Thursday, March 26, 2009

ਐਮ ਪੀ 3 ਦੇ ਜਮਾਨੇ ਵਿੱਚ ਪੰਜਾਬ ਸਰਕਾਰ ਵੱਲੋਂ ਸਥਾਪਤ ਕੀਤਾ ਐਟੀ ਪਾਇਰੇਸੀ ਸੈੱਲ ਇਸਨੂੰ ਰੋਕ ਸਕੇਗਾ ?

ਪਾਇਰੇਸੀ ਨੇ ਪੰਜਾਬੀ ਸੰਗੀਤ ਸਨਅਤ ਨੂੰ ਖੂੰਜੇ ਲਾਇਆ
ਸੁਖਨੈਬ ਸਿੰਘ ਸਿੱਧੂ
ਮਾਨਸਿਕ ਸਕੂਨ ਤੋਂ ਸਨਅਤ ਦਾ ਰੂਪ ਧਾਰ ਚੁੱਕੀ ਗਾਇਣ ਕਲਾ ਉੱਤੇ ਹੁਣ ਪਾਇਰੇਸੀ (ਨਕਲੀ )ਦਾ ਗ੍ਰਹਿਣ ਲੱਗ ਗਿਆ ਹੈ। ਗਾਇਕਾਂ ਅਤੇ ਸੰਗੀਤ ਕੰਪਨੀਆਂ ਵੱਲੋਂ ਲੱਖਾਂ ਰੁਪਏ ਲਾ ਕੇ ਤਿਆਰ ਕੀਤੀਆਂ ਆਡਿਓ / ਵੀਡਿਓ ਟੇਪਾਂ ਨਕਲੀ ਸੀ ਡੀ ਤਿਆਰ ਵਾਲਿਆਂ ਲਈ ਵਰਦਾਨ ਹਨ ਪ੍ਰੰਤੂ ਕੰਪਨੀ ਮਾਲਕਾਂ ਲਈ ਇਹ ਆਪਣੇ ਪੈਰ ਕੁਹਾੜਾ ਮਾਰਨ ਵਾਲੀ ਗੱਲ ਹੈ । 100 ਤੋਂ 125 ਗੀਤਾਂ ਦੇ ਐਮ ਪੀ 3 ਸੀ ਡੀ ਦੀ ਨਕਲੀ ਕਾਪੀ 10 ਤੋਂ 15 ਰੁਪਏ ਵਿੱਚ ਰੇਹੜੀ ਲੈ ਕੇ ਮਿਊਜਿ਼ਕ ਸ਼ਾਪ ਤੱਕ ਆਮ ਮਿਲ ਰਹੀ ਹੈ। ਬੇਸੱ਼ਕ ਸਾਡੇ ਦੇਸ਼ ਵਿੱਚ ਅਸ਼ਲੀਲ ਸਾਹਿਤ, ਅਸ਼ਲੀਲ ਫਿਲਮਾਂ ਤੇ ਵੀ ਪੂਰਨ ਪਾਬੰਦੀ ਹੈ ਪ੍ਰੰਤੁ ਬਲਿਊ ਫਿਲਮਾਂ ਦੇ ਪਿੰਟ ‘ਗਰਮ ਮੂੰਗਫਲੀ , ਕੁਰਕਰੇ’ ਦਾ ਗੁਪਤ ਨਾਵਾਂ ਨਾ ਆਮ ਮਿਲ/ ਵਿਕ ਰਹੇ ਹਨ ।
ਨਕਲੀ ਟੇਪਾਂ ਦਾ ਸਿਲਸਿਲਾ ਸਿਰਫ਼ ਸੀ ਡੀ ਯੁੱਗ ਆਉਣ ਨਾਲ ਸ਼ੁਰੂ ਨਹੀਂ ਹੋਇਆ ਬਲਕਿ ਇਹ ਤਾਂ ਉਦੋਂ ਦਾ ਚੱਲ ਰਿਹਾ ਜਦੋਂ ਤੋਂ ਸੰਗੀਤ ਜਗਤ ਵਿੱਚ ਪੱਕੇ ਪੈਰੀ ਸਥਾਪਤ ਐਚ ਐਮ ਵੀ ਕੰਪਨੀ ਵੱਲੋਂ ਤਵਿਆਂ ਦੇ ਯੁੱਗ ਨੂੰ ਅਲਵਿਦਾ ਆਖ ਕੇ ‘ਗੀਤਾਂ ਦੀਆਂ ਰੀਲਾਂ ’(ਕੈਸੇਟ) ਦੀ ਸ਼ੁਰੂਆਤ ਕੀਤੀ ਗਈ । ਉਦੋਂ ਤੋਂ ਪਾਇਰੇਟਰਾਂ ਨੇ ਆਪਣੇ ਹੱਥ ਦਿਖਾਉਣੇ ਸ਼ੁਰੂ ਕਰ ਦਿੱਤੇ , ਆਡਿਓ ਮਾਰਕੀਟ ਵਿਚ ਸਥਾਪਿਤ ਹੋ ਚੁੱਕੀਆਂ ਕਈ ਕੰਪਨੀਆਂ ਵੱਲੋਂ ਆਪਣੀ ਸੁਰੂਆਤ ਐਚ ਐਮ ਵੀ ਉਰਫ ਕੁੱਤਾ ਮਾਰਕਾ ( ਇਸ ਕੰਪਨੀ ਦਾ ਲੋਗੋ ਵਿਚ ਗ੍ਰਾਮੋਫੋਨ ਮੂਹਰੇ ਕੁੱਤੇ ਦੀ ਤਸਵੀਰ ਬਣੀ ਹੋਣ ਕਰਕੇ ਉਦੋਂ ਅਨਪੜ੍ਹ ਲੋਕੀ ‘ਕੁੱਤਾ ਮਾਰਕਾ ਜਾਂ ਕੁੱਤਾ ਕੰਪਨੀ’ ਕਰਕੇ ਹੀ ਜਾਣਦੇ ਸਨ ) ਵੱਲੋਂ ਰਿਲੀਜ਼ ਟੇਪਾਂ ਦੀਆਂ ਨਕਲੀ ਕਾਪੀਆਂ ਤਿਆਰ ਕੀਤੀ ਗਈ ਹੈ । ਆਪਣੇ ਫਰਜ਼ੀ ਮਾਰਅਕੇ ‘ਸੰਗੀਤ, ਸੰਗੀਤ ਮਹਿਲ ’ ਆਦਿ ਨਾਵਾਂ ਹੇਠ ਕਈ ਧਨਾਢ ਜਾਲਸਾਜ਼ ਲੰਬਾ ਸਮਾਂ ਇਹ ‘ਜੁਗਾੜ’ ਚਲਾਉਂਦੇ ਰਹੇ ਹਨ । ਕਿਉਂਕਿ ਉੱਕਤ ਕੰਪਨੀ ਦਾ ਮੁੱਖ ਦਫ਼ਤਰ ਕਲਕੱਤਾ ਅਤੇ ਖੇਤਰੀ ਦਫ਼ਤਰ ਦਿੱਲੀ ਸਥਿਤ ਹੋਣ ਕਰਕੇ ਉਹ ਪੰਜਾਬ ਵਿਚ ਨਕਲਚੀਆਂ ਦਾ ਕੁੱਝ ਨਹੀਂ ਵਿਗਾੜ ਸਕਦੇ ਸਨ । ਦੂਜਾ ਉਦੋਂ ਗਾਇਕਾਂ ਨੂੰ ਵੀ ਕਾਪੀ ਰਾਈਟ ਐਕਟ ਦਾ ਇਨ੍ਹਾਂ ਕਾਨੂੰਨਾਂ ਦਾ ਗਿਆਨ ਨਹੀਂ ਸੀ ਕਿਂ ਉਹ ਅਸਲੀ ਅਤੇ ਨਕਲੀ ਕੈਸੇਟ ਦੇ ਨਫ਼ੇ ਨੁਕਸਾਨ ਬਾਰੇ ਡੂੰਘਾਈ ਨਾਲ ਸੋਚ ਸਕਣ । ਇੱਕ ਅੰਦਾਜੇ ਮੁਤਾਬਿਕ ਕੰਪਨੀ ਵੱਲੋਂ ਰਿਲੀਜ਼ ਕੈਸੇਟ ਘੱਟ ਅਤੇ ਨਕਲੀ ਤਿਆਰ ਕੀਤੀਆਂ ਟੇਪਾਂ ਦੀ ਵਿਕਣ ਦੀ ਗਿਣਤੀ ਹਮੇਸਾ ਵੱਧ ਰਹੀ ਹੈ। ਕਾਰਨ ਇਹ ਵੀ ਸੀ ਕਿ ਉਦੋਂ ਕੈਸੇਟਾ ਦੇ ਰੇਟ ਮਹਿੰਗੀ ਹੁੰਦੇ ਸਨ । ਫਿਰ ਦਿੱਲੀ ਵਿੱਚ ਜੂਸ ਦਾ ਕਾਰੋਬਾਰ ਕਰਦੇ ਗੁਲਸ਼ਨ ਕੁਮਾਰ ਵੱਲੋਂ ਟੀ ਸੀਰੀਜ਼ ਸੁਰੂ ਕੀਤੇ ਜਾਣ ਨਾਲ ਮਾਰਕੀਟ ਵਿੱਚ ਟੇਪਾਂ ਆਮ ਲੋਕਾਂ ਦੀ ਪਹੁੰਚ ਵਿੱਚ ਆਉਣ ਲੱਗੀਆਂ । ਟੀ ਸੀਰੀਜ਼ ਵੱਲੋਂ ਘੱਟ ਰੇਟ ਤੇ ਵੱਧ ਟੇਪਾਂ ਵੇਚੇ ਜਾਣ ਕਾਮਯਾਬ ਫਾਰਮੂਲੇ ਨੂੰ ਕਈ ਕੰਪਨੀਆਂ ਨੇ ਅਪਣਾਇਆ ।
ਪਾਇਰੇਸੀ ਵਿਚ ਦਿੱਲੀ ਦੀ ਇੱਕ ਕੰਪਨੀ ਨੇ ਤਾਂ ਮੁੰਬਈ ਦੀਆਂ ਕਈ ਨਾਮੀਂ ਕੰਪਨੀਆਂ ਨੂੰ ਵਖਤ ਪਾਈ ਰੱਖਿਆ ਹੈ। ਮੁੰਬਈ ਦੀਆਂ ਸੰਗੀਤ ਕੰਪਨੀਆਂ ਜਦੋਂ ਵੀ ਕੋਈ ਫਿਲਮ ਦਾ ਮਿਊਜਿ਼ਕ ਰਿਲੀਜ਼ ਕਰਦੀਆਂ ਤਾਂ ਦਿੱਲੀ ਦੀ ਇਹ ਕੰਪਨੀ ਉਸੇ ਕੰਪਨੀ ਦੇ ਮਾਅਰਕੇ ਹੇਠ ਤਿਆਰ ਕੀਤਾ ਜਾਅਲੀ ਮਾਲ ਡੀਲਰਾਂ ਕੋਲ ਭੇਜ ਦਿੰਦੀ । ਮੁੰਬਈ ਦੀ ਪ੍ਰਸਿੱਧ ਕੰਪਨੀ ‘ਟਿਪਸ’ ਦੁਆਰਾ ਹਿੰਦੀ ਫਿਲਮ ‘ਪ੍ਰਦੇਸ਼ ’ਦਾ ਸੰਗੀਤ ਰਿਲੀਜ਼ ਕਰਨ ਤੋਂ ਇੱਕ ਦਿਨ ਪਹਿਲਾਂ ਦਿੱਲੀ ਦੀ ਇੱਕ ਕੰਪਨੀ ਨੇ 10 ਲੱਖ ਨਕਲੀ ਟੇਪਾਂ ਰਿਲੀਜ਼ ਕਰਕੇ ਟਿਪਸ ਦੀ ਕੰਪਨੀ ਨੂੰ ਕਰੋੜਾਂ ਦਾ ਚੂਨਾ ਲਾਉਣ ਦੀ ਗੱਲ ਜੱਗ ਜਾਹਿਰ ਹੈ। ਡੀਲਰਾਂ ਦੀ ਵੀ ਇਸ ਵਿਚ ਮਿਲੀਭੁਗਤ ਹੁੰਦੀ ਦੀ ਸੀ , ਕਿਉਂਕਿ ਕੰਪਨੀ ਦੀ ਅਸਲੀ ਟੇਪ ਵੇਚ 50 ਪੈਸੇ ਜਾਂ ਇੱਕ ਰੁਪਇਆ ਕਮਿਸ਼ਨ ਮਿਲਦਾ ਸੀ ਜਦਕਿ ਨਕਲੀ ਮਾਲ ਵੇਚ ਕੇ 5 ਰੁਪਏ ਤੱਕ ਇੱਕ ਟੇਪ ਦਾ ਮੁਨਾਫਾ ਹੋ ਸਕਦਾ ਸੀ । ਫਿਰ ਪੰਜਾਬ ਦੇ ਕਈ ਡੀਲਰ ਵੀ ਇਸ ਕੈਸੇਟ ਸਨਅਤ ਵਿਚ ਹੱਥ ਰੰਗਣ ਲੱਗੇ । ਕਿਉਂਕਿ ਹਿੰਦੀ ਫਿਲਮਾਂ ਮਗਰੋਂ ਪੰਜਾਬੀ ਸੰਗੀਤ ਹੀ ਉੱਤਰ ਭਾਰਤ ਵਿਚ ਸੁਣਿਆ ਜਾਂਦਾ ਹੈ।
ਆਲਮ ਇਹ ਰਿਹਾ ਹੈ ਕਿ ਹਾਲੀਵੁੱਡ ਦੀਆਂ ਫਿਲਮਾਂ ਦੇ ਰਾਈਟਸ ਲਏ ਬਿਨਾ ਡੱਬਿਗ ਕਰਕੇ ਜਿ਼ਆਦਾ ਫਿਲਮਾਂ ਮਾਰਕੀਟ ਆ ਰਹੀਆਂ ਹਨ । ਉਧਰ ਹਿੰਦੀ ਫਿਲਮ ਦਾ ਕੋਈ ਪਿੰ੍ਰਟ ਰਿਲੀਜ਼ ਮਗਰੋਂ ਹੁੰਦਾ ਵਾਇਆ ਡੁਬਈ ਭਾਰਤ ਕੋਨੇ ਕੋਨੇ ਵਿਚ ਉਸਦੇ ਜਾਅਲੀ ਪਿੰਟ ਪਹਿਲਾਂ ਮਿਲਣ ਲੱਗ ਜਾਂਦੇ ਹਨ ।
ਪਿਛਲੇ ਸਮੇਂ ਵਿਚ ਚਰਚਿਤ ਰਹੇ ਪਾਕਿਸਤਾਨੀ ਗਾਇਕ ਅਕਰਮ ਰਾਹੀਂ ਅਤੇ ਗਾਇਕਾ ਨਸੀਬੋ ਲਾਲ ਭਾਰਤ ਵਿਚ ਬਹੁਤ ਵਿਕੇ ਪ੍ਰੰਤੂ ਉਨ੍ਹਾਂ ਪੱਲੇ ਸੋਹਰਤ ਹੀ ਪਈ ਦ਼ੌਲਤ ਇੱਥੋਂ ਦੇ ਜਾਅਲਸਾਜ ਕਮਾ ਗਏ । ਗਾਇਕਾ ਨਸੀਬੋ ਲਾਲ ਦੀਆਂ ਟੇਪਾਂ ਤਾ ਪੰਜਾਬ ਦੀਆਂ ਬਹੁਤ ਕੰਪਨੀਆਂ ਨੇ ‘ਪਾਕਿਸਤਾਨੀ ਸੰਗੀਤ ਚੋਰੀ ਕਰਨ ਦੇ ਜਮਾਂਦਰੂ ਅਧਿਕਾਰ’ ਤਹਿਤ ਰਿਲੀਜ ਕੀਤੀਆਂ । ਜਾਂਚ ਪੜਤਾਲ ਮਗਰੋਂ ਅੱਜ ਵੀ ਪੰਜਾਬ ਦੀ ਕਿਸੇ ਕੰਪਨੀ ਨੇ ਕਿਸੇ ਪਾਕਿਸਤਾਨੀ ਸੰਗੀਤ ਕੰਪਨੀ ਤੋਂ ਕੋਈ ਰਾਇਟਸ ਨਹੀਂ ਖਰੀਦੇ । ਪ੍ਰੰਤੂ ਜਦੋਂ ਪੰਜਾਬੀ ਕੈਸੇਟਾਂ ਦੀ ਪਾਇਰੇਸੀ ਹੋ ਰਹੀ ਹੈ ਤਾਂ ਕੰਪਨੀ ਮਾਲਕ ਇਕੱਠੇ ਹੋ ਪਾਇਰੇਸੀ ਖਿਲਾਫ਼ ਝੰਡਾ ਚੱਕ ਰਹੇ ਹਨ ।ਪੰਜਾਬ ਤੋਂ ਬਾਹਰ ਸ੍ਰੀ ਗੰਗਾਨਗਰ (ਰਾਜਸਥਾਨ)ਵਿਚ ਕੈਸੇਟ ਸਨਅਤ ਚਲ ਰਹੀ ਹੈ । ਉਧਰ ਇਧਰਲੀਆਂ ਕੰਪਨੀਆਂ ਦੀਆਂ ਡੁਪਲੀਕੇਟ ਟੇਪਾਂ ਵੇਚੀਆਂ ਜਾ ਰਹੀਆਂ ਹਨ । ਸਟੀਰੀਓ ਸਾਉਂਡ ਮਗਰੋਂ ਕੰਪੈਕਟ ਡਿਸਕ ਦੇ ਜਮਾਨੇ ‘ਚ ਆਡਿਓ ਮਾਰਕੀਟ ਜਮਾਂ ਹੀ ਖੂੰਜੇ ਲੱਗ ਗਈ ਕਿਉਂਕਿ ਇੱਕ ਡਿਸਕ ਵਿੱਚ ਐਮ ਪੀ 3 ਫਾਰਮੈਟ ਵਿਚ ਲਗਭਗ 12-13 ਟੇਪਾਂ ਦੇ ਗੀਤ ਇਕੱਠੇ ਰਿਕਾਰਡ ਹੋ ਜਾਂਦੇ ਹਨ ਅਤੇ ਸਰੋਤਿਆਂ ਨੂੰ 10-15 ਰੁਪਏ ਵਿੱਚ 100 ਦੇ ਕਰੀਬ ਗੀਤ ਇਕੱਠੇ ਮਿਲ ਜਾਂਦੇ ਹਨ । ਦੂਸਰੀ ਅਹਿਮ ਗੱਲ ਹੈ ਆਡਿਓ ਕੰਪਨੀਆਂ ਨੇ ਐਮਪੀ 3 ਰਿਲੀਜ਼ ਨਹੀਂ ਕੀਤੇ ਜੇ ਕਰ ਕਿਸੇ ਕੰਪਨੀ ਨੇ ਰਿਲੀਜ਼ ਕੀਤੇ ਵੀ ਹਨ ਤਾਂ ਉਨ੍ਹਾਂ ਵਿੱਚ ਪੁਰਾਣੇ ਫਲਾਪ ਹੋਏ ਗੀਤ ਜਿ਼ਆਦਾ ਹਨ ।
ਐਮ ਪੀ 3 ਸੁਣਨ ਵਾਲਾ ਸਰੋਤਾ ਜਗਤਾਰ ਸਿੰਘ ਰਿੰਕੂ ਦੱਸਦਾ ਹੈ , “ ਮੈਂ ਤਰਕੀਬਨ ਹਰੇਕ ਗਾਇਕ ਦੇ ਗੀਤ ਸੁਣਦਾ ਹਾਂ , ਹਰ ਹਫ਼ਤੇ 10-15 ਟੇਪਾਂ ਰਿਲੀਜ਼ ਹੁੰਦੀਆਂ ਨੇ , ਸਾਰੀਆਂ ਕੈਸੇਟ ਅਸਲੀ ਖਰੀਦਣੀਆਂ ਮੇਰੇ ਔਖੀਆਂ ਹਨ ਪਰ ਇੱਕ ਐਮ ਪੀ 3 ਮੈਂ ਰੋਜਾਨਾਂ ਖਰੀਦ ਸਕਦਾ ਹਾਂ ਇਸ ਤਰ੍ਹਾਂ ਮਹੀਨੇ 300 ਰੁਪਏ ਹੀ ਖਰਚ ਹੁੰਦੇ ਹਨ । ਤੀਹ ਐਮ ਪੀ 3 ਵਿੱਚ ਲਗਭਗ 3500 ਗੀਤ ਰਿਕਾਰਡ ਹੁੰਦਾ ਜੇ ਅਸਲੀ ਖਰੀਦਣ ਲੱਗਾ ਤਾਂ ਪੰਜ ਚਾਰ ਸੀ ਡੀ ਹੀ ਖਰੀਦ ਸਕਾ ਕੰਪਨੀ ਇੱਕ ਸੀ ਡੀ 45-50 ਰੁਪਏ ਵਿੱਚ ਵੇਚਦੀ ਹੈ। ’ ਨਵੇਂ ਗਾਇਕ ਨੂੰ ਮਾਰਕੀਟ ਵਿੱਚ ਟੇਪ ਰਿਲੀਜ਼ ਕਰਵਾਉਣ ਲਈ ਘੱਟੋ ਘੱਟ 10 ਲੱਖ ਰੁਪਏ ਜਰੂਰਤ ਹੁੰਦੀ ਹੈ। ਕੈਸੇਟ ਕੰਪਨੀਆਂ ਵਾਲੇ ਗਾਇਕ ਤੋਂ ਸਾਰਾ ਖਰਚਾ ਕਰਵਾਉਂਦੇ ਹਨ ਇਸ ਵਿੱਚੋਂ ਵੀ ਕੁਝ ਬਚਾਉਣ ਦੀ ਸੋਚਦੇ ਹਨ। ਕੰਪਨੀ ਵਾਲੇ ਸਿਰਫ ਮਾਰਅਕਾ ਹੀ ਲਾਉਂਦੇ ਹਨ ਪੈਸਾ ਸਾਰਾ ਨਵਾ ਗਾਇਕ ਹੀ ਆਪਣੇ ਪੱਲਿਓ ਲਾਉਂਦਾ ਹੈ । ਜਦਕਿ ਪਹਿਲਾਂ ਅਜਿਹਾ ਨਹੀਂ ਹੁੰਦਾ ਸੀ ਉਦੋਂ ਕੁਝ ਕੰਪਨੀਆਂ ਗਾਇਕ ਦੀ ਆਵਾਜ਼ ਦੇਖ ਕੇ ਰਿਕਾਰਡ ਕਰ ਲੈਂਦੀਆਂ ਸਨ , ਪਰ ਦਿਨੋ ਦਿਨ ਵਧਦੀ ਮਹਿੰਗਾਈ ਅਤੇ ਪਬਲੀਸਿਟੀ ਦੇ ਯੁੱਗ ਨੇ ਕੈਸੇਟ ਕੰਪਨੀਆਂ ਨੂੰ ਆਰਥਿਕ ਮੰਦੀ ਦੇ ਰਾਹ ਤੋਰ ਦਿੱਤਾ ਹੈ। ਲੱਖਾਂ ਰੁਪਏ ਲਾ ਕੇ ਵੀ ਕੈਸੇਟ ਵਿਕਣ ਦੀ ਕੋਈ ਸੰਭਾਵਨਾ ਨਹੀਂ ਹੁੰਦੀ । ਜੇਕਰ ਟੇਪ ਦਾ ਕੋਈ ਗੀਤ ਹਿੱਟ ਹੋ ਜਾਵੇ ਤਾਂ ਉਹ ਰਾਤੋ ਰਾਤ ਜਾਅਲੀ ਐਮ ਪੀ 3 ਵਿੱਚ ਪਾ ਕੇ ਸਰੋਤਿਆਂ ਤੱਕ ਪਹੁੰਚ ਜਾਂਦਾ ਹੈ । ਕੈਸੇਟ ਹਿੱਟ ਹੋ ਜਾਵੇ ਤਾਂ ਗਾਇਕ ਕੰਪਨੀ ਵਾਲਿਆਂ ਨੂੰ ਪਛਾਣਦੇ ਨਹੀਂ , ਉਧਰ ਕੰਪਨੀ ਵਾਲੇ ਵੀ ਚੜਦੇ ਸੂਰਜ ਨੂੰ ਸਲਾਮਾਂ ਕਰਦੇ ਹਨ । ਇੱਕ ਸਮਾਂ ਆਇਆ ਸੀ ਕੁਝ ਕੰਪਨੀਆਂ ਨੇ ਗਾਇਕਾਂ ਨਾਲ 3-5 ਕੈਸੇਟਾਂ ਦਾ ਸਮਝੌਤਾ ਕਰਕੇ ਗਾਇਕ ਨੂੰ ਮਾਰਕੀਟ ਵਿੱਚ ਹਿੱਟ ਕਰਦੀਆਂ ਰਹੀਆਂ ਇਸ ਨਾਲ ਕੰਪਨੀਆਂ ਮਾਲ ਵਿਕ ਜਾਂਦਾ ਸੀ ਗਾਇਕ ਦੀ ਮਸਹੂਰੀ ਹੋਣ ਨਾਲ ਉਸਨੂੰ ਪ੍ਰੋਗਰਾਮ ਮਿਲਣ ਲੱਗ ਜਾਂਦੇ ਸਨ । ਪ੍ਰੰਤੂ ਇਹ ਫਾਰਮੂਲਾ ਬਹੁਤੀ ਦੇਰ ਨਾ ਚੱਲ ਸਕਿਆ ਇਸ ਮਗਰੋਂ ਕੁਝ ਕੁ ਕੰਪਨੀਆਂ ਵਧੀਆਂ ਆਵਾਜ਼ ਵਾਲੇ ਗਾਇਕ ਨੂੰ ਪਬਲੀਸਿਟੀ ਕਰਕੇ ਮਸਹੂਰ ਹੋ ਕਰਣ ਲੱਗੀਆਂ ਅਤੇ ਗਾਇਕਾਂ ਨੂੰ ਮਿਲਦੇ ਪ੍ਰੋਗ੍ਰਾਮਾਂ ਵਿੱਚੋਂ ਹਿੱਸਾ ਲੈ ਕੇ ਕਮਾਈ ਦਾ ਵਸੀਲਾ ਬਣਾਉਣ ਦਾ ਰਾਹ ਕੱਢਿਆ ਪ੍ਰੰਤ ਰਸਤਾ ਵੀ ਬਹੁਤਾ ਰਾਸ ਨਹੀਂ ਆਇਆ । ਕਿਉਂਕਿ ਹਿੱਟ ਹੋਣ ਮਗਰੋਂ ਗਾਇਕ ਅਤੇ ਕੰਪਨੀਆਂ ਵਾਲਿਆਂ ਵਿੱਚ ਫਰਕ ਪੈ ਜਾਂਦਾ ਅਤੇ ਕਈ ਗਾਇਕ ਕਾਨੁੰਨੀ ਦਾਅ ਪੇਚ ਵਰਤਕੇ ਕੰਪਨੀ ਨੂੰ ਮਾਤ ਦੇ ਗਏ ਤੇ ਕਈ ਕੰਪਨੀਆਂ ਨੇ ਗਾਇਕਾਂ ਦੀ ਰੱਤ ਨਚੋੜ ਛੱਡੀ ।
ਹੁਣ ਆਲਮ ਇਹ ਹੈ ਕਿ ਟੇਪ ਤਾਂ ਵਿਕਣ ਦੀ ਬਹੁਤੀ ਗਾਰੰਟੀ ਨਹੀਂ ਪ੍ਰੰਤੂ ਗਾਇਕਾਂ ਨੂੰ ਸਰੋਤਿਆਂ ਦੀ ਕਚਹਿਰੀ ਵਿੱਚ ਹਾਜ਼ਰੀ ਭਰਨ ਲਈ ਹਰੇਕ ਸਾਲ ਕੋਈ ਨਾ ਕੋਈ ਟੇਪ ਤਾਂ ਕਰਨੀ ਪੈਂਦੀ ਹੈ ਨਹੀਂ ਮੁਕਾਬਲੇਬਾਜ਼ੀ ਦੇ ਦੌਰ ਵਿੱਚ ਪਿੱਛੇ ਰਹਿਣ ਦਾ ਡਰ ਰਹਿੰਦਾ ਹੈ। ਅੱਜਕੱਲ੍ਹ ਗਾਇਕ ਦਾ ਹਿੱਟ ਹੋ ਸਕਦਾ ਟੇਪ ਹਿੱਟ ਕਰਨੀ ਮੁਸ਼ਕਿਲ ਹੈ ।
ਸ਼੍ਰੋਮਣੀ ਅਕਾਲੀ ਦਲ ਦੁਆਰਾ ਗਾਇਕ ਹੰਸ ਰਾਜ ਹੰਸ ਨੂੰ ਜਲੰਧਰ ਲੋਕ ਸਭਾ ਸੀਟ ਤੋਂ ਉਮੀਦਵਾਰ ਬਣਾਏ ਜਾਣ ਮਗਰੋਂ ਹੰਸ ਨੇ ਹੋਰਾਂ ਪੰਜਾਬੀ ਗਾਇਕਾਂ ਅਤੇ ਸੰਗੀਤ ਕੰਪਨੀ ਦੇ ਮਾਲਕਾਂ ਨਾਲ ਰਲ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਕੋਲ ਪਾਇਰੇਸੀ ਨੂੰ ਰੋਕਣ ਲਈ ਸਖਤ ਕਦਮ ਚੁੱਕਣ ਦੀ ਮੰਗ ਕੀਤੀ ਸੀ । ਡਿਪਟੀ ਮੁੱਖ ਮੰਤਰੀ ਸੁ਼ਖਬੀਰ ਸਿੰਘ ਬਾਦਲ ਨੇ ਗਾਇਕ ਹੰਸ ਰਾਜ ਹੰਸ ਅਤੇ ਹੋਰ ਕਲਾਕਾਰਾਂ ਦੀ ਰਾਇ ਉਪਰ ਅਮਲ ਕਰਦਿਆਂ ਐਂਟੀ ਪਾਇਰੇਸੀ ਸੈੱਲ ਕਾਇਮ ਕਰ ਦਿੱਤਾ । ਪੰਜਾਬ ਪੁਲੀਸ ਦੇ ਇੰਸਪੈਕਟਰ ਜਨਰਲ (ਅਪਰਾਧ) ਨੂੰ ਇਹ ਜਿੰਮੇਵਾਰੀ ਸੌਂਪੀ ਹੈ। ਭਾਰਤੀ ਦੰਡਾਵਲੀ ਧਾਰਾ ਤਹਿਤ ਕਾਪੀ ਰਾਈਟ ਐਕਟ ਦੀ ਉਲੰਘਣਾ ਗੈਰ –ਜ਼ਮਾਨਤੀ ਅਪਰਾਧ ਹੈ ।
ਬੇਸ਼ੱਕ ਅਕਾਲੀ – ਭਾਜਪਾ ਸਰਕਾਰ ਨੇ ਐਂਟੀ ਪਾਇਰੇਸੀ ਸੈੱਲ ਬਣਾ ਕੇ ਆਪਣੇ ਕੁਝ ਕੁ ਵੋਟ ਬੈਂਕ ਨੂੰ ਖੁਸ਼ ਕਰ ਦਿੱਤਾ ਹੋਵੇ ਪਰ ਕੀ ਸੰਗੀਤ ਚੋਰੀ ਹੋਣ ਦਾ ਸਿਲਸਿਲਾ ਰੁਕ ਸਕੇਗਾ ਇਹ ਗੱਲ ਬਹੁਤ ਧਿਆਨ ਮੰਗਦੀ । ਪੰਜਾਬ ਸਰਕਾਰ ਵੱਲੋਂ ਬਹੁਤ ਸਾਰੇ ਨਸਿ਼ਆਂ ਦੀ ਵਿਕਰੀ ਕਰਨ ਦੀ ਮਨਾਹੀ ਹੈ ਪਰ ਕੀ ਅਜਿਹੇ ਨਸੇ਼ ਰੁਕੇ ਹਨ । ਹੁਣ ਹਾਈਟੈੱਕ ਹੋ ਚੁੱਕੀ ਪਾਇਰੇਸੀ ਨੂੰ ਰੋਕਣ ਲਈ ਪੰਜਾਬ ਸਰਕਾਰ ਕਿਹੜਾ ਰਾਹ ਅਖਤਿਆਰ ਕਰੇਗੀ ? ਕੀ ਪੰਜਾਬ ਸਰਕਾਰ ਨਕਲੀ ਆਡਿਓ / ਵੀਡਿਓ ਸੀ ਡੀਜ਼ ਦੀ ਵਿਕਰੀ ਰੋਕ ਸਕੇਗੀ । ਹੁਣ ਤਾਂ ਨਕਲਚੀ ਕੰਪਿਊਟਰ ਰਾਹੀਂ ਮੋਬਾਈਲ ਫੋਨ, ਪੈਨ ਡਰਾਈਵ ਅਤੇ ਮੈਮੋਰੀ ਕਾਰਡਾਂ ਰਾਹੀਂ ਕਾਪੀ ਰਾਈਟ ਐਕਟ ਦੀ ਉਲੰਘਣਾ ਕਰਕੇ ਸਰਕਾਰ ਦੇ ਅੱਖਾਂ ਵਿੱਚ ਘੱਟਾ ਪਾ ਰਹੇ । ਕੀ ਸਰਕਾਰ ਇਕੱਲੇ ਪੰਜਾਬ ਵਿੱਚ ਨਕਲੀ ਸੀ ਡੀ / ਕੈਸੇਟਾਂ ਦਾ ਧੰਦਾ ਕਰਵਾਏਗੀ ਪਰ ਜਿਹੜੀ ਖੇਪ ਸ੍ਰੀ ਗੰਗਾਨਗਰ , ਪਦਮਪੁਰ ਅਤੇ ਹੋਰ ਪੰਜਾਬੋਂ ਬਾਹਰਲੇ ਪੰਜਾਬੀ ਬੋਲਦੇ ਇਲਾਕਿਆਂ ਵਿੱਚ ਚਲ ਰਹੀ ਕੀ ਉਥੇ ਵੀ ਪਾਇਰੇਸੀ ਨੂੰ ਰੋਕਣ ਲਈ ਕਦਮ ਚੁੱਕੇਗੀ ? ਇਹ ਪੰਜਾਬ ਸਰਕਾਰ ਦੀ ਲਈ ਅਹਿਮ ਸਵਾਲ ਹਨ। ਕਿਉਂਕਿ ਵੱਡੀਆਂ ਵੱਡੀਆਂ ਸਾਫਟਵੇਅਰ ਕੰਪਨੀਆਂ ਆਪਣੇ ਸਾਫਟਵੇਅਰ ਦੀ ਚੋਰੀ ਨਹੀਂ ਰੋਕ ਸਕਦੀਆਂ ਤਾਂ ਪੰਜਾਬ ਸਰਕਾਰ ਕੋਲ ਕਿਹੜਾ ਅਜਿਹਾ ਫਾਰਮੂਲਾ ਹੋਵੇਗਾ ਜਿਸ ਨਾਲ ਪਾਇਰੇਸੀ ਖਤਮ ਜਾਵੇਗੀ ।
ਪੰਜਾਬ ਪੁਲੀਸ ਵੱਲੋਂ ਕੰਪਨੀ ਮਾਲਕਾਂ ਦੁਆਰਾ ਸਿ਼ਕਾਇਤ ਕਰਨ ਤੇ ਰੋਜ਼ਾਨਾ ਵਾਗੂੰ ਹੀ ਨਕਲੀ ਸੀਡੀ ਦਾ ਕਾਰੋਬਾਰ ਕਰਨ ਵਾਲਿਆਂ ਖਿਲਾਫ ਪਰਚੇ ਦਰਜ ਕੀਤੇ ਜਾਂਦੇ ਹਨ ਪ੍ਰੰਤੂ ਜਿੰਨੇ ਵੀ ਵਿਅਕਤੀ ਨਕਲੀ ਕਾਰੋਬਾਰ ਕਰਦੇ ਫੜੇ ਗਏ ਹਨ ਉਨ੍ਹਾਂ ਦੀ ਪੁਲੀਸ ਨਾਲ ਸਾਂਝ ਹੋਰ ਮਜਬੂਤ ਹੋ ਜਾਂਦੀ ਹੈ ਨਤੀਜੇ ਵਜੋਂ ਪਾਇਰੇਸੀ ਦਿਨੋ ਦਿਨ ਦੇਸ਼ ਦੀ ਆਬਾਦੀ ਵਾਂਗ ਵੱਧ ਰਹੀ ਹੈ।
ਸ਼ਾਇਦ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਧਿਆਨ ਵਿੱਚ ਨਾ ਹੋਵੇ ਪ੍ਰੰਤੂ ਪੰਜਾਬੀ ਸੰਗੀਤ ਜਗਤ ਨਾਲ ਜੁੜੀਆਂ ਕੰਪਨੀਆਂ ਦੇ ਨੁੰਮਾਇੰਦਿਆਂ ਦੁਆਰਾ ਲਗਭਗ ਡੇਢ ਕੁ ਦਹਾਕਾ ਪਹਿਲਾਂ ਪੰਜਾਬ ਆਡਿਓ ਕੈਸੇਟ ਮੈਨੂਫੈਕਚਰਿੰਗ ਐਸੋਸੀਏਸ਼ਨ( ਪੈਕਮਾ) ਨਾਲ ਦੀ ਜਥੇਬੰਦੀ ਬਣੀ ਸੀ । ‘ਪੈਕਮਾ’ ਵੀ ਪਾਇਰੇਸੀ ਰੋਕਣ ਲਈ ਉਪਰਾਲੇ ਕਰਦੀ ਸੀ ਪ੍ਰੰਤੂ ਇਸ ਦੇ ਕੁਝ ਮੈਂਬਰ ਵੀ ਗੁਪਤ ਨਾਵਾਂ ਹੇਠ ਫਰਜ਼ੀ ਕੰਪਨੀਆਂ ਚਲਾ ਨਕਲੀ ਕੇ ਅਤੇ ਅਸ਼ਲੀਲ ਕੈਸਟਾਂ ਦਾ ਕਾਰੋਬਾਰ ਕਰਦੇ ਸਨ । ਜਦੋਂ ਇਹ ਗੱਲਾਂ ਸੰਗੀਤ ਸਬੰਧੀ ਛਪਦੇ ਰਿਸਾਲੇ ‘ਮਿਊਜਿ਼ਕ ਟਾਈਮਜ਼’ ਵਿਚ ਛਪਣ ਲੱਗੀਆਂ ਕਈ ਨਾਮੀਂ ਕੰਪਨੀਆਂ ਨੇ ਪੈਕਮਾ ਵੱਲੋਂ ਪੈਰ ਪਿੱਛੇ ਖਿੱਚ ਲਏ । ਉਸ ਸਮੇਂ ਡਾਰਟ ,ਡੈਟ , ਆਸ਼ਕੀ , ਨੈਲਕੋ ,ਵਰਗੇ ਅਣਗਣਿਤ ਫਰਜੀ ਨਾਵਾਂ ਦੀ ਹੇਠ ਕਾਰੋਬਾਰ ਚੱਲ ਰਿਹਾ ਸੀ। ਇਹ ਅਹਿਮ ਗੱਲ ਇਹ ਵੀ ਟੈਕਸ ਬਚਾਉਣ ਲਈ ਜਿਆਦਾ ਤਰ ਆਡਿਓ ਕੰਪਨੀਆਂ ਆਪਣੇ ਬਜਟ ਪੂਰੇ ਅੰਕੜੇ ਨਹੀਂ ਦਿੰਦੀਆਂ ਇਸ ਖੇਤਰ ਦੀਆਂ ਜਿ਼ਆਦਾਤਰ ਕੰਪਨੀਆਂ ਰਜਿਸਟਰਡ ਵੀ ਨਹੀਂ ਹਨ ।
ਪੰਜਾਬੀ ਆਡਿਓ ਸਨਅਤ ਨਾਲ ਨੇੜਿਓ ਜੁੜੇ ਗੀਤਕਾਰ ਅਤੇ ਸੰਗੀਤ ਬਾਰੇ ਛਪ ਰਹੇ ਮਾਸਿਕ ਪੱਤਰ ਮਿਉਜਿਕ ਟਾਈਮਜ਼ ਸੰਪਾਦਕ ਸ੍ਰੀ ਹਰਜਿੰਦਰ ਸਿੰਘ ਬੱਲ ਐਂਟੀ ਪਾਇਰੇਸੀ ਸੈੱਲ ਬਣਨ ਬਾਰੇ ਆਪਣਾ ਪ੍ਰਤੀਕਰਮ ਦਿੰਦੀ ਹੋਏ ਆਖਦੇ ਹਨ , ‘ਆਈ ਪੀ ਸੀ ਧਾਰਾ 302 ਅਧੀਨ ਕਤਲ ਕਰਨ ਵਾਲੇ ਵਿਅਕਤੀ ਨੂੰ ਫਾਸੀ ਹੋ ਸਕਦੀ ਹੈ ਪਰ ਕੀ ਕਤਲ ਹੋਣੇ ਬੰਦ ਹੋ ਗਏ , 376-377 ਧਾਰਾ ਹੈ ਬਲਾਤਕਾਰ ਦੀ , ਇਸ ਨਾਲ ਦੋਸ਼ੀ ਦੀ ਸਖਤ ਸਜ਼ਾ ਹੋ ਜਾਂਦੀ ਹੈ , ਫ਼ਾਂਸੀ ਜਾਂ ਉਮਰ ਹੋ ਜਾਂਦੀ, ਕੀ ਬਲਾਤਕਾਰ ਹੋਣੇ ਬੰਦ ਹੋਗੇ ?, ਕਾਨੂੰਨ ਬਣਦੇ ਰਹਿੰਦੇ ਪਰ ਇਨ੍ਹਾਂ ਨੂੰ ਲਾਗੂ ਕੀਹਨੇ ਕਰਨਾ , ਲਾਗੂ ਕਰਨ ਲਈ ਇਮਾਨਦਾਰੀ ਦੀ ਲੋੜ ਹੈ , ਇਹ ਸਾਰਾ ਚੋਣਾਂ ਦਾ ਸਟੰਟ ਹੋਰ ਕੁਝ ਨਹੀਂ ।’
ਐਮ ਪੀ 3 ਬਣਾਉਣ ਦਾ ਧੰਦਾ ਕਰਦੇ ਸੁਨੀਲ ਦਾ ਕਹਿਣਾ ਹੈ ਕਿ ਨਵੇਂ ਗਾਇਕ ਤਾਂ ਆਪਣੀਆਂ ਕੈਸੇਟਾਂ ਦੀ ਪਾਇਰੇਸੀ ਕਹਿ ਕੇ ਕਰਵਾਉਂਦੇ ਹਨ ਕਿਉਂਕਿ ਅੱਜਕੱਲ੍ਹ ਕੈਸੇਟ ਤਾਂ ਕੋਈ ਖਰੀਦਦਾ ਨਹੀਂ ਘੱਟੋ ਘੱਟ ਉਨ੍ਹਾਂ ਆਵਾਜ਼ ਤਾਂ ਦਰਸ਼ਕਾਂ/ ਸਰੋਤਿਆਂ ਤੱਕ ਪਹੁੰਚੇ ।
ਹਾਂਗਕਾਂਗ ਰਹਿੰਦੇ ਪੰਜਾਬੀ ਸੰਗੀਤ ਪ੍ਰੇਮੀ ਅਮਰਜੀਤ ਸਿੰਘ ਗਰੇਵਾਲ ਦੇ ਵਿਚਾਰ ਕੁਝ ਇਸ ਤਰ੍ਹਾਂ ਹਨ , “ਪਾਇਰੇਸੀ ਵੀ ਇੱਕ ਤਰਾਂ ਦਾਂ ਆਤੰਕ ਹੀ ਹੈ ਇਹ ਸਿਰਫ ਪੰਜਾਬ ਹੀ ਨਹੀ ਪੂਰੀ ਦੁਨੀਆਂ ਵਿਚ ਇਕ ਅਹਿਮ ਸਮੱਸਿਆ ਹੈ ਏਡਜ ਦੀ ਤਰ੍ਹਾਂ ਹੀ. ਇਸ ਨੂੰ ਕੋਈ ਇੱਕ ਖਿੱਤੇ ਦੀ ਸਰਕਾਰ ਕਿਵੇ ਰੋਕ ਸਕਦੀ ਹੈ. ਤੁਸੀ ਪੰਜਾਬ ਵਿਚ ਤਾਂ ਰੋਕ ਸਕਦੇ ਹੋ ਅਗਲਾ ਡੱਬਵਾਲੀ ਗਿਆ ਉਥੋਂ ਸੀ ਡੀ ਲੈ ਆਵੇਗਾ । ਇਸ ਗੰਭੀਰ ਸਮੱਸਿਆਂ ਨੂੰ ਸਿਰਫ ਸੈੱਲ ਬਣਾ ਕੇ ਕਾਬੂ ਨਹੀ ਕੀਤਾ ਜਾ ਸਕਦਾ । ਨਾਲੇ ਪੰਜਾਬ ਪੁਲੀਸ ਦੀ ਕਾਰਗੁਜਾਰੀ ਤਾਂ ਤੁਹਾਨੂੰ ਪਤਾ ਹੀ ਹੈ । ਇਸ ਲਈ ਫੋਰਸ ਤੋਂ ਕੀ ਆਸ ਕੀਤੀ ਜਾ ਸਕਦੀ ਹੈ । ਇਸ ਵਾਸਤੇ ਰਾਸ਼ਟਰੀ ਪੱਧਰ ਤੇ ਕੰਮ ਕੀਤਾ ਜਾਣ ਚਾਹੀਦਾ ਹੈ । ਇਸ ਤੋਂ ਇਲਾਵਾ ਇਸ ਵਿਚ ਆਮ ਜਨਤਾ ਨੂੰ ਅਸਿੱਧੇ ਢੰਗ ਨਾਲ ਸ਼ਾਮਿਲ ਕੀਤਾ ਜਾ ਸਕਦਾ ਹੈ । ਜਿਵੇਂ ਕਿ ਜੇਕਰ ਇਸ ਤਰ੍ਹਾਂ ਦੀ ਪਾਇਰੇਸੀ ਦੀ ਕੋਈ ਸੂਚਨਾ ਸਰਕਾਰ ਤੱਕ ਪਹੁੰਚਾਏ ਤਾਂ ਉਸ ਲਈ ਕੁੱਝ ਮਾਣ ਰਾਸੀ ਇਨਾਮ ਵਜੋਂ ਦਿੱਤੀ ਜਾਵੇ (ਸ਼ਾਇਦ ਕੁਝ ਕੁ ਗਾਇਕਾਂ ਦੀ ਰੋਟੀ ਇਸ ਤੇ ਹੀ ਚਲਦੀ ਹੋ ਜਾਵੇ ) ਛਾਪੇ ਮਾਰ ਟੀਮ ਵਿਚ ਇਮਾਨਦਾਰ ਅਧਿਕਾਰੀ ਭਰਤੀ ਕੀਤੇ ਜਾਣ ਇਹ ਅਤਿ ਜਰੂਰੀ ਹੈ । ਹੁਣ ਗੱਲ ਇੱਥੇ ਹਾਂਗਕਾਂਗ ਦੀ । ਇੱਥੇ ਵੀ ਇਹ ਅਹਿਮ ਸਮੱਸਿਆ ਹੈ ,(ਸਾਫਟ ਵੇਅਰ ਕੰਪਨੀਆਂ ਵੀ ਇਸਦਾ ਵੱਡਾ ਸਿ਼ਕਾਰ ਹਨ ) ਜਿਸ ਨੂੰ ਕਈ ਤਰੀਕੇ ਵਰਤਣ ਮਗਰੋਂ ਵੀ ਕਾਬੂ ਨਹੀਂ ਕੀਤਾ ਜਾ ਸਕਿਆ, ਪਰ ਅਧਿਕਾਰੀਆਂ ਵੱਲੋਂ ਮਾਰੇ ਜਾਂਦੇ ਵਾਰ -2 ਛਾਪੇ ਤੇ ਸਖਤ ਸਜਾਵਾਂ ਨੇ ਕਾਫੀ ਰਾਹਤ ਦਿੱਤੀ । ਗੱਲ ਫਿਰ ਇਮਾਨਦਾਰੀ ਦੀ ਹੈ । ਪੁਲੀਸ ਇਮਾਨਦਾਰ ਹੈ , ਦੋਸ਼ੀ ਨੂੰ ਸਜਾ ਜਰੂਰ ਮਿਲਦੀ ਹੈ, ਪਰ ਇਸ ਧੰਦੇ ਵਿੱਚ ਲੱਗੇ ਅਪਰਾਧੀ ਸਰਗਨੇ ਨਵੇ ਬਲੀ ਦੇ ਬੱਕਰੇ ਲੱਭ ਲੈਂਦੇ ਹਨ ਕੰਮ ਕਰਵਾਉਣ ਲਈ ਤੇ ਕੰਮ ਫਿਰ ਸੁਰੂ ਹੋ ਜਾਂਦਾ ਹੈ। ਹਾਲ ਦੀ ਘੜੀ ਇਸ ਸਮੱਸਿਆ ਦਾ ਹੱਲ ਕੋਈ ਦਿਸ ਨਹੀਂ ਰਿਹਾ ਖਾਸ ਕਰਕੇ ਭਾਰਤ ਵਿੱਚ ਤਾਂ ਨਹੀਂ , ਹਾਂ ਜੇਕਰ ਕੋਈ ਨਵੀ ਤਕਨੀਕ ਲੱਭ ਜਾਵੇ ਤਾਂ ਕਹਿ ਨਹੀਂ ਸਕਦੇ ।
‘ਇੱਕ ਮਾਂ ਬੋਹੜ ਦੀ ਛਾਂ ’ ਗੀਤ ਨਾਲ ਚਰਚਿਤ ਰਹੇ ਗਾਇਕ ਬਲਵੀਰ ਚੋਟੀਆਂ ਆਖਦੇ , ‘ਪੰਜਾਬ ਵਿਚ ਸੰਗੀਤ ਕਲਾ ਨੂੰ ਸਭ ਤੋਂ ਵੱਧ ਪਿਆਰ ਮਿਲ ਹੈ ਪਰ ਜਿਹੜੇ ਨਾਮਵਰ ਕਲਾਕਾਰ ਹਨ ਉਨ੍ਹਾਂ ਦੇ ਰੇਟ ਅਸਮਾਨ ਛੂੰਹਦੇ ਹਨ , ਗਰੀਬ ਆਦਮੀ ਕਿਸੇ ਨਾਮਵਰ ਗਾਇਕ ਦਾ ਪ੍ਰੋਗਰਾਮ ਨਹੀਂ ਕਰਵਾ ਸਕਦਾ , ਦੂਸਰਾ ਕੈਸੇਟ ਕੰਪਨੀਆਂ ਨੇ ਮਹਿੰਗਾਈ ਕਾਰਨ ਕੈਸੇਟ, ਸੀ ਡੀ ਦੇ ਰੇਟ ਵਧਾ ਦਿੱਤੇ ਹਨ , ਇਸ ਲਈ ਗਰੀਬ ਅਤੇ ਮੱਧ ਵਰਗੀ ਤਬਕਾ ਡੁਪਲੀਕੇਟ ਨੂੰ ਤਰਜੀਹ ਦਿੰਦਾ ਹੈ ਜੇਕਰ ਕੈਸੇਟ ਕੰਪਨੀਆਂ ਆਪਣੀਆਂ ਟੇਪਾਂ ਦੇ ਰੇਟ ਘੱਟ ਕਰਨ ਦਾ ਸ਼ਾਇਦ ਆਮ ਆਦਮੀ ਕੰਪਨੀ ਮਾਲ ਖਰੀਦੇ ਇਸ ਵਾਸਤੇ ਕੰਪਨੀਆਂ ਅਤੇ ਕਲਾਕਾਰਾਂ ਨੂੰ ਕੋਈ ਵਿਚਕਾਰਲਾ ਰਾਹ ਕੱਢਣਾ ਚਾਹੀਦਾ ਜਿਸ ਨਾਲ ਸੰਗੀਤ ਹਰ ਬੰਦੇ ਦੀ ਪਹੁੰਚ ਵਿੱਚ ਰਹੇ ।”
ਕੀ ਪੰਜਾਬ ਸਰਕਾਰ ਵੱਲੋਂ ਬਣਾਇਆ ਐਂਟੀ ਪਾਇਰੇਸੀ ਸੈੱਲ ਪੰਜਾਬ ਦੀ ਆਡਿਓ / ਵੀਡਿਓ ਸਨਅਤ ਲਈ ਫਾਇਦੇਮੰਦ ਹੋਵੇਗਾ ? ਜਾਂ ਕੀ ਇਹ ਪਾਇਰੇਸੀ ਰੋਕੀ ਜਾ ਸਕੇਗੀ ਜੇਕਰ ਹਾਂ ਤਾਂ ਮੰਨ ਲਵੋ ਬਾਜਾਰਾਂ ਵਿੱਚ ਜਾਅਲੀ ਐਮ ਪੀ 3 ਰੋਕੇ ਜਾ ਸਕਦੇ ਹਨ ? ਵਿਆਹ ਸਮਾਗਮਾਂ ਵਿੱਚ ਚਲਦੇ ਡੀ ਜੇ ਵਿੱਚ ਵੀ ਅਣਅਧਿਕਾਰਤ ਗੀਤ ਚਲਦੇ ਕੀ ਉਨ੍ਹਾਂ ਨੂੰ ਰੋਕਿਆ ਜਾ ਸਕੇਗਾ ? ਕੀ ਇੰਟਰਨੈੱਟ ਤੋਂ ਡਾਊਨਲੋਡ ਕਰਨ ਵੀ ਰੋਕ ਸਕੇਗੀ ਪੰਜਾਬ ਸਰਕਾਰ ਜਾਂ ਇਹ ਅਣਸੁਲਝੇ ਸਵਾਲ ਪਾਇਰੇਸੀ ਦੇ ਨਾਲ ਨਾਲ ਚੱਲਦੇ ਹੀ ਰਹਿਣਗੇ ।

