Saturday, February 27, 2010

ਇਹ ਹੈ ਕੰਵਲਜੀਤ ਢੁੱਡੀਕੇ

ਸੁਖਨੈਬ ਸਿੰਘ ਸਿੱਧੂ

ਉਹ ਜਦੋਂ ਕਿਸੇ ਸਮਾਗਮ ਵਿੱਚ ਸ਼ਾਮਿਲ ਹੁੰਦਾ ਤਾਂ
ਬਹੁਤ ਸਾਰੇ ਦਰਸ਼ਕ ਉਸਨੂੰ ‘ ਖ਼ਬਰਾਂ ਆਲ੍ਹਾ ਭਾਈ ’ ਸਮਝ ਕੇ ਹੀ ਪਛਾਣਦੇ ਹਨ ਪਰ ਹੈ ਉਹ ਬਹੁ -ਪਰਤੀ , ਉਸ ਜਰਖੇਜ਼ ਜ਼ਮੀਨ ਵਰਗਾ, ਜਿਸ ਬਾਰੇ ਕਿਸੇ ਨੂੰ ਪਤਾ ਨਹੀਂ ਹੁੰਦਾ ਕਿ ਇਸ ਵਿੱਚੋਂ ਕੀ- ਕੀ ਉਪਜ ਸਕਦਾ ਹੈ। ਪਿੰਡ ਢੁੱਡੀਕੇ ਦਾ ਜੰਮਪਲ ਹੋਣਾ ਆਪਣੇ ਆਪ ਵਿੱਚ ਮਾਣ ਵਾਲੀ ਗੱਲ ਹੈ। ਪ੍ਰੋ: ਕੰਵਲਜੀਤ ਸਿੰਘ ( ਕੰਵਲਜੀਤ ਢੁੱਡੀਕੇ) ਨੂੰ ਵੀ ਮਾਣ ਹੈ ਲਾਲਾ ਲਾਜਪਤ ਰਾਏ ਅਤੇ ਜਸਵੰਤ ਸਿੰਘ ਕੰਵਲ ਦਾ ਗਰਾਂਈ ਹੋਣ ਦਾ । ਜਿਵੇਂ ਪ੍ਰੋ: ਕੰਵਲਜੀਤ ਸਿੰਘ ਦੀ ਪਛਾਣ ਆਪਣੀ ਵਿਸੇ਼ਸ਼ ਵੰਨਗੀ ਨਾਲ ਜਲੰਧਰ ਦੂਰਦਰਸ਼ਨ ਤੇ ਖ਼ਬਰਾਂ ਪੜ੍ਹਨ ਨਾਲ ਬਣੀ ਹੈ , ਉਸੇ ਤਰ੍ਹਾਂ ਉਸਦੇ ਵੱਖਰੇ ਅੰਦਾਜ਼ ਦੀ ਚਰਚਾ ਵਿਦੇਸ਼ਾਂ ਤੋਂ ਚਲਦੇ ਦੇਸੀ ਰੇਡਿਉ ਤੇ
ਖ਼ਬਰਾਂ ਪੜ੍ਹਨ ਨਾਲ ਵੀ ਹੁੰਦੀ ਹੈ। ਉਹ ਜਦੋਂ ਪੰਜਾਬ ਦੇ ਵਾਤਾਵਰਣ ਰਿਪੋਰਟ ਤੇ ਸਿਆਸੀ ਮਾਹੌਲ ਦਾ ਤੜਕਾ ਲਾ ਕੇ ਖ਼ਬਰਾਂ ਪੜ੍ਹਦਾ ਹੈ ਤਾਂ ਸਰੋਤੇ ਉਤਸੁਕਤਾ ਨਾਲ ਸੁਣਦੇ ਹਨ । ਸਿਰਫ਼ ਖ਼ਬਰਾਂ ਪੜ੍ਹਨ ਦੀ ਜੁਗਤ ਹੀ ਨਹੀ , ਕਲਾ ਦੇ ਇਸ ਮਹਾਰਥੀ ਦੇ ਕੋਲ ਹੋਰ ਵੀ ਬਹੁਤ ਕਲਾ ਸ਼ਾਸਤਰ ਹਨ।

