ਸੁਖਨੈਬ ਸਿੰਘ ਸਿੱਧੂ
ਸ਼ਰੋਮਣੀ ਅਕਾਲੀ ਦਲ ਦੇ ਪ੍ਰਭਾਵਸ਼ਾਲੀ ਆਗੂ ਅਤੇ ਸਹਿਕਾਰਤਾ ਮੰਤਰੀ ਸਵ: ਕੈਪਟਨ ਕੰਵਲਜੀਤ ਸਿੰਘ ਦੇ ਬੇਟੇ ਜਸਜੀਤ ਸਿੰਘ ਬੰਨੀ ਦੁਆਰਾ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਵਿੱਚ ਸ਼ਰੋਮਣੀ ਅਕਾਲੀ ਵਿੱਚੋਂ ਅਸਤੀਫ਼ਾ ਦੇਣ ਦਾ ਐਲਾਨ ਕਰਨ ਮਗਰੋਂ ਫਿਰ ਅਕਾਲੀ ਦਲ ਵਿੱਚ ਸ਼ਾਮਿਲ ਹੋਣਾ ਆਪਣੇ ਪੈਰ ਕੁਹਾੜੀ ਮਾਰਨ ਵਾਲਾ ਕੰਮ ਹੀ ਲੱਗ ਰਿਹਾ ਹੈ।
ਬੰਨੀ ਨੇ ਉਸ ਸਮੇਂ ਅਕਾਲੀ ਦਲ ਅਤੇ ਸਹਿਕਾਰਤਾ ਦੀ ਵਿਭਾਗ ਦੀ ਚੇਅਰਮੈਨੀ ਤਿਆਗਣ ਦਾ ਫੈਸਲਾ ਲਿਆ ਸੀ ਜਦੋਂ ਉਸ ਦੇ ਬਾਪ ਕੈਪਟਨ ਕੰਵਲਜੀਤ ਸਿੰਘ ਦੀ ਆਖਰੀ ਰਸ਼ਮਾਂ ਵੀ ਪੂਰੀਆਂ ਨਹੀਂ ਹੋਈਆਂ ਸਨ। ਬੰਨੀ ਦੇ ਇਸ ਕਦਮ ਨੇ ਪੰਜਾਬ ਦੀ ਸਿਆਸਤ ਵਿੱਚ ਤਹਿਲਕਾ ਮਚਾ ਦਿੱਤਾ ਸੀ । ਸ਼ਰੋਮਣੀ ਅਕਾਲੀ ਦਲ ਵੱਲੋਂ ਚੋਣਾਂ ਮੌਕੇ ਦਲ ਨੂੰ ਅਲਵਿਦਾ ਕਹਿਣ ਵਾਲੇ ਬੰਨੀ ਨੂੰ ਮਨਾਉਣ ਦੇ ਉਪਰਾਲੇ ਜਾਰੀ ਸਨ । ਬੀਤੇ ਐਤਵਾਰ ਨੂੰ ਕੈਪਟਨ ਕੰਵਲਜੀਤ ਸਿੰਘ ਦੇ ਨਮਿਤ ਰੱਖੇ ਪਾਠ ਦੇ ਭੋਗ ਅਤੇ ਸ਼ਰਧਾਂਜਲੀ ਸਮਾਗਮ ਵਿੱਚ ਵੀ ਬੰਨੀ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿੱਚ ਆਪਣੇ ਪਹਿਲਾਂ ਦਿੱਤੇ ਬਿਆਨ ਦੀ ਪ੍ਰੋੜਤਾ ਕਰਦਿਆਂ ਅਕਾਲੀ ਦਲ ਛੱਡ ਕੇ ਪਟਿਆਲਾ ਤੋਂ ਲੋਕ ਸਭਾ ਦੀ ਸੀਟ ਆਜ਼ਾਦੀ ਉਮੀਦਵਾਰ ਵਜੋਂ ਲੜਣ ਦੀ ਗੱਲ ਵੀ ਸਟੇਜ ਕਹੀ ਸੀ । ਇਸ ਮੌਕੇ ਇਕੱਤਰ ਭੀੜ ਵਿੱਚ ਉਨ੍ਹਾਂ ਹੱਕ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਵਿਰੋਧ ਵਿੱਚ ਨਾਅਰੇਬਾਜ਼ੀ ਕੀਤੀ ਗਈ ਸੀ । ਇਸ ਵੇਲੇ ਸ਼ਰੋਮਣੀ ਅਕਾਲੀ ਦਲ ਦੀ ਲੀਡਰਸਿੱਪ ਨੂੰ ਇੱਥੋਂ ਬਹੁਤ ਸਰਮਿੰਦਗੀ ਭਰੀ ਹਾਲਤ ਵਿੱਚ ਪੰਡਾਲ ਚੋ ਵਾਪਸ ਜਾਣਾ ਪਿਆ ਸੀ ।
ਆਪਣੇ ਬਿਆਨ ਤੋਂ ਪਲਟਦਿਆ ਬੰਨੀ ਨੇ 7 ਅਪ੍ਰੈਲ ਨੂੰ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ । ਉਸਨੇ ਕਿਹਾ ਕਿ ਅਕਾਲੀ ਦਲ ਤੋਂ ਵੱਖ ਹੋਣ ਸਮੇਂ ਮੈਂ ਆਪਣੀ ਜ਼ਮੀਰ ਦੀ ਆਵਾਜ਼ ਸੁਣੀ ਸੀ ਅਤੇ ਹੁਣ ਸੰਗਤਾਂ ਦਾ ਫੈਸਲਾ ਸੁਣ ਕੇ ਅਕਾਲੀ ਦਲ ਵਿੱਚ ਸ਼ਾਮਿਲ ਹੋ ਰਿਹਾ ਹਾਂ । ਪਰ ਕੀ ਉਹ ਕੋਈ ਹੋਰ ਸੰਗਤ ਸੀ ਜਿਹੜੀ ਕੈਪਟਨ ਕੰਵਲਜੀਤ ਸਿੰਘ ਦੇ ਭੋਗ ਮੌਕੇ ਸ਼ਰੋਮਣੀ ਅਕਾਲੀ ਦਲ ਵਿਰੁੱਧ ਨਾਅਰੇਬਾਜ਼ੀ ਕਰ ਰਹੀ ਸੀ ?
ਕਾਰਨ ਕੋਈ ਵੀ ਹੋਣ ਪ੍ਰੰਤੂ ਰਾਜਸੀ ਨੇਤਾਵਾਂ ਦੀ ਦਲ ਬਦਲੀ ਦੀ ਪਿਰਤ ਨੂੰ ਬੰਨੀ ਨੇ ਅੱਗੇ ਜਰੂਰ ਤੋਰਿਆ ਹੈ । ਕਹਿ ਗੱਲ ਪੂਰੀ ਤਰ੍ਹਾਂ ਸਾਫ਼ ਹੈ ਕਿ ਇਹ ਦਲ ਬਦਲੀਆਂ ਨਿੱਜੀ ਸਵਾਰਥ ਖਾਤਰ ਹੀ ਹੁੰਦੀਆਂ ਹਨ ।
ਪਰ ਕੀ ਹੁਣ ਉਸਨੂੰ ਸ਼ਰੋਮਣੀ ਅਕਾਲੀ ਦਲ ਵਿੱਚ ਪਹਿਲਾਂ ਵਾਲਾ ਸਥਾਨ ਮਿਲ ਸਕੇਗਾ ? ਜਿਹੜੇ ਵਰਕਰ ਬੰਨੀ ਮਗਰ ਅਕਾਲੀ ਦਲ ਦੇ ਵਿਰੋਧ ਵਿੱਚ ਖੜੇ ਸਨ ਉਹ ਹੁਣ ਕਿੱਧਰ ਜਾਣਗੇ ? ਕਿਉਂਕਿ ਆਗੂ ਤਾਂ ਨਿੱਜੀ ਸਵਾਰਥਾਂ ਖਾਤਰ ਦਲ ਬਦਲੀ ਕਰ ਲੈਂਦੇ ਹਨ ਅਤੇ ਵਰਕਰ ਵਿਚਾਰੇ ਦੋਚਿੱਤੀ ਵਿੱਚ ਰਹਿੰਦੇ ਹਨ। ਕੀ ਬੰਨੀ ਪਹਿਲਾਂ ਅਕਾਲੀ ਦਲ ਛੱਡ ਕੇ ਤੇ ਫਿਰ ਉਸ ਸ਼ਾਮਿਲ ਹੋ ਕੇ ਆਪਣੇ ਪੈਰ ਕੁਹਾੜੀ ਨਹੀ ਬਲਕਿ ਆਪਣਾ ਪੈਰ ਹੀ ਕੁਹਾੜੀ ਉੱਤੇ ਨਹੀਂ ਮਾਰਿਆ ?
ਬਾਕੀ ਸਮਾਂ ਦੱਸੇਗਾ ।
ਸੁਖਨੈਬ ਸਿੰਘ ਸਿੱਧੂ
Thursday, April 9, 2009
Subscribe to:
Posts (Atom)