October 18, 2010 09:30:54 pm
ਸੁਖਨੈਬ ਸਿੰਘ ਸਿੱਧੂ
* ਖੀਵਾ ਮਾਹੀ ਦੇ ਨਾ ਭੁੱਲਣਯੋਗ ਨਾਲ ਸਹਿਯੋਗ ਨਾਲ ਪੇਸ਼ ਹੈ ਇਹ ਪੰਜਾਬੀ ਨਿਊਜ ਆਨਲਾਈਨ ਦੀ ਵਿਸੇ਼ਸ਼ ਪੇਸ਼ਕਸ਼
ਭਾਰਤੀ ਖਾਸ ਕਰਕੇ ਪੰਜਾਬੀ ਜਿੱਥੇ ਵਿਦੇਸ਼ਾਂ ਵਿੱਚ ਜਾ ਕੇ ਆਪਣੀ ਸਖ਼ਤ ਮਿਹਨਤ ਨਾਲ ਸਫਲਤਾ ਦੇ ਸਿਖਰ ਛੋਹਦੇ ਹਨ ਉਥੇ ਕੁਝ ਨਮੋਸੀ ਦੀ ਦਲਦਲ ਵਿੱਚ ਜਾ ਗਰਕਦੇ ਹਨ । ਭਾਰਤ ਵਿੱਚ ਤੰਗੀਆਂ ਤੁਰਸ਼ੀਆਂ ਸਹਿ ਕੇ ਵਿਦੇਸ਼ ਜਾ ਕੇ ਚੰਗੀ ਕਮਾਈ ਕਰਨ ਦੇ ਇਰਦੇ ਰੱਖਣ ਵਾਲੇ ਕੁਝ ਵਿਅਕਤੀ ਗਲਤ ਹੱਥਾਂ ਅਤੇ ਆਪਣੀਆਂ ਖਾਹਿਸਾਂ ਦੇ ਕਾਬੂ ਨਾ ਰੱਖਦੇ ਹੋਏ ਗਲਤ ਰਸਤੇ ਅਖਤਿਆਰ ਕਰਕੇ ਮੌਤ ਦੇ ਦਰਵਾਜ਼ੇ ਤੱਕ ਜਾ ਖੜਦੇ ਹਨ।
ਸੰਯੁਕਤ ਅਰਬ ਅਮੀਰਾਤ ( ਯੂ ਏ ਈ ) ਵਿੱਚ ਵੱਡੀ ਗਿਣਤੀ ਭਾਰਤੀ ਵੱਸਦੇ ਹਨ। ਬੀਤੇ ਕੁਝ ਮਹੀਨਿਆਂ ਦੌਰਾਨ ਦੁਨੀਆਂ ਭਰ ਦੇ ਮੀਡੀਆ ਦਾ ਧਿਆਨ ਸਾਰਜਾਹ ਦੀ ਇੱਕ ਅਦਾਲਤ ਨੇ ਖਿੱਚਿਆ ਜਦੋਂ ਇਹ ਖ਼ਬਰ ਨਸਰ ਹੋਈ ਕਿ ਇੱਕ ਪਾਕਿਸਤਾਨੀ ਵਿਅਕਤੀ ਦੇ ਕਤਲ ਦੇ ਦੋਸ਼ ਵਿੱਚ 17 ਭਾਰਤੀਆਂ ( 16 ਪੰਜਾਬ ਅਤੇ ਇੱਕ ਹਰਿਆਣਾ ਦਾ ਵਸਨੀਕ ) ਨੂੰ ਮੌਤ ਦੀ ਸਜ਼ਾ ਹੋਈ ਹੈ।
ਇਸ ਮਾਮਲੇ ਵਿੱਚ ਜਿੱਥੇ ਮੀਡੀਆ ਦੇ ਯਤਨਾਂ ਰਾਹੀਂ ਭਾਰਤ ਸਰਕਾਰ , ਕੁਝ ਜਥੇਬੰਦੀਆਂ ਅਤੇ ਇਨਸਾਨੀ ਕਦਰਾਂ- ਕੀਮਤਾਂ ਤੇ ਪਹਿਰਾ ਦੇਣ ਵਾਲੇ ਲੋਕ ਇਹਨਾ ਨੌਜਵਾਨਾਂ ਨੂੰ ਬਚਾਉਣ ਲਈ ਅੱਗੇ ਆਏ ਹਨ ਉੇੱਥੇ ਕੁਝ ਵਿਅਕਤੀ ਰਾਜਸੀ ਲਾਹਾ ਲੈਣ ਲਈ ਬਿਆਨਬਾਜ਼ੀ ਕਰਕੇ ਅਫਵਾਹਾਂ ਦਾ ਬਾਜ਼ਾਰ ਗਰਮ ਕਰ ਰਹੇ ਹਨ।
ਹਰਿਆਣੇ ਦੇ ਕੈਥਲ ਜਿ਼ਲ੍ਹੇ ਦੇ ਜਗਦੀਸ਼ ਪੁਰਾ ਪਿੰਡ ਦੇ ਤਰਨਜੀਤ ਸਿੰਘ ਦੇ ਮਾਪੇ ਉਸਦੀ ਮੁਲਾਕਾਤ ਕਰਨ ਮਗਰੋਂ ਦੁਬਈ ਦੇ ਪੰਜ ਤਾਰਾ ਹੋਟਲ ‘ਦ ਗਰੈਡ ਦੁਬਈ’ ਵਿੱਚ ਹੋਟਲ ਦੇ ਚੇਅਰਮੈਨ ਦੇ ਕਮਰੇ ਵਿੱਚ ਸਾਨੂੰ ਮਿਲਦੇ ਹਨ ।