ਬਾਜ਼ ਵਰਗੀ ਅੱਖ ਨਾਲ ਐਸ. ਐਲ. ਆਰ. ਕੈਮਰਾ ਤਾਂ ਹੈ ਹੀ ਅਤੇ ਨਾਲ ਹੀ ਕਿਸੇ ਅਹਿਸਾਸ ਨੂੰ ਕਵਿਤਾ ਦਾ ਰੂਪ ਦੇਣ ਲਈ ਸਾਹਿਤਿਕ ਮਨ ਅਤੇ ਸਾਹਮਣੇ ਦਿਸਦੇ ਦ੍ਰਿਸ਼ਾਂ ਨੂੰ ਯਥਾਰਥ ਵਰਗਾ ਬਣਾਉਣ ਵਾਲੇ ਸਕੈਚ ਉਸਦੇ ਵਜੂਦ ਹਿੱਸਾ ਹਨ । ਸਭ ਤੋਂ ਵੱਡੀ ਪ੍ਰਾਪਤੀ ਹੈ ਉਸਦੀ ਉਹ ਵਿਸੇ਼ਸ਼ ਕਾਰਜ਼ਸੈ਼ਲੀ ਅਤੇ ਲੋਕਾਂ ਵਿੱਚ ਵਿਚਰਨ ਦੀ ਕਲਾ , ਅਣਜਾਣ ਵਿਅਕਤੀਆਂ ਨੂੰ ਮਿਲਣ ਸਮੇਂ ਉਸ ਵੱਲੋਂ ਅਪਣਾਇਆ ਜਾਂਦਾ ਅਪਣੱਤ ਭਰਿਆ ਵਤੀਰਾ ਸਰੂਰ ਲਿਆ ਦਿੰਦਾ ਹੈ, ਤੇ ਯਾਦਗਾਰ ਤੇ ਬਣ ਜਾਂਦੀ ਹੈ ਉਸ ਨਾਲ ਕੀਤੀ ਇੱਕ -ਅੱਧ ਮਿਲਣੀ ।
ਇੱਕ ਪ੍ਰਵਾਸੀ ਪੱਤਰਕਾਰ ਵੱਲੋਂ ਰੱਖੇ ਸਮਾਗਮ ਵਿੱਚ ਕੰਵਲਜੀਤ ਸਿੰਘ ਆਪਣੇ ਛੋਟੇ ਪਰਿਵਾਰ ਸਮੇਤ ਪਹੁੰਚਿਆ ਹੋਇਆ ਸੀ, ਉਸ ਨਾਲ ਉਸਦੀ ਸੁਹਿਰਦ ਪਤਨੀ ਜਸਪਾਲ ਕੌਰ ਅਤੇ ਗੋਭਲਾ ਜਿਹਾ ਬੇਟਾ ਹਰਨੂਰ ਸਮਾਗਮ ਦਾ ਹਿੱਸਾ ਸਨ । ਨਿਊਯਾਰਕ ਤੋਂ ਆਏ ਇੱਕ ਪੱਤਰਕਾਰ ਨੂੰ ਮਿਲਾਉਂਦੇ ਹੋਏ ਦੱਸਿਆ ,‘ਇਹ ਪ੍ਰੋ: ਕੰਵਲਜੀਤ ਸਿੰਘ ਹਨ ।’

ਉਸ ਵਿਦੇਸ਼ੀ ਮਿੱਤਰ ਦੇ ਗੱਲ ਪੱਲੇ ਨਹੀ ਪਈ , ਰਸਮੀ ‘ਹੈਲੋ ਹਾਏ’ ਮਗਰੋਂ ਜਦੋਂ ਪਤਾ ਲੱਗਾ ਕਿ ‘ਕੰਵਲਜੀਤ ਢੁੱਡੀਕੇ’ ਹੈ ਤਾਂ ਉਸ ਨੇ ਘੁੱਟ ਜੱਫੀ ਪਾਉਂਦਿਆਂ ਇੰਜ ਮਹਿਸੂਸ ਕੀਤਾ ਜਿਵੇਂ ਹਿੰਦੋਸਤਾਨ ਅਤੇ ਪਾਕਿਸਤਾਨ ਦੀ ਵੰਡ ਮੌਕੇ ਵਿਛੜੇ ਦੋ ਭਰਾ ਮਿਲਦੇ ਹੋਣ ਤੇ ਨਿਊਯਾਰਕ ਵਾਲੇ ਮਿੱਤਰ ਨੇ ਕਿਹਾ, “ ਬਾਈ ਤੁਹਾਡੀ ਪੜੀਆਂ ਖਬ਼ਰਾਂ ਸੁਆਦ ਲਿਆ ਦਿੰਦੀਆਂ ਹਨ । ਸੁਣਕੇ ਇਉਂ ਲੱਗਦਾ ਜਿਵੇਂ ਪਿੰਡ ਦੀ ਸੱਥ ਵਿੱਚੋਂ ਕਿਸੇ ਨਾਲ
ਗੱਲ ਕਰ ਰਹੇ ਹੋਈਏ ।”
ਕੋਲ ਖੜਾ ਮਾਨਸਾ ਦਾ ਇੱਕ ਹੋਰ ਇੰਜੀਨੀਅਰ ਕਹਿੰਦਾ , “ ਅੱਛਾ , ਮੈਨੂੰ ਲੱਗਦਾ ਸੀ ਮੈਂ ਬਾਈ ਜੀ ਨੂੰ ਕਿਤੇ ਦੇਖਿਆ ,ਹੁਣ ਪਤਾ ਲੱਗਿਆ ਇਹ ਤਾਂ ‘ਖ਼ਬਰਾਂ ਵਾਲਾ ਭਾਈ’ ਹੈ ਤੇ ਨਿੱਤ ਜਲੰਧਰ ਦੂਰਦਰਸ਼ਨ ਤੇ ਦੇਖਦੇ ਹਾਂ।”

ਉਹ 24 ਘੰਟੇ ਬਿਜ਼ੀ ਰਹਿਣ ਵਾਲਾ ਵਿਅਕਤੀ ਹੈ। ਕਿੱਤੇ ਵਜੋਂ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣਾ ਵਿਖੇ ਇਲੈਕਟ੍ਰਾਨਿਕਸ ਇੰਜ. ਵਿਭਾਗ ਵਿਚ ਅਸਿਸਟੈਂਟ ਪ੍ਰੋਫੈਸਰ ਹੈ । ਕਿੱਧਰੇ ਕਿਸੇ ਵਿਦੇਸ਼ੀ ਰੇਡੀਓ ਲਈ ਖ਼ਬਰਾਂ ਪੜ ਰਿਹਾ ਤੇ ਕਿਤੇ ਫੋਟੋ ਪ੍ਰਦਰਸ਼ਨੀ ਲਾ ਰਿਹਾ , ਕਿਤੇ ਵਿਦੇਸ਼ਾਂ ਦੇ ਪੰਜਾਬੀ ਅਖਬਾਰਾਂ ਵਿੱਚ ਆਨਰੇਰੀ ਸੰਪਾਦਕ ਬਣਿਆ ਬੈਠਾ ਤੇ ਵਿਚੇਂ ਹੀ ਸਮਾਂ ਕੱਢ ਕੇ ਪ੍ਰਵਾਸੀਆਂ ਦੀ ਮਨੋਦਿਸ਼ਾ ਅਤੇ ਦਸ਼ਾ ਬਾਰੇ ਕਵਿਤਾਵਾਂ ਵੀ ਲਿਖ ਰਿਹਾ । ਕਵਿਤਾਵਾਂ ਵੀ ਸਿੱਧੀਆਂ ਸਪਾਟ , ਜਮਾਂ ਸਿੱਧ ਪੱਧਰੀਆਂ ਮਲੱਵਈਆਂ ਦੇ ਸੁਭਾਅ ਵਰਗੀਆਂ, ਕਿਤੇ ਕੋਈ ਬੋਧਿਕ ਦਾ ਪ੍ਰਭਾਵ ਨਹੀਂ ਤੇ ਕਿਤੇ ਕੋਈ ਔਖਾ ਸ਼ਬਦ ਨਹੀਂ । ਜੇਕਰ ਕਾਵਿ- ਰਚਨਾ ਦੌਰਾਨ ਕੋਈ ਅਜਿਹਾ ਸ਼ਬਦ ਵਰਤਿਆ ਤਾਂ ਹੇਠਾਂ ਉਸਦਾ ਉਲੱਥਾ ਵੀ ਜਰੂਰ ਕੀਤਾ ।


ਉਸ ਨੇ ਫੋਟੋ ਅਤੇ ਕਲਮ ਕਾਰੀ ਦਾ ਕਈ ਵਾਰ ਸ਼ੁਮੇਲ ਪੇਸ਼ ਕੀਤਾ ਹੈ ਇਸੇ ਜੁਗਲਬੰਦੀ ਦੀ ਸ਼ੁਰੂਆਤ ਇੱਕ ਤਜ਼ਰਬੇ ਵਜੋਂ ‘ਜਿੰਦਗੀ ਦੀਆਂ ਰੁੱਤਾਂ’ (1989) ਨਾਂਮੀ ਕਵਿਤਾ ਅਧਾਰਿਤ ਸਲਾਈਡ ਸੋ਼ਅ ਪੇਸ਼ ਕਰਕੇ ਕੀਤੀ ਸੀ । ਫਿਰ ਇਸ ਰਾਹ ਤੇ ਤੁਰਦਿਆਂ ਕਵਿਤਾ ਅਤੇ ਕਲਾ ਲਈ ਕੀਤੇ ਨਵੇਂ ਤਜਰਬੇ ਦਾ ਅਗਲਾ ਕਦਮ ‘ਚੱਲੋ ਚਾਨਣ ਦੀ ਗੱਲ ਕਰੀਏ ’(1998) ਨਾਲ ਪੁੱਟਿਆ ਲਗਭਗ ਇੱਕ ਦਹਾਕੇ ਮਗਰੋਂ ਫਿਰ ਅਜਿਹੀ ਕੋਸਿ਼ਸ਼ ਨਾਲ ਇੱਕ ਪੁਲਾਂਘ ਭਰਦਾ ਨਜਰ ਆਉਂਦਾ ਹੈ । ਉਹ ‘ਸੂਰਜਮੁਖੀ ਫਿਰ ਖਿੜ ਪਏ ਨੇ’ ( 1999) ਅਤੇ 2008 ਵਿੱਚ ‘ਬੁੱਢਾ ਬਿਰਖ ਤੈਨੂੰ ਅਰਜ ਕਰਦਾ ਹੈ’ ਆਦਿ ਪੇਸ਼ਕਾਰੀਆਂ ਕਰਕੇ ਕਵਿਤਾ ਅਧਾਰਿਤ ਫੋਟੋ ਸਲਾਈਡ ਸੋ਼ਅ ਕਰਨ ਦੀ ਰੀਤ ਜਾਰੀ ਰੱਖ ਰਿਹਾ ਹੈ ।

