Saturday, February 27, 2010

ਜੋਖਿਮ ਭਰਿਆ ਸਫ਼ਰ ਕਰਕੇ ਸੰਗਰੀਏ ਤੋਂ ਨਸ਼ਾ ਲਿਆੳਦੇ ਹਨ ਪੋਸਤੀ


ਹੁਣ ਤਾਂ ਜਹਾਜ਼ ਕਦੇ ਕਦਾਈ ਹੀ ਉਤਰਦਾ



ਸੁਖਨੈਬ ਸਿੰਘ ਸਿੱਧੂ



ਜਿਸ ਵਿਅਕਤੀ ਨੂੰ ਨਸ਼ੇ ਦੀ ਲਤ ਲੱਗ
ਜਾਵੇ ਉਹ ਦੀਨ ਦੁਨੀਆਂ ਤੋਂ ਬੇਖਬਰ ਹੋਇਆ ਸਿਰਫ ਅਤੇ ਸਿਰਫ ਨਸੇ਼ ਦੇ ਜੁਗਾੜ ਬਾਰੇ ਸੋਚਦਾ ਹੈ।ਜ਼ਮੀਨ ਦੇ ਜਾਇਦਾਦ ਤੋਂ ਲੈ ਕੇ ਘਰ ਦੇ ਭਾਂਡੇ ਵੇਚਣ ਤੱਕ ਨੌਬਿਤ ਅਕਸਰ ਆ ਜਾਂਦੀ ਹੈ । ਨਸੇ਼ ਦੀ ਪੂਰਤੀ ਲਈ ਨਸੇ਼ੜੀਆਂ ਵੱਲੋਂ ਨਿੱਕੀਆਂ ਨਿੱਕੀਆਂ ਹੇਰਾਫੇਰੀਆਂ ਤੋਂ ਚੋਰੀਆਂ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਅਕਸਰ ਕੀਤੀਆਂ ਜਾਂਦੀਆਂ ਹਨ। ਪੁਲੀਸ ਤੋਂ ਨਸ਼ਾ ਛੁਪਾਉਣ ਦੀਆਂ ਜੁਗਤਾਂ ਦੁਨੀਆਂ ਭਰ ਵਿਚ ਨਸੇ਼ੜੀਆਂ ਦੀਆਂ ਤਕਰੀਬਨ ਸਾਂਝੀਆਂ ਹੁੰਦੀਆਂ ਹਨ । ਜੇ ਕੋਈ ਪੰਜਾਬੀ ਪੱਗ ਵਿਚ ਅਫੀਮ ਛੁਪਾ ਲੈਂਦਾ ਹੈ ਤਾਂ ਨਾਈਜੀਰੀਆ ਦੇ ਨਸੇ਼ੜੀ ਕਾਰ ਦੀਆਂ ਸੀਟਾਂ ਹੇਠ ਹੈਰੋਇਨ ਲੁਕੇ ਲੈਂਦੇ ਹਨ ।ਪਾਬੰਦੀ ਸੁ਼ਦਾ ਨਸਿ਼ਆਂ ਦੀ ਤਸਕਰੀ ਕਰਨ ਵਾਲੇ ਹਰ ਹੀਲਾ ਵਸੀਲਾ ਵਰਤ ਕੇ ਪੁਲੀਸ ਵਿਭਾਗ ਦੀਆਂ ਅੱਖਾਂ ਵਿਚ ਘੱਟਾ ਪਾਉਣ ਦਾ ਯਤਨ ਕਰਦੇ ਹਨ। ਕਾਰਨ ਬੇਸੱਕ ਜੋ ਮਰਜ਼ੀ ਹੋਣ ਪੰਰਤੂ ਪੰਜਾਬ ਵਿਚ ਨਸਿ਼ਆਂ ਦਾ ਰੁਝਾਨ ਦਿਨੋਂ ਦਿਨ ਵੱਧ ਰਿਹਾ ਹੈ । ਨੌਜਵਾਨ ਪੀੜ੍ਹੀ ਨਸਿ਼ਆ ਦਾ ਸੇਵਨ ਅਤੇ ਕਾਰੋਬਾਰ ਕਰ ਰਹੀ ਹੈ। ਰਾਜਨੀਤਕ ਪਹੁੰਚ ਵਾਲੇ ਲੋਕ ਸ਼ਰੇਆਮ ਨਸਿ਼ਆ ਦਾ ਕਾਰੋਬਾਰ ਕਰ ਰਹੇ ਹਨ । ਤਸਕਰੀ ਰੋਕਣ ਵਾਲੀ ਪੰਜਾਬ ਪੁਲੀਸ ਦੇ ਕਈ ਮੁਲਾਜ਼ਮਾਂ ਦੇ ਤਸਕਰੀ ਕਰਨ ਅਤੇ ਕਰਵਾਉਣ ਵਿਚ ਸਮੂਲੀਅਤ ਦੇ ਕਿੱਸੇ ਜੱਗ ਜਾਹਰ ਹੋ ਚੁੱਕੇ ਹਨ। ਬੇਸੱ਼ਕ ਪੰਜਾਬ ਵਿਚ ਪੋਸਤ ਅਤੇ ਅਫੀਮ ਵੇਚਣ ਦੀ ਮਨਾਹੀ ਹੈ।ਫਿਰ ਵੀ ਸਰਕਾਰੀ ਦਾਅਵਿਆ ਦਾ ਮੂੰਹ ਚਿੜਾਉਂਦੇ ਸਮਗਲਰ ਰੋਜ਼ਾਨਾ ਲੱਖਾਂ ਰੁਪਏ ਦਾ ਕਾਰੋਬਾਰ ਕਰਦੇ ਹਨ। ਇਸ ਤਰ੍ਹਾਂ ਹਾਲੇ ਤੱਕ ਨਾਂ ਪੰਜਾਬ ਵਿਚ ਪੋਸਤ ਵਿਕਰੀ ਰੁੱਕੀ ਹੈ ਨਾਂ ਹੀ ਗੈਰਕਾਨੂੰਨੀ ਆਉਂਦੇ ਨਸਿ਼ਆਂ ਦੀਆਂ ਖੇਪਾਂ ਨੂੰ ਠੱਲ ਪਈ ਹੈ ।

ਸਮਾਜਿਕ ਕੰਮਾਂ ਵਿਚ ਅੱਗੇ ਆ ਕੇ ਹਿੱਸਾ ਪਾਉਣ ਵਾਲੀ ਨੀਲਮ ਰਾਣੀ ਦਾ ਕਹਿਣਾ ਕਿ ਬਠਿੰਡਾ ਨੇੜਲੇ ਇਲਾਕੇ ਵਿਚ ਬਾਰਡਰ ਵਾਲੇ ਪਾਸਿਓ ਨਸ਼ਾ ਆਉਂਦਾ ਹੈ। ਭੁੱਕੀ ਲੈਣ ਲਈ ਲੋਕ ਸੰਗਰੀਆ ਤੋਂ ਲਿਆਉਂਦੇ ਹਨ। ਰਾਜਸਥਾਨ ਤੋਂ ਆੳਂੁਦੀ ਬੱਸ ਵਿਚ ਸਵਾਰੀਆਂ ਘੱਟ ਨਸੇ਼ੜੀ ਜਿ਼ਆਦਾ ਹੁੰਦੇ ਹਨ । ਪਹਿਲਾਂ ਆਦੀ ਲੋਕਾਂ ਨੂੰ ਡਾਕਟਰਾਂ ਦੀ ਸਿਫਾਰਸ ਤੇ ਸਿਹਤ ਮਹਿਕਮਾ ਅਫੀਮ ਲੈਣ ਲਈ ਕਾਰਡ ਬਣਾ ਕੇ ਦਿੰਦਾ ਸੀ, ਪੁਲੀਸ ਉਸਨੂੰ ਫੜਦੀ ਨਹੀਂ ਕਿਉਂਕਿ ਉਹ ਮਾਨਤਾ ਪ੍ਰਾਪਤ ਅਮਲੀ ਹੁੰਦੇ ਸਨ ਪਰ ਹੁਣ ਪੰਜਾਬ ਸਰਕਾਰ ਵਿਚਾਰੇ ਅਮਲੀ ਨੂੰ ਮਾਨਤਾ ਨਹੀ ਦੇ ਰਹੀ ਸਗੋਂ ਅਜਿਹੇ ਕਾਰਡ ਬਣਾਉਣੇ ਬੰਦ ਕਰ ਦਿੱਤੇ ਹਨ । ਕੀ ਪੰਜਾਬ ਸਰਕਾਰ ਵਿਚ ਅਮਲੀ ਨਹੀਂ ਰਹੇ ਜਾ ਫਿਰ ਨਸਿ਼ਆਂ ਦੀ ਤਸਕਰੀ ਰੋਕ ਦਿੱਤੀ ਹੈ। ਕਦੇ ਕੋਈ ਅਮਲੀ ਨਸੇ਼ ਦੀ ਕਮੀਂ ਕਾਰਨ ਮਰਿਆ ? ਜਵਾਬ ਹੋਵੇਗਾ ਨਹੀਂ ਕਿਉਂਕਿ ਪੈਸੇ ਹੋਣੇ ਚਾਹੀਦੇ ਹਨ ਨਸਿ਼ਆਂ ਦੀ ਤਾਂ ‘ ਹੋਮ ਡਲਿਵਰੀ ’ ਹੋ ਰਹੀ ਹੈ। ਕੋੲੱੀ ਵਿਅਕਤੀ ਨਸੇ਼ ਕਰਨ ਕਿਉਂ ਅਤੇ ਕਿਵੇਂ ਲੱਗਾ ਇਸ ਵਿਸੇ਼ ਨੂੰ ਛੱਡ ਕੇ ਨਸ਼ਾ ਹਾਸਲ ਕਰਨ ਵਿਚਾਰੇ ਅਮਲੀ ਕੀ ਤਕਲੀਫਾਂ ਕੱਟਦੇ ਹਨ ਇਸ ਥੋੜੀ ਚਰਚਾ ਕਰੀਏ । ਨਸੇ਼ ਖਾਣ ਵਾਲੇ ਜਿੰਨੇ ਜਿੰਮੇਵਾਰ ਹਨ ਉਨੇ ਹੀ ਕਸੂਰਵਾਰ ਸਾਡੇ ਰਾਜਨੀਤਕ ਆਗੂ ਅਤੇ ਉਹ ਪੁਲੀਸ ਅਧਿਕਾਰੀ ਹਨ ਜਿਹੜੇ ਨਿੱਜੀ ਸਵਾਰਥਾਂ ਖਾਤਰ ਪੰਜਾਬ ਜਵਾਨੀ ਹੋ ਰਹੇ ਨੂੰ ਜਹਿਰ ਸਪਲਾਈ ਹੋਣ ਤੋਂ ਰੋਕਣ ਵਿਚ ਨਾਕਮਾ ਰਹੇ ਹਨ ।

ਰਾਜਸਥਾਨ ਸਰਕਾਰ ਦੇ ਆਬਕਾਰੀ ਵਿਭਾਗ ਵੱਲੋਂ ਸੂਬੇ ਵਿਚ ਡੋਡੇ ਅਤੇ ਪੋਸਤ ਦੇ ਠੇਕੇ ਖੁਲਵਾਏ ਹੋਏ ਹਨ ।ਪੰਜਾਬ ਦੀ ਸਰਹੱਦ ਤੋਂ ਨੇੜੇ ਪੈਂਦੇ ਕਸਬਾ ਸੰਗਰੀਆ ਦੇ ਇੱਕ ਠੇਕੇ ਦੀ ਜਿੰਨੀ ਲਾਗਤ ਹੈ ਉਨੀ ਸਾਰੇ ਰਾਜਸਥਾਨ ਦੇ ਠੇਕਿਆਂ ਵਿਚੋਂ ਕਿਸੇ ਦੀ ਨਹੀਂ ਹੋਣੀ ਹਾਲਾਂਕਿ ਠੇਕੇਦਾਰ ਅੰਕੜੇ ਦੇਣ ਤੋਂ ਕੁਤਰਾਉਂਦੇ ਹਨ । ਪੋਸਤ ਦੀ ਕਾਊਂਟਰ ਸੇਲ ਤੋਂ ਬਿਨਾ ਪੰਜਾਬ ਤਸਕਰਾਂ ਨੂੰ ਸਪਲਾਈ ਦੇਣ ਲਈ ਗੈਰਕਾਨੂੰਨੀ ਢੰਗ ਨਾਲ ਡਿਲਵਰੀ ਕੀਤੀ ਜਾਂਦੀ ਹੈ ।ਮਾਲਵਾ ਪੱਟੀ ਵਿਚ ਪੋਸਤ ਦੇ ਆਦੀ ਵਿਅਕਤੀਆਂ ਗਿਣਤੀ ਜਿ਼ਆਦਾ ਹੈ । ਪੰਜ ਚਾਰ ਸਾਲ ਪਹਿਲਾਂ ਤੱਕ ਪੋਸਤੀਆਂ ਨੂੰ ਪਿੰਡਾਂ ਵਿਚੋਂ ਹੀ ਪੋਸਤ ਮਿਲ ਜਾਂਦਾ ਸੀ। ਉਦੋਂ ਪਿੰਡ ਦੇ ਬਾਹਰ ਕਿਸੇ ਸੁਰਖਿਅਤ ਥਾਂ ਉਪਰ ਬਲੈਕੀਏ ਸਾਈਕਲ ,ਸਕੂਟਰ ਜਾਂ ਮੋਟਰ ਸਾਈਕਲ ਉਪਰ ਬੋਰੀ ਲੱਦ ਕੇ ਜਾਂਦੇ ਸਨ । ਅਮਲੀਆਂ ਦਾ ਆਪਸੀ ਨੈਟਵਰਕ ਐਨਾ ਮਜਬੂਤ ਸੀ ਕਿ ਪਿੰਡ ਦੇ ਸਾਰੇ ਪੋਸਤੀ ਪਲਾਂ ਵਿਚ ਉਸ ਥਾਂ ਪਹੁੰਚ ਜਾਂਦੇ ਜਿੱਥੇ ‘ ਜਹਾਜ ’ (ਨਸ਼ਾ ਵੇਚਣ ਵਾਲਾ ਵਿਅਕਤੀ) ਉਤਰਿਆ ਹੁੰਦਾ । ਅਮਲੀ ਇਸ ਗੱਲੋਂ ਖੁਸ ਹੁੰਦੇ ਸਨ ਕਿ ਕੋਟਾ ਮੁੱਕਣ ਤੋਂ ਪਹਿਲਾਂ ਫਿਰ ਬੰਦੋਬਸਤ ਹੋ ਗਿਆ ਤੇ ਬਲੈਕੀਆ ਇਸ ਗੱਲੋਂ ਖੁਸ ਕਿ ਦਸਾਂ ਮਿੰਟਾਂ ਵਿਚ ਦਿਹਾੜੀ ਬਣਾ ਗਈ । ਇਸ ਬਾਰੇ ਗੁਰਦੇਵ ਸਿੰਘ ਦੱਸਦਾ, “ ਬਾਈ ਮੋਬਾਈਲ ਫੋਨਾਂ ਨੇ ਪੱਟੀ ਮੇਸ ਕਰਤੀ , ਜਹਾਜ਼ ਮਗਰੋਂ ਉਤਰਦਾ ਮੁਖਬਰ ਪਹਿਲਾਂ ਪੁਲੀਸ ਸੱਦ ਲੈਂਦੇ ਹਨ ।ਪ੍ਰਚੂਨ ਦਾ ਕੰਮ ਕਰਨ ਵਾਲੇ ਪੁਲੀਸ ਨਾਲ ਹਿੱਸਾ ਪੱਤੀ ਨਹੀਂ ਕਰ ਸਕਦੇ ।’

ਸੰਗਰੀਆ ਤੋਂ ਭੁੱਕੀ ਲਿਆਉਂਦਾ ਬਿੱਕਰ ਸਿੰਘ ਕਹਿੰਦਾ ਹੈ , “ ਐਥੇ ਭੁੱਕੀ (ਪੋਸਤ) 1200 ਰੁਪਏ ਕਿਲੋ ਮਿੰਨਤਾਂ ਕਰਾਕੇ ਦਿੰਦੇ ਹਨ । ਨਾਲੇ ਪਸੂਆਂ ਆਲੀ ਖੁਰਾਕ ,ਮੰਗਫੂਲੀ ਦਾ ਛਿਲਕਾ, ਸੁੱਕੇ ਕੱਦੂ ਦੇ ਛਿੱਲੜ ਅਤੇ ਹੋਰ ਮਿਲਾਵਟ ਕਰ ਦਿੰਦੇ ਹਨ । ਸੰਗਰੀਏ ਤੋਂ 800 ਰੁਪਏ ਮਿਲਦੀ ਹੈ 100 ਰੁਪਇਆ ਕਿਰਾਇਆ ਭਾੜੇ ਦਾ , ਜੇ ਪੁਲੀਸ ਵਾਲੇ ਮਿਲ ਜਾਣ ਤਾਂ 100-200 ਉਹ ਝਾੜ ਲੈਂਦੇ ਹਨ । ਪਰ ਨਸ਼ਾ ਠੀਕ ਹੂੰਦਾ ।”

ਬਠਿੰਡਾ ,ਮਾਨਸਾ ,ਫਰੀਦਕੋਟ ਅਤੇ ਫਿਰੋਜਪੁਰ ਜਿ਼ਲ੍ਹਿਆਂ ਦੇ ਅਮਲੀ ਬੱਸਾਂ ਰਾਹੀਂ ਵਾਇਆ ਡੱਬਵਾਲੀ ਸੰਗਰੀਆਂ ਮੰਡੀ ਪਹੁੰਚਦੇ ਹਨ । ਰੇਲਵੇ ਸਟੇਸ਼ਨ ਨੇੜੇ ਬਣੇ ਉੁਸ ਅਹਾਤੇ ਵਿਚ ਖੁੱਲੇ ਠੇਕੇ ਕੋਲ ਇਨ੍ਹਾਂ ਦੀ ਹਾਲਤ ਬਹੁਤ ਤਰਸਯੋਗ ਹੁੰਦੀ ਹੈ । ਠੇਕੇ ਵਾਲਿਆਂ ਕੋਲ ਕੋਟਾ ਥਹੁੜਾ ਅਤੇ ਖਰੀਦਾਰ ਬਹੁਤੇ ਹੁੰਦੇ ਹਨ । ਪੈਸੇ ਦੇ ਕੇ ਵੀ ਚੀਜ਼ ਨਹੀ ਮਿਲਦੀ । ਨਸੇ਼ ਦੀ ਤੌੜ ਕਾਰਨ ਧਾਹਾਂ ਮਾਰਦੇ ਪੋਸਤੀ ਅਕਸਰ ਦੇਖੇ ਜਾ ਸਕਦੇ ਹਨ । ਕੁਝ ਔਰਤਾਂ ਵੀ ਆਪਣੇ ਪਤੀ ਦੇ ਖਾਣ ਲਈ ਜਾਂ ਅੱਗੇ ਸਪਲਾਈ ਕਰਨ ਲਈ ਇੱਥੇ ਪੋਸਤ ਖਰੀਦ ਕੇ ਲਿਜਾਂਦੀਆਂ ਹਨ । ਅਮਲੀ ਆਪਣੀਆਂ ਪੱਗਾਂ ਜਾਂ ਪਤਲੇ ਥੈਲਿਆਂ ਵਿਚ ਪਾ ਲੱਕ ਬੰਨ ਕੇ ਰੱਬ ਆਸਰੇ ਪੰਜਾਬ ਨੂੰ ਚਾਲੇ ਪਾ ਦਿੰਦੇ ਹਨ । ਇੱਥੋਂ ਸ਼ੁਰੂ ਹੁੰਦਾ ਇਨ੍ਹਾਂ ਦਾ ਖਤਰਿਆਂ ਭਰਿਆ ਸਫਰ । ਸੰਗਰੀਆ ਤੋਂ ਕੁਝ ਕੁ ਕਿਲੋਮੀਟਰ ਦੀ ਦੂਰੀ ਹਰਿਆਣਾ ਪੁਲੀਸ ਵੱਲੋਂ ਰਾਜ ਦੀ ਹੱਦ ਸ਼ੁਰੂ ਹੋਣ ਕਰਕੇ ਹਰ ਆਉਣ ਜਾਣ ਵਾਲੀ ਗੱਡੀ ਤੇ ਤੇਜ ਨਿਗਾ ਰੱਖੀ ਜਾਂਦੀ ਹੈ । ਜੇਕਰ ਕੋਈ ਇੱਥੋਂ ਬਚ ਜਾਵੇ ਤਾਂ ਡੱਬਵਾਲੀ ਲੰਘਣ ਸਾਰ ਪੰਜਾਬ ਦੇ ਇਲਾਕੇ ਵਿਚ ਪੁਲੀਸ ਥਾਂ ਥਾਂ ਤਾਇਨਾਤ ਹੁੰਦੀ ਹੈ। ਪੁਲੀਸ ਵਾਲੇ ਅਮਲੀ ਨੂੰ ਸ਼ਕਲ ਦੇਖ ਕੇ ਹੀ ਪਛਾਣ ਲੈਂਦੇ ਹਨ । ਲਗਾਤਾਰ ਸੰਗਰੀਆ ਤੋਂ ਮਾਲ (ਪੋਸਤ ) ਲਿਆ ਕਿ ਸਪਲਾਈ ਕਰਨ ਵਾਲੇ ਇੱਕ ਵਿਅਕਤੀ ਨੇ ਆਪਣੀ ਪਛਾਣ ਗੁਪਤ ਰੱਖਦੇ ਹੋਏ ਕਿਹਾ , ਇੱਕ ਕਿਲੋਂ ਤੱਕ ਪੁਲਿਸ ਵਾਲੇ ਕੁਝ ਨੀ ਕਹਿੰਦੇ ਜਿ਼ਆਦਾ ਹੋਵੇ ਤਾਂ ਪੈਸੇ ਲੈ ਕੇ ਛੱਡ ਦਿੰਦੇ ਹਨ , ਮੈਨੂੰ ਤਾਂ ਜਿ਼ਆਦਾਤਰ ਮੁਲਾਜਮ ਸ਼ਕਲ ਤੋਂ ਜਾਣਦੇ ਹਨ ।”
ਤਲਵੰਡੀ ਸਾਬੋਂ ਦੇ ਨਾਲ ਲੱਗਦੇ ਇੱਕ ਪਿੰਡ ਦਾ ਬਜੁਰਗ ਮਹੀਨੇ ਵਿਚ ਕਈ ਵਾਰ ਸੰਗਰੀਏ ਗੇੜਾ ਲਾਉਂਦਾ ਉਹ ਪੰਜਾਬ ਵਿਚ ਫੜੇ ਜਾਣ ਦੇ ਡਰੋਂ ਖੇਤਾਂ ਵਿਚ ਦੀ ਤੁਰ ਕੇ ਆਉਂਦਾ ਹੈ। ਜਿਅ਼ਾਦਾ ਤੁਰਨ ਕਰਕੇ ਉਸਦੇ ਪੈਰ ਥੱਕ ਜਾਂਦੇ ਹਨ । ਅਮਲੀ ਉਸਨੂੰ ‘ਤਾਇਆ ’ ਆਖਦੇ ਹਨ ਉਹ ਘਰੋਂ ਘਰੀ ਪੋਸਤ ਦੇ ਪੈਕਟ ਸਪਲਾਈ ਕਰਦਾ ਰਿਹਾ ਹੈ। ਪਿੰਡ ਧੋਲੀਪਾਲ ਜਿ਼ਲ੍ਹਾ ਹੰਨੂਮਾਨਗੜ੍ਹ ਵਿਚ ਪੋਸਤ ਦੇ ਠੇਕੇ ਦੀ ਬਰਾਂਚ ਚਲਾਉਂਦੇ ਕਰਿੰਦੇ ਦਾ ਵਿਚਾਰ ਹੈ , ‘ਪੰਜਾਬ ਵਿਚ ਪੋਸਤ ਸ਼ਰਾਬ ਵਾਗੂੰ ਖੁੱਲਾ ਕਰ ਦੇਣਾ ਚਾਹੀਦਾ ਜੀਹਨੂੰ ਲੋੜ ਹੋਵੇ ਖਰੀਦੇ ਤੇ ਖਾਵੇ । ਕਿਉਂਕਿ ਅਮਲੀ ਦਾ ਪੋਸਤ ਬਿਨਾ ਸਰ ਨਹੀਂ ਸਕਦਾ । ਞ’
ਠੇਕੇ ਤੋਂ 200 ਗ੍ਰਾਮ ਦਾ ਪੈਕਟ ਖਰੀਦ ਕੇ ਚਾਹ ਪੀਦਾ ਇੱਕ ਅਮਲੀ ਟੀ ਐਸ ਆਈ ਨੂੰ ਅਜਿਹੀ ਗੱਲ ਦੱਸਦਾ ਹੈ , ‘ਬਈ ਜੇਕਰ ਪੰਜਾਬ ਵਿਚ ਪੋਸਤ ਦੇ ਠੇਕੇ ਖੁੱਲਗੇ , ਫਿਰ ਥਾਣੇ , ਕਚਿਹਰੀਆਂ ਦਾ ਕੰਮ ਹੀ ਅੱਧਾ ਰਹਿਜੂ । ਨਾਲੇ ਸਿਆਸਤਦਾਨ ਕੀ ਕਰਨਗੇ , ਪਰ ਆਪਾਂ ਨੂੰ ਮੌਜਾਂ ਲੱਗ ਜਾਣੀਆਂ ਹਨ । ’
“ਘਰ ਵਾਲੇ ਨੇ ਜ਼ਮੀਨ ਨਸਿ਼ਆ ਫੂਕਤੀ ਹੁਣ ਨਿੱਤ ਭੁੱਕੀ (ਪੋਸਤ) ਭਾਲਦਾ , ਮੈਨੂੰ ਕਹਿੰਦਾ ਜਿੱਥੇ ਮਰਜੀ ਜਾ ਮੈਨੂੰ ਨਸ਼ਾ ਲਿਆਕੇ ਦੇ ,ਮੈਂ ਕੀ ਕਰਦੀ ਹੁਣ ਮੈ ਕਿਲੋਂ ਦੋ ਕਿਲੋਂ ਭੁੱਕੀ ਲਿਜਾ ਨਾਲੇ ਉਹ ਡੰਗ ਸਾਰਦੀ ਨਾਲੋਂ ਥੋੜੀ ਬਹੁਤ ਵੇਚ ਕੇ ਟਾਈਮ ਪਾਸ ਕਰਦੀ ਹਾਂ, ਦੋ ਵਾਰੀ ਨਸ਼ਾ ਛੁਡਾਉਣ ਲਈ ਹਸਪਤਾਲ ਲੈ ਕੇ ਗਏ , ਉਥੇ ਜਾ ਕੇ ਹੱਟ ਜਾਂਦਾ ਘਰੇ ਫਿਰ ਖਾਣ ਜਾਂਦਾ । ਪਹਿਲਾਂ ਸ਼ਰਾਬ ਕੱਢਦਾ ਸੀ ਉਦੋਂ ਪੁਲੀਸ ਨੇ ਫੜ ਕੇ ਲਿਆ ਜਿੰਨ੍ਹਾਂ ਚਿਰ ਜੇਲ੍ਹ ‘ਚ ਰਿਹਾ ਉਨ੍ਹਾਂ ਚਿਰ ਠੀਕ ਸੀ ਬਾਹਰ ਆ ਫਿਰ ਨਸ਼ਾ ਖਾਣ ਲੱਗ ਪਿਆ । ” ਰੋਦੀ ਹੋਈ ਇਹ ਕਹਾਣੀ ਬਿਆਨਦੀ ਹੈ ਮਾਨਸਾ ਜਿ਼ਲ੍ਹੇ ਦੀ ਮਲਕੀਤ ਕੌਰ ।

ਪਿੰਡਾਂ ਵਿਚ ਔਰਤਾਂ ਭੁੱਕੀ ਦੀ ਤਸਕਰੀ ਅਤੇ ਸ਼ਰਾਬ ਕੱਢਕੇ ਵੇਚਣ ਦਾ ਕੰਮ ਵਿਚ ਔਰਤਾਂ ਦੀ ਸਮੂਲੀਅਤ ਦਿਨੋਂ ਦਿਨ ਵੱਧ ਰਹੀ ਹੈ । ਬੇਸ਼ਕ ਅਜਿਹੀਆਂ ਕੁਝ ਕੁ ਔਰਤਾਂ ਖਿਲਾਫ ਪੁਲੀਸ ਕੇਸ ਦਰਜ ਵੀ ਕੀਤੇ ਹਨ ।




