Sunday, March 8, 2009

ਅਨਪੜ੍ਹ ਸਿੰਘਾ

ਆਸਟ੍ਰੇਲੀਆ ਤੋਂ ਗਿਆਨੀ ਸੰਤੋਖ ਸਿੰਘ
ਕਾਰ ਚਲਾਉਣੀ ਸਿੱਖ ਫੱਕਰਾਂ ਦੀ, ਚੇਤੇ ਰੱਖ,
ਲੋਕ ਸਭਾ ਦੀ ਟਿਕਟ ਮਿਲੂ ਅਨਪੜ੍ਹ ਸਿੰਘਾ।
ਉਪ੍ਰੋਕਤ ਲਾਈਨ ਪ੍ਰਿੰਸੀਪਲ ਤਖਤ ਸਿੰਘ ਦੀ ਇਕ ਲੰਮੀ ਗ਼ਜ਼ਲ ਵਿਚੋਂ ਹੈ ਜੋ ਕਿ ਉਸਨੇ 1967/68 ਵਿਚ ਲਿਖੀ ਸੀ। ਇਸ ਦਾ ਪਿਛੋਕੜ ਇਸ ਪ੍ਰਕਾਰ ਹੈ: ਪੰਜਾਬੀ ਸੂਬਾ ਬਣਨ ਪਿੱਛੋਂ 1967 ਦੀਆਂ ਪਹਿਲੀਆਂ ਚੋਣਾਂ ਸਨ। ਪੰਜਾਬੀ ਸੂਬੇ ਦੀ ਜਦੋ ਜਹਿਦ ਵਿਚ ਅਧੂਰੀ ਜਿਹੀ ਸਫ਼ਲਤਾ ਪ੍ਰਾਪਤ ਕਰ ਲੈਣ ਕਰਕੇ, ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ, ਮਾਸਟਰ ਤਾਰਾ ਸਿੰਘ ਜੀ ਦੇ ਹੱਥੋਂ ਨਿਕਲ਼ ਕੇ ਸੰਤ ਫਤਿਹ ਸਿੰਘ ਜੀ ਦੇ ਹੱਥ ਆ ਗਈ ਹੋਈ ਸੀ। ਇਹਨਾਂ ਚੋਣਾਂ ਤੋਂ ਪਹਿਲਾਂ ਮਾਸਟਰ ਜੀ ਤੇ ਸੰਤ ਜੀ ਦੇ ਧੜਿਆਂ ਵਿਚ ਕੁਝ ਪੰਥ ਦਰਦੀ ਸੱਜਣਾਂ ਨੇ ਸਮਝੌਤਾ ਕਰਵਾ ਕੇ, ਇਕੋ ਝੰਡੇ ਹੇਠ ਦੋਹਾਂ ਧੜਿਆਂ ਨੂੰ ਇਕ ਹੋ ਕੇ ਚੋਣਾਂ ਲੜਾਉਣ ਲਈ ਯਤਨ ਕੀਤੇ ਤਾਂ ਕਿ ਪੰਜਾਬੀ ਸੂਬੇ ਦੇ ਅਸਲੀ ਮਕਸਦ ਦੀ ਪ੍ਰਾਪਤੀ ਹੋ ਸਕੇ, ਅਰਥਾਤ ਸੂਬੇ ਵਿਚ ਕਾਂਗਰਸ ਦੀ ਥਾਂ ਤੇ ਅਕਾਲੀ ਸਰਕਾਰ ਬਣਾਈ ਜਾ ਸਕੇ। ਪਰ ਅਜਿਹੇ ਯਤਨ ਅਸਫ਼ਲ ਰਹੇ ਤੇ ਸਮਝੌਤਾ ਨਾ ਹੋ ਸਕਿਆ। ਦੋਹਾਂ ਧੜਿਆਂ ਨੇ ਵੱਖ ਵੱਖ ਹੀ ਉਮੀਦਵਾਰ ਖੜ੍ਹੇ ਕੀਤੇ ਜਿਸ ਨਾਲ਼ ਅਕਾਲੀਆਂ ਦੀਆਂ ਵੋਟਾਂ ਦੋ ਥਾਂਈਂ ਵੰਡੀਆਂ ਜਾਣ ਕਰਕੇ ਕਾਂਗਰਸ ਨੂੰ ਖਾਸਾ ਲਾਭ ਹੋਇਆ। ਇਸ ਸਮੇ ਬਠਿੰਡੇ ਦੇ ਰਿਜ਼ਰਵ ਹਲਕੇ ਤੋਂ ਟਕਸਾਲੀ ਅਕਾਲੀ ਸ. ਧੰਨਾ ਸਿੰਘ ਗੁਲਸ਼ਨ ਅਕਾਲੀ ਦਲ ਦੇ ਸਿਟਿੰਗ ਐਮ. ਪੀ. ਸਨ ਜੋ ਕਿ ਮਾਸਟਰ ਗਰੁੱਪ ਨਾਲ਼ ਸਨ। ਇਹ ਸਰਦਾਰ ਗੁਲਸ਼ਨ ਜੀ ਬਹੁਤ ਲੰਮਾ ਸਮਾ ਲੈਜਿਸਲੇਟਰ ਰਹੇ। 1952 ਵਿਚ ਪੈਪਸੂ ਵਿਚ ਐਮ. ਐਲ. ਏ. ਬਣੇ। ਫਿਰ 1957 ਵਿਚ ਪੰਜਾਬ ਵਿਚ ਐਮ. ਐਲ. ਏ. ਬਣੇ ਤੇ 1962 ਵਿਚ ਐਮ. ਪੀ. ਬਣੇ। ਫਿਰ 1972 ਵਿਚ ਵੀ ਐਮ. ਐਲ. ਏ. ਬਣੇ। ਐਮਰਜੈਂਸੀ ਦੇ ਖਿਲਾਫ ਦਲ ਵੱਲੋਂ ਲਾਏ ਗਏ ਮੋਰਚੇ ਦੀ ਸਫ਼ਲਤਾ ਕਾਰਨ, 1977 ਵਿਚ ਹੋਈਆਂ ਚੋਣਾਂ ਵਿਚ, ਗੁਲਸ਼ਨ ਐਮ. ਪੀ. ਬਣੇ ਤੇ ਫਿਰ ਹਿੰਦੁਸਤਾਨ ਦੇ ਵਿਦਿਅਕ ਮਹਿਕਮੇ ਦੇ ਵਜ਼ੀਰ ਬਣਨ ਦਾ ਮਾਣ ਵੀ ਸ. ਧੰਨਾ ਸਿੰਘ ਗੁਲਸ਼ਨ ਜੀ ਨੂੰ ਪ੍ਰਾਪਤ ਹੋਇਆ। ਇਹ ਕਲਗੀਧਰ ਪਾਤਿਸ਼ਾਹ ਦਾ ਪੰਥ ਵੀ ਕੈਸਾ ਗ਼ਰੀਬ ਨਿਵਾਜ ਹੈ! ਮਹਾਂਰਾਜ ਨੇ ਫੁਰਮਾਇਆ ਸੀ ਨਾ:
ਇਨ ਗਰੀਬ ਸਿਖਨ ਕਉ ਦੇਊਂ ਪਾਤਿਸ਼ਾਹੀ॥
ਯਾਦ ਕਰੇਂ ਹਮਰੀ ਗੁਰਿਆਈ॥
ਫਿਰ ਹੋਰ ਵੀ ਵੇਖੋ ਪਾਤਿਸ਼ਾਹ ਕੀ ਫੁਰਮਾਉਂਦੇ ਹਨ:
ਜਿਨ ਕੀ ਜਾਤਿ ਔਰ ਕੁਲ ਮਾਹੀਂ॥ ਸਰਦਾਰੀ ਨਹਿ ਭਈ ਕਦਾਹੀਂ॥
ਇਨਹੀ ਕੋ ਸਰਦਾਰ ਬਨਾਊ॥ ਤਬੈ ਗੋਬਿੰਦ ਸਿੰਘ ਨਾਮ ਕਹਾਊਂ॥
ਬਠਿੰਡੇ ਦੇ ਟਿੱਬਿਆਂ ਵਿਚ ਕਵੀਸ਼ਰੀ ਕਰਨ ਵਾਲ਼ਾ ਇਕ ਨਿਮਾਣਾ ਦਲਿਤ ਸਿੱਖ, ਸ. ਧੰਨਾ ਸਿੰਘ ਗੁਲਸ਼ਨ, ਪੰਥ ਦੀ ਗਰੀਬ ਨਿਵਾਜਤਾ ਕਾਰਨ ਨਾ ਸਿਰਫ ਐਮ. ਪੀ. ਹੀ ਬਣਿਆ ਬਲਕਿ ਕੇਂਦਰੀ ਸਰਕਾਰ ਦਾ ਵਜ਼ੀਰ, ਤੇ ਉਹ ਵੀ ਵਿਦਿਅਕ ਮਹਿਕਮੇ ਦਾ; ਹੈ ਕਿ ਨਾ ਪੰਥਕ ਬਖਸ਼ਿਸ਼ਾਂ ਦਾ ਪ੍ਰਤੱਖ ਪਰਮਾਣ! ਇਸ ਪੰਥ ਨੇ ਤਾਂ ਘੋੜਿਆਂ ਦੀ ਲਿੱਦ ਸੁੱਟਣ ਵਾਲ਼ੇ ਭਾਈ ਕਪੂਰ ਸਿੰਘ ਜੀ ਨੂੰ ਨਵਾਬ ਤੇ ਯਤੀਮ ਭਾਈ ਜੱਸਾ ਸਿੰਘ ਨੂੰ ਸੁਲਤਾਨੁਲ ਕੌਮ ਬਣਾ ਦਿਤਾ ਸੀ!
ਸ. ਧੰਨਾ ਸਿੰਘ ਗੁਲਸ਼ਨ ਜੀ ਬਹੁਤ ਸੁਲਝੇ ਹੋਏ ਬੁਲਾਰੇ ਸਨ ਤੇ ਕਵੀਸ਼ਰੀ ਕਰਿਆ ਕਰਦੇ ਸਨ। ਆਪਣੀਆਂ ਕਵਿਤਾਵਾਂ ਵੀ ਲਿਖਦੇ ਸਨ। ਇਹਨਾਂ ਦੀ ਇਕ ਕਿਤਾਬ 'ਵੀਹਵੀਂ ਸਦੀ ਦੀ ਸਿੱਖ ਰਾਜਨੀਤੀ' ਵੀ ਸਿੱਖ ਸਿਆਸਤ ਉਪਰ ਚੰਗਾ ਚਾਨਣ ਪਾਉਣ ਵਾਲ਼ੀ ਹੈ। ਸਰਦਾਰ ਗੁਲਸ਼ਨ ਜੀ 1969 ਦੀ ਵੈਸਾਖੀ ਸਮੇ ਤਖ਼ਤ ਸ੍ਰੀ ਦਮਦਮਾ ਸਹਿਬ ਵਿਖੇ ਮੇਰਾ ਲੈਕਚਰ ਸੁਣ ਕੇ ਬੜੇ ਪ੍ਰਭਾਵਤ ਹੋਏ ਤੇ ਸ਼ਾਬਾਸ ਦਿੰਦਿਆਂ ਆਖਿਆ. "ਤੂੰ ਤਾਂ ਸੰਤੋਖ ਸਿਆਂ੍ਹ ਗਿਆਨੀ ਲਾਲ ਸਿੰਘ ਵਾਂਗ ਬੋਲਦਾਂ!" 1980 ਵਿਚ ਸਿਡਨੀ ਆਉਣ ਪਿੱਛੋਂ, ਮੈਨੂੰ ਪੰਥ ਪ੍ਰਸਿੱਧ ਢਾਡੀ ਅਤੇ ਚੋਟੀ ਦੇ ਬੁਲਾਰੇ, ਪਰਲੋਕਵਾਸੀ ਗਿ. ਭਗਤ ਸਿੰਘ ਲਲ੍ਹੀ ਜੀ, ਹੋਰਾਂ ਨੇ ਗੁਲਸ਼ਨ ਜੀ ਦੀ ਲਿਖੀ, ਪੰਜਾਬੀ ਸੂਬੇ ਬਾਰੇ ਇਕ ਕਵਿਤਾ ਜ਼ਬਾਨੀ ਸੁਣਾਈ ਸੀ ਜੋ ਕਿ ਗੁਲਸ਼ਨ ਜੀ ਦੀ ਕਾਵਿਕ ਯੋਗਤਾ ਦੀ ਮੂੰਹ ਬੋਲਦੀ ਤਸਵੀਰ ਸੀ। ਅੱਜ ਕੱਲ੍ਹ ਉਹਨਾਂ ਦੀ ਸਪੁੱਤਰੀ, ਪ੍ਰਿੰਸੀਪਲ ਪਰਮਜੀਤ ਕੌਰ ਗੁਲਸ਼ਨ ਜੀ, ਉਹਨਾਂ ਦੇ ਹਲਕੇ ਦੀ, ਸ਼੍ਰੋਮਣੀ ਅਕਾਲੀ ਦਲ ਵੱਲੋਂ, ਭਾਰਤ ਦੀ ਲੋਕ ਸਭਾ ਵਿਚ ਨੁਮਾਇੰਦਗੀ ਕਰਦੇ ਹਨ। ਮੁਕਦੀ ਗੱਲ 1967 ਸਮੇ ਇਹ ਵੀ ਮਾਸਟਰ ਦਲ ਵੱਲੋਂ ਏਥੋਂ ਹੀ ਉਮੀਦਵਾਰ ਬਣੇ। ਇਹ ਇਸ ਹਲਕੇ ਦੇ ਸਿਟਿੰਗ ਐਮ. ਪੀ. ਵੀ ਸਨ। ਕਾਂਗਰਸ ਨੇ ਵੀ ਇਕ ਹੋਰ ਐਮ. ਪੀ. ਪ੍ਰੋ. ਦਲਜੀਤ ਸਿੰਘ ਖੜ੍ਹਾ ਨੂੰ ਕੀਤਾ। ਮੁਕਾਬਲੇ ਤੇ ਸੰਤ ਫਤਿਹ ਸਿੰਘ ਜੀ ਨੇ, ਜ਼ਿਲੇ ਦੇ ਅਕਾਲੀ ਆਗੂਆਂ ਦੇ ਜੋਰ ਦੇਣ ਤੇ, ਆਪਣੇ ਡਰਾਈਵਰ. ਸ. ਕਿੱਕਰ ਸਿੰਘ ਜੀ ਨੂੰ, ਆਪਣੇ ਦਲ ਦਾ ਟਿਕਟ ਦੇ ਕੇ ਖੜ੍ਹਾ ਕਰ ਦਿਤਾ। ਇਹਨਾਂ ਚੋਣਾਂ ਦੌਰਾਨ ਚੋਣ ਜਲਸਿਆਂ ਵਿਚ ਵਿਰੋਧੀ ਬੜਾ ਰੌਲ਼ਾ ਪਾਉਣ ਕਿ ਸੰਤ ਜੀ ਨੇ ਇਕ ਅਨਪੜ੍ਹ ਬੰਦੇ ਨੂੰ ਟਿਕਟ ਦੇ ਦਿਤੀ ਹੈ। ਹੋਰ ਵੀ ਕਈ ਕੁਝ ਊਲ-ਜਲੂਲ ਇਸ ਮਸਲੇ ਤੇ ਕੁਫ਼ਰ ਤੋਲੇ ਗਏ ਜੋ ਕਿ ਚੋਣਾਂ ਸਮੇ ਆਮ ਹੀ ਵਰਤਾਰਾ ਹੁੰਦਾ ਹੈ। ਸਿਆਣੇ ਆਖਦੇ ਵੀ ਨੇ ਕਿ ਲੜਾਈ ਤੇ ਇਸ਼ਕ ਵਿਚ ਹਰ ਹਥਿਆਰ ਹੀ ਜਾਇਜ਼ ਹੁੰਦਾ ਹੈ। ਇਹ ਵੱਖਰੀ ਗੱਲ ਹੈ ਕਿ ਅਖੀਰ ਨੂੰ ਸਚਾਈ ਸਾਹਮਣੇ ਆ ਹੀ ਜਾਂਦੀ ਹੈ ਪਰ ਫੌਰੀ ਕਾਮਯਾਬੀ ਤਾਂ ਪ੍ਰਾਪਤ ਆਮ ਤੌਰ ਤੇ ਹੋ ਹੀ ਜਾਂਦੀ ਹੈ। ਕਈ ਸੱਜਣ ਇਹ ਵੀ ਆਖਦੇ ਨੇ ਕਿ ਜਦੋਂ ਨੂੰ ਸਚਾਈ ਸਾਹਮਣੇ ਆੳਂੁਦੀ ਹੈੇ ਓਦੋਂ ਨੂੰ 'ਟੂ ਲੇਟ' ਹੋ ਚੁੱਕਾ ਹੁੰਦਾ ਹੈ। ਅਰਥਾਤ ਸੱਚੀ ਧਿਰ ਦਾ ਬਹੁਤ ਨੁਕਸਾਨ ਹੋ ਚੁੱਕਿਆ ਹੁੰਦਾ ਹੈ। ਸੰਤ ਜੀ ਨੇ ਇਕ ਚੋਣ ਜਲਸੇ ਵਿਚ ਆਖਿਆ, "ਕੁਝ ਪੜ੍ਹੇ ਲਿਖੇ ਭਲੇਮਾਣਸ ਸੱਜਣ ਮੇਰੇ ਤੇ ਇਲਜਾਮ ਲਾਉਂਦੇ ਨੇ ਕਿ ਮੈ ਅਨਪੜ੍ਹ ਕਿੱਕਰ ਸਿੰਘ ਨੂੰ ਟਿਕਟ ਦੇ ਦਿਤੀ ਹੈ। ਕਿੱਕਰ ਸਿੰਘ ਦਾ ਮੈ ਜ਼ਿੰਮੇਵਾਰ ਹਾਂ; ਉਸਨੂੰ ਮੈ ਪੜ੍ਹਾਇਆ ਹੈ। ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡਪਾਠੀ ਹੈ। ਕੀਰਤਨ ਕਰਦਾ ਹੈ। ਪੰਜਾਬੀ ਤੇ ਹਿੰਦੀ ਬੜੀ ਚੰਗੀ ਤਰ੍ਹਾਂ ਪੜ੍ਹ ਤੇ ਲ਼ਿਖ ਸਕਦਾ ਹੈ। ਗੁਲਸ਼ਨ ਜੀ ਦੱਸਣ ਕਿ ਉਹ ਕਿਥੋਂ ਪੜ੍ਹੇ ਹਨ! ਉਹਨਾਂ ਦਾ ਕੌਣ ਉਸਤਾਦ ਹੈ! ਫੇਰ ਕੁਝ ਸੱਜਣ ਵਿਚ ਵੀ ਆਖਦੇ ਨੇ ਕਿ ਜੀ ਗੁਲਸ਼ਨ ਕਵੀਸ਼ਰੀ ਕਰਦਾ ਹੈ। ਹਾਂ, ਇਹ ਗੱਲ ਉਹਨਾਂ ਦੀ ਠੀਕ ਹੈ। ਗੁਲਸ਼ਨ ਜੀ ਕਵੀਸ਼ਰੀ ਜ਼ਰੂਰ ਕਰਦੇ ਨੇ। ਉਹਨਾਂ ਦੀ ਕਵੀਸ਼ਰੀ ਦਾ ਨਮੂਨਾ ਇਕ ਤੁਸੀਂ ਵੀ ਭਰਾਓ ਸੁਣ ਲਵੋ:
ਸਾਡੇ ਪਿੰਡ ਮਰ ਗਈਆਂ ਤਿੰਨ ਕੱਟੀਆਂ। ਅਸੀਂ ਜਾ ਕੇ ਉਹਨਾਂ ਦੀਆਂ ਪੂਛਾਂ ਪੱਟੀਆਂ।
ਛੱਪੜ ਕੰਢੇ ਬਹਿ ਕੇ ਅਸਾਂ ਡੱਡੂ ਮਾਰਿਆ। ਧੰਨ ਬਾਬਾ ਧਿਆਨਾ ਜੀਹਨੇ ਕੰਮ ਸਾਰਿਆ।
ਕਵਿਤਾ ਦਾ ਇਹ 'ਉਚ ਉਡਾਰੀ' ਨਮੂਨਾ ਸੁਣ ਕੇ ਹਾਸਾ ਤਾਂ ਪੈਣਾ ਹੀ ਸੀ। ਸੰਤ ਜੀ ਹੌਲ਼ੀ ਹੌਲ਼ੀ ਤਹੱਮਲ ਜਿਹੇ ਨਾਲ਼ ਇਸ ਤਰ੍ਹਾਂ ਭਾਸ਼ਨ ਕਰਿਆ ਕਰਦੇ ਸਨ ਕਿ ਉਹਨਾਂ ਦਾ ਆਖਿਆ ਜਨ ਸਾਧਾਰਨ ਦੇ ਹਿਰਦਿਆਂ ਨੂੰ ਧੁਰ ਅੰਦਰ ਤੱਕ ਟੁੰਬ ਜਾਇਆ ਕਰਦਾ ਸੀ। ਫਿਰ ਇਕ ਹੋਰ ਗੱਲ ਵੀ ਸੀ, ਉਹਨਾਂ ਦੇ ਵਿਰੋਧੀ ਵੀ ਉਹਨਾਂ ਦਾ ਭਾਸ਼ਨ ਪੂਰਾ ਸੁਣਨ ਲਈ ਮਜਬੂਰ ਹੋ ਜਾਇਆ ਕਰਦੇ ਸਨ। ਅੱਗੇ ਹੋਰ ਵੀ ਖੁਲਾਸਾ ਕਰਦਿਆਂ ਸੰਤ ਜੀ ਨੇ ਫੁਰਮਾਇਆ, "ਬਾਕੀ ਰਹੀ ਗੱਲ ਕੁਰਸੀ ਨੂੰ ਸੇਕ ਦੇਣ ਦੀ; ਉਹ ਕਿੱਕਰ ਸਿੰਘ ਸ. ਧੰਨਾ ਸਿੰਘ ਗੁਲਸ਼ਨ ਨਾਲ਼ੋਂ ਵਧ ਦੇ ਲਊ।" ਸ. ਕਿੱਕਰ ਸਿੰਘ ਜੀ, ਦੋ ਸਿਟਿੰਗ ਮੈਬਰਾਂ, ਕਾਂਗਰਸ ਦੇ ਪ੍ਰੋਫੈਸਰ ਦਲਜੀਤ ਸਿੰਘ ਤੇ ਮਾਸਟਰ ਅਕਾਲੀ ਦਲ ਦੇ ਸ. ਧੰਨਾ ਸਿੰਘ ਗੁਲਸ਼ਨ, ਨੂੰ ਸੱਬਰਕੱਤੀਆਂ ਵੋਟਾਂ ਨਾਲ਼ ਹਰਾ ਕੇ ਤੇ ਸੀਟ ਜਿੱਤ ਕੇ, ਭਾਰਤ ਦੀ ਪਾਰਲੀਮੈਟ ਵਿਚ ਪਹੁੰਚ ਗਏ। ਪਹਿਲੇ ਦਿਨ ਦੀਆਂ ਰੌਣਕਾਂ ਵਿਚ ਨਵੇ ਜਿੱਤੇ ਤੇ ਵਾਹਵਾ ਸਾਰੇ ਹਾਰੇ ਹੋਏ ਐਮ. ਪੀ. ਵੀ ਇਕੱਠੇ ਹੋਏ ਹੋਏ ਸਨ। ਇਸ ਗਹਿਮਾ ਗਹਿਮੀ ਵਿਚ ਰਾਜ ਸਭਾ ਦੇ ਸੋਸ਼ਲਿਸਟ ਮੈਬਰ, ਸ਼੍ਰੀ ਰਾਜ ਨਾਰਾਇਣ ਦੀ ਨਿਗਾਹ, ਇਕੱਠੇ ਤੁਰੇ ਆਉਂਦੇ, ਸ. ਕਿੱਕਰ ਸਿੰਘ ਤੇ ਸ. ਧੰਨਾ ਸਿੰਘ ਗੁਲਸ਼ਨ ਤੇ ਜਾ ਪਈ। ਆਪਣੇ ਮਖੌਲੀਆ ਅੰਦਾਜ਼ ਵਿਚ ਰਾਜ ਨਾਰਇਣ ਜੀ ਬੋਲ ਉਠੇ, "ਵਾਹ, ਸਿੱਖੋਂ ਕੀ ਬ੍ਹੀ ਕਿਆ ਬਾਤ ਹੈ! ਯਿਹ ਗੁਲਸ਼ਨ ਉਖਾੜ ਕਰ ਕੀਕਰ ਉਗਾਤੇ ਹੈਂ!" ਠਹਾਕਾ ਪਿਆ ਉਹਨਾਂ ਹਾਜਰਾਂ ਵੱਲੋਂ ਜਿਨ੍ਹਾਂ ਨੂੰ ਇਸ ਗੁਝੀ ਟਿੱਚਰ ਦੀ ਸਮਝ ਆ ਗਈ।
ਪਿੰਸੀਪਲ ਖੜਕ ਸਿੰਘ ਦੀ ਪੂਰੀ ਕਵਿਤਾ ਇਉਂ ਹੈ:
ਗੜਬੜ ਸਿੰਘ ਨੂੰ ਸਾਡਾ ਉਪਦੇਸ਼
1
ਜੇ ਕੁਝ ਖੱਟਣੈ ਤਾਂ ਪੰਥ ਦਾ ਪੱਲਾ ਫੜ ਸਿੰਘਾ। ਪੂਜਾ ਦੇ ਧਾਨ ਨਾਲ਼ ਇਲੈਕਸ਼ਨ ਲੜ ਸਿੰਘਾ।
ਲੈ ਇਕ ਓਟ ਗੁਰੂ ਘਰ ਦੀ ਜੇ ਦੋਸ਼ੀ ਏਂ, ਅੱਜ ਗੁਰਦੁਆਰੇ ਜੁਰਮਾਂ ਦੇ ਨੇ ਗੜ੍ਹ ਸਿੰਘਾ।
ਵਿਕਣ ਜਮੀਰਾਂ ਥਾਂ ਥਾਂ ਜੇ ਪੈਸਾ ਏ ਕੋਲ਼, ਰਾਜ ਸਭਾ ਵਿਚ ਪਿਛਲੇ ਬੂਹਿਉਂ ਵੜ ਸਿੰਘਾ।
ਰੱਬ ਰੁੱਸਦੈ ਤਾਂ ਰੁੱਸੇ, ਖੁੱਸੇ ਨਾ ਰਾਜ, ਵਿਉਂਤ ਅਜਿਹੇ ਢੰਗ ਦੀ ਕੋਈ ਘੜ ਸਿੰਘਾ।
ਪੰਥ ਦਾ ਲੀਡਰ ਜੇਕਰ ਬਣਨਾ ਲੋਚੇਂ ਤੂੰ, ਕਿਸੇ ਨਿਕੰਮੀ ਗੱਲ ਨੂੰ ਫੜ ਕੇ ਅੜ ਸਿੰਘਾ।
ਨਿਕਲ਼ ਗਿਆ ਪੰਜਾਬੀ ਸੂਬਾ ਤੈਥੋਂ ਦੂਰ, ਹੁਣ ਹਰਿਆਣੇ ਬਹਿ ਕੇ ਹਿੰਦੀ ਪੜ੍ਹ ਸਿੰਘਾ।
ਅਗਨਕੁੰਡ ਦੇ ਲਾਗੇ ਬਹਿ ਕੇ ਮਾਲ਼ਾ ਫੇਰ, ਜਾਪੇ ਜਿਉਂ ਤੈਂ ਸਚੀਂ ਜਾਣੈ ਸੜ ਸਿੰਘਾ।
ਸ਼ਾਮੀਂ ਪੀ ਕੇ ਨਾਲ਼ ਭਰਾਵਾਂ ਦੱਬ ਕੇ ਲੜ, ਤੜਕੇ ਉਠਣ ਸਾਰ ਸੁਖਮਨੀ ਪੜ੍ਹ ਸਿੰਘਾ।
ਮੁਖ ਰੱਖਕੇ ਗਉਂ ਆਪਣੀ, ਰੱਜਵੇਂ ਪਾਪ ਕਮਾ, ਦੋਸ਼ ਐਪਰ ਕਲਯੁਗ ਦੇ ਮੱਥੇ ਮੜ੍ਹ ਸਿੰਘਾ।
ਹੱਕ ਦੇ ਨਾਂ ਤੇ ਖੌਰੂ ਪਾ ਪਾ ਧਰਤੀ ਪੁੱਟ, ਹੋਰ ਕਿਤੇ ਲੱਗ ਜਾਏ ਧਰਮ ਦੀ ਜੜ੍ਹ ਸਿੰਘਾ।
ਥਾਂ ਥਾਂ ਇਕ ਦਿਨ ਪੰਥ ਖਾਲਸਾ ਗੱਜੂਗਾ, ਕੱਟ ਜਮਾਨਾ ਔਖ ਦਾ ਵੱਟ ਕੇ ਦੜ ਸਿੰਘਾ।
ਸੇਵ ਕਮਾ ਇਉਂ ਕੌਮ ਦੀ, ਜਿਧਰ ਪੁੱਟੇਂ ਪੈਰ, ਚੰਨ ਨਵਾਂ ਓਧਰ ਹੀ ਜਾਵੇ ਚੜ੍ਹ ਸਿੰਘਾ।
ਵੇਹਲੜ ਸ਼ੇਰਾ ਓ ਮੱਖੀਆਂ ਹੀ ਮਾਰੀ ਚੱਲ, ਯੋਧਾ ਏਂ ਤਾਂ ਮੱਖੀਆਂ ਨਾਲ਼ ਹੀ ਲੜ ਸਿੰਘਾ।
ਤਾਂਘ ਹੈ ਮੱਲਾ ਜੇ ਮਜ਼ਿੰਲ ਤੇ ਅਪੜਨ ਦੀ, ਕਿਸੇ ਸੂਰਮਾ ਸਿੰਘ ਦੀ ਉਂਗਲ਼ੀ ਫੜ ਸਿੰਘਾ।
ਜਦ ਅਨਪੜ੍ਹ ਸੈਂ, ਦੀਨ ਹੇਤ ਕਿੰਜ ਲੜਦਾ ਸੈਂ, ਪੜ੍ਹ ਕੇ ਅੱਖਰ ਚਾਰ ਕਿਉਂ ਗਿਉਂ ਹੜ੍ਹ ਸਿੰਘਾ।
ਇਕੋ ਧਿਰ ਦਾ ਹੱਥ ਠੋਕਾ ਬਣਨਾ ਕੀ ਆਖ, ਜੀਂਦਾ ਏਂ ਤਾਂ ਇਕੋ ਥਾਂ ਨਾ ਖੜ੍ਹ ਸਿੰਘਾ।
ਮੇਹਰ ਕਰੂ ਆਪੇ ਹੀ ਦਾਤਾ, ਲੈ ਕੇ ਹਾਰ, ਘੁੰਮ ਵਜ਼ੀਰਾਂ ਦੇ ਅਗੜ ਪਿਛੜ ਸਿੰਘਾ।
2
ਐਮ. ਐਮ. ਏ. ਦੀ ਅੜਦਲ਼ ਵਿਚ ਜਾ ਖੜ੍ਹ ਸਿੰਘਾ। ਨਿਕਾ ਮੋਟਾ ਕੰਮ ਗਿਆ ਜੇ ਅੜ ਸਿੰਘਾ।
ਹੋਣ ਲਫੰਗੇ ਜਿਸ ਹਲਕੇ ਦੇ ਤੇਰੇ ਯਾਰ, ਚੋਣ ਲਈ ਓਸੇ ਹਲਕੇ 'ਚੋਂ ਲੜ ਸਿੰਘਾ।
ਕਾਰ ਚਲਾਉਣੀ ਸਿਖ ਫੱਕਰਾਂ ਦੀ, ਚੇਤੇ ਰੱਖ, ਲੋਕ ਸਭਾ ਦੀ ਟਿਕਟ ਮਿਲ਼ੂ ਅਨਪੜ੍ਹ ਸਿੰਘਾ।
ਤੇਗ ਚਲਾ ਇਉਂ ਫੁਰਤੀ ਨਾਲ਼ ਵਜ਼ਾਰਤ ਤੇ, ਸਿਰ ਕਿਧਰੇ ਜਾ ਡਿੱਗੇ, ਕਿਧਰੇ ਧੜ ਸਿੰਘਾ।
ਦਾਹੜੀ ਉਹ ਰੱਖ ਚੋਣ ਸਮੇ ਜੋ ਖੁਲ੍ਹ ਜਾਵੇ, ਪਰ ਚੋਣਾਂ ਦੇ ਮਗਰੋਂ ਜਾਵੇ ਚੜ੍ਹ ਸਿੰਘਾ।
ਗਊ ਸਮਝ ਕੇ ਲੱਖ ਤੈਨੂੰ ਪਸਮਾਵੇ ਪੰਥ, ਹੋ ਜਾ ਕਿਧਰੇ ਤਿੱਤਰ ਮਾਰ ਕੇ ਛੜ ਸਿੰਘਾ।
ਝੂਣ ਵਿਰੋਧੀ ਧਿਰ ਨੂੰ ਬੇਰਾਂ ਵਾਂਗ, ਫਿਰਵੇਂ ਚੁਲ੍ਹੇ ਆਪੇ ਜਾਣਗੇ ਝੜ ਸਿੰਘਾ।
ਮਤੇ ਕਿਸੇ ਨੂੰ ਭੁਲ ਕੇ ਫਤਿਹ ਗਜਾ ਬੈਠੇਂ, ਕੌਣ ਕੌਣ ਹੈ ਵੋਟਰ ਲਿਸਟ ਤਾਂ ਪੜ੍ਹ ਸਿੰਘਾ।
ਖੜ੍ਹੀਆਂ ਕਰਕੇ ਗਿਠ ਗਿਠ ਮੁੱਛਾਂ ਸਿਮਕੋ ਨਾਲ਼, ਵਾਰ ਸਪੀਕਰ ਤੇ ਚੰਡੀ ਦੀ ਪੜ੍ਹ ਸਿੰਘਾ।
ਵੇਖ ਕਿਵੇਂ ਅੰਨ੍ਹੀ ਸ਼ਰਧਾ ਦੇ ਮੁੜ੍ਹਕੇ ਨਾਲ਼, ਲੱਗ ਜਾਂਦੀ ਗੁਰਦੁਆਰੀਂ ਤੇਰੀ ਜੜ੍ਹ ਸਿੰਘਾ।
ਭੰਗ ਇਕੱਲੀ ਹੀ ਭੁੱਜੇ ਕਿਉਂ ਤੇਰੇ ਘਰ, ਨਾਲ ਇਹਦੇ ਵਿਚੇ ਆਪ ਵੀ ਸੜ ਸਿੰਘਾ।
ਵੈਰੀ ਜੇ ਤਕੜੇ ਨੇ ਤੈਥੋਂ ਵਾਲ਼ ਹੀ ਚੁਗ, ਤੇਗ ਦੀ ਥਾਂ ਹੱਥ ਵਿਚ ਨੱਕ-ਚੂੰਢੀ ਫੜ ਸਿੰਘਾ।
ਪੁਲ਼ਸ ਫਿਰੂ ਖਿੱਚੀ ਐਵੇਂ ਠਾਣੇ ਵਿਚ, ਕਿਸੇ ਮਨਿਸਟਰ ਨਾਲ਼ ਨਾ ਬੈਠੀਂ ਲੜ ਸਿੰਘਾ।
ਚੜ੍ਹਨ ਚੜ੍ਹਾਵੇ ਸੋਨੇ ਦੇ ਹਰਿਮੰਦਰ ਵਿਚ, ਹਰਿਮੰਦਰ ਵਿਚ ਬਹਿਕੇ ਟੂੰਮਾਂ ਘੜ ਸਿੰਘਾ।
ਚੋਣਾਂ ਲੜ, ਦੇਹ ਭਾਸ਼ਨ ਤੇ ਪਾ ਭੜਥੂ, ਇੰਜ, ਜਾ ਅਪੜੇਂਗਾ ਚੰਡੀਗੜ੍ਹ ਸਿੰਘਾ।
ਹੋਰ ਨਹੀ ਤਾਂ ਨੱਸ ਕੇ ਚੀਫ ਮਨਿਸਟਰ ਦੀ, ਭੱਜੀ ਜਾਂਦੀ ਕਾਰ ਦੀ ਛਾਂ ਹੀ ਫੜ ਸਿੰਘਾ।
ਸਿੰਘ ਦਾ ਕੰਮ ਨਹੀ ਬਹਿਣਾ ਵੱਟ ਕੇ ਚੁੱਪ, ਬੜਬੜ ਪਾਈ ਰੱਖ ਇਵੇਂ ਗੜਬੜ ਸਿੰਘਾ

1 comment:

grewal said...

The political situation is still the same, elder leaders are bringing their kids on the front seat.