Friday, February 12, 2010

ਪੰਜਾਬੀਆਂ ਦਾ ਬਰਾਡ ਅੰਬੈਸਡਰ

ਸੁ਼ਖਨੈਬ ਸਿੰਘ ਸਿੱਧੂ


ਦੁਨੀਆਂ ਭਰ ਵਿਚ
ਵਸਦੇ ਪੰਜਾਬੀ ਉਸਦੇ ਨਾਂਅ ਤੋਂ ਇਸ ਕਰਕੇ ਜਾਣੂ ਹਨ ਕਿ ਉਸਦੇ ਲਿਖੇ ਗੀਤਾਂ ਵਿਚੋਂ ਪੰਜਾਬ ਦੇ ਖੇਤਾਂ ਦੀ ਮਿੱਟੀ ਮਹਿਕ, ਦੇਸੀ ਦਾਰੂ ਦਾ ਸਰੂਰ, ਸਭਿਆਚਾਰਕ ਰਹੂ ਰੀਤਾਂ ਦੀ ਜਾਣਕਾਰੀ, ਰਿਸ਼ਤਿਆਂ ਦੀ ਪਵਿੱਤਰਤਾ ,ਪੇਂਡੂਆਂ ਦਾ ਸੌਕ ਅਤੇ ਜੱਟਪੁਣੇ ਦਾ ਸੁਮੇਲ ਸਪੱਸ਼ਟ ਨਜ਼ਰ ਆਉਂਦਾ ਹੈ । ਉਸਦੇ ਲਿਖੇ ਗੀਤ ਪੰਜਾਬੀ ਤੋਂ ਸੁਰੂ ਹੋ ਕੇ ਪੰਜਾਬ ‘ਤੇ ਖਤਮ ਹੁੰਦੇ ਹਨ । ਇਹੀ ਕਾਰਨ ਹੈ ਕਿ ਕੰਠ ਚੋ ਨਿਕਲੀ ਆਵਾਜ਼ ਅਤੇ ਕਲਮ ‘ਚੋ ਨਿਕਲੇ ਸ਼ਬਦ ਪਾਰੇ ਵਾਗੂੰ ਸਰੋਤਿਆਂ ਦੇ ਰੋਮਾਂ ਵਿਚ ਰੱਚਦੇ ਹਨ । ਉਸਦੀ ਸਾਰੀ ਸੋਚ ਪੰਜਾਬ, ਪੰਜਾਬੀ ਅਤੇ ਪੰਜਾਬੀਆਂ ਦੇ ਆਲੇ ਦੁਆਲੇ ਘੁੰਮਦੀ ਹੈ। ਵਿਦੇਸ਼ ਰਹਿੰਦੇ ਕਿਸੇ ਵਿਅਕਤੀ ਨੇ ਪੰਜਾਬ ਅਤੇ ਪੰਜਾਬੀਆਂ ਦੇ ਸੁਭਾਅ , ਰਹਿਣ ਸਹਿਣ ,ਖਾਣ ਪੀਣ , ਰਹੁ ਰੀਤਾਂ ਬਾਰੇ ਛੇਤੀ ਅਤੇ ਸਪੱਸ਼ਟ ਜਾਣਕਾਰੀ ਲੈਣੀ ਹੋਵੇ ਤਾਂ ਉਸਨੂੰ ਮੱਖਣ ਬਰਾੜ ਦੇ ਗੀਤ ਸੁਣਾ ਦਿਓ ‘ ਇਨਸਾਈਕਲੋਪੀਡੀਆ’ ਫਰੋਲਣ ਦੀ ਲੋੜ ਨਹੀਂ । ਪਿੰਡਾਂ ਵਿਚ ਹੁੰਦੇ ਵਿਆਹ ਦਾ ਨਕਸਾ ਇੱਕ ਗੀਤ ‘ਚ ਇਸ ਤਰ੍ਹਾਂ ਖਿੱਚਦਾ