ਨਸੇ਼ੜੀ ਮਾਡਰਨ ਨਸਿ਼ਆਂ ਦੇ ਆਦੀ



ਰੈੱਡ ਕਰਾਸ ਵੱਲੋਂ ਬਠਿੰਡਾ ਵਿਚ ਚਲਾਏ ਜਾ ਰਹੇ ਨਸ਼ਾ ਛਡਾਊ ਕੇਂਦਰ ਵਿਚ ਨਸ਼ਾ ਛੱਡਣ ਵਾਲਿਆਂ ਦੀ ਤਾਦਾਦ ਦਿਨੋਂ ਦਿਨ ਵੱਧ ਰਹੀ ਹੈ। ਅੰਕੜੇ ਗਵਾਹ ਹਨ ਕਿ ਨਵੀਂ ਪੀੜੀ ਆਧੁਨਿਕ ਕਿਸਮ ਦੀ ਨਸਿ਼ਆਂ ਦੀ ਗ੍ਰਿਫ਼ਤ ਵਿਚ ਆ ਰਹੀ ਹੈ।ਪ੍ਰੰਤੂ ਕੁਝ ਵਿਅਕਤੀ ਨਸੇ਼ ਤਿਆਗਣ ਦੀ ਕੋਸਿ਼ਸ਼ਾਂ ਵੀ ਕਰ ਰਹੇ ਹਨ । 28 ਜਨਵਰੀ 2008 ਤੋਂ 28ਫਰਵਰੀ 2008 ਤੱਕ ਨਸੇ਼ ਛੱਡਣ ਵਾਲਿਆਂ ਗਿਣਤੀ ਇਸ ਪ੍ਰਕਾਰ ਰਹੀ ।



ਬਠਿੰਡਾ ਵਿਚ ਚੱਲ ਰਹੇ ਇਸ ਨਸ਼ਾ ਛਡਾਊਂ ਕੇਂਦਰ ਵਿਚ 2004 ਵਿਚ 532 ਮਰੀਜ਼ ,2005 ਵਿਚ 611 , 2006 ਵਿਚ 701 ਅਤੇ 2007 ਵਿਚ 678 ਮਰੀਜ ਦਾਖਲ ਹੋ ਕੇ ਨਸੇ਼ ਛੱਡਣ ਦਾ ਇਲਾਜ ਕਰਵਾਕੇ ਗਏ । ਅੰਕੜਿਆਂ ਮੁਤਾਬਕ ਪੋਸਤ ਅਫੀਮ ਮਹਿੰਗੇ ਹੋਣ ਕਾਰਨ ਪੜ੍ਹੇ ਲਿਖੇ ਨੌਜਵਾਨ ਕੈਪਸੂਲ ਅਤੇ ਗੋਲੀਆਂ ਵੱਲ ਹੋ ਗਏ ਹਨ , ਹਾਲਕਿ ਕਾਫੀ ਗਿਣਤੀ ਵਿਚ ਮਹਿੰਗੇ ਨਸ਼ੇ ਸਮੈੱਕ ਆਦਿ ਨਸੇ਼ੜੀਆਂ ਦੀ ਪਸੰਦ ਬਣਦਾ ਜਾ ਰਿਹਾ ਹੈ । ਕੇਂਦਰ ਦੇ ਕੌਸਲਰ ਰੂਪ ਸਿੰਘ ਮਾਨ ਨੇ ਦੱਸਿਆ ਕਿ ਨਸੇ਼ ਦੇ ਕੈਪਸੂਲ ਖਾਣ ਤੋਂ ਤੋਬਾ ਕਰਨ ਵਾਲਿਆਂ ਵਿਚੋਂ 2004 ਤੋਂ 2007 ਤੱਕ ਕਰਮਵਾਰ 44, 39, 70, 62 ਨੌਜਵਾਨ ਇੱਥੋਂ ਇਲਾਜ ਕਰਵਾ ਚੁੱਕੇ ਹਨ । ਜਦਕਿ 2006 ਵਿਚ ਨਸੇ਼ ਦੀਆਂ ਗੋਲੀਆਂ ਖਾਣ ਵਾਲੇ 11 ਅਤੇ 2007 ਵਿਚ 57 ਮਰੀਜਾਂ ਨੇ ਨਸੇ਼ ਛੱਡਣ ਦੀਆਂ ਗੋਲੀਆਂ ਖਾਦੀਆਂ । 