Monday, March 27, 2023

 ਸੱਚੇ ਆਸ਼ਕ ਦੀਆਂ 9 ਨਿਸ਼ਾਨੀਆਂ

ਬਰਫ਼ ਨਾਲ ਲੱਦੀ ਪਹਾੜੀ ਚੋਟੀ , ਸੂਫੀ ਫ਼ਕੀਰ ਨੰਗੇ ਪੈਰ ਨੱਚਦਾ ਮੁੜਕੋ ਮੁੜਕੀ ਹੋ ਰਿਹਾ , ਜਿਵੇਂ ਅੱਗ 'ਤੇ ਨੱਚ ਰਿਹਾ ਹੋਵੇ ਜਾਂ ਬਰਫ਼ ਨੂੰ ਪਸੀਨਾ ਆਇਆ ਹੋਵੇ ।
ਜਾਗਿਆਸੂ ਚੇਲਾ ਪੁੱਛਦਾ ' ਗੁਰੂਦੇਵ ਇਹ ਕੀ ਕੌਤਕ ਤੁਸੀ ਐਨੀ ਠੰਡ 'ਚ ਵੀ ਤਰ-ਬ -ਤਰ , ਇੱਥੋ ਨੱਚਣ ਦਾ ਰਹੱਸ ?
ਫਕੀਰ- ਮੇਰੇ ਕੁਝ ਵੀ ਆਪਣੇ ਵੱਸ ਨਹੀਂ , ਮੇਰੀ ਤਾਰ ਉਹਦੇ ਨਾਲ ਟੁਣਕਦੀ ਹੈ । ਲੋਕਾਂ ਨੂੰ ਝਰਨਾਟ ਛਿੜਦੀ ਤਾਂ ਮੇਰੇ ਸ਼ਰੀਰ 'ਚ ਤਰੰਨਮ ਹੁੰਦੀ , ਉਦੋਂ ਮੈਂ ਪਰਮ ਸੁੱਖ ਦੇ ਨੇੜੇ ਹੁੰਦਾ ।
'ਗੁਰੂਦੇਵ ਦੁਨਿਆਵੀ ਲੋਕਾਂ ਨੂੰ ਇਹ ਸੁੱਖ ਨਹੀਂ ਮਿਲਦਾ ? ' ਚੇਲੇ ਦੀ ਹੋਰ ਜਗਿਆਸਾ ਜਾਗੀ
'ਅਵੱਸ਼ ਮਿਲਦਾ , ਜਦੋਂ ਉਹ ਆਪਣੇ ਪਿਆਰੇ ਦੇ ਕਲਾਵੇ 'ਚ ਹੁੰਦੇ । ਉਹ ਵਿਸਮਾਦ ਹੁੰਦਾ , ਜਦੋਂ ਸਮਾਂ ਖੜਾ ਪ੍ਰਤੀਤ ਹੁੰਦਾ , ਜਦੋਂ ਜਿੰਦਗੀ 'ਤੇ ਮੌਤ 'ਚ ਫਰਕ ਨਜ਼ਰ ਨਾ ਆਵੇ , ਜਦੋਂ ਦੋਵੇਂ ਕੁਦਰਤ ਨਾਲ ਇੱਕਮਿੱਕ ਹੁੰਦੇ ।' - ਫਕੀਰ ਦਾ ਜਵਾਬ ਚੇਲੇ ਨੂੰ ਲਾਜਵਾਬ ਕਰ ਗਿਆ ।
ਪੂਰੇ ਵਜਦ 'ਚ ਆ ਕੇ ਫਕੀਰ ਨੱਚੀ ਗਿਆ, ਅਖੀਰ ਡਿੱਗਿਆ , ਅੱਖਾਂ 'ਚ ਹੰਝੂ ਬਹਿ ਰਹੇ ਸੀ । ਫਿਰ ਬੈਠਾ ਹੋਇਆ ਤਾਂ ਚੇਲਾ ਬੋਲਿਆ
; 'ਗੁਰੂਦੇਵ ਇਹ ਹੰਝੂ ਕਿਉਂ ਨੇ ?'
ਇਹ ਤਾਂ ਕਰੁਣਾ ਰਸ ਹੈ ਪੁੱਤ , ਜਦੋਂ ਕੋਈ ਆਪਣੇ ਮਹਿਬੂਬ ਤੋਂ ਦੂਰ ਹੁੰਦਾ ਉਹਦੀ ਯਾਦ 'ਚ ਆਏ ਹੰਝੂ ਰੂਹ ਨੂੰ ਧੋ ਦਿੰਦੇ , ਇਹ ਗੱਲਾਂ ਸਿਰਫ਼ ਮਹਿਸੂਸ ਕਰਨ ਦੀਆਂ ਨੇ , ਜਜ਼ਬਾਤ ਦੀ ਭਾਸ਼ਾ ਹਰ ਕੋਈ ਨਹੀਂ ਸਮਝ ਸਕਦਾ ।- ਫਕੀਰ ਨੇ ਸਿੱਧੇ ਸ਼ਬਦਾਂ 'ਚ ਵਿਦਵਤਾ ਦਾ ਇੱਕ ਹੋਰ ਜਾਮ ਸਿੱਸ਼ ਦੀ ਰੂਹ ਤੱਕ ਪੁੱਜਦਾ ਕੀਤਾ ।
'ਪਰ ਗੁਰਦੇਵ ਤੁਸੀ ਤਾਂ ਰੱਬ ਦੀ ਬੰਦਗੀ ਕਰਦੇ ਸੀ ਵਿੱਚ ਮਹਿਬੂਬ ਦਾ ਜਿ਼ਕਰ ਕਿਵੇਂ ?'
ਤੂੰ ਨਵਾਂ ਆਇਆ ਪੁੱਤ , ਸਾਡਾ ਮਹਿਬੂਬ ਉਹੀ ਹੈ , ਸਾਨੂੰ ਬੱਸ ਉਹਦਾ ਹੀ ਖਿਆਲ , ਦੁਨਿਆਵੀ ਲੋਕਾਂ ਦਾ ਮਹਿਬੂਬ ਵੀ ਇਸ ਤਰ੍ਹਾਂ ਹੀ ਹੁੰਦਾ, ਜਦੋਂ ਤੁਸੀ ਕਿਸੇ ਦੀ ਯਾਦ ਵਿਆਕਲ ਹੁੰਦੇ ਉਹ ਸਥਿਤੀ ਇਕਾਗਰਤਾ ਦੀ ਹੁੰਦੀ । ਉਦੋਂ ਤੁਸੀ ਸਭ ਤੋਂ ਵੱਧ ਸ਼ਾਂਤ ਹੁੰਦੇ । ਸਾਡੀ ਇੱਕ ਸੰਪਰਦਾ ਹੈ ਉਦਾਸੀਨ ਉਹ ਉਦਾਸੀਨ ਰਹਿੰਦੇ ਹਨ,ਸਦਾ ਪਿਆਰੇ ਦੀ ਯਾਦ 'ਚ ਖੋਏ ਰਹਿੰਦੇ, ਉਨ੍ਹ੍ਹਾਂ ਦਾ ਮਨੋਰਥ ਆਪਣੇ ਪਿਆਰੇ ਦੀ ਯਾਦ ਨਾਲ ਸਾਂਝ ਪਾਈ ਰੱਖਣਾ ਹੁੰਦਾ, ਬਾਕੀ ਦੁਨੀਆਂ ਤੋਂ ਕੁਝ ਨਹੀਂ ਲੈਣਾ ।
ਗੁਰੂਦੇਵ ਫਿਰ ਸੱਚੇ ਆਸ਼ਕ ਦੀ ਪਛਾਣ ਕੀ ? ਚੇਲੇ ਦਾ ਅਗਲਾ ਸਵਾਲ ਸੀ

ਆਸ਼ਕਾ ਰੇ ਨਵ ਨਿਸ਼ਾਨ ਐ ਪਿਸਰ( ਪੁੱਤ)
ਆਹ ਸ਼ਰਦੋ , ਰੰਗ ਜ਼ਰਦੋ , ਚਸਮ ਤਰ
ਕਮ ਖੁਰਦਨੋ , ਕਮ ਗੁਫ਼ਤ ਨੋ , ਖੁਆਬੇ ਹਰਾਮ
ਇੰਤਜਾਰੀ, ਬੇਕਾਰੀ ਦਸਤ ਏ ਸਿਰ -
ਭਾਵ- ਅਜਿਹੇ ਆਸ਼ਕਾਂ ਦੀਆਂ ਨੌ ਨਿਸ਼ਾਨੀਆਂ ਹੁੰਦੀਆਂ , ਠੰਡੇ ਹਊਕੇ ਭਰਦੇ ਨੇ , ਰੰਗ ਪੀਲਾ (ਜ਼ਰਦ ) ਹੋ ਜਾਂਦਾ, ਅੱਖਾਂ ਗਿੱਲੀਆਂ ਰਹਿੰਦੀਆ, ਘੱਟ ਖਾਂਦੇ ਅਤੇ ਘੱਟ ਬੋਲਦੇ , ਨੀਂਦ ਨਹੀਂ ਆਉਂਦੇ ਸੁਪਨੇ ਹਰਾਮ ਹੋ ਜਾਂਦੇ ਹਨ। ਹਮੇਸ਼ਾ ਇੰਤਜਾਰੀ ਅਤੇ ਬੇਕਰਾਰੀ ਵਿੱਚ ਰਹਿੰਦੇ ਹੋਏ ਆਪਣੇ ਹੱਥਾਂ ਨਾਲ ਸਿਰ ਫੜੀ ਰੱਖਦੇ ।
ਪਰ ਇਹ ਅਵਸਥਾ ਫਿਰਲਿਆਂ ਨੂੰ ਨਸੀਬ ਹੁੰਦੀ।
#ਸੁਖਨੈਬ_ਸਿੰਘ_ਸਿੱਧੂ Sukhnaib Singh Sidhu

 ਇਤਰ ਵੇਚਦਾ ਗਲੀਆਂ ‘ਚ ਫਿਰਦਾ ਅਯੂਬ ਇੱਕ ਦਿਨ ਬਾਦਸ਼ਾਹ ਦੇ ਮਹਿਲਾਂ ਕੋਲ ਦੀ ਗੁਜਰਦਾ । ਮਹਿਕ ਬਿਖੇਰਦਾ ਖੁਦ ਮਹਿਕ ਵਰਗੀ ਰਾਜਕੁਮਾਰੀ ਰੁਖਸਾਨਾ ਦੇ ਰੂਪ ਦੀ ਝਲਕ ਪਾ ਲੈਂਦਾ । ਉਸੇ ਪਲ ਤੋਂ ਉਸਦੇ ਹੋਸ਼ ਹਵਾਸ਼ ਗੁੰਮ । ਕਾਰੋਬਾਰ ਠੱਪ ।

ਹਰ ਵੇਲੇ ਉਸੇ ਦਾ ਖਿਲਾਫ਼ । ਰੁਖਸਾਨਾ ਦੇ ਦੀਦਾਰ ਦੀ ਤੀਬਰ ਤਾਂਘ । ਜਿੱਧਰ ਵੀ ਜਾਣਾ ਉਹਦੇ ਮਹਿਲਾਂ ਕੋਲ ਦੀ ਨਿਕਲ ਕੇ ਜਾਂਦਾ । ਹਰ ਗੱਲ ‘ਚ ਮਹਿਬੂਬ ਦਾ ਜਿ਼ਕਰ ਕਰਦਾ । ਸਾਹਾਂ ਤੋਂ ਪਹਿਲਾਂ ਸੱਜਣ ਦਾ ਚੇਤਾ ਰਹਿੰਦਾ ।
ਪਰ ਜੀਹਦੇ ਲਈ ਤੜਪ ਰਿਹਾ ਸੀ ਉਹਨੂੰ ਖ਼ਬਰ ਵੀ ਨਹੀਂ ਸੀ ਕਿ ਉਸਦੇ ਵਿਯੋਗ ‘ਚ ਕੋਈ ਐਨਾ ਤੜਪ ਰਿਹਾ ।
ਅਣਜਾਣ ਵਿਅਕਤੀ ਨਿੱਤ ਗਲੀ ‘ਚ ਲੰਘਦਾ , ਉਹਦੇ ਦਰਾਂ ਵੱਲ ਪਿਆਸੀਆਂ ਅੱਖਾਂ ਨਾਲ ਝਾਕਦਾ ਤਾਂ ਫਿਰ ਪਹਿਰੇਦਾਰਾਂ ਨੂੰ ਸ਼ੱਕ ਪੈਣਾ ਹੀ ਸੀ ।
ਅਯੂਬ ਨੂੰ ਰੋਕ ਕੇ ਨਿੱਤ ਗਲੀ ਚੋਂ ਲੰਘਣ ਦਾ ਕਾਰਨ ਪੁੱਛਿਆ , ਉਹ ਕਾਰਨ ਕੋਈ ਦੱਸ ਨਾ ਸਕਿਆ ।
ਸ਼ੱਕੀ ਸਮਝ ਕੇ ਫੜ ਲਿਆ ਗਿਆ । ਕਾਜੀ ਨੇ ਕੋਲ ਪੇਸ਼ ਕੀਤਾ । ਉਹਨੇ ਜੁ਼ਬਾਨ ਨਾ ਖੋਲ੍ਹੀ । ਮੁਨਸਿਫ਼ ਨੂੰ ਲੱਗਿਆ ਇਹ ਦੁਸ਼ਮਣ ਦੇਸ਼ ਦਾ ਜਾਸੂਸ ਹੈ ।
ਅਯੂਬ ਜੁਬਾਨ ਖੋਲ੍ਹ ਕੇ ਮਹਿਬੂਬ ਨੂੰ ਬਦਨਾਮ ਨਹੀਂ ਕਰਨਾ ਚਾਹੁੰਦਾ ਸੀ ਖੁਦ ਤਸੀਹੇ ਝੱਲ ਰਿਹਾ ਸੀ ।
ਅਯੂਬ ਨੂੰ ਭੁੱਖਾ ਪਿਆਸਾ ਰੱਖਿਆ ਗਿਆ । ਪਰ ਉਹਨੇ ਜ਼ੁਬਾਨ ਨਾ ਖੋਲ੍ਹੀ ।
ਆਖਿ਼ਰ ਸਜ਼ਾ ਸੁਣਾਈ ਗਈ ‘ਚ ਫਾਹੇ ਟੰਗ ਦੇਣ ਦਾ ਫੁਰਮਾਨ ਹੋਇਆ।
ਆਖ਼ਰੀ ਇੱਛਾ ਪੁੱਛੀ । ਉਹ ਚੁੱਪ ਰਿਹਾ । ਪਰ ਇਹ ਸ਼ਰਾ ਦੇ ਉਲਟ ਸੀ , ਮੁਜਰਿਮ ਨੂੰ ਆਖਰੀ ਇੱਛਾ ਪੁੱਛੇ ਬਿਨਾ ਫਾਹੇ ਲਾ ਦੇਣਾ ।
ਰੁਖਸਾਨਾ ਵੀ ਇਸ ਅਨੌਖੇ ਮੁਜਰਿਮ ਨੂੰ ਦੇਖ ਰਹੀ ਸੀ । ਬਾਦਸ਼ਾਹ ਦੀ ਜ਼ਹੀਨ ਧੀ ਅਕਸਰ ਖਾਸ ਫੈਸਲਿਆ ਮੌਕੇ ਮੌਜੂਦ ਰਹਿੰਦੀ ਸੀ । ਉਸਨੇ ਬਾਦਸ਼ਾਹ ਨੂੰ ਕਿਹਾ , ‘ਅੱਬਾ ਹਜੂਰ, ਮੇਂ ਪਤਾ ਕਰਾਂ ਆਖਿਰ ਇਹ ਅਜਨਬੀ ਚਾਹੁੰਦਾ ਕੀ ।’
ਬਾਦਸ਼ਾਹ ਨੇ ਇਜ਼ਾਜਤ ਦੇ ਦਿੱਤੀ ।
ਸਿਪਾਹੀਆਂ ਨੇ ਬੇਹੋਸ਼ ਹੋਏ ਅਯੂਬ ਨੂੰ ਹਲੂਣ ਕੇ ਆਖਿਆ ਬਾਦਸ਼ਾਹ ਦੀ ਧੀ ਖੁਦ ਮਿਲਣ ਆ ਰਹੀ ।
ਅਯੂਬ ਨੇ ਕਿਹਾ ਜੇ ਮੇਰੀ ਖਾਹਿਸ਼ ਜਾਣਨੀ ਤੇ ਕੋਈ ਹੋਰ ਨੇੜੇ ਨਾ ਹੋਵੇ ।
ਬਾਦਸ਼ਾਹ ਨੇ ‘ਤਲਖੀਆ’ ਕਿਹਾ
ਸਭ ਪਹਿਰੇਦਾਰ / ਅਹਿਲਕਾਰ ਐਨੀ ਕੁ ਦੂਰ ਹੋ ਗਏ ਜਿੱਥੋਂ ਦੋਵਾਂ ਦੀ ਗੁਫਤਗੂ ਨਾ ਸੁਣ ਸਕਣ।
ਹੁਣ ਰੁਖਸਾਨਾ ਬੇੜੀਆਂ ‘ਚ ਜਕੜੇ ਅਯੂਬ ਨੂੰ ਮੁਹੱਬਤ ਨਾਲ ਲਬਰੇਜ ਸ਼ਬਦਾਂ ‘ਚ ਪੁੱਛ ਰਹੀ ਸੀ ,
‘ਜਨਾਬ ਤੁਸੀ ਕੀ ਕਰਨ ਆਉਂਦੇ ਏਥੇ ‘
ਤੁਹਾਡਾ ਦੀਦਾਰ’
ਮਜ਼ਾਕ ਦਾ ਵਖਤ ਨਹੀ, ਪ੍ਰਦੇਸੀ, ਤੂੰ ਜਿਦੰਗੀ ਦੇ ਆਖਰੀ ਸਾਹ ਗਿਣ ਰਿਹਾ , ਆਪਣੀ ਆਖਰੀ ਇੱਛਾ ਦੱਸ
‘ਕੋਈ ਪ੍ਰਵਾਹ ਨਹੀਂ , ਹੁਣ ਬਹਿਸ਼ਤ ਤਾਂ ਰਾਹ ਖੁੱਲਾ ਮੇਰੇ ਲਈ ।’ ਅਯੂਬ ਅਗੰਮੀ ਰੰਗ ਚ ਰੰਗਿਆ ਗਿਆ ਸੀ । ਚਿਹਰੇ ਤੇ ਨੂਰ ਆ ਗਿਆ ਸੀ ।
ਫਿਰ ਆਖਰੀ ਇੱਛਾ ਤੇ ਦੱਸ
‘ਮਰਦਾ ਹੋਇਆ ਖੁੁੱਲ੍ਹੀਆਂ ਅੱਖਾਂ ਨਾਲ ਤੁਹਾਡਾ ਦੀਦਾਰ ਕਰਦਾ ਮਰਾਂ , ਮੇਰੇ ਮੂੰਹ ‘ਚ ਪਾਣੀ ਦਾ ਆਖਰੀ ਤੁਪਕਾ ਤੁਸੀਂ ਪਾਓ ।
ਬੋਲੋਂ ਮਨਜੂਰ ?
ਰੁਖਸਾਨਾ ਨੇ ਅਯੂਬ ਦੀਆਂ ਅੱਖਾਂ ‘ਚ ਦੇਖਿਆ ਤਾਂ ਮੁਹੱਬਤ ਦਾ ਹੜ ਵਗਦਾ ਸੀ ,ਜਿਸਨੇ ਪਲਾਂ ਚ ਹੀ ਰੁਖਸਾਨਾ ਨੂੰ ਆਪਣੇ ‘ਚ ਡੁੱਬੋ ਲਿਆ।
‘ਹਾਂ ਮਨਜੂਰ ‘ ਕਹਿ ਕੇ ਉਹਨੇ ਆਪਣੇ ਰੁਤਬੇ ਦੀ ਪਰਿਵਾਰ ਕੀਤੇ ਬਿਨਾ ਅਯੂਬ ਨੂੰ ਬਾਹਾਂ ‘ਚ ਘੁੱਟ ਲਿਆ ।
ਪਰ ਬਾਦਸ਼ਾਹ , ਕਾਜੀ , ਅਹਿਲਕਾਰ ਇਹ ਕਿਵੇਂ ਬਰਦਾਸ਼ਤ ਕਰਦੇ ।
ਇਸ ਗੁਸਤਾਖੀ ਬਦਲੇ ਦੋਹਾਂ ਦੇ ਸਿਰ ਧੜਾ ਤੋਂ ਜੁਦਾ ਕਰ ਦਿੱਤੇ ।
ਇੱਕ ਜਾਗਦਿਆਂ ਵੀ ਤੱਕਦੇ ਨਹੀਂ , ਖ਼ਬਰ ਕੀ ਹੋਣੀ ਸੁੱਤਿਆਂ ਨੂੰ
ਇਸ਼ਕ ਕਰਾਂਉਂਦਾ ਸੱਜਦੇ, ਯਾਰ ਦੇ ਦਰ ਤੇ ਬੈਠੇ ਕੁੱਤਿਆਂ ਨੂੰ

ਕਦੇ ਹੱਸਣ ਦਾ ਮੁੱਲ੍ਹ ਰੋ ਕੇ ਤਾਰਨਾ ਪੈਂਦਾ ਏ 

ਵੱਸਦੇ ਰਹਿਣ ਲਈ ਆਪਾ ਵਾਰਨਾ ਪੈਂਦਾ ਏ

ਸਿਦਕ ਨਿਭਾਉਣ ਦੀ ਖਾਤਿਰ ਸਿਰ ਵੀ ਜਾਂਦੇ ਨੇ

ਕਦੇ ਆਪਣਿਆਂ ਦੀ ਜਿੱਤ ਲਈ ਹਾਰਨਾ ਪੈਂਦਾ ਏ 

#ਸੁਖਨੈਬ_ਸਿੰਘ_ਸਿੱਧੂ

Friday, June 30, 2017

ਸਾਸਰੀ ਕਾਲ ਦੇ ਨਾਲ ਸਲਾਮਾਂ ਵੱਟੀਆਂ ਨੇ
ਇਸ਼ਕ 'ਚ ਆਪਾਂ ਇਹੀ ਖੱਟੀਆਂ ਖੱਟੀਆਂ ਨੇ
ਬਾਬਾ ਨਜ਼ਮੀ ਸਾਡੀ ਫਤਹਿ ਕਬੂਲ ਕਰੇ
 ਇਸਤੋਂ ਵੱਧ ਕੇ ਕਿਹੜੀਆਂ ਹੋਰ ਤਰੱਕੀਆਂ ਨੇ

Wednesday, October 12, 2016

ਬਰਦਾਸ਼ਤ ਕਰ ਲੈਨਾ

ਹਰ ਇੱਕ ਚੰਗੀ ਮੰਦੀ ਨੂੰ ਬਰਦਾਸ਼ਤ ਕਰ ਲੈਨਾ ,
ਲੀਡਰ ਬਣਜਾ ‘ਦਿਲਾ’ ਤੂੰ ਯਾਰ ਸਿਆਸਤ ਕਰ ਲੈਨਾ]
ਲੋੜ ਪੈਣ ‘ਤੇ ਮੇਲੇ ਦੇ ਵਿੱਚ ਮਾਤਮ ਪਾ ਦੇਵੇਂ ,
ਸਿਵਿਆਂ ਵਿੱਚ ਖੁਦਗਰਜਾ ਫੁੱਲਾਂ ਦੀ ਕਾਸ਼ਤ ਕਰ ਲੈਨਾ
ਲਾ-ਬੁਝਾ ਕੇ ਰਹਿਬਰ ਬਣਿਆ ਫਿਰਦਾ ,ਨਾਰਦ ਤੂੰ
ਸੋਨੇ ਦੇ ਪੈਨਾਂ ਨਾਲ ਖ਼ਬਰ ਪ੍ਰਕਾਸਿ਼ਤ ਕਰ ਲੈਨਾ ,
ਦੇਵਤਿਆਂ ਦੇ ਦੇਸ਼ ‘ਚੋਂ ਇਨਸਾਨ ਬਚਾਉਣਾ ਔਖਾ
ਸੁਖਨੈਬ , ‘ਸਿਆਣਾ’ ਮੈਂ ਹੀ ਖੁਦ ਪਰਿਭਾਸ਼ਤ ਕਰ ਲੈਨਾ
#SukhnaibsinghSidhu

Monday, May 16, 2016

ਸੱਸੀ ਦੀ ਸੇਜ ਵਰਗਾ

ਦੋਸ਼ ਪੁੰਨੂੰ ਦਾ ਨਹੀਂ

ਸੁਪਨੇ ਉਧਾਲਣ ਵਾਲਿਆਂ ਦਾ

 ਥਲਾਂ  'ਚ ਭੜਕਦੇ
ਦਮ ਨਹੀਂ ਤੋੜਣਾ

ਅਸੀਂ ਤਾਂ ਲੜ ਕੇ ਮਰਾਂਗੇ

ਕਿਸਾਨ ਤਾਂ ਹਾਂ
ਨਾਲੇ ਦੇ ਦੁੱਲੇ ਜਾਂ ਜਿਉਣੇ ਦਾ ਵੀ
ਕੁਝ ਤਾਂ ਲੱਗਦਾ ਹੋਣਾ
ਅਸੀਂ ਤਾਂ ਲੜ ਕੇ ਮਰਾਂਗੇ

ਕਿਸਾਨ ਤਾਂ ਹਾਂ
ਨਾਲੇ ਦੇ ਦੁੱਲੇ ਜਾਂ ਜਿਉਣੇ ਦਾ ਵੀ
ਕੁਝ ਤਾਂ ਲੱਗਦਾ ਹੋਣਾ  - ਸੁਖਨੈਬ ਸਿੰਘ ਸਿੱਧੂ

Wednesday, April 27, 2016

ਜਾਨ ਤਲੀ ਧਰਕੇ ਮਰਨ ਨੂੰ ਫਿਰਦੇ ਹਾਂ
ਆ ਦਿਲ ਵਿੱਚ ਜਜਬੇ ਪੈਦਾ ਕਰੀਏ ਜਿਊਣ ਲਈ
 ਭੁੱਖੇ ਮਰਦੇ ਖਾਂਦੇ ਕਿਉਂ  ਸਲਫਾਸ ਰਹੇ
 ਆ ਹੁਣ  ਝੰਡਾ ਚੱਕੀਏ ਹੱਕ ਬਚਾਉਣ ਲਈ
  ਕਲਮਾਂ 'ਤੇ ਕਿਰਪਾਨਾਂ , ਲੋੜ ਹੈ ਦੋਵਾਂ  ਦੀ
ਚੱਲ ਚਲਾਉਣਾ ਸਿੱਖੀਏ ਜਾਨ ਬਚਾਉਣ ਲਈ
-ਸੁਖਨੈਬ ਸਿੰਘ ਸਿੱਧੂ