“ਸੱਭਿਆਚਾਰ ਦੇ ਸੇਵਾਦਾਰ? ਅਖਵਾਉਂਦਿਆਂ ਦੇ ਨਾਮ……”

ਜਗਦੀਪ ਸਿੰਘ ਫਰੀਦਕੋਟ
ਆਪਣੇ ਆਪ ਨੂੰ ਪੰਜਾਬੀ ਬੋਲੀ, ਵਿਰਸੇ ਤੇ ਸੱਭਿਆਚਾਰ ਦੇ ਵਾਰਸ ਅਖਵਾਉਣ ਵਾਲੇ ਗਾਇਕ ਭਰਾਵੋ, ਤੁਹਾਡੇ ਵੱਲੋਂ ਪਿਛਲੇ 10-12 ਸਾਲਾਂ ਤੋਂ ਗਾਏ ਜਾ ਰਹੇ ਘਟੀਆ ਕਿਸਮ ਦੇ ਅਧਨੰਗੇ (ਜਾਂ ਪੂਰੇ ਨੰਗੇ ਕਹਿ ਲਓ, ਕਿਉਂਕਿ ਤੁਹਾਡੇ ਵੀਡੀਓ ਵਿਚਲੀਆਂ ਅਧਨੰਗੀਆਂ ਕੁੜੀਆਂ ਬਾਕੀ ਅੱਧ ਪੂਰਾ ਕਰ ਦਿੰਦੀਆਂ ਹਨ) ਗਾਣਿਆਂ ਤੋਂ ਅੱਕ ਕੇ ਅੱਜ ਤੁਹਾਨੂੰ ਅੱਖਾਂ ਭਰ ਕੇ ਇਕ ਪੱਤਰ ਲਿਖਣ ਲੱਗਿਆ ਹਾਂ। ਤੁਸੀਂ ਜਿਆਦਾਤਰ ਪੰਜਾਬ ਦੇ ਹੀ ਵਾਸੀ ਹੋ, ਇਸ ਲਈ ਪਹਿਲਾਂ ਮੈਂ ਪੱਤਰ ਦੀ ਸ਼ੁਰੂਆਤ ਫਤਹਿ ਤੋਂ ਕਰਨ ਲੱਗਾ ਸਾਂ, ਪਰ ਤੁਹਾਡੇ ਦੁਆਰਾ ਪਾਏ ਜਾ ਰਹੇ ਗੰਦ ਨੂੰ ਵੇਖ ਕੇ ਮੈਨੂੰ ਲੱਗਦਾ ਹੈ ਕਿ ਤੁਹਾਡੇ ਨਾਲ ਜੇ ਫਤਹਿ ਸਾਂਝੀ ਕੀਤੀ ਵੀ ਗਈ ਤਾਂ ਤੁਹਾਡਾ ਜਵਾਬ ਤਾਂ ਇਹੀ ਹੋਵੇਗਾ ਨਾ,
‘ਕੰਜਰ ਕਿੱਤੇ ਦੀ ਜੈ’
ਤੁਸੀ ਨਿੱਤ ਦਿਹਾੜੀ ਵੱਖ-ਵੱਖ ਟੀ.ਵੀ. ਚੈਨਲਾਂ ’ਤੇ ਇੰਟਰਵਿਊ ਦਿੰਦੇ ਹੋ ਤੇ ਇਕ ਗੱਲ ਸਭ ਤੋਂ ਵੱਧ ਜੋਰ ਨਾਲ ਕਹਿੰਦੇ ਹੋ, “ਅਸੀਂ ਪੰਜਾਬੀ ਵਿਰਸੇ ਤੇ ਮਾਂ ਬੋਲੀ ਦੀ ਸੇਵਾ ਕਰ ਰਹੇ ਹਾਂ। ਅਸੀਂ ਏਹੋ ਜਹੇ ਗੀਤ ਗਾਉਂਦੇ ਹਾਂ ਜੋ ਧੀਆਂ-ਭੈਣਾਂ ਤੇ ਪੂਰੇ ਪਰਿਵਾਰ ਵਿਚ ਬੈਠ ਕੇ ਸੁਣੇ ਜਾ ਸਕਦੇ ਹਨ……” ਤੇ ਉਸੇ ਵੇਲੇ ਟੀ.ਵੀ. ਵਾਲੇ ਤੁਹਾਡੇ ਗਾਣੇ ਚਲਾ ਦਿੰਦੇ ਹਨ,
‘ਰਾਤੀਂ ਕਿਉਂ ਨਾ ਆਈ ਨੀ ਕਰਾਰ ਕਰਕੇ…… ਆਉਣ ਤਾਂ ਲੱਗੀ ਸੀ ਵੱਡੀ ਭਾਬੀ ਉੱਠ ਗਈ……’
‘ਹਾਏ ਸੋਹਣੀਏ ਨੀ ਦੁਖ ਟੁੱਟ ਜਾਣਗੇ ਮੈਨੂੰ ਘੁੱਟ ਕੇ …………
ਤੇ ਜਾਂ ਐਸੇ ਕਈ ਹੋਰ ਸੈਕੜੇ ਗੀਤ……।
ਹੁਣ ਤੁਸੀਂ ਆਪਣੇ ਜ਼ਮੀਰ (ਜੇ ਥੋੜੀ ਬਹੁਤ ਜਿਉਂਦੀ ਹੈ ਤਾਂ) ਨੂੰ ਪੁੱਛ ਕੇ ਦੱਸੋ ਕਿ ਕੀ ਇਹ ਗੀਤ ਧੀਆਂ-ਭੈਣਾਂ ਵਿਚ ਬੈਠ ਕੇ ਸੁਣੇ ਜਾ ਸਕਦੇ ਹਨ…… ਤੇ ਸੱਚ ਜਾਣਿਓ ਜਿਹੜੀ ਮਾਂ ਬੋਲੀ ਦੀ ਸੇਵਾ ਦੀਆਂ ਤੁਸੀਂ ਗੱਲਾਂ ਕਰਦੇ ਓ ਨਾ, ਉਹ ਤਾਂ ਤੁਹਾਡੇ ਇਹ ਗੀਤ ਸੁਣਕੇ ਲੁਕਣ ਨੂੰ ਥਾਂ ਲੱਭਦੀ ਕੰਧਾਂ-ਕੌਲ਼ਿਆਂ ਨਾਲ ਵੱਜਦੀ ਫਿਰਦੀ ਹੁੰਦੀ ਹੈ…… ਉਸ ਨੂੰ ਆਪਣੀ ਇੱਜ਼ਤ ਲੱਟੀਦੀ ਪ੍ਰਤੀਤ ਹੋ ਰਹੀ ਹੁੰਦੀ ਹੈ।
ਵੀਰੋ, ਕੀ ਥੋਨੂੰ ਸਚੁਮੱਚ ਲੱਗਦਾ ਹੈ ਕਿ ਜੋ ਤੁਸੀਂ ਗਾਉਂਦੇ ਜਾਂ ਵਿਖਾਉਂਦੇ ਹੋ, ਇਹੀ ਅਸਲੀ ‘ਸੱਭਿਆਚਾਰ’ ਹੈ?
ਕੀ ਜਿਸ ਤਰ੍ਹਾਂ ਦੀ ਘਟੀਆ ਤੇ ਅਸ਼ਲੀਲ ਸ਼ਬਦਾਵਲੀ ਤੁਸੀਂ ਆਪਣੇ ਗੀਤਾਂ ਵਿਚ ਵਰਤਦੇ ਹੋ, ਉਸ ਨਾਲ ਪੰਜਾਬੀ ਮਾਂ-ਬੋਲੀ ਦਾ ਸਿਰ ਉੱਚਾ ਹੋ ਰਿਹਾ ਹੈ?
‘ਨਿੰਮ ਥੱਲੇ ਬੈਠ ਜਾ ਵਿਛਾ ਕੇ ਚਾਦਰਾ ਵੇ ਜੱਟਾ ਆਉਣੀ ਆਂ’
‘ਜਦ ਮਰਜ਼ੀ ਆਜੀ ਖ਼ੇਤ ਯਾਰ ਤਾਂ ਮੋਟਰ ’ਤੇ ਹੁੰਦੇ’
‘ਠੰਡ ਵਿਚ ਬੈਠੇ ਅੱਧੀ ਰਾਤ ਲੰਘ ਗਈ…… ਸੌਂ ਗਏ ਜਦੋਂ ਸਾਰੇ ਤਾਂ ਜ਼ਰੂਰ ਆਉਂਗੀ’
ਕੀ ਤੁਹਾਡੇ ਕੋਲ ਗਾਉਂਣ ਲਈ ਇਕੋ ਰਿਸ਼ਤਾ ਰਹਿ ਗਿਆ ਹੈ?
ਕੀ ਤੁਸੀਂ ਇਹ ਸੌਂਹ ਖਾਧੀ ਹੋਈ ਹੈ ਕਿ ਪੰਜਾਬ ਦੀ ਕਿਸੇ ਕੁਆਰੀ ਕੁੜੀ ਨੂੰ ਸ਼ਾਂਤੀ ਨਾਲ ਘਰੇ ਵਸਣ ਨਹੀਂ ਦੇਣਾ ਤੇ ਮਾਪਿਆਂ ਦੀ ਮਰਜ਼ੀ ਨਾਲ ਵਿਆਹ ਨਹੀਂ ਕਰਵਾਉਣ ਦੇਣਾ, ਬਸ ਘਰ੍ਹੋਂ ਕੱਢ ਕੇ ਹੀ ਲਿਜਾਣੀ ਹੈ?
‘ਜੇ ਨਾ ਘਰਦਿਆਂ ਨੇ ਤੋਰੀ ਯਾਰ ਤੈਨੂੰ ਕੱਢ ਕੇ ਲੈਜੂਗਾ……’
‘ਤੇਰੇ ਵੀਰਾਂ ਕੋਲ ਖੁਢੀਆਂ ਗੰਡਾਸੀਆਂ ਨੀ ਜੱਟ ਕੋਲ ਬਾਰਾਂ ਬੋਰ ਦੀ……’
‘ਪੇਪਰ ਜਾਂ ਚੜੂ ਸਾਡਾ ਪਿਆਰ ਮੁੰਡਿਆ ਵੇ ਸਿਰੇ ਦੋਨਾਂ ਵਿਚੋਂ ਇਕ……’
‘ਮੈਨੂੰ ਮਾਪਿਆਂ ਦੀ ਕੈਦ ’ਚੋਂ ਛੁਡਾ ਲੈ ਸੋਹਣਿਆਂ……’
ਕੀ ਤੁਸੀਂ ਕਦੇ ਪੰਜਾਬ ਦੇ ਨੌਜੁਆਨਾਂ ਨੂੰ ਨਸ਼ਿਆਂ ਤੋਂ ਮੋੜਣ ਦਾ ਕੋਈ
ਉਪਰਾਲਾ ਕੀਤਾ ਹੈ, ਇਕ-ਦੋ ਨੂੰ ਛੱਡ ਕੇ ਤੁਸੀਂ ਸਾਰਿਆਂ ਨੇ ਮੁਡਿਆਂ ਨੂੰ ਨਸ਼ਿਆਂ ਦੇ ਆਦੀ ਬਣਾਉਣ ਲਈ ਪੂਰੀ ਵਾਹ ਲਾਈ ਹੋਈ ਹੈ?
‘ਦੋ ਚੀਜ਼ਾਂ ਜੱਟ ਮੰਗਦਾ ਦਾਰੂ ਘਰ ਦੀ ਬੰਦੂਕ ਬਾਰਾਂ ਬੋਰ ਦੀ…’
‘ਜਦ ਪੀ ਲੈਂਦੇ ਸੂਟਾ…… ਪੁੱਤ ਜੱਟਾਂ ਦੇ ਨੇ ਗੱਭਰੂ’
‘ਜਿੱਥੇ ਆਵੇ ਠੇਕਾ ਗੱਡੀ ਰੋਕ ਲਵੀਂ……’
ਕੀ ਤੁਹਾਡੇ ਲਈ ਇੱਜ਼ਤ, ਅਣਖ, ਗ਼ੈਰਤ, ਮਾਂ ਦੀ ਚੁੰਨੀਂ, ਬਾਪੂ ਦੀ ਪੱਗ, ਇਹ ਸਾਰੇ ਸ਼ਬਦ ਮਰ ਚੁੱਕੇ ਹਨ?
ਤੇ ਕੀ ਤੁਹਾਡੇ ਘਰ ਵਿਚ ਆਪਣੀ ਕੋਈ ਧੀ ਭੈਣ ਨਹੀਂ?
ਤੇ ਜੇ ਹੈ ਤਾਂ ਕੀ ਤੁਸੀਂ ਉਹਨਾਂ ਨੂੰ ਵੀ ਉਹੀ ਨਸੀਹਤ ਦਿੰਦੇ ਹੋ ਜੋ ਪੰਜਾਬ ਦੀਆਂ ਦੂਜੀਆਂ ਕੁੜੀਆਂ ਨੂੰ ਦਿੰਦੇ ਹੋ?
ਅਸਲ ਵਿਚ ਤੁਸੀਂ ਭਟਕ ਚੁੱਕੇ ਹੋ ਵੀਰੋ। ਰਾਤੋ-ਰਾਤ ਸਟਾਰ ਬਨਣ ਦੀ ਲਾਲਸਾ ਵਿਚ ਤੁਸੀਂ ਆਪਣੀ ਮਾਂ, ਜਿਹੜੀ ਵਿਚਾਰੀ ਕਦੇ ਅਮੀਰ ਵਿਰਸੇ ਦੀ ਮਾਲਕ ਹੁੰਦੀ ਸੀ, ਦੇ ਕੱਪੜੇ ਵੀ ਪਾੜ ਦਿੱਤੇ ਹਨ ਤੇ ਉਸ ਨੂੰ ਗ਼ੈਰਾਂ ਸਾਹਵੇਂ ਨੰਗੀ ਕਰ ਦਿੱਤਾ ਹੈ। ਕੀ ਤੁਹਾਨੂੰ ਸੁਪਨੇ ਵਿਚ ਕਦੇ ਵੀ ਮਾਂ ਰੋਂਦੀ ਵਿਲਕਦੀ ਨਹੀਂ ਦਿਸੀ? ਮੈਨੂੰ ਦਿਸੀ ਹੈ… ਤੇ ਸ਼ਾਇਦ ਹਰੇਕ ਜਾਗਦੀ ਜ਼ਮੀਰ ਵਾਲੇ ਇਨਸਾਨ ਨੂੰ ਦਿਸੀ ਹੋਵੇਗੀ…… ਲੀੜੇ ਤਾਂ ਉਸ ਦੇ ਲੀਰੋ-ਲੀਰ ਹੋਏ ਹੀ ਸਨ, ਥਾਂ-ਥਾਂ ਤੋਂ ਉਸ ਦਾ ਪਿੰਡਾ ਵੀ ਲਹੂ ਲੁਹਾਣ ਹੋਇਆ ਪਿਆ ਸੀ… ਸਿਰ ਦੇ ਕੇਸ ਇੰਝ ਸਨ ਜਿਵੇਂ ਕਈ ਸਾਲਾਂ ਤੋਂ ਵਾਹੇ ਨਾ ਹੋਣ, ਪਿੰਡਾ ਜਿਵੇਂ ਕਿਸੇ ਨੇ ਘਰੂੰਡਾਂ ਨਾਲ ਛਿੱਲਿਆ ਹੋਵੇ। ਬਾਵਰਿਆਂ ਵਾਂਗ ਤੁਰੀ ਜਾਂਦੀ ਸੀ ਤੇ ਦੂਰੋਂ ਕਿਤੋਂ ਆਵਾਜ਼ ਆ ਰਹੀ ਸੀ,
“ਪੰਜਾਬੀਏ ਜ਼ਬਾਨੇ ਨੀ ਰਕਾਨੇ ਮੇਰੇ ਦੇਸ਼ ਦੀਏ, ਫਿੱਕੀ ਪੈ ਗਈ ਚਿਹਰੇ ਦੀ ਨੁਹਾਰ ਨੀਂ,
ਮੀਢੀਆਂ ਖਿਲਾਰੀ ਫਿਰੇਂ, ਨੀਂ ਬੁੱਲੇ ਦੀਏ ਕਾਫ਼ੀਏ, ਕੀਹਨੇ ਤੇਰਾ ਲਾਹ ਲਿਆ ਸ਼ਿਗਾਰ ਨੀਂ,
ਪੰਜਾਬੀਏ ਜ਼ਬਾਨੇ……”

ਇਕ ਵਾਰੀ ਸਾਡੇ ਇਕ ਬੜੇ ਸਤਿਕਾਰਤ ਮਹਾਂਪੁਰਖ਼ ਨੇ ਕਿਹਾ ਸੀ, “ਮੈਂ ਸਰੀਰ ਦੇ ਮਰਨ ਨੂੰ ਮੌਤ ਨਈਂ ਗਿਣਦਾ, ਜ਼ਮੀਰ ਦੇ ਮਰਨ ਨੂੰ ਮੌਤ ਗਿਣਦਾਂ……”। ਸਾਡੇ ਲੋਕਾਂ ਨੇ ਤਾਂ ਉਸ ਦੀ ਇਹ ਗੱਲ ਸ਼ਾਇਦ ‘ਲੈਕਚਰ’ ਦੇ ਇਕ ਪਾਰਟ ਵਜੋਂ ਸੁਣੀ ਤੇ ਵਿਸਾਰ ਦਿੱਤੀ…… ਪਰ ਹਾਕਮਾਂ ਨੇ ਇਹ ਗੱਲ ਤੁਰੰਤ ਆਪਣੀਆਂ ਡਾਇਰੀਆਂ ’ਤੇ ਨੋਟ ਕਰ ਲਈ।
ਤੇ ਫੇਰ ਜਦੋਂ ਹਾਕਮ ਪੰਜਾਬ ਦੇ ਜਾਇਆਂ ਨੂੰ ਕੋਹ-ਕੋਹ ਕੇ ਥੱਕ ਗਏ, ਜਦੋਂ ਪੰਜਾਬ ਦੀਆਂ ਨਹਿਰਾਂ ਦਰਿਆਵਾਂ ਦਾ ਸਾਰਾ ਪਾਣੀ ਸਿਖ ਨੌਜੁਆਨੀਂ ਦੇ ਖ਼ੂਨ ਨਾਲ ਲਾਲ ਹੋ ਗਿਆ, ਜਦੋਂ ਦਰਿਆਵਾਂ ਦੀਆਂ ਮੱਛੀਆਂ ਨੇ ਵੀ ਹੋਰ ਮਨੁੱਖੀ ਮਾਸ ਖਾਣ ਤੋਂ ਜਵਾਬ ਦੇ ਦਿੱਤਾ, ਜਦੋਂ ਜ਼ਾਲਮਾਂ ਦੇ ਜ਼ੁਲਮਾਂ ਦੀ ਇੰਤਹਾ ਹੋ ਗਈ ਪਰ ਲਹਿਰ ਠੰਡੀ ਨਾ ਪਈ, ਤਾਂ ਉਹਨਾਂ ਨੇ ਦੂਜਾ ਹਥਿਆਰ ਵਰਤਿਆ। ਹਾਕਮਾਂ ਨੂੰ ਸਮਝ ਪੈ ਗਈ ਕਿ ਸਰੀਰਾਂ ਦੇ ਮਾਰਿਆਂ ਇਹ ਲਹਿਰ ਖਤਮ ਨਹੀਂ ਹੋਣੀ। ਸੋ ਬੰਦੂਕਾਂ ਵਾਲੀਆਂ ਫੌਜਾਂ ਵਾਪਸ ਬੁਲਾ ਕੇ ਹੋਰ ਸੈਨਾਂ ਭੇਜੀ ਗਈ, ਜਿਹੜੀ ਸੈਨਾਂ ਦੇ ਹੱਥ ਵਿਚ ਢੋਲਕੀਆਂ ਛੈਣੇ ਸਨ। ਇਹ ਫੌਜ ਸੀ ਪੰਜਾਬ ਦੀ ਜਵਾਨੀ ਦੇ ਜ਼ਮੀਰ ਮਾਰਨ ਲਈ, ਕਿਉਂਕਿ ਅਸਲੀ ਮੌਤ ਤਾਂ ਜ਼ਮੀਰ ਦੇ ਮਰਿਆਂ ਹੁੰਦੀ ਹੈ ਨਾ। ਤੇ ਫੇਰ ਇਸ ਫੌਜ ਨੇ ਗੋਲੀਆਂ ਨਾਲ ਵਿੰਨ੍ਹੀ ਪੰਜਾਬ ਦੀ ਧਰਤੀ ਉੱਤੇ ‘ਅਸੱਭਿਆਚਾਰਕ ਮੇਲੇ’ ਲਾਉਣੇ ਸ਼ੁਰੂ ਕੀਤੇ। ਤੇ ਓਦੋਂ ਸ਼ੁਰੂ ਹੋਏ ਏਸ ਕੰਜਰ ਖਾਨੇ ਨੇ ਹੀ ਅੱਜ ਏਨਾ ਖ਼ਤਰਨਾਕ ਰੂਪ ਧਾਰਨ ਕਰ ਲਿਆ ਹੈ। ਕੀ ਤੁਹਾਨੂੰ ਨਹੀਂ ਲੱਗਦਾ, ਕਿ ਪੰਜਾਬ ਦੀ ਜਵਾਨੀ ਦਾ ਅੰਨ੍ਹਾਂ ਘਾਣ ਹੋਇਆ ਪਰ ਤੁਹਾਡੇ ਵਿਚੋਂ (ਇੱਕ ਦੋ ਨੂੰ ਛੱਡ ਕੇ) ਕਿਸੇ ਨੇ ਹਾਅ ਦਾ ਨਾਹਰਾ ਵੀ ਨਹੀਂ ਮਾਰਿਆ। ਦੇਬੀ ਨੇ ਹੁਣੇ ਕਿਹਾ ਹੈ,
‘ਡਾਢਿਆਂ ਧਰਮ ਸਥਾਨ ਗਿਰਾਏ, ਜੀਵਨ ਜੋਗੇ ਮਾਰ ਮੁਕਾਏ,
ਮੈਂ ਬੁਜ਼ਦਿਲ ਉਹਨਾਂ ਆਪਣਿਆਂ ਲਈ, ਹਾਅ ਦਾ ਨਾਹਰਾ ਲਾ ਨਈ ਸਕਿਆ,
ਉਹਨਾਂ ਤੋਂ ਮੁਆਫੀ ਚਾਹੁਣਾ, ਮੈਂ ਜਿਨਾਂ ਦਾ ਗੀਤ ਬਣਾ ਨਈ ਸਕਿਆ……’
ਇਹ ਸ਼ਬਦ ਉਸ ਨੇ ਇਕੱਲੇ ਆਪਣੇ ਲਈ ਨਹੀਂ ਵਰਤੇ, ਸਾਰੇ ਗਾਇਕ ਤੇ ਗੀਤਕਾਰ ਪਰਿਵਾਰ ਲਈ ਕਹੇ ਹਨ।
ਜਿੰਨੀ ਦਿਨੀਂ ਪੰਜਾਬ ਵਿਚ ਹਰ ਰੋਜ਼ ਸੈਕੜੇ ਨੌਜੁਆਨ ਲਾਵਾਰਸ ਕਹਿ ਕੇ ਫੂਕੇ ਜਾ ਰਹੇ ਸਨ ਤਾਂ ਉਦੋਂ ਪੰਜਾਬ ਦਾ ਇਕ ਨਾਮਵਰ ਗਾਇਕ ਕਨੇਡਾ ਵਿਚ ਪ੍ਰੋਗਰਾਮ ਕਰ ਰਿਹਾ ਸੀ ਤੇ ਗੀਤ ਰਾਹੀਂ ਮਸਤੀ ਮਨਾਉਣ ਦੀਆਂ ਗੱਲਾਂ ਕਰ ਰਿਹਾ ਸੀ ਤੇ ਓਦੋਂ ਉੱਥੋਂ ਲੰਘ ਰਹੇ ਇੱਕ ਬਜ਼ੁਰਗ ਦੇ ਮੂੰਹੋਂ ਸਹਿਸੁਭਾਅ ਹੀ ਨਿਕਲ ਗਿਆ, “ਮਸਤੀ ਕਾਹਦੀ ਮਨਾਈਏ…… ਹਰ ਰੋਜ਼ ਅੱਤਵਾਦੀ ਕਹਿ ਕੇ ਮਾਰੇ ਜਾ ਰਹੇ ਪੰਜਾਬ ਦੇ ਨਿਰਦੋਸ਼ੇ ਪੁੱਤਰਾਂ ਦੀ…… ਕੀ ਇਹਨਾਂ ਗਾਇਕਾਂ ਨੂੰ ਨਹੀਂ ਦਿਸਦੀਆਂ, ਪੁੱਤਾਂ ਨੂੰ ਉਡੀਕਦੀਆਂ ਮਾਵਾਂ, ਭਰਾਵਾਂ ਨੂੰ ਉਡੀਕਦੀਆਂ ਭੈਣਾਂ, ਕੰਤਾਂ ਨੂੰ ਉਡੀਕਦੀਆਂ ਨਾਰਾਂ…… ਜਿਹੜੇ ਗੀਤ ਸਿਵਿਆਂ ਵਿਚ ਦੀ ਹੋ ਕੇ ਆਉਂਦੇ ਹੋਣ ਉਹ ਕੰਨਾਂ ਨੂੰ ਨਹੀਂ ਸੋਹਾਂਦੇ, ਉਹ ਤਾਂ ਕਾਲਜਾ ਵਿੰਨ ਜਾਂਦੇ ਨੇ……”।
ਅਸਲ ਵਿਚ ਸਰਕਾਰਾਂ ਜੋ ਚਾਹੁਦੀਆਂ ਹਨ, ਉਹੀ ਤੁਸੀਂ ਗਾ ਸਕਦੇ ਹੋ। ਜੇ ਉਹਨਾਂ ਤੋਂ ਬਾਹਰੇ ਹੋ ਕੇ ਜਾਂ ਲੋਕਾਂ ਦੀ ਪੀੜ ਗਾਉਗੇ ਤਾਂ ਉਹ ਤੁਹਾਨੂੰ ਵੀ ਨਹੀਂ ਬਖ਼ਸ਼ਨਗੇ। ਜੇ ਨਹੀਂ ਯਕੀਨ ਤਾਂ ਪੁੱਛ ਕੇ ਵੇਖੋ ਓਸ ਗਾਇਕ ਨੂੰ ਜਿਸ ਨੇ ਜਦੋਂ ਗਾਇਆ,
‘ਇਹ ਕੀ ਤੂੰ ਪੁੱਤਰਾ ਕਰਿਆ ਨਾ ਤੂੰ ਸਮੇਂ ਭੈੜੇ ਤੋਂ ਡਰਿਆ,
ਪਾ ਕੇ ਉੱਤੋਂ ਦੀ ਕਿਰਪਾਨ ਸਿਰ ’ਤੇ ਬੰਨ੍ਹ ਲਈ ਪੱਗ ਸੁਨਿਹਰੀ,
ਬਚ ਬੁਰੇ ਹਾਲਾਤਾਂ ਤੋਂ ਪੱਤਾ ਪੱਤਾ ਸਿੰਘਾਂ ਦਾ ਵੈਰੀ……’
ਤਾਂ ਉਸ ਨਾਲ ਕੀ ਵਾਪਰੀ ਸੀ। ਉਸ ਦੇ ਆਪਣੇ ਸ਼ਬਦਾਂ ਵਿਚ ਉਸ ਨੂੰ ਓਦੋਂ ਪਤਾ ਲੱਗਾ ਸੀ ਕਿ ‘ਇੰਟੈਰੋਗੇਸ਼ਨ’ ਕੀ ਹੁੰਦੀ ਹੈ। ਉਹ ਤਾਂ ‘ਅਗਲਿਆਂ’ ਨੇ ਉਦੋਂ ਮੁਆਫ ਕੀਤਾ ਜਦੋਂ ਉਹੀ ਗਾਇਕ ਗਾਉਣ ਲੱਗ ਪਿਆ,
‘ਔਹ ਵੇਖੋ ਸੜਕਾਂ ’ਤੇ ਅੱਗ ਤੁਰੀ ਜਾਂਦੀ ਏ……’
ਤੇ ਜਦੋਂ ਬਾਈ ਦਿਲਸ਼ਾਦ ਅਖ਼ਤਰ ਨੇ ਗਾਇਆ,
‘ਝੂਠਿਆਂ ਕੇਸਾਂ ਦੇ ਵਿਚ ਕਰ ਲੈ ਤੂੰ ਕੈਦ ਭਾਵੇਂ,
ਮਰਜ਼ੀ ਦੇ ਘੜ੍ਹ ਕੇ ਕਾਨੂੰਨ ਨੀ,
ਡੱਕ ਨਹੀਓ ਹੋਣੀ ਇਹ ਜਵਾਨੀ ਨੀ ਜੰਜ਼ੀਰਾਂ ਵਿਚ, ਡੋਲ੍ਹ ਨਾ ਬੇਦੋਸ਼ਿਆਂ ਦਾ ਖ਼ੂਨ ਨੀ,
ਸਿੰਘਾਂ ਨੂੰ ਤਾਂ ਚਾਅ ਸਦਾ ਰਹਿੰਦਾ ਕੁਰਬਾਨੀਆਂ ਦਾ, ਲੈਂਦੇ ਨੇ ਸ਼ਹੀਦੀ ਜਾਮ ਪੀ,
ਵੱਢਲੈ ਟੁੱਕਲੈ ਮਾਰਲੈ ਹਕੂਮਤੇ ਨੀ ਜਿੰਨਾ ਤੇਰਾ ਕਰਦਾ ਏ ਜੀ,
ਹੱਕਾਂ ਲਈ ਸ਼ਹੀਦ ਹੋਣਾ ਮੁੱਢ ਤੋਂ ਅਸੂਲ ਸਾਡਾ ਅਸਾਂ ਤੈਥੋਂ ਝੁਕਣਾ ਏ ਕੀ……’
ਤਾਂ ਉਸ ਨਾਲ ਕੀ ਬੀਤੀ।
ਦੂਰ ਨਾ ਜਾਓ ਤੁਸੀਂ ਤਾਜ਼ਾ ਮਿਸਾਲਾਂ ਹੀ ਲੈ ਲਓ। ਤੁਹਾਡੇ ਵਿਚੋਂ ਕੁਝ ਸੁਹਿਰਦ ਗਾਇਕਾਂ ਨੇ ਜਦੋ ਕੁਝ ਚੰਗੇ ਗੀਤ ਗਾਏ ਤਾਂ ਹਕੂਮਤ ਨੇ ਉਹਨਾਂ ਦੇ ਜਾਂ ਤਾਂ ਵੀਡੀਓ ਹੀ ਨਹੀਂ ਬਨਣ ਦਿੱਤੇ ਤੇ ਜਾਂ ਉਹਨਾਂ ਗਾਣਿਆਂ ’ਤੇ ਹੀ ਪਾਬੰਦੀ ਲਾ ਦਿੱਤੀ। ਭਾਵੇਂ ਰਾਜ ਬਰਾੜ ਦਾ ‘ਉੱਜੜ ਉੱਜੜ ਕੇ ਵਸਣਾ ਲਿਖਿਆ ਲੇਖਾਂ ਵਿਚ ਪੰਜਾਬ ਦੇ’ ਹੋਵੇ ਜਾਂ ਬੱਬੂ ਮਾਨ ਦਾ ‘ਆਸ਼ਿਕਾਂ ਦੀ ਲਾਈਨ’ ਹੋਵੇ। ਸੁਣਿਆਂ ਤਾਂ ਏਥੋਂ ਤੱਕ ਹੈ ਕਿ ਬੱਬੂ ਮਾਨ ਦਾ ਇਹ ਗੀਤ ਤਾਂ ‘ਅਗਲਿਆਂ’ ਨੂੰ ਏਨਾਂ ਰੜਕਿਆਂ ਹੈ ਕਿ ਡੀ.ਜੇ. ਵਾਲਿਆਂ ਨੂੰ ਪੁਲਸ ਨੇ ਕਿਸੇ ਵੀ ਪ੍ਰੋਗਰਾਮ ’ਤੇ ਇਹ ਗੀਤ ਪਲੇ ਕਰਨ ਤੋਂ ਮਨ੍ਹਾਂ ਕਰ ਦਿੱਤਾ ਹੈ। ਹੁਣ ਤੁਸੀਂ ਆਪ ਹੀ ਵੇਖ ਲਓ ਕਿ ਅਗਲੇ ਤੁਹਾਡੇ ਤੋਂ ਕੀ ਚਾਹੁੰਦੇ ਹਨ, ਪਰ ਤੁਹਾਡੀਆਂ ਰਗ਼ਾਂ ਵਿਚ ਜੇ ਪੰਜਾਬ ਦਾ ਲਹੂ ਹੈ ਤਾਂ ਤੁਹਾਡਾ ਫਰਜ਼ ਬਣਦਾ ਹੈ ਕਿ ਲੋਕਾਂ ਅੱਗੇ ਸੱਚ ਲਿਆਓਂ ਤੇ ਆਹ ਲੱਚਰਪੁਣੇ ਤੋਂ ਪੰਜਾਬ ਨੂੰ ਬਚਾਓਂ……
ਤੁਸੀਂ ਆਪ ਹੀ ਦੱਸੋ ਕਿ ਤੁਹਾਡੇ ਅੱਜ ਕੱਲ ਦੇ ਗੀਤ ਕੀ ਉਸੇ ਬੋਲੀ ਦਾ ਹਿੱਸਾ ਬਨਣ ਦੇ ਯੋਗ ਹਨ ਜਿਸ ਵਿੱਚ ਬਾਬਾ ਗੁਰੂ ਨਾਨਕ ਜੀ, ਬਾਬਾ ਫ਼ਰੀਦ ਜੀ, ਬਾਬਾ ਮਰਦਾਨਾ ਜੀ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਰਚਨਾ ਕੀਤੀ। ਕੀ ਤੁਹਾਡੇ ਬੋਲ ਉਸ ਅਮੀਰ ਵਿਰਾਸਤ ਦੀ ਮਾਲਕ ਬੋਲੀ ਦਾ ਸਿਰ ਨੀਵਾਂ ਨਹੀਂ ਕਰ ਰਹੇ ਜਾਂ ਕਹਿ ਲਓ ਸਿਰ ਵੱਢ ਹੀ ਰਹੇ ਹਨ। ਫਾਲਤੂ ਜਹੀ ਸ਼ੌਹਰਤ ਤੇ ਚਾਰ ਪੈਸਿਆਂ ਲਈ ਅਸੀਂ ਆਪਣੀ ਮਾਂ ਨੂੰ ਹੀ ਹਲਾਲ ਕਰ ਰਹੇ ਹਾਂ। ਅੱਜ ਤਾਂ ਬੇੜਾ ਏਨਾ ਗਰਕ ਗਿਆ ਹੈ ਕਿ ਪੰਜਾਬ ਦੇ ਸਾਰੇ ਪਾਕ ਰਿਸ਼ਤਿਆਂ ਨੂੰ ਪਲੀਤ ਕਰਨ ਵਾਲੇ ਚਮਕੀਲੇ ਨੂੰ ਤੁਸੀਂ ਸ਼ਹੀਦ ਬਣਾ ਕੇ ਪੇਸ਼ ਕਰ ਰਹੇ ਹੋ। ਸ਼ਾਇਦ ਉਸ ਨੂੰ ਮਾਰਨ ਵਾਲਿਆਂ ਨੇ ਵਿਚਾਰਿਆਂ ਨੇ ਕਦੇ ਸੋਚਿਆ ਵੀ ਨਹੀਂ ਹੋਣਾ ਕਿ ਹਕੂਮਤ ਅਜਿਹਾ ਹਮਲਾ ਕਰੇਗੀ ਕਿ ਘਰ ਘਰ ਚਮਕੀਲੇ ਜੰਮ ਬੈਠਣਗੇ। ਇੱਕ ਉਸ ਤੁਹਾਡੇ ਸੂਰਮੇਂ? ਦੀ ਕੁੜੀ ਉੱਠੀ ਹੈ…… ਅਖੇ ਮੈਂ ਆਪਣੇ ਬਾਪ ਦਾ ਅਧੂਰਾ ਮਿਸ਼ਨ ਪੂਰਾ ਕਰਾਂਗੀ ਤੇ ਉਸ ਦੇ ਸਾਰੇ ਗੀਤ ਦੁਬਾਰਾ ਗਾਵਾਂਗੀ… ਮਿਸ਼ਨ?...... ਕਿਹੜਾ?...... ਜਿਹੜਾ ਉਹ ਸਟੇਜ਼ ’ਤੇ ਕਹਿੰਦਾ ਹੁੰਦਾ ਸੀ ਕਿ ਜੇ ਖੁੱਲ ਮਿਲ ਜਾਵੇ ਤਾਂ ਕੁੜੀਆਂ ਮੁੰਡਿਆਂ ਦੀਆਂ ਜੱਫੀਆਂ ਪਵਾ ਦੇਵੇਗਾ…… ਦੁਰ ਫਿਟੇ ਮੂੰਹ ਐਸੀ ਘਟੀਆਂ ਤੇ ਗੰਦੀ ਸੋਚ ਦੇ……। ਮੈਂ ਸੋਚਦਾਂ ਕਿ ਉਸ ਦੇ ਇਹ ਗਾਣੇ (ਜਿਹਨਾਂ ਦੀ ਪੂਰੀ ਇੱਕ ਸਤਰ ਵੀ ਲਿਖੀ ਨਹੀਂ ਜਾ ਸਕਦੀ) ਉਸ ਦੀ ਧੀ ਕਿਵੇਂ ਗਾਏਗੀ,
‘ਕੁੱਦ ਕੁੱਦ ਮਾਰੇ ਚੁੱਭੀਆਂ……
‘ਸਾਢੂ ਤੋਂ ਅੱਖ ਬਚਾਕੇ……
‘ਉਹ ਤੱਕਦਾ ਰਿਹਾ ਵੇ ਮੈਂ ਸਿਖ਼ਰ ਦੁਪਿਹਰੇ……
‘ਨਿੱਤ ਨਵਾਂ ਕੋਈ ਜੇਠ ਵੇ……
‘ਕੱਢਿਆ ਨਾ ਕੰਡਾ ਜੀਹਣੇ ਭੈਣ ਦੀ ……
ਕੀ ਏਸ ਕੁੜੀ ਨੂੰ ਭੋਰਾ ਸ਼ਰਮ ਨਾ ਆਊ ਐਸੇ ਗੀਤ ਗਾਉਂਦਿਆਂ। ਠੀਕ ਈ ਆਂਹਦੇ ਨੇ ‘ਜੈਸੀ ਕੋਕੋ ਤੈਸੇ ਬੱਚੇ’। ਭਾਵੇਂ ਚਮਕੀਲੇ ਦੀ ਇਸ ਹੋਣਹਾਰ? ਧੀ ਨੇ ਸੋਚ ਹੀ ਲਿਆ ਹੈ ਕਿ ਉਹ ਇਹ ਗੰਦ (ਭਾਵੇਂ ਪਹਿਲਾਂ ਵੀ ਬਥੇਰਾ ਪੈ ਚੁੱਕਿਆ ਹੈ) ਦੁਬਾਰਾ ਪਾਵੇਗੀ ਤਾਂ ਵੀ ਅਸੀ ਉਸਨੂੰ ਕਹਾਂਗੇ ਕਿ ਪੰਜਾਬੀ ਮਾਂ ਬੋਲੀ ਤੇ ਸੱਭਿਆਚਾਰ ਦਾ ਵਾਸਤਾ ਇੱਕ ਵਾਰ ਫਿਰ ਤੋਂ ਸੋਚੇ ਜ਼ਰੂਰ…… ਕਈ ਗੀਤ ਤਾਂ ਅੱਜ ਕੱਲ ਅਜਿਹੇ ਆ ਰਹੇ ਨੇ ਕਿ ਜੇ ਗਾਇਕ ਨੂੰ ਕਹੀਏ ਕਿ ਕੀ ਉਸ ਦਾ ਗਾਇਆ ਇਹੀ ਗਾਣਾ ਜੇ ਉਸ ਦੀ ਭੈਣ ’ਤੇ ਲਾ ਕੇ ਗਾ ਲਿਆ ਜਾਵੇ ਤਾਂ ਉਹ ਬਰਦਾਸ਼ਤ ਕਰ ਲਵੇਗਾ। ਤੇ ਜੇ ਇਹ ਗਾਣੇ ਉਹਨਾਂ ਦੇ ਪਰਿਵਾਰਾਂ ’ਤੇ ਲਾ ਕੇ ਨਹੀਂ ਗਾਏ ਜਾ ਸਕਦੇ ਤਾਂ ਕੀ ਉਹ ਲੋਕਾਂ ਦੇ ਧੀਆਂ ਪੁੱਤ ਵਿਗਾੜਣ ਨੂੰ ਹੀ ਲੱਗੇ ਹਨ?
ਮਿਸਾਲ ਦੇ ਤੌਰ ’ਤੇ ‘ਹੋਇਆ ਕੀ ਜੇ ਨੱਚਦੀ ਦੀ ਬਾਂਹ ਫੜ੍ਹ ਲਈ……’
ਗੀਤ ਹੀ ਲੈ ਲਓ। ਕੀ ਗਾਉਣ ਵਾਲਾ ਆਪਣੀ ਧੀ ਭੈਣ ਨਾਲ ਐਸੀ ਕਰਤੂਤ ਬਰਦਾਸ਼ਤ ਕਰ ਸਕਦਾ ਹੈ? ਜੇ ਨਹੀਂ ਤਾਂ ਫਿਰ ਐਸੇ ਗੀਤ ਗਾਏ ਹੀ ਕਿਉਂ ਜਾਂਦੇ ਹਨ।
ਖ਼ੈਰ…… ਅਸੀਂ ਇਹ ਨਹੀਂ ਕਹਿੰਦੇ ਵੀਰੋ ਕਿ ਗਾਉਣਾ ਹੀ ਬੰਦ ਕਰ ਦਿਓ। ਬਸ ਥੋੜੀ ਜਹੀ ਚੰਗੀ ਸ਼ਬਦਾਵਲੀ ਤੇ ਸਮਾਜ ਨੂੰ ਸੇਧ ਦੇਣ ਵਾਲੇ ਗੀਤ ਵੀ ਗਾਓ। ਤੁਹਾਨੂੰ ਪਤਾ ਹੈ ਕਿ ਨੌਜੁਆਨ ਪੀੜੀ ਤੁਹਾਡੀ ਗੱਲ ਸੁਣਦੀ ਹੈ। ਤੁਸੀਂ ਉਹਨਾਂ ਨੂੰ ਆਪਣੇ ਗੀਤਾਂ ਰਾਹੀਂ ਨਸ਼ਿਆਂ ਤੋਂ ਤੇ ਹੋਰ ਮਾੜੇ ਕੰਮਾਂ ਤੋਂ ਦੂਰ ਲਿਜਾਣ ਦੀ ਕੋਸ਼ਿਸ਼ ਕਰੋ। ਸਾਰੇ ਐਸੇ ਗੀਤ ਗਾਓ,
‘ਗਿਣੇ ਬਿਨਾ ਨਸ਼ੇ ਦੀਆਂ ਗੋਲੀਆਂ ਜੋ ਖਾਂਦੇ ਨੇ,
ਉਹ ਮੁੰਡੇ ਆਪਣੀ ਜਵਾਨੀ ਸਾੜੀ ਜਾਂਦੇ ਨੇ,
ਟੀਕਿਆਂ ਤੇ ਸੂਟਿਆਂ ਨੇ ਚੂਸ ਲਏ,
ਲਾਲੀਆਂ ਚਿਹਰੇ ’ਤੇ ਕਿੱਥੋਂ ਆਉਣੀਆਂ,
ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ ਖਾਧੀਆਂ ਖੁਰਾਕਾਂ ਕੰਮ ਆਉਣੀਆਂ……’
ਤੇ ਜਾਂ ਪੰਜਾਬ ਦੀ ਕਿਸਾਨੀ ਦਾ ਦੁੱਖ ਬਿਆਨਦੇ ਕੁਝ ਗੀਤ ਵੀ ਅੱਜ ਕੱਲ ਆਏ ਹਨ ਜੋ ਸਲਾਹੁਣਯੋਗ ਹਨ। ਕੋਸ਼ਿਸ਼ ਕਰੋ ਐਸੇ ਗੀਤ ਗਾਉਣ ਦੀ, ‘ਜਿਸ ਦੇ ਸਿਰ ’ਤੇ ਰੋਟੀ ਖਾਵੇ ਇਹ ਜੱਗ ਸਾਰਾ ਨੀ,
ਦੋ ਦੋ ਮਹੀਨੇ ਮੰਡੀਆਂ ਦੇ ਵਿਚ ਰੁਲੇ ਵਿਚਾਰਾ ਨੀ,
ਵੋਟਾਂ ਵੇਲੇ ਜੱਟ ਯਾਦ ਆਉਂਦਾ ਸਰਕਾਰਾਂ ਨੂੰ,
ਅਜੇ ਸਫਾਰੀ ਸਮਝ ਨੀ ਕੁੜੀਏ 5911 ਨੂੰ……’
ਉਪਰਾਲਾ ਕਰੋ ਵੀਰੋ ਆਪਣੇ ਲੋਕਾਂ ਨਾਲ ਖੜਣ ਦਾ। ਹਿੰਮਤ ਕਰੋ ਪੰਜਾਬ ਦੇ ਦੁੱਖ ਲੋਕਾਂ ਦੀ ਕਚਿਹਰੀ ਵਿਚ ਰੱਖਣ ਦੀ, ਸਰਕਾਰਾਂ ਦਾ ਭੈਅ ਨਾ ਖਾਓ। ਤੁਸੀਂ ਸੂਰਮਿਆਂ ਦੀ ਧਰਤੀ ’ਤੇ ਜੰਮੇ ਹੋ, ਸੂਰਮਿਆਂ ਵਾਲੇ ਕੰਮ ਕਰੋ। ਇਕੱਲੀਆਂ ਭਗਤ ਸਿੰਘ ਵਰਗੀਆਂ ਪੱਗਾਂ ਬੰਨ੍ਹਣ ਨਾਲ ਤੁਸੀਂ ਭਗਤ ਸਿੰਘ ਨਹੀਂ ਬਣ ਜਾਣਾ। ਉਸ ਦੀ ਜ਼ਾਲਮ ਹਾਕਮਾਂ ਅੱਗੇ ਹਿੱਕ ਡਾਹ ਕੇ ਖੜ੍ਹਣ ਵਾਲੀ ਦਲੇਰੀ ਲੈ ਕੇ ਆਵੋ। ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿਚ ਬੇਨਤੀ ਕਰੋ ਕਿ ਉਹ ਤੁਹਾਨੂੰ ਤਾਕਤ ਬਖ਼ਸ਼ਨ ਤਾਂ ਕਿ ਤੁਸੀਂ ਸਹੀ ਰਾਹ ’ਤੇ ਪੈ ਕੇ ਆਪਣੇ ਲੋਕਾਂ ਨੂੰ ਕੁਝ ਸੇਧ ਦੇ ਸਕੋ…… ਛੱਡ ਦਿਓ ਵੀਰੋ ਆਹ ਕੰਜਰ ਕਿੱਤੇ ਨੂੰ …… ਇਸ ਤੋਂ ਪਹਿਲਾਂ ਕਿ ਬਹੁਤ ਦੇਰ ਹੋ ਜਾਵੇ…… ਵਾਸਤਾ ਏ ਥੋਨੂੰ ਅਣਖੀ ਪੰਜਾਬ ਦਾ……
ਜੇ ਕੋਈ ਗਲਤੀ ਹੋ ਗਈ ਹੋਵੇ ਤਾਂ ਮੁਆਫ ਕਰਿਓ
ਤੁਹਾਡਾ ਨਿੱਕਾ ਵੀਰ
ਜਗਦੀਪ ਸਿੰਘ ਫਰੀਦਕੋਟ
9815763313

Wednesday, March 18, 2009

ਸਿੱਖ ਪ੍ਰੇਮੀ ਵਿਵਾਦ ਮਾਮਲੇ ਵਿੱਚ ਜਥੇਦਾਰ ਨੰਦਗੜ੍ਹ ਨੇ ਪਾਸਾ ਪਲਟਿਆ


ਸੁਖਨੈਬ ਸਿੰਘ ਸਿੱਧੂ
ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨਾਲ ਪੰਥਕ ਵਿਵਾਦ ਸ਼ੁਰੂ ਹੋਣ ਮਗਰੋਂ ਸਭ ਤੋਂ ਵੱਧ ਸਰਗਰਮੀ ਦਿਖਾ ਕੇ ਸਿੱਖਾਂ ਨੂੰ ਡੇਰਾ ਪ੍ਰੇਮੀਆਂ ਨਾਲ ਕੋਈ ਰਿਸ਼ਤਾ ਨਾ ਰੱਖਣ ਲਈ ਹੁਕਮਨਾਮਾ ਜਾਰੀ ਕਰਵਾਉਣ ਵਿੱਚ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਦਾ ਬਹੁਤ ਵੱਡਾ ਯੋਗਦਾਨ ਸੀ । ਬਿਨਾਂ ਸੱਕ ਡੇਰਾ ਸਿਰਸਾ ਦੇ ਮੁਖੀ ਨੇ ਗੁਰੂ ਗੋਬਿੰਦ ਸਿੰਘ ਦੀ ਨਕਲ ਕਰਦਿਆਂ ਜਾਮੇ ਇੰਨਸਾਂ ਤਿਆਰ ਕੀਤਾ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕਰਦਿਆਂ ਖੁਦ ਗੁਰੂ ਸਾਹਿਬ ਵਰਗਾ ਲਿਬਾਸ ਪਹਿਨਿਆਂ । ਬਠਿੰਡਾ ਤੋਂ ਇਸ ਘਟਨਾ ਵਿਰੋਧ ਸ਼ੁਰੂ ਹੋਣ ਮਗਰੋਂ ਪੂਰੀ ਦੁਨੀਆਂ ਸਿੱਖਾਂ ਨੇ ਸੌਦਾ ਸਾਧ ਦੀ ਇਸ ਸ਼ਰਾਰਤ ਖਿਲਾਫ਼ ਆਵਾਜ਼ ਉਠਾਈ । ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਸੌਦਾ ਸਾਧ ਦਾ ਸਿਰ ਵੱਢਣ ਵਾਲਿਆਂ ਸਿੰਘਾਂ ਨੂੰ ਸੋਨੇ ਨਾਲ ਤੋਲਿਆ ਜਾਵੇ । ਕੀ ਇਹ ਬਿਆਨ ਸਿੱਖਾਂ ਦੇ ਸੌਦਾ ਸਾਧ ਦੀ ਸ਼ਰਾਰਤ ਨਾਲ ਧੁੱਖ ਰਹੇ ਹਿਰਦਿਆਂ ਉਪਰ ਤੇਲ ਛਿੜਕਣ ਵਾਲੀ ਗੱਲ ਨਹੀਂ ਸੀ । ਲੋਕਾਂ ਦੇ ਪੁੱਤਰਾਂ ਨੂੰ ਬਲਦੀ ਅੱਗ ਵਿੱਚ ਧੱਕਣ ਵਾਲੇ ਜਥੇਦਾਰ ਨੰਦਗੜ੍ਹ ਨੂੰ ਖੁਦ ਕਿਉਂ ਨਹੀਂ ਖਿਆਲ ਆਇਆ ਕਿ ਜਿਹੜੀ ਸਲਾਹ ਸਿੱਖਾਂ ਦੇ ਪੁੱਤਾਂ ਨੂੰ ਦੇ ਰਹੇ ਹਨ ਕਿ ਉਹ ਆਪਣੇ ਪੁੱਤਰ ਨੂੰ ਸਾਧ ਦਾ ਸਿਰ ਵੱਢਣ ਕਿਉਂ ਨਹੀਂ ਭੇਜਦੇ ।
ਇਸ ਕੜੀ ਦੇ ਚਲਦਿਆਂ ਕਈ ਗਰਮ ਖਿਆਲੀ ਪੰਥਕ ਧਿਰਾਂ ਦੀ ਬਿਆਨਬਾਜ਼ੀ ਨੇ ਸਿੱਖਾਂ ਅਤੇ ਪ੍ਰੇਮੀਆਂ ਦੇ ਰਿਸ਼ਤਿਆਂ ਵਿੱਚ ਕੁੜਤਣ ਭਰ ਦਿੱਤੀ ਅਤੇ ਕਈ ਵਾਰ ਜ਼ਜ਼ਬਾਤੀ ਹੋਏ ਸਿੰਘਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਨਾਮਾ ਲਾਗੂ ਕਰਵਾਉਣ ਹਿੱਤ ਪੰਜਾਬ ਨੇੜਲੇ ਕਿਸੇ ਵੀ ਥਾਂ ਡੇਰਾ ਪ੍ਰੁੇਮੀਆਂ ਨੂੰ ਨਾਮ ਚਰਚਾ ਨਾ ਕਰਨ ਦੇਣ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ । ਜਦੋਂ ਕਦੇ ਵੀ ਸਿੱਖਾਂ ਅਤੇ ਪ੍ਰੇਮੀਆਂ ਵਿੱਚ ਦਰਮਿਆਨ ਹਿੰਸਕ ਟਕਰਾਅ ਹੋਇਆ ਉਦੋਂ ਸਿੱਖਾਂ ਨੂੰ ਨੁਕਸਾਨ ਝੱਲਣਾ ਪਿਆ । ਅਖੌਤੀ ਪੰਥਕ ਆਗੂ ਪ੍ਰੇਮੀਆਂ ਦਾ ਸਿ਼ਕਾਰ ਸਿੰਘਾਂ ਦੇ ਪਰਿਵਾਰ ਨਾਲ ਹਮਦਰਦੀ ਕਰਨ ਜਰੂਰ ਪਹੁੰਚਦੇ ਰਹੇ ਪ੍ਰੰਤੂ ਕਦੇ ਕਿਸੇ ਨੇ ਖੁਦ ਅੱਗੇ ਆ ਕੇ ਪ੍ਰੇਮੀਆਂ ਦਾ ਵਿਰੋਧ ਨਹੀਂ ਕੀਤਾ । ਹਾਂ ਜੇਕਰ ਪੰਥਕ ਆਗੂ ਕਿਸੇ ਦਾ ਨਾਮ ਚਰਚਾ ਦਾ ਵਿਰੋਧ ਕਰਦੇ ਵੀ ਤਾਂ ਪੂਰੇ ਪਬਲੀਸਿਟੀ ਸਟੰਟ ਵਰਤ ਕੇ ਆਪ ਨੂੰ ਪੰਥ ਦੇ ਸਭ ਤੋਂ ਵੱਡੇ ਰਹਿਬਰ ਅਖਵਾਉਣ ਲਈ ਆਡੰਬਰ ਰਚਦੇ ਰਹੇ । ਹਰ ਥਾਂ ਵਿਰੋਧ ਪ੍ਰਦਰਸ਼ਨ ਕਰਨ ਦੇ ਲਈ ਪਹਿਲਾਂ ਇਸਤਿਹਾਰ ਅਤੇ ਪਬਲੀਸਿਟੀ ਦਾ ਜੁਗਾੜ ਕੀਤਾ ਜਾਂਦਾ । ਤਾਂ ਜੋ ਪੁਲੀਸ ਪ੍ਰਸਾ਼ਸਨ ਹਿੰਸਕ ਟਕਰਾਅ ਨੂੰ ਰੋਕ ਸਕੇ। ਇਸਦੇ ਉਲਟ ਪ੍ਰੇਮੀਆਂ ਨਾਲ ਝੜਪਾਂ ਦੌਰਾਨ ਜਿੰਨੇ ਸਿੰਘ ਸ਼ਹੀਦ ਅਤੇ ਜਖਮੀ ਹੋਏ ਹਨ । ਉਹ ਆਮ ਸਿੱਖ ਸਨ ਨਾ ਕਿ ਮਸਹੂਰੀ ਪ੍ਰਚਾਰ ਕਰਕੇ ਨਾਮ ਖੱਟਣ ਵਾਲੇ ਆਪੇ ਬਣੇ ਪੰਥਕ ਆਗੂ ।
ਸਿਰਸਾ ਵਾਲੇ ਸਾਧ ਦੇ ਪੰਜਾਬ ਵਿਚਲੇ ਡੇਰੇ ਬੰਦ ਕਰਵਾਉਣ ਖਾਤਿਰ ਐਕਸ਼ਨ ਕਮੇਟੀਦੇ ਪੰਥਕ ਆਗੂ ਆਪਸੀ ਖਹਿਬਾਜ਼ੀ ਕਾਰਨ ਵੱਖ ਵੱਖ ਰਾਗ ਅਲਾਪਣ ਲੱਗ ਪਏ । ਕਈ ਮੌਕੇ ਦੀ ਨਜ਼ਾਕਤ ਸਮਝਦਿਆਂ ਸ਼ਰੋਮਣੀ ਅਕਾਲੀ ਦਾ ਗੰਢਤੰਪ ਕਰਕੇ ਬਿਆਨਬਾਜ਼ੀ ਤੱਕ ਹੀ ਸੀਮਤ ਰਹੇ । ਪੰਥਕ ਜਥੇਬੰਦੀ ਦੇ ਕੁਝ ਆਗੂਆਂ ਨੇ ਬੀਤੇ ਦਿਨੀ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਮੀਟਿੰਗ ਕਰਕੇ ਸੌਧਾ ਸਾਧ ਦਾ ਸਲਾਬਤਪੁਰਾ ਵਿਖੇ ਸਥਿਤ ਡੇਰਾ ਬੰਦ ਕਰਵਾਉਣ ਲਈ 22ਮਾਰਚ ਤੋਂ ਹਰੇਕ ਐਤਵਾਰ ਨੂੰ ਸ਼ਹੀਦੀ ਸਿੰਘਾਂ ਦੇ ਮਰਜੀਵੜੇ ਜਥੇ ਬਣਾ ਕੇ ਭੇਜਣ ਦਾ ਪ੍ਰੋਗ੍ਰਾਮ ਉਲੀਕਿਆ ਹੈ। ਇਸ ਮੌਕੇ ਹਾਜ਼ਰ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਨੇ ਪੰਥਕ ਆਗੂਆਂ ਦੀ ਹਾਂ ਵਿੱਚ ਹਾਮੀ ਭਰੀ ਸੀ । ਪ੍ਰੰਤੂ ਕੱਲ੍ਹ ਹੀ ਇੱਕ ਅਖਬਾਰੀ ਬਿਆਨ ਵਿੱਚ ਜਥੇਦਾਰ ਸਾਹਿਬ ਨੇ ਪਾਸਾ ਪਲਟਦਿਆ ਬਿਆਨ ਦਿੱਤਾ ਹੈ ਕਿ ਡੇਰੇ ਬੰਦ ਕਰਵਾਉਣ ਦਾ ਪ੍ਰੋਗਰਾਮ ਸਿੱਖ ਜਥੇਬੰਦੀਆਂ ਦਾ ਹੈ ਉਨ੍ਹਾਂ ਦਾ ਨਹੀਂ । ਜਦਕਿ ਪਹਿਲਾ ਜਥੇਦਾਰ ਨੰਦਗੜ੍ਹ ਇਹ ਗੱਲ ਮੰਨ ਚੁੱਕੇ ਹਨ ਕਿ ਉਹ ਪੰਜਾਬ ਵਿਚਲੇ ਡੇਰੇਵਾਦ ਨੂੰ ਖਤਮ ਕਰਵਾਉਣ ਲਈ ਅੱਗੇ ਆਉਣਗੇ । ਸ਼ਾਇਦ ਨੰਦਗੜ੍ਹ ਭੁੱਲ ਗਏ ਹਨ ਕਿ ਮਾਲਵੇ ਵਿੱਚ ਕਈ ਡੇਰਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਸਰੂਪ ਚੁੱਕ ਲਿਆਏ ਹਨ। ਫਿਰ ਵੋਟਾਂ ਦਾ ਦਿਨਾਂ ਵਿੱਚ ਆਪਣੇ ਹੀ ਬਿਆਨਾਂ ਅਤੇ ਕਿਉਂ ਫਿਰ ਗਏ ? ਕਾਰਨ ਸਾਫ਼ ਹਨ ਕਿ ਸ਼ਰੋਮਣੀ ਅਕਾਲੀ ਦਲ ਅਤੇ ਸ਼ਰੋਮਣੀ ਪ੍ਰਬੰਧਕ ਕਮੇਟੀ ਉਪਰ ਸਿਰਫ਼ ਅਤੇ ਸਿਰਫ਼ ਬਾਦਲ ਪਰਿਵਾਰ ਹੀ ਕਾਬਜ਼ ਹੈ । ਦੂਸਰਾ ਮਾਲਵੇ ਵਿੱਚ ਪ੍ਰੇਮੀਆਂ ਦੀ ਬਹੁਗਣਿਤੀ ਹੈ ਇਸ ਲਈ ਬਾਦਲ ਪਰਿਵਾਰ ਕਦੇ ਨਹੀਂ ਚਾਹੁੰਦਾ ਕਿ ਉਨ੍ਹਾਂ ਦਾ ਵੋਟ ਬੈਂਕ ਖਰਾਬ ਹੋਵੇ ਨਾਲੇ ਪੰਥਕ ਮਸਲੇ ਕਦੇ ਵਿਚਾਰੇ ਜਾ ਸਕਦੇ ਹਨ । ਫਿਰ ਜਥੇਦਾਰ ਨੰਦਗੜ੍ਹ ਵਰਗੇ ਸਿੰਘ ਬਾਦਲ ਸਾਹਿਬ ਨੂੰ ਨਾਰਾਜ਼ ਨਹੀਂ ਕਰ ਸਕਦੇ ।
ਅਹਿਮ ਗੱਲ 15 ਮਾਰਚ ਦੀ ਰਾਤ ਨੂੰ ਬਾਜਾਖਾਨਾ ਵਿੱਚ ਹੋਏ ਟਕਰਾਅ ਮਗਰੋਂ ਗ੍ਰਿਫ਼ਤਾਰ ਕੀਤੇ ਸੰਤ ਬਲਜੀਤ ਸਿੰਘ ਦਾਦੂਵਾਲ ਨੂੰ ਆਪਣੇ ਸਾਥੀਆਂ ਸਮੇਤ ਜੇਲ੍ਹ ਭੇਜੇ ਜਾਣ ਪੰਥਕ ਜਥੇਬੰਦੀਆਂ ਕਿਉਂ ਖਾਮੋਸ ਹਨ। ਘਟਨਾ ਦਾ ਕਾਰਨ ਇਹ ਸੀ ਕਿ ਬਾਬਾ ਦਾਦੂਵਾਲ ਨੇ ਡੇਰਾ ਮੁਖੀ ਖਿਲਾਫ਼ ਕੋਈ ਟਿੱਪਣੀ ਕੀਤੀ ਸੀ ਅਤੇ ਇਸਤੋਂ ਪਿੰਡ ਬਾਜਾਖਾਨਾ ਦੇ ਪ੍ਰੇਮੀ ਨਾਰਾਜ਼ ਸਨ । ਇਕੱਠੇ ਹੋਏ ਪ੍ਰੇਮੀਆਂ ਨੇ ਸੰਤ ਦਾਦੂਵਾਲ ਨੂੰ ਪਿੰਡ ਵਿੱਚ ਨਾ ਵੜਨ ਦੇਣ ਦਾ ਐਲਾਨ ਕੀਤਾ ਕੀਤਾ ਇੱਧਰ ਸੰਤ ਦਾਦੂਵਾਲ ਆਪਣੇ ਸਾਥੀਆਂ ਸਮੇਤ ਪਿੰਡ ਵਿੱਚ ਜਾਣ ਲਈ ਬਜਿੱਦ ਸਨ । ਨਤੀਜੇ ਵਜੋਂ ਇਹ ਘਟਨਾ ਵਾਪਰ ਗਈ ।
ਕਾਰਨ ਇਹ ਵੀ ਸਾਹਮਣੇ ਆਉਂਦੇ ਹਨ ਕੁਝ ਕੁ ਪੰਥਕ ਆਗੂ ਅੰਦਰਖਾਤੇ ਸੰਤ ਦਾਦੂਵਾਲ ਨਾਲ ਨਾਰਾਜ਼ ਹਨ ।
ਇਸ ਲਈ ਉਹ ਉਨ੍ਹਾਂ ਦੇ ਹੱਕ ਵਿੱਚ ਕੋਈ ਬਿਆਨਬਾਜ਼ੀ ਨਹੀ ਕਰ ਰਹੇ ਹਨ ।

Tuesday, March 10, 2009

ਪੱਲੇ ਰਿਜ਼ਕ ਨਾ ਬੰਨ੍ਹਦੇ ਪੰਛੀ ਤੇ ਦਰਵੇਸ਼


ਸਿ਼ਵਚਰਨ ਜੱਗੀ ਕੁੱਸਾ
ਪੱਲੇ ਰਿਜ਼ਕ ਨਾ ਬੰਨ੍ਹਦੇ ਪੰਛੀ ਤੇ ਦਰਵੇਸ਼

ਲੋਕ ਸੋਚਦੇ ਨੇ ਕਿ ਮੇਰੇ ਨਾਂ,
ਕੁਛ ਨਾ ਕੁਛ ਤਾਂ ਜ਼ਰੂਰ ਹੋਣਾਂ ਚਾਹੀਦੈ,
ਕੋਠੀ, ਕਾਰ, ਜ਼ਮੀਨ, ਪੈਸਾ!
ਪਰ ਮੈਂ ਪੁੱਛਦਾ ਹਾਂ,
ਪਸ਼ੂ ਤਾਂ ਕਿਸੇ ਨਾ ਕਿਸੇ ਦੀ ਮਲਕੀਅਤ ਹੁੰਦੇ ਨੇ,
ਪਰ ਖੁੱਲ੍ਹੇ ਅਸਮਾਨ ਵਿਚ ਉਡਦੇ ਪੰਛੀਆਂ ਦੇ ਨਾਂ,
ਕਿਹੜੀ ਜੰਗੀਰ ਲੱਗੀ ਹੁੰਦੀ ਹੈ...?
ਜੰਗਲ-ਬੇਲਿਆਂ ਵਿਚ ਵਿਚਰਦੇ ਅੱਲਾ ਦੇ ਬੇਲੀ,
ਦਰਵੇਸ਼ਾਂ ਕੋਲ਼ ਰੱਬ ਦੇ ਨਾਂ ਤੋਂ ਬਿਨਾਂ,
ਹੋਰ ਕਿਹੜਾ ਸਰਮਾਇਆ ਹੁੰਦੈ...?
ਜਰਮਨ ਦੇ ਡਿਕਟੇਟਰ ਆਡੋਲਫ਼ ਹਿਟਲਰ ਨੇ,
ਕਦੇ ਭੂਸਰ ਕੇ ਕਿਹਾ ਸੀ ਆਪਣੀ ਖ਼ਲਕਤ ਨੂੰ;
ਦਿਖਾਇਆ ਸੀ ਇਕ ਸਬਜ਼ਬਾਗ,
"ਅਸੀਂ ਐਨੇ ਲੜਾਕੇ ਜਹਾਜ ਬਣਾਵਾਂਗੇ,
ਐਨੇ ਲੜਾਕੇ ਜਹਾਜ ਬਣਾਵਾਂਗੇ,
ਕਿ ਪੰਛੀਆਂ ਨੂੰ ਉਡਣ ਲਈ,
ਅਸਮਾਨ ਵਿਚ ਜਗਾਹ ਨਹੀਂ ਮਿਲੇਗੀ,
ਫ਼ੇਰ ਉਹ ਤੁਰ ਕੇ ਜਾਇਆ ਕਰਨਗੇ..!"
ਉਹੀ ਪੰਛੀ ਹਨ, ਤੇ ਉਹੀ ਵਿਸ਼ਾਲ ਅਸਮਾਨ,
ਪਰ ਖ਼ੁਦਕਸ਼ੀ ਦੀ ਭੇਂਟ ਚੜ੍ਹਿਆ,
ਭੂਤਰਿਆ ਹਿਟਲਰ ਅੱਜ ਕਿੱਥੇ ਐ...?
ਸਾਦਾ ਬੰਦਾ ਤਾਂ ਦੋ ਰੋਟੀਆਂ ਦਾ ਭਾਈਵਾਲ਼ ਹੁੰਦੈ!
ਕਿਸੇ ਫ਼ਕੀਰ ਨੇ ਸੱਚ ਹੀ ਕਿਹੈ,
ਪੱਲੇ ਰਿਜ਼ਕ ਨਾ ਬੰਨ੍ਹਦੇ, ਪੰਛੀ ਤੇ ਦਰਵੇਸ਼!
ਕਦੇ ਕਿਸੇ ਨੇ ਪੰਛੀਆਂ ਦੇ ਆਲ੍ਹਣੇਂ ਵਿਚ
ਅਨਾਜ ਸੰਭਾਲਿ਼ਆ ਦੇਖਿਐ?
ਦੇਖੇ ਹਨ ਕਿਸੇ ਨੇ ਦਰਵੇਸ਼ਾਂ ਦੀ,
ਕੱਖਾਂ ਦੀ ਕੁੱਲੀ ਵਿਚ ਕਣਕ ਦੇ ਬੋਹਲ਼ ਲੱਗੇ?
ਜਦ ਪੰਛੀ ਸਵੇਰੇ ਉਡਦੇ ਨੇ ਆਲ੍ਹਣੇਂ 'ਚੋਂ
ਦਾਣੇ ਦੀ ਭਾਲ਼ ਵਿਚ, ਰੱਬ ਆਸਰੇ,
ਤਾਂ ਆਪਣੇ ਆਲ੍ਹਣੇਂ ਵਿਚ,
ਕਦੇ ਭੁੱਖੇ ਨਹੀਂ ਮੁੜਦੇ!
ਕਦੇ ਸੁਣਿਐਂ...? ਕਿ ਫ਼ਲਾਨੀ ਥਾਂ,
ਕੋਈ ਪੰਛੀ ਭੁੱਖਾ ਮਰ ਗਿਆ?
ਪਰ ਚੁਰਾਸੀ ਲੱਖ ਜੂਨੀ ਦਾ ਸਰਦਾਰ,
ਲਾਲਚ ਅਤੇ ਸਰਮਾਏਦਾਰੀ ਦਾ ਪੁਜਾਰੀ,
ਥਾਂ ਥਾਂ ਵੰਡੀਆਂ ਪਾਉਣ
ਅਤੇ ਠੱਗੀਆਂ ਠੋਰੀਆਂ ਮਾਰਨ ਵਾਲ਼ੇ,
ਮਾਨੁੱਖ ਬਾਰੇ ਅਸੀਂ ਨਿੱਤ ਹੀ ਸੁਣਦੇ ਹਾਂ,
ਫ਼ਲਾਨੇ ਥਾਂ ਦਸ ਜਣੇਂ ਭੁੱਖਮਰੀ ਨਾਲ਼ ਮਰੇ!
ਫਿ਼ਰ ਦੱਸੋ ਪੰਛੀ ਆਦਮ ਜ਼ਾਤ ਨਾਲ਼ੋਂ,
ਲੱਖ ਦਰਜ਼ੇ ਚੰਗੇ ਨਹੀਂ...?
ਕਦੇ ਕਿਤੇ ਸੁਣਿਐਂ ਕਿ ਕਿਤੇ ਕੋਈ
ਫ਼ੱਕਰ, ਫ਼ਕੀਰ, ਜੋਗੀ, ਦਰਵੇਸ਼,
ਸੜਕ 'ਤੇ ਭੁੱਖਾ ਮਰਿਆ ਪਿਆ ਚੁੱਕਿਆ?
ਨਹੀਂ ਨ੍ਹਾਂ...? ਤੇ ਫ਼ੇਰ ਕਾਹਦੇ ਦਾਅਵੇ?
ਕਾਹਦੀਆਂ ਸਰਮਾਏਦਾਰੀਆਂ?
ਕਾਹਦੀਆਂ ਸਰਦਾਰੀਆਂ?
ਦਰਵੇਸ਼ਾਂ ਨੂੰ ਤਾਂ,
ਰੁੱਖਾਂ ਦੀ ਜ਼ੀਰਾਂਦ ਹੀ ਲੋੜੀਦੀ ਹੈ ਕਮਲ਼ੀਏ!
ਜਿਸ ਦਿਨ ਤੁਰਨੈਂ ਆਪਣੇ 'ਨਿੱਜ' ਘਰ ਨੂੰ
ਉਸ ਦਿਨ ਪਤਾ ਨਹੀਂ ਕੱਫ਼ਣ ਨਸੀਬ ਹੋਣੈਂ,
ਜਾਂ ਨਹੀਂ...? ਕੋਈ ਦਾਅਵਾ ਨਹੀਂ!
ਹਾਂ ਸਾਢੇ ਤਿੰਨ ਹੱਥ ਧਰਤੀ ਨੂੰ,
ਜ਼ਰੂਰ ਜੱਫ਼ਾ ਮਾਰਦਾ ਹੈ ਬੰਦਾ,
ਦਫ਼ਨ ਹੋਣ ਵਾਲਿ਼ਆਂ ਲਈ ਤਾਂ,
ਇਹ ਗੱਲ ਢੁਕਵੀਂ ਹੈ, ਮੰਨਦੇ ਹਾਂ,
ਪਰ ਸਸਕਾਰ ਹੋਣ ਵਾਲਿ਼ਆਂ ਦੇ ਹਿੱਸੇ,
ਕੀ ਸੱਚ ਹੀ ਸਾਢੇ ਤਿੰਨ ਹੱਥ ਧਰਤੀ ਆਉਂਦੀ ਹੈ?
ਬੰਦਾ ਜੱਗ 'ਤੇ ਆਉਂਦੈ, ਨਗਨ ਅਵਸਥਾ ਵਿਚ,
ਕੀ ਨਾਲ਼ ਲੈ ਕੇ ਆਉਂਦੈ? ਕੁਝ ਨਹੀਂ ਨ੍ਹਾਂ...?
ਤੇ ਫ਼ੇਰ ਨਾਲ਼ ਕੀ ਲੈ ਕੇ ਜਾਂਦੈ?
ਕੁਝ ਵੀ ਨਹੀਂ ਨ੍ਹਾਂ...?
ਸਿਕੰਦਰ ਸਾਰਾ ਜਹਾਨ ਜਿੱਤ ਕੇ ਵੀ,
ਨੰਗ-ਮਲੰਗ ਖ਼ਾਲੀ ਹੱਥ ਗਿਆ ਸੀ...!
ਪਰ ਪੋਰਸ ਹਾਰ ਕੇ ਵੀ ਜਿੱਤ ਗਿਆ ਸੀ!
ਮੈਂ ਜੱਗ ਜਿੱਤਣ ਵਾਲ਼ੇ ਅਖੌਤੀ ਜੇਤੂ ਸਿਕੰਦਰ ਦਾ ਨਹੀਂ,
ਹਾਰ ਕੇ ਵੀ ਜਿੱਤੇ ਪੋਰਸ ਦਾ ਹਮਾਇਤੀ ਹਾਂ!
ਉਹ ਸੈਲ ਪੱਥਰ ਮਹਿ ਜੰਤ ਉਪਾਉਂਦੈ,
ਤਾਂ ਕਾ ਰਿਜਕ ਆਗੈ ਕਰ ਧਰਦੈ!
ਪਰ ਇਕ ਗੱਲ ਤੈਨੂੰ ਦੱਸ ਦੇਵਾਂ,
ਭੁਲੇਖਾ ਨਾ ਰਹੇ ਤੈਨੂੰ,
ਮੇਰੀ ਜਿ਼ਦਗੀ ਦੇ ਫ਼ੈਸਲੇ
ਹਮੇਸ਼ਾ ਮੈਂ ਨਹੀਂ ਕਮਲ਼ੀਏ,
ਮੇਰੀ ਤਕਦੀਰ ਨੇ ਕੀਤੇ ਐ,
ਪਰ ਤੂੰ ਝੋਰਾ ਨਾ ਕਰ,
ਖੁੱਲ੍ਹਾ ਡੁੱਲ੍ਹਾ ਅਸਮਾਨ
ਅਤੇ ਵਿਸ਼ਾਲ ਪ੍ਰਿਥਵੀ, ਮੇਰੇ ਨੇ!
ਮੈਂ ਅਖੌਤੀ ਜੇਤੂੰ ਸਿਕੰਦਰ ਨਹੀਂ,
ਹਾਰ ਕੇ ਵੀ ਜਿੱਤਿਆ,
ਪੋਰਸਨੁਮਾਂ ਪੰਛੀ ਹਾਂ!