ਮੰਜੇ ਬਿਸਤਰੇ ਲਿਖਦਾ ‘ਤੇ ਕੋਈ ਸਬਜ਼ੀ ਕੱਟ ਰਿਹਾ




ਆਹ ਵੇਖ ਸ਼ਰੀਕਾ ਕੱਠਾ ਹੋ ਕੇ ਲੱਡੂ ਵੱਟ ਰਿਹਾ


ਖਾ ਕੇ ਵੇਖੀ ਕਿੰਨ੍ਹਾਂ ਹੁੰਦਾ ਫਰਕ ਸੁਆਦਾਂ ਚੋਂ


ਡੁੱਲ ਡੁੱਲ ਪੈਂਦਾ ਪਿੰਡਾਂ ਦੇ ਰੀਤ ਰਿਵਾਜ਼ਾਂ ‘ਚੋ


ਜੇ ਉਸਨੂੰ ਪੰਜਾਬੀਆਂ ਦਾ ਬਰਾਡ ਅੰਬੈਸਡਰ ਕਿਹਾ ਜਾਵੇ ਤਾਂ ਗੱਲ ਦਰੁਸਤ ਰਹੇਗੀ ਕਿਉਂਕਿ ਉਸਦੀ ਲਿਖੀ ਹਰ ਸਤਰ ਪੰਜਾਬ ਦੀ ਤਰਜ਼ਮਾਨੀ ਕਰਦੀ ਹੈ, ਕਿਉਂਕਿ ਖੁੱਲਾ ਡੁੱਲਾ ਖਾਣ ਪੀਣ ਸਵੇਰੇ ਲੱਸੀ ਦਾ ਜੱਗ , ਘਿਓ ਨਾਲ ਭਰੀ ਸਾਗ ਦੀ ਕੌਲੀ , ਮੱਕੀ ਦੀਆਂ ਰੋਟੀਆਂ ,ਮੱਖਣ ਦਾ ਪੇੜਾ, ਸ਼ਾਮ ਨੂੰ ਰੂੜੀ ਮਾਰਕਾ (ਦੇਸ਼ੀ ਦਾਰੂ )ਦੇ ਦੋ ਪੈੱਗ ਹਰ ਪੰਜਾਬੀ ਦੀ ਪਹਿਲੀ ਪਸੰਦ ਹਨ ਤੇ ਇਹ ਸਾਰਾ ਕੁਝ ਮੱਖਣ ਦੇ ਘਰ ਵਿਚ ਮਹਿਮਾਨਾਂ ਪਿਆਰ
ਲਈ ਰੋਜ਼ਾਨਾ ਤਿਆਰ ਹੁੰਦਾ ਹੈ। ਉਸਦੇ ਗੀਤ ਵੀ ਇਹੀ ਕੁਝ ਬਿਆਨਦੇ ਹਨ

:
ਪਹਿਲੇ ਤੋੜ ਵਾਲੀ ਵਿਚੋਂ ਦੂਜਾ ਪੈੱਗ ਲਾਇਆ ਹੋਵੇ


ਗੰਦਲਾਂ ਦਾ ਸਾਗ ਵੱਡੀ ਬੇਬੇ ਨੇ ਬਣਾਇਆ ਹੋਵੇ


ਕੂੰਡੇ ਵਿਚ ਰਗੜੇ ਮਸਾਲੇ ਦਾ ਸਵਾਦ ਹੋਵੇ


ਆਪਣਾ ਪੰਜਾਬ ਹੋਵੇ ਘਰ ਦੀ ਸ਼ਰਾਬ ਹੋਵੇ (ਗਾਇਕ ਗੁਰਦਾਸ ਮਾਨ )





ਜਦੋ ਵੀਂ ਤੱੜਕਾ ਲੱਗਦਾ ਲੱਗੇ ਪੰਜਾਬੀ ਖਾਣੇ ਤੇ


ਜਦ ਭੰਗੜਾ ਪੈਂਦਾ ਪਵੇ ਪੰਜਾਬੀ ਗਾਣੇ ਤੇ (ਗਾਇਕ ਜਗਤਾਰ ਬਰਾੜ)



ਕਿਰਪਾਨ ਗੰਡਾਸਾ ਖੂੰਡਾ ਨੇ ਹਥਿਆਰ ਪੰਜਾਬੀਆਂ ਦੇ ,


ਦੁਨੀਆਂ ਦੇ ਮੁਲਖ ‘ਚ ਕਾਰੋਬਾਰ ਪੰਜਾਬੀਆਂ ਦੇ (ਰਾਜ ਬਰਾੜ)



ਵਤਨ ਨਾਲ ਜੁੜੀਆਂ ਯਾਦਾਂ ਦਾ ਖੂਬਸੂਰਤ ਰੇਖਾ ਚਿੱਤਰ ਚਿਤਰਣ ਕਰਕੇ ਆਪਣੀ ਪਛਾਣ ਆਪ ਬਣ ਗਿਆ ਮੱਖਣ ਬਰਾੜ ਅੱਜ ਪੰਜਾਬੀ ਦੇ ਗਿਣਾਤਮਕ ਅਤੇ ਗੁਣਾਤਮਕ ਪੱਖੋਂ ਗੀਤ ਲਿਖਣ ਵਾਲੇ ਗੀਤਕਾਰਾਂ ਦੀ ਮੂਹਰਲੀ ਕਤਾਰ ਵਿਚ ਸ਼ਾਮਿਲ ਹੈ। 1989 ਵਿਚ ਗਾਇਕ ਗੁਰਦਾਸ ਮਾਨ ਦੀ ਆਵਾਜ਼ ਵਿਚ ‘ਆਪਣਾ ਪੰਜਾਬ ਹੋਵੇ ਘਰ ਦੀ ਸ਼ਰਾਬ ਹੋਵੇ ’ ਗੀਤ ਰਿਕਾਰਡ ਹੋ ਕੇ ਮਾਰਕੀਟ ਵਿਚ ਆਇਆ ਤਾਂ ਹਾੜ ਮਹੀਨੇ ਦੀ ਸਿਖਰ ਦੁਪਿਹਰ ਦੀ ਤਪਦੀ ਧੁੱਪ ਵਿਚ ਆਏ ਠੰਢੀ ਪੌਣ ਦੇ ਬੁੱਲੇ ਵਾਗੂੰ ਸਾਰੇ ਪੰਜਾਬੀ ਸੰਗੀਤ ਪ੍ਰੇਮੀਆਂ ਦੀ ਰੂਹ ਤੱਕ ਉੱਤਰ ਗਿਆ । ਇਹ ਗੀਤ ਜਿੰਨਾ ਪੰਜਾਬ ‘ਚ ਸੁਣਿਆ ਗਿਆ ਉਸਤੋਂ ਕਈ ਗੁਣਾਂ ਜਿ਼ਆਦਾ ਵਿਦੇਸ਼ਾਂ ਵਿਚ ਬੈਠੇ ਪੰਜਾਬੀਆਂ ਨੇ ਸੁਣਿਆ । ਮੱਖਣ ਬਰਾੜ ਦਾ ਲਿਖਿਆ ਇਹ ਪਹਿਲਾ ਗੀਤ ਸੀ । ਉਹ ਇੱਕੋਂ ਗੀਤ ਨਾਲ ‘ਸੌਹਰਤ ਦਾ ਐਵਰੈਸਟ ’ ਸਰ ਕਰ ਗਿਆ । ਹੁਣ ਤੱਕ ਉਸਨੇ ਤਿਰਵੰਜਾ ਗੀਤ ਲਿਖੇ ਹਨ ਜਿੰਨ੍ਹਾਂ ‘ਚੋਂ 21 ਰਿਕਾਰਡ ਹੋਏ ਹਨ । ਮੱਖਣ ਨੇ ਕਦੇ ਹਲਕੇ ਪੱਧਰ ਦੀ ਰਚਨਾ ਨਹੀਂ ਕੀਤੀ । ਉਹ ਮਨੁੱਖੀ ਕਦਰਾਂ ਕੀਮਤਾਂ ਦੀ ਸਰਹੱਦ ‘ਤੇ ਖੜਾ ਮਾਂ ਬੋਲੀ ਦਾ ਚੇਤੰਨ ਪਹਿਰੇਦਾਰ ਹੈ । ਘਰੋਂ ਉਧਲ ਕੇ ਗਈ ਲੜਕੀ ਦੇ ਮਾਪਿਆਂ ਦੀ ਪੀੜ ਨੂੰ ਗੀਤਾਂ ਵਿਚ ਇਸ ਤਰ੍ਹਾਂ ਬਿਆਨਦਾ ਹੈ


