Sunday, February 5, 2012

ਡੇਰਾ ਸਿਰਸਾ ਖਿਲਾਫ ਲਾਮਬੰਦੀ ਅਕਾਲੀ ਦਲ ਦੀ ਨਵੀਂ ਰਣਨੀਤੀ ਦਾ ਹਿੱਸਾ ਵੀ ਹੋ ਸਕਦਾ

ਸੁਖਨੈਬ ਸਿੰਘ ਸਿੱਧੂ

ਗੁਰੂ ਸਾਹਿਬਾਨ ਵੱਲੋਂ ਸਾਜੇ ਨਿਆਰੇ ਪੰਥ ਦੇ ਆਗੂਆਂ ਨੂੰ ਹੁਣ ਮੌਕਾ ਪ੍ਰਸਤੀ ਦੀ ਪੁੱਠ ਚੜ ਰਹੀ ਹੈ । ਇਹ ਆਗੂ ਨਿੱਜੀ ਸਵਾਰਥਾਂ ਲਈ ਬੋਲਦੇ / ਬਿਆਨਬਾਜ਼ੀ ਕਰਦੇ ਅਤੇ ਚੁੱਪ ਵੀ ਰਹਿੰਦੇ ਹਨ । ਇਸ ਤਰ੍ਹਾਂ ਕੁਝ ਆਗੂ ਗਰਮ ਬਿਆਨਬਾਜ਼ੀ ਕਰਕੇ ਆਮ ਸਿੱਖਾਂ ਦੇ ਜਜ਼ਬਾਤ ਭੜਕਾ ਦਿੰਦੇ ਹਨ ਅਤੇ ਖੁਦ ਸੁਰਖੀਆਂ ਵਿੱਚ ਰਹਿ ਕੇ ਗਰਜਾਂ ਪੂਰੀ ਕਰਦੇ ਹਨ । ਪੰਥ ਦਾ ਇੱਕ ਆਗੂ ਦਾ ਅਜਿਹਾ ਹੈ ਜੋ ਪੱਤਰਕਾਰਾਂ ਨੂੰ ਕਹਿੰਦਾ ਰਹਿੰਦਾ ਕਿ ਉਸਦੇ ਬਿਆਨ ਦਾ ਕੁਝ ਨਾ ਕੁਝ ਹਿੱਸਾ ਮੂਹਰਲੇ ਪੇਜ ਜਰੂਰ ਛਪੇ । ਪਰ ਜਦੋਂ ਪੰਥਕ ਮਾਮਲਿਆ ਤੇ ਠੋਸ ਸਟੈਂਡ ਲੈਣ ਦਾ ਮੌਕਾਂ ਆਉਂਦਾ ਤਾਂ ਸਾਰੇ ਆਪੋ ਆਪਣੀਆਂ ਜੁ਼ਬਾਨਾਂ ਨੂੰ ਤਾਲੇ ਲਾ ਲੈਂਦੇ ਹਨ ।

ਗੱਲ ਡੇਰਾਵਾਦ ਅਤੇ ਪੰਥਕ ਆਗੂਆਂ ਦੇ ਦੋਗਲੇ ਕਿਰਦਾਰ ਤੋ ਸ਼ੁਰੂ ਕਰ ਰਹੇ ਹਾਂ । ਹੋ ਸਕਦਾ ਕੱਲ੍ਹ ਨੂੰ ਮੈਨੂੰ ਪੰਥ ਵਿੱਚੋਂ ਛੇਕਣ ਦਾ ਫੁਰਮਾਨ ਜਾਰੀ ਹੋ ਜਾਵੇ ਪਰ ਮੈਂ ਆਪਣੇ ਆਪ ਨੂੰ ਬਾਦਲ ਪੰਥੀ ਨਾ ਸਮਝਦਾ ਹੋਇਆ ਪਹਿਲਾਂ ਹੀ ਪਾਸੇ ਰਹਿਣ ਦਾ ਐਲਾਨ ਕਰਦਾ ਹਾਂ।

ਚੋਣ ਪ੍ਰਚਾਰ ਦੇ ਚੱਲਦੇ ਜਿਵੇਂ ਤਿੰਨ ਪ੍ਰਮੁੱਖ ਪਾਰਟੀਆਂ ਦੇ ਆਗੂ ਡੇਰਾ ਸਿਰਸਾ ਵਿੱਚ ਹਾਜ਼ਰੀ ਭਰਦੇ ਰਹੇ ਹਨ । ਇਸ ਵਿੱਚ ਡੇਰਾ ਮੁਖੀ ਨੂੰ ਦੋਸ਼ੀ ਨਹੀਂ ਕਹਿ ਸਕਦੇ ਦੋਸ਼ੀ ਸਾਡੇ ਸਿਆਸੀ ਆਗੂ ਹਨ ਜਿਹਨਾਂ ਨੂੰ ਵੋਟਾਂ ਵੇਲੇ ਡੇਰਿਆਂ ਦੇ ਆਸ਼ੀਰਵਾਦ ਦੀ ਜਰੂਰਤ ਮਹਿਸੂਸ ਹੁੰਦੀ ਇਸੇ ਕਾਰਨ ਡੇਰੇ ਵੱਲ ਵਹੀਰਾਂ ਘੱਤ ਲੈਂਦੇ ਹਨ । ਲੀਡਰ ਵੀ ਉਦੋਂ ਪਹੁੰਚ ਚੁੱਕੇ ਹਨ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿੰਘ ਸਾਹਿਬਾਨ ਨੇ ਅਜਿਹਾ ਨਾ ਕਰਨ ਦਾ ਹੁਕਮਨਾਮਾ ਜਾਰੀ ਕੀਤਾ ਹੋਵੇ ।

ਜਦੋਂ ਸਾਰੀਆਂ ਸਿਆਸੀ ਪਾਰਟੀਆਂ ਦੇ ਉਮੀਦਵਾਰ ਡੇਰਾ ਦਰਸ਼ਨ ਕਰ ਚੁੱਕੇ ਸਨ ਤਾਂ ਅਸੀਂ ਇੱਕ ਆਰਟੀਕਲ ਲਿਖਿਆ ਸੀ ਜਿਸ ਵਿੱਚ ਗੱਲ ਸਪੱਸ਼ਟ ਕੀਤੀ ਸੀ ਕਿ ਪਹਿਲਾਂ ਤਾਂ ਜਥੇਦਾਰਾਂ ਇਹਨਾਂ ਲੋਕਾਂ ਖਿਲਾਫ਼ ਕਾਰਵਾਈਆਂ ਨਹੀਂ ਕਰਨਗੇ ਕਿਉਂਕਿ ਇਸ ਵਿੱਚ ਅਕਾਲੀ ਦਲ ਦੇ ਉਮੀਦਵਾਰ ਸ਼ਾਂਮਿਲ ਹਨ ਫਿਰ ਆਪਣੀ ਕੁਰਸੀ ਨੂੰ ਠੋਕਰ ਮਾਰਨ ਵਾਲਾ ਕਿਹੜਾ ‘ਮਾਈ ਦਾ ਲਾਲ ’ ਸਿੰਘ ਸਾਹਿਬਾਨ ਹੈ ਜੋ ਬਾਦਲ ਸਾਹਿਬ ਦੀ ਰਜ਼ਾ ਖਿਲਾਫ਼ ਸਟੈਂਡ ਲਵੇ । ਨਾਲ ਮੈਂ ਆਪਣੇ ਲੇਖ ਵਿੱਚ ਇਹ ਕਿਹਾ ਸੀ ਪਹਿਲਾਂ ਤਾਂ ਕਾਰਵਾਈ ਹੁੰਦੀ ਨਹੀਂ ਜੇਕਰ ਲੋਕ ਲੱਜੋਂ ਹੋਈ ਤਾਂ ਚੋਣਾਂ ਤੋਂ ਬਾਅਦ ਵਿੱਚ ਹੋਵੇਗੀ । ਜੋ ਬਿਆਨਬਾਜ਼ੀ ਹੁਣ ਹੋ ਰਹੀ ਉਹ ਇਸੇ ਸੰਦਰਭ ਵਿੱਚ ਦੇਖੀ ਜਾ ਰਹੀ । ਸਿ਼ਕਾਇਤ ਮਿਲਣ ਤੇ ਕਾਰਵਾਈ ਹੋਣ ਦੀ ਗੱਲ ਗੈਰ ਜਿੰਮੇਵਾਰ ਠਾਣੇਦਾਰ ਵਾਂਗੂੰ ਕਹਿ ਕੇ ਜਥੇਦਾਰ ਮਰਿਆ ਸੱਪ ਗਲੋ ਲਾਹ ਰਹੇ ਹਨ ।

ਚੋਣਾਂ ਤੋਂ 2 ਦਿਨ ਪਹਿਲਾਂ ਪੁਲੀਸ ਡੇਰਾ ਮੁਖੀ ਖਿਲਾਫ਼ ਮਾਮਲਾ ਰੱਦ ਕਰਨ ਲਈ ਅਦਾਲਤ ਵਿੱਚ ਪੇਸ਼ ਹੁੰਦੀ ਹੈ ਪਰ ਬੀਤੇ ਦਿਨੀ ਡੇਰਾ ਮੁਖੀ ਖਿਲਾਫ਼ ਪਰਚਾ ਦਰਜ ਕਰਵਾਉਣ ਵਾਲਾ ਵਿਅਕਤੀ ਅਦਾਲਤ ਵਿੱਚ ਪੇਸ਼ ਹੋ ਕੇ ਪੁਲੀਸ ਦੁਆਰਾ ਦਿੱਤੇ ਉਸਦੇ ਹਲਫਨਾਮੇ ਨੂੰ ਝੁਠਲਾ ਕੇ ਆਪਣੇ ਪਹਿਲੇ ਸਟੈਂਡ ਤੇ ਖੜਾ ਰਹਿਣ ਦਾ ਐਲਾਨ ਕਰਦਾ ਹੈ।

ਦੂਜੇ ਪਾਸੇ ਜਥੇਦਾਰ ਨੰਦਗੜ ਚੋਣਾਂ ਦੌਰਾਨ ਡੇਰੇ ਸਿਰਸੇ ਗਏ ਉਮੀਦਵਾਰਾਂ ਖਿਲਾਫ ਕਾਰਵਾਈ ਕਰਨ ਦੀ ਗੱਲ ਆਖਦੇ ਹਨ ਜਦਕਿ ਪਹਿਲਾਂ ਤਕਰੀਬਨ ਚੁੱਪ ਹੀ ਸਾਧੀ ਰੱਖੀ ।

ਇੱਕ ਅਖਬਾਰ ਕੋਲ ਉਹ ਆਪਣੀ ਬੇਵਸੀ ਵੀ ਜਾਹਿਰ ਕਰ ਗਏ ਕਿ ਬਾਕੀ ਜਥੇਦਾਰ ਉਹਨਾਂ ਦੀ ਮੰਨਦੇ ਹਨ । ਸੋਚਣ ਵਾਲੀ ਗੱਲ ਹੈ ਜੇਕਰ ਤੁਹਾਡੀ ਦੱਸ ਪੁਛ ਨਹੀਂ ਫਿਰ ਆਪਣਾ ਅਹੁਦਾ ਤਿਆਗ ਕਿਉਂ ਨਹੀਂ ਦਿੰਦੇ ਪਰ ਲਾਲ ਬੱਤੀ ਦਾ ਨਜ਼ਾਰੇ ਕਿੱਥੇ ਛੱਡਣ ਨੂੰ ਜੀਅ ਕਰਦਾ ।

ਕੱਲ੍ਹ ਬਠਿੰਡਾ ਵਿੱਚ ਜਥੇਦਾਰ ਨੰਦਗੜ ਨੇ ਸ਼ਰੋਮਣੀ ਅਕਾਲੀ ਦਲ ਦੇ ਘੋਨੇ ਜਥੇਦਾਰ ਉਪਰ ਇਤਰਾਜ਼ ਕਰਦਿਆਂ ਸਲਾਹ ਦਿੱਤੀ ਕਿ ਜੇਕਰ ਅਕਾਲੀ ਦਲ ਨੇ ਸਰਕਲ ਜਥੇਦਾਰ ਦਾ ਅਹੁਦਾ ਰੱਖਣਾ ਹੀ ਹੈ ਤਾਂ ਇਹ ਅਹੁਦਾ ਕੇਸਧਾਰੀਆਂ ਨੂੰ ਦਿੱਤਾ ਜਾਵੇ ਜਾਂ ਫਿਰ ਅਹੁਦੇ ਨਾਂਮ ਬਦਲ ਕੇ ਸਰਕਲ ਪ੍ਰਧਾਨ ਕਰ ਦਿੱਤਾ ਜਾਵੇ ।

ਜਥੇਦਾਰ ਨੰਦਗੜ ਨੇ ਇੱਕ ਹੋਰ ਸਖ਼ਤ ਸਟੈਨਡ ਲਿਆ ਹੈ ਕਿ ਡੇਰਿਆਂ ਵਿੱਚ ਜਾਣ ਵਾਲੇ ਸਿਆਸੀ ਆਗੂਆਂ ਨੂੰ ਸਿਰੋਪਾ ਨਹੀ ਦਿੱਤਾ ਜਾਵੇਗਾ । ਜਥੇਦਾਰ ਨੰਦਗੜ੍ਹ ਨੇ ਇੱਥੇ ਤੱਕ ਵੀ ਕਹਿ ਤਾਂ ਦਿੱਤਾ ਕਿ ਜੇਕਰ ਪਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੀ ਡੇਰੇ ਜਾਣ ਦੀ ਪੁਸ਼ਟੀ ਹੁੰਦੀ ਤਾਂ ਉਨ੍ਹਾਂ ਉਪਰ ਵੀ ਇਹ ਸਿਧਾਂਤ ਲਾਗੂ ਹੋਵੇਗਾ ਪਰ ਕੀ ਜਥੇਦਾਰ ਨੰਦਗੜ ਨਹੀਂ ਜਾਣਦੇ ਕਿ ਸੁਖਬੀਰ ਬਾਦਲ ਆਪਣੀ ਧਰਮ ਪਤਨੀ ਨਾਲ ਡੇਰਾ ਬਿਆਸ ਵਿੱਚ ਜਾ ਚੁੱਕੇ ਹਨ ਪਰ ਇਸਨੂੰ ਪਰਿਵਾਰਕ ਮਾਮਲਾ ਕਹਿ ਕੇ ਛੋਟ ਦਿੱਤੀ ਜਾ ਸਕਦੀ ਹੈ ਆ਼ਖਰ ਸ਼ਰੋਮਣੀ ਅਕਾਲੀ ਦੇ ਮਾਲਕ ਨੇ ਉਹ , ਪ੍ਰਕਾਸ਼ ਸਿੰਘ ਬਾਦਲ ਨੇ ਇੱਕੋਂ ਦਿਨ ਮੋਗਾ ਜਿਲ੍ਹੇ ਨੇੜਲੇ ਸਾਰੇ ਡੇਰਿਆਂ ਵਿੱਚ ਚੌਂਕੀ ਭਰੀ ਪਰ ਲੱਗਦਾ ਜਥੇਦਾਰ ਸਾਹਿਬ ਦੀਆਂ ਐਨਕਾਂ ਇਹ ਕੁਝ ਨਹੀਂ ਦੇਖਦੀਆਂ।

ਚੋਣਾਂ ਵੇਲੇ ਅੰਡਰਗਰਾਊਂਡ ਵਾਲੀ ਹਾਲਤ ਵਿੱਚ ਰਹੇ ਦਮਦਮੀ ਟਕਸਾਲ ਦੇ ਆਗੂ ਹਰਨਾਮ ਸਿੰਘ ਧੁੰਮਾਂ ਨੂੰ ਕੱਲ੍ਹ ਇਹ ਚੇਤਾ ਆ ਗਿਆ ਕਿ ਡੇਰੇ ਵਿੱਚ ਜਾਣ ਵਾਲੇ ਉਮੀਦਵਾਰਾਂ ਖਿਲਾਫ਼ ਕਾਰਵਾਈ ਕੀਤੀ ਜਾਵੇ ਜਦਕਿ ਪਹਿਲਾਂ ਉਹਨਾਂ ਨੇ ਚੁੱਪ ਧਾਰੀ ਰੱਖੀ ।

ਡੇਰਾ ਮੁਖੀ ਨਾਲ ਸਿੱਧੀ ਟੱਕਰ ਲੈਣ ਸੰਤ ਬਲਜੀਤ ਸਿੰਘ ਦਾਦੂਵਾਲ ਨੇ ਡੇਰਾ ਸਿਰਸਾ ਜਾਣ ਵਾਲੇ ਆਗੂਆਂ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਦੋਗਲੇ ਸਟੈਂਡ ਦੀ ਨਿਖੇਧੀ ਕੀਤੀ ਹੈ।

ਦੂਜੇ ਪਾਸੇ ਸੀ ਪੀ ਆਈ ( ਐਮ ਐਲ ) ਲਿਬਰੇਸ਼ਨ ਦਾ ਕਹਿਣਾ ਹੈ ਕਿ ਸਰਕਾਰ ਨੇ ਡੇਰਾ ਮੁਖੀ ਖਿਲਾਫ ਸਿਆਸੀ ਕਿੜ੍ਹਾਂ ਕੱਢਣ ਦੀ ਕੋਸਿ਼ਸ਼ ਕੀਤੀ ਹੈ।

ਪਾਰਟੀ ਦੇ ਜਨਰਲ ਸਕੱਤਰ ਰਾਜਵਿੰਦਰ ਸਿੰਘ ਰਾਣਾ ਨੇ ਕਿਹਾ ਅਕਾਲੀ ਸਰਕਾਰ ਵੱਲੋਂ ਵਿਧਾਨ ਸਭਾ ਚੋਣਾਂ ਵਿੱਚ ਡੇਰਾ ਸਿਰਸਾ ਦੀ ਹਮਾਇਤ ਲੈਣ ਦੀ ਐਡਵਾਸ ਸ਼ਰਤ ਵਜੋਂ ਡੇਰਾ ਮੁਖੀ ਖਿਲਾਫ਼ ਬਠਿੰਡਾ ਵਿਖੇ ਚੱਲਦਾ ਮੁਕੱਦਮਾ ਵਾਪਸ ਲੈਣ ਫੈਸਲਾ ਹੋਇਆ ਸੀ ਪਰ ਹਮਾਇਤ ਨਾ ਮਿਲਣ ਕਾਰਨ ਉਸੇ ਕੇਸ ਨੂੰ ਮੁਭ ਬਹਾਲ ਕਰਵਾਉਣ ਦੀਆਂ ਕੋਸਿ਼ਸ਼ਾਂ ਕੀਤਾਂ ਜਾ ਰਹੀਆਂ ਹਨ ।

ਰਾਣਾ ਨੇ ਕਿਹਾ ਕਿ ਸੱਤਾਧਾਰੀਆਂ ਅਤੇ ਡੇਰੇਦਾਰਾਂ ਵੱਲੋਂ ਆਮ ਸ਼ਰਾਧਾਲੂਆਂ ਦੀਆਂ ਧਾਰਮਿਕ ਭਾਵਨਾਵਾਂ ਦੀ ਸਿਆਸੀ ਦੁਰਵਰਤੋਂ ਦਾ ਪਰਦਾਫਾਸ਼ ਹੋ ਗਿਆ ਹੈ। ਚੋਣ ਕਮਿਸ਼ਨ ਨੂੰ ਇਸ ਖੁੱਲ੍ਹੀ ਉਲੰਘਣਾ ਦਾ ਨੋਟਿਸ ਲੈਣਾ ਚਾਹੀਦਾ ਹੈ। ਉਹਨਾਂ ਕਿਹਾ ਕਮਿਸ਼ਨ ਨੂੰ ਬਠਿੰਡਾ ਪੁਲੀਸ ਦੀ ਸ਼ੱਕੀ ਭੂਮਿਕਾ ਬਾਰੇ ਡੂੰਘਾਈ ਬਾਰੇ ਜਾਂਚ ਕਰਨੀ ਚਾਹੀਦੀ ਹੈ ਇਸ ਫੋਜਦਾਰੀ ਕੇਸ ਨੂੰ ਅਚਾਨਕ ਵਾਪਸ ਲੈਣ ਦੀ ਕਾਰਵਾਈ ਕਿਸੇ ਦੇ ਹੁਕਮ ਨਾਲ ਆਰੰਭੀ ਗਈ ਸੀ ।

ਉਨ੍ਹਾਂ ਕਿਹਾ ਕਿ ਸ਼ਿਕਾਇਤਕਰਤਾ ਰਜਿੰਦਰ ਸਿੰਘ ਸਿੱਧੂ ਅਕਾਲੀ ਦਲ ਦਾ ਹੀ ਕਾਰਕੁਨ ਹੈ। ਉਸ ਵੱਲੋਂ ਦਲ ਦੀ ਲੀਡਰਸ਼ਿਪ ਦੇ ਇਸ਼ਾਰੇ ‘ਤੇ ਪਹਿਲਾਂ ਹਲਫ਼ੀਆ ਬਿਆਨ ਦੇ ਕੇ ਆਪਣੇ ਮੁੱਢਲੇ ਬਿਆਨਾਂ ਤੋਂ ਮੁਕਰਨ ਅਤੇ ਡੇਰੇ ਵੱਲੋਂ ਹਮਾਇਤ ਨਾ ਮਿਲਣ ਕਾਰਨ ਹੁਣ ਆਪਣੇ ਹਲਫੀਆ ਬਿਆਨ ਤੋਂ ਮੁਕਰਨ ਵਰਗੀਆਂ ਹਾਸੋ-ਹੀਣੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਸਭ ਅਕਾਲੀ ਦਲ ਦੇ ਸਿਆਸੀ ਮੈਦਾਨ ਵਿੱਚ ਮਾਤ ਖਾਣ ਦੇ ਵੀ ਸੰਕੇਤ ਹਨ।

ਸ੍ਰੀ ਰਾਣਾ ਨੇ ਕਿਹਾ ਕਿ ਜਥੇਦਾਰ ਨੰਦਗੜ੍ਹ ਵੀ ਬਾਦਲ ਦਲ ਦੀ ਸੁਰ ਵਿੱਚ ਸੁਰ ਮਿਲਾਉਂਦਿਆਂ ਮੁੜ ਡੇਰਾ ਸਿਰਸਾ ਖ਼ਿਲਾਫ਼ ਬਿਆਨਬਾਜ਼ੀ ਕਰ ਰਹੇ ਹਨ, ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਕਈ ਉਮੀਦਵਾਰਾਂ ਸਮੇਤ ਸੈਂਕੜੇ ਅਕਾਲੀ ਅਤੇ ਸਿੱਖ ਉਮੀਦਵਾਰ ਸ਼ਰ੍ਹੇਆਮ ਡੇਰੇ ਵਿੱਚ ਹਮਾਇਤ ਲੈਣ ਲਈ ਹਾਜ਼ਰੀਆਂ ਭਰ ਰਹੇ ਸਨ ਤਾਂ ਜਥੇਦਾਰ ਕਿਉਂ ਖਾਮੋਸ਼ ਰਹਿ ਕੇ ਚੋਣਾਂ ਲੰਘ ਜਾਣ ਦੀ ਉਡੀਕ ਕਰਦੇ ਰਹੇ।

ਕਾਂਗਰਸ ਨਾਲ ਜੁੜੇ ਕੁਝ ਆਗੂ ਵੀ ਇਹੀ ਮੰਨਦੇ ਹਨ ਕਿ ਜਦੋਂ ਕਾਂਗਰਸ ਦੀ ਜਿੱਤ ਹੁੰਦੀ ਦਿਸ ਰਹੀ ਹੈ ਤਾਂ ਅਕਾਲੀ ਦਲ ਅਜਿਹੇ ਹੱਥਕੰਡੇ ਵਰਤ ਕੇ ਮਾਹੌਲ ਨੂੰ ਖਰਾਬ ਕਰਨਾ ਚਾਹੁੰਦਾ ਹੈ। ਜਦੋਂ ਅਕਾਲੀ ਦਲ ਸੱਤਾ ਵਿੱਚ ਹੁੰਦਾ ਉਦੋਂ ਪੈਸੇ ਕਮਾਉਣ ਤੋਂ ਬਿਨਾ ਕੋਈ ਮੁੱਦਾ ਨਹੀਂ ਹੁੰਦਾ ਜਦੋਂ ਹੀ ਕੁਰਸੀ ਹੱਥੋਂ ਖਿਸਕ ਜਾਂਦੀ ਹੈ ਤਾਂ ਪੰਥਕ ਮਾਮਲੇ ਛੇੜੇ ਜਾਂਦੇ ਹਨ ।

Friday, February 3, 2012

ਬੁੱਢੇ ਜਰਨੈਲ ਦਾ ਬੁਢਾਪਾ ਰੋਲ ਸਕਦੀ ਹੈ ਲੰਬੀ ਹਲਕੇ ਦੀ ਚੋਣ

ਸੁਖਨੈਬ ਸਿੰਘ ਸਿੱਧੂ
14ਵੀਆਂ ਵਿਧਾਨ ਸਭਾ ਚੋਣਾਂ ਬਹੁਤ ਸਾਰੇ ਮਹਾਰਥੀਆਂ ਲਈ ਚੁਣੌਤੀਆਂ ਭਰੀਆਂ ਹੋਣਗੀਆਂ ਕੋਈ ਹਿੱਕ ਠੋਕ ਕੇ ਦਾਅਵਾ ਨਹੀਂ ਕਰ ਸਕਦਾ ਕਿ ਉਹ ਇਹ ਚੋਣ ਜਿੱਤ ਜਾਵੇਗਾ। ਕਾਂਗਰਸ ਅਤੇ ਅਕਾਲੀ ਦਲ ਦੀ ਖਿੱਚੋਤਾਣ ਤਾਂ ਚੱਲਦੀ ਰਹਿੰਦੀ ਪਰ ਇਸ ਵਾਰ ਮਨਪ੍ਰੀਤ ਸਿੰਘ ਬਾਦਲ ਦੀਆਂ ਸਹਿਯੋਗੀ ਪਾਰਟੀਆਂ ਵੀ ਤੀਜਾ ਧੜਾ ਬਣਕੇ ਮੈਦਾਨ ਵਿੱਚ ਹਨ ।
ਗੱਲ ਲੰਬੀ ਹਲਕੇ ਕਰੀਏ ਤਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜੱਦੀ ਹਲਕਾ ਹੈ। ਇਹੀ ਹਲਕੇ ਤੋਂ ਪ੍ਰਕਾਸ਼ ਸਿੰਘ ਬਾਦਲ ਨੂੰ ਆਪਣੇ ਸਰੀਕੇ ਵਿੱਚੋਂ ਹੀ ਭਰਾ ਮਹੇਸ਼ਇੰਦਰ ਸਿੰਘ ਬਾਦਲ ਦਾ ਸਾਹਮਣਾ ਕਰਨਾ ਪੈਂਦਾ ਹੈ।
ਪ੍ਰਕਾਸ਼ ਸਿੰਘ ਬਾਦਲ ਨੇ ਕੁਝ ਚੋਣਾਂ ਤਾਂ ਆਪਣੇ ਲਾਮ ਲਸ਼ਕਰ ਅਤੇ ਆਪਣੇ ਭਰਾ ਗੁਰਦਾਸ ਸਿੰਘ ਬਾਦਲ ਦੀ ਬਦੌਲਤ ਜਿੱਤੀਆਂ ਹਨ ਪਰ 13ਵੀਆਂ ਚੋਣਾਂ ਮੌਕੇ ਸ: ਪ੍ਰਕਾਸ਼ ਸਿੰਘ ਬਾਦਲ ਨੇ ਹਲਕੇ ਦੇ ਲੋਕਾਂ ਨੂੰ ਇਹ ਕਹਿ ਕੇ ਵੋਟ ਮੰਗੇ ਕਿ ਇਹ ਉਹਨਾਂ ਦੀ ਆਖਰੀ ਚੋਣ ਹੈ ਅੱਗੇ ਤੋਂ ਜਿਸਨੂੰ ਮਰਜ਼ੀ ਵੋਟ ਪਾਉਂਦੇ ਰਹਿਣਾ । ਉਦੋਂ 9100 ਵੋਟਾਂ ਦੇ ਫਰਕ ਨਾਲ ਚੋਣ ਜਿੱਤੇ ਸਨ । ਪਰ ਹੁਣ ਹਾਲਤ ਬਦਲੇ ਹੋਏ ਹਨ । ਮੁੱਖ ਮੰਤਰੀ ਦਾ ਚੋਣ ਇੰਚਾਰਜ਼ ਭਰਾ ਗੁਰਦਾਸ ਸਿੰਘ ਬਾਦਲ ਹੁਣ ਪੀਪਲਜ਼ ਪਾਰਟੀ ਵੱਲੋਂ ਉਮੀਦਵਾਰ ਹੈ। ਪਹਿਲਾਂ ਚੋਣ ਮੁਹਿੰਮ ਵਿੱਚ ਗੁਰਦਾਸ ਬਾਦਲ ਦਾ ਵੱਡਾ ਯੋਗਦਾਨ ਹੁੰਦਾ ਸੀ ਕਿਉਂਕਿ ਮੁੱਖ ਮੰਤਰੀ ਆਪਣੇ ਰੁਝੇਵਿਆਂ ਕਾਰਨ ਹਲਕੇ ਵਿੱਚੋਂ ਬਾਹਰ ਰਹਿੰਦੇ ਸਨ ਤਾਂ ਆਮ ਲੋਕਾਂ ਨਾਲ ਗੁਰਦਾਸ ਦਾ ਸਿੱਧਾ ਰਾਬਤਾ ਕਾਇਮ ਹੁੰਦਾ ਸੀ । ਉਦੋਂ ਮਰਹੂਮ ਸੁਰਿੰਦਰ ਕੌਰ ਬਾਦਲ ਵੀ ਹਲਕੇ ਦੇ ਲੋਕਾਂ ਨੂੰ ਮਿਲਦੀ ਰਹਿੰਦੀ ਸੀ ਪਰ ਸੁਰਿੰਦਰ ਕੌਰ ਇਸ ਜਹਾਨ ਤੋਂ ਰੁਖਸਤ ਹੋ ਚੁੱਕੇ ਹਨ ਤਾਂ ਲੱਗਦਾ ਹੈ ਜਿਵੇਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਅਸੁੱਭ ਸਮਾਂ ਸੁਰੂ ਹੋ ਗਿਆ ਹੈ।
ਕਿਉਂਕਿ ਇਸ ਵਾਰ ਫਿਰ ਕਾਂਗਰਸ ਨੇ ਸ: ਮਹੇਸ਼ਇੰਦਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਦੇ ਵਿਰੋਧੀ ਉਮੀਦਵਾਰ ਵਜੋਂ ਮੈਦਾਨ ਵਿੱਚ ਲਿਆਂਦਾ ਹੈ । ਇਸ ਵਾਰ ਮਨਪ੍ਰੀਤ ਦਾ ਜ਼ਿਆਦਾ ਜ਼ੋਰ ਵੀ ਆਪਣੇ ਤਾਏ ਨੂੰ ਹਰਾਉਣ ਦੀ ਕੋਸ਼ਿਸ਼ ਵਿੱਚ ਲੱਗਿਆ ਹੈ ਜਿਸ ਕਰਕੇ ਮਹੇਸ਼ਇੰਦਰ ਸਿੰਘ ਨੂੰ ਅਸਿੱਧਾ ਫਾਇਦਾ
ਪਹੁੰਚ ਸਕਦਾ ਹੈ ਕਿਉਂਕਿ ਗੁਰਦਾਸ ਬਾਦਲ ਨਾਲ ਜੁੜੇ ਹੋਏ ਜ਼ਿਆਦਾਤਰ ਲੋਕ ਅਕਾਲੀ ਦਲ ਦੇ ਹੀ ਵੋਟਰ ਨੇ ਜਦੋਂ ਇਹ ਪੀਪਲਜ਼ ਪਾਰਟੀ ਦੇ ਹੱਕ ਵਿੱਚ ਭੁਗਤੇ ਇਸਦਾ ਫਾਇਦਾ ਕਾਂਗਰਸ ਨੂੰ ਹੋਣਾ ਹੈ।
ਦੂਸਰਾ ਮਹੇਸ਼ਇੰਦਰ ਸਿੰਘ ਬਾਦਲ ਦੀ ਇਲਾਕੇ ਵਿੱਚ ਇੱਕ ਦਰਵੇਸ਼ ਵਿਅਕਤੀ ਵਾਲੀ ਭੱਲ ਬਣੀ ਹੋਈ ਹੈ। ਹਰੇਕ ਦੇ ਖੁਸ਼ੀ -ਗਮੀ ਦੇ ਸਮਾਗਮਾਂ ਵਿੱਚ ਸ਼ਰੀਕ ਹੋਣ 'ਮਹੇਸ਼ ਜੀ ' ਪ੍ਰਤੀ ਹਲਕੇ ਦੇ ਗਰੀਬ ਤਬਕੇ ਦੇ ਲੋਕਾਂ ਵਿੱਚ ਅਪਣੱਤ ਬਣੀ ਹੋਈ ਹੈ।
ਇੱਕ ਰਾਜਨੀਤਕ ਵਿਸ਼ਲੇਸ਼ਕ ਦਾ ਕਹਿਣਾ ਹੈ ਕਿ ਬਾਦਲ ਸਾਹਿਬ ਨੇ ਆਪਣਾ ਰਾਜਨੀਤਕ ਸਫ਼ਰ ਪਹਿਲੀ ਚੋਣ ਹਾਰ ਕੇ ਕੀਤਾ ਸੀ ਕਿਤੇ ਰਾਜਨੀਤਕ ਜੀਵਨ ਦਾ ਅੰਤ ਵੀ ਚੋਣ ਹਾਰ ਕੇ ਨਾ ਕਰ ਬੈਠਣ ।
ਸਿਆਸੀ ਵਰਤਾਰੇ ਦੀ ਬਾਖੂਬੀ ਸੂਝ ਰੱਖਣ ਵਾਲੇ ਚਿੰਤਕ ਹਰਬੰਸ ਸਿੰਘ ਕਹਿੰਦੇ ਹਨ , " ਭਾਵੇਂ ਲੰਬੀ ਵਿੱਚ ਸਿਆਸੀ ਮਹਾਂਭਾਰਤ ਚੱਲ ਰਹੀ ਹੈ ਪਰ ਇੱਕ ਗੱਲ ਸਪੱਸ਼ਟ ਹੈ ਕਿ ਮੁੱਖ ਮੰਤਰੀ ਨੂੰ ਆਪਣੀ ਜਿੱਤ ਸਪੱਸ਼ਟ ਲੱਗਦੀ ਹੋਵੇਗੀ ਕਿਉਂਕਿ ਸਰਕਾਰੀ ਅਤੇ ਗੈਰ ਸਰਕਾਰੀ ਏਜੰਸੀਆਂ ਤੋਂ ਲੋਕਾਂ ਆਵਾਜ਼ ਦਾ ਪਤਾ ਜਰੂਰ ਲੱਗ ਜਾਂਦਾ ਹੈ ਤੇ ਜਦੋਂ ਸਰਕਾਰ ਘਰ ਦੀ ਹੋਵੇ ਵੀ ਫਿਰ ਏਜੰਸੀਆਂ ਤੋਂ ਅਜਿਹੀਆਂ ਰਿਪੋਰਟਾਂ ਹਾਸਲ ਕਰਨ ਅੋਖੀਆਂ ਨਹੀਂ ਹੁੰਦੀ ਕਿ ਲੋਕਾਂ ਦਾ ਰੁਝਾਨ ਕਿੱਧਰ ਹੈ, ਜੇ ਲੰਬੀ ਸੀਟ ਹੱਥੋਂ ਜਾਂਦੀ ਲੱਗਦੀ ਹੁੰਦੀ ਤਾਂ ਦੂਰ ਅੰਦੇਸ਼ ਬਾਦਲ ਸਾਹਿਬ ਕਿਸੇ ਹੋਰ ਅਜਿਹੀ ਸੀਟ ਤੋਂ ਵੀ ਦੂਹਰੀ ਚੋਣ ਲੜ ਸਕਦੇ ਸਨ ਜਿੱਥੇ ਉਹਨਾ ਨੂੰ ਜਿੱਤ ਯਕੀਨੀ ਲੱਗਦੀ ।"
ਜੇ ਲੰਬੀ ਹਲਕੇ ਦੇ ਵੋਟਰਾਂ ਦੀ ਮੰਨੀਏ ਤਾਂ ਪਾਸ਼ ਅਤੇ ਦਾਸ ਨੂੰ ਇੱਕ ਦੂਜੇ ਦੇ ਆਹਮਣੇ ਸਾਹਮਣੇ ਖੜੇ ਕਰਨਾ ਇਹਨਾਂ ਦੇ ਸਪੁੱਤਰਾਂ ਦੀ ਜਿੱਦ ਕਾਰਨ ਹੀ ਹੈ।

ਜਿੱਤ ਕਿਸ ਨੂੰ ਨਸੀਬ ਹੁੰਦੀ ਹੈ ਉਦੋਂ ਪਿੰਡ ਦੀਆਂ ਸੱਥਾਂ ਤੋਂ ਲੈ ਕੇ ਟੀ ਵੀ ਚੈਨਲਾਂ ਦੇ ਨਿਊਜ ਰੂਮ ਤੱਕ ਇਹੋ ਹੀ ਚਰਚੇ ਚੱਲਦੇ ਰਹਿਣਗੇ । ਪਰ ਕਿਉਂਕਿ ਸਿਆਸਤ ਵਿੱਚ ਕੁਝ ਵੀ ਸੰਭਵ ਹੈ।