2004 ਵਿਚ 8 ,05 ਵਿਚ 17 ,06 ਵਿਚ 37 ਅਤੇ 07 ਵਿਚ 25 ਸਮੈਕੀਏ ਵਿਚ ਨਸ਼ਾ ਮੁਕਤੀ ਦਾ ਪ੍ਰਨ ਕਰ ਚੁੱਕੇ ਹਨ। ਇਥੋਂ ਇਲਾਜ ਕਰਵਾਉਣ ਵਾਲਿਆਂ ਵਿਚ ਬਠਿੰਡਾ ਇੱਕ ਨੰਬਰ , ਲੁਧਿਆਣਾ ਦੋ ਨੰਬਰ ਅਤੇ ਪਟਿਆਲਾ ਤਿੰਨ ਨੰਬਰ ਤੇ ਆਉਂਦੇ ਹੈ । ਇੱਥੇ ਇਲਾਜ ਕਰਵਾਉਣ ਲਈ ਪੰਜਾਬ ਦੇ ਗੁਆਢੀ ਰਾਜਾਂ ਹਰਿਆਣਾ ਅਤੇ ਰਾਜਸਥਾਨ ਤੋਂ ਲੋਕ ਆਉਂਦੇ ਹਨ । 15 07 2008 ਨੂੰ ਦਾਖਿਲ ਹੋਇਆ ਇੱਕ ਤੇਰਾਂ ਸਾਲ ਬੱਚਾ ਫਿਲਊਂਡ ਸੁੰਘਣ ਆਦੀ ਹੈ ।

ਇਸ ਕੇਂਦਰ ਵਿਚ ਤਾਇਨਾਤ ਡਾ:ਨਿਧੀ ਗੁਪਤਾ (ਐਮ ਡੀ) ਦਾ ਕਹਿਣਾ ਹੈ , “ ਨਸ਼ਾ ਛੁਡਾਉਣ ਵਾਲੇ ਮਰੀਜ ਨੂੰ ਪਰਿਵਾਰ ਸਮੇਤ ਬੁਲਾ ਕੇ ਜਾਂਚ ਕੀਤੀ ਜਾਂਦੀ ਹੈ ਕਿ ਮਰੀਜ਼ ਨਸਿ਼ਆ ਆਦੀ ਹੈ ਕਿ ਕੋਈ ਦਿਮਾਗੀ ਕਾਰਨ ਹੈ । ਨੌਜਵਾਨ ਵਿਚ ਪੀੜੀ ਛੇਤੀ ਤੋਂ ਛੇਤੀ ਵੱਧ ਹਾਸਲ ਕਰਨ ਦੀ ਇੱਛਾ , ਟੈਨਸ਼ਨ ਨਸਿ਼ਆਂ ਵੱਲ ਰੁਚਿਤ ਹੋਣ ਦੇ ਆਮ ਜਿਹੇ ਕਾਰਨ ਹਨ । ਬਠਿੰਡਾ ਵਿਚ ਪੇਂਡੂ ਲੋਕ ਘੱਟ ਪੜ੍ਹੇ ਲਿਖੇ ਹੋਣ ਕਰਕੇ ਖੇਤੀਬਾੜੀ ਵਿਚ ਕੰਮ ਦੇ ਦਿਨਾਂ ਵਿਚ ਜਿਅ਼ਾਦਾ ਕੰਮ ਕਰਨ ਦੀ ਇੱਛਾ ਨਾਲ ਭੁੱਕੀ ਖਾਣ ਲੱਗ ਜਾਂਦੇ ਹਨ । ਕਿਸਾਨਾਂ ਕੋਲ ਹਾੜੀ ਦਿਨਾਂ ਅਤੇ ਝੋਨੇ ਲਗਾਈ ਵੇਲੇ ਜਿ਼ਆਦਾ ਕੰਮ ਹੁੰਦਾ ।ਉਨ੍ਹਾਂ ਦਿਨਾਂ ਵਿਚ ਉਹ ਨਸ਼ਾ ਲੈਣ ਲੱਗ ਜਾਂਦੇ ਹਨ । ਕਿਸਾਨਾਂ ਨਾਲ ਕੰਮ ਕਰਦੇ ਮਜਦੂਰ ਵੀ ਇਸਦਾ ਜਿ਼ਆਦਾ ਸਿ਼ਕਾਰ ਹੁੰਦੇ ਹਨ। ਖੇਤੀ ਸੈਕਟਰ ਜੁੜੇ ਮਰੀਜ਼ ਇੱਕ ਵਾਰ ਦਵਾਈ ਲੈ ਕੇ ਸਾਲ ਬਾਅਦ ਫਿਰ ਨਸ਼ਾ ਖਾਣ ਲੱਗ ਜਾਂਦੇ ਹਨ ।ਅਸੀਂ ਮਰੀਜਾਂ ਨੂੰ ਦਵਾਈ ਦੇਣ ਦੇ ਨਾਲ ਨਾਲ ਦਿਮਾਗੀ ਤੌਰ ਤੇ ਮਜਬੂਤ ਬਣਾਉਣ ਲਈ ਕੌਸਲਿੰਗ ਵੀ ਕਰਦੇ ਹਾਂ। ”

No comments: