋਲੀ’ ਪੰਜਾਬੀ ਵਲੋਂ ਬੇਰੁਖੀ ਦਾ ਸਬੂਤ ਪੇਸ਼ ਕਰਦੇ ਹਨ। ਪੰਜਾਬੀ ਨੂੰ ‘ਕੈਨੇਡੀਅਨ ਬੋਲੀ’ ਵਜੋਂ ਮਾਨਤਾ ਦੇਣ ਲਈ ਪੰਜਾਬੀ ਮਾਪੇ ਵੀ ਅਹਿਮ ਭੂਮਿਕਾ ਨਿਭਾਅ ਸਕਦੇ ਹਨ, ਜੇਕਰ ਉਹ ਆਪਣੇ ਬੱਚਿਆਂ ਨਾਲ ਘਰਾਂ ਅੰਦਰ ਪੰਜਾਬੀ ਬੋਲਣ ਅਤੇ ਸਕੂਲਾਂ ’ਚ ਪੰਜਾਬੀ ਪੜਨ ਲਈ ਦਿਲੋਂ ਉਤਸ਼ਾਹਿਤ ਕਰਨ। ਜੇਕਰ ਕੈਨੇਡੀਅਨ ਪੰਜਾਬੀਆਂ ਦੀ ਨਵੀਂ ਪੀੜੀ ਪੰਜਾਬੀ ਲਿਖਣ ਪੜਨ ਤੋਂ ਬੇਮੁੱਖ ਹੋ ਗਈ ਤਾਂ ਪੰਜਾਬੀ ਭਾਸ਼ਾ ਦਾ ਭਵਿੱਖ ਚਿੰਤਾਜਨਕ ਹੋਵੇਗ
ਪੰਜਾਬੀ ਦੇ ਗਲੋਂ ‘ਵਿਦੇਸ਼ੀ ਭਾਸ਼ਾ’ ਦਾ ਜੰਜਾਲ ਲਾਹੁਣ ਲਈ ਪੰਜਾਬੀ ਸਿਆਸਤਦਾਨਾਂ, ਪੱਤਰਕਾਰਾਂ, ਲੇਖਕਾਂ, ਵਪਾਰੀਆਂ ਅਤੇ ਮਾਪਿਆਂ ਆਦਿ ਨੂੰ ਵਿਸ਼ਾਲ ਲਹਿਰ ਚਲਾਉਣੀ ਪਵੇਗੀ, ਤਾਂ ਹੀ ਪੰਜਾਬੀ ਆਉਂਦੇ ਸਮੇਂ ‘ਕੈਨੇਡੀਅਨ ਭਾਸ਼ਾ’ ਵਜੋਂ ਮਾਨਤਾ ਹਾਸਲ ਕਰ ਸਕੇਗੀ।

www.punjabinewsonline.com

Sunday, February 22, 2009

ਕਿਉਂ ਵੱਧ ਰਿਹੈ ਬਠਿੰਡਾ ਇਲਾਕੇ 'ਚ 'ਕੁਦੇਸਣਾਂ' ਵਸਾਉਣ ਦਾ ਰਿਵਾਜ਼ ?


ਨਿਰਮਲ ਸਿੰਘ
ਬਠਿੰਡਾ ਜ਼ਿਲੇ ਦੇ ਪਿੰਡਾਂ ਵਿਚ ਅੱਜਕਲ੍ਹ ਨਵੀਂ ਰਿਵਾਇਤ ਪਣਪ ਰਹੀ ਹੈ। ਲੋਕ ਪੰਜਾਬ 'ਚ ਮਹਿੰਗੀਆਂ ਸ਼ਾਦੀਆਂ ਕਰਨ ਦੀ ਬਜਾਏ ਪੂਰਬੀ ਇਲਾਕੇ ਦੀਆਂ ਔਰਤਾਂ ਨਾਲ ਸ਼ਾਦੀ ਕਰਕੇ ਆਪਣੇ ਪਰਿਵਾਰ ਵਸਾ ਰਹੇ ਹਨ। ਕਰੀਬ ਛੇ ਸਾਲ ਪਹਿਲਾਂ ਵਿਆਹੀ ਗਈ ਬਲਜੀਤ ਕੌਰ ਨੇ ਆਪਣੀ ਸ਼ਾਦੀ ਬਾਰੇ ਆਪਣੀਆਂ ਅੱਖਾਂ ਵਿਚ ਚਮਕ ਭਰ ਕੇ ਦੱਸਿਆ ਅਤੇ ਉਸ ਵੇਲੇ ਨੂੰ ਯਾਦ ਕੀਤਾ ਜਦੋਂ ਉਸ ਦੇ ਮਾਪਿਆਂ ਨੂੰ ''ਇਹਨਾਂ'' (ਉਸ ਦੇ ਮੌਜ਼ੂਦਾ ਪਤੀ) ਦੀ ਦੱਸ ਪਾਈ ਗਈ ਸੀ। ਦਰਅਸਲ ਬਲਜੀਤ ਕੌਰ ਦਾ ਜਦੋਂ ਵਿਆਹ ਹੋਇਟਾ ਤਾਂ ਉਸ ਦੀ ਉਮਰ ਮਹਿਜ 16 ਸਾਲਾਂ ਦੀ ਸੀ ਅਤੇ ਉਸ ਦਾ ਪੇਕਿਆਂ ਦਾ ਨਾਂਅ ''ਸ਼ਾਇਰਾ'' ਸੀ। ਉਸ ਦਾ ਵਿਆਹ 29 ਸਾਲਾਂ ਬਲਬੀਰ ਸਿੰਘ ਨਾਲ ਹੋਣ ਦੇ ਬਾਅਦ ਉਸ ਦਾ ਨਵਾਂ ਨਾਮ 'ਬਲਜੀਤ ਕੌਰ' ਰੱਖ ਦਿਤਾ ਗਿਆ। ਉਸ ਦੇ ਮਾਪਿਆਂ ਨੇ ਵੀ ਸੋਚਿਆ ਸੀ ਕਿ ਆਪਣੇ ਹੀ ਭੁਖਮਰੀ ਦੇ ਸ਼ਿਕਾਰ ਇਲਾਕੇ ਦੀ ਬਜਾਏ ਇਸ ਦੀ ਸ਼ਾਦੀ ਖੁਸ਼ਹਾਲੀ ਵਾਲੇ ਪੰਜਾਬ ਸੂਬੇ ਵਿਚ ਕਿਉਂ ਨਾ ਕਰ ਦਿਤੀ ਜਾਵੇ? ਸ਼ਾਇਰਾ ਉਰਫ ਬਲਜੀਤ ਕੌਰ ਦੇ ਮਾਪਿਆਂ ਨੂੰ ਵੀ ਇਹ ਭਲੀਭਾਂਤ ਪਤਾ ਸੀ ਕਿ ਬਲਬੀਰ ਸਿੰਘ ਦਾ ਆਪਣੇ ਪੰਜਾਬ ਵਿਚ ਕਿਤੇ ਵੀ ਵਿਆਹ ਨਹੀਂ ਹੋ ਰਿਹਾ। ਨੰਗੀ ਚਿੱਟੀ ਹਕੀਕਤ ਇਹ ਹੈ ਕਿ ਸੈਕਸ ਅਨੁਪਾਤ ਅਨੁਸਾਰ ਭਾਵੇਂ ਮਰਦਾਂ ਦੇ ਮੁਕਾਬਲੇ ਔਰਤਾਂ ਘੱਟ ਹੋਣ ਦੀ ਬਠਿੰਡਾ ਜਾਂ ਪੰਜਾਬ ਵਿਚ ਗੱਲ ਕੀਤੀ ਜਾਂਦੀ ਹੈ ਪਰ ਅੰਦਰਖਾਤੇ ਇਹ ਸਭ ਸ਼ਾਦੀਆਂ ਪੈਸੇ ਦੇ ਕੇ ਖ੍ਰੀਦੀਆਂ ਗਈਆਂ ਲੜਕੀਆਂ ਨਾਲ ਹੋ ਰਹੀਆਂ ਹਨ ਅਤੇ ਬਠਿੰਡਾ ਦੇ ਹਰ ਤੀਜੇ ਪਿੰਡ ਵਿਚ ਤੁਹਾਨੂੰ ਹੁਬਲੀ ਤੋਂ ''ਵਿਆਹ'' ਕੇ ਆਈਆਂ ਲੜਕੀਆਂ ਮਿਲਣਗੀਆਂ। ਬਲਬੀਰ ਸਿੰਘ ਹੁਣ 35 ਸਾਲਾ ਦਾ ਹੋ ਚੁੱਕਾ ਹੈ, ਰਾਜੇ ਵੀ (ਮੁੱਲ ਦੀ ਤੀਵੀਂ) ਖ੍ਰੀਦੀ ਗਈ ਪਤਨੀ ਵਜੋਂ ਗੱਲ ਨੂੰ ਅੱਗੇ ਵਧਾਉਣ ਦੀ ਬਜਾਏ ਕਹੇਗਾ ਕਿ ਮੇਰੀ (ਇਸ ਤਰ੍ਹਾਂ) ਇਹ ਸ਼ਾਦੀ ਬੜੀ ਆਸਾਨੀ ਨਾ ਹੋ ਗਈ ਸੀ। ਜਦੋਂ ਮੈਂ ਸ਼ਾਦੀ ਕੀਤੀ ਸੀ ਤਾਂ ਮੈਂ ਕਿਸੇ ਨੂੰ ਵੀ ਕੋਈ ਪੈਸਾ ਨਹੀਂ ਦਿਤਾ ਸੀ। ਮੇਰੇ ਮਾਂ-ਬਾਪ ਕਾਫੀ ਅਰਸਾ ਪਹਿਲਾਂ ਗੁਜ਼ਾਰ ਗਏ ਸਨ ਅਤੇ ਕੋਲ ਪੰਜ ਕਿੱਲੇ ਵਾਹੀ ਵਾਲੇ ਸਨ। ਮਾਪਿਆਂ ਦਾ ਸਾਇਆ ਸਿਰ 'ਤੇ ਨਾ ਹੋਣ ਕਰਕੇ ਕੋਈ ਵੀ ਰਿਸ਼ਤ ਕਰਨ ਨੂੰ ਤਿਆਰ ਨਹੀਂ ਸੀ। ਇਥੋਂ ਤਕ ਕਿ ਮੇਰੇ ਭਰਾਵਾਂ ਨੇ ਵੀ ਮੇਰੇ ਬਾਰੇ ਸੋਚਣਾ ਬੰਦ ਕਰ ਦਿਤਾ ਹੋਇਆ ਸੀ। ਪਰ ਅਚਾਨਕ ਇਕ ਰਿਸ਼ਤੇਦਾਰ ਨੇ ਮਿਹਰਬਾਨੀ ਕੀਤੀ ਅਤੇ ਸ਼ਾਇਰਾ ਉਰਫ ਬਲਜੀਤ ਕੌਰ ਦੀ ਕੰਡਵਾਲਾ ਪਿੰਡ 'ਵਿਆਹ' ਕੇ ਆਈ ਭੈਣ ਨਾਲ ਗੱਲਬਾਤ ਤੋਰੀ, ਉਸ ਨੇ ਵੀ ਸਹਿਮਤੀ ਭਰ ਦਿਤੀ ਤੇ ਫਿਰ ਮੈਂ ਸ਼ਾਇਰਾ ਨਾਲ 'ਆਨੰਦ ਕਾਰਜ' ਕਰ ਲਿਆ। ਨਾਲ ਹੀ ਉਸ ਦਾ ਕੁਝ ਭੇਤ ਭਰਿਆ ਹਾਸਾ ਵੀ ਨਿਕਲ ਜਾਂਦਾ ਹੈ ਜਦੋਂ ਉਹ ਕਦੇ ਆਪਣੀ ਸ਼ਾਦੀ ਦਾ ਕਿੱਸਾ ਬਿਆਨ ਕਰਦਾ ਹੈ।
ਦੂਸਰੇ ਪਾਸੇ ਸ਼ਾਇਰਾ ਤੋਂ ਬਲਜੀਤ ਕੌਰ ਬਣੀ ਉਸ ਦੀ ਪਤਨੀ ਨਾਲ ਸਹੁਰੇ ਪਿੰਡ ਵਿਚ ਚੰਗਾ ਸੁਖਾਵਾਂ ਸਲੂਕ ਨਾ ਹੋਇਆ। ਉਸ ਦੀ ਜ਼ਿੰਦਗੀ ਕਾਫੀ ਸਖ਼ਤ ਮਿਹਨਤ ਵਾਲੀ ਬਣ ਗਈ। ਲੋਕਾਂ ਨੇ ਬਲਬੀਰ ਸਿੰਘ ਤੇ ਸ਼ਾਇਰਾ ਦਾ ਸਮਾਜਿਕ ਬਾਈਕਾਟ ਕਰ ਦਿਤਾ। ਬਹੁਤੀਆਂ ਬਜ਼ੁਰਗ ਔਰਤਾਂ ਤਾਂ ਮੈਨੂੰ ਸ਼ਰ੍ਹੇਆਮ ਉ¤ਚੀ ਸਾਰੀ ''ਡੱਡੂ ਖਾਣੀ'' ਕਹਿ ਕੇ ਦੁਤਕਾਰ ਦਿੰਦੀਆਂ।
ਸ਼ਾਇਰਾ ਅੱਜਕਲ੍ਹ ਪੰਜਾਬੀ ਫਰਾਟੇਕਾਰ ਬੋਲ ਲੈਂਦੀ ਹੈ। ਪਰ ਸਮੇਂ ਨੇ ਜ਼ਖਮਾਂ 'ਤੇ ਮਲ੍ਹਮ ਲਗਾਈ। ਸ਼ਾਇਰਾ ਨੇ ਪੰਜਾਬੀ ਪੇਂਡੂ ਰਸਮਾਂ ਰਿਵਾਜ ਸਮਝਣੇ ਸ਼ੁਰੂ ਕਰ ਦਿਤੇ ਅਤੇ ਉਨ੍ਹਾਂ ਟਿਚਕਰਾਂ ਕਰਦੀਆਂ ਬਜ਼ੁਰਗ ਔਰਤਾਂ ਨੂੰ ਵੀ ਹੌਲੀ-ਹੌਲੀ ਆਪਣੀ ਆਕੜ ਛੱਡ ਕੇ ਸ਼ਾਇਰਾ ਨੂੰ ਬਲਜੀਤ ਕੌਰ ਵਜੋਂ ਸਵੀਕਾਰ ਕਰਨਾ ਹੀ ਪਿਆ। ਅੱਜਕਲ੍ਹ ਉਸ ਦੇ ਦੋ ਬੱਚੇ ਹਨ ਉਹ ਜ਼ੋਰ ਦੇ ਕੇ ਕਹਿੰਦੀ ਹੈ ਕਿ ਮੈਂ ਸ਼ਾਇਰਾ ਨਹੀਂ ''ਬਲਜੀਤ ਕੌਰ'' ਹਾਂ। ਮੈਂ ਹੁਣ ਦੋ ਬੱਚਿਆਂ ਦੀ ਪੰਜਾਬਣ ਮਾਂ ਹਾਂ, ਇਸ ਦੇ ਨਾਲ ਹੀ ਉਹ ਆਪਣਾ ਮੂੰਹ ਦੁਪੱਟੇ ਵਿਚ ਢੱਕ ਲੈਂਦੀ ਹੈ। ਬਲਜੀਤ ਕੌਰ ਸੱਚਾਈ ਤੋਂ ਪਰਦਾ ਹਟਾਉਂਦਿਆਂ ਗੱਲ ਤੋਰਦੀ ਹੈ, ''ਮੇਰੀ ਭੈਣ ਨੇ ਮੇਰੇ ਪਤੀ ਤੋਂ ਪੈਸੇ ਹਥਿਆਉਣ ਦੀ ਕੋਸ਼ਿਸ਼ ਕੀਤੀ ਸੀ। ਲੇਕਿਨ ਮੈਂ ਇਸ ਦਾ ਵਿਰੋਧ ਕਰਦਿਆਂ ਖੁਦ ਹੀ ਬਲਬੀਰ ਸਿੰਘ ਨਾਲ ਸ਼ਾਦੀ ਲਈ ਤਿਆਰ ਹੋ ਗਈ ਸੀ। ਉਸ ਨੇ ( ਉਸ ਦੀ ਭੈਣ ਨੇ) ਸੋਚਿਆ ਸੀ ਕਿ ਸ਼ਾਦੀ ਦੇ ਖ਼ਰਚ ਬਹਾਨੇ ਬਲਬੀਰ ਸਿੰਘ ਤੋਂ ਕੁਝ ਪੈਸੇ ਹਥਿਆ ਲਏ ਜਾਣ। ਪਰ ਮੈਂ ਇਥੇ ਪੂਰੀ ਤਰ੍ਹਾਂ ਖੁਸ਼ ਹਾਂ। ਮੈਂ ਆਖਰਕਾਰ ਆਪਣੀ ਭੈਣ ਨਾਲੋਂ ਆਪਣੇ ਸਬੰਧ ਹੀ ਤੋੜ ਲੈਣ ਦਾ ਫੈਸਲਾ ਕਰ ਲਿਆ। ਪਰ ਇਸੇ ਪਿੰਡ ਦੀ ਇਕ ਹੋਰ ਮੁਟਿਆਰ ਸੋਨਾ ਅਜੇ ਪੰਜਾਬੀ ਭਾਈਚਾਰੇ ਤੋਂ ਸੱਖਣੀ ਹੈ ਤੇ 'ਮਨਦੀਪ ਕੌਰ' ਵਜੋਂ ਅਜੇ ਪਿੰਡ ਵਿਚ ਕਬੂਲ ਨਹੀਂ ਕੀਤੀ ਗਈ।
'ਮਨਦੀਪ ਕੌਰ' ਨਾਂ ਉਸ ਦੇ ਸਹੁਰੇ ਘਰ ਦਾ ਹੈ। ਉਸ ਦੀ ਸੱਸ ਕਹਿੰਦੀ ਹੈ ਕਿ ਗਰੀਬੀ ਨੇ ਮੈਨੂੰ ਆਪਣੇ ਪੁੱਤਰ ਦੀ ਸ਼ਾਦੀ ਮਾਲਦਾ ਇਲਾਕੇ (ਹੁਬਲੀ) ਦੀ ਇਸ ਲੜਕੀ ਨਾਲ ਕਰਨ 'ਤੇ ਮਜ਼ਬੂਰ ਕੀਤਾ।
ਪੰਜਾਬ ਵਿਚ ਕਿਸੇ ਲੜਕੀ ਦੀ ਸ਼ਾਦੀ ਕਰ ਸਕਣ ਲਈ ਲੋੜੀਂਦਾ ਪੈਸਾ ਅਤੇ ਘਰ ਦੀ ਮਜ਼ਬੂਤ ਮਾਲੀ ਹਾਲਤ ਸਾਡੇ ਪੱਲੇ ਨਹੀਂ ਸੀ। ਹਿਸ ਲਈ ਕੋਈ ਵੀ ਮੇਰੇ ਪੁੱਤਰ ਨਾਲ ਆਪਣੀ ਧੀ ਦਾ ਰਿਸ਼ਤਾ ਕਰਨ ਲਈ ਤਿਆਰ ਨਹੀਂ ਸੀ। ਫਿਰ ਘਰ ਦਾ ਗੋਹਾ ਕੂੜਾ ਵੀ ਤਾਂ ਕਿਸੇ ਨੇ ਕਰਨਾ ਹੀ ਸੀ। ਗੋਮਤੀ ਖੁਰਦ 'ਪਿੰਡ ਦਾ ਸਰਪੰਚ ਸਕੱਤਰ ਸਿੰਘ ਕਹਿੰਦਾ ਹੈ, ਮਾਲੀ ਹਾਲਤਾਂ ਮਜ਼ਬੂਤ ਨਾ ਹੋਣ ਕਰਕੇ ਸਾਡੇ ਨੌਜਵਾਨਾਂ ਦੀ ਸ਼ਾਦੀ ਪੰਜਾਬ ਵਿਚ ਨਹੀਂ ਹੁੰਦੀ ਅਤੇ ਉਹ ਵੀ ਇਨ੍ਹਾਂ 'ਕੁਦੇਸਣਾਂ' ਨਾਲ ਵਿਆਹ ਕਰਵਾ ਕੇ ਬਹੁਤੇ ਖੁਸ਼ ਹਨ। ਾ ਮੋਹਿੰਜਦੋੜੋ ਦੇ ਦਰਾਵੜੀ ਜ਼ਮਾਨੇ ਤੋਂ ਸ਼ੁਰੂ ਹੁੰਦੀ ਏ। ਜੜ੍ਹ ਨਾਲੋਂ ਵੱਢੇ ਹੋਏ ਰੁੱਖ ਦੇ ਟਾਹਣ ਉ¤ਚੇ ਨਹੀਂ ਹੋ ਸਕਦੇ
SENDER
GREWAL AMARJIT SINGH
HONG KONG
PH: 852-93737550

Monday, February 16, 2009

ਕੁਰਸੀ ਨਾਚ ਨਚਾਏ -2


ਹਰਮਿੰਦਰ ਜੱਸੀ ਦੀ ਅੰਦਰਖਾਤੇ ਬਾਦਲ ਪਰਿਵਾਰ ਨਾਲ ਸੰਧੀ ਹੋ ਸਕਦੀ ਹੈ ?
ਸੁਖਨੈਬ ਸਿੰਘ ਸਿੱਧੂ
ਬਠਿੰਡਾ ਵਿਧਾਨ ਸਭਾ ਸੀਟ ਜਿੱਤਣ ਮਗਰੋਂ ਦੋ ਸਾਲਾਂ ਦੀ ਲੰਬੀ ਗੈਰਹਾਜ਼ਰੀ ਪਿੱਛੋ ਇੱਕ ਹਫ਼ਤਾ ਪਹਿਲਾਂ ਸਰਗਰਮ ਹੋਏ ਵਿਧਾਇਕ ਹਰਮਿੰਦਰ ਸਿੰਘ ਜੱਸੀ ਨੇ ਬਠਿੰਡਾ ਲੋਕ ਸਭਾ ਸੀਟ ਤੋਂ ਦਾਅਵੇਦਾਰੀ ਜਿੱਤਾ ਕੇ ਇੱਕ ਵਾਰ ਫਿਰ ਪੰਜਾਬ ਦੀ ਸਿਆਸਤ ਵਿਚ ਹਲਚਲ ਪੈਦਾ ਕਰ ਦਿੱਤੀ ਹੈ । ਦੋ ਸਾਲ ਦੀ ਨੀਮ ਬੇਹੋਸ਼ੀ ਵਰਗੀ ਖਾਮੋਸੀ ਦਿਖਾਉਂਦੇ ਹੋਏ ਡੇਰਾ ਸਿਰਸਾ ਦੇ ਮੁੱਖੀ ਗੁਰਮੀਤ ਰਾਮ ਰਹੀਮ ਸਿੰਘ ਦੇ ਕੁੜਮ ਹਰਮਿੰਦਰ ਜੱਸੀ ਨੇ ਆਪਣੀ ਚੁੱਪ ਤੋੜਦਿਆਂ ਇਹ ਖੁਲਾਸਾ ਕੀਤਾ ਹੈ ਕਿ ਉਹ ਬਠਿੰਡਾ ਸੀਟ ਤੋਂ ਕਾਂਗਰਸ ਦੀ ਟਿਕਟ ਦੇ ਸਭ ਤੋਂ ਮਜਬੂਤ ਦਾਅਵੇਦਾਰ ਹਨ ।
ਪਹਿਲਾਂ ਲਗਭਗ ਚੁੱਪ ਹੀ ਰਹੇ ਜੱਸੀ ਦੀ ਬਿਆਨਬਾਜ਼ੀ ਜਿੱਥੇ ਬਾਦਲ ਪਰਿਵਾਰ ਲਈ ਸੁੱਖ ਦਾ ਸਾਹ ਲੈ ਕੇ ਆਈ ਹੈ ਉੱਥੇ ਕੈਪਟਨ ਅਮਰਿੰਦਰ ਸਿੰਘ ਖੇਮੇ ਵਿੱਚ ਹਲਚਲ ਵੀ ਪੈਂਦਾ ਕਰ ਰਹੀ ਹੈ।
ਸਿਆਸੀ ਮਾਹਿਰਾਂ ਮੁਤਾਬਿਕ ਇਹ ਗੱਲ ਸਪੱਸ਼ਟ ਹੋ ਚੁੱਕੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਯੁਵਰਾਜ ਰਣਇੰਦਰ ਸਿੰਘ ਦਾ ਮਾਲਵੇ ਵਿਚ ਲੋਕ ਅਧਾਰ ਦੇਖ ਕੇ ਬਾਦਲ ਪਰਿਵਾਰ ਪੂਰੀ ਤਰ੍ਹਾਂ ਭੈਅਭੀਤ ਹੈ ।
ਕਿਆਸਅਰਾਈਆਂ ਇਹ ਵੀ ਹਨ ਕਿ ਜੇਕਰ ਕਾਂਗਰਸ ਹਾਈ ਕਮਾਂਡ ਯੁਵਰਾਜ ਰਣਇੰਦਰ ਸਿੰਘ ਨੂੰ ਚੋਣ ਮੈਦਾਨ ਵਿੱਚ ਉਤਾਰਦੀ ਹੈ ਤਾਂ ਬਾਦਲ ਪਰਿਵਾਰ ਵਿੱਚੋਂ ਖੁਦ ਪ੍ਰਕਾਸ਼ ਸਿੰਘ ਬਾਦਲ ਤੋਂ ਬਿਨਾ ਕੋਈ ਵੀ ਯੁਵਰਾਜ ਨੂੰ ਹਰਾਉਣ ਦੇ ਸਮਰੱਥ ਨਹੀਂ । ਸੁਖਬੀਰ ਸਿੰਘ ਬਾਦਲ ਦੀ ਪਤਨੀ ਹਰਸਿਮਰਤ ਕੌਰ ਬਾਦਲ ਨੇ ਭਾਵੇਂ ‘ਨੰਨ੍ਹੀ ਛਾਂ’ ਨਾਲ ਲੋਕ ਅਧਾਰ ਬਣਾਉਣ ਦਾ ਢਮਢਮਾ ਰਚਿਆ ਸੀ ਪਰ ਲੋਕਾਂ ਨੇ ਉਸਦੀ ਲੋਕ ਸੇਵਾ ਦੀ ਆੜ ਵਿੱਚ ਛੁਪੀ ਰਾਜਨੀਤਕ ਲਾਲਸਾ ਨੂੰ ਭਾਂਪ ਲਿਆ ਹੈ। ਕਈ ਧਰਮਾਂ ਵਿੱਚ ਵਿਸ਼ਵਾਸ਼ ਰੱਖਣ ਅਤੇ ਲੋਕਾਂ ਦੀ ਮਾਇਆ ਨਾਲ ਸ੍ਰੀ ਦਰਬਾਰ ਸਾਹਿਬ ਲੰਗਰ ਲਗਾਉਣ ਵਾਲੀ ਬੀਬੀ ਸੁਰਿੰਦਰ ਕੌਰ ਵੀ ਬਠਿੰਡਾ ਦੇ ਲੋਕਾਂ ਵਿੱਚ ਆਪਣੀ ਰਾਜਸੀ ਪਹੁੰਚ ਨਹੀਂ ਬਣਾ ਸਕੀ । ਹਾਂ ਜੇਕਰ ਖੁਦ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਵਾਲੀ ਕੁਰਸੀ ਆਪਣੇ ਪੁੱਤਰ ਸੁਖਬੀਰ ਸਿੰਘ ਬਾਦਲ ਨੂੰ ਸੌਂਪ ਕੇ ਇੱਥੋਂ ਮੈਦਾਨ ‘ਚ ਨਿਤਰਣ ਤਾਂ ਉਨ੍ਹਾਂ ਦੀ ਜਿੱਤ ਯਕੀਨੀ ਹੈ ।
ਸੂਤਰਾਂ ਮੁਤਾਬਿਕ ਬਾਦਲ ਪਰਿਵਾਰ ਨੇ ਹਰਸਿਮਰਤ ਕੌਰ ਨੂੰ ਇੱਥੋਂ ਚੋਣ ਮੈਦਾਨ ਵਿਚ ਉਤਾਰਨ ਦਾ ਮਨ ਬਣਾਇਆ ਹੈ ਜਿਸਦਾ ਹਾਲੇ ਰਸਮੀ ਐਲਾਨ ਕਰਨਾ ਬਾਕੀ ਹੈ । ਸ਼ਾਇਦ ਅਕਾਲੀ ਦਲ ਆਪਣੀ ਸਥਿਤੀ ਨੂੰ ਮਜਬੂਤ ਬਣਾਉਣ ਲਈ ਕਾਂਗਰਸ ਹਾਈ ਕਮਾਂਡ ਵੱਲੋਂ ਕਾਂਗਰਸੀ ਉਮੀਦਵਾਰ ਐਲਾਨਣ ਦੀ ਉਡੀਕ ਵਿੱਚ ਕਿਉਂਕਿ ਰਣਇੰਦਰ ਸਿੰਘ ਨੂੰ ਇਹ ਸੀਟ ਮਿਲਦੀ ਹੈ ਤਾਂ ਬਾਦਲ ਦਲ ਕੋਲ ਸੋਚਣ ਲਈ ਮੌਕਾ ਹੋਵੇਗਾ ।
ਹਰਮੰਦਰ ਜੱਸੀ ਵੱਲੋਂ ਲੋਕ ਸਭਾ ਦੀ ਟਿਕਟ ਦਾਅਵੇਦਾਰ ਹੋਣਾ ਵੀ ਬਾਦਲ ਪਰਿਵਾਰ ਦੀ ਸਿਆਸੀ ਸੰਧੀ ਦਾ ਇੱਕ ਨਮੂਨਾ ਹੋ ਸਕਦਾ ਹੈ । ਸੂਤਰ ਮੰਨਦੇ ਹਨ ਕਿ ਹਰਮੰਦਰ ਜੱਸੀ ਅਤੇ ਬਾਦਲ ਪਰਿਵਾਰ ਅੰਦਰੂਨੀ ਨੇੜਤਾ ਬਹੁਤ ਹੈ। ਇਸ ਕਰਕੇ ਇੱਕ ਸਮਝੋਤੇ ਤਹਿਤ ਜੱਸੀ ਇਸ ਸੀਟ ਤੋਂ ਦਾਅਵੇਦਾਰੀ ਦਿਖਾ ਕਿ ਜੇਕਰ ਟਿਕਟ ਮੰਗਣ ਵਿਚ ਸਫ਼ਲ ਰਹਿੰਦੇ ਹਨ ਤਾਂ ਬਾਦਲ ਪਰਿਵਾਰ ਕੋਈ ਵੀ ਮੈਂਬਰ ਇਸ ਸੀਟ ਜਿੱਤ ਸਕਦਾ ਹੈ । ਕਿਉਂਕਿ ਕਾਂਗਰਸ ਵਿਚਲੇ ਕੈਪਟਨ ਧੜੇ ਦੇ ਚਾਰ ਐਮ ਐਲ ਏ ਇਸ ਜਿਲੇ ਦੇ ਹਨ ਜਦਕਿ ਦੋ ਵਿਧਾਇਕ ਮਾਨਸਾ ਜਿ਼ਲ੍ਹੇ ਦੇ ਜਿਹੜੇ ਬਠਿੰਡਾ ਲੋਕ ਸਭਾ ਦੀ ਹੱਦ ਅੰਦਰ ਆਉਂਦੇ ਹਨ ਇਸ ਲਈ ਉਨ੍ਹਾਂ 6 ਵਿਧਾਇਕ ਵੱਲੋਂ ਜੱਸੀ ਦਾ ਵਿਰੋਧ ਕੀਤਾ ਜਾਣਾ ਲਾਜ਼ਮੀ ਹੈ । ਇਸ ਨਾਲ ਸਿੱਧਾ ਫਾਇਦਾ ਬਾਦਲ ਪਰਿਵਾਰ ਨੂੰ ਹੋਣਾ ਵੀ ਯਕੀਨੀ ਹੈ । ਇਹ ਗੱਲ ਵੀ ਵਿਚਾਰਨਯੋਗ ਹੈ ਡੇਰਾ ਸਿਰਸਾ ਦੇ ਪ੍ਰੇਮੀਆਂ ਦੀ ਇਸ ਲੋਕ ਹਲਕੇ ਵਿਚ ਬਹੁਗਿਣਤੀ ਹੋਣ ਕਾਰਨ ਜੱਸੀ ਹਾਈ ਕਮਾਂਡ ਕੋਲ ਆਪਣੀ ਜਿੱਤ ਦਾ ਫਾਰਮੂਲਾ ਪੇਸ਼ ਕਰ ਸਕਦੇ ਹਨ ।
ਪ੍ਰੰਤੂ ਸ਼ਹਿਰ ਨਿਵਾਸੀ ਜੱਸੀ ਦੀ ਵਿਧਾਇਕ ਵਾਲੀ ਕਾਰਗੁਜ਼ਾਰੀ ਤੋਂ ਨਾਖੁਸ ਹਨ । ਸ਼ਹਿਰ ਵਿੱਚ ਉਸਦੀ ਲੰਬੀ ਗੈਰ ਹਾਜ਼ਰੀ ਨੂੰ ਦੇਖਦੇ ਹੋਏ ਸ਼ਹਿਰ ਨਿਵਾਸੀਆਂ ਨੇ ਉਸਦੀ ਗੁੰਮਸ਼ੁੰਦਗੀ ਦੇ ਪੋਸਟਰ ਛਪਵਾ ਕੇ ਸ਼ਹਿਰ ਲਗਾਏ ਸਨ ਇਸ ਮਗਰੋਂ ਉਹ ਬਠਿੰਡੇ ਵਿਚ ਨਜ਼ਰ ਆਉਣ ਲੱਗੇ ਹਨ ।
ਰਹੀ ਬਾਦਲ ਪਰਿਵਾਰ ਅਤੇ ਜੱਸੀ ਦੇ ਨਿੱਜੀ ਸਬੰਧਾਂ ਦੀ ਗੱਲ ਜਦੋਂ ਅਕਾਲੀ ਭਾਜਪਾ ਸਰਕਾਰ ਦੇ ਸੱਤਾ ਸੰਭਾਲੀ ਦਾ ਕਾਂਗਰਸ ਦੇ ਸਾਰੇ ਅਹੁਦਿਆਂ ਦੇ ਤਾਇਨਾਤ ਆਗੂਆਂ ਨੂੰ ਘਰੋਂ ਘਰੀ ਤੌਰ ਦਿੱਤਾ ਸੀ ਅਤੇ ਉਨ੍ਹਾਂ ਥਾਵਾਂ ਉਪਰ ਸਰਕਾਰੀ ਪੱਖੀ ਆਗੂ ਨੂੰ ਕਾਬਜ ਕੀਤਾ ਗਿਆ ਸੀ ਪਰ ਹਰਮੰਦਰ ਸਿੰਘ ਜੱਸੀ ਬਕਾਇਦਾ ਮਾਰਕਫੈੱਡ ਦੇ ਚੈਅਰਮੈਨ ਬਣੇ ਰਹੇ , ਉਨ੍ਹਾਂ ਨੂੰ ਲੰਬਾ ਸਮਾਂ ਕਿਸੇ ਨੇ ਇਸ ਅਹੁਦੇ ਤੋਂ ਨਹੀਂ ਹਿਲਾਇਆ ਸੀ ਕਾਰਨ ਕੀ ਸਨ ਇਹ ਤਾਂ ਪਤਾ ਨਹੀਂ ਪਰ ਸ਼ੱਕ ਇਹ ਕੀਤਾ ਜਾਂਦਾ ਹੈ ਕਿ ਉਨਾਂ ਦੀ ਬਾਦਲ ਪਰਿਵਾਰ ਨਾਲ ‘ਖਾਸ ਨੇੜਤਾ’ ਹੈ ਜਾਂ ਫਿਰ ਸਿਰਸਾ ਵਾਲੇ ਸਾਧ ਦੀ ਕ੍ਰਿਪਾ ਦ੍ਰਿਸਟੀ ਸੀ ਜਿਸ ਸਦਕਾ ਕਾਂਗਰਸੀ ਵਿਧਾਇਕ ਅਕਾਲੀ ਸਰਕਾਰ ਸਮੇਂ ਮਾਰਕਫੈੱਡ ਦਾ ਚੇਅਰਮੈਨ ਬਣਿਆ ਰਿਹਾ ।
ਬਾਕੀ ਸਥਿਤੀ ਛੇਤੀ ਹੀ ਸਾਫ਼ ਹੋ ਜਾਵੇਗੀ ।

Sunday, February 15, 2009

ਪੰਜਾਬੀਏ ਜ਼ੁਬਾਨੇ ਨੀ ਰਾਕਾਨੇ ਮੇਰੇ ਦੇਸ ਦੀਏ (5)


ਡਾ. ਜਸਬੀਰ ਕੌਰ
ਮੈਂ ਆਪਣੇ ਹਰ ਲੇਖ ਵਿਚ ਕੋਸ਼ਿਸ਼ ਕੀਤੀ ਹੈ ਕਿ ਮੈਂ ਪੰਜਾਬੀ ਜ਼ੁਬਾਨ ਦੀ ਮੌਜ਼ੁਦਾ ਸਥਿਤੀ ਨੂੰ ਆਪ ਸਭ ਦੇ ਸਾਹਮਣੇ ਰੱਖ ਸਕਾਂ,ਪਰ ਹਰ ਸਥਿਤੀ ਤੋਂ ਬਾਅਦ ਹੋਰ ਨਵੀਂ ਸਥਿਤੀ ਹੀ ਤਿਆਰ ਹੁੰਦੀ ਹੈ,ਖੁਸ਼ੀ ਉਸ ਵੇਲੇ ਹੋਵੇਗੀ ਜਦੋਂ ਕੋਈ ਸਥਿਤੀ ਪੰਜਾਬੀ ਦੇ ਹੱਕ ਵਿਚ ਹੋਵੇਗੀ,ਪਰ ਇਸ ਵਕਤ ਤੇ ਸਿਰਫ ਅਫਸੋਸ ਹੀ ਹੈ, ਕਿ ਸਭ ਕਾਸੇ ਦੇ ਬਾਵਜ਼ੂਦ ਪੰਜਾਬੀ ਦਾ ਭਵਿੱਖ ਅਜੇ ਵੀ ਧੁੰਦਲਾ ਹੀ ਦਿਸਦਾ ਹੈ,ਬੇਸ਼ੱਕ ਪੰਜਾਬੀ ਲਾਜ਼ਮੀ ਕਰਨ ਲਈ ਪੰਜਾਬ ਸਰਕਾਰ ਵਲੋਂ ਕਾਨੁੰਨ ਵੀ ਬਣੇ ਹਨ ,ਪਰ ਇਨ੍ਹਾਂ ਕਨੂੰਨਾਂ ਦੇ ਬਾਵਜ਼ੂਦ ਮੌਜ਼ੁਦਾ ਸਥਿਤੀ ਪੰਜਾਬੀ ਜ਼ੁਬਾਨ ਲਈ ਹਾਸੋਹੀਣੀ ਹੀ ਹੈ ।
ਵੱਡੇ ਪੱਧਰ ਤੇ ਪੰਜਾਬੀ ਭਾਸ਼ਾ ਦੇ ਨਾਂ ਤੇ “ਕਾਨਫਰੰਸਾਂ” ਕਰਕੇ,ਗੋਲ਼ ਮੇਜਾਂ ਦੁਆਲ਼ੇ ਬੈਠ ਕੇ,ਤਾੜੀਆਂ ਲਾ ਕੇ ਅਸੀਂ ਸਮਝਦੇ ਹਾਂ ਕਿ ਅਸੀਂ ਪੰਜਾਬੀ ਦੀ ਸੇਵਾ ਕਰ ਰਹੇ ਹਾਂ,ਮੇਰਾ ਸਵਾਲ ਉਹਨਾਂ ਮਹਾਨ ਲੇਖਕਾਂ ਨੂੰ ਹੈ,ਜਿਨ੍ਹਾਂ ਨੂੰ ਪੰਜਾਬੀ ਭਾਸ਼ਾ ਦੇ ਥੰਮ ਕਿਹਾ ਜਾਂਦਾ ਹੈ “ਕਿ ਮਾਂ ਦੀ ਸੇਵਾ ਅਸੀਂ ਪੈਸੇ ਬਿਨਾਂ ਨਹੀਂ ਕਰ ਸਕਦੇ”ਕਿਉਂ ਕੱਲਾ- ਕੱਲਾ ਬੰਦਾ ਆਪਣੀ ਝੋਲੀ ਵਾਹੋ-ਵਾਹੀ ਪਵਾਉਣਾ ਚਾਹੁੰਦਾ ਹੈ,ਅਸੀਂ ਮਾਂ ਬੋਲੀ ਦੀ ਸੇਵਾ ਕਰ ਰਹੇ ਹਾਂ ਜਾਂ ਆਪਣੇ ਸਵਾਰਥ ਪੂਗਾ ਰਹੇ ਹਾਂ?????????????,ਮੈ ਕੋਈ ਨਾਮੀਂ ਲੇਖਕ ਨਹੀਂ ਪਰ ਮੇਰੀ ਗੁਜ਼ਾਰਿਸ਼ ਉਹਨਾਂ ਥੰਮਾਂ ਨੂੰ ਹੈ ਜਿਨ੍ਹਾਂ ਦੇ ਸਿਰਾਂ ਤੇ ਪੰਜਾਬੀ ਜ਼ੁਬਾਨ ਦਾ ਕਿੱਲਾ ਖੜਾ ਹੈ,”ਕਿ ਪੰਜਾਬੀ ਨੂੰ ਆਮ ਬੰਦੇ ਦੀ ਜ਼ੁਬਾਨ ਰਹਿਣ ਦਿਉ,ਜੇ ਤੁਸੀਂ ਸੱਚੀਂ ਇਸ ਦੀ ਗੁਆਚੀ ਨੁਹਾਰ ਵਾਪਿਸ ਲਿਆਉਣ ਲਈ ਤੱਤਪਰ ਹੋ,ਤਾਂ ਆਮ ਬੰਦੇ ਦੀ ਜ਼ੁਬਾਨ ਵਿਚ ਬੋਲੋ,ਇਹ ਸੁਆਰਥਾਂ ਦੀ ਰਾਜਨੀਤੀ ਤੋਂ ਉੱਤੇ ਉਠੋ ਤੇ ਮਾਂ ਬੋਲੀ ਦੀ ਸੱਚੀ ਸੇਵਾ ਕਰੋ।
ਪੰਜਾਬ ਸਰਕਾਰ ਵਲੋਂ ਮਤਾ ਪਾਸ ਹੋਣ ਤੋਂ ਬਾਅਦ ਵੀ ਅਜੇ ਤੱਕ ਇਸ ਮਤੇ ਨੂੰ ਅਮਲ ਵਿਚ ਨਾਂ ਲਿਆਉਣਾ,ਸਾਡਾ ਆਪਣਾ ਗੈਰਜ਼ਿਮੇਵਾਰਨਾਂ ਰਵਈਆ ਹੈ,ਸਰਕਾਰੀ ਗੱਡੀਆਂ ਉੱਤੇ ਅੰਗਰੇਜ਼ੀ ਵਿਚ ਬਾਖੂਬੀ ਲਿਖਿਆ ਮਿਲੇਗਾ (Punjab govt.) ਪੰਜਾਬ ਦੇ ਸ਼ਹਿਰਾਂ ਵਿਚ ਸਰਕਾਰੀ ਹੋਰਡਿੰਗ ਅੰਗ੍ਰੇਜ਼ੀ ਵਿਚ ਮਿਲਣਗੇ ,ਸਰਕਾਰੀ ਦਫਤਰਾਂ ਵਿਚ ਵੀ ਅੰਗ੍ਰਜ਼ੀ ਪ੍ਰਤੀ ਮੋਹ ਡੁੱਲ -ਡੁੱਲ ਪੈਂਦਾ ਹੈ,ਸਵਾਲ ਇਹ ਨਹੀਂ ਕਿ ਅੰਗਰੇਜ਼ੀ ਨੂੰ ਨਜ਼ਰ ਅੰਦਾਜ਼ ਕੀਤਾ ਜਾਏ ਬਲਕਿ ਪੰਜਾਬੀ ਨੂੰ ਉਸਦਾ ਬਣਦਾ ਥਾਂ ਆਪਣੇ ਘਰ ਵਿਚ ਤੇ ਦਿੱਤਾ ਜਾਏ .
ਮੇਰੀ ਇਕ ਗੁਜ਼ਾਰਿਸ਼ ਪੰਜਾਬ ਸਰਕਾਰ ਨੂੰ ਵੀ ਹੈ,ਕਿ ਮਿਹਰਬਾਨੀ ਕਰਕੇ ਪੰਜਾਬੀ ਲਾਜ਼ਮੀ ਕਰਨ ਲਈ ਕਾਨੂੰਨ ਬਣਾ ਕੇ ਆਪਣੀ ਮਾਂ- ਬੋਲੀ ਦੀ ਹਾਲਤ ਹੋਰ ਤਰਸਯੋਗ ਨਾਂ ਕਰੋ।
ਅੱਜ ਬੇਸ਼ਕ ਪੰਜਾਬ ਸੂਬਾ ਭਾਰਤ ਦਾ ਸਭ ਤੋਂ ਖੁਸ਼ਹਾਲ ਸੂਬਾ ਮੰਨਿਆ ਜਾਂਦਾ ਹੈ,ਇਥੋਂ ਦੇ ਲੋਕ ਖੁਸ਼ਹਾਲ ਜਿੰਦਗੀ ਜੀਉਂ ਰਹੇ ਨੇ,ਦੂਜੇ ਸੂਬਿਆਂ ਦੇ ਲੋਕਾਂ ਲਈ ਪੰਜਾਬ ਇਕ ਬਹੁਤ ਵਧਿਆ ਪਨਾਂਹਗਾਰ ਹੈ,ਉਹਨਾਂ ਦੀ ਰੋਜ਼ੀ ਦਾ ਸਾਧਨ ਹੈ,ਪਰ ਪੰਜਾਬ ਆਪਣੀ ਸ਼ਾਨ ਵਿਚ ਇਕ ਗੱਲੋਂ ਪੱਛੜ ਗਿਆ ਤੇ ਉਹ ਇਹ ਕਿ ਆਪਣੀ ਮਾਂ-ਬੋਲੀ ਨੂੰ ਸਾਂਭਣ ਵਿਚ ਪੰਜਾਬ ਦੇ ਲੋਕ ਤੇ ਇਥੋਂ ਦੇ ਸਰਮਾਏਦਾਰ ਅਸਮਰੱਥ ਰਹੇ ਹਨ ,ਪੰਜਾਬ ਦਾ ਵਿਰਸਾ,ਤੇ ਪੰਜਾਬ ਦੀ ਜਿੰਦ-ਜਾਨ ਪੰਜਾਬੀ ਜ਼ੁਬਾਨ ਹੀ ਪੰਜਾਬ ਦੀ ਖੁਸ਼ਹਾਲੀ ਦੇ ਪ੍ਰਤੀਕ ਹਨ,ਤੇ ਜੇ ਇਹਨਾਂ ਪ੍ਰਤੀਕਾਂ ਨੂੰ ਹੀ ਨਜ਼ਰਅੰਦਾਜ਼ ਕਰਕੇ ਪੰਜਾਬ ਦੀ ਖੁਸ਼ਹਾਲੀ ਲੱਭਣ ਦੀ ਕੋਸ਼ਿਸ਼ ਕੀਤੀ ਗਈ ਤੇ ਸ਼ਾਇਦ ਇਕ ਦਿਨ ਇਹ ਨਾਮੁਮਕਿਨ ਵੀ ਹੋਏਗਾ ।
ਮੈਂ ਆਪਣੇ ਪਹਿਲੇ ਲੇਖ ਵਿਚ ਗੱਲ ਕੀਤੀ ਸੀ ਕੀ ਯੂ, ਐਨ .ੳ ਦੀ ਰਿਪੋਰਟ ਜਿਸ ਵਿਚ ਕਿਹਾ ਗਿਆ ਸੀ ਕਿ ਆਉਂਦੇ 50 ਸਾਲਾਂ ਤੱਕ ਪੰਜਾਬੀ ਭਾਸ਼ਾ ਖਤਮ ਹੋ ਜਾਏਗੀ,ਤੇ ਮੈ ਕਿਹਾ ਸੀ ਕਿ ਰਿਪੋਰਟ ਗਲ਼ਤ ਹੈ,ਪੰਜਾਬੀ ਜ਼ੁਬਾਨ ਨੂੰ ਕੋਈ ਖਤਰਾ ਨਹੀਂ ,ਪਰ ਹੁਣ ਮੈਂ ਆਪਣੀ ਕਹੀ ਗੱਲ ਨੂੰ ਹੀ ਝੁਠਲਾ ਰਹੀ ਹਾਂ ਤੇ ਆਪ ਸਭ ਨੂੰ ਗੁਜ਼ਾਰਿਸ਼ ਕਰ ਰਹੀ ਹਾਂ ਕਿ”ਕਿ ਜੇ ਅਸੀਂ ਵੇਲਾ ਰਹਿੰਦੇ ਪੰਜਾਬੀ ਜ਼ੁਬਾਨ ਨੂੰ ਸੰਭਾਲਨ ਦੇ ਯਤਨ ਨਾਂ ਕੀਤੇ ਤੇ ਸ਼ਾਇਦ ਉਹ ਦਿਨ ਦੂਰ ਨਹੀਂ ਜਦੋਂ ਯੂ.ਐਨ.ੳ ਦੀ ਰਿਪੋਰਟ ਤੇ ਮੋਹਰ ਲੱਗ ਜਾਏਗੀ ਸਹੀ ਹੋਣ ਦੀ,ਹਾਲਾਂਕਿ ਮੇਰੀ ਹਸਤੀ ਕੋਈ ਬਹੁਤ ਵੱਡੀ ਨਹੀਂ ਪਰ ਫਿਰ ਵੀ ਮੇਰੇ ਕੁਝ ਸੁਝਾਅ ਨੇ ਪੰਜਾਬੀ ਜ਼ੁਬਾਨ ਨੂੰ ਮੌਜੁਦਾ ਸਥਿਤੀ ਚੋਂ ਕੱਢਣ ਲਈ:-
1. ਪੰਜਾਬੀ ਭਾਸ਼ਾ ਨੂੰ ਆਮ ਬੰਦੇ ਦੀ ਪੱਧਰ ਤੇ ਲਿਆਂਦਾ ਜਾਏ
2. ਜੋ ਲੇਖਕ ਬਹੁਤ ਔਖੀ ਪੰਜਾਬੀ ਸ਼ਬਦਾਵਲੀ ਦਾ ਇਸਤੇਮਾਲ ਕਰਦੇ ਹਨ ਉਹਨਾਂ ਨੂੰ ਅਪੀਲ ਹੈ ਕਿ ਉਹ ਆਮ ਲੋਕਾਂ ਦੀ ਸਮਝ ਵਿਚ ਆਉਂਣ ਵਾਲੀ ਸ਼ਬਦਾਵਲੀ ਦਾ ਇਸਤੇਮਾਲ ਕਰਨ
3. ਪੰਜਾਬੀ ਭਾਸ਼ਾ ਦੇ ਨਾਂ ਤੇ ਹੋ ਰਹੇ”ਕਾਂਨਫਰਸਾਂ “ਦੇ ਡਰਾਮੇ ਖਤਮ ਕੀਤੇ ਜਾਣ ਅਤੇ ਪੰਜਾਬੀ ਭਾਸ਼ਾ ਨੂੰ ਮੌਜੁਦਾ ਸਥਿਤੀ ਵਿਚੋਂ ਕੱਢਣ ਲਈ ਹੋ ਰਹੇ ਯਤਨ ਖੁੱਲ ਕੇ ਜ਼ਾਹਿਰ ਕੀਤੇ ਜਾਣ
4. ਪੰਜਾਬੀ ਵਿਚ ਛੱਪਣ ਵਾਲੀਆਂ ਕਿਤਾਬਾਂ ਚੰਗੇ ਮਿਆਰ ਦੀਆਂ ਹੋਣ
5. ਪੰਜਾਬੀ ਕਿਤਾਬਾਂ ਦੀ ਕਵਰੇਜ਼ ਤੇ ਪੇਜ਼ ਅੰਤਰਰਾਸ਼ਟਰੀ ਪੁਸਤਕਾਂ ਦਾ ਮੁਕਾਬਲਾ ਕਰਦੇ ਹੋਣ
6. ਪੰਜਾਬ ਵਿਚ ਸਾਰੇ ਸਰਕਾਰੀ ਕੰਮਾਂ ਵਿਚ ਪੰਜਾਬੀ ਨੂੰ ਤਰਜ਼ੀਹ ਦਿੱਤੀ ਜਾਏ
7. ਘੱਟੋ- ਘੱਟ ਪੰਜਾਬ ਵਿਚ ਲੱਗੇ ਸਾਰੇ ਹੋਰਡਿੰਗ ਪੰਜਾਬੀ ਵਿਚ ਲਿਖੇ ਹੋਣ
8. ਇੰਟਰਨੈਟ ਤੇ ਪੰਜਾਬੀ ਭਾਸ਼ਾ ਵਿਚ ਲਿਖਣ ਅਤੇ ਪੜ੍ਹਣ ਲਈ ਇੱਕ ਸਟੈਂਡਰਡ ਫੌਂਟ ਬਣਾਇਆ ਜਾਏ
9. ਨਿੱਜੀ ਸਕੂਲਾਂ ਵਿਚ ਪੰਜਾਬੀ ਨੂੰ ਵਧੇਰੇ ਤਰਜ਼ੀਹ ਦੇਣ ਉਤੇ ਜ਼ੋਰ ਦਿੱਤਾ ਜਾਏ
10. ਪੰਜਾਬੀ ਪੰਜਾਬ ਵਿਚ ੳਚ ਸਿੱਖਿਆ ਪੱਧਰ ਤੇ ਵੀ ਲਾਜ਼ਮੀ ਕੀਤੀ ਜਾਏ
11. ਜੋ ਲੋਕ ਪੈਸੇ ਲੈ ਕੇ ਪੰਜਾਬੀ ਦੀ ਸੇਵਾ ਵਿਚ ਹਿੱਸਾ ਪਾ ਰਹੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਉਹ ਆਪਣੇ ਇਸ ਕਰਮ ਨੂੰ ਸੇਵਾ ਕਹਿ ਕੇ ਪੰਜਾਬੀ ਭਾਸ਼ਾ ਨੂੰ ਹੋਰ ਤਰਸਯੋਗ ਨਾ ਬਣਾਉਣ।
ਉਪਰੋਕਤ ਕੁੱਝ ਸੁਝਾਅ ਜੇ ਅਮਲ ਵਿਚ ਲਿਆਂਦੇ ਜਾਣ ਤੇ ਸ਼ਾਇਦ ਕੁਝ ਵਕਤ ਬਾਅਦ ਕੁਝ ਚੰਗੇ ਨਤੀਜੇ ਵੀ ਵੇਖਣ ਨੂੰ ਮਿਲ ਸਕਣ,ਜੇ ਅੱਜ ਸਥਿਤੀ ਇਹ ਹੈ ਕਿ “ਪੰਜਾਬੀ ਇਸਤੇਮਾਲ ਕਰੋ” ਲਈ ਪੰਜਾਬ ਸਰਕਾਰ ਨੂੰ ਕਾਨੂੰਨ ਬਣਾਉਣਾਂ ਪੈ ਰਿਹਾ ਹੈ ਤਾਂ ਇਹ ਸਰਕਾਰ ਦੀ ਮਜਬੂਰੀ ਤੇ ਹੈ ਹੀ ਪਰ ਪੰਜਾਬ ਵਿਚ ਰਹਿੰਦੇ ਲੋਕਾਂ ਲਈ ਇਹ ਕਿਸੇ ਸ਼ਰਮ ਤੌਂ ਘੱਟ ਨਹੀਂ .
ਡਾ. ਜਸਬੀਰ ਕੌਰ
jasbir_noni@yahoo.co.in