ਆਨ ਲਾਈਨ’ ਪੰਜਾਬੀ ਮੀਡੀਆ : ਸਥਿਤੀ ਅਤੇ ਸੰਭਾਵਨਾਵਾਂ
ਖੋਜ ਪੱਤਰ : ਸੁਖਨੈਬ ਸਿੰਘ ਸਿੱਧੂ
<
ਭੂਮਿਕਾ : ਬਾਕੀ ਕੰਮਾਂ ਵਿੱਚ ਜਿਵੇਂ ਇੰਟਰਨੈੱਟ ਦੀ ਜਰੂਰਤ ਪਈ ਉਸ ਨਾਲੋਂ ਇਸਦਾ ਵੱਧ ਲਾਹਾ ਮੀਡੀਆ ਨੂੰ ਮਿਲਿਆ । ਖਬਰਾਂ ਭੇਜਣ , ਪ੍ਰਾਪਤ ਕਰਨ , ਛਾਪਣ ਅਤੇ ਪੜ੍ਹਣ / ਸੁਣਨ/ ਦੇਖਣ ਵਿੱਚ ਵਿਆਪਕ ਤਬਦੀਲੀ ਆਈ । ਜਿਸਦੇ ਫਲਸਰੂਪ ਮੀਡੀਆ ਵਿੱਚ ਨਵੀਆਂ ਤਕਨੀਕਾਂ ਦੀ ਹੋਂਦ ਵਿਕਸਤ ਹੋਈ । ਹੁਣ ਪੱਤਰਕਾਰਾਂ ਨੂੰ ਖਬਰ ਭੇਜਣ ਲ ਅਖਬਾਰਾਂ ਵਾਲੀਆਂ ਗੱਡੀਆਂ ਨੂੰ ਉਡੀਕਣਾ ਨਹੀਂ ਪੈਂਦਾ ਅਤੇ ਨਾ ਬੱਸ ਸਟੈਂਡ ਵਿੱਚ
ਲੱਗੇ ਅਖਬਾਰਾਂ ਦੇ ਬਕਸਿਆਂ ਵਿੱਚ ਮੈਸੇਜ਼ਰਾਂ ਨੂੰ ਖਬਰਾਂ ਵਾਲੀਆਂ ਚਿੱਠੀਆਂ ਲੈਣ ਜਾਣ ਦੀ ਜਰੂਰਤ ਹੈ। ਟੀਵੀ ਚੈਨਲਾਂ ਨੂੰ ਟੇਪਾਂ ਭੇਜਣ ਦੀ ਥਾਂ ਹੁਣ ਫੀਡ ਆਨਲਾਈਨ ਜਾ ਰਹੀ ਹੈ। ਅਖਬਾਰਾਂ ਦੇ ਦਫ਼ਤਰਾਂ ਵਿੱਚ ਪਰੂਫ ਰੀਡਰ ਦੀ ਥਾਂ ਸਬ ਐਡੀਟਰਾਂ ਨੇ ਲੈ ਲਈ ਹੈ। ਈਮੇਲ , ਐਫ ਟੀ ਪੀ ( ਫਾਈਲ ਟਰਾਂਸਫਰ ਪ੍ਰੋਟੋਕਾਲ ) , ਵੈੱਬਸਾਈਟਸ ਅਤੇ ਬਲਾਗ ਆਦਿ ਮੀਡੀਆ ਦੀ ਧੜਕਣ ਬਣ ਗਏ ਅਤੇ ਪਲਾਂ ਵਿੱਚ ਡਾਟਾ ਅਦਾਨ ਪ੍ਰਦਾਨ ਹੋਣ ਲੱਗਿਆ ।
ਆਪਣੀ ਮਾਤ ਭੂਮੀ ਤੋਂ ਆਉਂਦੇ ਸੁੱਖ- ਸੁਨੇਹੇ ਅਤੇ ਚੰਗੀ ਮੰਦੀ ਖ਼ਬਰ ਦਾ ਸਬੰਧ ਹਰੇਕ ਵਿਅਕਤੀ ਨਾਲ ਹੁੰਦਾ ਹੈ। ਇਹੀ ਕਾਰਨ ਹੈ ਕਿ ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਦੇ ਦਿਲ ਦੀਆਂ ਤਾਰਾਂ ਵੀ ਪੰਜਾਬ ਨਾਲ ਜੁੜੀਆਂ ਹੋਣ ਕਰਕੇ ਪਹਿਲਾ ਇੱਥੋਂ
ਅਖਬਾਰ ਡਾਕ ਰਾਹੀਂ ਮੰਗਵਾਏ ਜਾਂਦੇ ਸਨ ਫਿਰ ਇੰਟਰਨੈੱਟ ਦੀ ਹੋਂਦ ਕਾਰਨ ਇਸਦੀ ਵਰਤੋ ਕਰਨ ਵਾਲੇ ਪ੍ਰਵਾਸੀਆਂ ਲਈ ਪੰਜਾਬੀ ਅਖਬਾਰਾਂ ਨੇ ਵੈੱਬਸਾਈਟਸ ਬਣਾਈਆਂ ਅਤੇ ਅਖਬਾਰ ਅਪਲੋਡ ਕਰਨੇ ਸੁਰੂ ਕੀਤੇ । ਹੁਣ ਭਾਂਵੇ ਕੈਨੇਡਾ ਅਤੇ ਅਮਰੀਕਾ ਵਿੱਚ ਕੁਝ ਰੋਜ਼ਾਨਾ ਅਖ਼ਬਾਰ ਵੀ ਪ੍ਰਕਾਸਿ਼ਤ ਹੋ ਰਹੇ ਹਨ ਪਰ ਬਹੁਤੀ ਸਮੱਗਰੀ ਪੰਜਾਬ ਨਾਲ ਸਬੰਧਤ ਹੁੰਦੀ ਹੈ ।
ਬੇਸ਼ੱਕ ਸੁਰੂ ਵਿੱਚ ਪੰਜਾਬੀ ਅਖਬਾਰਾਂ ਨੂੰ ਵੈੱਬਸਾਈਟ ਬਣਾ ਕੇ ਮੁਫਤ ਵਿੱਚ ਸਮੱਗਰੀ ਪ੍ਰਦਾਨ ਕਰਨੀ ਆਪਣੇ ਪੈਰ ਕੁਹਾੜਾ ਮਾਰਨ ਵਾਲੀ ਗੱਲ ਲੱਗਦੀ ਸੀ।
ਇਸਦਾ ਆਰਥਿਕ ਨੁਕਸਾਨ ਵੀ ਅਦਾਰਿਆ ਨੂੰ ਸਹਿਣਾ ਪਿਆ ਕਿਉਂਕਿ ਜਿੰਨੀਆਂ ਕਾਪੀਆਂ ਵਿਦੇਸ਼ਾਂ ਵਿੱਚ ਪੱਕੀਆਂ ਲੱਗੀਆਂ ਸਨ ਉਹਨਾਂ ਦੀ ਗਿਣਤੀ ਘੱਟ ਗਈ। ਅਖਬਾਰ ਭਾਵੇਂ ਪਾਠਕਾਂ ਤੱਕ ਹਫ਼ਤੇ ਬਾਅਦ ਪਹੁੰਚਦੇ ਸਨ ਪਰ ਅਦਾਰਿਆਂ ਨੂੰ ਚੰਦੇ ਦੀ ਰਾਸ਼ੀ ਸਾਲ ਸਾਲ ਪਹਿਲਾਂ ਜਮਾਂ ਹੋ ਜਾਂਦੀ ਸੀ ਜਿਸ ਕਰਕੇ ਖਰਚ ਤੋਂ ਪਹਿਲਾਂ ਆਮਦਨੀ ਲਾਹੇਵੰਦ ਸੌਦਾ ਸੀ।
ਪਰ ਜਿਉਂ ਜਿਉਂ ਆਨਲਾਈਨ ਪਾਠਕ ਵਰਗ ਵਧਿਆ ਤਾਂ ਅਖਬਾਰਾਂ ਦੇ ਆਨਲਾਈਨ ਐਡੀਸ਼ਨ
ਤੇ ਵੱਖਰੀ ਇਸ਼ਤਿਹਾਰ ਬਾਜ਼ੀ ਹੋਣ ਲੱਗੀ ਅਤੇ ਵਿਸ਼ਵ ਪੱਧਰ ਤੇ ਖਿੰਡੇ ਹੋਵੇ
ਪੰਜਾਬੀ ਆਨਲਾਈਨ ਕੱਠੇ ਹੋਣ ਲੱਗੇ।
ਤਬਦੀਲੀ ਦੇ ਇਸ ਯੁੱਗ ਵਿੱਚ ਆਨ ਲਾਈਨ ਮੀਡੀਆ ਦੀ ਹੋਂਦ ਸਥਾਪਤ ਹੋਣ ਲੱਗੀ।
ਪਹਿਲਾਂ ਸਾਹਿਤਕ ਵੈੱਬਸਾਈਟਸ ਹੋਂਦ ਵਿੱਚ ਆਈਆਂ ਤੇ ਸਾਹਿਤਕ ਸਮੱਗਰੀ ਅਪਡੇਟ
ਹੋਣ ਲੱਗੀ ਫਿਰ ਹੌਲੀ ਹੌਲੀ ਖਬਰਾਂ ਨਾਲ ਸਬੰਧਤ ਵੈੱਬਸਾਈਟਸ / ਇੰਟਰਨੈਟ – ਅਖ਼ਬਾਰ
ਹੋਂਦ ਵਿੱਚ ਆਏ ਇਹਨਾਂ ਦੇ ਨਾਲ ਹੀ ਵੈੱਬ ਟੀ ਵੀ ਅਤੇ ਆਨ ਲਾਈਨ ਰੇਡੀਓ ਲਈ ਰਾਹ
ਖੁੱਲ੍ਹੇ ।
ਸੁਰੂਆਤ ਤੇ ਸਥਿਤੀ : ਜੇ ਗੂਗਲ ਤੇ ਸਰਚ ਕਰੀਓ ਤਾਂ ਪਤਾ ਲੱਗਦਾ ਹੈ ਕਿ ਸੰਨ
2000 ਵਿੱਚ ਪੰਜਾਬੀ ਬੋਲੀ ਦੀ ਇੰਟਰਨੈੱਟ ਉੇਪਰ ਪਹਿਲ ਕਦਮੀ ਹੋਈ ।
ਸ਼ਾਇਦ 5 ਆਬੀ ਡਾਟ ਕਾਮ ( ੱ।5ਅਬ।ਿਚੋਮ ) 28 ਜਨਵਰੀ 2000 ਨੂੰ ਸੁਰੂ ਹੋਈ ਪਹਿਲੀ
ਵੈੱਬਸਾਈਟ ਸੀ ਜੋ ਨਿਰੋਲ ਪੰਜਾਬੀ ਵਿੱਚ ਸਮੱਗਰੀ ਮੁਹੱਈਆ ਕਰਵਾਉਣ ਲੱਗੀ ।
ਵੈਸੇ ਮੈਨੂੰ ਸੰਨ 2000 ਤੋਂ ਪਹਿਲਾਂ ਦੀ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੋਈ ।
ਇਸ ਵੈੱਬਸਾਈਟ ਉਪਰ ਨਿਰੋਲ ਸਾਹਿਤਕ ਸਮੱਗਰੀ ਅਤੇ ਸਾਹਿਤਿਕ ਗਤੀਵਿਧੀਆਂ ਦੀਆਂ
ਰਿਪੋਰਟਾਂ ਸ਼ਾਮਿਲ ਹੁੰਦੀਆਂ ਹਨ ।
19 ਮਾਰਚ 2001 ਨੂੰ ਲਿਖਾਰੀ ਡਾਟ ਆਰਗ ( ੱ।ਲਕਿਹਅਰ।ਿੋਰਗ) ਅਮਰੀਕਾ ਨਿਵਾਸੀ ਗੁਰਦਿਆਲ
ਸਿੰਘ ਰਿਆਤ ਵੱਲੋਂ ਸੁਰੂ ਕੀਤੀ ਗਈ । ਹੁਣ ਤੱਕ ਚੱਲ ਰਹੀ ਇਹ ਵੈੱਬਸਾਈਟ ਵੀ
ਪਾਠਕਾਂ ਦੀ ਸਾਹਿਤਕ ਭੁੱਖ ਪੂਰੀ ਕਰਦੀ ਹੈ।
1 ਫਰਵਰੀ 2002 ਨੂੰ ਬੱਧਨੀ ਡਾਟ ਕਾਮ ਨਾਂਮ ਦੀ ਵੈੱਬਸਾਈਟ ਮਨਪ੍ਰੀਤ ਸਿੰਘ
ਬੱਧਨੀ ਵੱਲੋਂ ਬਣਾਈ ਗਈ । ਇੰਗਲੈਂਡ ਰਹਿੰਦੇ ਮਨਪ੍ਰੀਤ ਸਿੰਘ ਬੱਧਨੀ ਨੇ
ਇਸ ਉਪਰ ਸਾਹਿਤਿਕ ਸਰਗਰਮੀਆਂ ਨੂੰ ਜਿ਼ਆਦਾ ਥਾਂ ਦਿੱਤੀ । ਹੁਣ ਇਸ ਵੈੱਬਸਾਈਟ
ਨੂੰ ਨਵੀਂ ਦਿੱਖ ਪ੍ਰਦਾਨ ਕਰਕੇ ਸਥਾਨਕ ਖਬਰਾਂ ਨਾਲ ਵੀ ਜੋੜ ਦਿੱਤਾ ਹੈ।
ਉਪਰਕੋਤ ਤਿੰਨੇ ਵੈੱਬਸਾਈਟਸ ਦੇ ਸੰਚਾਲਕਾਂ ਨੇ ਮਾਂ ਬੋਲੀ ਦੇ ਸਰਵਨ ਪੁੱਤ ਬਣ
ਕੇ ਪੰਜਾਬੀ ਦੀ ਪਹੁੰਚ ਦੁਨੀਆਂ ਭਰ ਵਿੱਚ ਬੈਠੇ ਪਾਠਕਾਂ ਤੱਕ ਬਣਾਈ।
ਘਰ ਫੂਕ ਤਮਾਸ਼ਾ ਦੇਖਣ ਵਾਲੇ ਅਖਾਣ ਮੁਤਾਬਕ ਆਪਣੀ ਕਮਾਈ ਅਤੇ ਕੀਮਤੀ ਸਮਾਂ
ਖਰਚ ਕਰਕੇ ਇਹਨਾ ਪੰਜਾਬੀਆਂ ਨੇ ਮਾਂ ਬੋਲੀ ਨੂੰ ਅੰਤਰਾਸ਼ਟਰੀ ਪੱਧਰ ਤੇ ਸਾਂਝ
ਪਾਉਣ ਦੀ ਜੁਗਤ ਸਿਖਾਈ ।
ਵਰਜੀਨੀਆ ( ਅਮਰੀਕਾ ) ਰਹਿੰਦੇ ਮਨਜੂਰ ਏਜਾਜ਼ ਵੱਲੋਂ ‘ਵੀਚਾਰ’ ਨਾਂਮ ਦੀ
ਵੈੱਬਸਾਈਟ 10 ਫਰਵਰੀ 2006 ਨੂੰ ਸੁਰੂ ਕੀਤੀ । ਦੋਵਾਂ ਪੰਜਾਬਾਂ ਦੇ ਪਾਠਕਾਂ ਅਤੇ
ਲੇਖਕਾਂ ਦੀ ਸਾਂਝ ਪਵਾਉਂਦੀ ਇਹ ਸਾਈਟ ਸ਼ਾਹਮੁਖੀ , ਗੁਰਮੁਖੀ ਅਤੇ ਅੰਗਰੇਜ਼ੀ
ਵਿੱਚ ਸਾਹਿਤਿਕ ਸਮੱਗਰੀ ਪ੍ਰਦਾਨ ਕਰਦੀ ਹੈ । ਲਹਿੰਦੇ , ਚੜ੍ਹਦੇ ਅਤੇ ਪ੍ਰਵਾਸੀ
ਪੰਜਾਬ ਦੇ ਪਾਠਕਾਂ / ਲੇਖਕਾਂ ਦੀ ਸਾਂਝ ਇੱਥੇ ਪਣਪਦੀ ਅਤੇ ਅਪਣੱਤ ਭਰੇ ਵਿਰਸੇ ਦੀ
ਬਾਤ ਪਾਉਂਦੀ ਹੈ।
ਇਸ ਮਗਰੋਂ ਗਾਹੇ –ਬਗਾਹੇ ਬਹੁਤ ਸਾਰੀਆਂ ਵੈੱਬਸਾਈਟਸ ਸੁਰੂ ਹੋਈਆਂ ।
ਜਰਮਨ ਤੋਂ ਮੀਡੀਆ ਪੰਜਾਬ ਡਾਟ ਕਾਮ ਨਾਮ ਦੀ ਵੈੱਬਸਾਈਟਸ ਗੁਰਦੀਸ਼ ਪਾਲ ਕੌਰ
ਬਾਜਵਾ ਦੀ ਦੇਖ ਰੇਖ ਹੇਠ 23 ਸਤੰਬਰ 2012 ਤੋਂ ਖਬਰਾਂ, ਚਲੰਤ ਮਾਮਲਿਆਂ ਅਤੇ
ਸਾਹਿਤਿਕ ਸਮਾਜਿਕ / ਸਮਾਗਮਾਂ ਦੀ ਕਵਰੇਜ ਦੇ ਰਹੀ ਹੈ। ਇਸਦੇ ਪਾਠਕਾਂ ਦਾ ਘੇਰਾ ਜਰਮਨ
ਸਮੇਤ ਸਾਰੇ ਯੂਰੋਪ ਵਿੱਚ ਜਿ਼ਆਦਾ ਹੈ। ਇਸ ਦੀ ਪ੍ਰਸਿੱਧੀ ਅਤੇ ਵਿਰੋਧ ਕਾਰਨ ਕੁਝ
ਹੋਰ ਵੈੱਬਸਾਈਟਸ ਹੋਂਦ ਵਿੱਚ ਆਈਆਂ ਜੋ ਕਿ ਚੰਗਾ ਸੰਕੇਤ ਹੈ।
ਆਨ ਲਾਈਨ ਮੀਡੀਆ ਵਿੱਚ ਪੰਜਾਬੀ ਨਿਊਜ ਆਨ ਲਾਈਨ ਨਿਰੋਲ ਅਜਿਹੀ ਪਹਿਲੀ ਵੈੱਬਸਾਈਟ
ਹੈ ਜੋ ਸਾਹਿਤਿਕ ਅਤੇ ਧਾਰਮਿਕ ਸਮੱਗਰੀ ਤੋਂ ਇਲਾਵਾ ਚਲੰਤ ਮਾਮਲਿਆਂ ਉਪਰ ਛੇਤੀ
ਤੋਂ ਛੇਤੀ ਖ਼ਬਰਾਂ ਪ੍ਰਕਾਸਿ਼ਤ ਕਰ ਰਹੀ ਹੈ । 3 ਮਈ 2007 ਨੂੰ ਬਠਿੰਡਾ ਜਿ਼ਲ੍ਹਾ
ਦੇ ਪਿੰਡ ਪੂਹਲਾ ਵਿੱਚੋਂ ਚੱਲ ਰਹੀ ਇਹ ਪੰਜਾਬੀ ਨਿਊਜ ਆਨ ਲਾਈਨ ਵੈੱਬ ਸਾਈਟਸ
ਮੈਂ ( ਸੁਖਨੈਬ ਸਿੰਘ ਸਿੱਧੂ ) ਸੁਰੂ ਕੀਤੀ ਸੀ । ਜਿਸਦੀ ਪਹੁੰਚ ਅੱਜ ਦੁਨੀਆਂ
ਭਰ ਦੇ ਪੰਜਾਬੀ ਮੀਡੀਆ ਵਿੱਚ ਹੈ। ਪੰਜਾਬ ਵਿੱਚੋਂ ਚੱਲਣ ਵਾਲੀ ਇਹ ਸਾਈਟ ਪਾਠਕ
ਕੈਨੇਡਾ , ਅਮਰੀਕਾ ਤੋਂ ਬਾਅਦ ਭਾਰਤ ਇੰਗਲੈਂਡ , ਇਟਲੀ , ਆਸਟਰੇਲੀਆ , ਹਾਂਗਕਾਂਗ
ਅਤੇ ਨਿਊਜ਼ੀਲੈਂਡ ਵਿੱਚ ਹਨ । ਬਰੇਕਿੰਗ ਨਿਊਜ ਦੇਣ ਵਿੱਚ ਪੰਜਾਬੀ ਸਾਈਟਸ ਵਿੱਚ
ਆਨਲਾਈਨ ਪਾਠਕਾਂ ਵਿੱਚ ਇਸਦੀ ਭਰੋਸੇਯੋਗਤਾ ਵੀ ਬਣੀ ਹੈ ।
19 ਸਤੰਬਰ 2009 ਨੂੰ ਰਾਜਬੀਰ ਕੌਰ ਤੇਜਾ ਦੀ ਸੰਪਾਦਨਾ ਹੇਠ ਸਪੇਨ ਤੋਂ ਪੰਜਾਬ
ਸਪੈਕਟ੍ਰਮ ਨਾਂਮ ਦੀ ਸਾਈਟ ਸੁਰੂ ਹੋਈ । ਖਾਲਿਸਤਾਨੀ ਸੁਰ ਵਾਲੀ ਇਸ ਸਾਈਟ ਨੂੰ ਹੁਣ
ਅੰਗਰੇਜ਼ੀ ਵਿੱਚ ਵੀ ਬਰੇਕਿੰਗ ਨਿਊਜ ਨੂੰ ਵੀ ਪੜ੍ਹਿਆ ਜਾ ਸਕਦਾ ਹੈ ।
2011 ਤੋਂ 2012 ਦੇ ਦੌਰਾਨ 3 ਨਾਮਵਰ ਪੱਤਰਕਾਰਾਂ ਨੇ ਆਪਣੇ ਵੈੱਬਸਾਈਟਸ
ਚਲਾਈਆਂ ਜਿੰਨ੍ਹਾਂ ਨੇ ਮੀਡੀਆ ਵਿੱਚ ਚੰਗੀ ਧਾਂਕ ਜਮਾਈ ਹੋਈ ਹੈ । ਚੰਡੀਗੜ੍ਹ
ਤੋਂ ਸੀਨੀਅਰ ਪੱਤਰਕਾਰ ਬਲਜੀਤ ਬੱਲੀ ਨੇ ਬਾਬੂਸ਼ਾਹੀ ਡਾਟ ਕਾਮ , ਜਲੰਧਰ ਤੋਂ ਐਚ
ਐਸ ਬਾਵਾ ਨੇ ਯੈਸ ਪੰਜਾਬ ਡਾਟ ਸੁਰੂ ਕੀਤੀ ਹੋਈ ਹੈ ਇਹਨਾਂ ਦੋਵਾਂ ਉਪਰ
ਅੰਗਰੇਜ਼ੀ ਅਤੇ ਪੰਜਾਬੀ ਵਿੱਚ ਹੱਥੋ -ਹੱਥੀ ਖਬਰਾਂ ਅਪਲੋਡ ਹੁੰਦੀਆਂ ਹਨ।
ਅੰਮ੍ਰਿਤਸਰ ਤੋਂ ਕੁਲਦੀਪ ਮਾਨ ਦੀ ਵੈੱਬਸਾਈਟਸ ਜਾਗੋਪੰਜਾਬ ਜਾਗੋ ਇੰਡੀਆ
ਅੰਗਰੇਜ਼ੀ ਵਿੱਚ ਖਬਰਾਂ ਦਿੰਦੀ ਹੈ।
ਇਹਨਾਂ ਤੋਂ ਇਲਾਵਾ ਆਨਲਾਈਨ ਮੀਡੀਆ ਵਿੱਚ ਬਹੁਤ ਸਾਰੀਆਂ ਸਾਈਟਸ ਯੋਗਦਾਨ
ਪਾ ਰਹੀਆਂ ਹਨ ਜਿੰਨ੍ਹਾਂ ਵਿੱਚ ਯੂਰੋਪ ਵਿੱਚ ਪੰਜਾਬੀ , (ਯਰੋੂਪ ) ਹਾਂਗਕਾਂਗ
ਵਿੱਚ ‘ਪੰਜਾਬੀ ਚੇਤਨਾ’, ਨਿਊਜੀਲੈਂਡ ਵਿੱਚ ‘ਪੰਜਾਬੀ ਹਰਲਡ’ ਜਿ਼ਕਰਯੋਗ ਹਨ । ਬਹੁਤ
ਸਾਰੀਆਂ ਹੋਰ ਸਾਈਟਸ ਵੀ ਚੱਲ ਰਹੀਆਂ ਹਨ ਪਰ ਜਿ਼ਆਦਾਤਰ ਕਦੇ- ਕਦੇ ਅਪਡੇਟ ਹੁੰਦੀਆਂ
ਹਨ ਅਤੇ ਬਹੁਤੀਆਂ ਕੁਝ ਸਮਾਂ ਚੱਲ ਕੇ ਬੰਦ ਹੋ ਜਾਂਦੀਆਂ ਹਨ।
2008 ਤੱਕ ਬਹੁਤੀਆਂ ਪੰਜਾਬੀ ਦੀਆਂ ਵੈੱਬਸਾਈਟਸ ਸਤਲੁਜ, ਅਨਮੋਲ , ਧਨੀ ਰਾਮ
ਚਾਤਰਿਕ ਆਦਿ ਫੌਂਟ ਵਿੱਚ ਸਨ ਜਿਸ ਕਾਰਨ ਕੰਪਿਊਟਰ ਦੀ ਘੱਟ ਜਾਣਕਾਰੀ ਰੱਖਣ ਵਾਲੇ
ਵਿਅਕਤੀ ਲਈ ਮੁਸ਼ਕਿਲ ਸੀ ਕਿਉਂਕਿ ਇਹਨਾਂ ਸਾਈਟਸ ਨੂੰ ਪੜ੍ਹਨ ਲਈ ਕੰਪਿਊਟਰ
ਵਿੱਚ ਸਬੰਧਤ ਫੋਟ ਡਾਊਨ ਲੋਡ ਕਰਨਾਪੈਂਦਾ ਸੀ । ਫਿਰ 2008 ਵਿੱਚ ਉਪਨ ਸੋਰਸ
ਪ੍ਰੋਗਰਾਮ ਯੂਨੀਕੋਡ ਆ ਗਿਆ ਜਿਸ ਨੂੰ ਕਿਸੇ ਕੰਪਿਊਟਰ ਉਪਰ ਡਾਊਨਲੋਡ ਕਰਨ
ਦੀ ਜਰੂਰਤ ਨਹੀਂ ਸੀ ਇਹ ਅੰਗਰੇਜ਼ੀ ਵੈੱਬਸਾਟੀਟਸ ਵਾਂਗੂੰ ਆਪਣੇ ਆਪ ਪੰਜਾਬੀ
ਵਿੱਚ ਖੁੱਲ੍ਹਦਾ ਸੀ । ਇਸ ਪ੍ਰੋਗਰਾਮ ਦਾ ਵੱਡਾ ਫਾਇਦਾ ਇਹ ਹੈ ਕਿ ਗੂਗਲ ਸਰਚ ਇੰਜਨ
ਉਪਰ ਵੀ ਇਹ ਪੰਜਾਬੀ ਵਿੱਚ ਦਿਖਾਈ ਦਿੰਦਾ ਹੈ। ਜਿਸ ਨਾਲ ਆਨਲਾਈਨ ਪਾਠਕ ਵਰਗ ਨੂੰ
ਵੱਡੀ ਰਾਹਤ ਮਿਲੀ । ਜਿਉਂ ਜਿਉਂ ਸੋਸਲ ਮੀਡੀਆ ਦਾ ਆਧਾਰ ਬਣਿਆ ਤਾਂ ਆਨ ਲਾਈਨ
ਮੀਡੀਆ ਨੂੰ ਇਸ ਦਾ ਫਾਇਦਾ ਹੋਣਾ ਸੁਰੂ ਹੋਇਆ ।
ਸਥਿਤੀ : ਹੁਣ ਆਨਲਾਈਨ ਪੰਜਾਬੀ ਰੇਡੀਓ ਅਤੇ ਟੀਵੀ ਸਮੇਤ ਖਬਰਾਂ ਦੀਆਂ ਸਾਈਟਸ ਦਾ
ਸੁਨਹਿਰੀ ਸਮਾਂ ਹੈ ਕਿਉਂਕਿ 2011-12 ਵਿੱਚ ਪੰਜਾਬ ਸਮੇਤ ਵੱਖ ਵੱਖ ਦੇਸ਼ਾਂ
ਵਿੱਚ ਇੰਟਰਨੈਟ ਵਰਤਣ ਵਾਲਿਆਂ ਦੀ ਗਿਣਤੀ ਵਧੀ ਹੈ ਪਰ ਸਮੱਸਿਆਵਾਂ ਦਾ ਮਾਊਟ
ਐਵਰੇਸਟ ਸਾਹਮਣੇ ਖੜ੍ਹਾ ਹੈ ਜੋ ਹਰ ਕੋਈ ਸਰ ਨਹੀਂ ਕਰ ਸਕਦਾ। ਇਸ ਕਰਕੇ ਆਨਲਾਈਨ
ਮੀਡੀਆ ਨੂੰ ਚੰਗਾ ਟਰੈਫਿਕ ਮਿਲ ਰਿਹਾ ਹੈ ਪਰ ਆਮਦਨ ਦੇ ਸਾਧਨ ਨਾਮਾਤਰ ਹੀ ਹਨ ।
ਅਖਬਾਰਾਂ ਵਿੱਚ ਜਾਂ ਬਾਕੀ ਸੰਚਾਰ ਸਾਧਨਾਂ ਨਾਲੋਂ ਪਹਿਲਾਂ ਨੈਟੀਜਨ ( ਇੰਟਰਨੈਟ ਵਰਤਣ
ਵਾਲੇ ) ਆਨਲਾਈਨ ਖ਼ਬਰ ਲੱਭਦੇ ਹਨ । ਜਦੋਂ ਕਿਧਰੇ ਪੰਜਾਬ ਅਤੇ ਪੰਜਾਬੀਆਂ ਨਾਲ
ਸਬੰਧਤ ਕੋਈ ਅਹਿਮ ਘਟਨਾ ਵਾਪਰਦੀ ਹੈ ਤਾਂ ਜਾਣਕਾਰੀ ਨੂੰ ਹਾਸਲ ਕਰਨ ਲਈ ਆਨ ਲਾਈਨ
ਮੀਡੀਆ ਦੇ ਨਿਊਜ ਪੋਰਟਲ ਉਪਰ ਕਲਿੱਕ ਲਗਾਤਾਰ ਵੱਧ ਜਾਂਦੇ ਹਨ । ਇਸਦਾ ਇੱਕ ਕਾਰਨ
ਇਹ ਵੀ ਹੈ ਕਿ ਜੱਗਬਾਣੀ ਅਖਬਾਰ ਤੋਂ ਬਿਨਾ ਕਿਸੇ ਪੰਜਾਬੀ ਅਖਬਾਰ ਨੇ ਹੱਥੋ- ਹੱਥੀਂ
ਖਬ਼ਰਾਂ ਇੰਟਰਨੈੱਟ ਤੇ ਪਾਉਣ ਦੀ ਸੁਰੂਆਤ ਨਹੀਂ ਕੀਤੀ ।
ਇਹ ਵੀ ਕਾਰਨ ਹੈ ਕਿ ਹਰੇਕ ਵਿਅਕਤੀ ਦੇ ਅੰਦਰ ਜਾਣਕਾਰੀ ਛੇਤੀ ਹਾਸਲ ਕਰਨ ਦੀ ਖਿੱਚ
ਹੁੰਦੀ ਹੈ। ਵਿਦੇਸ਼ਾਂ ਵਿੱਚ ਬੈਠੇ ਪ੍ਰਵਾਸੀ ਪੰਜਾਬੀ ਹਿੰਦੀ ਭਾਸ਼ੀ ਟੀ ਵੀ ਚੈਨਲਾਂ
ਨਾਲੋਂ ਪੰਜਾਬੀ ਆਨਲਾਈਨ ਮੀਡੀਆ ਤੋਂ ਖ਼ਬਰਾਂ ਦੀ ਸੱਚਾਈ ਜਾਣਨ ਲਈ ਵਧੇਰੇ
ਉਤਸਕ ਰਹਿੰਦੇ ਹਨ। ਜਿਸ ਨੂੰ ਵੱਧ ਭਰੋਸੇਯੋਗ ਵੀ ਸਮਝਦੇ ਹਨ।
ਇਹੀ ਕਾਰਨ ਹੈ ਕਿ ਦਿਨੋ ਦਿਨ ਪਾਠਕਾਂ / ਸਰੋਤਿਆਂ ਦਾ ਘੇਰਾ ਵੱਧ ਰਿਹਾ ਹੈ। ਆਮ
ਮੀਡੀਆ ਅਦਾਰਿਆਂ ਦੀ ਬੰਦਿਸ਼ਾਂ / ਪਾਲਿਸੀਆਂ ਨਾਲੋਂ ਬਿਨਾ ਕਿਸੇ ਸੈਂਸਰ ਦੇ ਚੱਲ ਰਹੇ
ਆਨਲਾਈਨ ਮੀਡੀਆ ਵਿੱਚ ਆਪਣੀ ਗੱਲ ਬੇਬਾਕੀ ਨਾਲ ਕਹਿਣ ਦੇ ਮੌਕੇ ਜਿ਼ਆਦਾ ਹੁੰਦੇ
ਹਨ । ਇੱਥੇ ਵਿਜ਼ਟਰ ਆਮ ਪਾਠਕ ਨਾਲੋਂ ਜਿ਼ਆਦਾ ਚੇਤੰਨ ਹਨ ਇਸ ਕਰਕੇ ਫਰਜ਼ੀ ਕਹਾਣੀ
ਦੇ ਪਰਦੇ ਪਲਾਂ ਵਿੱਚ ਫਾਸ਼ ਹੋ ਜਾਂਦੇ ਹਨ । ਬਾ-ਦਲੀਲ ਗੱਲ ਕਰਨ ਵਾਲਾ ਮੀਡੀਆ ਹੀ ਇੱਥੇ
ਪੈਰ ਜ਼ਮਾ ਕੇ ਖੜ੍ਹਾ ਹੈ ਨਹੀਂ ਤਾਂ ਬਾਕੀ ਸਪੈਮ ਦੀ ਭੇਂਟ ਚੜ੍ਹ ਜਾਂਦੇ ਹਨ।
ਆਨਲਾਈਨ ਵਿਜ਼ਟਰ ਨੂੰ ਖ਼ਬਰਾਂ ਦਾ ਝੱਸ ਐਨਾ ਹੈ ਕਿ ਉਹ ਸਵੇਰੇ ਉਠਣ ਸਾਰ ਇੱਕ
ਵਾਰ ਪਸੰਦੀਦਾ ਅਖਬਾਰਾਂ ਨੂੰ ਪੜ੍ਹਦਾ ਹੈ ਫਿਰ ਵਾਰ ਵਾਰ ਬਾਕੀ ਆਨਲਾਈਨ ਮੀਡੀਆ ਦੇ
ਹੋਮਪੇਜ ਤੇ ਦਸਤਕ ਦਿੰਦਾ ਹੈ।
ਜਿਹੜੀ ਸਾਈਟਸ ਲਗਾਤਾਰ ਅਪਡੇਟਸ ਦਿੰਦੀਆਂ ਹਨ ਉਹਨਾਂ ਕੋਲੇ ਅਖਬਾਰ ਪੜ੍ਹਨ ਵਾਲੇ ਕਈ
ਕਈ ਗੇੜੇ ਕੱਢ ਜਾਂਦੇ ਹਨ ਕਿਉਂਕਿ ਨਾਲ ਦੀ ਨਾਲ ਖ਼ਬ਼ਰ ਸਾਂਝੀ ਹੋਣ ਕਾਰਨ ਵਿਜਟਰ ਹੀ
ਆਪਣੇ ਪੱਧਰ ਤੇ ਟਰੈਫਿਕ ਵਧਾ ਦਿੰਦੇ ਹਨ। ਖਬਰਾਂ ਦੇ ਲਿੰਕ ਹੋਰਾਂ ਸੋ਼ਸ਼ਲ ਸਾਈਟਸ
ਉਪਰ ਸੇ਼ਅਰ ਕਰ ਦਿੰਦੇ ਹਨ ।
ਆਨਲਾਈਨ ਰੇਡੀਓਜ ਦੀ ਗੱਲ ਕਰੀਏ ਤਾਂ ਉਹ ਨਵੇਂ ਨਵੇਂ ਐਪਲੀਕੇਸ਼ਨਜ਼ ਆਉਣ ਨਾਲ
ਬਾਕੀ ਰੇਡੀਓ ਚੈਨਲਾਂ ਨੂੰ ਚੁਣੌਤੀ ਦੇਣ ਦੇ ਸਮਰੱਥ ਹੋ ਰਿਹਾ ਹੈ। ਨੈੱਟ ਰੇਡੀਓ
ਡਿਵਾਈਸ਼ , ਐਨਰਾਇਡਡ ਫੋਨ ਅਤੇ ਆਈ ਫੋਨ ਫੈਸ਼ਨ ਨਾਲ ਨੈੱਟ ਰੇਡੀਓ ਸਮੇਂ
ਦਾ ਹਾਣੀ ਬਣ ਰਿਹਾ ਹੈ।
ਹਰਮਨ ਰੇਡੀਓ ਆਸਟਰੇਲੀਆ, ਚੰਨ ਪ੍ਰਦੇਸ਼ੀ ਰੇਡੀਓ ਯੂਐਸਏ ਅਜਿਹੇ ਰੇਡੀਓ
ਹਨ ਜਿੰਨਾਂ ਦੀ ਸਾਹ ਰਗ ਪਟਿਆਲਾ ਵਿੱਚ ਹੈ। ਇਹ ਦੋਵੇ ਰੇਡੀਓ ਚੈਨਲਾਂ ਉਪਰ ਕ੍ਰਮਵਾਰ
ਅਸਟਰੇਲੀਆ ਅਤੇ ਯੂਐਸਏ ਤੋੰ ਸਰੋਤੇ ਤਾਂ ਜੁੜਦੇ ਹੀ ਹਨ ਨਾਲ- ਨਾਲ ਬਾਕੀ ਦੇਸ਼ਾਂ
ਤੋਂ ਵੀ ਟਰੈਫਿਕ ਆ ਰਿਹਾ ਹੈ। ਵਿਦੇਸ਼ਾਂ ਵਿੱਚ ਚੱਲਦੇ ਰੇਡੀਓਜ਼ ਵਾਂਗੂੰ ਆਨਲਾਈਨ
ਰੇਡੀਓ ਦੇ ਮੇਜ਼ਬਾਨ ਬੇਬਾਕੀ ਨਾਲ ਸੱਚ ਨੂੰ ਸਾਹਮਣੇ ਲਿਆ ਰਹੇ ਹਨ । ਦਿਲ ਆਪਣਾ
ਪੰਜਾਬੀ ਰੇਡੀਓ ਵੀ ਆਸਟਰੇਲੀਆ , ਯੂਰੋਪ ਅਤੇ ਕੈਨੇਡਾ ਤੋਂ ਕਾਫੀ ਸਰੋਿਤਆਂ ਤੱਕ
ਪਹੁੰਚ ਬਣਾ ਰਿਹਾ ਹੈ।
ਵੈੱਬ ਟੀਵੀ ਵਾਲੇ ਪਾਸੇ ਬੇਸੱ਼ਕ ਕੁਝ ਮੀਡੀਆ ਕਰਮੀ ਆਏ ਹਨ ਪਰ ਗਿਣਤੀਆਂ ਦੀ
ਸਾਈਟਸ ਨੂੰ ਸਹੀ ਤਰੀਕੇ ਨਾਲ ਚਲਾਇਆ ਜਾ ਰਿਹਾ ਹੈ। 24 ਘੰਟੇ ਖ਼ਬਰਾਂ ਪੇਸ਼ ਕਰਨ ਵਾਲਾ
ਕੋਈ ਆਨ ਲਾਈਨ ਟੀ ਵੀ ਚੈਨਲ ਸਥਾਪਤ ਨਹੀਂ ਹੋ ਸਕਿਆ । ਕਿਉਂਕਿ 24 ਘੰਟੇ ਕੈਮਰੇ
ਸਾਹਮਣੇ ਰਹਿਣ ਵਾਲਾ ਸਟਾਫ ਰੱਖਣਾ , ਖਬਰਾਂ ਅਤੇ ਹੋਰ ਸਮੱਗਰੀ ਇਕੱਠੀ ਕਰਕੇ ਐਡਿਟ
ਕਰਕੇ ਪ੍ਰੋਗਰਾਮ ਤਿਆਰ ਕਰਨੇ ਤੇ ਲਾਈਵ ਸਟਰੀਮਿੰਗ ਦੇ ਖਰਚੇ ਸਹਿਣ ਕਰਨੇ ਬਹੁਤ
ਮੁਸ਼ਕਿਲ ਹਨ । ਹਾਲੇ ਤੱਕ ਇਸ ਇੰਡਸਟਰੀ ਨੂੰ ਇਸ਼ਤਿਹਾਰਾਂ ਦੀ ਕਮੀ ਮਾਰ ਰਹੀ
ਹੈ। ਕੁਝ ਵਿਅਕਤੀਆਂ ਵੱਲੋਂ ਆਨਲਾਈਨ ਟੀਵੀ ਸੁਰੂ ਕਰਕੇ ਸਮਾਜਿਕ ਸਰਗਰਮੀਆਂ ਦੀਆਂ
ਰਿਪੋਰਟਾਂ , ਕਬੱਡੀ ਟੂਰਨਾਮੈਂਟ ਦਾ ਸਿੱਧਾ ਪ੍ਰਸਾਰਣ ਅਤੇ ਕੀਰਤਨ ਦਰਬਾਰ ਦੇ ਪ੍ਰਸ਼ਾਰਿਤ
ਕੀਤੇ ਜਾ ਰਹੇ ਹਨ ।
ਚੁਣੌਤੀਆਂ : ਜਿਹੜੇ ਮੀਡੀਆ ਕਰਮੀ ਪਹਿਲਾਂ ਮੀਡੀਆ ਨਾਲ ਜੁੜੇ ਸਨ ਉਹਨਾਂ ਦੇ
ਸਬੰਧ ਬਾਕੀ ਮੀਡੀਆਕਾਰਾਂ ਨਾਲ ਸੁਖਾਵੇ ਹੋਣ ਕਰਕੇ ਉਹਨਾਂ ਨੂੰ ਲਗਾਤਾਰ ਖ਼ਬਰਾਂ
ਪੱਤਰਕਾਰਾਂ ਅਤੇ ਭਰੋਸੇਯੋਗ ਸੂਤਰਾਂ ਤੋਂ ਮਿਲ ਰਹੀਆਂ ਹਨ। ਇੱਥੇ ਵੱਖ ਵੱਖ
ਖੇਤਰਾਂ ਨਾਲ ਪਹਿਲਾਂ ਸਥਾਪਤ ਹੋਏ ਸਬੰਧ ਕੰਮ ਦਿੰਦੇ ਹਨ ਪਰ ਕਿਸੇ ਹੋਰ ਖੇਤਰ
ਵਿੱਚੋਂ ਇਸ ਖੇਤਰ ਨੂੰ ਅਪਣਾਉਣ ਵਾਲੇ ਵਿਅਕਤੀਆਂ ਨੂੰ ਖਬਰਾਂ ਇਕੱਤਰ ਕਰਨ
ਅਤੇ ਉਹਨਾਂ ਦੀ ਭਰੋਸੇਯੋਗਤਾ ਬਣਾਉਣਾ ਇੱਕ ਵੱਡੀ ਚੁਣੌਤੀ ਹੈ। ਪਹਿਲਾਂ ਤੋਂ
ਇਸ ਖੇਤਰ ਵਿਚਰ ਰਹੇ ਪੱਤਰਕਾਰਾਂ ਨੂੰ ਖ਼ਬਰ ਦੀ ਪੁਸ਼ਟੀ ਕਰਨ ਅਤੇ ਹੋਰ ਸਮੱਗਰੀ
ਪ੍ਰਾਪਤ ਕਰਨ ਵਿੱਚ ਉਨੀ ਪ੍ਰੇਸ਼ਾਨੀ ਨਹੀਂ ਆਉਂਦੀ ਜਿੰਨੀ ਹੋਰ ਖੇਤਰ ਵਿੱਚੋਂ
ਆਏ ਵਿਅਕਤੀ ਨੂੰ ਹੁੰਦੀ ਹੈ। ਇਹ ਅਜਿਹਾ ਖੇਤਰ ਹੈ ਜਿੱਥੇ ਤੁਸੀ ਆਪਣੇ ਸਮਕਾਲੀ
ਦੇ ਸਾਥ ਨਾਲ ਵੀ ਅੱਗੇ ਵੱਧਦੇ ਹੋ ।
ਦੁਨੀਆਂ ਵਿੱਚੋ ਪ੍ਰਾਪਤ ਹੋ ਰਹੀਆਂ ਖ਼ਬਰਾਂ ਦੀ ਭਰੋਸੇਯੋਗ ਪਰਖਣੀ ਇੱਕ ਸੰਪਾਦਕ
ਲਈ ਵੱਡੀ ਚੁਣੌਤੀ ਹੈ ਜੋ ਉਸਦੇ ਨਿੱਜੀ ਸੂਤਰਾਂ / ਸਾਥੀਆਂ ਅਤੇ ਟੀਮ ਮੈਂਬਰਾਂ
ਦੇ ਮਿਲਵਰਤਣ ਨਾਲ ਹੀ ਸਿਰੇ ਚੜਦੀ ਹੈ। ਕਿਉਂਕਿ ਛੋਟੇ ਬਜਟ ਅਤੇ ਥੋੜੀ ਆਮਦਨ ਕਾਰਨ
ਪੱਤਰਕਾਰਾਂ ਦੀ ਵੱਡੀ ਟੀਮ ਰੱਖਣਾ ਸੰਭਵ ਨਹੀਂ ਹੁੰਦਾ ਇਸ ਕਰਕੇ ਇਸ ਖੇਤਰ ਵਿੱਚ
ਨਿੱਜੀ ਸਬੰਧ ਹੀ ਸਫਲਤਾ ਦੀ ਕੁੰਜੀ ਹਨ । ਆਨਲਾਈਨ ਮੀਡੀਆ ਵਿੱਚ ਕਿਸੇ ਇੱਕ ਸਿਆਸੀ
ਧਿਰ ਨੂੰ ਖੁਸ਼ ਕਰਕੇ ਆਮਦਨ ਦੇ ਵਸੀਲੇ ਪੈਦਾ ਕਰਨੇ ਵੀ ਭਰੋਸੇਯੋਗਤਾ ਨੂੰ
ਖਤਮ ਕਰਦਾ ਹੈ ਕਿਉਂਕਿ ਜਦੋਂ ਵੀ ਕੋਈ ਮੀਡੀਆ ਕਰਮੀ ਆਪਣੇ ਮਾਧਿਆਮ ਰਾਹੀ
ਕਿਸੇ ਸਿਆਸੀ ਪਾਰਟੀ , ਸੰਪਰਦਾਇ ਜਾਂ ਸਨਅਤੀ ਘਰਾਣੇ ਦੇ ਹੱਕ ਭੁਗਤਦਾ ਨਜ਼ਰ ਆਵੇਗਾ ਤਾਂ
ਵਿਜਟਰ ਨੇ ਅਗਲੇ ਕਲਿੱਕ ਨਾਲ ਉਹਦੀ ਥਾਂ ਨਵੀਂ ਸਾਈਟ ਨੂੰ ਖੋਲ੍ਹਣਾ ਸੁਰੂ ਕਰ ਦੇਣਾ
ਹੈ। ਵਿਦੇਸ਼ਾਂ ਵਿੱਚ ਬਾਕੀ ਮੀਡੀਆ ਵਾਂਗੂੰ ਕੁਝ ਆਨਲਾਈਨ ਮੀਡੀਆ ਵਿੱਚ ਖਾਲਿਸਤਾਨੀ
ਤੜਕਾ ਲਾ ਕੇ ਸਮੱਗਰੀ ਪਰੋਸੀ ਜਾ ਰਹੀ ਹੈ ਜੋ ਇੱਕ ਵਿਸ਼ੇਸ਼ ਧਿਰ ਤੋ ਇਸ਼ਤਿਹਾਰ ਹਾਸਲ
ਕਰਨ ਵਿੱਚ ਤਾਂ ਕਾਮਯਾਬ ਹੋ ਰਹੀਆਂ ਹਨ ਪਰ ਭਰੋਸੇਯੋਗਤਾ ਅਤੇ ਪਾਠਕਾਂ ਦੇ ਪੱਖੋ
ਘਾਟੇ ਵੱਲ ਜਾ ਰਹੀਆਂ ਹਨ ।
ਬੇਸ਼ੱਕ ਸਾਰੇ ਮੀਡੀਆ ਕਰਮੀ ਸਮਕਾਲੀਆਂ ਅਦਾਰਿਆਂ ਦੀਆਂ ਖਬਰਾਂ ਦਾ ਆਦਾਨ ਪ੍ਰਦਾਨ
ਕਰਦੇ ਹਨ । ਪਰ ਜਿਹੜੇ ਵਿਅਕਤੀ ਕਾਪੀ ਪੇਸਟ ਦਾ ਕੰਮ ਕਰਦੇ ਹਨ ਉਹਨਾਂ ਹਾਲ ਉਹੀ
ਹੁੰਦਾ ਜਿਵੇਂ ਗੁਰਦਾਸ ਮਾਨ ਫਰਮਾਉਂਦੇ ਹਨ , ‘ ਬਹੁਤੀ ਦੇਰ ਨਹੀਂ ਚੱਲਦਾ ਡੇਰਾ
ਸਾਧ ਪਾਖੰਡੀ ਦਾ ’ ਕਿਸੇ ਨਾਮਵਰ ਅਖ਼ਬਾਰ ਵਿੱਚੋਂ ਕਾਪੀ ਕੀਤੀਆਂ ਸਾਰੀਆਂ ਖ਼ਬਰਾਂ
ਨੂੰ ਇੱਕ ਵੈੱਬਸਾਈਟਸ ਪਾ ਕੇ ਫਿਰ ਉਸ ਉੱਤੇ ਟਰੈਫਿਕ ਦੀ ਆਸ ਰੱਖਣਾ ਬਿਲਕੁਲ
ਉਵੇਂ ਹੁੰਦਾ ਜਿਵੇਂ ਕੋਈ ਪਹਾੜੀ ਅੱਕ ਨੂੰ ਖਜੂਰਾਂ ਦੀ ਪਿਉਂਦ ਚੜਾ ਕੇ
ਹਾਰਟੀਕਲਚਰ ਦਾ ਮਾਹਿਰ ਬਣਨ ਸੁਪਨਾ ਦੇਖ ਰਿਹਾ ਹੋਵੇ ੇ । ਆਨਲਾਈਨ ਮੀਡੀਆ ਫਿਰ ਹੀ
ਪ੍ਰਚਲਿਤ ਹੋਵੇਗਾ ਜੇ ਲੀਕ ਤੋਂ ਹੱਟਵੀ ਗੱਲ ਛੇਤੀ ਅਤੇ ਸੰਖੇਪ ਕੀਤੀ ਜਾਵੇ।
ਆਰਥਿਕਤਾ : ਦੁਨਿਆਵੀ ਜਰੂਰਤਾਂ ਪੂਰਾ ਕਰਨ ਲਈ ਮਜਬੂਤ ਆਰਥਿਕ ਸਥਿਤੀ ਦੀ ਜਰੂਰਤ
ਹੁੰਦੀ ਹੈ। ਜੋ ਹਾਲੇ ਆਨ ਲਾਈਨ ਮੀਡੀਆ ਵਿੱਚ ਪੂਰੀ ਨਹੀ ਹੋ ਰਹੀ । ਇੱਥੇ ਜਿੰਨੀ
ਵੀ ਇਸ਼ਤਿਹਾਰਬਾਜ਼ੀ ਹੋ ਰਹੀ ਹੈ ਉਸ ਵਿੱਚੋਂ 80 ਪ੍ਰਤੀਸ਼ਤ ਮੀਡੀਆ ਹਾਊਸ ਨਾਲ
ਸਬੰਧਤ ਟੀਮ ਦੇ ਸਬੰਧਾਂ ਨੂੰ ਮਿਲ ਰਹੀ ਹੈ। 20 ਪ੍ਰਤੀਸ਼ਤ ਇਸ਼ਤਿਹਾਰ ਸਿੱਧੇ
ਰੂਪ ਵਿੱਚ ਪ੍ਰਕਾਸਿ਼ਤ ਹੋਣ ਲਈ ਆ ਰਹੇ ਹਨ ।
ਹੋਂਦ ਬਣਾਈ ਰੱਖਣ ਲਈ ਆਨ ਲਾਈਨ ਮੀਡੀਆ ਨੂੰ ਬਹੁਤ ਸੰਘਰਸ਼ ਕਰਨਾ ਪੈ ਰਿਹਾ
ਹੈ ਕਿਉਂਕਿ ਜਿੰਨਾ ਖਰਚ ਇਸ ਉਪਰ ਹੋ ਰਿਹਾ ਓਨੀ ਆਮਦਨ ਇਸ ਪਾਸਿਓ ਪ੍ਰਾਪਤ ਨਹੀਂ
ਹੋ ਰਹੀ । ਹਾਲੇ ਤੱਕ ਕੋਈ ਅਜਿਹਾ ਮੀਡੀਆ ਕਰਮੀ ਇਹ ਦਾਅਵਾ ਨਹੀਂ ਕਰ ਸਕਦਾ ਕਿ ਜੋ ਇਸ
ਫੀਲਡ ਵਿੱਚ ਕੰਮ ਕਰਦਾ ਹੋਇਆ ਆਪਣਾ ਪਰਿਵਾਰ ਨੂੰ ਇੱਥੋ ਪ੍ਰਾਪਤ ਹੋਣ ਵਾਲੀ
ਆਮਦਨ ਨਾਲ ਪਾਲ ਸਕੇ ।
ਭਾਵੇਂ ਆਨਲਾਈਨ ਮੀਡੀਆ ਵਿੱਚ ਥੋੜੇ ਪੈਸੇ ਖਰਚ ਕੇ ਬਹੁਤਾ ਪ੍ਰਚਾਰ ਹਾਸਲ ਹੋ ਰਿਹਾ ਪਰ ਕਾਰੋਬਾਰੀ ਅਦਾਰੇ ਹਾਲੇ ਧੀਮੀ ਗਤੀ ਨਾਲ ਇਸ ਪਾਸੇ ਧਿਆਨ ਦੇ ਰਹੇ ਹਨ ।
ਗੂਗਲ ਐਡ ਦੇ ਜ਼ਰੀਏ ਵੀ ਐਡ ਮਿਲ ਰਹੀਆਂ ਪਰ ਉਹ ਸਿਰਫ ਅੰਗਰੇਜ਼ੀ ਸਮੱਗਰੀ
ਵਾਲੀਆਂ ਵੈੱਬਸਾਈਟਸ ਨੂੰ ਮਿਲ ਰਹੀਆਂ ਖੇਤਰੀ ਭਾਸ਼ਾਵਾਂ ਇਸ ਹਾਲੇ ਸੁਰੂਆਤ ਹੋਣੀ
ਬਾਕੀ ਹੈ। ਇਹ ਐਡਜ ਵੈੱਬਸਾਈਟ ’ਤੇ ਆਉਣ ਕੁੱਲ ਕਲਿੱਕ ਅਤੇ ਉਹਨਾਂ ਰਾਹੀ
ਸਬੰਧਤ ਇਸ਼ਤਿਹਾਰ ਵਿੱਚ ਦਿੱਤੇ ਲਿੰਕ ਤੇ ਜਾਣ ਵਾਲੇ ਵਿਜ਼ਟਰਾਂ ਦੀ ਗਿਣਤੀ ਦੇ ਹਿਸਾਬ ਨਾਲ
ਅਦਾ ਕੀਤੇ ਜਾਂਦੇ ਹਨ। ਸਰਕਾਰੀ ਇਸ਼ਤਿਹਾਰ ਹਾਲੇ ਆਨ ਲਾਈਨ ਮੀਡੀਆ ਨੂੰ ਨਸੀਬ ਤਾਂ ਕੀ
ਹੋਣੇ ਸਨ ਹਾਲੇ ਤੱਕ ਇਸ ਖੇਤਰ ਨਾਲ ਜੁੜੇ ਪੱਤਰਕਾਰਾਂ ਨੂੰ ਸ਼ਨਾਖਤੀ ਕਾਰਡ ਵੀ ਨਹੀ
ਦਿੱਤੇ ਜਾ ਰਹੇ ।
ਸਥਿਤੀ ਦੀ ਗੱਲ ਹੋਏ ਕਿਹਾ ਜਾ ਸਕਦਾ ਕਿ ਪਹਿਲਾ ਕੁਝ ਵਿਅਕਤੀ ਮੈਗਜ਼ੀਨ / ਹਫ਼ਤਾਵਾਰੀ
ਅਖਬਾਰ ਛਾਪਣ ਵੱਲ ਰੁਚਿਤ ਹੁੰਦੇ ਸਨ ਉਹ ਹੁਣ ਆਨਲਾਈਨ ਮੀਡੀਆ ਦੇ ਖੇਤਰ ਵਿੱਚ
ਆ ਰਹੇ ਹਨ ਬੇਸੱ਼ਕ ਇੱਥੇ ਥੋੜੀ ਪੂੰਜੀ ਲਾ ਕੇ ਸੁਰੂਆਤ ਕੀਤੀ ਜਾ ਸਕਦੀ ਹੈ ਪਰ
ਸਭ ਨੂੰ ਆਪਣੀ ਅੱਗ ਬਾਲ ਕੇ ਸੇਕਣਾ ਪੈ ਰਿਹਾ ਹੈ।
ਸੰਭਾਵਨਾਵਾਂ : ਆਨਲਾਈਨ ਮੀਡੀਆ ਦਾ ਖੇਤਰ ਬਹੁਤ ਵਿਸ਼ਾਲ ਹੈ ਜੇਕਰ ਹਰ ਵਰਗ ਦੀ
ਪਸੰਦ ਨੂੰ ਧਿਆਨ ਵਿੱਚ ਰੱਖ ਕੇ ਅਪਡੇਟ ਦਿੱਤੇ ਜਾਣ ਤੇ ਅਸੀਮ ਸੰਭਾਵਨਾਵਾਂ ਹਨ।
ਇੱਥੋਂ ਸਥਾਪਿਤ ਹੋਣ ਲਈ ਵੱਡੇ ਬਜ਼ਟ ਨਾਲੋਂ ਜਿ਼ਆਦਾ ਕਾਬਿਲ ਟੀਮ ਸਹਾਈ ਹੁੰਦੀ
ਹੈ। ਆਪਣੇ ਬਰਾਂਡ ਦੀ ਪਬਲੀਸਿਟੀ ਲਈ ਵੀ ਬਹੁਤਾ ਖਰਚ ਕਰਨ ਦੀ ਜਰੂਰਤ ਨਹੀਂ ।
ਸਮੇਂ ਦਾ ਹਾਣੀ ਬਣਨ ਲਈ ਬਹੁਤ ਸਖਤ ਮਿਹਨਤ ਕਰਨ ਦੀ ਜਰੂਰਤ ਹੈ। ਮੁਕਾਬਲੇ ਦੀ
ਭਾਵਨਾ ਨਾਲ ਹੋਰ ਸੰਭਾਵਨਾਵਾਂ ਪਣਪਦੀਆਂ ਹਨ ।
ਛੇਤੀ ਹੀ ਆਨਲਾਈਨ ਮੀਡੀਆ ਸਬੰਧੀ ਪਾਲਿਸੀ ਬਣਾਈ ਜਾਣੀ ਸਰਕਾਰ ਦੀ ਜਰੂਰਤ ਬਣ ਜਾਣੀ ਹੈ।
