ਪਾਇਰੇਸੀ ਨੇ ਪੰਜਾਬੀ ਸੰਗੀਤ ਸਨਅਤ ਨੂੰ ਖੂੰਜੇ ਲਾਇਆ
ਸੁਖਨੈਬ ਸਿੰਘ ਸਿੱਧੂ
ਮਾਨਸਿਕ ਸਕੂਨ ਤੋਂ ਸਨਅਤ ਦਾ ਰੂਪ ਧਾਰ ਚੁੱਕੀ ਗਾਇਣ ਕਲਾ ਉੱਤੇ ਹੁਣ ਪਾਇਰੇਸੀ (ਨਕਲੀ )ਦਾ ਗ੍ਰਹਿਣ ਲੱਗ ਗਿਆ ਹੈ। ਗਾਇਕਾਂ ਅਤੇ ਸੰਗੀਤ ਕੰਪਨੀਆਂ ਵੱਲੋਂ ਲੱਖਾਂ ਰੁਪਏ ਲਾ ਕੇ ਤਿਆਰ ਕੀਤੀਆਂ ਆਡਿਓ / ਵੀਡਿਓ ਟੇਪਾਂ ਨਕਲੀ ਸੀ ਡੀ ਤਿਆਰ ਵਾਲਿਆਂ ਲਈ ਵਰਦਾਨ ਹਨ ਪ੍ਰੰਤੂ ਕੰਪਨੀ ਮਾਲਕਾਂ ਲਈ ਇਹ ਆਪਣੇ ਪੈਰ ਕੁਹਾੜਾ ਮਾਰਨ ਵਾਲੀ ਗੱਲ ਹੈ । 100 ਤੋਂ 125 ਗੀਤਾਂ ਦੇ ਐਮ ਪੀ 3 ਸੀ ਡੀ ਦੀ ਨਕਲੀ ਕਾਪੀ 10 ਤੋਂ 15 ਰੁਪਏ ਵਿੱਚ ਰੇਹੜੀ ਲੈ ਕੇ ਮਿਊਜਿ਼ਕ ਸ਼ਾਪ ਤੱਕ ਆਮ ਮਿਲ ਰਹੀ ਹੈ। ਬੇਸੱ਼ਕ ਸਾਡੇ ਦੇਸ਼ ਵਿੱਚ ਅਸ਼ਲੀਲ ਸਾਹਿਤ, ਅਸ਼ਲੀਲ ਫਿਲਮਾਂ ਤੇ ਵੀ ਪੂਰਨ ਪਾਬੰਦੀ ਹੈ ਪ੍ਰੰਤੁ ਬਲਿਊ ਫਿਲਮਾਂ ਦੇ ਪਿੰਟ ‘ਗਰਮ ਮੂੰਗਫਲੀ , ਕੁਰਕਰੇ’ ਦਾ ਗੁਪਤ ਨਾਵਾਂ ਨਾ ਆਮ ਮਿਲ/ ਵਿਕ ਰਹੇ ਹਨ ।
ਨਕਲੀ ਟੇਪਾਂ ਦਾ ਸਿਲਸਿਲਾ ਸਿਰਫ਼ ਸੀ ਡੀ ਯੁੱਗ ਆਉਣ ਨਾਲ ਸ਼ੁਰੂ ਨਹੀਂ ਹੋਇਆ ਬਲਕਿ ਇਹ ਤਾਂ ਉਦੋਂ ਦਾ ਚੱਲ ਰਿਹਾ ਜਦੋਂ ਤੋਂ ਸੰਗੀਤ ਜਗਤ ਵਿੱਚ ਪੱਕੇ ਪੈਰੀ ਸਥਾਪਤ ਐਚ ਐਮ ਵੀ ਕੰਪਨੀ ਵੱਲੋਂ ਤਵਿਆਂ ਦੇ ਯੁੱਗ ਨੂੰ ਅਲਵਿਦਾ ਆਖ ਕੇ ‘ਗੀਤਾਂ ਦੀਆਂ ਰੀਲਾਂ ’(ਕੈਸੇਟ) ਦੀ ਸ਼ੁਰੂਆਤ ਕੀਤੀ ਗਈ । ਉਦੋਂ ਤੋਂ ਪਾਇਰੇਟਰਾਂ ਨੇ ਆਪਣੇ ਹੱਥ ਦਿਖਾਉਣੇ ਸ਼ੁਰੂ ਕਰ ਦਿੱਤੇ , ਆਡਿਓ ਮਾਰਕੀਟ ਵਿਚ ਸਥਾਪਿਤ ਹੋ ਚੁੱਕੀਆਂ ਕਈ ਕੰਪਨੀਆਂ ਵੱਲੋਂ ਆਪਣੀ ਸੁਰੂਆਤ ਐਚ ਐਮ ਵੀ ਉਰਫ ਕੁੱਤਾ ਮਾਰਕਾ ( ਇਸ ਕੰਪਨੀ ਦਾ ਲੋਗੋ ਵਿਚ ਗ੍ਰਾਮੋਫੋਨ ਮੂਹਰੇ ਕੁੱਤੇ ਦੀ ਤਸਵੀਰ ਬਣੀ ਹੋਣ ਕਰਕੇ ਉਦੋਂ ਅਨਪੜ੍ਹ ਲੋਕੀ ‘ਕੁੱਤਾ ਮਾਰਕਾ ਜਾਂ ਕੁੱਤਾ ਕੰਪਨੀ’ ਕਰਕੇ ਹੀ ਜਾਣਦੇ ਸਨ ) ਵੱਲੋਂ ਰਿਲੀਜ਼ ਟੇਪਾਂ ਦੀਆਂ ਨਕਲੀ ਕਾਪੀਆਂ ਤਿਆਰ ਕੀਤੀ ਗਈ ਹੈ । ਆਪਣੇ ਫਰਜ਼ੀ ਮਾਰਅਕੇ ‘ਸੰਗੀਤ, ਸੰਗੀਤ ਮਹਿਲ ’ ਆਦਿ ਨਾਵਾਂ ਹੇਠ ਕਈ ਧਨਾਢ ਜਾਲਸਾਜ਼ ਲੰਬਾ ਸਮਾਂ ਇਹ ‘ਜੁਗਾੜ’ ਚਲਾਉਂਦੇ ਰਹੇ ਹਨ । ਕਿਉਂਕਿ ਉੱਕਤ ਕੰਪਨੀ ਦਾ ਮੁੱਖ ਦਫ਼ਤਰ ਕਲਕੱਤਾ ਅਤੇ ਖੇਤਰੀ ਦਫ਼ਤਰ ਦਿੱਲੀ ਸਥਿਤ ਹੋਣ ਕਰਕੇ ਉਹ ਪੰਜਾਬ ਵਿਚ ਨਕਲਚੀਆਂ ਦਾ ਕੁੱਝ ਨਹੀਂ ਵਿਗਾੜ ਸਕਦੇ ਸਨ । ਦੂਜਾ ਉਦੋਂ ਗਾਇਕਾਂ ਨੂੰ ਵੀ ਕਾਪੀ ਰਾਈਟ ਐਕਟ ਦਾ ਇਨ੍ਹਾਂ ਕਾਨੂੰਨਾਂ ਦਾ ਗਿਆਨ ਨਹੀਂ ਸੀ ਕਿਂ ਉਹ ਅਸਲੀ ਅਤੇ ਨਕਲੀ ਕੈਸੇਟ ਦੇ ਨਫ਼ੇ ਨੁਕਸਾਨ ਬਾਰੇ ਡੂੰਘਾਈ ਨਾਲ ਸੋਚ ਸਕਣ । ਇੱਕ ਅੰਦਾਜੇ ਮੁਤਾਬਿਕ ਕੰਪਨੀ ਵੱਲੋਂ ਰਿਲੀਜ਼ ਕੈਸੇਟ ਘੱਟ ਅਤੇ ਨਕਲੀ ਤਿਆਰ ਕੀਤੀਆਂ ਟੇਪਾਂ ਦੀ ਵਿਕਣ ਦੀ ਗਿਣਤੀ ਹਮੇਸਾ ਵੱਧ ਰਹੀ ਹੈ। ਕਾਰਨ ਇਹ ਵੀ ਸੀ ਕਿ ਉਦੋਂ ਕੈਸੇਟਾ ਦੇ ਰੇਟ ਮਹਿੰਗੀ ਹੁੰਦੇ ਸਨ । ਫਿਰ ਦਿੱਲੀ ਵਿੱਚ ਜੂਸ ਦਾ ਕਾਰੋਬਾਰ ਕਰਦੇ ਗੁਲਸ਼ਨ ਕੁਮਾਰ ਵੱਲੋਂ ਟੀ ਸੀਰੀਜ਼ ਸੁਰੂ ਕੀਤੇ ਜਾਣ ਨਾਲ ਮਾਰਕੀਟ ਵਿੱਚ ਟੇਪਾਂ ਆਮ ਲੋਕਾਂ ਦੀ ਪਹੁੰਚ ਵਿੱਚ ਆਉਣ ਲੱਗੀਆਂ । ਟੀ ਸੀਰੀਜ਼ ਵੱਲੋਂ ਘੱਟ ਰੇਟ ਤੇ ਵੱਧ ਟੇਪਾਂ ਵੇਚੇ ਜਾਣ ਕਾਮਯਾਬ ਫਾਰਮੂਲੇ ਨੂੰ ਕਈ ਕੰਪਨੀਆਂ ਨੇ ਅਪਣਾਇਆ ।
ਪਾਇਰੇਸੀ ਵਿਚ ਦਿੱਲੀ ਦੀ ਇੱਕ ਕੰਪਨੀ ਨੇ ਤਾਂ ਮੁੰਬਈ ਦੀਆਂ ਕਈ ਨਾਮੀਂ ਕੰਪਨੀਆਂ ਨੂੰ ਵਖਤ ਪਾਈ ਰੱਖਿਆ ਹੈ। ਮੁੰਬਈ ਦੀਆਂ ਸੰਗੀਤ ਕੰਪਨੀਆਂ ਜਦੋਂ ਵੀ ਕੋਈ ਫਿਲਮ ਦਾ ਮਿਊਜਿ਼ਕ ਰਿਲੀਜ਼ ਕਰਦੀਆਂ ਤਾਂ ਦਿੱਲੀ ਦੀ ਇਹ ਕੰਪਨੀ ਉਸੇ ਕੰਪਨੀ ਦੇ ਮਾਅਰਕੇ ਹੇਠ ਤਿਆਰ ਕੀਤਾ ਜਾਅਲੀ ਮਾਲ ਡੀਲਰਾਂ ਕੋਲ ਭੇਜ ਦਿੰਦੀ । ਮੁੰਬਈ ਦੀ ਪ੍ਰਸਿੱਧ ਕੰਪਨੀ ‘ਟਿਪਸ’ ਦੁਆਰਾ ਹਿੰਦੀ ਫਿਲਮ ‘ਪ੍ਰਦੇਸ਼ ’ਦਾ ਸੰਗੀਤ ਰਿਲੀਜ਼ ਕਰਨ ਤੋਂ ਇੱਕ ਦਿਨ ਪਹਿਲਾਂ ਦਿੱਲੀ ਦੀ ਇੱਕ ਕੰਪਨੀ ਨੇ 10 ਲੱਖ ਨਕਲੀ ਟੇਪਾਂ ਰਿਲੀਜ਼ ਕਰਕੇ ਟਿਪਸ ਦੀ ਕੰਪਨੀ ਨੂੰ ਕਰੋੜਾਂ ਦਾ ਚੂਨਾ ਲਾਉਣ ਦੀ ਗੱਲ ਜੱਗ ਜਾਹਿਰ ਹੈ। ਡੀਲਰਾਂ ਦੀ ਵੀ ਇਸ ਵਿਚ ਮਿਲੀਭੁਗਤ ਹੁੰਦੀ ਦੀ ਸੀ , ਕਿਉਂਕਿ ਕੰਪਨੀ ਦੀ ਅਸਲੀ ਟੇਪ ਵੇਚ 50 ਪੈਸੇ ਜਾਂ ਇੱਕ ਰੁਪਇਆ ਕਮਿਸ਼ਨ ਮਿਲਦਾ ਸੀ ਜਦਕਿ ਨਕਲੀ ਮਾਲ ਵੇਚ ਕੇ 5 ਰੁਪਏ ਤੱਕ ਇੱਕ ਟੇਪ ਦਾ ਮੁਨਾਫਾ ਹੋ ਸਕਦਾ ਸੀ । ਫਿਰ ਪੰਜਾਬ ਦੇ ਕਈ ਡੀਲਰ ਵੀ ਇਸ ਕੈਸੇਟ ਸਨਅਤ ਵਿਚ ਹੱਥ ਰੰਗਣ ਲੱਗੇ । ਕਿਉਂਕਿ ਹਿੰਦੀ ਫਿਲਮਾਂ ਮਗਰੋਂ ਪੰਜਾਬੀ ਸੰਗੀਤ ਹੀ ਉੱਤਰ ਭਾਰਤ ਵਿਚ ਸੁਣਿਆ ਜਾਂਦਾ ਹੈ।
ਆਲਮ ਇਹ ਰਿਹਾ ਹੈ ਕਿ ਹਾਲੀਵੁੱਡ ਦੀਆਂ ਫਿਲਮਾਂ ਦੇ ਰਾਈਟਸ ਲਏ ਬਿਨਾ ਡੱਬਿਗ ਕਰਕੇ ਜਿ਼ਆਦਾ ਫਿਲਮਾਂ ਮਾਰਕੀਟ ਆ ਰਹੀਆਂ ਹਨ । ਉਧਰ ਹਿੰਦੀ ਫਿਲਮ ਦਾ ਕੋਈ ਪਿੰ੍ਰਟ ਰਿਲੀਜ਼ ਮਗਰੋਂ ਹੁੰਦਾ ਵਾਇਆ ਡੁਬਈ ਭਾਰਤ ਕੋਨੇ ਕੋਨੇ ਵਿਚ ਉਸਦੇ ਜਾਅਲੀ ਪਿੰਟ ਪਹਿਲਾਂ ਮਿਲਣ ਲੱਗ ਜਾਂਦੇ ਹਨ ।
