Sunday, September 27, 2009

ਇੱਕ ਪਿੰਡ ਤੋਂ ਸਾਰੀ ਦੁਨੀਆ ਤਕ ਪਹੁੰਚਦੀ ਅਖਬਾਰ


ਪੰਜਾਬੀ ਦੀ ਸਿਰਮੌਰ ਅਖਬਾਰ ਪੰਜਾਬੀ ਟ੍ਰਿਬਿਊਨ ਵਿੱਚ
ਛਪ ਰਹੇ ਕਾਲਮ ‘ ਪਰਵਾਸੀ ਪੰਜਾਬੀ ਮੀਡੀਆ’ ਵਿੱਚ ਦਿਨ ਐਤਵਾਰ 27 ਸਤੰਬਰ 2009 ਨੂੰ ਪ੍ਰਮੁੱਖ ਵੈੱਬਸਾਈਟ ਪੰਜਾਬੀ ਨਿਊਜ ਆਨ ਲਾਈਨ ਡਾਟ ਕਾਮ ਬਾਰੇ ਛਪਿਆ ਪ੍ਰੋ: ਕੁਲਬੀਰ ਸਿੰਘ ਦੁਆਰਾ ਲਿਖਿਆ ਫੀਚਰ ਹੇਠਾਂ ਹੂਬਹੂ ਦਿੱਤਾ ਜਾ ਰਿਹਾ ਹੈ
ਇੱਕ ਪਿੰਡ ਤੋਂ ਸਾਰੀ ਦੁਨੀਆ ਤਕ ਪਹੁੰਚਦੀ ਅਖਬਾਰ
ਜਿ਼ਲ੍ਹਾ ਬਠਿੰਡਾ ਦੇ ਛੋਟੇ ਜਿਹੇ ਪਿੰਡ ਪੂਹਲਾ ਤੋਂ ਛੋਟੀ ਜਿਹੀ ਟੀਮ ਵੱਲੋਂ ਇੱਕ ਵੱਡੀ ਆਨਲਾਈਨ ਅਖਬਾਰ ਚਲਾਈ ਜਾ ਰਹੀ ਹੈ ‘ ਪੰਜਾਬੀ ਨਿਊਜ ਆਨਲਾਈਨ’ ( ਮਨੁੱਖੀ ਅਧਿਕਾਰਾਂ ਦੀ ਬੇਖੌਫ ਆਵਾਜ਼ ) । ਭਗਤ ਸਿੰਘ, ਵਾਰਿਸ਼ ਸਾਹ, ਬੁੱਲ੍ਹੇ ਸ਼ਾਹ , ਸ੍ਰੀ ਗੁਰੁ ਨਾਨਕ ਦੇਣ ਜੀ , ਬਲਵੰਤ ਗਾਰਗੀ , ਅਮਿੰ੍ਰਤਾ ਪ੍ਰੀਤਮ , ਗੁਰਦਾਸ ਮਾਨ ਦੀਆਂ ਕਲਾਤਮਿਕ ਤਸਵੀਰਾਂ ਇਸ ਅਖਬਾਰ ਬਾਰੇ ਮੁੱਢਲੇ ਪ੍ਰਭਾਵ ਨੂੰ ਗੂੜ੍ਹਾ ਕਰਦੀਆਂ ਹਨ ।
ਦੋ ਸਾਲ , ਦੋ ਮਹੀਨੇ ਪਹਿਲਾਂ ਸਥਾਪਿਤ ਹੋਈ ਇਹ ਅਖਬਾਰ 65 ਦੇਸ਼ਾ ਦੇ 1187 ਸ਼ਹਿਰਾਂ ਵਿੱਚ ਵਿੱਚ ਵੈੱਬਸਾਈਟ ਦੇ ਰਾਹੀ ਪੜ੍ਹੀ –ਲਿਖੀ ਜਾਂਦੀ ਹੈ । ਪਾਠਕਾਂ ਦੀ ਗਿਣਤੀ ਦੀ ਵਧਦੀ ਘੱਟਦੀ ਰਹਿੰਦੀ ਹੈ । ਸਭ ਤੋਂ ਵੱਧ ਭਾਰਤ ਵਿੱਚ ਪੜ੍ਹੀ ਜਾਂਦੀ ਹੈ , ਫਿਰ ਕੈਨੇਡਾ ਵਿੱਚ ।
ਚੁੱਪ ਦੀ ਆਵਾਜ਼ , ਆਪਣਾ ਵਿਰਸਾ ਆਪਣੇ ਲੋਕ , ਸੰਵਾਦ, ਸਰਗਰਮੀਆਂ, ਮੁੱਖ ਖਬਰਾਂ , ਭਾਰਤ, ਦੁਨੀਆਂ , ਪਰਵਾਸੀ ਪੰਜਾਬੀ , ਸਿਹਤ ਤੇ ਸੁੰਦਰਤਾ , ਸੰਪਾਦਕੀ , ਫੋਟੋ ਗੈਲਰੀ , ਆਦਿ ਵਿੱਚ ਵੰਡੀ ਇਸ ਦੀ ਰੂਪ ਰੇਖਾ ਪਾਠਕਾਂ ਨੂੰ ਬਹੁਮੁੱਲੀ ਜਾਣਕਾਰੀ ਮੁਹੱਈਆ ਕਰ ਜਾਂਦੀ ਹੈ। ਮੁੱਖ ਸੰਪਾਦਕ ਸੁਖਨੈਬ ਸਿੰਘ , ਸੰਪਾਦਕ ਗੁਰਪ੍ਰੀਤ ਸਿੰਘ , ਸਭਿਆਚਾਰਕ ਸੰਪਾਦਕ ਬੀ ਕੇ ਰਾਣੀ ਦੀ ਦੇਖ ਰੇਖ ਹੇਠ ਚੱਲ ਰਹੀ ਇਸ ਅਖਬਾਰ ਦੇ ਨਾਰਵੇ ( ਰੁਪਿੰਦਰ ਢਿੱਲੋ) , ਇਟਲੀ (ਗੁਰਮੁਖ ਸਿੰਘ ਸਰਕਾਰੀਆ), ਫਰਾਂਸ (ਸੁਖਬੀਰ ਸਿੰਘ ਸੰਧੂ ), ਜਰਮਨੀ ( ਅਮਰਜੀਤ ਸਿੰਘ ਸਿੱਧੂ), ਹਾਂਗਕਾਂਗ ( ਅਮਰਜੀਤ ੰਿਸੰਘ ਗਰੇਵਾਲ) ਵਿੱਚ ਵੀ ਪ੍ਰਤੀਨਿਧ ਹਨ ।
25 ਦਸੰਬਰ ਦਾ ਅੰਕ ਖੋਲ੍ਹਣ ‘ਤੇ ਇਕਦਮ ਧਿਆਨ ਸੰਪਾਦਕੀ ਤੇ ਜਾਂਦਾ ਹੈ। ਵਿਸ਼ਾ ਹੀ ਅਜਿਹਾ ਸੀ । ਮੀਡੀਆ ਵਿੱਚ ਭ੍ਰਿਸ਼ਟਾਚਾਰ । ਇਸ ਸਿਰਲੇਖ ਤਹਿਤ ਮੀਡੀਆ ਵਿਚ ਫੈਲੇ ਤਰ੍ਹਾਂ –ਤਰ੍ਹਾਂ ਦੇ ਭ੍ਰਿਸ਼ਟਾਚਾਰ ਦਾ ਅਹਿਮ ਖੁਲਾਸਾ ਕੀਤਾ ਗਿਆ ਹੈ। ਆਧਾਰ ਗੁਰਨਾਮ ਅਕੀਦਾ ਦੀ ਪੁਸਤਕ “ ਪੱਤਰਕਾਰ ਦੀ ਮੌਤ’ ਨੂੰ ਬਣਾਇਆ ਹੈ ।
ਮੀਡੀਆ ਲੋਕਤੰਤਰ ਦਾ ਚੋਥਾ ਥੰਮ ਹੈ । ਪਰ ਸਮੇਂ ਨਾਲ ਪੱਤਰਕਾਰੀ ਵਿੱਚ ਧੁੰਦ ਅਤੇ ਧੂੜ ਪਸਰਦੀ ਜਾ ਰਹੀ ਹੈ । ਨਿਜੀ ਸੁਆਰਥਾਂ ਖਾਤਰ ਸਮਝੋਤੇ ਕੀਤੇ ਜਾਣ ਲੱਗੇ ਹਨ । ਸਿਆਸੀ ਆਗੂਆਂ ਦੁਆਰਾ ਪੱਤਰਕਾਰਾਂ ਨੂੰ ਆਪਣੇ ਹੱਕ ਵਿੱਚ ਵਰਤਣ ਲਈ ਮਹਿੰਗੇ ਹੋਟਲਾਂ ਵਿੱਚ ਪਾਰਟੀਆਂ ਕਰਕੇ ਤੋਹਫੇ ਦਿੱਤੇ ਜਾਂਦੇ ਹਨ । ਇੰਜ ਸਿਆਸਤਦਾਨਾਂ ਦੀ ਮੀਡੀਆ ਉੇਪਰ ਮਜਬੂਤ ਪਕੜ ਬਣੀ ਹੋਈ ਹੈ। ਦੂਜੇ ਪਾਸੇ ਮੀਡੀਆ ਕਾਰਪੋਰੇਟ ਘਰਾਣਿਆਂ ਅਤੇ ਸਿਆਸੀ ਆਗੂਆਂ ਦੀ ਗ੍ਰਿਫ਼ਤ ਵਿੱਚ ਆ ਕੇ ਉਨ੍ਹਾਂ ਦੇ ਹੱਥਾਂ ਦੀ ਕੱਠਪੁਤਲੀ ਬਣਦਾ ਜਾ ਰਿਹਾ ਹੈ ।
ਸ਼ਰਮਾਏਦਾਰਾਂ ਦੀ ਖ਼ਬਰ ਨੂੰ ਪਹਿਲ ਦਿੱਤੀ ਜਾਂਦੀ ਹੈ ।ਸਿਆਸੀ ਆਗੂਆਂ , ਪੁਲੀਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਪੱਤਰਕਾਰਾਂ ਦੀ ਸਾਂਝ ਨਿਰਪੱਖ ਪੱਤਰਕਾਰੀ ਦੇ ਰਾਹ ਵਿੱਚ ਰੋੜਾ ਬਣਦੀ ਜਾ ਰਹੀ ਹੈ।
ਵੱਧ ਰਹੀ ਆਪੋ- ਧਾਪੀ ਅਤੇ ਟੀ ਆਰ ਪੀਜ਼ ਦੀ ਦੌੜ ਵਿੱਚ ਲੋਕਤੰਤਰ ਦੇ ਨੁੰਮਾਇੰਦੇ ਵਜੇਂ ਨਿਭਾਏ ਜਾਣ ਵਾਲੇ ਫਰਜ਼ ਵੱਲੋਂ ਫਾਡੀ ਰਹਿੰਦੇ ਜਾ ਰਹੇ ਹਨ ।
ਪਟਿਆਲਾ ਵਿੱਚ ਇੱਕ ਵਿਅਕਤੀ ਦੁਆਰਾ ਅੱਗ ਲਾ ਕੇ ਆਤਮਦਾਹ ਕਰਨ ਦੀ ਲਾਈਵ ਕਵਰੇਜ ਕਰਨ ਵਿੱਚ ਰੁੱਝੇ ਪੱਤਰਕਾਰਾਂ ਨੂੰ ਉਸ ਵਿਅਕਤੀ ਦੀ ਜਿੰਦਗੀ ਨਾਲੋਂ ਆਪਣੀ ‘ਫੀਡ’ ਭੇਜਣ ਦੀ ਵਧੇਰੇ ਚਿੰਤਾ ਹੁੰਦੀ ਹੈ। ਟੀ ਵੀ ਚੈਨਲਾਂ ਵੱਲੋਂ ਸਕਿਉਰਿਟੀ ਲੈ ਕੇ ਪੱਤਰਕਾਰ ਨਿਯੁਕਤ ਕਰਕੇ ਪੱਤਰਕਾਰੀ ‘ਤੇ ਵੱਡਾ ਪ੍ਰਸ਼ਨ ਹੈ।
ਪੱਤਰਕਾਰੀ ਦੇ ਖੇਤਰ ਵਿੱਚ ਆ ਰਹੇ ਇਸ ਨਿਘਾਰ ਨੂੰ ਜਿਸ ਢੰਗ ਨਾਲ “ ਪੰਜਾਬੀ ਨਿਊਜ਼ ਆਨਲਾਈਨ’ ਨੇ ਉਭਾਰਿਆ ਹੈ, ਉਹ ਸ਼ਲਾਘਾਯੋਗ ਕਦਮ ਹੈ।

No comments: