Wednesday, June 18, 2014

ਸਿੱਧੂ ਦੀਆਂ ਸਿੱਧੀਆਂ –ਭਾਜਪਾਈ ਬਿੱਲੀ ਨੂੰ ਦੇਖ ਕੇ ਅਕਾਲੀ ਦਲ ਚੀਨੇ ਕਬੂਤਰ ਵਾਂਗੂੰ ਅੱਖਾਂ ਮੀਚਣ ਲੱਗਾ



 ਸੁਖਨੈਬ ਸਿੰਘ ਸਿੱਧੂ   
ਲੋਕ ਸਭਾ ਦੇ ਨਤੀਜਿਆਂ ਵਿੱਚ ਪੰਜਾਬ ਦੇ ਲੋਕਾਂ ਨੇ ਸਰਕਾਰ ਨੂੰ  ਗੁਪਤ ਸੁਨੇਹਾ ਭੇਜ  ਦਿੱਤਾ ਹੈ ਕਿ ਕਾਲੇ ਦਿਲ ਰੱਖਕੇ ਚਿੱਟੇ ਦਾ ਵਪਾਰ ਕਰਦੇ ਸਿਆਸਤਦਾਨੋਂ ਸਮਝ ਜਾਵੋਂ ਤੁਹਾਡੀਆਂ ਲੂੰਬੜ ਚਾਲਾਂ ਹੁਣ ਪਤਾ ਚੱਲ ਗਈਆਂ ਹਨ। ਜਿਸ ਤਰ੍ਹਾਂ ਪੰਜਾਬ ਵਿੱਚ ਅਕਾਲੀ ਦਲ ਦੇ ਰਵਾਇਤੀ ਵੋਟ ਬੈਂਕ ਨੂੰ ਖੋਰਾ ਲੱਗਿਆ ਹੈ ਉਸਤੋਂ ਬੁਖਲਾਏ ਅਕਾਲੀ ਨੇਤਾ ਹਾਲੇ ਤੱਕ ਬਿਆਨ ਦੇਣ ਤੋਂ ਬਚਦੇ ਫਿਰਦੇ ਹਨ। ਲੋਕਾਂ ਨੂੰ ਉਹਨਾਂ ਦੀ ‘ਚੁੱਪ’ ਦਾ ਪੂਰਾ ਸੂਰਾ ਪਤਾ ਹੈ।
ਰੇਤਾ ਬੱਜਰੀ ਦੀ ਬਲੈਕ ਅਤੇ ਨਸਿ਼ਆਂ ਦੀ ਹੋਮ ਡਿਲੀਵਰੀ ਨੇ ਅਕਾਲੀ ਦਲ ਅਤੇ ਖਾਸ ਕਰਕੇ ਬਾਦਲ ਪਰਿਵਾਰ ਨੂੰ ਚੌਰਾਹੇ ਵਿੱਚ ਬੇਪਰਦ ਕਰ ਦਿੱਤਾ ਹੈ। ਬਾਦਲ ਪਰਿਵਾਰ ਦੇ ਨਜ਼ਦੀਕੀ ਰਿਸ਼ਤੇਦਾਰ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ਼ ਪੰਜਾਬ ਦੇ ਬੱਚੇ-ਬੱਚੀ ਵੱਲੋਂ ਲਾਏ ਜਾਣ ਵਾਲੇ ਦੋਸ਼ਾਂ ਨੇ ਸ: ਮਜੀਠੀਆ ਨੂੰ ਚੁੱਪ ਰਹਿਣ ਲਈ ਮਜਬੂਰ ਕਰ ਦਿੱਤਾ ਹੈ। ਮਜੀਠਿਆ  ਵੋਟਾਂ ਵਾਲੇ ਦਿਨ ਆਪਣੇ ਹਲਕੇ ਵਾਲੇ ਪੋਲਿੰਗ ਬੂਥ ਤੇ ਨਜ਼ਰ ਆਏ ਸਨ ਜਾਂ ਫਿਰ ਇੱਕ ਦਿਨ ਜਦੋਂ ਬੀਬਾ ਹਰਸਿਮਰਤ ਕੌਰ ਬਾਦਲ ਨੇ ਆਪਣੇ ਅਹੁਦੇ ਦਾ ਚਾਰਜ ਸੰਭਾਲਣਾ ਸੀ ।
ਅਰੁਣ ਜੇਤਲੀ ਦੀ ਨਮੋਸ਼ੀ ਭਰੀ ਹਾਰ ਦਾ ਠੀਕਰਾ ਭਾਜਪਾ ਨੇ ਅਕਾਲੀ ਦਲ ਦੇ ਸਿਰ ਭੰਨਿਆ ਹੈ।  ਬਠਿੰਡਾ ਲੋਕ ਸਭਾ ਹਲਕੇ ਵਿੱਚ ਜਿੱਥੇ 6ਮਹੀਨਿਆਂ ਤੋਂ ਸਾਰਾ ਲੁੰਗ-ਲਾਣਾ ਫਿਰਦਾ ਰਿਹਾ ਉੱਥੋਂ  ਸੱਤਾਧਾਰੀ ਧਿਰ ਦੀ  ਇੱਜ਼ਤ ਦਾਅ ਤੇ ਲੱਗ ਕੇ ਸੀਟ ਜਾਂਦੀ- ਜਾਂਦੀ ਮਸਾਂ ਬਚੀ ਹੈ। ਬੀਬੀ ਹਰਸਿਮਰਤ ਕੌਰ ਬਾਦਲ ਇਸ ‘ਇਤਿਹਾਸਕ ਜਿੱਤ’ ਤੋਂ ਐਨੇ ਮਾਯੂਸ ਰਹੇ ਕਿ ਉਹ ਬਠਿੰਡਾ ਦੇ ਡਿਪਟੀ ਕਮਿਸ਼ਨਰ ਤੋਂ  ਆਪਣੀ ਜਿੱਤ ਦਾ ਸਰਟੀਫਿਕੇਟ  ਲੈਣ ਨਹੀਂ ਪਹੁੰਚੇ ।
ਪੰਜਾਬ ਭਾਜਪਾ ਦੇ ਆਗੂਆਂ ਵੱਲੋਂ ਕੀਤੇ ਮੁਲਾਂਕਣ ਬਾਅਦ ਅਤੇ ਦੇਸ਼ ਭਰ ਵਿੱਚ ਵੱਡੀ ਜਿੱਤ ਮਗਰੋਂ ਸੂਬੇ ਦੀ ਭਾਜਪਾ ਇਕਾਈ ਅਕਾਲੀ ਦਲ ਨੂੰ ਅੱਖਾਂ ਦਿਖਾਉਣ ਲੱਗੀ ਹੈ ਅਤੇ ਅਕਾਲੀ ਦਲ ਦੇ ਪ੍ਰਮੁੱਖ ਆਗੂ ਭਾਜਪਾ ਦੇ ਕਿਸੇ ਵੀ ਬਿਆਨ ਦਾ ਮੋੜਵਾ ਜਵਾਬ ਦੇਣ ਤੋਂ ਉਸ ਤਰ੍ਹਾਂ ਬਚਦੇ ਹਨ ਜਿਵੇਂ ਬਿੱਲੀ ਕਬੂਤਰ ਨੂੰ ਦੇਖਕੇ ਅੱਖਾਂ ਮੀਚ ਲੈਂਦਾ ਹੈ।
ਪੰਜਾਬ ਭਾਜਪਾ ਦੇ ਕਈ ਸੀਨੀਅਰ ਆਗੂਆਂ ਨੇ  ਜਦੋਂ ਨਸ਼ਾ ਤਸਕਰੀ ਦੇ ਦੋਸ਼ ਅਕਾਲੀ ਦਲ ਉਪਰ ਲਾਏ ਤਾਂ ਮੁੱਖ ਮੰਤਰੀ ਨੂੰ ਮੂੰਹ ਖੋਲ੍ਹਣਾ ਪਿਆ  ਕਿ ਕਮਲ ਸ਼ਰਮਾ ਮੈਨੂੰ ਦੱਸਣ ਕੌਣ- ਕੌਣ ਸ਼ਾਮਿਲ ਹੈ ਨਸਿ਼ਆਂ ਵਿੱਚ ।
ਪਹਿਲਾਂ ਜਦੋਂ ਕਾਂਗਰਸ ਵੱਲੋਂ ਨਸ਼ਾ ਤਸਕਰਾਂ ਨੂੰ ਸ਼ਹਿ ਦੇਣ ਦੇ ਦੋਸ਼ ਲੱਗਦੇ ਸੀ ਤਾਂ ਅਕਾਲੀ  ਦਲ ਦੇ ਆਗੂ ਵਿਰੋਧੀ ਧਿਰ ਦਾ ਭੰਡੀ ਪ੍ਰਚਾਰ ਕਹਿ ਕੇ ਖਹਿੜਾ ਛੁਡਾ ਲੈਂਦੇ ਸੀ । ਪਰ ਹੁਣ ਅਕਾਲੀ- ਭਾਜਪਾ ਦਾ ‘ਘਿਉ ਖਿਚੜੀ ਵਾਲਾ’ ਰਿਸ਼ਤਾ  ਇਸਦੀ  ਗਵਾਹੀ ਭਰ ਰਿਹਾ ਤਾਂ  ਅਕਾਲੀ ਦਲ ਕੋਲ ਕੋਈ ਜਵਾਬ ਨਹੀਂ ।
ਜਿੰਨ੍ਹਾਂ ਵਿਭਾਗਾਂ  ਦਾ  ਪ੍ਰਬੰਧ  ਬਾਦਲ ਪਰਿਵਾਰ, ਮੁੱਖ ਮੰਤਰੀ  ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ  ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਕੋਲ ਸੀ ਉਹਨਾਂ ਦੀ ਕਾਰਜਗੁਜਾਰੀ ਸਭ ਤੋਂ ਮੰਦੀ  ਅਤੇ ਰਿਸ਼ਵਤਖੋਰੀ ਵਿੱਚ ਮੂਹਰੇ ਆਉਣ ਕਰਕੇ ਵੀ ਸੱਤਾਧਾਰੀ ਨਮੋਸ਼ੀ ਵਿੱਚ ਹਨ।
 ਨਸਿ਼ਆਂ ਦੇ ਮਾਮਲੇ ਵਿੱਚ ਲਿੱਪਾਪੋਚੀ ਦੀ ਮੁਹਿੰਮ ਤਹਿਤ ਸਖਤੀ ਕੀਤੀ ਗਈ ਤਾਂ  ਡੀਜੀਪੀ ਦੇ ਅਹੁਦੇ ਤੇ ਮੁੜ ਬਿਰਾਜ਼ਮਾਨ ਹੁੰਦਿਆਂ ਸੁਮੇਧ ਸਿੰਘ ਸੈਣੀ ਨੇ ਤਿੰਨ ਦਿਨਾਂ ਵਿੱਚ ਤਸਕਰ ਫੜਣ ਦੇ ਰਿਕਾਰਡ ਕਾਇਮ ਕੀਤੇ ਪਰ  ਨਸਿ਼ਆਂ ਦੀ ਬਰਾਮਦ ਨਾਮਾਤਰ  ਹੀ ਹੋਈ ਕਿਉਂਕਿ  ਇਹਨਾਂ ਵਿੱਚ ਨਸ਼ਾ ਖਾਣ ਵਾਲੇ ਥੋੜੇ ਅਤੇ  ਨਸ਼ੇ ਦੇ ਆਦੀ ਬਹੁਤੇ ਹਨ। ਸਰਬਨ ਸਿੰਘ ਫਿਲੌਰ ਦੇ ਸਪੁੱਤਰ ਦਾ ਨਾਂਮ  ਨਸਿ਼ਆਂ ਦੇ ਕਾਰੋਬਾਰ ਨਾਲ ਜੁੜਿਆ ਤਾਂ ਉਹਨਾਂ ਤੋਂ ਅਸਤੀਫਾ ਲੈ ਲਿਆ ਗਿਆ  ।  ਪਰ ਚੁੰਨੀ ਲਾਲ ਗਾਬਾ ਦੀ ਡਾਇਰੀ ਵਿੱਚ  ਜਿਹੜੇ ਮੁੱਖ ਸੰਸਦੀ ਸਕੱਤਰ ਦਾ ਨਾਂਮ ਸ਼ਾਮਿਲ ਹੈ ਉਸਨੂੰ ਹਾਲੇ ਤੱਕ ਕਿਸੇ ਨੇ ਪੁੱਛਿਆ ਨਹੀਂ ।

ਸਾਬਕਾ ਡੀਜੀਪੀ ਜੇਲ੍ਹਾਂ  ਸ਼ਸ਼ੀ ਕਾਂਤ ਨੇ ਜਿਹੜੇ ਮੰਤਰੀਆਂ ਉਪਰ ਦੋਸ਼ ਲਾਏ ਉਹਨਾਂ ਖਿਲਾਫ਼ ਕੋਈ ਪੜਤਾਲ ਨਹੀਂ ਹੋਈ ।
ਨਸ਼ੇ ਦੇ ਵੱਡੇ ਵਪਾਰੀਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਰਿਹਾ  । ਛੋਟੇ ਮੋਟੇ ਨਸ਼ੇੜੀਆਂ ਨੂੰ ਜੇਲ੍ਹਾਂ ਵਿੱਚ ਧੱਕਿਆ ਜਾ ਰਿਹਾ ।  ਹੁਣ ਜਦੋਂ ਲੋਕ ਸਭਾ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਇਹ ਮਾਮਲਾ ਉਠਾਇਆ ਤਾਂ ਫਿਰ ਸਰਕਾਰ ਹਰਕਤ ਵਿੱਚ ਆਈ ਹੈ।  ਕੈਪਟਨ ਅਮਰਿੰਦਰ ਸਿੰਘ  ਨੇ ਸੰਸਦ ਵਿੱਚ ਕਿਹਾ ਕਿ  ਪਾਕਿਸਤਾਨੋਂ ਕੁਝ ਨਸ਼ਾ ਪੰਜਾਬ ਵਿੱਚ ਆਉੁਂਦਾ , ਪਰ ਰਾਜਸਥਾਨ ਅਤੇ ਮੱਧ ਪ੍ਰਦੇਸ਼ ਜਿੱਥੇ ਭਾਜਪਾ ਦੀ ਸਰਕਾਰ ਹੈ ,ਨਸ਼ਾ ਤਾਂ ਉੱਥੋਂ ਵੀ ਪਹੁੰਚ ਰਿਹਾ ਹੈ।
ਪੰਜਾਬ ਵਿੱਚ ਨਸਿ਼ਆਂ ਦੀ ਰਾਜਨੀਤੀ  ਤੇਜ ਹੈ  ਸੂਤਰ ਦੱਸਦੇ ਹਨ ਇਹਨਾਂ ਮਾਮਲਿਆਂ ਵਿੱਚ ਛੱਤਰ ਛਾਇਆ ਮੁਹੱਈਆ ਕਰਵਾਉਣ ਵਾਲੇ ਸਿਆਸਤਦਾਨਾਂ ਨੂੰ ਬਿਨਾ ਕੁਝ ਕੀਤੇ ਕਰਾਏ  ਵੱਡੀ ਮਾਤਰਾ ਵਿੱਚ ਕਮਾਈ ਦਾ ਹਿੱਸਾ ਘਰ ਪਹੁੰਚ ਜਾਂਦਾ ਹੈ।
 ਨਸਿ਼ਆਂ ਦੇ ਮਾਮਲੇ ‘ਚ ਅਕਾਲੀ ਦਲ ਦੇ ਯੂਥ ਵਿੰਗ ਦਾ ਆਗੂ ਭੋਲਾ ਹਰੀਪੁਰੀਆ ਬੀਤੇ ਦਿਨੀ  ਪੁਲੀਸ ਨੇ ਗ੍ਰਿਫ਼ਤਾਰ ਕੀਤਾ ਸੀ ਪਰ ਇਕ ਅਕਾਲੀ ਵਿਧਾਇਕ ਦੇ ਜ਼ੋਰ ਤੇ ਉਹਨੂੰ ਛੱਡ ਦਿੱਤਾ ਗਿਆ । ਹੁਣ ਪਤਾ ਲੱਗਾ ਹੈ ਕਿ  ਇੰਗਲੈਂਡ ਦਾ ਨਿਵਾਸੀ ਭੋਲਾ  ਪੰਜਾਬ ਪੁਲੀਸ ਨੂੰ ਚਕਮਾ ਦੇ ਕੇ ਨੇਪਾਲ ਦੇ ਰਸਤੇ ਇੰਗਲੈਂਡ ਕੂਚ ਕਰ ਗਿਆ ਹੈ।
ਪਟਿਆਲਾ ਪੁਲੀਸ ਨੇ ਨਸਿ਼ਆਂ ਦੇ ਨੈਟਵਰਕ ਨੂੰ ਤੋੜਣ ਲਈ ਕੁਝ ਐਨਆਰਆਈਜ਼ ਨੂੰ ਕੇਸਾਂ ਵਿੱਚ ਨਾਮਜ਼ਦ ਕੀਤਾ ਹੈ ਪਰ ਇੱਥੇ ਵਿੱਚ ਕੁਝ ਪਹੁੰਚ ਵਾਲੇ ਵਿਅਕਤੀ ਹਰਾਮਜ਼ਦਗੀਆਂ ਕਰਨ ਲਈ ਹੱਥ ਪੈਰ ਮਾਰ ਰਹੇ ਹਨ।
ਆਰਐਸਐਸ ਨੇ ਪੰਜਾਬ ਵਿੱਚ ਨਸਿ਼ਆਂ ਨੂੰ ਠੱਲ ਪਾਉਣ ਲਈ ਆਪਣਾ ਏਜੰਡਾ ਬਣਾਇਆ ਹੈ । ਜੋ ਕਿ ਚੰਗੀ ਗੱਲ ਵੀ ਹੈ ਪਰ ਇਸ ਆੜ ਵਿੱਚ ਇੱਕ ਲੁਕਵਾ ਏਜੰਡਾ ਵੀ ਹੈ।
ਇਹ ਸਪਸੱ਼ਟ ਹੈ ਕਿ ਪੰਜਾਬ ਨੌਜਵਾਨਾਂ ਦੀ ਬਾਗੀ ਸੋਝ ਅਤੇ ਮਰਦਾਨਾ ਤਾਕਤ ਨੂੰ ਖਤਮ ਕਰਨ ਲਈ ਨਸੇ਼ ਹੀ  ਹਥਿਆਰ ਬਣਾਏ ਜਾ ਸਕਦੇ ਹਨ ਪੰਜਾਬ ਦੇ ਕੁਝ ਸਿਆਸਤਦਾਨਾਂ ਦੇ ਸਹਿਯੋਗ ਨਾਲ ਇਹ ਏਜੰਡਾ ਬਾਖੂਬੀ ਨੇਪਰੇ ਚਾੜਿਆ ਜਾ ਰਿਹਾ ਹੈ। ਅਮਰੀਕਾ , ਇੰਗਲੈਂਡ , ਕੈਨੇਡਾ ਤੋਂ ਬਾਅਦ ਆਸਟਰੇਲੀਆ ਅਤੇ ਨਿਊਜੀਲੈਂਡ ਵਿੱਚ ਨਸਿ਼ਆਂ ਦੀ ਖੇਪਾਂ ਪਹੁੰਚਣਾ ਇਹੀ ਤਾਂ ਦੱਸ ਰਿਹਾ ਹੈ।  ਕਾਮ ਵਰਧਕ ਗੋਲੀ  ‘ਕਾਮਨੀ’  ਬਠਿੰਡੇ ਆਲ੍ਹੇ ਬੱਸ ਅੱਡੇ ਤੇ ਭਾਵੇਂ ਨਾ ਮਿਲੇ ਪਰ ਨਿਊਜੀਲੈਂਡ ਵਿੱਚ ਇਸਦੀ ਹੋਮ ਡਿਲੀਵਰੀ ਹੋ ਰਹੀ ਹੈ ।
ਜੇ ਹੁਣ ਵੀ ਪੰਜਾਬੀ ਨਾ ਸਮਝੇ ਤਾਂ ਫਿਰ ਬੀਤੇ ਦੀ ਗੱਲ ਹੋ ਜਾਣੀ ਕਿ ਪੰਜਾਬ ਵਿੱਚ ਅਣਖੀ ਲੋਕ ਜਨਮ ਲੈਂਦੇ ਰਹੇ ਹਨ।