‘ਰੋਣਾ ਉਮਰਾਂ ਦਾ ਪੈ ਜਾਂਦਾ ਪੱਲੇ ਮਾਪਿਆਂ ਦੇ


ਹੋ ਕੇ ਨਿਕਲੇ ਧੀ ਜਦ ਆਪ ਮੁਹਾਰੀ ’ (ਗਾਇਕ ਮੰਡੇਰ ਭਰਾ)


1947 ਪੰਜਾਬ ਦੇ ਵੰਡ ਦੇ ਦੁਖਾਂਤ ਨੂੰ ਆਪਣੀ ਭਾਵਪੂਰਤ ਸ਼ੈਲੀ ਵਿਚ ਬਿਆਨਦਾ ਉਹ ਲਿਖਦਾ ਹੈ


ਭਾਈਆਂ ਵਿਚ ਜੋ ਫੁੱਟ ਦੇ ਬੀਜ਼ ਬੀਜੇ ਰਹੀਏ ਬਚ ਕੇ ਓਸ ਚਲਾਕ ਕੋਲੋਂ,


ਘਰ ਫੂਕੇ ਨੇ ਸਦਾ ਸਿਆਣਿਆਂ ਨੇ ਅੱਗ ਲੱਗੀ ਨਈਂ ਕਦੀ ਜਵਾਕ ਕੋਲੋਂ,


‘ਮੱਖਣ ਬਰਾੜਾ’ ਉਹ ਅੱਜ ਵੀ ਬੜਾ ਰੋਦਾ ਮੀਤਾ ਵਿਛੜ ਕੇ ਬੇਲੀ ਮੁਸ਼ਤਾਕ ਕੋਲੋ


ਲਹੂ ਡੁੱਲਿਆ ਜੁ਼ਲਮ ਦੀ ਅੰਤ ਹੋਈ ਪੰਜਾਬ ਵਿਛੜਿਆ ਜਦੋਂ ਪੰਜਾਬ ਕੋਲੋ


ਸੁੱਖੀ ਵਸੇ ਕਸ਼ਮੀਰ ਮੁੱਕੇ ਰੇੜਕਾ ਪਿਸੌ਼ਰ ਦਾ


ਕਰੀ ਕਿਤੇ ਮੇਲ ਰੱਬਾ ਦਿੱਲੀ ‘ਤੇ ਲਾਹੌਰ ਦਾ (ਗਾਇਕ ਗਿੱਲ ਹਰਦੀਪ )


2001 ਵਿਚ ਰਿਲੀਜ਼ ਹੋਏ ਇਸ ਗੀਤ ਤੋਂ ਮਗਰੋਂ ਭਾਰਤ ਅਤੇ ਪਾਕਿਸਤਾਨ ਦੇ ਸੰਬੰਧ ਸੁਖਾਵੇ ਹੋਏ ਤਾਂ ਆਪਣੇ ਗੀਤ ਨੂੰ ਇੱਕ ਦੁਆ ਵਾਗੂੰ
ਕਬੂਲ ਹੋਇਆ ਮਹਿਸੂਸਦਾ ਹੈ । ਹਿੰਦੋਸਤਾਨ ਪਾਕਿਸਤਾਨ ਦੀ ਵੰਡ ਆਧਾਰਿਤ ਇਹ ਜ਼ਜਬਾਤੀ ਪੇਸ਼ਕਾਰੀ ‘ਕਰੀ ਕਿਤੇ ਮੇਲ ਰੱਬਾ ਦਿੱਲੀ ‘ਤੇ ਲਾਹੌਰ ਦਾ ‘ ਲਿਖ ਕੇ ਉਸ ਨੇ ਦੋਹਾਂ ਪੰਜਾਬਾਂ ਦੇ ਵਾਸੀਆਂ ਦਿਲਾਂ ਵਿਚ ਹੌਕੇ ਵਾਗੂੰ ਵਸੇ ਹੇਰਵੇ ਨੂੰ ਜਿਸ ਅੰਦਾਜ਼ ਨਾਲ ਚਿਤਰਿਆ ਅਤੇ ਉਸੇ ਮੌਲਿਕਤਾ ਵਿਚ ਗਿੱਲ ਹਰਦੀਪ ਨੇ ਇਸ ਨੂੰ ਗਾਇਆ ਤਾਂ ਦੁਨੀਆਂ ਭਰ ਵਿਚੋਂ ਜਿਹੜੀ ਦਾਦ ਮਿਲੀ ਉਹ ਵੀ ਕਿਸੇ ਨੋਬਲ ਪੁਰਸਕਾਰ ਤੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ ਇਸ ਗੀਤ ਦੀਆਂ ਲਾਈਨਾਂ ਵਿਚ ਸ਼ਾਤੀ ਦੀ ਬਾਤ ਪਾਈ ਜਾਪਦੀ ਹੈ :


ਟੁੱਟ ਜਾਣ ਹੱਦਾਂ ਬੰਨੇ ਗੁੱਡੀ ਜਾਵੇ ਛੂਕਦੀ ,

ਵੇਚ ਦੇਈਏ ਤੋਪਾਂ ਲੋੜ ਪਵੇਂ ਨਾ ਬੰਦੂਕ ਦੀ,

ਬੜਾ ਮੁੱਲ ਤਾਰਿਆ ਏ ਲੀਡਰਾਂ ਦੀ ਟੋਹਰ ਦਾ

ਕਰੀਂ ਕਿਤੇ ਮੇਲ ਰੱਬਾ ਦਿੱਲੀ ‘ਤੇ ਲਾਹੌਰ ਦਾ

ਇਸੇ ਗੀਤ ਵਿਚ ਹੋਰ ਵੀ ਕਈ ਸਤਰਾਂ ਬਹੁਤ ਪਿਆਰੀਆਂ ਹਨ । ਦੋਹਾਂ ਪੰਜਾਬਾਂ ਦੇ ਇੱਕ ਹੋਣ ਦੀ ਕਲਪਨਾ ਕਰਦਾ ਹੈ । ਬਰਾੜ ਸੋਚਦਾ :

‘ਇੱਕੋਂ ਜਿਹਾ ਹੋਜੇ ਰੰਗ ਮੁੜ ਕੇ ਰੁਪਈਆਂ ਦਾ ,

ਲੈਣ ਦੇਣ ਹੋਜੇ ਸਾਡਾ ਦਾਤੀਆਂ ‘ਤੇ ਕਹੀਆਂ ਦਾ ,

ਮੀਆਂ ਵਾਲੀ ਮੰਡੀ ਵਿਕੇ ਵਹਿੜਕਾ ਨਾਗੌਰ ਦਾ ,

ਕਰੀਂ ਕਿਤੇ ਮੇਲ ਰੱਬਾ ਦਿੱਲੀ ਤੇ ਲਾਹੌਰ ਦਾ

ਮੱਖਣ ਬਰਾੜ ਪੰਜਾਬ ਅਤੇ ਕੈਨੇਡਾ ਵਿਚ ਸਭਿਆਚਾਰਕ ਪ੍ਰੋਗਰਾਮਾਂ ਆਪਣੇ ਗੀਤਾਂ ,ਸੇ਼ਅਰਾਂ ਅਤੇ ਟੋਟਕਿਆਂ ਨਾਲ ਲਗਾਤਾਰ ਆਪਣੀ ਹਾਜ਼ਰੀ ਦਾ ਅਹਿਸਾਸ ਤਾਂ ਕਰਵਾਉਂਦਾ ਹੀ ਹੈ ਉਸਦੀ ਹਾਜ਼ਰ ਜਵਾਬੀ ਵੀ ਅਗਲੇ ਨੂੰ ਲਾਜਵਾਬ ਕਰ ਦਿੰਦੀ ਹੈ । ਇੱਕ ਸਭਿਆਚਾਰ ਮੇਲੇ ਵਿਚ ਕਾਮੇਡੀ ਕਲਾਕਾਰ ਭਗਵੰਤ ਮਾਨ ਨੇ ਮੱਖਣ ਬਰਾੜ ਦੇ ਗੰਜੇ ਸਿਰ (ਹੁਣ ਪੱਗ ਬੰਨਣ ਲੱਗਾ )’ਤੇ ਹੱਥ ਫੇਰ ਕੇ ਕਿਹਾ, ‘ ਇੱਥੇ ਕਾਲੋਨੀ ਕੱਟਣ ਦਾ ਇਰਾਦਾ ’ “ਹਾਂ ਪਹਿਲਾ ਪਲਾਟ ਬੀਬੋ ਭੂਆ ਦਾ ਕੱਟਣਾ” ਬਰਾੜ ਦਾ ਜਵਾਬ ਸੀ । ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਉਹ ਆਪਣੇ ਪਿੰਡ ਮੱਲਕੇ (ਜਿਲ੍ਹਾ ਮੋਗਾ ) ਆਇਆ ਹੋਇਆ ਹੈ । ਉਸ ਨਾਲ ਹੋਈ ਰਸਮੀ ਗੱਲਬਾਤ ਦੇ ਕੁਝ ਅੰਸ ਇਸ ਤਰ੍ਹਾਂ ਹਨ :


ਸਵਾਲ : ਪੰਜਾਬ ਵਿਚੋਂ ਵਧੀਆ ਨੌਕਰੀ ਛੱਡਕੇ ਵਿਦੇਸ਼ ਜਾਣ ਦਾ ਕੀ ਕਾਰਨ ਸੀ ?


ਜਵਾਬ : ਮੈਂ ਮਾਰਕਫੈੱਡ ਦਾ ਮਹਿਕਮੇ ਵਿਚ ਇੰਸਪੈਕਟਰ ਸੀ । ਹਰ ਇੱਕ ਵਿਅਕਤੀ ਦੀ ਸੋਚ ਹੁੰਦੀ ਹੈ ਕਿ ਉਸਦਾ ਜੀਵਨ ਪੱਧਰ ਉੱਚਾ ਹੋਵੇ, ਇਸ ਲਈ ਵਤਨ ਛੱਡ ਕੇ ਪ੍ਰਦੇਸੀ ਹੋਣਾ ਪੈਂਦਾ , ਇਸੇ ਤਰ੍ਹਾਂ ਮੈਨੂੰ ਕਰਨਾ ਪਿਆ । ਇੱਧਰ ਸਾਰੇ ਮਹਿਕਮੇ ਦੇ ਕਰਮਚਾਰੀਆਂ ਦਾ ਰਿਸ਼ਵਤ ਲਏ ਬਿਨਾ ਘਰ ਦਾ ਖਰਚਾ ਪੂਰਾ ਨਹੀਂ ਹੁੰਦਾ । ਜੇ ਉਹ ਰਿਸ਼ਵਤ ਲੈਂਦੇ ਹੈ ਤਾਂ ਮੁਲਾਜਮ ਨਾਲੋਂ ਸਿਰਫ ‘ਇਮਾਨਦਾਰੀ ਦਾ ਕੰਨਾ’ ਕੱਟਣ ਦੀ ਲੋੜ ਹੈ ਉਹ ‘ਮੁਲਜਮ’ ਬਣ ਜਾਂਦਾ ਹੈ। ਹੁਣ ਕੈਨੇਡਾ ਵਿਚ ਆਪਣਾ ਕਾਰੋਬਾਰ ਸੈੱਟ ਹੈ। ਨਾਲੇ ਇਮਾਨਦਾਰੀ ਜਿੰਦਾ ਹੈ ।


ਸਵਾਲ : ਵਤਨੋਂ ਦੂਰ ਕੇ ਰਹਿ ਕੇ ਵਤਨ ਬਾਰੇ ਕੀ ਅਹਿਸਾਸ ਹੁੰਦੇ ਹਨ ?



ਜਵਾਬ : “ਸੱਥ ਵਿਚ ਸੀਪ ਖੇਡਾ ਬਾਬਿਆਂ ਦੀ ਢਾਣੀ ਨਾ, ਹਾਣੀ ਨੇ ਬਣਾਤੇ ਤੇਰਾਂ ਯੱਕਾ ਪਾ ਕੇ ਰਾਣੀ ਨਾ ,” ਇਹ ਸਾਰਾ ਅਹਿਸਾਸ ਹੀ ਹੈ , ਪੰਜਾਬ ਤੋਂ ਦੂਰ ਰਹਿ ਮੋਹ ਹੋਰ ਜਾਗਦਾ ਹੈ ਆਪਣਾ ਰੀਤ ਰਿਵਾਜ਼ ,ਯਾਰਾ ਬੇਲੀ ਗਵਾਚੇ ਮਹਿਸੂਸ ਹੁੰਦੇ ਹਨ ।ਉਂਦੋਂ ਸਿਰਫ਼ ਸੋਚਿਆ ਹੀ ਜਾ ਸਕਦਾ ਹੈ।ਬਚਪਨ ਦੀ ਸਾਝਾਂ ਦਿਲਾਂ ਵਿਚ ਵਸਦੀਆਂ ਹਨ ਕੋਈ ਮੇਰੇ ਵਰਗਾ ਲਿਖ ਕੇ ਲੈਂਦਾ । ਵੈਸੇ ਮੇਰਾ ਹਰ ਗੀਤ ਵਤਨ ਬਾਰੇ ਹੈ , ਆਪਣੀ ਬੋਲੀ ਬਾਰੇ ਹੈ , ਸਾਡੇ ਰਿਵਾਜਾਂ ਬਾਰੇ ਹੈ । ਜੇਕਰ ਮੈਂ ਵਿਦੇਸ਼ ਨਾ ਜਾਂਦਾ ਤਾਂ ਸ਼ਾਇਦ ਗੀਤਾਂ ਦੀ ਰਚਨਾ ਨਾ ਕਰ ਸਕਦਾ ਕਿਉਂਕਿ ਘਰ ਤੋਂ ਦੂਰ ਰਹਿ ਕੇ ਹੀ ਘਰ ਦੀ ਜਰੂਰਤ ਦਾ ਪਤਾ ਲੱਗਦਾ ਹੈ। ਇਸ ਤਰ੍ਹਾਂ ਪੰਜਾਬੀ ਤੋਂ ਬਾਹਰ ਜਾ ਕੇ ਹੀ ਪੰਜਾਬ ਅਤੇ ਪੰਜਾਬੀਆਂ ਦੀ ਅਣਹੋਂਦ ਦਾ ਦਰਦ ਮਹਿਸੂਸ ਹੋਇਆ ।



ਸਵਾਲ : ਅੱਜਕੱਲੂ ਦੇ ਗੀਤਕਾਰਾਂ ਨਾਲੋਂ
ਮੱਖਣ ਬਰਾੜ ਦੀ ਵੱਖਰੀ ਪਛਾਣ ਕਿਵੇਂ ਬਣੀ ?



ਜਵਾਬ: ਮੈਂ ਉਹ ਲਿਖਿਆ ਜਿਹੜਾ ਲੋਕਾਂ ਦਾ ਸਾਹਿਤ ਹੋਵੇ ਲੋਕਾਂ ਦੀ ਗੱਲ ਹੋਵੇ ਸਭ ਨੂੰ ਆਪਣੀ ਲੱਗੇ , ਇਸ ਇਹ ਪ੍ਰਵਾਨ ਚੜ ਰਹੀ ਹੈ। ਅਸੀ ਹਮੇਸ਼ਾਂ ਪਾਜੇਟਿਵ ਗੱਲ ਕਰਨ ਦੀ ਕੋਸਿ਼ਸ਼ ਕੀਤੀ ਹੈ। ਮੈਂ ਕਦੇ ਇਹ ਨੀ ਨਹੀ ਲਿਖਿਆ , “ ਨੀ ਤੂੰ ਛੱਡਗੀ ,ਨੀ ਤੂੰ ਭੱਜਗੀ , ਤੇਰਾ ਗਿੱਟਾ ਸੋਹਣਾ ਤੇਰੀ ਲੱਤ ਸੋਹਣੀ ’ ਇਸ ਤਰ੍ਹਾਂ ਦਾ ਊਟ ਪਟਾਂਗ ਨਹੀਂ ਲਿਖਿਆ ਸਾਇਦ ਇਸੇ ਕਰਕੇ ਥੋੜੇ ਕੰਮ ਨਾਲ ਵੱਧ ਚਰਚਾ ਹੋ ਰਹੀ ਹੈ ।


ਸਵਾਲ : ਬਤੌਰ ਗੀਤਕਾਰ ਤੁਸੀ ਕਿਸ ਸਖਸ਼ੀਅਤ ਤੋਂ ਪ੍ਰਭਾਵਿਤ ਹੋ ?


ਜਵਾਬ : ਸ਼ਰੋਮਣੀ ਕਵੀਸਰ ਕਰਨੈਲ ਸਿੰਘ ਪਾਰਸ ਰਾਮੂਵਾਲੀਆਂ ਤੋ , ਉਹਨਾਂ ਨਾਲ ਮੇਰਾ ਮੇਲ ਜੋਲ ਕੈਨੇਡਾ ਵਿਚ ਹੋਇਆ ਉਹਨਾਂ ਨਾਲ ਆਪਣੇ ਗੀਤਾਂ ਬਾਰੇ ਰਾਇ ਮਸੱਵਰਾ ਅਕਸਰ ਕਰਦਾ ਰਹਿੰਦਾ ਹਾਂ ਉਹ ਕਈ ਵਾਰ ਮੇਰੀ ਲਿਖਤ ਦੇਖ ਕਹਿਣਗੇ “ਤੂੰ ਮੇਰੇ ਨਾਲੋਂ ਵੱਧ ਗਿਆ ” ਸ਼ਾਇਦ ਉਹ ਮੇਰਾ ਹੋਸਲਾ ਵਧਾਉਣ ਲਈ ਇਹ ਲਫ਼ਜ ਆਖਦੇ ਹਨ ।




ਸਵਾਲ : ਅਕਸਰ ਗੀਤਕਾਰਾਂ ਨੂੰ ਗਿਲ੍ਹਾ ਰਹਿੰਦਾ ਹੈ ਕਿ ਗਾਇਕ ਅਤੇ ਕੰਪਨੀਆਂ ਉਹਨਾਂ ਦੀ ਮਿਹਨਤ ਦਾ ਮੁੱਲ ਨਹੀਂ ਤਾਰਦੀਆਂ ?




ਜਵਾਬ: ਜੇਕਰ ਕਿਸੇ ਕੋਲ ਨਵੀਂ ਸੋਚ ਹੋਵੇਗੀ , ਕਲਾ ਵਿਚ ਮੌਲਿਕਤਾ ਹੋਵੇਗੀ ਤਾਂ ਲੋਕਾਂ ਨੂੰ ਤੁਹਾਡਾ ਮੁੱਲ ਤਾਰਨਾ ਹੀ ਪੈਂਦਾ ਹੈ । ਚਾਹੇ ਗਾਇਕ ,ਗੀਤਕਾਰ , ਸ਼ਾਇਰ ਕਾ ਕੋਈ ਕਲਾਕਾਰ ਹੋਵੇ ਉਸਨੂੰ ਆਪਣੀ ਕਲਾ ਲੋਕਾਂ ਸਾਹਮਣਾ ਪੇਸ਼ ਕਰਨ ਦਾ ਮੌਕਾ ਆਪ ਤਲਾਸਣਾ ਪੈਂਦਾ । ਦੁਨੀਆ ਤੋਂ ਆਪਣਾ ਮੁੱਲ ਆਪ ਪਵਾਉਣਾ ਪੈਂਦਾ ਹੈ । ਜਦੋਂ ਤੁਹਾਡੇ ਕੋਲ ਕੋਈ ਗੁਣ ਹੈ ਤਾਂ ਦੁਨੀਆ ਨੂੰ ਉਸਦਾ ਮੁੱਲ ਵੀ ਅਦਾ ਕਰਨਾ ਪੈਂਦਾ ਹੈ ।



ਸਵਾਲ :ਤੁਸੀ ਖੁਦ ਇੱਕ ਚੰਗੇ ਮੰਚ ਸੰਚਾਲਕ ਹੋ ਕਦੇ ਗਾਇਕ ਬਣਨ ਦਾ ਖਿਆਲ ਨਹੀਂ ਆਇਆ ?




ਜਵਾਬ: ਬਹੁਤ ਸਾਰੇ ਗੀਤਕਾਰ ਭਰਾ ਗਾਇਕ ਬਣ ਗਏ ਹਨ ਕਾਫੀ ਕਾਮਯਾਬ ਵੀ ਹੋਵੇ ਹਨ , ਪਰ ਮੇਰੇ ਮਨ ਇਹ ਖਿਆਲ ਨਹੀਂ ਆਇਆ ਵੈਸੇ ਮੈਂ ਆਪਣੇ ਲਿਖੇ ਗੀਤ, ਸ਼ੇਅਰ ਅਤੇ ਰੁਬਾਈਆਂ ਇੱਕ ਡੀ ਵੀ ਡੀ ਵਿਚ ਰਿਕਾਰਡ ਕਰ ਰਿਹਾ ਹਾਂ । ਸਰੋਤਿਆਂ ਨੂੰ ਮੇਰੀ ਆਵਾਜ਼ ਅਤੇ ਮੇਰੇ ਸ਼ਬਦ ਇਕੱਠੇ ਸੁਣਨ ਨੂੰ ਮਿਲਣਗੇ ਮੈਂ ਇਸਦਾ ਨਾਂ ‘ਮੱਖਣ ਬਰਾੜ ਦੀ ਵਿਰਾਸਤ ’ ਰੱਖਿਆ ਹੈ ਕਿਉਂਕਿ ਇੱਕ ਸ਼ਾਇਰ ਦੀ ਰਚਨਾ ਹੀ ਉਸਦੀ ਵਿਰਾਸਤ ਹੁੰਦੀ ਹੈ ।



ਸਵਾਲ: ਤੁਹਾਡਾ ਗੀਤ ‘ਆਪਣਾ ਪੰਜਾਬ ਹੋਵੇ’ ਗੁਰਦਾਸ ਮਾਨ ਤੱਕ ਕਿਵੇਂ ਪਹੁੰਚਿਆ ?




ਜਵਾਬ : ਇਹ ਪਹਿਲਾਂ ਹਰਭਜਨ ਮਾਨ ਕੋਲ ਪਿਆ ਰਿਹਾ । ਇੱਕ ਵਾਰ ਗੁਰਦਾਸ ਮਾਨ ਦਾ (ਟੋਰਾਂਟੋ ) ਕੈਨੇਡਾ ਵਿਚ ਸੋ਼ਅ ਸੀ ।ਅਸੀਂ ਇੱਕ ਮਿੱਤਰ ਘਰ ਦਾ ਇਕੱਠੇ ਸੀ ਮੇਰਾ ਮਿੱਤਰ ਕਹਿਣ ਲੱਗਾ ਕੋਈ ਚੁਟਕਲਾ ਸੁਣਾ ਮੈ ਕਿਹਾ ਗੀਤ ਸੁਣਾ ਦਿੰਦਾ ਹਾਂ , ਮੈ ਇਹ ਗੀਤ ਸੁਣਾਇਆ ਤਾਂ ਗੁਰਦਾਸ ਨੇ ਮੇਰੇ ਕੋਲੋਂ ਲਿਖਵਾ ਲਿਆ ਕਿ ਅਗਲੇ ਸੋ਼ਅ ਗਾਵਾਂਗਾ , ਦੂਸਰੇ ਦਿਨ ਗੀਤ ਗਾਇਆ ਬੜਾ ਰਿਸਪੌਸ ਮਿਲਿਆ ਲੋਕਾਂ ਦੀ ਮੰਗ ‘ਤੇ ਤਿੰਨ ਵਾਰ ਇਹ ਗੀਤ ਗਾਉਣਾ ਪਿਆ । ਇਹ ਮੇਰਾ ਪਹਿਲਾ ਰਿਕਾਰਡ ਗੀਤ ਸੀ । ਜਿਸ ਕਰਕੇ ਦੇਸਾਂ ਵਿਦੇਸ਼ਾਂ ਵਿਚ ਵਸਦੇ ਪੰਜਾਬੀ ਮੇਰੇ ਨਾਮ ਨੂੰ ਜਾਣਨ ਲੱਗੇ ।


ਸਵਾਲ ; ਥੋੜੇ ਗੀਤਾਂ ਨਾਲ ਜਿ਼ਆਦਾ ਨਾਮਣਾ ਖੱਟਣ ਦਾ ਕੀ ਰਾਜ਼ ਹੈ ?



ਜਵਾਬ:ਮੈਥੋਂ ਕਿਸੇ ਨੇ ਇੱਕ ਬੇਵਫਾ ਕੁੜੀ ਬਾਰੇ ਗੀਤ ਲਿਖਵਾਇਆ ਤਾਂ ਮੈਂ ਕਿਸੇ ਬੇਵਫਾ ਕੁੜੀ ਬਾਰੇ ਗੀਤ ਇਸ ਤਰ੍ਹਾਂ ਲਿਖਿਆ ਸੀ ,


ਮੁੱਲ ਕਾਣੀ ਕੌਡੀ ਆਪਣੇ ਮੁਰੀਦਾਂ ਦਾ ਨਾਂ ਪਾਇਆ ,


ਜਿਵੇਂ ਦਿੱਲੀ ਨੇ ਪੰਜਾਬ ਦੇ ਸ਼ਹੀਦਾਂ ਦਾ ਨਾ ਪਾਇਆ ,



ਭੈੜੀ ਭਗਤ ਸਿੰਘ ਹੋਰਾਂ ਦੀ ਸਮਾਧ ਨਾਲ ਕੀਤੀ ,


ਤੂੰ ਸਾਡੇ ਨਾਲ ਕੀਤੀ ਉਸੇ ਹਿਸਾਬ ਕੀਤੀ ,


ਜਿਵੇਂ ਹੁਣ ਤੱਕ ਦਿੱਲੀ ਨੇ ਪੰਜਾਬ ਨਾਲ ਕੀਤੀ ।


ਬਾਕੀ ਗੀਤਕਾਰਾਂ ਵੱਲੋਂ ਲਿਖੇ ਬੇਵਫਾਈ ਦੇ ਕਿੱਸੇ ਅਕਸਰ ਸ਼ਰਮਸ਼ਾਰ ਹੋ ਕੇ ਸੁਣਦੇ ਹੀ ਹੋ । ਮੇਰੀ ਕੋਸਿ਼ਸ਼ ਹੈ ਕਿ ਅਜਿਹੇ ਗੀਤ ਲਿਖਾਂ ਲੋਕ ਆਖਣ ਵਾਕਿਆ ਕੋਈ ਗੱਲ ਲਿਖੀ ਹੈ , ਅਸੀਂ ਹਮੇਸਾਂ ਆਪਣੀ ਮਾਂ ਬੋਲੀ , ਸਭਿਆਚਾਰ ਅਤੇ ਰਿਸ਼ਤਿਆਂ ਦੇ ਦਾਇਰੇ ਵਿਚ ਰਹਿ ਕੇ ਲਿਖਿਆ । ਮੈਂ ਸੱਚੀ ਗੱਲ ਕਹਿਣ ਦੀ ਹਿੰਮਤ ਕਰਦਾ ।