Sunday, March 8, 2009

ਅਨਪੜ੍ਹ ਸਿੰਘਾ

ਆਸਟ੍ਰੇਲੀਆ ਤੋਂ ਗਿਆਨੀ ਸੰਤੋਖ ਸਿੰਘ
ਕਾਰ ਚਲਾਉਣੀ ਸਿੱਖ ਫੱਕਰਾਂ ਦੀ, ਚੇਤੇ ਰੱਖ,
ਲੋਕ ਸਭਾ ਦੀ ਟਿਕਟ ਮਿਲੂ ਅਨਪੜ੍ਹ ਸਿੰਘਾ।
ਉਪ੍ਰੋਕਤ ਲਾਈਨ ਪ੍ਰਿੰਸੀਪਲ ਤਖਤ ਸਿੰਘ ਦੀ ਇਕ ਲੰਮੀ ਗ਼ਜ਼ਲ ਵਿਚੋਂ ਹੈ ਜੋ ਕਿ ਉਸਨੇ 1967/68 ਵਿਚ ਲਿਖੀ ਸੀ। ਇਸ ਦਾ ਪਿਛੋਕੜ ਇਸ ਪ੍ਰਕਾਰ ਹੈ: ਪੰਜਾਬੀ ਸੂਬਾ ਬਣਨ ਪਿੱਛੋਂ 1967 ਦੀਆਂ ਪਹਿਲੀਆਂ ਚੋਣਾਂ ਸਨ। ਪੰਜਾਬੀ ਸੂਬੇ ਦੀ ਜਦੋ ਜਹਿਦ ਵਿਚ ਅਧੂਰੀ ਜਿਹੀ ਸਫ਼ਲਤਾ ਪ੍ਰਾਪਤ ਕਰ ਲੈਣ ਕਰਕੇ, ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ, ਮਾਸਟਰ ਤਾਰਾ ਸਿੰਘ ਜੀ ਦੇ ਹੱਥੋਂ ਨਿਕਲ਼ ਕੇ ਸੰਤ ਫਤਿਹ ਸਿੰਘ ਜੀ ਦੇ ਹੱਥ ਆ ਗਈ ਹੋਈ ਸੀ। ਇਹਨਾਂ ਚੋਣਾਂ ਤੋਂ ਪਹਿਲਾਂ ਮਾਸਟਰ ਜੀ ਤੇ ਸੰਤ ਜੀ ਦੇ ਧੜਿਆਂ ਵਿਚ ਕੁਝ ਪੰਥ ਦਰਦੀ ਸੱਜਣਾਂ ਨੇ ਸਮਝੌਤਾ ਕਰਵਾ ਕੇ, ਇਕੋ ਝੰਡੇ ਹੇਠ ਦੋਹਾਂ ਧੜਿਆਂ ਨੂੰ ਇਕ ਹੋ ਕੇ ਚੋਣਾਂ ਲੜਾਉਣ ਲਈ ਯਤਨ ਕੀਤੇ ਤਾਂ ਕਿ ਪੰਜਾਬੀ ਸੂਬੇ ਦੇ ਅਸਲੀ ਮਕਸਦ ਦੀ ਪ੍ਰਾਪਤੀ ਹੋ ਸਕੇ, ਅਰਥਾਤ ਸੂਬੇ ਵਿਚ ਕਾਂਗਰਸ ਦੀ ਥਾਂ ਤੇ ਅਕਾਲੀ ਸਰਕਾਰ ਬਣਾਈ ਜਾ ਸਕੇ। ਪਰ ਅਜਿਹੇ ਯਤਨ ਅਸਫ਼ਲ ਰਹੇ ਤੇ ਸਮਝੌਤਾ ਨਾ ਹੋ ਸਕਿਆ। ਦੋਹਾਂ ਧੜਿਆਂ ਨੇ ਵੱਖ ਵੱਖ ਹੀ ਉਮੀਦਵਾਰ ਖੜ੍ਹੇ ਕੀਤੇ ਜਿਸ ਨਾਲ਼ ਅਕਾਲੀਆਂ ਦੀਆਂ ਵੋਟਾਂ ਦੋ ਥਾਂਈਂ ਵੰਡੀਆਂ ਜਾਣ ਕਰਕੇ ਕਾਂਗਰਸ ਨੂੰ ਖਾਸਾ ਲਾਭ ਹੋਇਆ। ਇਸ ਸਮੇ ਬਠਿੰਡੇ ਦੇ ਰਿਜ਼ਰਵ ਹਲਕੇ ਤੋਂ ਟਕਸਾਲੀ ਅਕਾਲੀ ਸ. ਧੰਨਾ ਸਿੰਘ ਗੁਲਸ਼ਨ ਅਕਾਲੀ ਦਲ ਦੇ ਸਿਟਿੰਗ ਐਮ. ਪੀ. ਸਨ ਜੋ ਕਿ ਮਾਸਟਰ ਗਰੁੱਪ ਨਾਲ਼ ਸਨ। ਇਹ ਸਰਦਾਰ ਗੁਲਸ਼ਨ ਜੀ ਬਹੁਤ ਲੰਮਾ ਸਮਾ ਲੈਜਿਸਲੇਟਰ ਰਹੇ। 1952 ਵਿਚ ਪੈਪਸੂ ਵਿਚ ਐਮ. ਐਲ. ਏ. ਬਣੇ। ਫਿਰ 1957 ਵਿਚ ਪੰਜਾਬ ਵਿਚ ਐਮ. ਐਲ. ਏ. ਬਣੇ ਤੇ 1962 ਵਿਚ ਐਮ. ਪੀ. ਬਣੇ। ਫਿਰ 1972 ਵਿਚ ਵੀ ਐਮ. ਐਲ. ਏ. ਬਣੇ। ਐਮਰਜੈਂਸੀ ਦੇ ਖਿਲਾਫ ਦਲ ਵੱਲੋਂ ਲਾਏ ਗਏ ਮੋਰਚੇ ਦੀ ਸਫ਼ਲਤਾ ਕਾਰਨ, 1977 ਵਿਚ ਹੋਈਆਂ ਚੋਣਾਂ ਵਿਚ, ਗੁਲਸ਼ਨ ਐਮ. ਪੀ. ਬਣੇ ਤੇ ਫਿਰ ਹਿੰਦੁਸਤਾਨ ਦੇ ਵਿਦਿਅਕ ਮਹਿਕਮੇ ਦੇ ਵਜ਼ੀਰ ਬਣਨ ਦਾ ਮਾਣ ਵੀ ਸ. ਧੰਨਾ ਸਿੰਘ ਗੁਲਸ਼ਨ ਜੀ ਨੂੰ ਪ੍ਰਾਪਤ ਹੋਇਆ। ਇਹ ਕਲਗੀਧਰ ਪਾਤਿਸ਼ਾਹ ਦਾ ਪੰਥ ਵੀ ਕੈਸਾ ਗ਼ਰੀਬ ਨਿਵਾਜ ਹੈ! ਮਹਾਂਰਾਜ ਨੇ ਫੁਰਮਾਇਆ ਸੀ ਨਾ:
ਇਨ ਗਰੀਬ ਸਿਖਨ ਕਉ ਦੇਊਂ ਪਾਤਿਸ਼ਾਹੀ॥
ਯਾਦ ਕਰੇਂ ਹਮਰੀ ਗੁਰਿਆਈ॥
ਫਿਰ ਹੋਰ ਵੀ ਵੇਖੋ ਪਾਤਿਸ਼ਾਹ ਕੀ ਫੁਰਮਾਉਂਦੇ ਹਨ:
ਜਿਨ ਕੀ ਜਾਤਿ ਔਰ ਕੁਲ ਮਾਹੀਂ॥ ਸਰਦਾਰੀ ਨਹਿ ਭਈ ਕਦਾਹੀਂ॥
ਇਨਹੀ ਕੋ ਸਰਦਾਰ ਬਨਾਊ॥ ਤਬੈ ਗੋਬਿੰਦ ਸਿੰਘ ਨਾਮ ਕਹਾਊਂ॥
ਬਠਿੰਡੇ ਦੇ ਟਿੱਬਿਆਂ ਵਿਚ ਕਵੀਸ਼ਰੀ ਕਰਨ ਵਾਲ਼ਾ ਇਕ ਨਿਮਾਣਾ ਦਲਿਤ ਸਿੱਖ, ਸ. ਧੰਨਾ ਸਿੰਘ ਗੁਲਸ਼ਨ, ਪੰਥ ਦੀ ਗਰੀਬ ਨਿਵਾਜਤਾ ਕਾਰਨ ਨਾ ਸਿਰਫ ਐਮ. ਪੀ. ਹੀ ਬਣਿਆ ਬਲਕਿ ਕੇਂਦਰੀ ਸਰਕਾਰ ਦਾ ਵਜ਼ੀਰ, ਤੇ ਉਹ ਵੀ ਵਿਦਿਅਕ ਮਹਿਕਮੇ ਦਾ; ਹੈ ਕਿ ਨਾ ਪੰਥਕ ਬਖਸ਼ਿਸ਼ਾਂ ਦਾ ਪ੍ਰਤੱਖ ਪਰਮਾਣ! ਇਸ ਪੰਥ ਨੇ ਤਾਂ ਘੋੜਿਆਂ ਦੀ ਲਿੱਦ ਸੁੱਟਣ ਵਾਲ਼ੇ ਭਾਈ ਕਪੂਰ ਸਿੰਘ ਜੀ ਨੂੰ ਨਵਾਬ ਤੇ ਯਤੀਮ ਭਾਈ ਜੱਸਾ ਸਿੰਘ ਨੂੰ ਸੁਲਤਾਨੁਲ ਕੌਮ ਬਣਾ ਦਿਤਾ ਸੀ!
ਸ. ਧੰਨਾ ਸਿੰਘ ਗੁਲਸ਼ਨ ਜੀ ਬਹੁਤ ਸੁਲਝੇ ਹੋਏ ਬੁਲਾਰੇ ਸਨ ਤੇ ਕਵੀਸ਼ਰੀ ਕਰਿਆ ਕਰਦੇ ਸਨ। ਆਪਣੀਆਂ ਕਵਿਤਾਵਾਂ ਵੀ ਲਿਖਦੇ ਸਨ। ਇਹਨਾਂ ਦੀ ਇਕ ਕਿਤਾਬ 'ਵੀਹਵੀਂ ਸਦੀ ਦੀ ਸਿੱਖ ਰਾਜਨੀਤੀ' ਵੀ ਸਿੱਖ ਸਿਆਸਤ ਉਪਰ ਚੰਗਾ ਚਾਨਣ ਪਾਉਣ ਵਾਲ਼ੀ ਹੈ। ਸਰਦਾਰ ਗੁਲਸ਼ਨ ਜੀ 1969 ਦੀ ਵੈਸਾਖੀ ਸਮੇ ਤਖ਼ਤ ਸ੍ਰੀ ਦਮਦਮਾ ਸਹਿਬ ਵਿਖੇ ਮੇਰਾ ਲੈਕਚਰ ਸੁਣ ਕੇ ਬੜੇ ਪ੍ਰਭਾਵਤ ਹੋਏ ਤੇ ਸ਼ਾਬਾਸ ਦਿੰਦਿਆਂ ਆਖਿਆ. "ਤੂੰ ਤਾਂ ਸੰਤੋਖ ਸਿਆਂ੍ਹ ਗਿਆਨੀ ਲਾਲ ਸਿੰਘ ਵਾਂਗ ਬੋਲਦਾਂ!" 1980 ਵਿਚ ਸਿਡਨੀ ਆਉਣ ਪਿੱਛੋਂ, ਮੈਨੂੰ ਪੰਥ ਪ੍ਰਸਿੱਧ ਢਾਡੀ ਅਤੇ ਚੋਟੀ ਦੇ ਬੁਲਾਰੇ, ਪਰਲੋਕਵਾਸੀ ਗਿ. ਭਗਤ ਸਿੰਘ ਲਲ੍ਹੀ ਜੀ, ਹੋਰਾਂ ਨੇ ਗੁਲਸ਼ਨ ਜੀ ਦੀ ਲਿਖੀ, ਪੰਜਾਬੀ ਸੂਬੇ ਬਾਰੇ ਇਕ ਕਵਿਤਾ ਜ਼ਬਾਨੀ ਸੁਣਾਈ ਸੀ ਜੋ ਕਿ ਗੁਲਸ਼ਨ ਜੀ ਦੀ ਕਾਵਿਕ ਯੋਗਤਾ ਦੀ ਮੂੰਹ ਬੋਲਦੀ ਤਸਵੀਰ ਸੀ। ਅੱਜ ਕੱਲ੍ਹ ਉਹਨਾਂ ਦੀ ਸਪੁੱਤਰੀ, ਪ੍ਰਿੰਸੀਪਲ ਪਰਮਜੀਤ ਕੌਰ ਗੁਲਸ਼ਨ ਜੀ, ਉਹਨਾਂ ਦੇ ਹਲਕੇ ਦੀ, ਸ਼੍ਰੋਮਣੀ ਅਕਾਲੀ ਦਲ ਵੱਲੋਂ, ਭਾਰਤ ਦੀ ਲੋਕ ਸਭਾ ਵਿਚ ਨੁਮਾਇੰਦਗੀ ਕਰਦੇ ਹਨ। ਮੁਕਦੀ ਗੱਲ 1967 ਸਮੇ ਇਹ ਵੀ ਮਾਸਟਰ ਦਲ ਵੱਲੋਂ ਏਥੋਂ ਹੀ ਉਮੀਦਵਾਰ ਬਣੇ। ਇਹ ਇਸ ਹਲਕੇ ਦੇ ਸਿਟਿੰਗ ਐਮ. ਪੀ. ਵੀ ਸਨ। ਕਾਂਗਰਸ ਨੇ ਵੀ ਇਕ ਹੋਰ ਐਮ. ਪੀ. ਪ੍ਰੋ. ਦਲਜੀਤ ਸਿੰਘ ਖੜ੍ਹਾ ਨੂੰ ਕੀਤਾ। ਮੁਕਾਬਲੇ ਤੇ ਸੰਤ ਫਤਿਹ ਸਿੰਘ ਜੀ ਨੇ, ਜ਼ਿਲੇ ਦੇ ਅਕਾਲੀ ਆਗੂਆਂ ਦੇ ਜੋਰ ਦੇਣ ਤੇ, ਆਪਣੇ ਡਰਾਈਵਰ. ਸ. ਕਿੱਕਰ ਸਿੰਘ ਜੀ ਨੂੰ, ਆਪਣੇ ਦਲ ਦਾ ਟਿਕਟ ਦੇ ਕੇ ਖੜ੍ਹਾ ਕਰ ਦਿਤਾ। ਇਹਨਾਂ ਚੋਣਾਂ ਦੌਰਾਨ ਚੋਣ ਜਲਸਿਆਂ ਵਿਚ ਵਿਰੋਧੀ ਬੜਾ ਰੌਲ਼ਾ ਪਾਉਣ ਕਿ ਸੰਤ ਜੀ ਨੇ ਇਕ ਅਨਪੜ੍ਹ ਬੰਦੇ ਨੂੰ ਟਿਕਟ ਦੇ ਦਿਤੀ ਹੈ। ਹੋਰ ਵੀ ਕਈ ਕੁਝ ਊਲ-ਜਲੂਲ ਇਸ ਮਸਲੇ ਤੇ ਕੁਫ਼ਰ ਤੋਲੇ ਗਏ ਜੋ ਕਿ ਚੋਣਾਂ ਸਮੇ ਆਮ ਹੀ ਵਰਤਾਰਾ ਹੁੰਦਾ ਹੈ। ਸਿਆਣੇ ਆਖਦੇ ਵੀ ਨੇ ਕਿ ਲੜਾਈ ਤੇ ਇਸ਼ਕ ਵਿਚ ਹਰ ਹਥਿਆਰ ਹੀ ਜਾਇਜ਼ ਹੁੰਦਾ ਹੈ। ਇਹ ਵੱਖਰੀ ਗੱਲ ਹੈ ਕਿ ਅਖੀਰ ਨੂੰ ਸਚਾਈ ਸਾਹਮਣੇ ਆ ਹੀ ਜਾਂਦੀ ਹੈ ਪਰ ਫੌਰੀ ਕਾਮਯਾਬੀ ਤਾਂ ਪ੍ਰਾਪਤ ਆਮ ਤੌਰ ਤੇ ਹੋ ਹੀ ਜਾਂਦੀ ਹੈ। ਕਈ ਸੱਜਣ ਇਹ ਵੀ ਆਖਦੇ ਨੇ ਕਿ ਜਦੋਂ ਨੂੰ ਸਚਾਈ ਸਾਹਮਣੇ ਆੳਂੁਦੀ ਹੈੇ ਓਦੋਂ ਨੂੰ 'ਟੂ ਲੇਟ' ਹੋ ਚੁੱਕਾ ਹੁੰਦਾ ਹੈ। ਅਰਥਾਤ ਸੱਚੀ ਧਿਰ ਦਾ ਬਹੁਤ ਨੁਕਸਾਨ ਹੋ ਚੁੱਕਿਆ ਹੁੰਦਾ ਹੈ। ਸੰਤ ਜੀ ਨੇ ਇਕ ਚੋਣ ਜਲਸੇ ਵਿਚ ਆਖਿਆ, "ਕੁਝ ਪੜ੍ਹੇ ਲਿਖੇ ਭਲੇਮਾਣਸ ਸੱਜਣ ਮੇਰੇ ਤੇ ਇਲਜਾਮ ਲਾਉਂਦੇ ਨੇ ਕਿ ਮੈ ਅਨਪੜ੍ਹ ਕਿੱਕਰ ਸਿੰਘ ਨੂੰ ਟਿਕਟ ਦੇ ਦਿਤੀ ਹੈ। ਕਿੱਕਰ ਸਿੰਘ ਦਾ ਮੈ ਜ਼ਿੰਮੇਵਾਰ ਹਾਂ; ਉਸਨੂੰ ਮੈ ਪੜ੍ਹਾਇਆ ਹੈ। ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡਪਾਠੀ ਹੈ। ਕੀਰਤਨ ਕਰਦਾ ਹੈ। ਪੰਜਾਬੀ ਤੇ ਹਿੰਦੀ ਬੜੀ ਚੰਗੀ ਤਰ੍ਹਾਂ ਪੜ੍ਹ ਤੇ ਲ਼ਿਖ ਸਕਦਾ ਹੈ। ਗੁਲਸ਼ਨ ਜੀ ਦੱਸਣ ਕਿ ਉਹ ਕਿਥੋਂ ਪੜ੍ਹੇ ਹਨ! ਉਹਨਾਂ ਦਾ ਕੌਣ ਉਸਤਾਦ ਹੈ! ਫੇਰ ਕੁਝ ਸੱਜਣ ਵਿਚ ਵੀ ਆਖਦੇ ਨੇ ਕਿ ਜੀ ਗੁਲਸ਼ਨ ਕਵੀਸ਼ਰੀ ਕਰਦਾ ਹੈ। ਹਾਂ, ਇਹ ਗੱਲ ਉਹਨਾਂ ਦੀ ਠੀਕ ਹੈ। ਗੁਲਸ਼ਨ ਜੀ ਕਵੀਸ਼ਰੀ ਜ਼ਰੂਰ ਕਰਦੇ ਨੇ। ਉਹਨਾਂ ਦੀ ਕਵੀਸ਼ਰੀ ਦਾ ਨਮੂਨਾ ਇਕ ਤੁਸੀਂ ਵੀ ਭਰਾਓ ਸੁਣ ਲਵੋ:
ਸਾਡੇ ਪਿੰਡ ਮਰ ਗਈਆਂ ਤਿੰਨ ਕੱਟੀਆਂ। ਅਸੀਂ ਜਾ ਕੇ ਉਹਨਾਂ ਦੀਆਂ ਪੂਛਾਂ ਪੱਟੀਆਂ।
ਛੱਪੜ ਕੰਢੇ ਬਹਿ ਕੇ ਅਸਾਂ ਡੱਡੂ ਮਾਰਿਆ। ਧੰਨ ਬਾਬਾ ਧਿਆਨਾ ਜੀਹਨੇ ਕੰਮ ਸਾਰਿਆ।
ਕਵਿਤਾ ਦਾ ਇਹ 'ਉਚ ਉਡਾਰੀ' ਨਮੂਨਾ ਸੁਣ ਕੇ ਹਾਸਾ ਤਾਂ ਪੈਣਾ ਹੀ ਸੀ। ਸੰਤ ਜੀ ਹੌਲ਼ੀ ਹੌਲ਼ੀ ਤਹੱਮਲ ਜਿਹੇ ਨਾਲ਼ ਇਸ ਤਰ੍ਹਾਂ ਭਾਸ਼ਨ ਕਰਿਆ ਕਰਦੇ ਸਨ ਕਿ ਉਹਨਾਂ ਦਾ ਆਖਿਆ ਜਨ ਸਾਧਾਰਨ ਦੇ ਹਿਰਦਿਆਂ ਨੂੰ ਧੁਰ ਅੰਦਰ ਤੱਕ ਟੁੰਬ ਜਾਇਆ ਕਰਦਾ ਸੀ। ਫਿਰ ਇਕ ਹੋਰ ਗੱਲ ਵੀ ਸੀ, ਉਹਨਾਂ ਦੇ ਵਿਰੋਧੀ ਵੀ ਉਹਨਾਂ ਦਾ ਭਾਸ਼ਨ ਪੂਰਾ ਸੁਣਨ ਲਈ ਮਜਬੂਰ ਹੋ ਜਾਇਆ ਕਰਦੇ ਸਨ। ਅੱਗੇ ਹੋਰ ਵੀ ਖੁਲਾਸਾ ਕਰਦਿਆਂ ਸੰਤ ਜੀ ਨੇ ਫੁਰਮਾਇਆ, "ਬਾਕੀ ਰਹੀ ਗੱਲ ਕੁਰਸੀ ਨੂੰ ਸੇਕ ਦੇਣ ਦੀ; ਉਹ ਕਿੱਕਰ ਸਿੰਘ ਸ. ਧੰਨਾ ਸਿੰਘ ਗੁਲਸ਼ਨ ਨਾਲ਼ੋਂ ਵਧ ਦੇ ਲਊ।" ਸ. ਕਿੱਕਰ ਸਿੰਘ ਜੀ, ਦੋ ਸਿਟਿੰਗ ਮੈਬਰਾਂ, ਕਾਂਗਰਸ ਦੇ ਪ੍ਰੋਫੈਸਰ ਦਲਜੀਤ ਸਿੰਘ ਤੇ ਮਾਸਟਰ ਅਕਾਲੀ ਦਲ ਦੇ ਸ. ਧੰਨਾ ਸਿੰਘ ਗੁਲਸ਼ਨ, ਨੂੰ ਸੱਬਰਕੱਤੀਆਂ ਵੋਟਾਂ ਨਾਲ਼ ਹਰਾ ਕੇ ਤੇ ਸੀਟ ਜਿੱਤ ਕੇ, ਭਾਰਤ ਦੀ ਪਾਰਲੀਮੈਟ ਵਿਚ ਪਹੁੰਚ ਗਏ। ਪਹਿਲੇ ਦਿਨ ਦੀਆਂ ਰੌਣਕਾਂ ਵਿਚ ਨਵੇ ਜਿੱਤੇ ਤੇ ਵਾਹਵਾ ਸਾਰੇ ਹਾਰੇ ਹੋਏ ਐਮ. ਪੀ. ਵੀ ਇਕੱਠੇ ਹੋਏ ਹੋਏ ਸਨ। ਇਸ ਗਹਿਮਾ ਗਹਿਮੀ ਵਿਚ ਰਾਜ ਸਭਾ ਦੇ ਸੋਸ਼ਲਿਸਟ ਮੈਬਰ, ਸ਼੍ਰੀ ਰਾਜ ਨਾਰਾਇਣ ਦੀ ਨਿਗਾਹ, ਇਕੱਠੇ ਤੁਰੇ ਆਉਂਦੇ, ਸ. ਕਿੱਕਰ ਸਿੰਘ ਤੇ ਸ. ਧੰਨਾ ਸਿੰਘ ਗੁਲਸ਼ਨ ਤੇ ਜਾ ਪਈ। ਆਪਣੇ ਮਖੌਲੀਆ ਅੰਦਾਜ਼ ਵਿਚ ਰਾਜ ਨਾਰਇਣ ਜੀ ਬੋਲ ਉਠੇ, "ਵਾਹ, ਸਿੱਖੋਂ ਕੀ ਬ੍ਹੀ ਕਿਆ ਬਾਤ ਹੈ! ਯਿਹ ਗੁਲਸ਼ਨ ਉਖਾੜ ਕਰ ਕੀਕਰ ਉਗਾਤੇ ਹੈਂ!" ਠਹਾਕਾ ਪਿਆ ਉਹਨਾਂ ਹਾਜਰਾਂ ਵੱਲੋਂ ਜਿਨ੍ਹਾਂ ਨੂੰ ਇਸ ਗੁਝੀ ਟਿੱਚਰ ਦੀ ਸਮਝ ਆ ਗਈ।
ਪਿੰਸੀਪਲ ਖੜਕ ਸਿੰਘ ਦੀ ਪੂਰੀ ਕਵਿਤਾ ਇਉਂ ਹੈ:
ਗੜਬੜ ਸਿੰਘ ਨੂੰ ਸਾਡਾ ਉਪਦੇਸ਼
1
ਜੇ ਕੁਝ ਖੱਟਣੈ ਤਾਂ ਪੰਥ ਦਾ ਪੱਲਾ ਫੜ ਸਿੰਘਾ। ਪੂਜਾ ਦੇ ਧਾਨ ਨਾਲ਼ ਇਲੈਕਸ਼ਨ ਲੜ ਸਿੰਘਾ।
ਲੈ ਇਕ ਓਟ ਗੁਰੂ ਘਰ ਦੀ ਜੇ ਦੋਸ਼ੀ ਏਂ, ਅੱਜ ਗੁਰਦੁਆਰੇ ਜੁਰਮਾਂ ਦੇ ਨੇ ਗੜ੍ਹ ਸਿੰਘਾ।
ਵਿਕਣ ਜਮੀਰਾਂ ਥਾਂ ਥਾਂ ਜੇ ਪੈਸਾ ਏ ਕੋਲ਼, ਰਾਜ ਸਭਾ ਵਿਚ ਪਿਛਲੇ ਬੂਹਿਉਂ ਵੜ ਸਿੰਘਾ।
ਰੱਬ ਰੁੱਸਦੈ ਤਾਂ ਰੁੱਸੇ, ਖੁੱਸੇ ਨਾ ਰਾਜ, ਵਿਉਂਤ ਅਜਿਹੇ ਢੰਗ ਦੀ ਕੋਈ ਘੜ ਸਿੰਘਾ।
ਪੰਥ ਦਾ ਲੀਡਰ ਜੇਕਰ ਬਣਨਾ ਲੋਚੇਂ ਤੂੰ, ਕਿਸੇ ਨਿਕੰਮੀ ਗੱਲ ਨੂੰ ਫੜ ਕੇ ਅੜ ਸਿੰਘਾ।
ਨਿਕਲ਼ ਗਿਆ ਪੰਜਾਬੀ ਸੂਬਾ ਤੈਥੋਂ ਦੂਰ, ਹੁਣ ਹਰਿਆਣੇ ਬਹਿ ਕੇ ਹਿੰਦੀ ਪੜ੍ਹ ਸਿੰਘਾ।
ਅਗਨਕੁੰਡ ਦੇ ਲਾਗੇ ਬਹਿ ਕੇ ਮਾਲ਼ਾ ਫੇਰ, ਜਾਪੇ ਜਿਉਂ ਤੈਂ ਸਚੀਂ ਜਾਣੈ ਸੜ ਸਿੰਘਾ।
ਸ਼ਾਮੀਂ ਪੀ ਕੇ ਨਾਲ਼ ਭਰਾਵਾਂ ਦੱਬ ਕੇ ਲੜ, ਤੜਕੇ ਉਠਣ ਸਾਰ ਸੁਖਮਨੀ ਪੜ੍ਹ ਸਿੰਘਾ।
ਮੁਖ ਰੱਖਕੇ ਗਉਂ ਆਪਣੀ, ਰੱਜਵੇਂ ਪਾਪ ਕਮਾ, ਦੋਸ਼ ਐਪਰ ਕਲਯੁਗ ਦੇ ਮੱਥੇ ਮੜ੍ਹ ਸਿੰਘਾ।
ਹੱਕ ਦੇ ਨਾਂ ਤੇ ਖੌਰੂ ਪਾ ਪਾ ਧਰਤੀ ਪੁੱਟ, ਹੋਰ ਕਿਤੇ ਲੱਗ ਜਾਏ ਧਰਮ ਦੀ ਜੜ੍ਹ ਸਿੰਘਾ।
ਥਾਂ ਥਾਂ ਇਕ ਦਿਨ ਪੰਥ ਖਾਲਸਾ ਗੱਜੂਗਾ, ਕੱਟ ਜਮਾਨਾ ਔਖ ਦਾ ਵੱਟ ਕੇ ਦੜ ਸਿੰਘਾ।
ਸੇਵ ਕਮਾ ਇਉਂ ਕੌਮ ਦੀ, ਜਿਧਰ ਪੁੱਟੇਂ ਪੈਰ, ਚੰਨ ਨਵਾਂ ਓਧਰ ਹੀ ਜਾਵੇ ਚੜ੍ਹ ਸਿੰਘਾ।
ਵੇਹਲੜ ਸ਼ੇਰਾ ਓ ਮੱਖੀਆਂ ਹੀ ਮਾਰੀ ਚੱਲ, ਯੋਧਾ ਏਂ ਤਾਂ ਮੱਖੀਆਂ ਨਾਲ਼ ਹੀ ਲੜ ਸਿੰਘਾ।
ਤਾਂਘ ਹੈ ਮੱਲਾ ਜੇ ਮਜ਼ਿੰਲ ਤੇ ਅਪੜਨ ਦੀ, ਕਿਸੇ ਸੂਰਮਾ ਸਿੰਘ ਦੀ ਉਂਗਲ਼ੀ ਫੜ ਸਿੰਘਾ।
ਜਦ ਅਨਪੜ੍ਹ ਸੈਂ, ਦੀਨ ਹੇਤ ਕਿੰਜ ਲੜਦਾ ਸੈਂ, ਪੜ੍ਹ ਕੇ ਅੱਖਰ ਚਾਰ ਕਿਉਂ ਗਿਉਂ ਹੜ੍ਹ ਸਿੰਘਾ।
ਇਕੋ ਧਿਰ ਦਾ ਹੱਥ ਠੋਕਾ ਬਣਨਾ ਕੀ ਆਖ, ਜੀਂਦਾ ਏਂ ਤਾਂ ਇਕੋ ਥਾਂ ਨਾ ਖੜ੍ਹ ਸਿੰਘਾ।
ਮੇਹਰ ਕਰੂ ਆਪੇ ਹੀ ਦਾਤਾ, ਲੈ ਕੇ ਹਾਰ, ਘੁੰਮ ਵਜ਼ੀਰਾਂ ਦੇ ਅਗੜ ਪਿਛੜ ਸਿੰਘਾ।
2
ਐਮ. ਐਮ. ਏ. ਦੀ ਅੜਦਲ਼ ਵਿਚ ਜਾ ਖੜ੍ਹ ਸਿੰਘਾ। ਨਿਕਾ ਮੋਟਾ ਕੰਮ ਗਿਆ ਜੇ ਅੜ ਸਿੰਘਾ।
ਹੋਣ ਲਫੰਗੇ ਜਿਸ ਹਲਕੇ ਦੇ ਤੇਰੇ ਯਾਰ, ਚੋਣ ਲਈ ਓਸੇ ਹਲਕੇ 'ਚੋਂ ਲੜ ਸਿੰਘਾ।
ਕਾਰ ਚਲਾਉਣੀ ਸਿਖ ਫੱਕਰਾਂ ਦੀ, ਚੇਤੇ ਰੱਖ, ਲੋਕ ਸਭਾ ਦੀ ਟਿਕਟ ਮਿਲ਼ੂ ਅਨਪੜ੍ਹ ਸਿੰਘਾ।
ਤੇਗ ਚਲਾ ਇਉਂ ਫੁਰਤੀ ਨਾਲ਼ ਵਜ਼ਾਰਤ ਤੇ, ਸਿਰ ਕਿਧਰੇ ਜਾ ਡਿੱਗੇ, ਕਿਧਰੇ ਧੜ ਸਿੰਘਾ।
ਦਾਹੜੀ ਉਹ ਰੱਖ ਚੋਣ ਸਮੇ ਜੋ ਖੁਲ੍ਹ ਜਾਵੇ, ਪਰ ਚੋਣਾਂ ਦੇ ਮਗਰੋਂ ਜਾਵੇ ਚੜ੍ਹ ਸਿੰਘਾ।
ਗਊ ਸਮਝ ਕੇ ਲੱਖ ਤੈਨੂੰ ਪਸਮਾਵੇ ਪੰਥ, ਹੋ ਜਾ ਕਿਧਰੇ ਤਿੱਤਰ ਮਾਰ ਕੇ ਛੜ ਸਿੰਘਾ।
ਝੂਣ ਵਿਰੋਧੀ ਧਿਰ ਨੂੰ ਬੇਰਾਂ ਵਾਂਗ, ਫਿਰਵੇਂ ਚੁਲ੍ਹੇ ਆਪੇ ਜਾਣਗੇ ਝੜ ਸਿੰਘਾ।
ਮਤੇ ਕਿਸੇ ਨੂੰ ਭੁਲ ਕੇ ਫਤਿਹ ਗਜਾ ਬੈਠੇਂ, ਕੌਣ ਕੌਣ ਹੈ ਵੋਟਰ ਲਿਸਟ ਤਾਂ ਪੜ੍ਹ ਸਿੰਘਾ।
ਖੜ੍ਹੀਆਂ ਕਰਕੇ ਗਿਠ ਗਿਠ ਮੁੱਛਾਂ ਸਿਮਕੋ ਨਾਲ਼, ਵਾਰ ਸਪੀਕਰ ਤੇ ਚੰਡੀ ਦੀ ਪੜ੍ਹ ਸਿੰਘਾ।
ਵੇਖ ਕਿਵੇਂ ਅੰਨ੍ਹੀ ਸ਼ਰਧਾ ਦੇ ਮੁੜ੍ਹਕੇ ਨਾਲ਼, ਲੱਗ ਜਾਂਦੀ ਗੁਰਦੁਆਰੀਂ ਤੇਰੀ ਜੜ੍ਹ ਸਿੰਘਾ।
ਭੰਗ ਇਕੱਲੀ ਹੀ ਭੁੱਜੇ ਕਿਉਂ ਤੇਰੇ ਘਰ, ਨਾਲ ਇਹਦੇ ਵਿਚੇ ਆਪ ਵੀ ਸੜ ਸਿੰਘਾ।
ਵੈਰੀ ਜੇ ਤਕੜੇ ਨੇ ਤੈਥੋਂ ਵਾਲ਼ ਹੀ ਚੁਗ, ਤੇਗ ਦੀ ਥਾਂ ਹੱਥ ਵਿਚ ਨੱਕ-ਚੂੰਢੀ ਫੜ ਸਿੰਘਾ।
ਪੁਲ਼ਸ ਫਿਰੂ ਖਿੱਚੀ ਐਵੇਂ ਠਾਣੇ ਵਿਚ, ਕਿਸੇ ਮਨਿਸਟਰ ਨਾਲ਼ ਨਾ ਬੈਠੀਂ ਲੜ ਸਿੰਘਾ।
ਚੜ੍ਹਨ ਚੜ੍ਹਾਵੇ ਸੋਨੇ ਦੇ ਹਰਿਮੰਦਰ ਵਿਚ, ਹਰਿਮੰਦਰ ਵਿਚ ਬਹਿਕੇ ਟੂੰਮਾਂ ਘੜ ਸਿੰਘਾ।
ਚੋਣਾਂ ਲੜ, ਦੇਹ ਭਾਸ਼ਨ ਤੇ ਪਾ ਭੜਥੂ, ਇੰਜ, ਜਾ ਅਪੜੇਂਗਾ ਚੰਡੀਗੜ੍ਹ ਸਿੰਘਾ।
ਹੋਰ ਨਹੀ ਤਾਂ ਨੱਸ ਕੇ ਚੀਫ ਮਨਿਸਟਰ ਦੀ, ਭੱਜੀ ਜਾਂਦੀ ਕਾਰ ਦੀ ਛਾਂ ਹੀ ਫੜ ਸਿੰਘਾ।
ਸਿੰਘ ਦਾ ਕੰਮ ਨਹੀ ਬਹਿਣਾ ਵੱਟ ਕੇ ਚੁੱਪ, ਬੜਬੜ ਪਾਈ ਰੱਖ ਇਵੇਂ ਗੜਬੜ ਸਿੰਘਾ