ਤਰਨਜੀਤ ਦੀ ਮਾਤਾ ਦੀਆਂ ਅੱਖਾਂ ਵਿੱਚੋਂ ਡਿੱਗਦੇ ਅੱਥਰੂ ਚੁੰਨੀ ਪੱਲੇ ਨੂੰ ਗਿੱਲਾ ਕਰਦੇ ਹਨ ਅਤੇ ਪਿਤਾ ਬਲਬੀਰ ਸਿੰਘ ਦੇ ਹੰਝੂ ਉਸਦੀ ਧੋਲੀ ਦਾਹੜੀ ਉਪਰ ਆ ਕੇ ਘਾਹ ਤੇ ਪਈ ਤਰੇਲ ਦੀ ਬੂੰਦ ਵਾਂਗ ਥੋੜੀ ਜਿਹੀ ਚਾਨਣ ਦੀ ਥੋੜੀ ਜਿਹੀ ਲਿਸ਼ਕ ਦਿਖਾਉਂਦੇ ਹਨ। ਦੋਵੇ ਇੱਕ ਸੁਰ ਹੋ ਕੇ ਦੱਸਦੇ ਹਨ , “ ਸਾਡੇ ਕੋਲ ਦਾ ਇੱਕ ਹਫਤਾ ਪਹਿਲਾ ਪਾਸ ( ਪਾਸਪੋਰਟ ) ਵੀ ਨਹੀਂ , ਅਸੀਂ ਆਪਣੇ ਪੁੱਤਰ ਨੂੰ ਮਿਲਣ ਦੀ ਉਮੀਦ ਛੱਡੀ ਬੈਠੇ ਸੀ , ਭਲਾ ਹੋਵੇ ਇਸ ਸਰਦਾਰ ਜੀ ਦਾ ਜਿਹਨਾ ਸਾਡੇ ਬੱਚਿਆਂ ਨਾਲ ਮੇਲ ਕਰਵਾਏ। ”
ਇਸ ਲਗਜ਼ਰੀ ਹੋਟਲ ਦੇ ਮਾਲਕ ਐਸ ਪੀ ਸਿੰਘ ਉਬਰਾਏ ਨੇ ਫਾਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਸਾਰੇ ਪੰਜਾਬੀਆਂ ਦੇ ਮੁੰਡਿਆਂ ਦੇ ਮਾਪਿਆ ਨੂੰ ਪੰਜਾਬ ਤੋਂ ਆਪਣੇ ਖਰਚੇ ਉਪਰ ਦੁਬਈ ਬੁਲਾ ਕੇ ਹੋਟਲ ਵਿੱਚ ਰੱਖਿਆ ਅਤੇ ਆਪਣਾ ਰਸੂਖ ਵਰਤ ਕੇ ਭਾਰਤੀ ਦੂਤਾਵਾਸ ਦੇ ਸਹਿਯੋਗ ਨਾਲ ਮੁੰਡਿਆ ਦੀਆਂ ਆਪਣੇ ਸਕੇ ਸਬੰਧੀਆਂ ਨਾਲ ਮੁਲਾਕਾਤਾਂ ਕਰਵਾਈਆਂ ।
ਹੁਣ ਮਾਪਿਆਂ ਨੂੰ ਥੋੜਾ ਜਿਹੀ ਆਸ ਬੁੱਝੀ ਹੈ। ਇਸ ਸਬੰਧੀ ਥੋੜਾ ਖੁਸੀ ਭਰੇ ਰੌਅ ਵਿੱਚ ਤਰਨਜੀਤ ਦੇ ਪਿਤਾ ਜੀ ਦੱਸਦੇ ਹਨ, “ ਬੱਚਿਆਂ ਨੂੰ ਦੇਖ ਕੇ ਸਾਨੂੰ ਯਕੀਨ ਹੋ ਗਿਆ ਕਿ ਸਾਡੇ ਬੱਚੇ ਹੁਣ ਸਹੀ ਸਲਾਮਤ ਘਰਾਂ ਨੂੰ ਪਰਤ ਸਕਣਗੇ, ਅਸੀਂ ਇੰਡੀਆ ਵਿੱਚ ਉਹਨਾਂ ਦੀ ਚਿੰਤਾ ਵਿੱਚ ਬੈਠੇ ਕਮਜ਼ੋਰ ਹੋ ਗਏ ਪਰ ਸਾਡੇ ਬੱਚੇ ਜੇ਼ਲ੍ਹ ਵਿੱਚ ਤੰਦਰੁਸਤ ਨਜ਼ਰ ਆਉਂਦੇ ਹਨ। ” ਸਾਰਜਾਹ ਦੀ ਸ਼ਰੀਆ ਅਦਾਲਤ ਵਿੱਚ ਚੱਲ ਅਪਰਾਧਿਕ ਮਾਮਲੇ 2009/ 462 ਮੁਤਾਬਿਕ ਸ਼ਰਾਬ ਦੇ ਗੈਰ ਕਾਨੂੰਨੀ ਕਾਰੋਬਾਰ ਨਾਲ ਜੁੜੇ ਇੱਕ ਧੜੇ ਦੀ ਦੂਜੇ ਧੜੇ ਦੇ ਦੱਖਣ ਭਾਰਤੀ ਵਿਅਕਤੀ ਰਾਜੂ ਗੰਗਾ ਰਾਮ ਨਾਲ ਤਕਰਾਰ ਹੋਈ ਸੀ । ਪਹਿਲੇ ਧੜੇ ਦੇ ਬੰਦੇ ਰਾਜੂ ਦੀ ਕੁੱਟਮਾਰ ਕਰ ਰਹੇ ਸਨ । ਆਪਣੇ ਬਚਾਅ ਲਈ ਰਾਜੂ ਨੇੜੇ ਪਾਕਿਸਤਾਨੀਆਂ ਦੇ ਕੈਂਪ ਵਿੱਚ ਚਲਾ ਗਿਆ । ਉਹ ਵੀ ਗੈਰ ਕਾਨੂੰਨੀ ਸ਼ਰਾਬ ਦਾ ਕਾਰੋਬਾਰ ਕਰਦੇ ਸਨ । ਰਾਜੂ ਦੀ ਹਮਾਇਤ ਵਿੱਚ ਆਏ ਪਾਕਿਸਤਾਨੀ ਨਾਗਰਿਕਾਂ ਵਿੱਚੋਂ ਮਿਸਰੀ ਖਾਨ ਦੇ ਗੰਭੀਰ ਸੱਟਾਂ ਲੱਗਣ ਕਾਰਨ ਮੌਤ ਹੋ ਗਈ , ਜਦਕਿ ਰਾਜੂ ਸਮੇਤ ਮੁਸ਼ਤਾਕ ਅਹਿਮਦ , ਸ਼ਾਹਿਦ ਇਕਬਾਲ , ਮਹੁੰਮਦ ਨਵਾਜ ਨਾਜਿ਼ਰ ਜ਼ਖਮੀ ਹੋ ਗਏ ।
ਜ਼ਖਮੀ ਹੋਣ ਵਾਲਿਆਂ ਵਿੱਚ ਇੱਕ ਮੁ਼ਸ਼ਤਾਕ ਦਾ ਭਰਾ ਅਤੇ ਇੱਕ ਮਿਸਰੀ ਖਾਨ ਦਾ ਭਰਾ ਸੀ। ਜੋ ਦੋਵੇ ਗੈਰਕਾਨੂੰਨੀ ਤੌਰ ਦੇ ਹੋਣ ਕਾਰਨ ਅਤੇ ਸ਼ਰਾਬ ਵੇਚਣ ਦੀ ਜ਼ੁਰਮ ਵਜੋਂ ਹੋਣ ਵਾਲੀ ਸਜ਼ਾ ਤੋਂ ਡਰਦੇ ਹੋਏ ਪਾਕਿਸਤਾਨ ਪਰਤ ਗਏ ਇੱਥੇ ਇਹ ਕਾਨੂੰਨ ਹੈ ਕਿ ਯੂ ਏ ਈ ਵਿੱਚੋ ਕੈਂਸਲ ਹੋ ਗਏ ਵਿਅਕਤੀ ਨੂੰ ਕਿਸੇ ਵੀ ਕੀਮਤ ਦੁਬਾਰਾ ਮੁਲਕ ਵਿੱਚ ਦਾਖਲਾ ਨਹੀਂ ਮਿਲਦਾ । ਜਦਕਿ ਲੜਾਈ ਦੇ ਮੁੱਖ ਸੂਤਰਧਾਰ ਰਾਜੂ ਬਾਰੇ ਕੋਈ ਖੁਪਤਾ ਸਬੂਤ ਨਹੀਂ ।
ਪੁਲੀਸ ਨੇ ਇਸ ਕੇਸ ਸਬੰਧੀ ਛਾਣਬੀਣ ਕਰਕੇ ਇਸ ਕੇਸ ਵਿੱਚ 17 ਨੌਜਵਾਨਾਂ ਰਾਜਿੰਦਰ ਸਿੰਘ, ਕੁਲਵਿੰਦਰ ਸਿੰਘ , ਸੁਖਜੋਤ ਸਿੰਘ, ਕੁਲਦੀਪ ਸਿੰਘ, ਤਰਨਜੀਤ ਸਿੰਘ , ਨਵਜੋਤ ਸਿੰਘ, ਰਾਮ ਸਿੰਘ , ਸਤਿਨਾਮ ਸਿੰਘ, ਕਸਮ਼ੀਰ ਸਿੰਘ, ਧਰਮਪਾਲ ਸਿੰਘ, ਬਲਜੀਤ ਸਿੰਘ, ਸਤਿਗੁਰ ਸਿੰਘ, ਸੁਖਜਿੰਦਰ ਸਿੰਘ, ਸੱਜਣ , ਅਰਵਿੰਦਰ ਸਿੰਘ ਅਤੇ ਦਲਜੀਤ ਸਿੰਘ ਖਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ।
ਅਦਾਲਤ ਨੇ ਇਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ । ਅਰਬੀ ਦਾ ਗਿਆਨ ਨਾ ਹੋਣ ਕਾਰਨ ਇਹ ਨੌਜਵਾਨ ਆਪਣਾ ਪੱਖ ਅਦਾਲਤ ਕੋਲ ਪੇਸ਼ ਨਾ ਕਰ ਸਕੇ । ਬੇ਼ਸੱਕ 29 ਸਤੰਬਰ ਹਾਈਕੋਰਟ ਦੀ ਪੇਸ਼ੀ ਦੀ ਤਰ੍ਹਾਂ ਇਸ ਕੇਸ਼ ਦਾ ਪੀੜਤ ਅਤੇ ਚਸ਼ਮਦੀਦ ਗਵਾਹ ਮੁਸ਼ਤਾਕ ਅਹਿਮਦ ਵਾਰ –ਵਾਰ ਉਪਰੋਕਤ ਮੁੰਡਿਆਂ ਦੀ ਬਤੌਰ ਹਮਲਾਵਰ ਸਨਾਖਤ ਕਰਨ ਤੋਂ ਇਨਕਾਰ ਕਰ ਚੁੱਕਾ ਹੈ। ਉਸਦਾ ਕਹਿਣਾ ਹੈ ਕਿ ਹਮਲਵਾਰ 30-35 ਵਿਅਕਤੀ ਸਨ ਅਤੇ ਹੱਥਾਂ ਵਿੱਚ ਤੇਜ ਧਾਰ ਹਥਿਆਰ, ਰਾਡ ਅਤੇ ਡੰਡੇ ਫੜੇ ਹੋਏ ਸਨ , ਪਰੰਤੂ ਉਸਨੂੰ ਕਿਸੇ ਵੀ ਪਛਾਣ ਨਹੀਂ ਕਿ ਹਮਲਾਵਰ ਇਹ ਹੀ ਹਨ ਜਾਂ ਕੋਈ ਹੋਰ ਸਨ ਪਰ ਉਹ ਇਹ ਜਰੂਰ ਦਾਅਵਾ ਕਰਦਾ ਕਿ ਕਾਤਲ ਪੰਜਾਬੀ ( ਭਾਰਤੀ ) ਸਨ । ਹੁਣ ਮਾਮਲਾ ਪੁਲੀਸ, ਫਾਰੈਸਿ਼ਕ ਮਾਹਿਰਾਂ ਅਤੇ ਹੋਰ ਸਬੂਤਾਂ ਉਪਰ ਜਿਰਾਹ ਕਰਕੇ ਕਿਸੇ ਪਾਸੇ ਲੱਗੇਗਾ।
ਮੀਡੀਆ ਵਿੱਚ ਖ਼ਬਰ ਨਸ਼ਰ ਹੋਣ ਮਗਰੋਂ ਜਦੋਂ ਕਈ ਤਰ੍ਹਾਂ ਦੇ ਪ੍ਰਤੀਕਰਮ ਸਾਹਮਣੇ ਆਏ। ਜਿੱਥੇ ਸਮਾਜ ਸੇਵੀ ਸੰਸਥਾਵਾਂ, ਇੰਡੀਅਨ ਪੰਜਾਬੀ ਸੁਸਾਇਟੀ ( ਯੂਏਈ), ਸਿੰਘ ਸਭਾ ਸੁਸਾਇਟੀ ( ਸਾਰਜਾਹ ) ਸਮੇਤ ਦੁਨੀਆ ਭਰ ਹਮਦਰਦਾਂ ਦਾ ਇਸ ਪਾਸੇ ਯਤਨ ਆਰੰਭੇ ਉੱਥੇ ਸਿਆਸਤਦਾਨਾਂ ਦੇ ਆਪਣੇ ਮਾਮਲੇ ਨੂੰ ਲਾਹਾ ਲੈਣ ਦੀ ਕੋਸਿ਼ਸ਼ਾਂ ਕੀਤੀਆ।
ਦੁਬਈ ਸਥਿਤ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਵੱਲੋਂ ਹਰ ਹਫ਼ਤੇ ਜੇਲ੍ਹ ਵਿੱਚ ਨਜ਼ਰਬੰਦ ਮੁੰਡਿਆਂ ਦੀ ਮੁਲਾਕਾਤ ਕੀਤੀ ਜਾਂਦੀ ਹੈ।
ਦੁਬਈ ਦੀਆਂ ਜੇਲ੍ਹਾਂ ਵਿੱਚ 60 ਤੋਂ ਜਿ਼ਆਦਾ ਵਿਅਕਤੀ ਕਤਲ ਕੇਸ਼ਾਂ ਦੇ ਦੋਸ਼ਾਂ ਦਾ ਸਾਹਮਣਾ ਕਰਦੇ ਹੋਏ ਮੁਕੱਦਮਾ ਲੜ ਰਹੇ ਹਨ ਅਤੇ 32 ਵਿਅਕਤੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ।
ਪੱਤਰਕਾਰ ਖੀਵਾ ਮਾਹੀ ਸਪਸੱਟ ਕਰਦੇ ਹਨ ਕੁਝ ਸੰਸਥਾਵਾਂ ਮੁੰਡਿਆਂ ਦੇ ਕੇਸਾਂ ਦੀ ਪੈਰਵੀ ਕਰ ਰਹੀਆਂ ਹਨ ਪਰ ਕੁਝ ਲੋਕ ਬਿਆਨਬਾਜ਼ੀ ਕਰਕੇ ਮਾਮਲੇ ਨੂੰ ਹੋਰ ਦਿਸ਼ਾ ਵੱਲ ਮੋੜਨ ਦੀ ਕੋਸਿ਼ਸ਼ ਕਰ ਰਹੇ ਹਨ। ਅਜਿਹਾ ਇੱਕ ਹੀ ਮਾਮਲਾ ਨਹੀਂ ਬਲਕਿ ਬਹੁਤ ਸਾਰੇ ਮਾਮਲੇ ਹਨ । ਸ਼ਰਾਬ ਵੇਚਣ ਵਾਲੇ ਦੋ ਗੁੱਟਾਂ ਵਿੱਚ ਲੜਾਈਆਂ ਹੁੰਦੀਆਂ ਹਨ । ਛੁਰਤੇ ( ਸਿਪਾਹੀ) ਆਉਂਦੇ ਹਨ ਤੇ ਮੁੰਡੇ ਫੜੇ ਜਾਂਦੇ ਹਨ । ਇੱਥੇ ਮੌਤ ਦਾ ਬਦਲਾ ਮੌਤ ਹੈ। ਪਰ ਹਾਲੇ ਤੱਕ ਸ਼ਰਾਬ ਦੀ ਤਸਕਰੀ ਕਰਨ ਵਾਲਿਆਂ ਦੇ ਸਰਗਨੇ ਚਿਹਰੇ ਬੇਨਕਾਬ ਨਹੀ ਹੋ ਸਕੇ।
ਸੂਤਰ ਦੱਸਦੇ ਹਨ ਕਿ ਲੇਬਰ ਕੈਪਾਂ ਵਿੱਚ ਇੱਥੇ ਮਲਬਾਰੀ ( ਕੇਰਲਾ ਵਾਸੀ ) ਪਾਕਿਸਤਾਨੀ ਅਤੇ ਸਰਦਾਰ ਸ਼ਰਾਬ ਦਾ ਕਾਰੋਬਾਰ ਕਰਦੇ ਹਨ। ਇੱਕ ਮਜਦੂਰ ਲਈ ਸ਼ਰਾਬ ਪੀਣੀ ਗੈਰ ਕਾਨੂੰਨੀ ਹੈ ਉਹਦੇ ਰੁਜ਼ਗਾਰ ਵਸੀਲੇ ਉਨੇ ਨਹੀਂ ਹੁੰਦੇ ਕਿ ਉਹ ਰੋਜ਼ਾਨਾ ਸ਼ਰਾਬ ਪੀ ਸਕੇ । ਦੁਬਈ ਅਤੇ ਸ਼ਾਰਜਾਹ ਵਿੱਚ ਕੋਈ ਠੇਕਾ ਨਹੀਂ । ਸਾਰਜਾਹ ਤੋਂ 10 ਮਿੰਟ ਦੀ ਦੂਰੀ ਤੇ ਅਜਮਾਨ ਤੋਂ ਸ਼ਰਾਬ ਮਿਲਦੀ ਹੈ। ਜਦਕਿ ਗੈਰ ਕਾਨੂੰਨੀ ਢੰਗ ਨਾਲ ਹਰ ਥਾਂ ਸ਼ਰਾਬ ਦੀ ਹੋਮ ਡਿਲਵਰੀ ਹੁੰਦੀ ਹੈ।
ਆਪਣੇ ਪਾਕਿਸਤਾਨੀ ਪਤੀ ਦੇ ਕਤਲ ਦੋਸ਼ ਵਿੱਚ ਇੱਕ ਪੰਜਾਬਣ ਕੁੜੀ ਨੂੰ 25 ਸਾਲ ਦੀ ਸਜ਼ਾ , ਉਸਦੇ ਦੋਸਤ ਨੂੰ ਫਾਸੀ
ਯੂ ਏ ਈ ਵਿੱਚ ਇੱਕ ਸਿੱਖ ਪਰਿਵਾਰ ਦੀ ਕੁੜੀ ਨੇ ਪਾਕਿਸਤਾਨੀ ਨਾਗਰਿਕ ਨਾਲ ਵਿਆਹ ਕਰਵਾਕੇ ਆਪਣਾ ਨਾਂਮ ਸਨਾ ਮੁਹੰਮਦ ਰੱਖ ਲਿਆ । ਸਿੱਖ ਕੁੜੀ ਦਾ ਕਿਸੇ ਹੋਰ ਮੁਲਕ ਦੇ ਮੁਸਲਿਮ ਮੁੰਡੇ ਨਾਲ ਵਿਆਹ ਕਰਵਾਉਣ ਕਾਰਨ ਨਮੋਸ਼ੀ ਝੱਲਦੇ ਹੋਏ ਕੁੜੀ ਦੇ ਮਾਪੇ ਆਪਣਾ ਬਿਜਨਸ਼ ਸਮੇਟ ਕੇ ਭਾਰਤ ਪਰਤ ਆਏ। ਸਨਾ ਮੁਹੰਮਦ ਜਦੋਂ ਆਪਣੇ ਪਤੀ ਮੁਹੰਮਦ ਅਮੀਰ ਅੱਲਾ ਨਾਲ ਆਪਣੇ ਸਹੁਰੇ ਪਿੰਡ ਗਈ ਤਾਂ ਉਸਨੂੰ ਪਤਾ ਲੱਗਿਆ ਕਿ ਉਹਦਾ ਪਤੀ ਪਹਿਲਾਂ ਹੀ ਸ਼ਾਦੀਸੁ਼ਦਾ ਹੈ।
ਸੂਤਰਾਂ ਮੁਤਾਬਿਕ ਸਾਰਜਾਹ ਵਾਪਸ ਪਰਤ ਲੈ ਕੇ ਸਨਾ ਮੁਹੰਮਦ ਨੇ ਆਪਣੇ ਪਤੀ ਨੂੰ ਟਿਕਾਣੇ ਲਾਉਣ ਲਈ ਜਲੰਧਰ ਜਿ਼ਲੇ ਨਿੱਝਰਾਂ ਪਿੰਡ ਦੇ ਦੁਬਈ ਰਹਿੰਦੇ ਰਾਜਵੀਰ ਸਿੰਘ ਨੂੰ ਆਪਣੀ ਇੱਜ਼ਤ / ਅਣਖ / ਕੌਮ ਅਤੇ ਪਿਆਰ ਦਾ ਵਾਸਤਾ ਪਾ ਕੇ ਆਪਣੇ ਨਾਲ ਰਲਾ ਲਿਆ ।
ਅਣਪਛਾਤੀ ਲਾਸ਼ ਦੀ ਤਫਤੀਸ਼ ਵਿੱਚ ਲੱਗੀ ਪੁਲੀਸ ਨੂੰ ਉਦੋਂ ਸਫ਼ਲਤਾ ਮਿਲੀ ਜਦੋਂ ਸਨਾ ਮਹੁੰਮਦ ਆਪਣੀ ਕਾਰ ਵਾਸ਼ ਕਰਵਾਉਣ ਗਈ । ਗੱਡੀ ਦੀ ਡਿੱਗੀ ਵਿੱਚ ਖੂਨ ਦੇ ਨਿਸ਼ਾਨ ਹੋਣ ਕਾਰਨ ਸਰਵਿਸ ਸਟੇਸ਼ਨ ਵਾਲਿਆਂ ਨੇ ਪੁਲੀਸ ਨੂੰ ਸੂਚਿਤ ਕੀਤਾ ਤਾਂ ਸੀਆਈਡੀ ਨੇ ਕਾਰਵਾਈ ਕਰਦੇ ਹੋਏ ਸਨਾ ਨਾਲ ਇਕਰਾਰ ਕੀਤਾ ਕਿ ਉਹ ਰਾਜਵੀਰ ਸਿੰਘ ਨੂੰ ਗ੍ਰਿਫ਼ਤਾਰ ਕਰਵਾ ਦੇਵੇ ਤਾਂ ਉਹਦਾ ਬਚਾਅ ਹੋ ਜਾਵੇਗਾ । ਸਨਾ ਮੁਹੰਮਦ ਨੇ ਕਬੂਲ ਕੀਤਾ ਕਿ ਉਸਦੇ ਪਤੀ ਦਾ ਕਤਲ ਰਾਜਬੀਰ ਸਿੰਘ ਦੀ ਸਹਾਇਤਾ ਨਾਲ ਕੀਤਾ ਹੈ ।
ਦੋਸ਼ ਆਇਦ ਮੁਤਾਬਿਕ ਉਸਦੇ ਪਤੀ ਮੁਹੰਮਦ ਅਮੀਰ ਦਾ ਕਤਲ ਕਰਕੇ ਰਾਜਬੀਰ ਸਿੰਘ ਭਾਰਤ ਆ ਗਿਆ। ਪੁਲੀਸ ਨੇ ਸਨਾ ਦਾ ਫੌਨ ਚਾਲੂ ਰੱਖ ਕੇ ਰਾਜਬੀਰ ਨਾਲ ਰਾਬਤਾ ਕਾਇਮ ਕਰਵਾਇਆ । ਸਨਾ ਦੀ ਗੱਲਾਂ ਵਿੱਚ ਆ ਕੇ ਰਾਜਬੀਰ ਜਿਉਂ ਹੀ ਦੋਬਾਰਾ ਸਾਰਜਾਹ ਏਅਰਪੋਰਟ ਪਹੁੰਚਿਆ ਪੁਲੀਸ ਨੇ ਮੌਕੇ ਤੇ ਗ੍ਰਿਫ਼ਤਾਰ ਕਰ ਲਿਆ। 23 ਮਾਰਚ 2010 ਨੂੰ ਸਥਾਨਕ ਅਦਾਲਤ ਨੇ ਉਸਨੂੰ ਫਾਸੀ ਦੀ ਸਜ਼ਾ ਸੁਣਾਈ ਹੈ ਜਦਕਿ ਸਨਾ ਮਹੁੰਮਦ ਨੂੰ 25 ਸਾਲ ਕੈਦ ਦਾ ਹੁਕਮ ਦਿੱਤਾ।
ਇਸ ਫੈਸਲੇ ਖਿਲਾਫ਼ ਅਦਾਲਤ ਵਿੱਚ ਅਪੀਲ ਕੀਤੀ ਹੋਈ ਹੈ। ਬੇਸ਼ੱਕ 29 ਸਤੰਬਰ ਨੂੰ ਸੁਣਵਾਈ ਪਰੰਤੂ ਰਿਕਾਰਡ ਅਦਾਲਤ ਵਿੱਚ ਨਾ ਪਹੁੰਚਣ ਕਾਰਨ ਹਾਲ ਦੀ ਘੜੀ ਮਾਮਲਾ ਲਟਕ ਰਿਹਾ। ਦੂਜੇ ਪਾਸੇ ਰਾਜਬੀਰ ਸਿੰਘ ਦਾ ਕਹਿਣਾ ਇਹ ਉਹ ਇਸ ਮਾਮਲੇ ਵਿੱਚ ਨਿਰਦੋਸ਼ ਹੈ ਪੁਲੀਸ ਨੇ ਗੱਡੀ ਉਪਰ ਮੇਰੀਆਂ ਉਂਗਲਾਂ ਦੇ ਨਿਸ਼ਾਨ ਦੇਖ ਕੇ ਮੈਨੂੰ ਦੋਸ਼ੀ ਬਣਾ ਦਿੱਤਾ । ਰਾਜਬੀਰ ਕਹਿੰਦਾ ਹੈ ਕਿ ਜੇਕਰ ਉਸਨੇ ਕਤਲ ਕੀਤਾ ਹੁੰਦਾ ਤਾਂ ਉਹ ਦੋਬਾਰਾ ਵਾਪਸ ਸ਼ਾਰਜਾਹ ਕਿਉ ਆਉਂਦਾ ?
ਇੱਕ ਹੋਰ ਪਾਕਿਸਤਾਨੀ ਵਿਅਕਤੀ ਦੇ ਕਤਲ ਵਿੱਚ 8 ਪੰਜਾਬੀ ਕੁਲਦੀਪ ਸਿੰਘ ਮੀਨੀਆਂ, ਰਸ਼ਵਿੰਦਰ ਸਿੰਗ ਤਖਾਣਬੱਧ, ਸਚਿਨ ਕੁਮਾਰ ਸ਼ਰਮਾਂ , ਰਾਕੇਸ਼ ਕੁਮਾਰ, ਸੁਖਪਾਲ ਸਿੰਘ , ਹਰਦੇਵ ਸਿੰਘ, ਚਰਨਜੀਤ ਸਿੰਘ ਅਤੇ ਅਮਰਜੀਤ ਕੁਮਾਰ ਨਾਮਜ਼ਦ ਹਨ ।
ਜਦਕਿ ਗੁਰਦਾਸਪੁਰ ਦੇ ਬਿਕਰਮਜੀਤ ਸਿੰਘ ਦੇ ਕਤਲ ਵਿੱਚ ਤਿੰਨ ਪੰਜਾਬੀ ਪਰਦੀਪ ਕੁਮਾਰ ਪੁੱਤਰ ਜੀਤ ਸਿੰਘ ਪਿੰਡ ਨਿਆਰਾ ( ਹੁਸਿ਼ਆਰਪੁਰ), ਕਸ਼ਮੀਰੀ ਲਾਲ ਪੁੱਤਰ ਗੁਰਦਿਆਲ ਰਾਮ ਪਿੰਡ ਭਾਗ ਸਿੰਘ ਪੁਰਾ ( ਨਵਾਂ ਸ਼ਹਿਰ ) ਅਤੇ ਤਰਲੋਚਨ ਸਿੰਘ ਪੁੱਤਰ ਸੁਰਿੰਦਰ ਸਿੰਘ ਪਿੰਡ ਸਖਰੌਲੀ ( ਗੜਸ਼ੰਕਰ ) ਨਾਮਜ਼ਦ ਹਨ।
ਸ਼ਰਾਬ ਅਤੇ ਸਰਦਾਰਾਂ ਤੇ ਵਿਅੰਗ ਕਰਦੇ ਟਰਾਂਸਪੋਰਟਰ ਬਲਜੀਤ ਗਿੱਲ ਕਹਿੰਦੇ ਹਨ , “ ਦੀਵਾਲੀ , ਦੁਸਹਿਰਾ ਅਤੇ ਫਿਰ ਈਦ ਬੇਸ਼ੱਕ ਤਿਉਹਾਰ ਕਿਸੇ ਵੀ ਕੌਮ ਦਾ ਹੋਵੇ ਪਰ ਇੱਥੇ ਦਾਰੂ ਪੀ ਕੇ ਖੁ਼ਸੀ ਮਨਾਉਣ ਦਾ ਕੰਮ ਸਰਦਾਰ ਹੀ ਕਰਦੇ ਹਨ। ”
ਆਬੂਧਾਬੀ ਦੇ ਇੱਕ ਲੇਬਰ ਕੈਂਪ ਵਿੱਚ ਜਾ ਦੇਖਿਆ ਜਿੱਥੇ ਲਗਭਗ 35000 ਮਜਦੂਰ ਰਹਿੰਦੇ ਹਨ ਜਦੋਂ ਸ਼ਰਾਬ ਬਾਰੇ ਪੁੱਛਿਆ ਤਾਂ ਕੁਝ ਵਿਅਕਤੀਆਂ ਸ਼ਰਾਬ ਨਾ ਮਿਲਣ ਦੀ ਗੱਲ ਆਖੀ ਪਰ ਇੱਕ ਮੁੱਛ ਫੁੱਟ ਗੱਭਰੂ ਨੇ ਸੱਚ ਬਿਆਨ ਹੀ ਦਿੱਤਾ ਕਿ ਤੁਸੀ ਆਪਣੇ ਮੋਬਾਈਲ ਫੋਨ ਤੋਂ ਸ਼ਰਾਬ ਆਰਡਰ ਕਰੋਂ ਅਗਲਾ ਕੈਂਪ ਦੀ ਕੰਧੋਂ ਪਾਰ ਬੋਤਲ ਪਹੁੰਚਦੀ ਕਰ ਦੇਵੇਗਾ। ਡਰਾਈ ਏਰੀਆ ਵਿੱਚ ਦਾਰੂ ਦੀ ਹੜ੍ਹ ਵਗਦਾ ਅਸੀਂ ਆਪ ਵੀ ਦੇਖਿਆ ।
32 ਸਾਲ ਤੋਂ ਇੱਥੇ ਰਹਿ ਕੇ ਆਪਣਾ ਕਾਰੋਬਾਰ ਸਥਾਪਤ ਕਰ ਚੁੱਕੇ ਜਸਵੀਰ ਸਿੰਘ ਖੀਵਾ ਸ਼ਰਾਬ ਦੀ ਤਸ਼ਕਰੀ ਨਾਲ ਜੁੜੀ ਸੱਚਾਈ ਬਿਆਨਦੇ ਦੱਸਦੇ ਹਨ , “ ਪੰਜਾਬ ਤੋਂ ਆਏ ਮੁੰਡਿਆ ਨੂੰ ਇਸ ਤਰ੍ਹਾਂ ਲੱਗਦਾ ਕਿ ਉੱਥੇ ਦਰਾਮਾਂ ਦੇ ਢੇਰ ਲੱਗੇ ਹੋਣੇ ਤੇ ਬੱਸ ਇਕੱਠੇ ਕਰਨੇ ਹੀ ਬਾਕੀ ਹਨ, ਪਰ ਇੱਥੇ ਜ਼ਮੀਨੀ ਸੱਚਾਈ ਕੁਝ ਹੋਰ, ਤੇਜ ਧੁੱਪ ਵਿੱਚ ਕੰਮ ਕਰਕੇ ਇੱਕ ਮਜਦੂਰ ਨੂੰ 1000-1200 ਦਰਾਮ ਮਹੀਨੇ ਵਿੱਚ ਮਸਾਂ ਮਿਲਦੇ ਜਿਸਦਾ ਭਾਰਤ ਵਿੱਚ 14-15 ਹਜ਼ਾਰ ਰੁਪਈਆ ਬਣਦਾ ਜਦਕਿ ਸ਼ਰਾਬ ਦੇ ਕਾਰੋਬਾਰ ਨਾਲ ਜੁੜੇ ਲੋਕੀ ਸਾਰੇ ਦਿਨ ਵਿਹਲੇ ਰਹਿ ਕੇ ਕਿਤੇ ਜਿ਼ਆਦਾ ਪੈਸੇ ਕਮਾ ਲੈਂਦੇ । ਵਿਹਲੇ ਰਹਿ ਕੇ ਚੰਗਾ ਚੌਖਾ ਖਾਣ ਦੇ ਚੱਕਰ ਫਸੇ ਮੁੰਡੇ ਫਿਰ ਜੇਲ੍ਹਾਂ ਦੇ ਚੱਕਰਾਂ ਜੋਗੇ ਰਹਿ ਜਾਂਦੇ ਹਨ,
ਖੀਵਾ ਦੱਸਦੇ ਹਨ ਕਿ ਹਾਲੇ ਤੱਕ ਇਹ ਰਾਹਤ ਭਰੀ ਖ਼ਬਰ ਹੈ ਕਿ ਕੋਈ ਵੀ ਪੰਜਾਬੀ ਕਦੇ ਬਲਾਤਕਾਰ ਜਾਂ ਚੋਰੀ ਦੇ ਕੇਸ ਵਿੱਚ ਇੱਥੇ ਗ੍ਰਿ਼ਫ਼ਤਾਰ ਨਹੀਂ ਜਿਸ ਕਰਕੇ ਵਤਨੀ ਲੋਕ ਸਾਡੀ ਇੱਜ਼ਤ ਵੀ ਕਰਦੇ ਹਨ। ”
ਨਨਕਾਣਾ ਟਰਾਂਸਪੋਰਟ ਦੇ ਜਗਵਿੰਦਰ ਚਾਹਲ ਦਾ ਮੰਨਣਾ ਹੈ ਕਿ ਜੇਕਰ ਇਸ ਤਰ੍ਹਾਂ ਵੀ ਪੰਜਾਬੀ ਮੁੰਡਿਆਂ ਦੀ ਕਤਲਾਂ ਦੇ ਕੇਸਾਂ ਵਿੱਚ ਸਮੂਲੀਅਤ ਹੁੰਦੀ ਰਹੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਰਕਾਰ ਪੰਜਾਬੀਆਂ ਦੇ ਦਾਖਲੇ ਪਾਬੰਦੀ ਲਾ ਦੇਵੇਗੀ । ਬਾਕੀ ਸਾਰੇ ਮੁੰਡੇ ਸ਼ਰਾਬ ਦੀ ਸਮਗਲਿੰਗ ਕਰਨ ਵਾਲੇ ਵੀ ਨਹੀਂ ਕਈ ਵਾਰ ਆਟੇ ਨਾ ਪਲੇਥਣ ਐਂਵੇ ਹੀ ਲੱਗ ਜਾਂਦਾ । ਜਿੰਨ੍ਹਾਂ ਲੋਕਾਂ ਦਾ ਅੱਜ ਕਾਰੋਬਾਰ ਸਫਲ ਹੋਇਆ ਉਹ ਸਖ਼ਤ ਮਿਹਨਤਾਂ ਕਰਕੇ ਹੀ ਹੋਇਆ ।
ਸਿੱਖਸ ਫਾਰ ਜਸਟਿਸ ਦੀ ਯੂਏਈ ਇਕਾਈ ਦੇ ਆਗੂ ਬਲਜੀਤ ਸਿੰਘ ਖਾਲਸਾ ਨੇ ਕਿਹਾ ਅਸੀਂ ਇਹਨਾਂ ਮਾਮਲਿਆ ਦੀ ਪੈਰਵੀ ਕੀਤੀ ਹੈ। ਪਹਿਲਾ ਸੋਚਿਆ ਦੀ ਬਲੱਡ ਮਨੀ ਦੇ ਮਾਮਲਾ ਨਿਬੇੜ ਜਾਵੇ , ਪਰ ਕੁਝ ਸਿਆਸੀ ਲੋਕ ਇਸ ਨੂੰ ਕਮਾਈ ਦਾ ਸਾਧਨ ਬਣਾ ਕੇ ਪਾਕਿਸਤਾਨੀ ਪੀੜਤ ਪਰਿਵਾਰ ਨੂੰ ਗੁੰਮਰਾਹ ਕਰ ਗਏ ।
ਪਤਾ ਲੱਗਾ ਹੈ ਕਿ ਇਸ ਮਾਮਲੇ ਵਿੱਚ ਬਲੱਡ ਮਨੀ ਲੈ ਕੇ ਸਮਝੌਤਾ ਕਰਵਾਉਣ ਬਦਲੇ ਪਾਕਿਸਤਾਨੀ ਮੂਲ ਦੇ ਇੱਕ ਵਿਅਕਤੀ ਨੇ 4000 ਲੱਖ ਦਰਾਂਮ ਆਪਣੇ ਲਈ ਮੰਗੇ ਸਨ ।
ਬੇਸੱਕ ਮਾੜੇ ਅਤੇ ਚੰਗੇ ਪਹਿਲੂ ਨਜ਼ਰ ਅੰਦਾਜ਼ ਕਰਦੇ ਹੋਏ ਹੁਣ ਦੇਖਣਾ ਇਹ ਹੈ ਕਿ ਪੰਜਾਬੀ ਭਾਈਚਾਰਾ ਅਰਬ ਦੇਸ਼ਾਂ ਵਿੱਚ ਪਹਿਲਾਂ ਵਾਂਲੀ ਸ਼ਾਨ ਬਰਕਰਾਰ ਰੱਖ ਸਕੇਗਾ।
Subscribe to:
Post Comments (Atom)
No comments:
Post a Comment