ਭਾਰਤੀ ਦੇ ਬਹੁਤ ਸਾਰੇ ਕਲਾਤਮਕ ਫੋਟੋਕਾਰਾਂ ਲਈ ਫੋਟੋਗ੍ਰਾਫੀ ਘਰ ਫੂਕ ਤਮਾਸ਼ਾ ਦੇਖਣ ਵਾਲਾ ਕਾਰਜ ਹੀ ਹੈ । ਕਿਉਂਕਿ ਖਾਸ ਕਰਕੇ ਪੰਜਾਬ ਦੇ ਕਲਾ ਪ੍ਰੇਮੀ ਹਾਲੇ ਕਲਾਤਮਕ ਫੋਟੋ ਕ੍ਰਿਤਾਂ ਨੂੰ ਆਪਣੇ ਡਰਾਇੰਗ ਰੂਮਾਂ ਦਾ ਸਿੰਗਾਰ ਨਹੀ ਬਣਾਉਣ ਲੱਗੇ ਪਰ ਕੰਵਲਜੀਤ ਨੇ ਕਲਾ ਨੂੰ ਕਮਾਈ ਵੱਲ ਮੋੜਨ ਦੀ ਇੱਕ ਪਗਡੰਡੀ ਬਣਾਈ ਹੈ ਜੋ ਕਦੇ ਵੀ ਜੀ ਟੀ ਰੋਡ ਬਣ ਸਕਦੀ ਹੈ। ਉਸਨੇ ਆਪਣੇ ਹਮ ਖਿਆਲ ਦੋਸਤਾਂ ਨਾਲ ਮਿਲ ਕੇ ਆਰਟ ਪੰਜਾਬ ਗੈਲਰੀ , ਜਲੰਧਰ ਵਿੱਚ ਇੱਕ ਸੰਸਥਾ ਕਾਇਮ ਕੀਤੀ ਹੈ ਜਿੱਥੇ ਹਰ ਵਖਤ ਫੋਟੋ ਨੁੰਮਾਇਸ਼ ਲੱਗੀ ਰਹਿੰਦੀ ਹੈ । ਇੱਥੌਂ ਫੋਟੋ ਕਿਰਤਾਂ ਨੂੰ ਖਰੀਦਿਆ ਵੀ ਜਾਣ ਲੱਗਾ ਹੈ। ਕੰਵਲਜੀਤ ਦਾ ਇਹ ਉਪਰਾਲਾ ਧਿਆਨ ਵੀ ਮੰਗਦਾ ਹੈ ਕਿਉਂਕਿ ਉਹਨਾਂ ਨੇ ਇੱਥੇ ਸਿਰਫ਼ ਆਪਣੀਆਂ ਕਲਾ ਕ੍ਰਿਤਾਂ ਵੇਚਣ ਲਈ ਪਲੇਟਫਾਰਮ ਸਥਾਪਿਤ ਨਹੀਂ ਕੀਤਾ ਬਲਕਿ ਹੋਰ ਫੋਟੋ ਕਾਰਾਂ ਦੀਆਂ ਬਹੁਮੁੱਲੀਆਂ ਕ੍ਰਿਤਾਂ ਦਾ ਮੁੱਲ ਪਵਾਉਣ ਲਈ ਰਾਹ ਪੱਧਰਾ ਕੀਤਾ ਹੈ।
ਕੁਝ ਨਜ਼ਾਰਿਆਂ ਨੂੰ ਕੰਵਲਜੀਤ ਕੈਮਰੇ ਵਿੱਚ ਬੰਦ ਕਰਦਾ ਅਤੇ ਕੁਝ ਉਸਦੇ ਅਚੇਤ ਮਨ ਵਿੱਚ ਲੈਂਡ ਸਕੇਪ ਬਣ ਕੇ ਵਸ ਜਾਂਦੇ ਹਨ । ਨਜ਼ਮ ਲਿਖਦਾ ਕੰਵਲਜੀਤ ਖੁਦ ਨਜ਼ਮ ਬਣ ਜਾਂਦਾ ਹੈ । ਕੈਨੇਡਾ ਦੀ ਫੇਰੀ ਤੋਂ ਬਾਅਦ ਉਸਨੇ ਪ੍ਰਵਾਸੀ ਪੰਜਾਬੀਆਂ ਦੇ ਪਰਵਾਸ ਹੋਣ ਦੇ ਕਾਰਨ , ਸੰਭਾਵਨਾਵਾਂ ਅਤੇ ਵਿਦੇਸ਼ਾਂ ਵਿੱਚ ਪੰਜਾਬੀਆਂ ਦੀ ਸਥਿਤੀ ਬਾਰੇ ਇੱਕ ਕਿਤਾਬ ‘ਕੂੰਜਾਂ’ ਲਿਖੀ ਹੈ।