Tuesday, March 3, 2009

ਕੁਫ਼ਰ ਟੂਟਾ ਖ਼ੁਦਾ ਖ਼ੁਦਾ ਕਰਕੇ


ਗਿ. ਸੰਤੋਖ ਸਿੰਘ ,ਆਸਟ੍ਰੇਲੀਆ
ਆਸਟ੍ਰੇਲੀਆ ਦੇ ਵਾਸੀ, ਪ੍ਰਸਿਧ ਪੰਥਕ ਵਿਦਵਾਨ ਗਿ. ਸੰਤੋਖ ਸਿੰਘ ਜੀ ਵੱਲੋਂ, ਪੰਜ ਸਾਲ ਪਹਿਲਾਂ ਲਿਖੇ ਗਏ ਅਤੇ ਉਹਨਾਂ ਦੀ ਪੁਸਤਕ ‘ਸਚੇ ਦਾ ਸਚਾ ਢੋਆ’ ਵਿਚ ਛਪੇ ਹੋਏ ਇਸ ਲੇਖ ਨੂੰ, ਪਾਠਕਾਂ ਤੇ ਸ਼੍ਰੋਮਣੀ ਗੁ. ਪ੍ਰ. ਕਮੇਟੀ ਦੇ ਧਿਆਨ ਵਾਸਤੇ ਏਥੇ ਛਾਪ ਰਹੇ ਹਾਂ।
ਸੰਪਾਦਕ

ਸੋਲ੍ਹਾਂ ਸਾਲਾਂ ਪਿਛੋਂ ਸਰਕਾਰ ਨੇ ਸਾਚਾਈ ਦਾ ਇਕਬਾਲ ਕੀਤਾ। ਜੂਨ 1984 ਵਿਚ ਸਿੱਖਾਂ ਨਾਲ, "ਜੱਗੋਂ ਤ੍ਹੇਰਵੀਂ" ਹਿੰਦ ਸਰਕਾਰ ਨੇ ਕੀਤੀ; ਜਦੋਂ ਕਿ ਵਿਸ਼ਾਲ ਹਿੰਦੂ ਸਮਾਜ ਨੂੰ ਆਪਣੇ ਪ੍ਰਾਪੇਗੰਡੇ ਦੇ ਜਾਲ ਨਾਲ ਗੁਮਰਾਹ ਕਰਕੇ, ਸਿਰਫ ਤੇ ਸਿਰਫ ਉਹਨਾਂ ਦੇ ਵੋਟ ਬੈਂਕ ਉਪਰ ਦਿਨ ਦੀਵੀਂ ਡਾਕਾ ਮਾਰਨ ਵਾਸਤੇ, ਸਮੁਚੀ ਸਿੱਖ ਕੌਮ ਉਪਰ ਫੌਜਾਂ ਇਉਂ ਚਾਹੜ ਦਿਤੀਆਂ ਜਿਵੇਂ ਕਿਤੇ ਉਹ ਆਪਣੇ ਦੇਸ਼ ਦੇ ਗੁਰਧਾਮਾਂ ਅੰਦਰ, ਪਰਵਾਰਾਂ ਸਣੇ, ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਨਾ ਮਨਾ ਰਹੇ ਹੋਣ ਸਗੋਂ ਦੁਸ਼ਮਣਾਂ ਦੀ ਹਮਲਾਵਰ ਫੌਜ ਹੋਵੇ। ਖ਼ੈਰ, ਇਸ ਬਾਰੇ ਦੁਨੀਆਂ ਦੇ ਨਿਰਪੱਖ ਸੂਝਵਾਨਾਂ ਵੱਲੋਂ, ਪਿਛਲੇ ਸੋਲ੍ਹਾਂ ਸਾਲਾਂ ਦੇ ਸਮੇ ਦੌਰਾਨ, ਬਹੁਤ ਕੁਝ ਕਿਹਾ-ਸੁਣਿਆ ਗਿਆ ਹੈ ਅਤੇ ਹਿੰਦ ਸਰਕਾਰ ਅਤੇ ਉਸਦੇ ਨੌਕਰਾਂ ਤੇ ਚਿਮਚਿਆਂ ਵਲੋਂ ਵੀ ਬਥੇਰੇ ਝੂਠ ਦੇ ਤੁਫਾਨ ਉਠਾਏ ਗਏ ਹਨ।
ਅੱਜ ਅਸੀਂ ਸਿਰਫ ਇਕ ਗੱਲ ਹੀ ਪਾਠਕਾਂ ਨਾਲ ਸਾਂਝੀ ਕਰਨੀ ਹੈ ਜੋ ਕਿ ਪਿਛਲੇ ਹਫਤੇ, ਹਿੰਦ ਦੇ ਰਖਿਆ ਮੰਤਰੀ, ਸ਼੍ਰੀ ਜਾਰਜ ਫਰਨੈਡਜ ਨੇ ਆਖ ਕੇ, ਪਿਛਲੇ ਸੋਲ੍ਹਾਂ ਸਾਲਾਂ ਤੋਂ ਲਗਾਤਾਰ ਹਿੰਦ ਸਰਕਾਰ ਵਲੋਂ ਵਾਰ ਵਾਰ ਬੋਲੇ ਜਾ ਰਹੇ ਝੂਠ ਦਾ ਭਾਂਡਾ ਵਿਚ ਚੌਰਾਹੇ ਦੇ ਭੰਨਿਆ ਹੈ। ਸਰਕਾਰ ਕਹਿੰਦੀ, ਲਿਖਦੀ ਤੇ ਬੋਲਦੀ ਆ ਰਹੀ ਸੀ ਕਿ ਸ੍ਰੀ ਦਰਬਾਰ ਸਾਹਿਬ ਉਪਰ ਜੂਨ 1984 ਵਿਚ ਕੀਤੇ ਗਏ ਫੌਜੀ ਹਮਲੇ ਦੌਰਾਨ, ਸੱਤ ਜੂਨ ਵਾਲੇ ਦਿਨ ‘ਅੱਤਵਾਦੀਆਂ’ ਨੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਸਥਿਤ, ਸਿੱਖ ਰੈਫ਼ਰੈਂਸ ਲਾਇਬ੍ਰੇਰੀ, ਨੂੰ ਅੱਗ ਲਾਕੇ ਸਾੜ ਦਿਤਾ ਹੈ। ਉਸ ਸਮੇ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਸਰਦਾਰ ਗੁਰਚਰਨ ਸਿੰਘ ਟੌਹੜਾ, ਨੇ ਆਪਣੇ ਵਸੀਲਿਆਂ ਰਾਹੀਂ ਇਸ ਸਚਾਈ ਦਾ ਪਤਾ ਲਾ ਲਿਆ ਸੀ ਕਿ ਲਾਇਬ੍ਰੇਰੀ ਸਾੜੀ ਨਹੀ ਗਈ ਬਲਕਿ ਉਸ ਵਿਚਲਾ ਸਾਹਿਤ ਕਢਕੇ ਬਾਕੀ ਘਟ ਜ਼ਰੂਰੀ ਸਮਝੇ ਗਏ ਕਾਗਜਾਂ ਨੂੰ ਅੱਗ ਲਾਕੇ, ‘ਆਤਵਾਦੀਆਂ’ ਦੇ ਲਾਇਬ੍ਰੇਰੀ ਸਾੜਨ ਦਾ ਡਰਾਮਾ ਰਚਿਆ ਗਿਆ ਸੀ, ਤਾਂ ਕਿ ਸਿੱਖ ਸੰਗਤਾਂ ਦੀ ਅੱਖੀਂ ਘੱਟਾ ਪਾਇਆ ਜਾ ਸਕੇ।
ਮੁੜ ਮੁੜ ਸ਼੍ਰੋਮਣੀ ਕਮੇਟੀ ਵਲੋਂ ਹਿੰਦ ਸਰਕਾਰ ਨੂੰ ਚਿਠੀਆਂ ਲਿਖ ਕੇ ਲਾਇਬ੍ਰੇਰੀ ਦੀ ਮੰਗ ਕੀਤੀ ਜਾਂਦੀ ਰਹੀ ਹੈ ਪਰ ਸਰਕਾਰ ਟੱਸ ਤੋਂ ਮੱਸ ਨਹੀ ਹੋਈ। ਕਿਸੇ ਚਿੱਠੀ ਦਾ ਜਵਾਬ ਤਕ ਨਹੀ ਦਿਤਾ। ਮੰਨਿਆ ਹੀ ਨਹੀ ਕਿ ਕੋਈ ਚਿੱਠੀ ਮਿਲੀ ਵੀ ਹੈ। ਇਕ ਕਾਂਗਰਸੀ ਐਮ. ਪੀ. ਸਰਦਾਰ ਜਗਮੀਤ ਸਿੰਘ ਬਰਾੜ ਨੇ ਲੋਕ ਸਭਾ ਵਿਚ ਕੀਤੀ ਗਈ ਆਪਣੀ ਤਕਰੀਰ ਦੌਰਾਨ ਇਹ ਭੇਦ ਵੀ ਖੋਹਲਿਆ ਕਿ ਮੇਰਠ ਦੇ ਮਿਲਟਰੀ ਹੈਡ ਕੁਆਰਟਰਜ਼ ਵਿਚ ਫੌਜੀ ਹਿਫ਼ਜ਼ਤ ਅੰਦਰ ਰੱਖੀ ਗਈ ਲਾਇਬ੍ਰੇਰੀ ਸਿੱਖ ਕੌਮ ਨੂੰ ਵਾਪਸ ਕੀਤੀ ਜਾਵੇ ਤੇ ਨਾਲ ਹੀ ਇਸ ਭਿਆਨਕ ਗੁਨਾਹ ਦੀ ਸਿੱਖ ਕੌਮ ਪਾਸੋਂ ਸਰਕਾਰ ਮੁਆਫੀ ਮੰਗੇ। ਸਰਕਾਰ ਨੇ ਸਪੀਚ ਸੁਣ ਲਈ ਪਰ ਹਾਂ ਜਾਂ ਨਾਹ ਵਿਚ ਕੋਈ ਉਤਾ ਨਹੀ ਸੀ ਵਾਚਿਆ।
ਇਸ ਉਪ੍ਰੰਤ ਸ਼੍ਰੋਮਣੀ ਕਮੇਟੀ ਸਿਧੀ ਰਖਿਆ ਮੰਤ੍ਰਾਲੇ ਨੂੰ ਚਿਠੀਆਂ ਲਿਖਣ ਲੱਗ ਪਈ। ਹੁਣ ਅਖੀਰ ਵਿਚ ਭਾਰਤ ਦੇ ਰਖਿਆ ਮੰਤਰੀ, ਸ਼੍ਰੀ ਜਾਰਜ ਫ਼ਰਨੈਡਜ਼ ਨੇ, ਸ਼੍ਰੋਮਣੀ ਕਮੇਟੀ ਨੂੰ ਦਸਿਆ ਹੈ ਕਿ ਲਾਇਬ੍ਰੇਰੀ ਹੈ; ਪਰ ਉਸਦੇ ਮੰਤ੍ਰਾਲੇ ਪਾਸ ਨਹੀ ਸਗੋਂ ਸੀ. ਭੀ. ਆਈ. ਪਾਸ ਹੈ ਤੇ ਇਸਦੀ ਪ੍ਰਾਪਤੀ ਵਾਸਤੇ ਸ਼੍ਰੋਮਣੀ ਕਮੇਟੀ ਨੂੰ ਸਿਧੀ ਸਬੰਧਤ ਮੰਤ੍ਰਾਲੇ ਨਾਲ ਲਿਖਾ-ਪੜ੍ਹੀ ਕਰਨੀ ਚਾਹੀਦੀ ਹੈ। ਸਵਾਲ ਉਠਦਾ ਹੈ ਕਿ ਸੋਲ੍ਹਾਂ ਸਾਲਾਂ ਪਿਛੋਂ ਇਕ ਸਰਕਾਰੀ ਵਜ਼ੀਰ ਨੇ ਇਸ ਸੱਚਾਈ ਨੂੰ ਹੁਣ ਕਿਉਂ ਕਬੂਲ ਕੀਤਾ ਜਦੋਂ ਕਿ ਪਿਛਲੀਆਂ ਸਰਕਾਰਾਂ, ਸਮੇਤ ਪਾਰਲੀਮੈਂਟ ਦੇ, ਸਾਰੀ ਦੁਨੀਆਂ ਨੂੰ ਇਸ ਬਾਰੇ ਝੂਠ ਬੋਲ ਤੇ ਝੂਠ ਲਿਖ ਕੇ ਗੁਮਰਾਹ ਕਰਦੀਆਂ ਆ ਰਹੀਆਂ ਸਨ! ਕੀ ਇਸ ਸੱਚਾਈ ਨੂੰ ਕਬੂਲਣ ਦੇ ਪਿਛੇ ਕਿਤੇ ਸ਼੍ਰੀ ਫ਼ਰਨੈਡਜ਼ ਜੀ ਦੀ ਆਪਣੀ ਨਿਜੀ ਸ਼ਖਸ਼ੀਅਤ ਹੀ ਤਾਂ ਕਾਰਨ ਨਹੀ! ਸੁਣਦੇ ਸਾਂ ਕਿ 1975 ਵਿਚ ਨਰਕਵਾਸੀ ਇੰਦਰਾ ਗਾਂਧੀ ਵਲੋਂ ਲੱਗਾਈ ਗਈ ਐਮਰਜੈਂਸੀ ਦੌਰਾਨ, ਆਪਣੀ ਗ੍ਰਿਫਤਾਰੀ ਤੋਂ ਬਚਣ ਲਈ, ਸ੍ਰੀ ਫ਼ਰਨੈਡਜ਼ ਜੀ ਇਕ ਸਿੱਖ ਦੇ ਭੇਸ ਵਿਚ ਵਿਚਰਦੇ ਰਹੇ ਸਨ ਤੇ ਕੁਦਰਤੀ ਹੈ ਕਿ ਇਸ ਦੌਰਾਨ ਸਿੱਖ ਵਿਅਕਤੀਆਂ ਅਤੇ ਸਿੱਖ ਸੰਸਥਾਵਾਂ ਦੇ ਸੰਪਰਕ ਵਿਚ ਆਉਣ ਸਦਕਾ, ਸ਼੍ਰੀ ਚੰਦਰ ਸ਼ੇਖਰ ਵਾਂਗ, ਇਹਨਾਂ ਦੇ ਦਿਲ ਵਿਚ ਵੀ ਸਿੱਖਾਂ ਦੀਆਂ ਸਿਫਤਾਂ ਦਾ ਕੋਈ ਥੋਹੜਾ-ਬਹੁਤਾ ਪ੍ਰਭਾਵ ਰਹਿ ਗਿਆ ਹੋਵੇ ਤੇ ਉਸ ਕਰਕੇ ਹੀ ਉਹਨਾਂ ਨੇ ਲਾਇਬ੍ਰੇਰੀ ਸਬੰਧੀ ਸਚਾਈ ਨੂੰ ਮੰਨ ਲਿਆ ਹੋਵੇ! ਜਾਂ ਫੇਰ ਇਹ ਵੀ ਹੋ ਸਕਦਾ ਹੈ ਕਿ ਇਹਨਾਂ ਦਿਨਾਂ ਦੌਰਾਨ ਕੁਝ ਗੁੰਡਿਆਂ ਵਲੋਂ ਈਸਾਈ ਸੰਸਥਾਵਾਂ ਅਤੇ ਅਬਲਾਵਾਂ ਉਪਰ ਹਮਲੇ ਹੋ ਰਹੇ ਹੋਣ ਕਰਕੇ, ਸ਼੍ਰੀ ਜਾਰਜ ਫ਼ਰਨੈਡਜ਼ ਜੀ ਨੂੰ ਸਿੱਖਾਂ ਦੇ ਸਾਥ ਦੀ ਜਰੂਰਤ ਮਹਿਸੂਸ ਹੋਈ ਹੋਵੇ; ਕਿਉਂਕਿ ਦੋ ਵਿਅਕਤੀ ਜਾਂ ਦੋ ਕਮਿਊਨਿਟੀਆਂ ਜੋ ਕਿ ਇਕ ਜ਼ਾਲਮ ਦੇ ਜ਼ੁਲਮ ਦਾ ਸ਼ਿਕਾਰ ਬਣਦੀਆਂ ਹਨ, ਉਹਨਾਂ ਦਾ ਇਕ-ਦੂਜੇ ਦੇ ਨੇੜੇ ਆਉਣਾ ਕੁਦਰਤੀ ਹੈ। ਸਾਂਝੇ ਜ਼ਾਲਮ ਦੁਸ਼ਮਣ ਤੋਂ ਬਚਾ ਕਰਨ ਦੀ ਭਾਵਨਾ ਦੋ ਮਜਲੂਮਾਂ ਨੂੰ ਮਿੱਤਰ ਬਣਨ ਵਿਚ ਸਹਾਈ ਹੋ ਜਾਂਦੀ ਹੈ; ਅਤੇ ਇਸਦੇ ਸਬੂਤ ਵਜੋਂ ਇਕ ਤੋਂ ਵਧ ਥਾਂਵਾਂ ਤੇ ਕੁਝ ਸਿੱਖ ਨੌਜਵਾਨਾਂ ਨੇ ਆਪਣੀ ਜਾਨ ਨੂੰ ਖ਼ਤਰੇ ਵਿਚ ਪਾਕੇ, ਇਸਾਈ ਸੰਤਣੀਆਂ ਦੀ ਬੇਪਤੀ ਕਰਨ ਤੋਂ ਗੁੰਡਿਆਂ ਨੂੰ ਰੋਕ ਕੇ ਭਜਾਇਆ ਵੀ ਹੈ।
ਉਪ੍ਰੋਕਤ ਦੋਵੇਂ ਕਾਰਨਾਂ ਵਿਚੋਂ ਕੋਈ ਇਕ ਜਾਂ ਦੋਵੇਂ ਵੀ ਹੋਣ ਤਾਂ ਧੰਨ ਭਾਗ! ਪਰ ਇਕ ਤੀਜਾ ਕਾਰਨ ਵੀ ਹੋ ਸਕਦਾ ਹੈ ਜਿਸ ਤੋਂ ਸਿੱਖ ਜ਼ਿਮੇਵਾਰ ਵਿਅਕਤੀਆਂ, ਸੰਸਥਾਵਾਂ ਅਤੇ ਵਿਦਵਾਨਾਂ ਨੂੰ ਬੜੀ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ। ਇਕ ਸਾਹਮਣੇ ਵਾਪਰੀ ਘਟਨਾ ਦਾ ਜ਼ਿਕਰ ਕਰਦਾ ਹਾਂ। 1985 ਦੇ ਤਕਰੀਬਨ ਅਧ ਜਿਹੇ ਦਾ ਵਾਕਿਆ ਹੈ। ਬ੍ਰਿਸਬਿਨ ਦੇ ਇਕ ਸਬਅਰਬ ਵਿਚ ਕਿਸੇ ਸੱਜਣ ਦੇ ਘਰ ਕੁਝ ਸਿੱਖ ਸਰਦਾਰ ਰਾਤ ਦੇ ਭੋਜਨ ਉਪਰ ਇਕੱਤਰ ਸਨ। ਘਰ ਵਾਲੇ ਸੱਜਣ ਦਾ ਨਾਂ ਹੁਣ ਮੈਨੂੰ ਯਾਦ ਨਹੀ ਰਿਹਾ। ਓਥੇ ਹੀ, ਉਸ ਸਮੇ ਮੁਰਵਿਲੰਭਾ ਅਤੇ ਹੁਣ ਨਾਰਥ ਕਵੀਨਜ਼ੈਂਡ ਵਾਸੀ, ਸਰਦਾਰ ਸ਼ਿੰਗਾਰਾ ਸਿੰਘ ਧੋਤੜ, ਮੈਨੂੰ ਵੀ ਲੈ ਗਏ। ਗੱਲ-ਬਾਤ ਦੌਰਾਨ, ਨਾਰਥ ਕਵੀਨਜ਼ੈਂਡ ਦੇ ਵਸਨੀਕ ਸਰਦਾਰ ਸਤਿਨਾਮ ਸਿੰਘ ਸੈਣੀ, ਨੇ ਬਹੁਤ ਹੀ ਭੇਤ ਵਾਲੀ ਅਤੇ ਮਹੱਤਵਪੂਰਨ ਗੱਲ ਓਥੇ ਆਖੀ। ਉਹਨਾਂ ਦੱਸਿਆ ਕਿ ਲਾਇਬ੍ਰੇਰੀ ਸਾੜੀ ਨਹੀ ਗਈ ਬਲਕਿ ਓਥੋਂ ਕਢ ਕੇ ਲੈ ਜਾਈ ਗਈ ਹੈ। ਮੇਰੇ ਇਸ ਸਵਾਲ ਤੇ ਕਿ ਲੈ ਜਾਣ ਦਾ ਕੀ ਫਾਇਦਾ ਸਰਕਾਰ ਨੂੰ! ਤਾਂ ਉਤਰ ਵਿਚ ਉਹਨਾਂ ਨੇ ਕਿਹਾ ਕਿ ਸਰਕਾਰ ਉਸ ਵਿਚ ਮਨ ਮਾਨੀਆਂ ਤਬਦੀਲੀਆਂ ਕਰਕੇ ਫੇਰ ਵਾਪਸ ਲੋਕਾਂ ਵਿਚ ਪੁਚਾਵੇਗੀ ਤਾਂ ਕਿ ਸਿੱਖ ਸਿਧਾਂਤ, ਸਿੱਖ ਇਤਿਹਾਸ, ਸਿੱਖ ਧਰਮ, ਸਿਖ ਫਲਸਫੇ ਵਿਚ ਰੋਲ਼-ਘਚੋਲ਼ਾ ਪਾਇਆ ਜਾਵੇ। ਇਹਨਾਂ ਦੇ ਸ਼ਬਦ-ਗੁਰੂ, ਗੁਰੂ-ਪੰਥ ਵਾਲੀ ਸੋਚ ਨੂੰ ਕੁਰਾਹੇ ਪਾਇਆ ਜਾ ਸਕੇ। ਮੈਨੂੰ ਇਸ ਸੁਨਸਨੀਖੇਜ਼ ਇਨਕਸ਼ਾਫ ਤੇ ਇਤਬਾਰ ਨਾ ਆਇਆ ਤੇ ਸਵਾਲ ਕੀਤਾ, “ਤੁਹਾਨੂੰ ਇਸ ਗੱਲ ਦਾ ਕਿਵੇਂ ਪਤਾ ਹੈ?” ਤਾਂ ਉਤਰ ਮਿਲਿਆ ਕਿ ਉਹਨਾਂ ਨੂੰ ਕਿਸੇ ਰਿਸ਼ਤੇਦਾਰ ਤੋਂ ਇਸ ਗੱਲ ਦੀ ਸੁੰਧਕ ਮਿਲੀ ਹੈ ਜੋ ਕਿ ਖੁਦ ਸਿੱਖੀ ਦੀ ਮੁਖ ਧਾਰਾ ਨੂੰ ਛੱਡਕੇ ਕਿਸੇ ਹੋਰ ਸੰਸਥਾ ਦਾ ਪੈਰੋਕਾਰ ਬਣ ਚੁੱਕਾ ਹੈ।
ਹਾਲਾਂ ਕਿ ਮੈ ਆਪਣੇ ਸੁਭਾ ਅਨੁਸਾਰ ਹਰੇਕ ਦੀ ਗੱਲ ਨੂੰ ਸੱਤ ਕਰਕੇ ਹੀ ਮੰਨ ਲੈਂਦਾ ਹਾਂ ਪਰ ਇਹ ਗੱਲ ਮੈਨੂੰ ਅਸੱਤ ਜਿਹੀ ਲੱਗੀ ਤੇ ਮੈ ਇਸਨੂੰ ਸਰਦਾਰਾਂ ਦੇ ਰਾਤਰੀ ਭੋਜਨ ਦੌਰਾਨ ਮਾਰੀ ਗਈ ਇਕ ਗੱਪ ਹੀ ਸਮਝਿਆ। ਹੁਣ ਉਹ ਸੱਚਾਈ ਬਣ ਕੇ ਸਾਹਮਣੇ ਆਈ ਜਿਸਨੂੰ ਏਨਾ ਚਿਰ ਪਹਿਲਾਂ ਮੈ ਹਨੇਰੇ ਵਿਚ ਮਾਰੀ ਗਈ ਤਲਵਾਰ ਹੀ ਸਮਝਦਾ ਰਿਹਾ ਸਾਂ। ਸੱਚ ਹੀ ਕਿਸੇ ਨੇ ਕਿਹਾ ਹੈ ਕਿ ਔਲੇ ਦਾ ਖਾਧਾ ਤੇ ਸਿਆਣੇ ਦਾ ਆਖਿਆ ਬਾਅਦ ਵਿਚ ਪਤਾ ਦਿੰਦੇ ਹਨ। "ਜਾਦੂ ਉਹ ਜੋ ਸਿਰ ਚੜ੍ਹ ਬੋਲੇ।"
ਇਕ ਅਹਿਮ ਸਵਾਲ ਇਹ ਵੀ ਹੈ ਕਿ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਵਿਚੋਂ ਲਾਇਬ੍ਰੇਰੀ ਦੇ ਗ੍ਰੰਥਾਂ ਨੂੰ ਫੌਜ ਚੁੱਕ ਕੇ, ਅੰਮ੍ਰਿਤਸਰ ਸਥਿਤ ਆਪਣੇ ਹੈਡਕੁਆਰਟਰਜ਼ ਵਿਚ ਲੈ ਕੇ ਗਈ ਤੇ ਸ਼੍ਰੋਮਣੀ ਕਮੇਟੀ ਦੀ ਜਾਣਕਾਰੀ ਅਨੁਸਾਰ, ਓਥੇ ਉਹਨਾਂ ਗ੍ਰੰਥਾਂ ਦੀ ਲਿਸਟ ਤਿਆਰ ਕਰਕੇ, ਟਰੰਕਾਂ ਵਿਚ ਲੱਦ ਕੇ, ਕਿਸੇ ਅਣਜਾਣੀ ਥਾਂ ਤੇ ਲਿਜਾਇਆ ਗਿਆ ਅਤੇ ਸਰਦਾਰ ਜਗਮੀਤ ਸਿੰਘ ਬਰਾੜ ਦੀ ਲੋਕ ਸਭਾ ਵਿੱਚ ਦਿਤੀ ਗਈ ਸਪੀਚ ਅਨੁਸਾਰ, ਉਹ ਗ੍ਰੰਥ ਅਤੇ ਸਾਡਾ ਪੰਜ ਸਦੀਆਂ ਦਾ ਧਾਰਮਿਕ ਤੇ ਇਤਿਹਾਸਕ ਸਾਹਿਤ, ਮੇਰਠ ਵਿਖੇ ਫੌਜੀ ਕੰਟ੍ਰੋਲ ਵਿਚ ਰੱਖਿਆ ਗਿਆ; ਪਰ ਹੁਣ ਰਖਿਆ ਮੰਤਰੀ ਜੀ ਆਖ ਰਹੇ ਹਨ ਕਿ ਉਹ ਸਾਰਾ ਕੁਝ ਸੀ. ਬੀ. ਆਈ. ਪਾਸ ਹੈ। ਕੀ ਇਹਨਾਂ ਵਾਕਿਆਤ ਤੋਂ ਇਹ ਸਾਬਤ ਨਹੀ ਹੁੰਦਾ ਕਿ ਉਹਨਾਂ ਸਾਰੇ ਗ੍ਰੰਥਾਂ ਦੀ, ਸੀ. ਬੀ. ਆਈ. ਦੇ ਅਦਾਰੇ ਅੰਦਰ ਕੰਮ ਕਰਦੇ, ਸਰਕਾਰੀ ਖ੍ਰੀਦੇ ਹੋਏ ਵਿਦਵਾਨਾਂ ਪਾਸੋਂ ਛਾਣ ਬੀਣ ਕਰਵਾ ਕੇ ਤੇ ਉਹਨਾਂ ਵਿਚ ਲੋੜੀਂਦੀ ਅਦਲਾ-ਬਦਲੀ ਕਰਕੇ ਹੁਣ ਪੰਥ ਨੂੰ ਵਾਪਸ ਕਰਨ ਲਈ ਮੈਦਾਨ ਤਿਆਰ ਕੀਤਾ ਜਾ ਰਿਹਾ ਹੈ!
ਹੁਣ ਪੰਥ ਨੂੰ ਇਸ ਗੱਲੋਂ ਵੀ ਸਾਵਧਾਨ ਹੋਣ ਦੀ ਲੋੜ ਹੈ ਕਿ ਕਿਤੇ ਸ਼੍ਰੀ ਫ਼ਰਨੈਡਜ਼ ਜੀ ਤੋਂ ਵੀ 1947 ਤੋਂ ਚਲੀ ਆ ਰਹੀ ਸਰਕਾਰੀ ਨੀਤੀ ਅਨੁਸਾਰ ਹੀ ਤਾਂ ਨਹੀ ਇਸ ਸੱਚਾਈ ਨੂੰ ਇਸ ਸਮੇ ਜ਼ਾਹਰ ਕਰਵਾਇਆ ਗਿਆ; ਜਦੋਂ ਕਿ ਇਸ ਸਮੇ ਪੰਜਾਬ ਅੰਦਰ ਰ. ਸ. ਸ ਵਰਗੀਆਂ ਜਥੇਬੰਦੀਆਂ ਵਲੋਂ ਧੂੰਆਂ ਧਾਰ ਪ੍ਰਾਪੇਗੰਡਾ, ਸਿੱਖਾਂ ਨੂੰ ਹਿੰਦੂ ਵਿਸ਼ਾਲ ਸਮੁੰਦਰ ਵਿਚ ਡੋਬ ਕੇ ਮਾਰਨ ਲਈ ਕੀਤਾ ਜਾ ਰਿਹਾ ਹੈ; ਕਿਤੇ ਇਹ ਵੀ ਤਾਂ ਓਸੇ ਸਾਜਸ਼ ਦੀ ਇਕ ਅਹਿਮ ਕੜੀ ਤਾਂ ਨਹੀ ਕਿ ਐਨ ਇਸ ਸਮੇ ਹੀ ਮਿਲਾਵਟ ਪਾਈ ਹੋਈ ਲਾਇਬ੍ਰੇਰੀ ਸਿੱਖਾਂ ਦੇ ਹਵਾਲੇ ਕਰ ਦਿਓ। ਇਸ ਨਾਲ ਇਕ ਤਾਂ ਹਿੰਦ ਸਰਕਾਰ ਵਿਚ ਬੈਠੇ ਹੋਏ ਘਟ ਗਿਣਤੀਆਂ ਦੇ ਖਾਤਮੇ ਲਈ ‘ਪ੍ਰਤੀਬਧ ਸੱਜਣਾਂ’ ਦੀ ਸਾਜਸ਼ ਸਿਰੇ ਚੜ੍ਹ ਜਾਵੇਗੀ ਤੇ ਨਾਲ ਦੀ ਨਾਲ ਹੀ, ਖੁਦ ਨੂੰ ਚਲਾਕ ਸਮਝਣ ਵਾਲੇ ਪਰ ਅੰਦਰੋਂ ਸਵਾਰਥ ਦੇ ਪੜਦੇ ਨਾਲ ਕੱਜੀ ਹੋਈ ਅਕਲ ਦੇ ਮਾਲਕ, ਖੁਸ਼ੀਆਂ ਦੇ ਜੈਕਾਰੇ ਗਜਾ ਕੇ, ਨਗਾਰੇ ਖੜਕਾ ਕੇ, ਦੀਵੇ ਜਗਾ ਕੇ ਮੌਜੂਦਾ ਸਰਕਾਰ ਦਾ ਧੰਨਵਾਦ ਕਰਨ ਹਿਤ ਉਚੇਚੇ ਜਸ਼ਨ ਮਨਾਉਣ ਵਾਸਤੇ ਇਕ ਦੂਜੇ ਤੋਂ ਅਗੇ ਲੰਘਣ ਦੀ ਖੇਡ ਖੇਡਣਗੇ!
ਅਜੇ ਹਿੰਦਾਲੀਆਂ ਦੀ ਵਿਗਾੜੀ ਹੋਈ, ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੀ ਜਨਮਸਾਖੀ ਤੋਂ ਸਾਡਾ ਛੁਟਕਾਰਾ ਨਹੀ ਹੋਇਆ ਤੇ ਉਤੋਂ ਇਹ ਹੋਰ, ਉਸ ਤੋਂ ਕਿਤੇ ਵਧ ਚਲਾਕੀ ਤੇ ਮਕਾਰੀ ਭਰੀ ਯੋਗਤਾ ਨਾਲ ਵਿਗਾੜੇ ਗਏ, ਪੰਜ ਸਦੀਆਂ ਦੇ ਸਾਡੇ ਧਾਰਮਿਕ, ਸਾਹਿਤਕ, ਸਭਿਆਚਾਰਕ ਤੇ ਇਤਿਹਾਸਕ ਵਿਰਸੇ ਨਾਲ ਸਾਡਾ ਵਾਹ ਪੈ ਜਾਵੇ ! ਸਾਵਧਾਨ! ਹੋਸ਼ਿਆਰ!! ਖ਼ਬਰਦਾਰ!!!

ਉਠੋ, ਕੌਮ ਕੀ ਫਿਲਕਰ ਕਰੋ ਐ ਨਾਦਾਨੋ
ਤੁਮ੍ਹਾਰੀ ਬਰਬਾਦੀਓਂ ਕੇ ਚਰਚੇ ਹੈਂ ਆਸਮਾਨੋ ਮੇ।
ਨਾ ਸਮਝੋਗੇ ਤੋ ਮਿਟ ਜਾਓਗੇ ਐ ਸਿੱਖੋ,
ਤੁਮ੍ਹਾਰੀ ਦਾਸਤਾਨ ਭੀ ਨਾ ਹੋਗੀ ਦਾਸਤਾਨੋ ਮੇਂ।

ਹਾਏ! ਕਿਸ ਵਕਤ ਕੰਬਖ਼ਤ ਕੋ ਖ਼ੁਦਾ ਯਾਦ ਆਇਆ!!

Monday, March 2, 2009

ਉਹ ਬੇਨਾਮ ਰਿਸ਼ਤਾ

ਸ਼ਵੇਤਾ ਨਰੂਲਾ

ਉਹ ਚਿਹਰਾ
ਜੀਹਨੂੰ ਮੈਂ
ਆਪਣੀ ਜਿੰਦਗੀ ਵਿੱਚ ਭੁਲਾ ਨਹੀ ਸਕਦੀ
ਉਹ ਨਾਮ
ਜਿਸਨੂੰ ਮੈਂ
ਆਪਣੇ ਨਾਮ ਨਾਲ ਜੋੜ ਨਹੀ ਸਕਦੀ
ਉਹ ਇੱਕ ਨਾਂ ਤੇਰਾ ਹੀ ਹੈ
ਉਹ ਰਿਸ਼ਤਾ
ਤੇਰਾ-ਮੇਰਾ
ਕਿਸੇ ਨਾਮ ਦਾ ਮੁਥਾਜ ਨਹੀਂ
ਉਹ ਰਿਸ਼ਤਾ
ਕਿਸੇ ਕਾਗਜ਼ ਤੇ ਲੱਗੀ ਮੋਹਰ ਦਾ ਭੁੱਖਾ ਨਹੀਂ
ਪਲਕਾਂ ਜੀਹਦੇ ਦੁੱਖ ਨਾਲ ਭਿੱਜ ਜਾਨ
ਮੇਰੇ ਮਨ ਦੇ ਬੁੱਝੇ ਚਿਰਾਗ
ਫਿਰ
ਜਗ ਪੈਣ
ਉਹ ਇੱਕ ਨਾਮ ਤੇਰਾ ਹੀ ਹੈ
http://shavetanarulamypoems.blogspot.com/