ਸਵਾਲ : ਤੁਹਾਡਾ ਇੱਕ ਗੀਤ ਇੱਕ ਟੀ ਵੀ ਚੈਨਲ ਨੇ ਚਲਾਉਣ ਤੋਂ ਮਨ੍ਹਾਂ ਕਿਉਂ ਕਰ ਦਿੱਤਾ ?



ਜਵਾਬ : ਮੇਰੇ ਦੋ ਗੀਤ ਜਲੰਧਰ ਦੂਰਦਰਸ਼ਨ ਨੇ ਚਲਾਉਣ ਤੋਂ ਮਨਾ ਕਰ ਦਿੱਤਾ ਇੱਕ ‘ਚੋਰਾਂ ਦੇ ਵੱਸ ਪੈ ਕੇ ਭਾਰਤ ਮਾਂ ਕੁਰਲਾਉਂਦੀ ਏ, ਦੁਜਾ “ਨੀ ਸਾਡੇ ਨਾਲ ਕੀਤੀ ਉਸੇ ਹਿਸਾਬ ਨਾਲ ਕੀਤੀ ,ਜਿਵੇਂ ਹੁਣ ਤੱਕ ਦਿੱਲੀ ਨੇ ਪੰਜਾਬ ਨਾਲ ਕੀਤੀ ”, ਕਹਿੰਦੇ ਇਹ ਸਰਕਾਰ ਵਿਰੋਧੀ ਹੈ ।



ਸਵਾਲ : ਹੋਰ ਕਿਹੜੇ ਗਾਇਕਾਂ ਨੇ ਤੁਹਾਡੇ ਗੀਤ ਗਾਏ ?



ਜਵਾਬ: ਹੰਸ ਰਾਜ ਹੰਸ, ਗਿੱਲ ਹਰਦੀਪ , ਸਰਬਜੀਤ ਚੀਮਾ, ਲਾਭ ਹੀਰਾ, ਰਾਜ ਬਰਾੜ ,ਸਤਵਿੰਦਰ ਬੁੱਗਾ ,ਜਗਤਾਰ ਬਰਾੜ, ਜਸਵਿੰਦਰ ਬਰਾੜ, ਮੰਡੇਰ ਬਰਦਰਜ਼ ਆਦਿ ਨੇ ਮੇਰੇ ਗੀਤ ਗਾਏ ।

ਸਵਾਲ :ਕੋਈ ਮਾਨ ਸਨਮਾਨ ਵੀ ਹੋਇਆ ?


ਜਵਾਬ : ਲਾਹੌਰ ਵਿਚ ਮੈਨੂੰ ਸਨਮਾਨਿਤ ਕੀਤਾ ਗਿਆ , ਕੈਨੇਡਾ ਵਿਚ ਸਰੀ ,ਵੈਨਕੂਵਰ ,ਟੋਰਾਂਟੋ ਤੋਂ ਇਲਾਵਾ ਪੰਜਾਬ ਵਿਚ ਬਹੁਤ ਸਭਿਆਚਾਰਕ ਮੇਲਿਆਂ ਮੈਨੂੰ ਸਨਮਾਨਿਤ ਕੀਤਾ ਗਿਆ ਹੈ । ਮੇਰੀ ਇਹੀ ਪ੍ਰਾਪਤੀ ਹੈ ਮੇਰਾ ਸਿੱਧ ਪੱਧਰਾ ਲਿਖਿਆ ਲੋਕ ਪਰਿਵਾਰ ‘ਚ ਬਹਿ ਸੁਣਦੇ ਹਨ ।


ਸਵਾਲ :ਹਰ ਸਾਲ ਤਿੰਨ ਚਾਰ ਮਹੀਨੇ ਪੰਜਾਬ ਗੁਜਾਰਨ ਦਾ ਮਕੱਸਦ ਕੀ ਹੈ ?



ਜਵਾਬ:ਰੱਬ ਦੀ ਕਿਰਪਾ ਨਾਲ ਮੇਰਾ ਕੰਮ ਕੈਨੇਡਾ ਵਿਚ ਠੀਕ ਹੈ। ਮੇਰੀ ਮਾਂ ਕੈਨੇਡਾ ਰਹਿ ਕੇ ਖੁਸ ਨਹੀਂ ਇਸ ਲਈ ਮੈ ਆਪਣੀ ਮਾਂ ਦੇ ਦਰਸ਼ਨ ਕਰਨ ਲਈ ਸਰਦੀਆਂ ਦੇ ਦਿਨਾਂ ਪੰਜਾਬ ਆ ਜਾਂਦਾ । ਇੱਥੇ ਆਪਣੇ ਮਿੱਤਰਾਂ ਬੇਲੀਆਂ ਨੂੰ ਮਿਲ ਜਾਂਦਾ ਹਾਂ ਨਾਲੇ ਲਿਖਣ ਲਈ ਕੱਚਾ ਮਸਾਲਾ ਕੱਠਾ ਕਰ ਕੇ ਲੈ ਜਾਂਦਾ ਹੈ।

No comments: