Sunday, July 18, 2010

ਸੁੱਚੀ ਸੋਚ ਜਾਂ ਸਿਆਸੀ ਸੋ਼ਸ਼ਾ : ਸੁਖਬੀਰ ਬਾਦਲ ਵੱਲੋਂ ਬਠਿੰਡਾ ਦੇ ਦਫ਼ਤਰਾਂ ਦਾ ਅਚਨਚੇਤ ਦੌਰਾ




ਸੁਖਨੈਬ ਸਿੰਘ ਸਿੱਧੂ
ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਪਤਨੀ ਬੀਬੀ ਹਰਸਿਮਰਤ ਕੌਰ ਬਾਦਲ 17 ਜੁਲਾਈ ਨੂੰ ਰਾਤ ਨੂੰ 8 ਵਜੇ ਦੇ ਕਰੀਬ ਆਪਣੀ ਨਿੱਜੀ ਗੱਡੀ ਵਿੱਚ ਸਵਾਰ ਹੋ ਕੇ ਬਠਿੰਡੇ ਸ਼ਹਿਰ ਦੇ ਦਫ਼ਤਰਾਂ ਦਾ ਨਿਰੀਖਣ ਕਰਨ ਪਹੁੰਚੇ ।
ਇੱਥੋਂ ਦੇ ਸਿਵਲ ਹਸਪਤਾਲ ਵਿੱਚ ਛਾਪਾ ਮਾਰ ਕੇ ਉੱਥੋਂ ਦੀ ਕਾਰਜ ਸੈ਼ਲੀ ਦਾ ਜਾਇਜ਼ਾ ਲਿਆ ਅਤੇ ਐਂਮਰਜੈਂਸੀ ਸਰਜੀਕਲ ਵਾਰਡ ਵਿੱਚ ਭਰਤੀ ਮਰੀਜ਼ਾਂ ਨੂੰ ਹਾਲ-ਚਾਲ ਪੁੱਛਿਆ । ਮਰੀਜਾਂ ਤੋਂ ਹਸਪਤਾਲ ਦੀਆਂ ਤਰੁੱਟੀਆਂ ਬਾਰੇ ਜਾਣ ਕੇ ‘ਯੂਨੀਅਰ ਬਾਦਲ ਜੋੜੀ’ ਨੇ ਜਿੰਮੇਵਾਰ ਅਧਿਕਾਰੀਆਂ ਤੋਂ ਇੱਕ ਹਫ਼ਤੇ ਵਿੱਚ ਰਿਪੋਰਟ ਮੰਗੀ ਹੈ।
ਫਿਰ ਸਥਾਨਕ ਸਿਵਲ ਲਾਈਨ ਥਾਣੇ ਜਾ ਕੇ ਰੋਜ਼ਨਾਮਚੇ ਚੈੱਕ ਕੀਤੇ ਅਤੇ ਪੀ ਸੀ ਆਰ ਦੀ ਫੁ਼ਰਤੀ ਦੇਖਣ ਲਈ ਟਾਈਮ ਨੋਟ ਕਰਕੇ ਵਾਇਰਲੈੱਸ ਤੇ ਸੁਨੇਹਾ ਭੇਜਿਆ । ਮੁਲਤਾਨੀਆਂ ਰੋਡ ਤੇ ਬਿਜਲੀ ਨਿਗਮ ਦੇ ਸਿ਼ਕਾਇਤ ਕੇਂਦਰ ਤੇ ਕਰਮਚਾਰੀਆਂ ਦੀ ਸਿ਼ਕਾਇਤਾਂ ਦੇ ਨਿਪਟਾਰੇ ਬਾਰੇ ਕਾਰਜ਼ ਸੈ਼ਲੀ ਨੂੰ ਵਾਚਿਆ ।
ਪਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਦੇ ਮਾਮੇ ਕਾਕਾ ਇੰਦਰਜੀਤ ਸਿੰਘ ਦੇ ਪਰਿਵਾਰ ਉਪਰ ਵੱਡੀਆਂ ਫੈਕਟਰੀਆਂ , ਸ਼ੈਲਰਾਂ , ਮਾਰਬਲ ਮਾਰਕੀਟ ਦੇ ਟਰੱਕਾਂ ਉਪਰ ਲਾਗੂ ਕੀਤੀ ਜ਼ਬਰੀ ਧੱਕਾ ਪਰਚੀ ਦੀਆਂ ਖਬ਼ਰਾਂ ਨੇ ਬਾਦਲ ਪਰਿਵਾਰ ਲਈ ਨਮੋਸ਼ੀ ਦਾ ਸਬੱਬ ਬਣਾ ਦਿੱਤਾ ਹੈ। ਟਰੱਕ ਯੂਨੀਅਨ ਭੁੱਚੋ ਮੰਡੀ ਅਤੇ ਗੋਨਿਆਣਾ ਮੰਡੀ ਨੂੰ ਲੱਖਾਂ ਰੁਪਏ ਵਿੱਚ ਠੇਕੇ ਤੇ ਦੇਣ ਦੋਸ਼ ਉਸਦੇ ਨਾਨਕੇ ਪਰਿਵਾਰ ਨਾਂਮ ਨਾਲ ਜੁੜ ਕੇ ਸੁਰਖੀਆਂ ਬਣ ਰਹੇ ਹਨ ।
ਨਾਲ ਹੀ ਸ਼ਰੋਮਣੀ ਅਕਾਲੀ ਦਲ ਗੋਨਿਆਣਾ ਮੰਡੀ ਦੇ ਮੀਡੀਆ ਇੰਚਾਰਜ ਸਵਰਨ ਸਿੰਘ ਅਕਲੀਆ ਖਿਲਾਫ਼ ਹਜ਼ਾਰਾਂ ਰੁਪਏ ਦੀ ਠੱਗੀ ਦੇ ਮਾਰਨ ਦੇ ਦੋਸ਼ ਲੱਗੇ ਹਨ। ਪੀੜਤ ਧਿਰ ਨੇ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਸਿ਼ਕਾਇਤ ਕੀਤੀ ਹੈ। ਬੀਬੀ ਬਾਦਲ ਵੱਲੋਂ ਬਠਿੰਡਾ ਦੇ ਐਸ ਐਸ ਪੀ ਇਸ ਮਾਮਲੇ ਦੀ ਜਾਂਚ ਕਰਨ ਲਈ ਕਿਹਾ ਗਿਆ ਹੈ ।
ਹੁਣ ਸਵਾਲ ਇਹ ਉਠਦਾ ਹੈ ਕਿ ਇੱਕ ਪਾਸੇ ਸੁਖਬੀਰ ਬਾਦਲ ਭ੍ਰਿਸ਼ਟਾਚਾਰ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਬਿਆਨਬਾਜ਼ੀ ਕਰ ਰਹੇ ਦੂਜੇ ਪਾਸੇ ਉਹਨਾਂ ਦੇ ਨੇੜਲੇ ਵਿਅਕਤੀਆਂ ਤੇ ਅਜਿਹੇ ਸੰਗੀਨ ਦੋਸ਼ ਲੱਗ ਰਹੇ ਹਨ । ਕੀ ਉਹ ਨਿਰਪੱਖ ਚਲਦੇ ਹੋਏ ਕੋਈ ਯੋਗ ਕਦਮ ਉਠਾਂਉਣਗੇ ਜਾਂ ‘ਆਪਣੇ ਬੰਦੇ’ ਕਹਿ ਕੇ ਮਾਮਲਾ ਠੱਪ ਦੇਣਗੇ ?
ਸੁਖਬੀਰ ਵਿਰੋਧੀ ਕੁਝ ਵਿਅਕਤੀ ਵੀ ਇਹ ਮੰਨਦੇ ਹਨ ਕਿ ਡਿਪਟੀ ਮੁੱਖ ਮੰਤਰੀ ਦੇ ਦਿਮਾਗ ਵਿੱਚ ਕੁਝ ਸੁਧਾਰ ਕਰਨ ਦੀ ਇੱਛਾ ਹੈ ਪਰ ਉਸਦੇ ਆਲੇ –ਦੁਆਲੇ ਕੱਠੇ ਹੋਏ ਪਾਰਟੀ ਵਰਕਰਾਂ ਦੀਆਂ ਜਾਇਜ਼ ਅਤੇ ਨਜ਼ਾਇਜ ਮੰਗਾਂ ਕਾਰਨ ਅਕਸਰ ਇਹ ਇੱਛਾ ਦੱਬੀ ਰਹਿ ਜਾਂਦੀ ਹੈ।
ਡਿਪਟੀ ਮੁੱਖ ਮੰਤਰੀ ਇਹ ਫੇਰੀ ਨੇ ਇੱਕ ਵਾਰ ਅਧਿਕਾਰੀਆਂ ਨੂੰ ਕਾਂਬਾ ਜਰੂਰ ਛੇੜ ਦਿੱਤਾ ਪਰ ਕੁਝ ਥਾਵਾਂ ਇਹ ਨਿਰਾ ਸਿਆਸੀ ਸ਼ੋਸ਼ਾ ਹੋਣ ਦੀ ਚਰਚਾ ਹੈ ਕਿਉਂਕਿ ਹੁਣ ਵੋਟਾਂ ਨੇੜੇ ਹਨ ਇਸ ਲਈ ਲੋਕਾਂ ਦਾ ਧਿਆਨ ਹੋਰ ਪਾਸੇ ਕੇਂਦਰਿਤ ਕਰਨ ਲਈ ਇਹ ਦਾਅ-ਪੇਚ ਵਰਤੇ ਜਾ ਰਹੇ ਹਨ।
ਪਰ ਜੇਕਰ ਸੁਖਬੀਰ ਬਾਦਲ ਆਪਣੀ ਕਾਰਜ਼ਸ਼ੈਲੀ ਨੂੰ ਅਮਲੀ ਜਾਮਾ ਪਹਿਨਾਉਂਦੇ ਹੋਏ ਸੁੱਚੀ ਸੋਚ ਨਾਲ ਕੰਮ ਕਰਨ ਤਾਂ ਪੰਜਾਬ ਦੀ ਦਿਸ਼ਾ ਅਤੇ ਦਸ਼ਾ ਸੁਧਰ ਸਕਦੀ ਹੈ।