Sunday, January 31, 2010

ਕੀ ਸਹੀ ਅਰਥਾਂ ਵਿੱਚ ਹੋ ਸਕੇਗਾ ਵਿਸ਼ਵ ਕਬੱਡੀ ਕੱਪ ?

ਸੁਖਨੈਬ ਸਿੰਘ ਸਿੱਧੂ

ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਕਬੱਡੀ ਦੀ ਪ੍ਰਸਿੱਧੀ ਬਹੁਤ ਤੇਜੀ ਨਾਲ ਸਿਖਰਾਂ ਤਾਂ ਛੂੰਹ ਰਹੀ ਹੈ ਪਰ ਹੁਣ ਇਸ ਵਿਚ ਨਿਘਾਰ ਵੀ ਆਉਣ ਲੱਗਾ ਹੈ। ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਮੌਜੂਦਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਬੀਤੇ ਸਾਲ ਕਬੱਡੀ ਵਰਲਡ ਕੱਪ ਕਰਵਾਉਣ ਦੇ ਵਾਅਦੇ ਤੇ ਬਿਆਨਬਾਜ਼ੀ ਕੀਤੀ ਸੀ । ਇਸ ਨਾਲ ਖੇਡ ਪ੍ਰਮੋਟਰਾਂ ਅਤੇ ਖੇਡ ਪ੍ਰੇਮੀ ਨੂੰ ਕਬੱਡੀ ਦਾ ਮੂੰਹ ਮੱਥਾ ਸੰਵਰਨ ਦੀ ਥੋੜੀ ਜਿਹੀ ਆਸ ਨਜ਼ਰ ਆਈ ਸੀ । ਸੋਚਣ ਵਾਲੀ ਗੱਲ ਇਹ ਹੈ ਕਿ ਕੀ ਪੰਜਾਬ ਸਰਕਾਰ ਕਬੱਡੀ ਦਾ ਵਿਸ਼ਵ ਕੱਪ ਕਰਵਾ ਸਕੇਗੀ । ਜਾਂ ਫਿਰ ਬਾਕੀ ਕਲੱਬਾਂ ਵਾਲਿਆਂ ਵੱਲੋਂ ਥਾਂ ਥਾਂ ਕਰਵਾਏ ਜਾਂਦੇ ਖੇਡ ਮੇਲਿਆਂ ਨੂੰ ਜਿਵੇਂ ਵਰਲਡ ਕਬੱਡੀ ਕਹਿ ਕੇ ਪ੍ਰਚਾਰਿਆ ਜਾਂਦਾ ਹੈ ਉਸੇ ਤਰ੍ਹਾਂ ਦਾ ਕਬੱਡੀ ਟੂਰਨਾਮੈਂਟ ਕਰਵਾ ਕੇ ਬੁੱਤਾ ਸਾਰ ਲਿਆ ਜਾਵੇਗਾ ।
ਖੇਡ ਖਬਰਾਂ ਤੋਂ ਪਾਸੇ ਰਹਿਣ ਵਾਲੇ ਪਾਠਕਾਂ ਦੀ ਜਾਣਕਾਰੀ ਲਈ ਦੱਸ ਦੇਈਏ ਕਿ ਕਬੱਡੀ ਦੀ ਪਛਾਣ ਹੁਣ ਦੁਨੀਆਂ ਦੇ ਬਹੁਤ ਮੁਲਕਾਂ ਵਿਚ ਬਣ ਗਈ ਹੈ। ਰੋਜ਼ੀ ਰੋਟੀ ਖਾਤਰ ਪੰਜਾਬੀ ਜਿੱਥੇ ਵੀ ਗਏ ਘਰੇਲੂ ਫਿਕਰਾਂ ਵਾਂਗ ਕਬੱਡੀ ਉਨ੍ਹਾਂ ਦੇ ਨਾਲ ਨਾਲ ਹੀ ਰਹੀ ਹੈ। ਹੁਣ ਐੱਨ. ਆਰ. ਆਈ. ਵੀਰਾਂ ਦੇ ਸਿਰ ਤੇ ਵਿਦੇਸ਼ਾਂ ਅਤੇ ਦੇਸ਼ ਵਿਚ ਲੱਖਾਂ ਰੁਪਏ ਖਰਚ ਕੇ ਵੱਡੇ ਵੱਡੇ ਕਬੱਡੀ ਟੂਰਨਾਮੈਂਟ ਹੋ ਰਹੇ ਹਨ । ਕਬੱਡੀ ਅਕੈਡਮੀ ਵਿੱਚ ਖੇਡਦੇ ਖਿਡਾਰੀ ਵੀ ਹੁਣ ਲੱਖਾਂ ਰੁਪਏ ਕਮਾਉਣ ਦੇ ਸਮਰੱਥ ਹੋ ਗਏ ਹਨ । ਦੇਸ਼ੀ ਅਤੇ ਵਿਦੇਸ਼ੀ (ਪ੍ਰਵਾਸੀਆਂ ) ਪੰਜਾਬੀਆਂ ਵੱਲੋਂ ਨਵੰਬਰ ਤੋਂ ਲੈ ਕੇ ਮਾਰਚ ਅਖੀਰ ਤੱਕ ਸੈਂਕੜੇ ਖੇਡ ਮੇਲੇ ਪੰਜਾਬ ਦੀ ਧਰਤੀ ਤੇ ਕਰਵਾਏ ਜਾਂਦੇ ਹਨ । ਇਨ੍ਹਾਂ ਵਿਚੋਂ ਹਰ ਚੌਥੇ ਪੰਜਵੇ ਖੇਡ ਮੇਲੇ ਨੂੰ ‘ਕਬੱਡੀ ਦਾ ਵਿਸ਼ਵ ਕੱਪ’ ਕਹਿ ਕੇ ਪ੍ਰਚਾਰਿਆ ਜਾਂਦਾ ਹੈ । ਅਸਲ ਵਿਚ ਕਬੱਡੀ ਵਿਸ਼ਵ ਕੱਪ ਵਾਲੀ ਗੱਲ ਦੇਖਣ ਵਿਚ ਨਹੀਂ ਆਉਂਦੀ । ਕੁਝ ਖੇਡ ਮੇਲਿਆਂ ਵਿਚ ਪਾਕਿਸਤਾਨੀ ਕਬੱਡੀ ਟੀਮ ਦੀ ਸਮੂਲੀਅਤ ਹੁੰਦੀ ਬਾਕੀ ਮੇਲਿਆਂ ਵਿਚ ਕਬੱਡੀ ਖਿਡਾਰੀ ਪੰਜਾਬ ਦੇ ਜੰਮਪਲ ਹੁੰਦੇ ਹਨ ਜਾਂ ਫਿਰ ਕਬੱਡੀ ਦੇ ਸਿਰ ਤੇ ਐਨ. ਆਰ. ਆਈ. ਬਣੇ ਸਾਡੇ ਪੰਜਾਬੀ ਭਰਾ । ਫਿਰ ਕਬੱਡੀ ਦਾ ਵਿਸ਼ਵ ਕੱਪ ਕਿੱਥੋਂ ਆ ਗਿਆ ? ਦੁਨੀਆਂ ਵਿਚ ਵਸਦੇ ਪੰਜਾਬੀਆਂ ਨੇ ਆਪੋ ਆਪਣੇ ਸ਼ਹਿਰਾਂ ਦੇ ਨਾਂਮ ਨਾਲ ਆਪਣੇ ਖੇਡ ਕਲੱਬਾਂ ਦੇ ਨਾਂਮ ਰੱਖ ਲਏ ਹਨ ਖੇਡ ਮੇਲੇ ਵਿੱਚ ਹੁੰਦੇ ਮੁਕਾਬਲਿਆਂ ਮੌਕੇ ਕੁਮੈਟਰੀ ਹੋ ਰਹੀ ਹੁੰਦੀ ਹੈ , “ਇਹ ਮੈਚ ਹੋ ਰਿਹਾ ਇੰਗਲੈਂਡ ਤੇ ਅਮਰੀਕਾ ਵਿਚਾਲੇ ’’ ਜਦੋਂ ਗੌਰ ਨਾਲ ਵੇਖੋ ਤਾਂ ਪਤਾ ਚਲਦਾ ਇਨ੍ਹਾਂ ਵਿਚ ਇੱਕ ਟੀਮ ਅਮਰੀਕਾ ਦੇ ਪ੍ਰਵਾਸੀ ਪੰਜਾਬੀਆਂ ਦੁਆਰਾ ਬਣਾਈ ਕਲੱਬ ਵੱਲੋਂ ਖਰੀਦੀ (ਸਪਾਂਸਰ) ਹੈ ਅਤੇ ਦੂਜੀ ਨੂੰ ਇੰਗਲੈਂਡ ਦੇ ਪੰਜਾਬੀਆਂ ਨੇ ਸਪਾਂਸਰ ਕੀਤਾ ਹੈ । ਖਿਡਾਰੀ ਤਕਰੀਬਨ ਪੰਜਾਬੀ ਹੁੰਦੇ ਹਨ ਉਹੀ ਗੱਲ ਅਖੇ ‘ਸ਼ਰਾਬ ਪੁਰਾਣੀ ਲੇਬਲ ਨਵਾ’ । ਇਸ ਤਰ੍ਹਾਂ ਬਾਕੀ ਦੇਸ਼ਾਂ ਵਿਚ ਵਸਦੇ ਸਾਡੇ ਪ੍ਰਵਾਸੀ ਵੀਰ ਆਪਣੇ ਦੇਸ਼ਾਂ ਦੇ ਨਾਵਾਂ ਦੇ ਖੇਡ ਕਲੱਬ , ਐਸੋਸੀਏਸਨ ਜਾਂ ਫੈਡਰੇਸ਼ਨ ਬਣਾ ਕੇ ਟੂਰਨਾਮੈਂਟ ਕਰਵਾਉਂਦੇ ਹਨ ਪਰੰਤੂ ਇਨ੍ਹਾਂ ਵਿਚ ਖੇਡਣ ਵਾਲੇ ਖਿਡਾਰੀ ਦੇਸ਼ੀ ਹੀ ਹੁੰਦੇ ਹਨ ।
ਬੇਸ਼ੱਕ ਪ੍ਰਵਾਸੀਆਂ ਨੇ ਕੁਝ ਵਿਦੇਸ਼ੀ ਮੂਲ ਦੇ ਖਿਡਾਰੀਆਂ ਨੂੰ ਕਬੱਡੀ ਵੱਲ ਰੁਚਿਤ ਕੀਤਾ ਹੈ ਗੋਰੇ ਵੀ ਕਬੱਡੀ ਮੈਦਾਨਾਂ ਵਿਚ ਰੁਚਿਤ ਵੀ ਹੋਏ । ਪ੍ਰਸਿੱਧ ਕਬੱਡੀ ਪ੍ਰਮੋਟਰ ਬਾਬਾ ਜੋਹਨ ਗਿੱਲ ਦੇ ਯਤਨਾਂ ਸਦਕਾ ਵਿਦੇਸ਼ੀ ਗੋਰੀਆਂ ਵੀ ਖੇਡ ਮੈਦਾਨਾਂ ਵਿਚ ਪੰਜਾਬਣਾਂ ਨੂੰ ਜੱਫੇ ਲਾਉਣ ਲੱਗੀਆਂ ਹਨ ਪ੍ਰੰਤੂ ਹਾਲੇ ਉਨ੍ਹਾਂ ਨੂੰ ਸਾਡੇ ਵਾਲੀ ਦੇਸ਼ੀ ਤਕਨੀਕ ਨਹੀਂ ਆਈ । ਪੰਜਾਬ ਦੇ ਪਿੰਡ -ਪਿੰਡ ਹੁੰਦੇ ਖੇਡ ਮੇਲਿਆਂ ਤੋਂ ਦਰਸ਼ਕਾਂ ਦਾ ਮੋਹ ਭੰਗ ਹੁੰਦਾ ਜਾ ਰਿਹਾ । ਖਾੜਕੂਵਾਦ ਦੇ ਖਾਤਮੇ ਮਗਰੋਂ ਦਰਸ਼ਕ ਖੇਡ ਮੈਦਾਨਾਂ ਵਿਚ ਵਹੀਰਾਂ ਘੱਟ ਕੇ ਜਾਂਦੇ ਸਨ । ਹੁਣ ਇਹ ਗਿਣਤੀ ਦਿਨੋਂ ਦਿਨ ਘੱਟਦੀ ਜਾ ਰਹੀ ਹੈ। ਪਹਿਲਾਂ ਖੇਡ ਮੇਲਿਆਂ ਵਿੱਚ ਹਜ਼ਾਰਾਂ ਦੀ ਗਿਣਤੀ ਦਰਸਕ ਪਹੁੰਚਦੇ ਸਨ ਹੁਣ ਗਿਣਤੀ ਸੈਂਕੜਿਆਂ ਵਿੱਚ ਹੋ ਰਹੀ ਹੈ । ਸਾਲ 2008 ਵਿੱਚ ਮਹਾਰਾਜਾ ਰਣਜੀਤ ਸਿੰਘ ਕਬੱਡੀ ਕੱਪ ਫਿਲੌਰ ਵਿੱਚ ਗਿਣਤੀ ਦੇ ਦਰਸ਼ਕ ਸਨ ਬਾਕੀ ਸਥਾਨਕ ਪੁਲੀਸ ਅਕੈਡਮੀ ਦੇ ਸਿੱਖਿਆਰਥੀਆਂ ਦਾ ਇਕੱਠ ਸੀ । ਕੁਝ ਮੇਲਿਆਂ ਨੂੰ ਛੱਡ ਬਾਕੀਆਂ ਦਾ ਇਹੀ ਹਾਲ ਹੁੰਦਾ ਜਾ ਰਿਹਾ ਹੈ । ਪ੍ਰਬੰਧਕ ਖੇਡ ਮੇਲਿਆਂ ਵਿਚ ਖਿੱਚ ਪੈਦਾ ਕਰਨ ਲਈ ਮਹਿੰਗੇ ਗਾਇਕਾਂ ਦਾ ਸਹਾਰਾ ਲੈ ਰਹੇ ਹਨ ਪਰ ਘਰ ਘਰ ਚਲਦੇ ਕੇਬਲ ਟੀ ਵੀ ਨੇ ਦਰਸ਼ਕਾਂ ਵਿਚ ਗਾਇਕਾਂ ਦੀ ਦੇਖਣ /ਸੁਣਨ ਦੀ ਰੁਚੀ ਨੂੰ ਕੁਝ ਹੱਦ ਤੱਕ ਘੱਟ ਕਰ ਦਿੱਤਾ ਹੈ । ਇੱਕ ਦੋ ਗਾਇਕਾਂ ਨੂੰ ਛੱਡ ਬਾਕੀਆਂ ਵੱਲ ਦਰਸ਼ਕ ਬਹੁਤਾ ਧਿਆਨ ਨਹੀਂ ਦਿੰਦੇ। ਕਈ ਖੇਡ ਮੇਲਿਆਂ ਵਿਚ ਸਿਆਸਤ ਭਾਰੂ ਹੋ ਰਹੀ ਆਮ ਦਰਸਕ ਵੀ ਇਸਤੋਂ ਉਕਤਾ ਰਿਹਾ ਹੈ । ਪ੍ਰਬੰਧਕਾਂ ਵੱਲੋਂ ਨਾਮਵਰ ਕਬੱਡੀ ਅਕੈਡਮੀ ਬੁਲਾ ਕੇ ਲੱਖਾਂ ਰੁਪਏ ਦੇ ਇਨਾਮ ਦਿੱਤੇ ਜਾਂਦੇ ਹਨ । ਪ੍ਰੰਤੂ ਹਰੇਕ ਖੇਡ ਮੇਲੇ ਉਪਰ ਉਹੀਂ 8-10 ਅਕੈਡਮੀਆਂ ਦੇ ਖਿਡਾਰੀ ਦਰਸ਼ਕਾਂ ਦਾ ਮੋਹ ਭੰਗ ਕਰਦੇ ਹਨ । ਪੰਜਾਬ ਦੇ ਚੋਟੀ ਖੇਡ ਮੇਲਿਆਂ ਦੇ ਇੱਕ ਸ਼ੌਕੀਨ ਦਾ ਕਹਿਣਾ ਸੀ , ਹਰ ਥਾਂ ਉਹ ਅੱਠ -ਦਸ ਟੀਮਾਂ , ਉਹੀ ਖਿਡਾਰੀ,ਉਹੀ ਕੁਮੈਂਟਰੀ ਬੱਸ ਫਰਕ ਪ੍ਰਬੰਧਕਾਂ ਅਤੇ ਥਾਵਾਂ ਦਾ ਹੁੰਦਾ ਬਾਕੀ ਸਭ ਉਹੀ ਹੈ।
ਇਹ ਗੱਲ ਦਰੁਸਤ ਵੀ ਹੈ ਕਿ ਦਰਸ਼ਕ ਕੁਝ ਨਵਾਂ ਚਾਹੁੰਦੇ ਹਨ ਲੋਕੀ ਐਕਾਡਮੀਆਂ ਦੇ ਮੈਚਾਂ ਨੂੰ ਛੱਡ ਕੇ ਓਪਨ ਕਬੱਡੀ ਦੇਖਣ ਨੂੰ ਤਰਜੀਹ ਦੇਣ ਲੱਗੇ । ਦਰਸ਼ਕ ਹੌਲੇ ਵਜ਼ਨ ਦੀ ਟੀਮਾਂ 32 -35 -42 -45-52 -65 ਕਿਲੋ ਭਾਰ ਦੀਆਂ ਟੀਮਾਂ ਮੈਚ ਦੇਖ ਕੇ ਆਨੰਦਿਤ ਹੋ ਰਹੇ ਹਨ । ਕੁੜੀਆਂ ਦੇ ਸੌ਼ਅ ਮੈਚ ਵੀ ਦਰਸ਼ਕਾਂ ਨੂੰ ਖਿੱਚਦੇ ਹਨ ਪਰ ਸਾਡੇ ਕੋਲ ਕੁੜੀਆਂ ਦੀਆਂ ਕਬੱਡੀ ਟੀਮਾਂ ਦੀ ਘਾਟ ਹੈ ਇੱਕ ਟੀਮ ਹਰਿਆਣੇ ਵੱਲੋਂ ਖੇਡਦੀ ਅਤੇ ਇੱਕ ਪੰਜਾਬ ਵੱਲੋਂ । ਇੱਕ ਟੀਮ ਨਾਰਥ ਅਮਰੀਕਾ ਦੀ ਸਿੱਖ ਬੀਬੀਆਂ (ਗੋਰੀਆਂ) ਦੀ ਇੱਥੇ ਮੈਚ ਖੇਡਣ ਆਉਂਦੀ ਹੈ ਅਤੇ ਹੁਣ ਕੁਝ ਨਵੀਆਂ ਟੀਮਾਂ ਤਿਆਰ ਹੋ ਰਹੀਆਂ ਹਨ । ਭਾਰ ਮੁਤਾਬਿਕ ਬਣੀਆਂ ਟੀਮਾਂ ਅਤੇ ਓਪਨ ਕਬੱਡੀ ਵਿੱਚੋਂ ਹੀ ਵਧੀਆਂ ਖਿਡਾਰੀ ਹਰ ਸਾਲ ਅਕੈਡਮੀਆਂ ਵੱਲੋਂ ਖੇਡਣ ਲਈ ਤਿਆਰ ਹੁੰਦੇ ਹਨ । ਇਸ ਲਈ ਸਰਕਾਰ ਨੂੰ ਛੋਟੀਆਂ ਅਤੇ ਓਪਨ ਦੀਆਂ ਟੀਮਾਂ ਵੱਲ ਧਿਆਨ ਦੇਣਾ ਚਾਹੀਦਾ ਤਾਂ ਜੋ ਵਧੀਆ ਖਿਡਾਰੀਆਂ ਨੂੰ ਚੰਗੇ ਮੌਕੇ ਮਿਲ ਸਕਣ ਨਹੀਂ ਤਾਂ ਉਹ ਦਿਨ ਬਿਲਕੁਲ ਨੇੜੇ ਹਨ ਜਦੋਂ ਕਬੱਡੀ ਨੇ ਸਿਆਸਤਾਂ ਅਤੇ ਸਿਫ਼ਾਰਸਾਂ ਦੀ ਭੇਂਟ ਚੜ ਜਾਣਾ ਹੈ।
ਆਖਰੀ ਗੱਲ ਇਹ ਹੈ ਕਿ ਕੀ ਪੰਜਾਬ ਸਰਕਾਰ ਅਸਲੀ ਅਰਥਾਂ ਵਿਚ ਕਬੱਡੀ ਦਾ ਵਿਸ਼ਵ ਕੱਪ ਕਰਵਾਉਣ ਦੀ ਸੋਚ ਰੱਖਦੀ ਹੈ। ਜੇਕਰ ਹਾਂ ਤਾਂ ਤੌਖਲਾ ਇਹ ਹੈ ਕਿ ਸਾਡੇ ਗੁਆਢੀ ਮੁਲਕ ਨੂੰ ਛੱਡ ਕੇ ਕਿਸੇ ਹੋਰ ਦੇਸ਼ ਕੋਲੇ ਕਬੱਡੀ (ਪੰਜਾਬ ਸਟਾਈਲ ) ਦੀਆਂ ਟੀਮਾਂ ਨਹੀਂ ਹਨ ਬੇਸੱਕ ਕਦੇ ਕਦੇ ਵਿਦੇਸੀ ਮੂਲ ਦੇ ਖਿਡਾਰੀਆਂ ਵੱਲੋਂ ਪੰਜਾਬ ਸਟਾਈਲ ਕਬੱਡੀ ਖੇਡਣ ਦੀਆਂ ਖਬਰਾਂ ਆਉਂਦੀਆਂ ਹਨ । ਪਰ ਕੀ ਸਿਰਫ਼ ਕੈਨੇਡਾ ਦੀ ਪੀਲ ਪੁਲੀਸ ਦੀ ਟੀਮ ਸੱਦ ਕੇ ਕਬੱਡੀ ਕੱਪ ਕਰਵਾਇਆ ਜਾ ਸਕੇਗਾ ਜਾਂ ਫਿਰ ਸਾਡੇ ਇਧਰਲੇ ਅਤੇ ਬਾਹਰਲੇ ਪੰਜਾਬੀ ਮੂਲ ਦੇ ਖਿਡਾਰੀਆਂ ਨੂੰ ਸਰਦੀ ਦੀ ਰੁੱਤ ਵਿਚ ਪੰਜਾਬ ‘ਚ ਹੁੰਦੇ ਵਰਲਡ ਕੱਪ ਵਾਂਗ ਹੀ ਵੱਡਾ ਖੇਡ ਮੇਲਾ ਕਰਵਾਇਆ ਜਾਏਗਾ ? ਇਹ ਇੱਕ ਵੱਡਾ ਅਤੇ ਅਣਸੁਲਝਿਆ ਸਵਾਲ ਹੈ। ਕੀ ਦਰਸ਼ਕਾਂ ਨੂੰ ਖੇਡ ਮੈਦਾਨ ਵੱਲ ਖਿੱਚਣ ਲਈ ਕੋਈ ਨਵਾਂ ਕਦਮ ਚੁੱਕਿਆ ਜਾਵੇਗਾ ਜਾਂ ਫਿਰ ਸਿਆਸੀ ਰੈਲੀਆਂ ਵਾਂਗ ਹਲਕਾ ਇੰਚਾਰਜ ਹੀ ਭੀੜ ਜੁਟਾਉਣਗੇ ?
ਜੇ ਨਸ਼ਾ ਮੁਕਤ ਖਿਡਾਰੀਆਂ ਨੂੰ ਹੀ ਕਬੱਡੀ ਕੱਪ ਵਿੱਚ ਖੇਡਣ ਦੀ ਇਜ਼ਾਜਤ ਹੋਵੇਗੀ ਤਾਂ ਡੋਪਿੰਗ ਟੈਸਟ ਤੇ ਲੱਖਾਂ ਰੁਪਏ ਲੱਗ ਜਾਣੇ ਹਨ । ਕਿਉਂਕਿ ਪ੍ਰਸਿੱਧ ਖੇਡ ਲੇਖਕ ਪ੍ਰਿੰਸੀਪਲ ਸਰਵਣ ਸਿੰਘ ਵੱਲੋਂ ਜਾਰੀ ਅੰਕੜਿਆ ਮੁਤਾਬਿਕ 400 ਪੌਂਡ ਜਾਂ 600 ਡਾਲਰ ਪ੍ਰਤੀ ਖਿਡਾਰੀ ਡੋਪ ਟੈਸਟ ਦਾ ਖਰਚਾ ਆਉਂਦਾ ਹੈ। ਕੀ ਆਰਥਿਕ ਮੰਦੀ ਦੇ ਦੌਰ ਵਿੱਚ ਸੈਕੜੇ ਖਿਡਾਰੀਆਂ ਦੇ ਡੋਪ ਟੈਸਟ ਕਰਵਾਏ ਜਾਣਗੇ ।
ਪ੍ਰੰਤੂ ਜੇਕਰ ਵਿਦੇਸ਼ੀ ਖਿਡਾਰੀ ਵੀ ਕਬੱਡੀ ਖੇਡਣ ਲੱਗ ਜਾਣ ਦਾ ਪੰਜਾਬ ਦੇ ਬਹੁਤ ਖਿਡਾਰੀਆਂ ਤੋਂ ਵਿਸ਼ਵ ਚੈਪੀਅਨ ਦੇ ਖਿਤਾਬ ਖੁੱਸ ਸਕਦੇ ਹਨ ਪ੍ਰੰਤੂ ਜੇਕਰ ਇਹ ਖੇਡ ਹੋਰਨਾਂ ਦੇਸ਼ਾਂ ਅਤੇ ਕੌਮਾਂ ਦੇ ਲੋਕਾਂ ਨੂੰ ਵਧੀਆਂ ਲੱਗਣ ਲੱਗੇ ਤਾਂ ਕ੍ਰਿਕਟ ਵਾਗੂੰ ਇਸਦੇ ਖਿਡਾਰੀ ਵੀ ਲੱਖਾਂ ਰੁਪਏ ਼ਛੱਡ ਕੇ ਕਰੋੜਾਂ ਕਮਾ ਸਕਦੇ ਹਨ । ਕਬੱਡੀ ਖਿਡਾਰੀ ਵੀ ਟੀ ਵੀ ਚੈਨਲਾਂ ਉਪਰ ਮਸਹੂਰੀ ਕਰਕੇ ਕਰੋੜਾਂ ਰੁਪਏ ਕਮਾਉਣ ਲੱਗ ਸਕਦੇ ਹਨ।
ਕਬੱਡੀ ਦਾ ਵਿਸ਼ਵ ਕੱਪ ਕਰਵਾਉਣ ਤੋਂ ਪਹਿਲਾਂ ਕਬੱਡੀ ਲਈ ਕੰਮ ਕਰਨ ਵਾਲੇ ਕਬੱਡੀ ਫੈਡਰੇਸ਼ਨ ,ਐਸੋਸੀਏਸਨ ,ਖੇਡ ਕਲੱਬਾਂ , ਪ੍ਰਮੋਟਰਾਂ ਨੂੰ ਇੱਕ ਝੰਡੇ ਥੱਲੇ ਇਕੱਠੇ ਕਰਕੇ ਨਵੀਂ ਰਣਨੀਤੀ ਬਣਾਉਣ ਦੀ ਲੋੜ ਹੈ ।
ਅਸੀਂ ਪਿੰਡ ਪੱਧਰ , ਜਿ਼ਲ੍ਹਾ ਪੱਧਰ , ਸੂਬਾ ਪੱਧਰ ਉਪਰ ਹਾਲੇ ਪੰਜਾਬ ਸਟਾਈਲ ਕਬੱਡੀ ਮੁਕਾਬਲੇ ਕਰਵਾਕੇ ਹੋਰਨਾਂ ਖੇਡਾਂ ਵਾਗੂੰ ਯੋਗ ਵਿਉਂਤਬੰਦੀ ਨਹੀਂ ਕਰ ਸਕੇ । ਫਿਰ ਕਬੱਡੀ ਕੱਪ ਵਿੱਚ ਭਾਰਤ ਵੱਲੋਂ ਖੇਡਣ ਵਾਲੀ ਟੀਮ ਵਿਚ ਖਿਡਾਰੀ ਸ਼ਾਮਿਲ ਕਰਨ ਲਈ ਕਿਹੜੇ ਮਾਪਦੰਡ ਵਰਤੇ ਜਾਣਗੇ ?
ਬੇਸ਼ੱਕ ਕ੍ਰਿਕਟ ਦੀ ਤਰਜ਼ ਤੇ ਟੀਮਾਂ ਖਰੀਦ ਕੇ ਵਧੀਆਂ ਮੁਕਾਬਲੇ ਕਰਵਾਏ ਜਾ ਸਕਦੇ ਹਨ ਪ੍ਰੰਤੂ ਹਾਲੇ ਕਬੱਡੀ ਦੀ ਏਨੀ ਚੰਗੀ ਕਿਸਮਤ ਨਹੀਂ ਕਿ ਇਸਨੂੰ ਸਪਾਂਸਰ ਕਰਨ ਲਈ ਫਿਲਮ ਸਟਾਰ, ਉਦਯੋਗਿਕ ਘਰਾਣੇ ਜਾਂ ਕਾਰਪੋਰੇਟ ਕੰਪਨੀਆਂ ਮੱਦਦ ਕਰਨ । ਕਬੱਡੀ ਤਾਂ ਪ੍ਰਵਾਸੀ ਪੰਜਾਬੀਆਂ ਦੇ ਪਿਆਰ ਅਤੇ ਪੈਸੇ ਸਦਕਾ ਹੀ ਦੁਨੀਆਂ ਵਿੱਚ ਆਪਣਾ ਪਹਿਚਾਣ ਬਣਾਉਣ ਲਈ ਯਤਨਸ਼ੀਲ ਹੈ। ਅਜ਼ਾਦੀ ਮਗਰੋਂ ਪੰਜਾਬ ਸਰਕਾਰ ਨੇ ਇਸ ਲਈ ਕਿੰਨੇ ਕੁ ਉਦਮ ਕੀਤੇ ਇਹ ਜੱਗ ਜਾਹਿਰ ਹਨ । ਜੇਕਰ ਮੋਜੂਦਾ ਅਕਾਲੀ –ਭਾਜਪਾ ਸਰਕਾਰ ਕੋਈ ਉਸਾਰੂ ਯੋਗਦਾਨ ਪਾ ਕੇ ਸਹੀ ਅਰਥਾਂ ਵਿੱਚ ਕਬੱਡੀ ਕੱਪ ਕਰਵਾ ਸਕੇ ਤਾਂ ਇਹ ਇੱਕ ਕਰਿਸ਼ਮਾ ਹੋਵੇਗਾ ।