ਸਿਆਸਤ ਦਾ ਵਰਲਡ ਕੱਪ–(ਸੁਖਨੈਬ ਸਿੰਘ ਸਿੱਧੂ-) -/2011/11/01/
ਅੱਜ ਪੰਜਾਬ ਦਿਵਸ ਹੈ, ਅੱਜ 84 ਦੇ ਸਿੱਖ ਕਤਲੇਆਮ ਦੀ ਵਰੇਗੰਢ ਵੀ ਹੈ, ਸ਼ਾਇਦ ਇਹ ਕੁਝ ਪ੍ਰਤੀਸ਼ਤ ਪੰਜਾਬੀਆਂ ਨੂੰ ਚੇਤੇ ਹੋਵੇ। ਸਿੱਖ ਕਤਲੇਆਮ ਉਹਨਾਂ ਨੂੰ ਨਹੀਂ ਭੁੱਲ ਸਕਦਾ ਜੀਹਦੇ ਪਰਿਵਾਰਕ ਮੈਂਬਰ ਇਸ ਕਰੂਰ ਘਟਨਾਕ੍ਰਮ ਦਾ ਸਿ਼ਕਾਰ ਹੋਵੇ, ਜਿਹਦਾ ਕਾਰੋਬਾਰ ਦਿੱਲੀ ਦੰਗਿਆਂ ਦੀ ਭੇਂਟ ਚੜ੍ਹਿਆ , ਭੁੱਲ ਇਨਸਾਫ ਪਸੰਦ ਲੋਕ ਵੀ ਨਹੀਂ ਸਕਦੇ ਜਿਹੜੇ ਅਦਾਲਤਾਂ ਤੋਂ ਇਨਸਾਫ਼ ਲੈਣ ਲਈ ਲੰਬੀ ਕਾਨੂੰਨੀ ਲੜਾਈ ਲੜ ਰਹੇ ਹਨ ਪਰ ਲੀਰਾਂ ਦੀ ਖਿੱਦੋਂ ਵਿੱਚੋਂ ਹੱਥ ਕੁਝ ਵੀ ਨਹੀਂ ਆਉਂਦਾ ਜਾਪਦਾ । ਪਰ ਕੁਝ ਲੋਕਾਂ ਲਈ ਦਿਨ ਸਿਰਫ ਚਰਚਾ ਵਿੱਚ ਰਹਿਣ ਖਾਤਰ ਵਰਤਿਆ ਇੱਕ ਹੱਥਕੰਡਾ ਹੁੰਦਾ ਹੈ। ਉਹਨਾਂ ਕੋਲ ਬੈਨਰ ਅਤੇ ਪ੍ਰੈਸ ਨੋਟ ਪਹਿਲਾਂ ਹੀ ਬਣੇ ਹੁੰਦੇ ਹਨ।
ਪੰਜਾਬ ਦਿਵਸ ਵੀ ਬਹੁਤਿਆਂ ਦੇ ਚੇਤਿਆਂ ਵਿੱਚੋਂ ਇਮਾਨਦਾਰੀ ਵਾਗੂੰ ਨਿਕਲ ਚੁੱਕਿਆ ਹੈ। ਇਹ ਉਹ ਦਿਨ ਸੀ ਜਦੋਂ ਪੰਜਾਬ , ਪੰਜਾਬੀ ਸੂਬੇ ਤੋਂ ‘ਪੰਜਾਬੀ ਸੂਬੀ’ ਬਣ ਗਿਆ ਸੀ । ਜਦੋਂ ਦੇਸ਼ ਪੰਜਾਬ ਦਾ ਆਕਾਰ ਸਰਕਾਰੀ ਖਜ਼ਾਨੇ ਵਾਗੂੰ ਸੁੰਗੜ ਗਿਆ ਸੀ । ਜਦੋਂ ਇੱਕੋ ਵਿਹੜੇ ਵਿੱਚ ਹਿਮਾਚਲ , ਹਰਿਆਣਾ ਵਰਗੇ ਸਰੀਕ ਜੰਮ ਪਏ ਸਨ ।
ਪਰ ਕੁਝ ਯਾਦ ਹੈ ਤਾਂ ਦੂਜਾ ਪਰਲਜ ਵਰਲਡ ਕਬੱਡੀ ਕੱਪ । ਮੀਡੀਆ , ਖਾਸ ਕਰਕੇ ਅਕਾਲੀ ਸਰਕਾਰ ਦੇ ਸਹਿਯੋਗ ਪ੍ਰਾਪਤ ਚੈਨਲ ਉਪਰ ਦੋ ਹੀ ਖਬਰਾਂ ਆ ਰਹੀਆਂ ਹਨ ਇੱਕ ਹੈ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਇੱਕ ਦੂਜਾ ਕਬੱਡੀ ਕੱਪ । ਬਾਕੀ ਮੀਡੀਆ ਵੀ ਇਹੋ ਕੁਝ ਕਵਰ ਕਰ ਰਿਹਾ ਹੈ। ਕਰਨਾ ਵੀ ਹੈ ਕਿਉਂਕਿ ਇੱਕ ਅਹਿਮ ਈਵੈਂਟ ਹੈ। ਬਠਿੰਡੇ ਦੇ ਬਹੁਤੇ ਮੀਡੀਆ ਨੂੰ ਖੁਸ਼ ਕਰਨ ਲਈ ਉਪ ਮੁੱਖ ਮੰਤਰੀ ਨੇ ਸਾਹਰੁਖ ਖਾਨ ਦੀ ਰਾ ਵਨ ਫਿਲਮ ਨਾਲ ਬੈਠ ਕੇ ਦਿਖਾਈ ਹੈ।
ਪਹਿਲੇ ਵਿਸ਼ਵ ਕਬੱਡੀ ਕੱਪ ਦੀ ਸ਼ਾਨਦਾਰ ਕਾਮਯਾਬੀ ਤੋਂ ਬਾਅਦ ਦੂਜਾ ਵਿਸ਼ਵ ਕੱਪ ਹੋਰ ਵੀ ਸੱਜਧੱਜ ਨਾਲ ਅੱਜ ਬਠਿੰਡੇ ਦੇ ਨਵੇ ਤਿਆਰ ਕੀਤੇ ਸਟੇਡੀਅਮ ਤੋਂ ਸ਼ੁਰੂ ਹੋ ਰਿਹਾ ਹੈ। ਆਰਥਿਕ ਤੰਗੀ ਨਾਲ ਘੁੱਲ੍ਹਦੀ ਸੂਬਾ ਸਰਕਾਰ ਨੇ ਦਿਲ ਖੋਲ੍ਹ ਕੇ ਖਰਚ ਕੀਤਾ ਹੈ ਬੇਸੱ਼ਕ ਬਹੁਤਾ ਖਰਚ ਕਾਰਪੋਰੇਟ ਅਦਾਰਿਆਂ ਵੱਲੋਂ ਸਪਾਂਸਰ ਕੀਤਾ ਜਾਣਾ ਹੈ।
ਡਿਪਟੀ ਮੁੱਖ ਮੰਤਰੀ ਨੇ ਇੱਕ ਤੀਰ ਨਾਲ ਕਈ ਨਿਸ਼ਾਨੇ ਕਰਨ ਲਈ ਆਪਣੇ ਚਚੇਰੇ ਭਰਾ ਮਨਪ੍ਰੀਤ ਸਿੰਘ ਬਾਦਲ ਦੇ ਜੱਦੀ ਹਲਕੇ ਗਿੱਦੜਬਹਾ ਦੇ ਪਿੰਡ ਦੋਦਾ ਵਿੱਚ ਇੱਕ ਨਵਾਂ ਸਟੇਡੀਅਮ ਉਸਾਰ ਕੇ ਇੱਕ ਮੈਚ ਉੱਥੋਂ ਕਰਵਾਉਣਾ ਹੈ। ਆਪਣੇ ਆਪ ਨੂੰ ਅੰਤਰਰਾਸ਼ਟਰੀ ਪੱਧਰ ਤੇ ਸਥਾਪਤ ਕਰਨ ਲਈ ਉਪ ਮੁੱਖ ਮੰਤਰੀ ਨੇ ਜਿਹੜੇ ਦੇਸ਼ਾਂ ਦੀ ਟੀਮਾਂ ਭਾਗ ਲੈ ਰਹੀਆਂ ਉਥੋਂ ਦੇ ਰਾਜਨੀਤਕ ਆਗੂਆਂ, ਮੁੱਖ ਮੰਤਰੀ ਅਤੇ ਖੇਡ ਮੰਤਰੀਆਂ ਨੂੰ ਵਿਸੇ਼ਸ਼ ਸੱਦੇ ਭੇਜੇ ਹਨ। ਨੇੜੇ ਆਉਂਦੀਆਂ ਵੋਟਾਂ ਅਤੇ ਸਰਕਾਰੀ ਪੈਸੇ ਤੇ ਪਬਲੀਸਿਟੀ ਸਟੰਟ ਕਰਨ ਲਈ ਸਾਹਰੁਖ ਖਾਨ ਵਰਗੇ ਮਹਿੰਗੇ ਅਦਾਕਾਰ ਬੁਲਾਏ ਜਾ ਰਹੇ ਹਨ । ਪਰ ਕੀ ਸਾਹਰੁਖ ਖਾਨ ਨੂੰ ਕਰੋੜਾਂ ਰੁਪਏ ਦਿੱਤੇ ਬਿਨਾ ਇਹ ਕਬੱਡੀ ਨਹੀਂ ਹੋ ਸਕਦਾ ਸੀ ।
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਬਾਰੇ ਕਹਿੰਦੇ ਹਨ ਕਿ ਸੁਖਬੀਰ ਬਾਦਲ ਇਸ ਲਈ ਕਰੋੜਾਂ ਰੁਪਏ ਖਰਾਬ ਕਰਕੇ ਲੋਕਾਂ ਦਾ ਧਿਆਨ ਆਮ ਮਾਮਲਿਆਂ ਤੋਂ ਹਟਾਉਣਾ ਚਾਹੁੰਦੇ ਹਨ ਅਤੇ ਸਿਰਫ ਆਪਣੀ ਬੱਲੇ ਬੱਲੇ ਸਰਕਾਰੀ ਖਜ਼ਾਨਾ ਲੁਟਾ ਰਹੇ ਹਨ ।
ਸਿਡਨੀ , ਆਸਟਰੇਲੀਆ ਤੋਂ ਜਤਿੰਦਰ ਸਿੰਘ ਬਰਿਆਰ ਦੀ ਸੋਚ ਹੈ ਕਿ ਜਿਹੜਾ ਪੈਸਾ ਸਾਹਰੁਖ ਖਾਨ ਨੂੰ ਦਿੱਤਾ ਜਾ ਰਿਹਾ ਹੈ ਉਸ ਨਾਲ ਪੰਜਾਬ ਦੇ ਉਲੰਪੀਅਨ ਖਿਡਾਰੀਆਂ ਦਾ ਸਨਮਾਨ ਕਰਦੇ ਅਤੇ ਕੁਝ ਪੈਸਾ ਪਿੰਡਾਂ ਦੇ ਵਧੀਆ ਖਿਡਾਰੀਆਂ ਦੀ ਖੇਡ ਨੂੰ ਵਧੀਆਂ ਬਣਾਉਣ ਲਈ ਲਾਉਂਦੇ ।
ਅਮਰੀਕਾ ਤੋਂ ਪਰਮਜੀਤ ਸਿੰਘ ਸਿੱਧੂ ਕਬੱਡੀ ਕੱਪ ਸਬੰਧੀ ਕਹਿੰਦੇ ਹਨ ਕਿ ਇਹ ਪੰਜਾਬ ਦਾ ਪੈਸਾ ਖਰਾਬ ਕਰਨ ਲੱਗੇ ਹਨ ਕਿਸੇ ਚੰਗੇ ਕੰਮ ਲਈ ਇਹਨਾਂ ਕੋਲ ਕੁਝ ਨਹੀਂ , ਕੈਂਸਰ ਦੇ ਮਰੀਜ਼ ਇਲਾਜ਼ ਤੋਂ ਬਿਨਾ ਮਰਦੇ ਹਨ ਉਹਨਾਂ ਲਈ ਇਹਨਾ ਕੋਲ ਪੈਸਾ ਨਹੀਂ ।
ਪਰ ਜੇ ਸੋਚਿਆ ਜਾਵੇ ਕਾਂਗਰਸੀ ਆਗੂ ਵੀ ਅੱਜ ‘ਪੰਜਾਬ ਬਚਾਓ ਮੁਹਿੰਮ’ ਤਲਵੰਡੀ ਸਾਬੋ ਤੋਂ ਸੁਰੂ ਕਰ ਰਹੇ ਹਨ ਪਰ ਕੀ ਉਹਨਾਂ ਨੂੰ ਪੰਜਾਬ ਦਿਵਸ ਯਾਦ ਨਹੀਂ , ਕੈਪਟਨ ਅਮਰਿੰਦਰ ਸਿੰਘ ਸਮੇਤ ਬਾਕੀ ਕਾਂਗਰਸੀਆਂ ਦੀ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਬਾਰੇ ਗੱਲ ਕਰਨੀ ਤਾਂ ਪੈਰ ਤੇ ਕੁਹਾੜਾ ਮਾਰਨ ਦੇ ਬਰਾਬਰ ਹੈ ਹੀ , ਇਸ ਲਈ ਸੰਭਵ ਹੈ ਕਿ ਅੱਜ ਸਿਰਫ ਤੇ ਸਿਰਫ ਕਬੱਡੀ ਕੱਪ ਅਤੇ ਸੁਖਬੀਰ ਬਾਦਲ ਹੀ ਚਰਚਾ ਵਿਸ਼ਾ ਰਹਿਣ , ਚਰਚਾ ਭਾਵੇ ਆਲੋਚਨਾ ਰਾਹੀਂ ਹੋਵੇ ਤੇ ਭਾਵੇ ਚਾਪਲੂਸ ਮੀਡੀਆ ਵੱਲੋਂ ਸਿਫਤਾਂ ਦੇ ਪੁੱਲ ਬੰਨ ਕੇ ਹੋਵੇ , ਪਰ ਬਠਿੰਡੇ ਵਾਲੇ ਖੁਸ਼ ਹਨ ਕਿ ਸਾਹਰੁਖ ਖਾਨ ਸਾਡੇ ਸ਼ਹਿਰ ਵਿੱਚ ਆ ਰਿਹਾ ਹੈ। ਪ੍ਰੂਰਾ ਮਾਲਵਾ ਕਬੱਡੀ ਵਿੱਚ ਹੁੰਦੇ ਸਾਨਾਂ ਦੇ ਭੇੜ ਦੇਖਣ ਲਈ ਤਿਆਰ ਹੈ ਕਿਉਂਕਿ ਫਿਰ ਸਿਆਸੀ ਮੈਚ ਦੀ ਤਿਕੋਣੀ ਟੱਕਰ ਵੀ ਮਾਲਵੇ ਦੀ ਚੋਣ ਮੈਦਾਨ ਵਿੱਚ ਹੋਣੀ ਹੈ ਜਿਸਨੇ ਸੂਬੇ ਦਾ ਭਵਿੱਖ ਬਣਾਉਣਾ ਹੈ।
ਰਾਤ ਦਸ ਵਜੇ ਦੇ ਕਰੀਬ ਸ਼ਹਿਰ ਦੀਆਂ ਸੜਕਾਂ ਦੇ ਬਣੇ ਡਿਵਾਈਡਰਾਂ ਨੂੰ ਰੰਗ ਕੀਤਾ ਜਾ ਰਿਹਾ ਸੀ, ਪ੍ਰੀਮਿਕਸ ਦੇ ਭਰੇ ਟਰੱਕ ਟੁੱਟੀਆਂ ਹੋਈਆਂ ਸੜਕਾਂ ਦੀ ਮੁਰੰਮਤ ਲਈ ਜਾ ਰਹੇ ਸਨ। ਤਾਂ ਮੇਰੇ ਨਾਲ ਆਉਂਦੇ ਇੱਕ ਮਿੱਤਰ ਨੇ ਕਿਹਾ ਜੇ ਇੱਕ ਮੈਚ ਸਾਡੇ ਪਿੰਡਾਂ ਵੱਲ ਹੋ ਜਾਵੇ ਹੋ ਸਕਦਾ ਮੌੜ ਮੰਡੀ ਤੋਂ ਰਾਮਪੁਰਾ ਨੂੰ ਆਉਣ ਵਾਲੀ ਸੜਕ ਦੀ ਕਿਸਮਤ ਵੀ ਬਦਲ ਜਾਵੇ ਜਿਹੜੀ ਦੋ ਅਕਾਲੀ ਵਿਧਾਇਕਾਂ ਦੀ ਖਿੱਚੋਤਾਣ ਕਰਕੇ ਹਾਲੇ ਤੱਕ ਨਹੀਂ ਬਣ ਸਕੀ ।