ਕਿਉਂਕਿ ਦੁਨੀਆਂ ਦੇ ਕਿਸੇ ਹਿੱਸੇ ਵਿੱਚ ਵਾਪਰੀ ਕਿਸੇ ਘਟਨਾ ਨੂੰ ਪਲਾਂ ਵਿੱਚ ਸਾਂਝਾ
ਕਰਨ ਦਾ ਇੱਕੋ ਇੱਕ ਸਾਧਨ ਹੈ ਉਹ ਆਨਲਾਈਨ ਮੀਡੀਆ ।
ਆਨਲਾਈਨ ਮੀਡੀਆ ਕਰਮੀਆਂ ਨੂੰ ਰੋਜ਼ਾਨਾ ਆਪਣੇ ਅਪਡੇਟ ਮੁਤਾਬਿਕ ਟਰੈਫਿਕ ਦਾ
ਧਿਆਨ ਰੱਖਣਾ ਇਸ ਨੂੰ ਸੰਭਾਵਨਾਵਾਂ ਭਰਪੂਰ ਬਣਾਉਂਦਾ ਹੈ ਕਿ ਕਿਸ ਤਰ੍ਹਾਂ ਦੇ
ਮੈਟਰ ਨਾਲ ਕਿੱਥੇ ਅਸਰ ਹੋਇਆ ।
ਕੱਲੇ ਕੱਲੇ ਵਿਜਟਰ ਦੀ ਜਾਣਕਾਰੀ ਵੀ ਰੱਖਣੀ ਵੀ ਇਹ ਅਗਾਹਵਧੂ ਮੀਡੀਆ ਕਰਮੀ ਦੀ ਜਰੂਰਤ
ਹੈ ਅਤੇ ਮਜਬੂਰੀ ਵੀ । ਆਨ ਲਾਈਨ ਮੀਡੀਆ ਹਵਾ ਵਿੱਚ ਛੱਡਿਆ ਉਹ ਤੀਰ ਹੈ ਜਿਹੜਾ
ਅਣਜਾਣੇ ਵਿੱਚ ਵੀ ਅਣਗਣਿਤ ਨਿਸ਼ਾਨੇ ਮਾਰ ਜਾਂਦਾ ਹੈ।
ਸੰਭਾਵਨਾਵਾਂ ਦੇ ਸੰਦਰਭ ਵਿੱਚ ਮੇਰੇ ਨਿੱਜੀ ਤਜ਼ਰਬੇ ਹਨ ਕਿ ਇੱਕ ਚੇਤੰਨ ਵਿਜ਼ਟਰ
ਤੁਹਾਨੂੰ ਜਿੰਨ੍ਹਾਂ ਫਾਇਦਾ ਕਰ ਸਕਦਾ ਹੈ ਸ਼ਾਇਦ ਉਹਨਾਂ ਲੱਖਾਂ ਰੁਪਏ ਲਾ ਕੇ
ਨਹੀ ਨਾ ਕੀਤਾ ਜਾਵੇ । ਜਦੋਂ ਪੰਜਾਬੀ ਨਿਊਜ ਆਨ ਲਾਈਨ ਸੁਰੂ ਕੀਤੀ ਸੀ ਤਾਂ ਮੈਨੂੰ
ਬ੍ਰਿਟਿਸ਼ ਕੰਲੋਬੀਆਂ ਤੋਂ ਸਿਰਫ਼ ਇੱਕ ਮੀਡੀਆ ਕਰਮੀ ਜਾਣਦਾ ਸੀ । ਕੁਝ ਦਿਨ ਅਸੀਂ
ਦੋਵੇ ਵਿਜਟਰ ਹੀ ਹੁੰਦੇ ਦੀ ਫਿਰ ਸਿਲਸਿਲਾ ਚੱਲਦਾ ਗਿਆ । ਉਦੋਂ ਮੈਨੂੰ ਬਹੁਤ ਚਾਅ
ਹੁੰਦਾ ਸੀ ਜਦੋਂ 100 ਵਿਜਟਰ ਇੱਕ ਦਿਨ ਦੇ ਹੁੰਦੇ ਸਨ । ਜਿਹੜੇ ਹੁਣ ਹਜ਼ਾਰਾਂ ਦਾ
ਅੰਕੜਾ ਪਾਰ ਚੁੱਕੇ ਹਨ। ਭਵਿੱਖ ਵੱਲ ਦੇਖਦਿਆਂ ਭਾਂਵੇ ਦਿੱਲੀ ਦੂਰ ਲੱਗਦੀ ਹੈ ਪਰ
ਇਹ ਗੱਲ ਵੀ ਪੱਥਰ ਤੇ ਲਕੀਰ ਹੈ ਇੱਕ ਦਿਨ ਵਿੱਚ ਕਾਮਯਾਬੀ ਜਰੂਰ ਮਿਲ ਜਾਣੀ ਹੈ। ਵੱਖ
ਵੱਖ ਕੰਮਾਂ ਕਾਰਾਂ ਲਈ ਇੰਟਰਨੈਟ ਦੀ ਵਰਤੋਂ ਕਰਨ ਵਾਲੇ ਲੋਕਆਨਲਾਈਨ ਮੀਡੀਆ ਪ੍ਰਤੀ
ਦਿਨੋਂ ਦਿਨ ਅਕਾਰਸਿ਼ਤ ਹੋ ਰਹੇ ਹਨ ।
ਆਪਣੇ ਵਿਜ਼ਟਰ ਨੂੰ ਟਾਰਗੇਟ ਕਰਕੇ ਦਿੱਤੇ ਅਪਡੇਟ ਤੁਹਾਨੂੰ ਕੁਝ ਘੰਟਿਆਂ ਵਿੱਚ
ਅੰਤਰਰਾਸ਼ਟਰੀ ਪ੍ਰਸਿੱਧੀ ਦਿਵਾ ਸਕਦੇ ਹਨ ਜਿਹੜੀ ਪਿੰ੍ਰਟ ਮੀਡੀਆ ਵਿੱਚ ਬਹੁਤ ਲੰਬੀ
ਘਾਲਣਾ ਘਾਲ ਕੇ ਮਿਲਦੀ ਹੈ। ਇੱਥੇ ਦਿੱਤੇ ਹਰ ਅਪਡੇਟ ਦਾ ਪ੍ਰਭਾਵ ਵੀ ਪਲਾਂ ਵਿੱਚ
ਤੁਹਾਡੇ ਸਾਹਮਣੇ ਆਉਂਦਾ ਤਾਂ ਮਹਿਸੂਸ ਹੁੰਦਾ ਕਿ ਆਉਣ ਵਾਲਾ ਯੁੱਗ ਆਨਲਾਈਨ
ਮੀਡੀਆ ਦਾ ਹੋਵੇਗਾ ਪਰ ਇੱਥੇ ਤੁੱਕੇ ਨਹੀਂ ਤੀਰ ਚੱਲਦੇ ਹਨ ।
ਸਾਰ ਇਹ ਹੈ ਕਿ ਕੋਲੋ ਪੈਸੇ ਖਰਚ ਕੇ ਪਾਠਕਾਂ ਨੂੰ ਮੁਫ਼ਤ ਵਿੱਚ ਖਬਰਾਂ
ਦੇਣੀਆਂ ਮਾਰ ਕੇ ਖੀਰ ਖੁਆਉਣ ਵਾਲੀ ਗੱਲ ਹੈ ਫਿਰ ਵੀ ਹੀ ਲੋਕ ਵਿਅਕਤੀ ਖਾਂਦੇ ਹਨ
ਜਿੰਨਾਂ ਨੂੰ ਇਸ ਦੀ ਜਰੂਰਤ ਮਹਿਸੂਸ ਹੁੰਦੀ ।
ਆਨਲਾਈਨ ਮੀਡੀਆ ਇੱਕ ਪਗਡੰਡੀ ਤੋ ਸ਼ਾਹਰਾਹ ਜਾ ਰਿਹਾ ਹੈ ਜਿਸ ਉਪਰੋਂ ਕਦੇ –
ਕਦਾਈ ਆਪਾਂ ਸਾਰਿਆਂ ਨੇ ਗੁਜਰਨਾ , ਸੋ ਅਸੀੰ ਮੀਲ ਪੱਥਰ ਗੱਡਣ ਦੀ ਕੋਸਿ਼ਸ਼ ਕਰ
ਰਹੇ ਹਾਂ ਸਾਥੋਂ ਅਗਲਿਆਂ ਮਾਰਗ ਦਰਸਾਉਣਗੇ ।
ਸੁਖਨੈਬ ਸਿੰਘ ਸਿੱਧੂ
ਮੁੱਖ ਸੰਪਾਦਕ , ਪੰਜਾਬੀ ਨਿਊਜਆਨਲਾਈਨ
ਸੰਪਰਕ : 94175 25762
ਸੰਪਰਕ : 94175 25762