ਪਿਛਲੇ ਸਮੇਂ ਵਿਚ ਚਰਚਿਤ ਰਹੇ ਪਾਕਿਸਤਾਨੀ ਗਾਇਕ ਅਕਰਮ ਰਾਹੀਂ ਅਤੇ ਗਾਇਕਾ ਨਸੀਬੋ ਲਾਲ ਭਾਰਤ ਵਿਚ ਬਹੁਤ ਵਿਕੇ ਪ੍ਰੰਤੂ ਉਨ੍ਹਾਂ ਪੱਲੇ ਸੋਹਰਤ ਹੀ ਪਈ ਦ਼ੌਲਤ ਇੱਥੋਂ ਦੇ ਜਾਅਲਸਾਜ ਕਮਾ ਗਏ । ਗਾਇਕਾ ਨਸੀਬੋ ਲਾਲ ਦੀਆਂ ਟੇਪਾਂ ਤਾ ਪੰਜਾਬ ਦੀਆਂ ਬਹੁਤ ਕੰਪਨੀਆਂ ਨੇ ‘ਪਾਕਿਸਤਾਨੀ ਸੰਗੀਤ ਚੋਰੀ ਕਰਨ ਦੇ ਜਮਾਂਦਰੂ ਅਧਿਕਾਰ’ ਤਹਿਤ ਰਿਲੀਜ ਕੀਤੀਆਂ । ਜਾਂਚ ਪੜਤਾਲ ਮਗਰੋਂ ਅੱਜ ਵੀ ਪੰਜਾਬ ਦੀ ਕਿਸੇ ਕੰਪਨੀ ਨੇ ਕਿਸੇ ਪਾਕਿਸਤਾਨੀ ਸੰਗੀਤ ਕੰਪਨੀ ਤੋਂ ਕੋਈ ਰਾਇਟਸ ਨਹੀਂ ਖਰੀਦੇ । ਪ੍ਰੰਤੂ ਜਦੋਂ ਪੰਜਾਬੀ ਕੈਸੇਟਾਂ ਦੀ ਪਾਇਰੇਸੀ ਹੋ ਰਹੀ ਹੈ ਤਾਂ ਕੰਪਨੀ ਮਾਲਕ ਇਕੱਠੇ ਹੋ ਪਾਇਰੇਸੀ ਖਿਲਾਫ਼ ਝੰਡਾ ਚੱਕ ਰਹੇ ਹਨ ।ਪੰਜਾਬ ਤੋਂ ਬਾਹਰ ਸ੍ਰੀ ਗੰਗਾਨਗਰ (ਰਾਜਸਥਾਨ)ਵਿਚ ਕੈਸੇਟ ਸਨਅਤ ਚਲ ਰਹੀ ਹੈ । ਉਧਰ ਇਧਰਲੀਆਂ ਕੰਪਨੀਆਂ ਦੀਆਂ ਡੁਪਲੀਕੇਟ ਟੇਪਾਂ ਵੇਚੀਆਂ ਜਾ ਰਹੀਆਂ ਹਨ । ਸਟੀਰੀਓ ਸਾਉਂਡ ਮਗਰੋਂ ਕੰਪੈਕਟ ਡਿਸਕ ਦੇ ਜਮਾਨੇ ‘ਚ ਆਡਿਓ ਮਾਰਕੀਟ ਜਮਾਂ ਹੀ ਖੂੰਜੇ ਲੱਗ ਗਈ ਕਿਉਂਕਿ ਇੱਕ ਡਿਸਕ ਵਿੱਚ ਐਮ ਪੀ 3 ਫਾਰਮੈਟ ਵਿਚ ਲਗਭਗ 12-13 ਟੇਪਾਂ ਦੇ ਗੀਤ ਇਕੱਠੇ ਰਿਕਾਰਡ ਹੋ ਜਾਂਦੇ ਹਨ ਅਤੇ ਸਰੋਤਿਆਂ ਨੂੰ 10-15 ਰੁਪਏ ਵਿੱਚ 100 ਦੇ ਕਰੀਬ ਗੀਤ ਇਕੱਠੇ ਮਿਲ ਜਾਂਦੇ ਹਨ । ਦੂਸਰੀ ਅਹਿਮ ਗੱਲ ਹੈ ਆਡਿਓ ਕੰਪਨੀਆਂ ਨੇ ਐਮਪੀ 3 ਰਿਲੀਜ਼ ਨਹੀਂ ਕੀਤੇ ਜੇ ਕਰ ਕਿਸੇ ਕੰਪਨੀ ਨੇ ਰਿਲੀਜ਼ ਕੀਤੇ ਵੀ ਹਨ ਤਾਂ ਉਨ੍ਹਾਂ ਵਿੱਚ ਪੁਰਾਣੇ ਫਲਾਪ ਹੋਏ ਗੀਤ ਜਿ਼ਆਦਾ ਹਨ ।
ਐਮ ਪੀ 3 ਸੁਣਨ ਵਾਲਾ ਸਰੋਤਾ ਜਗਤਾਰ ਸਿੰਘ ਰਿੰਕੂ ਦੱਸਦਾ ਹੈ , “ ਮੈਂ ਤਰਕੀਬਨ ਹਰੇਕ ਗਾਇਕ ਦੇ ਗੀਤ ਸੁਣਦਾ ਹਾਂ , ਹਰ ਹਫ਼ਤੇ 10-15 ਟੇਪਾਂ ਰਿਲੀਜ਼ ਹੁੰਦੀਆਂ ਨੇ , ਸਾਰੀਆਂ ਕੈਸੇਟ ਅਸਲੀ ਖਰੀਦਣੀਆਂ ਮੇਰੇ ਔਖੀਆਂ ਹਨ ਪਰ ਇੱਕ ਐਮ ਪੀ 3 ਮੈਂ ਰੋਜਾਨਾਂ ਖਰੀਦ ਸਕਦਾ ਹਾਂ ਇਸ ਤਰ੍ਹਾਂ ਮਹੀਨੇ 300 ਰੁਪਏ ਹੀ ਖਰਚ ਹੁੰਦੇ ਹਨ । ਤੀਹ ਐਮ ਪੀ 3 ਵਿੱਚ ਲਗਭਗ 3500 ਗੀਤ ਰਿਕਾਰਡ ਹੁੰਦਾ ਜੇ ਅਸਲੀ ਖਰੀਦਣ ਲੱਗਾ ਤਾਂ ਪੰਜ ਚਾਰ ਸੀ ਡੀ ਹੀ ਖਰੀਦ ਸਕਾ ਕੰਪਨੀ ਇੱਕ ਸੀ ਡੀ 45-50 ਰੁਪਏ ਵਿੱਚ ਵੇਚਦੀ ਹੈ। ’ ਨਵੇਂ ਗਾਇਕ ਨੂੰ ਮਾਰਕੀਟ ਵਿੱਚ ਟੇਪ ਰਿਲੀਜ਼ ਕਰਵਾਉਣ ਲਈ ਘੱਟੋ ਘੱਟ 10 ਲੱਖ ਰੁਪਏ ਜਰੂਰਤ ਹੁੰਦੀ ਹੈ। ਕੈਸੇਟ ਕੰਪਨੀਆਂ ਵਾਲੇ ਗਾਇਕ ਤੋਂ ਸਾਰਾ ਖਰਚਾ ਕਰਵਾਉਂਦੇ ਹਨ ਇਸ ਵਿੱਚੋਂ ਵੀ ਕੁਝ ਬਚਾਉਣ ਦੀ ਸੋਚਦੇ ਹਨ। ਕੰਪਨੀ ਵਾਲੇ ਸਿਰਫ ਮਾਰਅਕਾ ਹੀ ਲਾਉਂਦੇ ਹਨ ਪੈਸਾ ਸਾਰਾ ਨਵਾ ਗਾਇਕ ਹੀ ਆਪਣੇ ਪੱਲਿਓ ਲਾਉਂਦਾ ਹੈ । ਜਦਕਿ ਪਹਿਲਾਂ ਅਜਿਹਾ ਨਹੀਂ ਹੁੰਦਾ ਸੀ ਉਦੋਂ ਕੁਝ ਕੰਪਨੀਆਂ ਗਾਇਕ ਦੀ ਆਵਾਜ਼ ਦੇਖ ਕੇ ਰਿਕਾਰਡ ਕਰ ਲੈਂਦੀਆਂ ਸਨ , ਪਰ ਦਿਨੋ ਦਿਨ ਵਧਦੀ ਮਹਿੰਗਾਈ ਅਤੇ ਪਬਲੀਸਿਟੀ ਦੇ ਯੁੱਗ ਨੇ ਕੈਸੇਟ ਕੰਪਨੀਆਂ ਨੂੰ ਆਰਥਿਕ ਮੰਦੀ ਦੇ ਰਾਹ ਤੋਰ ਦਿੱਤਾ ਹੈ। ਲੱਖਾਂ ਰੁਪਏ ਲਾ ਕੇ ਵੀ ਕੈਸੇਟ ਵਿਕਣ ਦੀ ਕੋਈ ਸੰਭਾਵਨਾ ਨਹੀਂ ਹੁੰਦੀ । ਜੇਕਰ ਟੇਪ ਦਾ ਕੋਈ ਗੀਤ ਹਿੱਟ ਹੋ ਜਾਵੇ ਤਾਂ ਉਹ ਰਾਤੋ ਰਾਤ ਜਾਅਲੀ ਐਮ ਪੀ 3 ਵਿੱਚ ਪਾ ਕੇ ਸਰੋਤਿਆਂ ਤੱਕ ਪਹੁੰਚ ਜਾਂਦਾ ਹੈ । ਕੈਸੇਟ ਹਿੱਟ ਹੋ ਜਾਵੇ ਤਾਂ ਗਾਇਕ ਕੰਪਨੀ ਵਾਲਿਆਂ ਨੂੰ ਪਛਾਣਦੇ ਨਹੀਂ , ਉਧਰ ਕੰਪਨੀ ਵਾਲੇ ਵੀ ਚੜਦੇ ਸੂਰਜ ਨੂੰ ਸਲਾਮਾਂ ਕਰਦੇ ਹਨ । ਇੱਕ ਸਮਾਂ ਆਇਆ ਸੀ ਕੁਝ ਕੰਪਨੀਆਂ ਨੇ ਗਾਇਕਾਂ ਨਾਲ 3-5 ਕੈਸੇਟਾਂ ਦਾ ਸਮਝੌਤਾ ਕਰਕੇ ਗਾਇਕ ਨੂੰ ਮਾਰਕੀਟ ਵਿੱਚ ਹਿੱਟ ਕਰਦੀਆਂ ਰਹੀਆਂ ਇਸ ਨਾਲ ਕੰਪਨੀਆਂ ਮਾਲ ਵਿਕ ਜਾਂਦਾ ਸੀ ਗਾਇਕ ਦੀ ਮਸਹੂਰੀ ਹੋਣ ਨਾਲ ਉਸਨੂੰ ਪ੍ਰੋਗਰਾਮ ਮਿਲਣ ਲੱਗ ਜਾਂਦੇ ਸਨ । ਪ੍ਰੰਤੂ ਇਹ ਫਾਰਮੂਲਾ ਬਹੁਤੀ ਦੇਰ ਨਾ ਚੱਲ ਸਕਿਆ ਇਸ ਮਗਰੋਂ ਕੁਝ ਕੁ ਕੰਪਨੀਆਂ ਵਧੀਆਂ ਆਵਾਜ਼ ਵਾਲੇ ਗਾਇਕ ਨੂੰ ਪਬਲੀਸਿਟੀ ਕਰਕੇ ਮਸਹੂਰ ਹੋ ਕਰਣ ਲੱਗੀਆਂ ਅਤੇ ਗਾਇਕਾਂ ਨੂੰ ਮਿਲਦੇ ਪ੍ਰੋਗ੍ਰਾਮਾਂ ਵਿੱਚੋਂ ਹਿੱਸਾ ਲੈ ਕੇ ਕਮਾਈ ਦਾ ਵਸੀਲਾ ਬਣਾਉਣ ਦਾ ਰਾਹ ਕੱਢਿਆ ਪ੍ਰੰਤ ਰਸਤਾ ਵੀ ਬਹੁਤਾ ਰਾਸ ਨਹੀਂ ਆਇਆ । ਕਿਉਂਕਿ ਹਿੱਟ ਹੋਣ ਮਗਰੋਂ ਗਾਇਕ ਅਤੇ ਕੰਪਨੀਆਂ ਵਾਲਿਆਂ ਵਿੱਚ ਫਰਕ ਪੈ ਜਾਂਦਾ ਅਤੇ ਕਈ ਗਾਇਕ ਕਾਨੁੰਨੀ ਦਾਅ ਪੇਚ ਵਰਤਕੇ ਕੰਪਨੀ ਨੂੰ ਮਾਤ ਦੇ ਗਏ ਤੇ ਕਈ ਕੰਪਨੀਆਂ ਨੇ ਗਾਇਕਾਂ ਦੀ ਰੱਤ ਨਚੋੜ ਛੱਡੀ ।
ਹੁਣ ਆਲਮ ਇਹ ਹੈ ਕਿ ਟੇਪ ਤਾਂ ਵਿਕਣ ਦੀ ਬਹੁਤੀ ਗਾਰੰਟੀ ਨਹੀਂ ਪ੍ਰੰਤੂ ਗਾਇਕਾਂ ਨੂੰ ਸਰੋਤਿਆਂ ਦੀ ਕਚਹਿਰੀ ਵਿੱਚ ਹਾਜ਼ਰੀ ਭਰਨ ਲਈ ਹਰੇਕ ਸਾਲ ਕੋਈ ਨਾ ਕੋਈ ਟੇਪ ਤਾਂ ਕਰਨੀ ਪੈਂਦੀ ਹੈ ਨਹੀਂ ਮੁਕਾਬਲੇਬਾਜ਼ੀ ਦੇ ਦੌਰ ਵਿੱਚ ਪਿੱਛੇ ਰਹਿਣ ਦਾ ਡਰ ਰਹਿੰਦਾ ਹੈ। ਅੱਜਕੱਲ੍ਹ ਗਾਇਕ ਦਾ ਹਿੱਟ ਹੋ ਸਕਦਾ ਟੇਪ ਹਿੱਟ ਕਰਨੀ ਮੁਸ਼ਕਿਲ ਹੈ ।
ਸ਼੍ਰੋਮਣੀ ਅਕਾਲੀ ਦਲ ਦੁਆਰਾ ਗਾਇਕ ਹੰਸ ਰਾਜ ਹੰਸ ਨੂੰ ਜਲੰਧਰ ਲੋਕ ਸਭਾ ਸੀਟ ਤੋਂ ਉਮੀਦਵਾਰ ਬਣਾਏ ਜਾਣ ਮਗਰੋਂ ਹੰਸ ਨੇ ਹੋਰਾਂ ਪੰਜਾਬੀ ਗਾਇਕਾਂ ਅਤੇ ਸੰਗੀਤ ਕੰਪਨੀ ਦੇ ਮਾਲਕਾਂ ਨਾਲ ਰਲ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਕੋਲ ਪਾਇਰੇਸੀ ਨੂੰ ਰੋਕਣ ਲਈ ਸਖਤ ਕਦਮ ਚੁੱਕਣ ਦੀ ਮੰਗ ਕੀਤੀ ਸੀ । ਡਿਪਟੀ ਮੁੱਖ ਮੰਤਰੀ ਸੁ਼ਖਬੀਰ ਸਿੰਘ ਬਾਦਲ ਨੇ ਗਾਇਕ ਹੰਸ ਰਾਜ ਹੰਸ ਅਤੇ ਹੋਰ ਕਲਾਕਾਰਾਂ ਦੀ ਰਾਇ ਉਪਰ ਅਮਲ ਕਰਦਿਆਂ ਐਂਟੀ ਪਾਇਰੇਸੀ ਸੈੱਲ ਕਾਇਮ ਕਰ ਦਿੱਤਾ । ਪੰਜਾਬ ਪੁਲੀਸ ਦੇ ਇੰਸਪੈਕਟਰ ਜਨਰਲ (ਅਪਰਾਧ) ਨੂੰ ਇਹ ਜਿੰਮੇਵਾਰੀ ਸੌਂਪੀ ਹੈ। ਭਾਰਤੀ ਦੰਡਾਵਲੀ ਧਾਰਾ ਤਹਿਤ ਕਾਪੀ ਰਾਈਟ ਐਕਟ ਦੀ ਉਲੰਘਣਾ ਗੈਰ –ਜ਼ਮਾਨਤੀ ਅਪਰਾਧ ਹੈ ।
ਬੇਸ਼ੱਕ ਅਕਾਲੀ – ਭਾਜਪਾ ਸਰਕਾਰ ਨੇ ਐਂਟੀ ਪਾਇਰੇਸੀ ਸੈੱਲ ਬਣਾ ਕੇ ਆਪਣੇ ਕੁਝ ਕੁ ਵੋਟ ਬੈਂਕ ਨੂੰ ਖੁਸ਼ ਕਰ ਦਿੱਤਾ ਹੋਵੇ ਪਰ ਕੀ ਸੰਗੀਤ ਚੋਰੀ ਹੋਣ ਦਾ ਸਿਲਸਿਲਾ ਰੁਕ ਸਕੇਗਾ ਇਹ ਗੱਲ ਬਹੁਤ ਧਿਆਨ ਮੰਗਦੀ । ਪੰਜਾਬ ਸਰਕਾਰ ਵੱਲੋਂ ਬਹੁਤ ਸਾਰੇ ਨਸਿ਼ਆਂ ਦੀ ਵਿਕਰੀ ਕਰਨ ਦੀ ਮਨਾਹੀ ਹੈ ਪਰ ਕੀ ਅਜਿਹੇ ਨਸੇ਼ ਰੁਕੇ ਹਨ । ਹੁਣ ਹਾਈਟੈੱਕ ਹੋ ਚੁੱਕੀ ਪਾਇਰੇਸੀ ਨੂੰ ਰੋਕਣ ਲਈ ਪੰਜਾਬ ਸਰਕਾਰ ਕਿਹੜਾ ਰਾਹ ਅਖਤਿਆਰ ਕਰੇਗੀ ? ਕੀ ਪੰਜਾਬ ਸਰਕਾਰ ਨਕਲੀ ਆਡਿਓ / ਵੀਡਿਓ ਸੀ ਡੀਜ਼ ਦੀ ਵਿਕਰੀ ਰੋਕ ਸਕੇਗੀ । ਹੁਣ ਤਾਂ ਨਕਲਚੀ ਕੰਪਿਊਟਰ ਰਾਹੀਂ ਮੋਬਾਈਲ ਫੋਨ, ਪੈਨ ਡਰਾਈਵ ਅਤੇ ਮੈਮੋਰੀ ਕਾਰਡਾਂ ਰਾਹੀਂ ਕਾਪੀ ਰਾਈਟ ਐਕਟ ਦੀ ਉਲੰਘਣਾ ਕਰਕੇ ਸਰਕਾਰ ਦੇ ਅੱਖਾਂ ਵਿੱਚ ਘੱਟਾ ਪਾ ਰਹੇ । ਕੀ ਸਰਕਾਰ ਇਕੱਲੇ ਪੰਜਾਬ ਵਿੱਚ ਨਕਲੀ ਸੀ ਡੀ / ਕੈਸੇਟਾਂ ਦਾ ਧੰਦਾ ਕਰਵਾਏਗੀ ਪਰ ਜਿਹੜੀ ਖੇਪ ਸ੍ਰੀ ਗੰਗਾਨਗਰ , ਪਦਮਪੁਰ ਅਤੇ ਹੋਰ ਪੰਜਾਬੋਂ ਬਾਹਰਲੇ ਪੰਜਾਬੀ ਬੋਲਦੇ ਇਲਾਕਿਆਂ ਵਿੱਚ ਚਲ ਰਹੀ ਕੀ ਉਥੇ ਵੀ ਪਾਇਰੇਸੀ ਨੂੰ ਰੋਕਣ ਲਈ ਕਦਮ ਚੁੱਕੇਗੀ ? ਇਹ ਪੰਜਾਬ ਸਰਕਾਰ ਦੀ ਲਈ ਅਹਿਮ ਸਵਾਲ ਹਨ। ਕਿਉਂਕਿ ਵੱਡੀਆਂ ਵੱਡੀਆਂ ਸਾਫਟਵੇਅਰ ਕੰਪਨੀਆਂ ਆਪਣੇ ਸਾਫਟਵੇਅਰ ਦੀ ਚੋਰੀ ਨਹੀਂ ਰੋਕ ਸਕਦੀਆਂ ਤਾਂ ਪੰਜਾਬ ਸਰਕਾਰ ਕੋਲ ਕਿਹੜਾ ਅਜਿਹਾ ਫਾਰਮੂਲਾ ਹੋਵੇਗਾ ਜਿਸ ਨਾਲ ਪਾਇਰੇਸੀ ਖਤਮ ਜਾਵੇਗੀ ।
ਪੰਜਾਬ ਪੁਲੀਸ ਵੱਲੋਂ ਕੰਪਨੀ ਮਾਲਕਾਂ ਦੁਆਰਾ ਸਿ਼ਕਾਇਤ ਕਰਨ ਤੇ ਰੋਜ਼ਾਨਾ ਵਾਗੂੰ ਹੀ ਨਕਲੀ ਸੀਡੀ ਦਾ ਕਾਰੋਬਾਰ ਕਰਨ ਵਾਲਿਆਂ ਖਿਲਾਫ ਪਰਚੇ ਦਰਜ ਕੀਤੇ ਜਾਂਦੇ ਹਨ ਪ੍ਰੰਤੂ ਜਿੰਨੇ ਵੀ ਵਿਅਕਤੀ ਨਕਲੀ ਕਾਰੋਬਾਰ ਕਰਦੇ ਫੜੇ ਗਏ ਹਨ ਉਨ੍ਹਾਂ ਦੀ ਪੁਲੀਸ ਨਾਲ ਸਾਂਝ ਹੋਰ ਮਜਬੂਤ ਹੋ ਜਾਂਦੀ ਹੈ ਨਤੀਜੇ ਵਜੋਂ ਪਾਇਰੇਸੀ ਦਿਨੋ ਦਿਨ ਦੇਸ਼ ਦੀ ਆਬਾਦੀ ਵਾਂਗ ਵੱਧ ਰਹੀ ਹੈ।
ਸ਼ਾਇਦ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਧਿਆਨ ਵਿੱਚ ਨਾ ਹੋਵੇ ਪ੍ਰੰਤੂ ਪੰਜਾਬੀ ਸੰਗੀਤ ਜਗਤ ਨਾਲ ਜੁੜੀਆਂ ਕੰਪਨੀਆਂ ਦੇ ਨੁੰਮਾਇੰਦਿਆਂ ਦੁਆਰਾ ਲਗਭਗ ਡੇਢ ਕੁ ਦਹਾਕਾ ਪਹਿਲਾਂ ਪੰਜਾਬ ਆਡਿਓ ਕੈਸੇਟ ਮੈਨੂਫੈਕਚਰਿੰਗ ਐਸੋਸੀਏਸ਼ਨ( ਪੈਕਮਾ) ਨਾਲ ਦੀ ਜਥੇਬੰਦੀ ਬਣੀ ਸੀ । ‘ਪੈਕਮਾ’ ਵੀ ਪਾਇਰੇਸੀ ਰੋਕਣ ਲਈ ਉਪਰਾਲੇ ਕਰਦੀ ਸੀ ਪ੍ਰੰਤੂ ਇਸ ਦੇ ਕੁਝ ਮੈਂਬਰ ਵੀ ਗੁਪਤ ਨਾਵਾਂ ਹੇਠ ਫਰਜ਼ੀ ਕੰਪਨੀਆਂ ਚਲਾ ਨਕਲੀ ਕੇ ਅਤੇ ਅਸ਼ਲੀਲ ਕੈਸਟਾਂ ਦਾ ਕਾਰੋਬਾਰ ਕਰਦੇ ਸਨ । ਜਦੋਂ ਇਹ ਗੱਲਾਂ ਸੰਗੀਤ ਸਬੰਧੀ ਛਪਦੇ ਰਿਸਾਲੇ ‘ਮਿਊਜਿ਼ਕ ਟਾਈਮਜ਼’ ਵਿਚ ਛਪਣ ਲੱਗੀਆਂ ਕਈ ਨਾਮੀਂ ਕੰਪਨੀਆਂ ਨੇ ਪੈਕਮਾ ਵੱਲੋਂ ਪੈਰ ਪਿੱਛੇ ਖਿੱਚ ਲਏ । ਉਸ ਸਮੇਂ ਡਾਰਟ ,ਡੈਟ , ਆਸ਼ਕੀ , ਨੈਲਕੋ ,ਵਰਗੇ ਅਣਗਣਿਤ ਫਰਜੀ ਨਾਵਾਂ ਦੀ ਹੇਠ ਕਾਰੋਬਾਰ ਚੱਲ ਰਿਹਾ ਸੀ। ਇਹ ਅਹਿਮ ਗੱਲ ਇਹ ਵੀ ਟੈਕਸ ਬਚਾਉਣ ਲਈ ਜਿਆਦਾ ਤਰ ਆਡਿਓ ਕੰਪਨੀਆਂ ਆਪਣੇ ਬਜਟ ਪੂਰੇ ਅੰਕੜੇ ਨਹੀਂ ਦਿੰਦੀਆਂ ਇਸ ਖੇਤਰ ਦੀਆਂ ਜਿ਼ਆਦਾਤਰ ਕੰਪਨੀਆਂ ਰਜਿਸਟਰਡ ਵੀ ਨਹੀਂ ਹਨ ।
ਪੰਜਾਬੀ ਆਡਿਓ ਸਨਅਤ ਨਾਲ ਨੇੜਿਓ ਜੁੜੇ ਗੀਤਕਾਰ ਅਤੇ ਸੰਗੀਤ ਬਾਰੇ ਛਪ ਰਹੇ ਮਾਸਿਕ ਪੱਤਰ ਮਿਉਜਿਕ ਟਾਈਮਜ਼ ਸੰਪਾਦਕ ਸ੍ਰੀ ਹਰਜਿੰਦਰ ਸਿੰਘ ਬੱਲ ਐਂਟੀ ਪਾਇਰੇਸੀ ਸੈੱਲ ਬਣਨ ਬਾਰੇ ਆਪਣਾ ਪ੍ਰਤੀਕਰਮ ਦਿੰਦੀ ਹੋਏ ਆਖਦੇ ਹਨ , ‘ਆਈ ਪੀ ਸੀ ਧਾਰਾ 302 ਅਧੀਨ ਕਤਲ ਕਰਨ ਵਾਲੇ ਵਿਅਕਤੀ ਨੂੰ ਫਾਸੀ ਹੋ ਸਕਦੀ ਹੈ ਪਰ ਕੀ ਕਤਲ ਹੋਣੇ ਬੰਦ ਹੋ ਗਏ , 376-377 ਧਾਰਾ ਹੈ ਬਲਾਤਕਾਰ ਦੀ , ਇਸ ਨਾਲ ਦੋਸ਼ੀ ਦੀ ਸਖਤ ਸਜ਼ਾ ਹੋ ਜਾਂਦੀ ਹੈ , ਫ਼ਾਂਸੀ ਜਾਂ ਉਮਰ ਹੋ ਜਾਂਦੀ, ਕੀ ਬਲਾਤਕਾਰ ਹੋਣੇ ਬੰਦ ਹੋਗੇ ?, ਕਾਨੂੰਨ ਬਣਦੇ ਰਹਿੰਦੇ ਪਰ ਇਨ੍ਹਾਂ ਨੂੰ ਲਾਗੂ ਕੀਹਨੇ ਕਰਨਾ , ਲਾਗੂ ਕਰਨ ਲਈ ਇਮਾਨਦਾਰੀ ਦੀ ਲੋੜ ਹੈ , ਇਹ ਸਾਰਾ ਚੋਣਾਂ ਦਾ ਸਟੰਟ ਹੋਰ ਕੁਝ ਨਹੀਂ ।’
ਐਮ ਪੀ 3 ਬਣਾਉਣ ਦਾ ਧੰਦਾ ਕਰਦੇ ਸੁਨੀਲ ਦਾ ਕਹਿਣਾ ਹੈ ਕਿ ਨਵੇਂ ਗਾਇਕ ਤਾਂ ਆਪਣੀਆਂ ਕੈਸੇਟਾਂ ਦੀ ਪਾਇਰੇਸੀ ਕਹਿ ਕੇ ਕਰਵਾਉਂਦੇ ਹਨ ਕਿਉਂਕਿ ਅੱਜਕੱਲ੍ਹ ਕੈਸੇਟ ਤਾਂ ਕੋਈ ਖਰੀਦਦਾ ਨਹੀਂ ਘੱਟੋ ਘੱਟ ਉਨ੍ਹਾਂ ਆਵਾਜ਼ ਤਾਂ ਦਰਸ਼ਕਾਂ/ ਸਰੋਤਿਆਂ ਤੱਕ ਪਹੁੰਚੇ ।
ਹਾਂਗਕਾਂਗ ਰਹਿੰਦੇ ਪੰਜਾਬੀ ਸੰਗੀਤ ਪ੍ਰੇਮੀ ਅਮਰਜੀਤ ਸਿੰਘ ਗਰੇਵਾਲ ਦੇ ਵਿਚਾਰ ਕੁਝ ਇਸ ਤਰ੍ਹਾਂ ਹਨ , “ਪਾਇਰੇਸੀ ਵੀ ਇੱਕ ਤਰਾਂ ਦਾਂ ਆਤੰਕ ਹੀ ਹੈ ਇਹ ਸਿਰਫ ਪੰਜਾਬ ਹੀ ਨਹੀ ਪੂਰੀ ਦੁਨੀਆਂ ਵਿਚ ਇਕ ਅਹਿਮ ਸਮੱਸਿਆ ਹੈ ਏਡਜ ਦੀ ਤਰ੍ਹਾਂ ਹੀ. ਇਸ ਨੂੰ ਕੋਈ ਇੱਕ ਖਿੱਤੇ ਦੀ ਸਰਕਾਰ ਕਿਵੇ ਰੋਕ ਸਕਦੀ ਹੈ. ਤੁਸੀ ਪੰਜਾਬ ਵਿਚ ਤਾਂ ਰੋਕ ਸਕਦੇ ਹੋ ਅਗਲਾ ਡੱਬਵਾਲੀ ਗਿਆ ਉਥੋਂ ਸੀ ਡੀ ਲੈ ਆਵੇਗਾ । ਇਸ ਗੰਭੀਰ ਸਮੱਸਿਆਂ ਨੂੰ ਸਿਰਫ ਸੈੱਲ ਬਣਾ ਕੇ ਕਾਬੂ ਨਹੀ ਕੀਤਾ ਜਾ ਸਕਦਾ । ਨਾਲੇ ਪੰਜਾਬ ਪੁਲੀਸ ਦੀ ਕਾਰਗੁਜਾਰੀ ਤਾਂ ਤੁਹਾਨੂੰ ਪਤਾ ਹੀ ਹੈ । ਇਸ ਲਈ ਫੋਰਸ ਤੋਂ ਕੀ ਆਸ ਕੀਤੀ ਜਾ ਸਕਦੀ ਹੈ । ਇਸ ਵਾਸਤੇ ਰਾਸ਼ਟਰੀ ਪੱਧਰ ਤੇ ਕੰਮ ਕੀਤਾ ਜਾਣ ਚਾਹੀਦਾ ਹੈ । ਇਸ ਤੋਂ ਇਲਾਵਾ ਇਸ ਵਿਚ ਆਮ ਜਨਤਾ ਨੂੰ ਅਸਿੱਧੇ ਢੰਗ ਨਾਲ ਸ਼ਾਮਿਲ ਕੀਤਾ ਜਾ ਸਕਦਾ ਹੈ । ਜਿਵੇਂ ਕਿ ਜੇਕਰ ਇਸ ਤਰ੍ਹਾਂ ਦੀ ਪਾਇਰੇਸੀ ਦੀ ਕੋਈ ਸੂਚਨਾ ਸਰਕਾਰ ਤੱਕ ਪਹੁੰਚਾਏ ਤਾਂ ਉਸ ਲਈ ਕੁੱਝ ਮਾਣ ਰਾਸੀ ਇਨਾਮ ਵਜੋਂ ਦਿੱਤੀ ਜਾਵੇ (ਸ਼ਾਇਦ ਕੁਝ ਕੁ ਗਾਇਕਾਂ ਦੀ ਰੋਟੀ ਇਸ ਤੇ ਹੀ ਚਲਦੀ ਹੋ ਜਾਵੇ ) ਛਾਪੇ ਮਾਰ ਟੀਮ ਵਿਚ ਇਮਾਨਦਾਰ ਅਧਿਕਾਰੀ ਭਰਤੀ ਕੀਤੇ ਜਾਣ ਇਹ ਅਤਿ ਜਰੂਰੀ ਹੈ । ਹੁਣ ਗੱਲ ਇੱਥੇ ਹਾਂਗਕਾਂਗ ਦੀ । ਇੱਥੇ ਵੀ ਇਹ ਅਹਿਮ ਸਮੱਸਿਆ ਹੈ ,(ਸਾਫਟ ਵੇਅਰ ਕੰਪਨੀਆਂ ਵੀ ਇਸਦਾ ਵੱਡਾ ਸਿ਼ਕਾਰ ਹਨ ) ਜਿਸ ਨੂੰ ਕਈ ਤਰੀਕੇ ਵਰਤਣ ਮਗਰੋਂ ਵੀ ਕਾਬੂ ਨਹੀਂ ਕੀਤਾ ਜਾ ਸਕਿਆ, ਪਰ ਅਧਿਕਾਰੀਆਂ ਵੱਲੋਂ ਮਾਰੇ ਜਾਂਦੇ ਵਾਰ -2 ਛਾਪੇ ਤੇ ਸਖਤ ਸਜਾਵਾਂ ਨੇ ਕਾਫੀ ਰਾਹਤ ਦਿੱਤੀ । ਗੱਲ ਫਿਰ ਇਮਾਨਦਾਰੀ ਦੀ ਹੈ । ਪੁਲੀਸ ਇਮਾਨਦਾਰ ਹੈ , ਦੋਸ਼ੀ ਨੂੰ ਸਜਾ ਜਰੂਰ ਮਿਲਦੀ ਹੈ, ਪਰ ਇਸ ਧੰਦੇ ਵਿੱਚ ਲੱਗੇ ਅਪਰਾਧੀ ਸਰਗਨੇ ਨਵੇ ਬਲੀ ਦੇ ਬੱਕਰੇ ਲੱਭ ਲੈਂਦੇ ਹਨ ਕੰਮ ਕਰਵਾਉਣ ਲਈ ਤੇ ਕੰਮ ਫਿਰ ਸੁਰੂ ਹੋ ਜਾਂਦਾ ਹੈ। ਹਾਲ ਦੀ ਘੜੀ ਇਸ ਸਮੱਸਿਆ ਦਾ ਹੱਲ ਕੋਈ ਦਿਸ ਨਹੀਂ ਰਿਹਾ ਖਾਸ ਕਰਕੇ ਭਾਰਤ ਵਿੱਚ ਤਾਂ ਨਹੀਂ , ਹਾਂ ਜੇਕਰ ਕੋਈ ਨਵੀ ਤਕਨੀਕ ਲੱਭ ਜਾਵੇ ਤਾਂ ਕਹਿ ਨਹੀਂ ਸਕਦੇ ।
‘ਇੱਕ ਮਾਂ ਬੋਹੜ ਦੀ ਛਾਂ ’ ਗੀਤ ਨਾਲ ਚਰਚਿਤ ਰਹੇ ਗਾਇਕ ਬਲਵੀਰ ਚੋਟੀਆਂ ਆਖਦੇ , ‘ਪੰਜਾਬ ਵਿਚ ਸੰਗੀਤ ਕਲਾ ਨੂੰ ਸਭ ਤੋਂ ਵੱਧ ਪਿਆਰ ਮਿਲ ਹੈ ਪਰ ਜਿਹੜੇ ਨਾਮਵਰ ਕਲਾਕਾਰ ਹਨ ਉਨ੍ਹਾਂ ਦੇ ਰੇਟ ਅਸਮਾਨ ਛੂੰਹਦੇ ਹਨ , ਗਰੀਬ ਆਦਮੀ ਕਿਸੇ ਨਾਮਵਰ ਗਾਇਕ ਦਾ ਪ੍ਰੋਗਰਾਮ ਨਹੀਂ ਕਰਵਾ ਸਕਦਾ , ਦੂਸਰਾ ਕੈਸੇਟ ਕੰਪਨੀਆਂ ਨੇ ਮਹਿੰਗਾਈ ਕਾਰਨ ਕੈਸੇਟ, ਸੀ ਡੀ ਦੇ ਰੇਟ ਵਧਾ ਦਿੱਤੇ ਹਨ , ਇਸ ਲਈ ਗਰੀਬ ਅਤੇ ਮੱਧ ਵਰਗੀ ਤਬਕਾ ਡੁਪਲੀਕੇਟ ਨੂੰ ਤਰਜੀਹ ਦਿੰਦਾ ਹੈ ਜੇਕਰ ਕੈਸੇਟ ਕੰਪਨੀਆਂ ਆਪਣੀਆਂ ਟੇਪਾਂ ਦੇ ਰੇਟ ਘੱਟ ਕਰਨ ਦਾ ਸ਼ਾਇਦ ਆਮ ਆਦਮੀ ਕੰਪਨੀ ਮਾਲ ਖਰੀਦੇ ਇਸ ਵਾਸਤੇ ਕੰਪਨੀਆਂ ਅਤੇ ਕਲਾਕਾਰਾਂ ਨੂੰ ਕੋਈ ਵਿਚਕਾਰਲਾ ਰਾਹ ਕੱਢਣਾ ਚਾਹੀਦਾ ਜਿਸ ਨਾਲ ਸੰਗੀਤ ਹਰ ਬੰਦੇ ਦੀ ਪਹੁੰਚ ਵਿੱਚ ਰਹੇ ।”
ਕੀ ਪੰਜਾਬ ਸਰਕਾਰ ਵੱਲੋਂ ਬਣਾਇਆ ਐਂਟੀ ਪਾਇਰੇਸੀ ਸੈੱਲ ਪੰਜਾਬ ਦੀ ਆਡਿਓ / ਵੀਡਿਓ ਸਨਅਤ ਲਈ ਫਾਇਦੇਮੰਦ ਹੋਵੇਗਾ ? ਜਾਂ ਕੀ ਇਹ ਪਾਇਰੇਸੀ ਰੋਕੀ ਜਾ ਸਕੇਗੀ ਜੇਕਰ ਹਾਂ ਤਾਂ ਮੰਨ ਲਵੋ ਬਾਜਾਰਾਂ ਵਿੱਚ ਜਾਅਲੀ ਐਮ ਪੀ 3 ਰੋਕੇ ਜਾ ਸਕਦੇ ਹਨ ? ਵਿਆਹ ਸਮਾਗਮਾਂ ਵਿੱਚ ਚਲਦੇ ਡੀ ਜੇ ਵਿੱਚ ਵੀ ਅਣਅਧਿਕਾਰਤ ਗੀਤ ਚਲਦੇ ਕੀ ਉਨ੍ਹਾਂ ਨੂੰ ਰੋਕਿਆ ਜਾ ਸਕੇਗਾ ? ਕੀ ਇੰਟਰਨੈੱਟ ਤੋਂ ਡਾਊਨਲੋਡ ਕਰਨ ਵੀ ਰੋਕ ਸਕੇਗੀ ਪੰਜਾਬ ਸਰਕਾਰ ਜਾਂ ਇਹ ਅਣਸੁਲਝੇ ਸਵਾਲ ਪਾਇਰੇਸੀ ਦੇ ਨਾਲ ਨਾਲ ਚੱਲਦੇ ਹੀ ਰਹਿਣਗੇ ।
Subscribe to:
Post Comments (Atom)
1 comment:
bahut shandar lekh hai tera 22
Post a Comment