ਹੁਣੇ ਹੀ ਰਿਲੀਜ਼ ਹੋਈ ਆਪਣੀ ਕਵਿਤਾਵਾਂ , ਕਾਵਿ ਕਥਾਵਾਂ ਅਤੇ ਸਕੈਚਾਂ ਨਾਲ ਸਿੰਗਾਰੀ ਕਿਤਾਬ ਬਾਰੇ ਕੰਵਲਜੀਤ ਲਿਖਦਾ ਹੈ , “ ਕੈਨੇਡਾ ਦੀ ਫੇਰੀ ਦੌਰਾਨ ਬਹੁਤ ਕੁਝ ਦੇਖਿਆ, ਮਾਣਿਆ ਖਾਸ ਕਰਕੇ ਉਹ ਵੀ ਜਿਹੜਾ ਅਕਸਰ ਇੱਧਰੋਂ ਗਏ ਪੰਜਾਬੀਆਂ ਤੋਂ ਰਹਿ ਜਾਂਦਾ ਹੈ। ਉਥੇ ਫਿਰਦਿਆਂ ‘ਰੱਬ ਦੀ ਧੁੰਨੀ’ ‘ਚ ਖੁੱਭਦੀ ਸੂਈ ਵਰਗਾ ਸੀ. ਐਨ. ਟਾਵਰ ਅੰਦਰੋਂ- ਬਾਹਰੋ ਦੇਖਿਆ । ਬਲਵੰਤ ਰਾਮੂਵਾਲੀਆ ਦੇ ਭਰਾ ਇਕਬਾਲ ਰਾਮੂਵਾਲੀਆਂ ਤੋਂ ਉਸ ਦੇ ਅੰਗਰੇਜ਼ੀ ਸਕੂਲ ਵਿੱਚ ਪੜ੍ਹਾਉਣ ਦੇ ਪਹਿਲੇ ਦਿਨਾਂ ਦੀ ਨਸਲੀ ਭੇਦਭਾਵ ਵਾਲੀ ਦਾਸਤਾਨ ਸੁਣੀ । ਉਨ੍ਹਾਂ ਦੇ ਪਿਤਾ ਤੇ ਉੱਘੇ ਕਵੀਸ਼ਰ (ਸਵ.) ਕਰਨੈਲ ਪਾਰਸ ਹੁਰਾਂ ਦੇ ਘਰ ੳਨ੍ਹਾਂ ਵੱਲੋਂ ਮਿਣਤੀ ਕਰਕੇ ਲਾਏ ਜਾਂਦੇ ਪੈਗ ਨਾਲ ਸਾਂਝ ਕੀਤੀ । ਪੰਜਾਬੋਂ ਗਏ ਪੜ੍ਹੇ ਲਿਖੇ –ਰੁਤਬੇਦਾਰੀਆਂ ਛੱਡ ਕੇ ਗਏ ਬਜ਼ੁਰਗਾਂ ਨੂੰ ਬੇਰੀਆਂ ਤੋੜਦੇ ਦੇਖਿਆ । ਕਨੇਡਾ ਬਾਰੇ ਮਸ਼ਹੂਰ ਹੈ ਕਿ ਇੱਥੇ ਫੁੱਲਾਂ ’ਖੁਸ਼ਬੋ ਨਹੀਂ , ਸੱਪ ’ਚ ਵਿਹੁ ਨਹੀਂ ,ਰਿਸ਼ਤਿਆ ‘ਚ ਮੋਹ ਨਹੀਂ । ਖੰਡ ਵੀ ਗੰਨੇ ਦੀ ਥਾਂ ਕੇਲੇ ਤੋਂ ਬਣਦੀ ਹੈ। ਮਿੱਠਾ ਘੱਟ ਹੁੰਦਾ ਹੈ। ਲੋਕਾਂ ਨੁੰ ਘੱਟ ਮਿੱਠੇ ਵਾਲੇ ਰਿਸ਼ਤੇ ਹੀ ਚੰਗੇ ਲਗਦੇ ਨੇ । ਤਿੰਨ ਡਬਲਿਊ ਤੋਂ ਡਰਦੇ ਨੇ – ਵੈਦਰ, ਵਾਈਫ ਤੇ ਵਰਕ (ਮੌਸਮ , ਘਰਵਾਲੀ ਤੇ ਕੰਮ ) ਪਤਾ ਨਹੀਂ ਇਧਰ ਕਦੋਂ ਵਿਗੜ ਜਾਣ, ਸਿਆਣੇ ਬੰਦੇ ਹਰ ਤਰ੍ਹਾਂ ਦੀ ਛਤਰੀ ਨਾਲ ਹੀ ਰੱਖਦੇ ਨੇ ।
ਕੰਮ ਧੰਦਿਆਂ ਲਈ ਕੋਈ ਸੰਗ ਸ਼ਰਮ ਨਹੀਂ । ਕੋਈ ਮਿਹਣਾ ਨਹੀਂ। ਬਰਾੜ ਸਵੀਟ ਹਾਊਸ ਹੈ, ਗਿੱਲ ਸ਼ੂਅ ਸਟੋਰ ਹੈ। ਗੁੱਜਰਵਾਲ ਦੇ ਗਰੇਵਾਲਾਂ ਦੇ ਮੁੰਡੇ ਦੀ ਝਟਕਈ ਦੀ ਦੁਕਾਨ ਹੈ , ਸਿੱਧੂਆਂ ਦੀ ਨੂੰਹ ਦੀ ਵੱਡੇ ਸਾਰੇ ਪਲਾਜੇ਼ ਵਿੱਚ ‘ਨੈਣ’ਦੀ ਦੁਕਾਨ ਹੈ ।

ਆਪਣੇ ਇਸ ਛੋਟੇ ਪ੍ਰਵਾਸ ਦੌਰਾਨ ਪੱਕਾ ਪ੍ਰਵਾਸ ਕਰ ਗਏ ਪੰਜਾਬੀਆਂ ਦੇ ਸੁਭਾਅ, ਚਿੰਤਾਵਾਂ, ਮਾਨਸਿਕਤਾ ਤੇ ਖਾਸ ਕਰਕੇ ਉਦਰੇਵੇਂ ਵਰਗੇ ਪਹਿਲੂਆਂ ਬਾਰੇ ਇਸ ਕਿਤਾਬ ਨੇ ਆਪਣੇ ਆਪ ਹੀ ਰੂਪ ਧਾਰ ਲਿਆ । ”

ਕੰਵਲਜੀਤ ਦੀ ਇਹ ਕਿਤਾਬ ਪੜਦਿਆਂ ਇੰਜ ਮਹਿਸੂਸ ਹੁੰਦਾ ਜਿਵੇਂ ਕੋਈ ਰੌਚਿਕ ਜਿਹਾ ਸਫ਼ਰਨਾਮਾ ਪੜ ਰਹੇ ਹੋਈਏ । ਵਤਨ ਛੱਡ ਕੇ ਬੇਵਤਨੇ ਹੋਏ ਪੰਜਾਬੀਆਂ ਦੇ ਹਰ ਚੰਗੇ ਮਾੜੇ ਪਹਿਲੂ ਨੂੰ ਇਸ ਕਵਿਤਾ ਵਿੱਚ ਫੋਕਸ ਕੀਤਾ ਹੈ ਅਤੇ ਲਗਭਗ ਹਰੇਕ ਕਵਿਤਾ ਵਿਚਲੇ ਸਕੈਚ ਉਸਦੇ ਪੰਜਾਬੀ ਦੀ ਫੁਲਕਾਰੀ ਕਲਾ ਨੂੰ ਮੁੜ ਸੁਰਜੀਤ ਕਰਨ ਦੀ ਕੋਸਿ਼ਸ਼ ਦਾ ਇੱਕ ਸੁਹਿਰਦ ਯਤਨ ਹਨ ।

ਕੈਨੇਡਾ ਦੇ ਹਰ ਖੇਤਰ ਵਿੱਚ ਆਪਣੀ ਹਿੱਸੇਦਾਰੀ ਪਾਉਣ ਵਾਲੇ ਪੰਜਾਬੀਆਂ ਦੀ ਕਹਾਣੀ ਬਿਆਨਦਾ ਉਹ ‘ਮੂੰਹ ਸੰਭਾਲ ਕੇ’ ਕਵਿਤਾ ਵਿੱਚ ਪਛਾਣ ਬਦਲ ਕੇ ਜਿ਼ਸਮਫਰੋਸੀ ਕਰਨ ਵਾਲੀ ਇੱਕ ਪੰਜਾਬਣ ਬਾਰੇ ਇਸ ਤਰ੍ਹਾਂ ਲਿਖਦਾ ਹੈ


ਸੁੰਦਰਤਾ ਪੌੜੀ ਹੈ

ਕਨੇਡੀਅਨ ਪੰਜਾਬਣਾਂ ਵੀ ਚੜ੍ਹ ਮੰਡਰਾਉਂਦੀਆਂ

ਪਰ ਦੇਸੀਆਂ ਤੋਂ ਘਬਰਾਉਂਦੀਆਂ



ਹੇਅਰ ਸਟਾਈਲ ਵੀ ਅੰਗਰੇਜ਼ੀ

ਬੋਲੀ ਦਾ ਲਹਿਜਾ ਵੀ ਅੰਗਰੇਜ਼ੀ

ਕੱਪੜੇ ਜੀਨਾਂ ਵੀ ਅੰਗਰੇਜ਼ੀ

ਤੇ ਬਦਨ ’ਤੇ ਮੁਲਕ ਦਾ

ਨਾਂਮ ਤਾਂ ਲਿਖਿਆ ਨਹੀਂ ਹੁੰਦਾ




ਮੇਰਾ ਦੋਸਤ ਦੱਸਦਾ ਹੈ

-ਉਹ ਪੰਜਾਬਣ ਖੜ੍ਹੀ ਆ!’

ਕਿਵੇਂ ਪਤਾ ?

-ਹੁਣੇ ਪਤਾ ਲੱਗ ਜੂ !’

ਆਪਣੀ ਗੱਲ ਪੱਕੀ ਕਰਨ ਲਈ

ਉਹ ਗੱਡੀ ਭਵਾਉਂਦਾ ਹੈ ।

ਉਸ ਕੋਲ ਲਾਉਂਦਾ ਹੈ ।

ਕੋਲ ਜਾ ਕੇ ਗਾਲ੍ਹ-ਟੈਸਟ ਲਾਉਂਦਾ ਹੈ

ਹੁੱਕਰ ਤੜਫੀ

ਪੰਜਾਬੀ ’ਤੇ ਆਈ

- ਮੂੰਹ ਸੰਭਾਲ ਕੇ ।

‘ਇੱਕ ਰਾਤ ਪੱਬ ਵਿੱਚ ’ ਕਵਿਤਾ ਵਿੱਚ ਮਸਤੀ ‘ਚ ਨੱਚਦੇ ਮੰਗਤੇ ਬਾਰੇ ਉਸ ਦੀ ਕਲਮ ਬਿਆਨਦੀ ਹੈ

ਜਿਸ ਬੁੱਢੇ ਨੀਗਰੋ ਮੰਗਤੇ ਦੀ

ਫਿੱਡੀ ਪੁੱਠੀ ਟੋਪੀ ’ਚ

ਅਸੀ ਟੂਨੀ ( ਦੋ ਡਾਲਰ ਦਾ ਸਿੱਕਾ) ਰੱਖ ਕੇ ਆਏ ਸੀ

ਉਹ ਹੁਣ ਅੰਦਰ ਆ ਗਿਆ ਹੈ

ਨਾਲ ਦੀ ਕੁਰਸੀ ਤੇ ਬੈਠਾ

ਸਿਗਰਟ ਮਘਾਈ, ਬੀਅਰ ਲਾ ਰਿਹਾ ਹੈ

ਸੰਗੀਤ ਨਾਲ ਸਿਰ ਘੁਮਾ ਰਿਹਾ ਹੈ ।

ਮੇਰਾ ਦੋਸਤ ਦੱਸਦਾ ਹੈ

- ਮੰਗ ਕੇ ਪੀਂਦਾ ਹੈ, ਲੁੱਟ ਕੇ ਤਾਂ ਨਹੀਂ

- ਇੱਥੇ ਲੁੱਟ ਕੇ ਪੀਣ ਵਾਲੇ ਵੀ ਹਨ!’



ਹੁਣੇ ਇਹ ਲੋਰ ਵਿੱਚ ਨੱਚੇਗਾ

ਅੜੇ ਥੁੜੇ ਕਿਸੇ ਦਾ ਬਿੱਲ ਵੀ ਦੇਵੇਗਾ ਤਾਰ

ਲਾ ਕੇ ਚਾਰ ਗਲਾਸੀਆਂ

ਹੋਊ ਨਿਹਾਲ ਕਿਸੇ ‘ਤੇ

ਪੂਰੀ ਭਾਨ ਦੇਵੇਗਾ ਵਾਰ ।



ਟੋਰਾਂਟੋ ਵਿੱਚ ਇੱਕ ਚੀਨੀ ਰੈਸਟੋਰੈਂਟ ਵਿੱਚ ਕਿਵੇਂ ਜਿਊਂਦੇ ਸਮੁੰਦਰੀ- ਜੀਵਾਂ ਨੂੰ ਤਲਿਆ ਜਾਂਦਾ ਹੈ ,ਦਾ ਵਰਣਨ ਕਵਿਤਾ ‘ ਸੀ-ਫੂਡ ’ ਵਿੱਚ ਪੜ੍ਹਕੇ ਉਸਦੀ ਸੰਵੇਦਨਸ਼ੀਲਤਾ ਦਾ ਮਾਪਦੰਡ ਵੀ ਸਾਹਮਣੇ ਆਉਂਦਾ ਹੈ , ਕਵਿਤਾ ਦੀਆਂ ਸਤਰਾਂ ਦੇਖੋ :

ਇੱਕ ਪਾਸੇ ਪਏ

ਕੱਚ ਵਾਲੇ ਪਾਈ ਦੇ ਟੈੱਕ

ਵਿੱਚ ਤੈਰਦੇ ਨਿੱਕੀਆਂ ਨਿੱਕੀਆਂ ਅੱਖਾਂ ਵਾਲੇ ਕਰੈਬ

ਉਪਰ ਲੱਗੇ ਰੇਟ

60 ਡਾਲੇ, 80 ਡਾਲੇ , ਇਹ ਸਪੈਸ਼ਲ ਡਿਸ਼ ਨੇ।

ਮੇਰੇ ਮਾਣ ਲਈ ਮੇਰਾ ਮਿੱਤਰ ਪੁੱਛਦਾ ਹੈ

‘-ਇਹ ਛਕੀਏ ਕਿ ਓਹ ਛਕੀਏ?

ਇਹ ਆਪਣੇ ਸਾਹਮਣੇ ਹੀ ਮੇਜ਼ ਤੇ ਹੀ ਕੜਾਹੀ ਧਰਨਗੇ,

ਮਸਾਲੇ ਮਲਣਗੇ, ਜਿਉਂਦੇ ਨੂੰ ਹੀ ਤਲਣਗੇ,

-ਬਾਬਿਓ ਕਿਆ ਸਵਾਦ ਹੁੰਦਾ

ਬਿਲਕੁਲ ਤਾਜ਼ਾ , ਪੋਲਾ ਪੋਲਾ।’



ਮੇਰੇ ਸਿਰ ਤੋਂ ਪੈਰਾਂ ਤੱਕ ਇਕ

ਝਰਨਾਹਟ ਜਿਹੀ ਲੰਘ ਗਈ ।

ਲੱਗਿਆ ਉਹਨਾਂ

ਮੈਨੂੰ ਸੁੱਟ ਦਿੱਤਾ ਹੈ ਉਬਲਦੀ ਕੜਾਹੀ ’ਚ ।

ਪਰਦੇਸ਼ਾਂ ਵਿੱਚ ਕਿਵੇਂ ਰਿਸ਼ਤਿਆਂ ‘ਚ ਤ੍ਰੇੜਾਂ ਪੈ ਰਹੀਆਂ ਹਨ ਅਤੇ ਉੱਥੇ ਦੀ ਨਵੀਂ ਪੀੜੀ ਕਿਵੇਂ ਇਸ ਵਰਤਾਰੇ ਵਿੱਚ ਵਿਚਰਨ ਦੀ ਆਦੀ ਹੋ ਗਈ ਹੈ। ਇਸ ਸਥਿਤੀ ਤੇ ਕਵਿਤਾ ‘ ਹਸੀਨ ਸ਼ਾਮ’ ਵਿੱਚ ਢੁੱਡੀਕੇ ਆਪਣੀ ‘ਢੁੱਡ ’ ਇਸ ਤਰ੍ਹਾਂ ਮਾਰਦਾ ਹੈ , ਦੇਖੋ ::

ਗਰੈਜੂਏਸ਼ਨ ਦੀ ਪਾਰਟੀ ਦਿੰਦਾ

ਹਰਦੀਪ ਦੇ ਬੇਟੇ ਦਾ ਕੈਨੇਡੀਅਨ ਦੋਸਤ ਦੱਸਦਾ ਹੈ-

ਕਿੰਨੀ ਹਸੀਨ ਸ਼ਾਮ ਹੈ

ਤੇ ਕਿੰਨੀ ਖੁਸ਼ਨਸੀਬ ਵੀ ।

- ਮੇਰੇ ਮੰਮੀ ਦਾ ਹਸਬੈਂਡ ਵੀ ਆਇਆ ਏ

- ਤੇ ਪਾਪਾ ਵੀ ਆਪਣੀ ਵਾਈਫ ਨਾਲ ਆਏ ਨੇ ।’



ਉਸਦੀ ਫੋਟੋਗਰਾਫੀ ਵਿੱਚ ਉਚ ਪਾਏ ਪਹੁੰਚ ਅਤੇ ਕਿਤਾਬ ‘ ਕੂੰਜਾਂ’ ਬਾਰੇ ਪ੍ਰਸਿੱਧ ਸ਼ਾਇਰ ਸੁਰਜੀਤ ਪਾਤਰ ਲਿਖਦੇ ਹਨ , “ ਜੇਕਰ ਕੰਵਲਜੀਤ ਫੋਟੋਗਰਾਫ਼ਰ ਨਾ ਹੁੰਦਾ ਤਾਂ ਸ਼ਾਇਦ ‘ਕਦੋਂ ਦੇ ਖੜ੍ਹੇ ਨੇ’ ਨਾਂਮ ਦੀ ਏਨੀ ਪ੍ਰਭਾਵਸ਼ਾਲੀ ਕਵਿਤਾ ਨਾ ਲਿਖ ਸਕਦਾ । ਪ੍ਰਵਾਸੀ ਪੰਜਾਬੀ ਜੀਵਨ ਦੇ ਏਨੇ ਪੱਖਾਂ ਨੂੰ ਆਪਣੇ ਵਿੱਚ ਸਮੋਂਦਾ, ਏਨਾ ਬਹੁ- ਪਰਤੀ , ਗਹਿਰਾ ਤੇ ਕਲਾਮਈ ਬਿਆਨ ਮੈਂ ਕਿਸੇ ਹੋਰ ਕਾਵਿ – ਪੁਸਤਕ ਵਿੱਚ ਨਹੀਂ ਪੜ੍ਹਿਆ । ਇਹ ਪੁਸਤਕ ਸਿਰਫ ਪ੍ਰਵਾਸ ਦਾ ਬਿਆਨ ਨਹੀ, ਇਹ ਸਮੁੱਚੇ ਤੌਰ ‘ਤੇ ਸਮਕਾਲੀ ਪੰਜਾਬੀ ਮਾਨਸਿਕਤਾ ਦੀ ਵੀ ਤਸਵੀਰ ਹੈ।”

No comments: